Skip to content

Skip to table of contents

ਚੇਲੇ ਬਣਾਉਣ ਦੇ ਮਕਸਦ ਨਾਲ ਪ੍ਰਚਾਰ ਕਰੋ

ਚੇਲੇ ਬਣਾਉਣ ਦੇ ਮਕਸਦ ਨਾਲ ਪ੍ਰਚਾਰ ਕਰੋ

ਚੇਲੇ ਬਣਾਉਣ ਦੇ ਮਕਸਦ ਨਾਲ ਪ੍ਰਚਾਰ ਕਰੋ

“ਜਾਂ ਪ੍ਰਿਸਕਿੱਲਾ ਅਤੇ ਅਕੂਲਾ ਨੇ [ਅਪੁੱਲੋਸ] ਦੀ ਸੁਣੀ ਤਾਂ ਉਸ ਨੂੰ ਆਪਣੇ ਨਾਲ ਰਲਾ ਕੇ ਉਸ ਨੂੰ ਪਰਮੇਸ਼ੁਰ ਦਾ ਰਾਹ ਹੋਰ ਵੀ ਠੀਕ ਤਰਾਂ ਨਾਲ ਦੱਸਿਆ।”—ਰਸੂਲਾਂ ਦੇ ਕਰਤੱਬ 18:26.

1. (ੳ) ਹਾਲਾਂਕਿ ਅਪੁੱਲੋਸ “ਮਨ ਵਿੱਚ ਸਰਗਰਮ” ਸੀ, ਪਰ ਉਸ ਵਿਚ ਕਿਹੜੀ ਗੱਲ ਦੀ ਘਾਟ ਸੀ? (ਅ) ਆਪਣੀ ਅਧਿਆਤਮਿਕ ਘਾਟ ਨੂੰ ਪੂਰਾ ਕਰਨ ਲਈ ਅਪੁੱਲੋਸ ਨੂੰ ਕੀ ਕਰਨ ਦੀ ਲੋੜ ਸੀ?

ਪਹਿਲੀ ਸਦੀ ਵਿਚ ਇਕ ਵਿਆਹੁਤਾ ਮਸੀਹੀ ਜੋੜੇ ਪ੍ਰਿਸਕਿੱਲਾ ਅਤੇ ਅਕੂਲਾ ਨੇ ਅਪੁੱਲੋਸ ਨੂੰ ਅਫ਼ਸੁਸ ਸ਼ਹਿਰ ਦੇ ਇਕ ਯਹੂਦੀ ਸਭਾ-ਘਰ ਵਿਚ ਭਾਸ਼ਣ ਦਿੰਦੇ ਸੁਣਿਆ। ਅਪੁੱਲੋਸ ਨੇ ਆਪਣੇ ਬੋਲਣ ਦੇ ਚੰਗੇ ਤਰੀਕੇ ਅਤੇ ਕਾਇਲ ਕਰਨ ਦੀ ਤਾਕਤ ਨਾਲ ਲੋਕਾਂ ਦਾ ਧਿਆਨ ਖਿੱਚਿਆ ਹੋਇਆ ਸੀ। ਉਹ ‘ਮਨ ਵਿੱਚ ਸਰਗਰਮ ਹੋ ਕੇ ਯਿਸੂ ਦੀਆਂ ਗੱਲਾਂ ਜਤਨ ਨਾਲ ਸਿਖਾ ਰਿਹਾ ਸੀ।’ ਪਰ ਉਸ ਦੇ ਭਾਸ਼ਣ ਤੋਂ ਸਾਫ਼ ਪਤਾ ਲੱਗਦਾ ਸੀ ਕਿ ਅਪੁੱਲੋਸ “ਨਿਰਾ ਯੂਹੰਨਾ ਦਾ ਬਪਤਿਸਮਾ ਜਾਣਦਾ ਸੀ।” ਉਸ ਨੇ ਮਸੀਹ ਬਾਰੇ ਜੋ ਕੁਝ ਪ੍ਰਚਾਰ ਕੀਤਾ ਉਹ ਸਹੀ ਸੀ। ਪਰ ਉਸ ਦੀ ਸਮੱਸਿਆ ਇਹ ਸੀ ਕਿ ਉਸ ਨੂੰ ਮਸੀਹ ਬਾਰੇ ਜ਼ਿਆਦਾ ਗਿਆਨ ਨਹੀਂ ਸੀ। ਅਪੁੱਲੋਸ ਨੂੰ ਇਹ ਗਿਆਨ ਵਧਾਉਣ ਦੀ ਲੋੜ ਸੀ ਕਿ ਯਹੋਵਾਹ ਦੇ ਮਕਸਦ ਨੂੰ ਪੂਰਾ ਕਰਨ ਵਿਚ ਯਿਸੂ ਮਸੀਹ ਦੀ ਕੀ ਭੂਮਿਕਾ ਸੀ।—ਰਸੂਲਾਂ ਦੇ ਕਰਤੱਬ 18:24-26.

2. ਪ੍ਰਿਸਕਿੱਲਾ ਅਤੇ ਅਕੂਲਾ ਨੇ ਕਿਹੜੀ ਚੁਣੌਤੀ ਸਵੀਕਾਰ ਕੀਤੀ ਸੀ?

2 ਪ੍ਰਿਸਕਿੱਲਾ ਅਤੇ ਅਕੂਲਾ ਨੇ ਬਿਨਾਂ ਝਿਜਕੇ ਅਪੁੱਲੋਸ ਦੀ ਮਦਦ ਕੀਤੀ ਤਾਂਕਿ ਉਹ ਉਨ੍ਹਾਂ “ਸਾਰੀਆਂ ਗੱਲਾਂ” ਦੀ ਪਾਲਣਾ ਕਰੇ ਜਿਨ੍ਹਾਂ ਦਾ ਮਸੀਹ ਨੇ ਹੁਕਮ ਦਿੱਤਾ ਸੀ। (ਮੱਤੀ 28:19, 20) ਬਿਰਤਾਂਤ ਦੱਸਦਾ ਕਿ ਉਨ੍ਹਾਂ ਨੇ ਅਪੁੱਲੋਸ ਨੂੰ “ਆਪਣੇ ਨਾਲ ਰਲਾ ਕੇ ਉਸ ਨੂੰ ਪਰਮੇਸ਼ੁਰ ਦਾ ਰਾਹ ਹੋਰ ਵੀ ਠੀਕ ਤਰਾਂ ਨਾਲ ਦੱਸਿਆ।” ਪਰ ਦੂਸਰੇ ਭੈਣ-ਭਰਾ ਸ਼ਾਇਦ ਕੁਝ ਗੱਲਾਂ ਕਰਕੇ ਅਪੁੱਲੋਸ ਨੂੰ ਸਿਖਾਉਣ ਤੋਂ ਝਿਜਕਦੇ ਸਨ। ਕਿਹੜੀਆਂ ਗੱਲਾਂ ਕਰਕੇ? ਅਪੁੱਲੋਸ ਨਾਲ ਪਰਮੇਸ਼ੁਰ ਦੇ ਬਚਨ ਦੀ ਚਰਚਾ ਕਰਨ ਦੇ ਪ੍ਰਿਸਕਿੱਲਾ ਅਤੇ ਅਕੂਲਾ ਦੇ ਜਤਨਾਂ ਤੋਂ ਅਸੀਂ ਕੀ ਸਿੱਖ ਸਕਦੇ ਹਾਂ? ਇਸ ਇਤਿਹਾਸਕ ਬਿਰਤਾਂਤ ਉੱਤੇ ਮੁੜ ਝਾਤ ਮਾਰਨ ਨਾਲ ਸਾਨੂੰ ਬਾਈਬਲ ਸਟੱਡੀਆਂ ਸ਼ੁਰੂ ਕਰਨ ਵਿਚ ਕਿਵੇਂ ਮਦਦ ਮਿਲ ਸਕਦੀ ਹੈ?

ਲੋਕਾਂ ਦੀਆਂ ਲੋੜਾਂ ਵੱਲ ਧਿਆਨ ਦਿਓ

3. ਅਪੁੱਲੋਸ ਨੂੰ ਸਿੱਖਿਆ ਦੇਣ ਵਿਚ ਉਸ ਦਾ ਪਿਛੋਕੜ ਪ੍ਰਿਸਕਿੱਲਾ ਅਤੇ ਅਕੂਲਾ ਲਈ ਰੁਕਾਵਟ ਕਿਉਂ ਨਹੀਂ ਬਣਿਆ?

3 ਅਪੁੱਲੋਸ ਯਹੂਦੀ ਵੰਸ਼ ਵਿਚ ਪੈਦਾ ਹੋਇਆ ਸੀ ਅਤੇ ਉਸ ਦਾ ਪਾਲਣ-ਪੋਸਣ ਸਿਕੰਦਰਿਯਾ ਸ਼ਹਿਰ ਵਿਚ ਹੋਇਆ ਸੀ। ਉਦੋਂ ਸਿਕੰਦਰਿਯਾ ਮਿਸਰ ਦੀ ਰਾਜਧਾਨੀ ਸੀ ਅਤੇ ਉੱਚ-ਸਿੱਖਿਆ ਦਾ ਕੇਂਦਰ ਸੀ ਜੋ ਆਪਣੀ ਵਿਸ਼ਾਲ ਲਾਇਬ੍ਰੇਰੀ ਲਈ ਪ੍ਰਸਿੱਧ ਸੀ। ਇਸ ਸ਼ਹਿਰ ਵਿਚ ਵੱਡੀ ਗਿਣਤੀ ਵਿਚ ਯਹੂਦੀ ਰਹਿੰਦੇ ਸਨ ਜਿਨ੍ਹਾਂ ਵਿਚ ਵਿਦਵਾਨ ਵੀ ਸਨ। ਇਸ ਲਈ, ਇਬਰਾਨੀ ਸ਼ਾਸਤਰ ਦਾ ਯੂਨਾਨੀ ਤਰਜਮਾ ਇਸੇ ਸ਼ਹਿਰ ਵਿਚ ਕੀਤਾ ਗਿਆ ਸੀ। ਇਸ ਤਰਜਮੇ ਨੂੰ ਸੈਪਟੁਜਿੰਟ ਕਿਹਾ ਜਾਂਦਾ ਹੈ। ਇਸ ਲਈ ਹੈਰਾਨੀ ਦੀ ਗੱਲ ਨਹੀਂ ਕਿ ਅਪੁੱਲੋਸ “ਧਰਮ ਗ੍ਰੰਥ ਦਾ ਗਿਆਨੀ” ਸੀ। ਪ੍ਰਿਸਕਿੱਲਾ ਅਤੇ ਅਕੂਲਾ ਤੰਬੂ ਬਣਾਉਣ ਦਾ ਕੰਮ ਕਰਦੇ ਸਨ। ਕੀ ਉਹ ਅਪੁੱਲੋਸ ਦੀ ਮਦਦ ਕਰਨ ਤੋਂ ਝਿਜਕਦੇ ਸਨ ਕਿਉਂਕਿ ਉਹ ਪ੍ਰਭਾਵਸ਼ਾਲੀ ਤੇ ਦਮਦਾਰ ਤਰੀਕੇ ਨਾਲ ਬੋਲਦਾ ਸੀ? ਨਹੀਂ। ਉਨ੍ਹਾਂ ਨੇ ਪਿਆਰ ਦੀ ਖ਼ਾਤਰ ਉਸ ਦੇ ਸੁਭਾਅ ਅਤੇ ਉਸ ਦੀਆਂ ਲੋੜਾਂ ਬਾਰੇ ਸੋਚਿਆ। ਨਾਲੇ ਇਹ ਵੀ ਸੋਚਿਆ ਕਿ ਉਹ ਉਸ ਦੀ ਮਦਦ ਕਿਵੇਂ ਕਰ ਸਕਦੇ ਸਨ।

4. ਅਪੁੱਲੋਸ ਨੂੰ ਕਿੱਥੋਂ ਅਤੇ ਕਿਵੇਂ ਲੋੜੀਂਦੀ ਸਿੱਖਿਆ ਮਿਲੀ?

4 ਅਪੁੱਲੋਸ ਭਾਵੇਂ ਜਿੰਨਾ ਮਰਜ਼ੀ ਵਧੀਆ ਤਰੀਕੇ ਨਾਲ ਬੋਲਦਾ ਸੀ, ਪਰ ਉਸ ਨੂੰ ਸਿੱਖਿਆ ਲੈਣ ਦੀ ਲੋੜ ਸੀ। ਇਹ ਸਿੱਖਿਆ ਉਸ ਨੂੰ ਕਿਸੇ ਯੂਨੀਵਰਸਿਟੀ ਵਿੱਚੋਂ ਨਹੀਂ ਮਿਲਣੀ ਸੀ, ਬਲਕਿ ਮਸੀਹੀ ਕਲੀਸਿਯਾ ਦੇ ਭੈਣ-ਭਰਾਵਾਂ ਤੋਂ ਮਿਲਣੀ ਸੀ। ਇਸ ਸਿੱਖਿਆ ਦੀ ਮਦਦ ਨਾਲ ਉਹ ਪਰਮੇਸ਼ੁਰ ਦੇ ਮੁਕਤੀ ਦੇ ਇੰਤਜ਼ਾਮ ਨੂੰ ਹੋਰ ਵਧੀਆ ਤਰੀਕੇ ਨਾਲ ਸਮਝ ਸਕਦਾ ਸੀ। ਪ੍ਰਿਸਕਿੱਲਾ ਅਤੇ ਅਕੂਲਾ ਨੇ “ਉਸ ਨੂੰ ਆਪਣੇ ਨਾਲ ਰਲਾ ਕੇ ਉਸ ਨੂੰ ਪਰਮੇਸ਼ੁਰ ਦਾ ਰਾਹ ਹੋਰ ਵੀ ਠੀਕ ਤਰਾਂ ਨਾਲ ਦੱਸਿਆ।”

5. ਪ੍ਰਿਸਕਿੱਲਾ ਅਤੇ ਅਕੂਲਾ ਦੀ ਅਧਿਆਤਮਿਕਤਾ ਬਾਰੇ ਤੁਸੀਂ ਕੀ ਕਹਿ ਸਕਦੇ ਹੋ?

5 ਪ੍ਰਿਸਕਿੱਲਾ ਅਤੇ ਅਕੂਲਾ ਅਧਿਆਤਮਿਕ ਤੌਰ ਤੇ ਮਜ਼ਬੂਤ ਅਤੇ ਨਿਹਚਾ ਦੇ ਪੱਕੇ ਸਨ। ਲੱਗਦਾ ਹੈ ਕਿ ਉਹ ‘ਆਪਣੀ ਆਸ ਹਰੇਕ ਨੂੰ ਜੋ ਉਨ੍ਹਾਂ ਕੋਲੋਂ ਉਹ ਦਾ ਕਾਰਨ ਪੁੱਛਦੇ ਸਨ ਉੱਤਰ ਦੇਣ ਨੂੰ ਸਦਾ ਤਿਆਰ ਰਹਿੰਦੇ ਸਨ,’ ਭਾਵੇਂ ਕਿ ਪੁੱਛਣ ਵਾਲਾ ਅਮੀਰ, ਗ਼ਰੀਬ, ਵਿਦਵਾਨ ਜਾਂ ਗ਼ੁਲਾਮ ਸੀ। (1 ਪਤਰਸ 3:15) ਅਕੂਲਾ ਤੇ ਉਸ ਦੀ ਪਤਨੀ “ਸਚਿਆਈ ਦੇ ਬਚਨ ਦਾ ਜਥਾਰਥ ਵਖਿਆਣ” ਕਰ ਸਕਦੇ ਸਨ। (2 ਤਿਮੋਥਿਉਸ 2:15) ਉਹ ਬਾਈਬਲ ਦਾ ਗਹਿਰਾਈ ਨਾਲ ਅਧਿਐਨ ਕਰਦੇ ਸਨ। ‘ਪਰਮੇਸ਼ੁਰ ਦੇ ਜੀਉਂਦੇ ਅਤੇ ਗੁਣਕਾਰ ਬਚਨ’ ਤੇ ਆਧਾਰਿਤ ਸਿੱਖਿਆ ਨੇ ਅਪੁੱਲੋਸ ਦੇ ਦਿਲ ਤੇ ਅਸਰ ਕੀਤਾ।—ਇਬਰਾਨੀਆਂ 4:12.

6. ਅਸੀਂ ਕਿਵੇਂ ਜਾਣਦੇ ਹਾਂ ਕਿ ਅਪੁੱਲੋਸ ਨੇ ਪ੍ਰਿਸਕਿੱਲਾ ਅਤੇ ਅਕੂਲਾ ਦੀ ਮਦਦ ਦੀ ਕਦਰ ਕੀਤੀ ਸੀ?

6 ਅਪੁੱਲੋਸ ਆਪਣੇ ਸਿੱਖਿਅਕਾਂ ਦੀ ਮਿਸਾਲ ਤੋਂ ਬਹੁਤ ਪ੍ਰਭਾਵਿਤ ਹੋਇਆ ਤੇ ਚੇਲੇ ਬਣਾਉਣ ਵਿਚ ਹੋਰ ਵੀ ਮਾਹਰ ਹੋ ਗਿਆ। ਉਸ ਨੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਦੇ ਕੰਮ ਵਿਚ ਆਪਣੇ ਗਿਆਨ ਦੀ ਚੰਗੀ ਵਰਤੋਂ ਕੀਤੀ। ਖ਼ਾਸਕਰ ਇਹ ਗਿਆਨ ਉਸ ਨੇ ਯਹੂਦੀ ਲੋਕਾਂ ਨੂੰ ਪ੍ਰਚਾਰ ਕਰਨ ਲਈ ਵਰਤਿਆ। ਉਹ ਯਹੂਦੀਆਂ ਨੂੰ ਮਸੀਹ ਬਾਰੇ ਸਮਝਾਉਣ ਵਿਚ ਬਹੁਤ ਸਹਾਇਕ ਸਾਬਤ ਹੋਇਆ। “ਧਰਮ ਗ੍ਰੰਥ ਦਾ ਗਿਆਨੀ” ਹੋਣ ਕਰਕੇ ਉਹ ਲੋਕਾਂ ਨੂੰ ਸਾਬਤ ਕਰ ਕੇ ਦਿਖਾ ਸਕਿਆ ਕਿ ਪੁਰਾਣੇ ਜ਼ਮਾਨੇ ਦੇ ਸਾਰੇ ਨਬੀ ਮਸੀਹ ਦੇ ਆਉਣ ਦੀ ਉਡੀਕ ਕਰਦੇ ਸਨ। (ਚੇਲਿਆਂ ਦੇ ਕਰਤੱਵ 18:24, ਪਵਿੱਤਰ ਬਾਈਬਲ ਨਵਾਂ ਅਨੁਵਾਦ) ਬਿਰਤਾਂਤ ਅੱਗੇ ਦੱਸਦਾ ਹੈ ਕਿ ਅਪੁੱਲੋਸ ਫਿਰ ਅਖਾਯਾ ਨੂੰ ਗਿਆ ਜਿੱਥੇ ਉਸ ਨੇ “ਉਨ੍ਹਾਂ ਦੀ ਵੱਡੀ ਸਹਾਇਤਾ ਕੀਤੀ ਜਿਨ੍ਹਾਂ ਕਿਰਪਾ ਦੇ ਕਾਰਨ ਨਿਹਚਾ ਕੀਤੀ ਸੀ। ਕਿਉਂ ਜੋ ਉਸ ਨੇ ਲਿਖਤਾਂ ਤੋਂ ਪ੍ਰਮਾਣ ਦੇ ਦੇ ਕੇ ਜੋ ਯਿਸੂ ਉਹੋ ਮਸੀਹ ਹੈ ਵੱਡੀ ਤਕੜਾਈ ਨਾਲ ਸਭਨਾਂ ਦੇ ਸਾਹਮਣੇ ਯਹੂਦੀਆਂ ਦਾ ਮੂੰਹ ਬੰਦ ਕਰ ਦਿੱਤਾ।”—ਰਸੂਲਾਂ ਦੇ ਕਰਤੱਬ 18:27, 28.

ਦੂਜੇ ਸਿੱਖਿਅਕਾਂ ਦੀ ਮਿਸਾਲ ਤੋਂ ਸਿੱਖੋ

7. ਅਕੂਲਾ ਅਤੇ ਪ੍ਰਿਸਕਿੱਲਾ ਮਾਹਰ ਸਿੱਖਿਅਕ ਕਿਵੇਂ ਬਣੇ?

7 ਅਕੂਲਾ ਅਤੇ ਪ੍ਰਿਸਕਿੱਲਾ ਕਿਵੇਂ ਪਰਮੇਸ਼ੁਰ ਦੇ ਬਚਨ ਦੇ ਮਾਹਰ ਸਿੱਖਿਅਕ ਬਣੇ? ਲਗਨ ਨਾਲ ਨਿੱਜੀ ਅਧਿਐਨ ਕਰਨ ਅਤੇ ਸਭਾਵਾਂ ਵਿਚ ਹਾਜ਼ਰ ਹੋਣ ਤੋਂ ਇਲਾਵਾ, ਪੌਲੁਸ ਰਸੂਲ ਨਾਲ ਰਹਿਣ ਕਰਕੇ ਉਨ੍ਹਾਂ ਨੂੰ ਕਾਫ਼ੀ ਮਦਦ ਮਿਲੀ ਹੋਵੇਗੀ। ਕੁਰਿੰਥੁਸ ਵਿਚ ਪੌਲੁਸ 18 ਮਹੀਨੇ ਪ੍ਰਿਸਕਿੱਲਾ ਅਤੇ ਅਕੂਲਾ ਦੇ ਘਰ ਰਿਹਾ। ਉਹ ਇਕੱਠੇ ਤੰਬੂ ਬਣਾਉਣ ਤੇ ਮੁਰੰਮਤ ਕਰਨ ਦਾ ਕੰਮ ਕਰਦੇ ਸਨ। (ਰਸੂਲਾਂ ਦੇ ਕਰਤੱਬ 18:2, 3) ਜ਼ਰਾ ਸੋਚੋ, ਉਨ੍ਹਾਂ ਵਿਚ ਕਿੰਨੀਆਂ ਡੂੰਘੀਆਂ ਅਧਿਆਤਮਿਕ ਗੱਲਾਂ ਹੋਈਆਂ ਹੋਣੀਆਂ! ਪੌਲੁਸ ਨਾਲ ਰਹਿਣ ਕਰਕੇ ਉਹ ਅਧਿਆਤਮਿਕ ਤੌਰ ਤੇ ਹੋਰ ਜ਼ਿਆਦਾ ਮਜ਼ਬੂਤ ਹੋਏ ਹੋਣਗੇ। ਕਹਾਉਤਾਂ 13:20 ਕਹਿੰਦਾ ਹੈ: “ਬੁੱਧਵਾਨਾਂ ਦਾ ਸੰਗੀ ਬੁੱਧਵਾਨ ਬਣ ਜਾਂਦਾ ਹੈ।” ਚੰਗੀ ਰਹਿਣੀ-ਬਹਿਣੀ ਕਰਕੇ ਅਕੂਲਾ ਤੇ ਪ੍ਰਿਸਕਿੱਲਾ ਦੀਆਂ ਅਧਿਆਤਮਿਕ ਆਦਤਾਂ ਉੱਤੇ ਚੰਗਾ ਅਸਰ ਪਿਆ।—1 ਕੁਰਿੰਥੀਆਂ 15:33.

8. ਪੌਲੁਸ ਦੇ ਪ੍ਰਚਾਰ ਕਰਨ ਦੇ ਢੰਗ ਤੋਂ ਪ੍ਰਿਸਕਿੱਲਾ ਤੇ ਅਕੂਲਾ ਨੇ ਕੀ ਸਿੱਖਿਆ?

8 ਪ੍ਰਿਸਕਿੱਲਾ ਅਤੇ ਅਕੂਲਾ ਨੇ ਦੇਖਿਆ ਕਿ ਪੌਲੁਸ ਸਿੱਖਿਆ ਦੇਣ ਦੇ ਮਾਮਲੇ ਵਿਚ ਬਹੁਤ ਵਧੀਆ ਮਿਸਾਲ ਸੀ। ਰਸੂਲਾਂ ਦੇ ਕਰਤੱਬ ਕਿਤਾਬ ਵਿਚ ਬਿਰਤਾਂਤ ਦੱਸਦਾ ਹੈ ਕਿ ਪੌਲੁਸ “ਹਰ ਸਬਤ ਨੂੰ [ਕੁਰਿੰਥੁਸ ਦੇ] ਸਮਾਜ ਵਿੱਚ ਗਿਆਨ ਗੋਸ਼ਟ ਕਰਦਾ ਅਤੇ ਯਹੂਦੀਆਂ ਤੇ ਯੂਨਾਨੀਆਂ ਨੂੰ ਮਨਾਉਂਦਾ ਸੀ।” ਬਾਅਦ ਵਿਚ ਜਦੋਂ ਸੀਲਾਸ ਤੇ ਤਿਮੋਥਿਉਸ ਉਸ ਕੋਲ ਆ ਗਏ, ਤਾਂ ਉਹ ਯਹੂਦੀਆਂ ਨੂੰ ‘ਬਚਨ ਸੁਣਾਉਣ ਅਤੇ ਸਾਖੀ ਦੇਣ ਵਿੱਚ ਰੁੱਝ ਗਿਆ ਜੋ ਯਿਸੂ ਓਹੋ ਮਸੀਹ ਹੈ।’ ਜਦੋਂ ਸਭਾ-ਘਰ ਦੇ ਮੈਂਬਰਾਂ ਨੇ ਜ਼ਿਆਦਾ ਦਿਲਚਸਪੀ ਨਹੀਂ ਦਿਖਾਈ, ਤਾਂ ਪ੍ਰਿਸਕਿੱਲਾ ਤੇ ਅਕੂਲਾ ਨੇ ਦੇਖਿਆ ਕਿ ਪੌਲੁਸ ਆਪਣੇ ਪ੍ਰਚਾਰ ਦੀ ਥਾਂ ਨੂੰ ਬਦਲ ਕੇ ਇਕ ਹੋਰ ਢੁਕਵੀਂ ਥਾਂ ਤੇ ਚਲਾ ਗਿਆ। ਇਹ ਥਾਂ ਸਭਾ-ਘਰ ਦੇ ਨੇੜੇ ਹੀ ਇਕ ਘਰ ਸੀ। ਉੱਥੇ ਪੌਲੁਸ ਨੇ “ਸਮਾਜ ਦੇ ਸਰਦਾਰ” ਕਰਿਸਪੁਸ ਦੀ ਚੇਲਾ ਬਣਨ ਵਿਚ ਮਦਦ ਕੀਤੀ। ਸੰਭਵ ਤੌਰ ਤੇ, ਪ੍ਰਿਸਕਿੱਲਾ ਤੇ ਅਕੂਲਾ ਨੇ ਗੌਰ ਕੀਤਾ ਕਿ ਉਸ ਸਰਦਾਰ ਦੇ ਚੇਲਾ ਬਣਨ ਨਾਲ ਉਸ ਇਲਾਕੇ ਦੇ ਲੋਕਾਂ ਤੇ ਗਹਿਰਾ ਤੇ ਚੰਗਾ ਅਸਰ ਪਿਆ। ਬਿਰਤਾਂਤ ਦੱਸਦਾ ਹੈ: “ਕਰਿਸਪੁਸ ਨੇ ਆਪਣੇ ਸਾਰੇ ਘਰਾਣੇ ਸਣੇ ਪ੍ਰਭੁ ਦੀ ਪਰਤੀਤ ਕੀਤੀ ਅਤੇ ਕੁਰਿੰਥੀਆਂ ਵਿੱਚੋਂ ਬਥੇਰੇ ਲੋਕਾਂ ਨੇ ਸੁਣ ਕੇ ਨਿਹਚਾ ਕੀਤੀ ਅਤੇ ਬਪਤਿਸਮਾ ਲਿਆ।”—ਰਸੂਲਾਂ ਦੇ ਕਰਤੱਬ 18:4-8.

9. ਪ੍ਰਿਸਕਿੱਲਾ ਤੇ ਅਕੂਲਾ ਨੇ ਪੌਲੁਸ ਦੀ ਮਿਸਾਲ ਦੀ ਰੀਸ ਕਿਵੇਂ ਕੀਤੀ?

9 ਪ੍ਰਿਸਕਿੱਲਾ ਅਤੇ ਅਕੂਲਾ ਵਾਂਗ ਦੂਸਰੇ ਰਾਜ ਦੇ ਪ੍ਰਚਾਰਕਾਂ ਨੇ ਵੀ ਖੇਤਰ ਸੇਵਕਾਈ ਵਿਚ ਪੌਲੁਸ ਦੀ ਮਿਸਾਲ ਦੀ ਰੀਸ ਕੀਤੀ ਸੀ। ਪੌਲੁਸ ਨੇ ਮਸੀਹੀਆਂ ਨੂੰ ਉਤਸ਼ਾਹ ਦਿੱਤਾ: “ਤੁਸੀਂ ਮੇਰੀ ਰੀਸ ਕਰੋ ਜਿਵੇਂ ਮੈਂ ਵੀ ਮਸੀਹ ਦੀ ਰੀਸ ਕਰਦਾ ਹਾਂ।” (1 ਕੁਰਿੰਥੀਆਂ 10:33) ਪੌਲੁਸ ਦੀ ਰੀਸ ਕਰਦੇ ਹੋਏ ਪ੍ਰਿਸਕਿੱਲਾ ਅਤੇ ਅਕੂਲਾ ਨੇ ਮਸੀਹੀ ਸਿੱਖਿਆਵਾਂ ਨੂੰ ਹੋਰ ਚੰਗੀ ਤਰ੍ਹਾਂ ਸਮਝਣ ਵਿਚ ਅਪੁੱਲੋਸ ਦੀ ਮਦਦ ਕੀਤੀ। ਬਾਅਦ ਵਿਚ ਅਪੁੱਲੋਸ ਨੇ ਵੀ ਹੋਰਨਾਂ ਦੀ ਮਦਦ ਕੀਤੀ। ਪ੍ਰਿਸਕਿੱਲਾ ਅਤੇ ਅਕੂਲਾ ਨੇ ਰੋਮ, ਕੁਰਿੰਥੁਸ ਅਤੇ ਅਫ਼ਸੁਸ ਸ਼ਹਿਰਾਂ ਵਿਚ ਚੇਲੇ ਬਣਾਉਣ ਵਿਚ ਮਦਦ ਕੀਤੀ ਸੀ।—ਰਸੂਲਾਂ ਦੇ ਕਰਤੱਬ 18:1, 2, 18, 19; ਰੋਮੀਆਂ 16:3-5.

10. ਰਸੂਲਾਂ ਦੇ ਕਰਤੱਬ ਕਿਤਾਬ ਦੇ 18ਵੇਂ ਅਧਿਆਇ ਤੋਂ ਤੁਸੀਂ ਕੀ ਸਿੱਖਿਆ ਹੈ ਜੋ ਚੇਲੇ ਬਣਾਉਣ ਦੇ ਕੰਮ ਵਿਚ ਤੁਹਾਡੀ ਮਦਦ ਕਰੇਗਾ?

10ਰਸੂਲਾਂ ਦੇ ਕਰਤੱਬ ਕਿਤਾਬ ਦੇ 18ਵੇਂ ਅਧਿਆਇ ਉੱਤੇ ਗੌਰ ਕਰਨ ਤੋਂ ਅਸੀਂ ਕੀ ਸਿੱਖ ਸਕਦੇ ਹਾਂ? ਜਿਵੇਂ ਅਕੂਲਾ ਅਤੇ ਪ੍ਰਿਸਕਿੱਲਾ ਨੇ ਪੌਲੁਸ ਤੋਂ ਸਿੱਖਿਆ ਸੀ, ਉਸੇ ਤਰ੍ਹਾਂ ਅਸੀਂ ਵੀ ਪਰਮੇਸ਼ੁਰ ਦੇ ਬਚਨ ਦੇ ਚੰਗੇ ਸਿੱਖਿਅਕਾਂ ਦੀ ਮਿਸਾਲ ਤੇ ਚੱਲ ਕੇ ਚੇਲੇ ਬਣਾਉਣ ਦੀ ਆਪਣੀ ਕਾਬਲੀਅਤ ਨੂੰ ਸੁਧਾਰ ਸਕਦੇ ਹਾਂ। ਅਸੀਂ ਉਨ੍ਹਾਂ ਨਾਲ ਸੰਗਤ ਕਰ ਸਕਦੇ ਹਾਂ ਜੋ ‘ਬਚਨ ਸੁਣਾਉਣ ਅਤੇ ਸਾਖੀ ਦੇਣ ਵਿਚ ਰੁੱਝੇ ਹੋਏ’ ਹਨ। (ਰਸੂਲਾਂ ਦੇ ਕਰਤੱਬ 18:5) ਅਸੀਂ ਉਨ੍ਹਾਂ ਨੂੰ ਧਿਆਨ ਨਾਲ ਦੇਖ ਸਕਦੇ ਹਾਂ ਕਿ ਉਹ ਸਿਖਾਉਣ ਦੇ ਵਧੀਆ ਹੁਨਰ ਵਰਤਣ ਦੁਆਰਾ ਕਿਵੇਂ ਲੋਕਾਂ ਦੇ ਦਿਲਾਂ ਤਕ ਪਹੁੰਚਦੇ ਹਨ। ਇਹ ਹੁਨਰ ਚੇਲੇ ਬਣਾਉਣ ਵਿਚ ਸਾਡੀ ਮਦਦ ਕਰ ਸਕਦੇ ਹਨ। ਜਦੋਂ ਅਸੀਂ ਕਿਸੇ ਨੂੰ ਬਾਈਬਲ ਦਾ ਅਧਿਐਨ ਕਰਾਉਂਦੇ ਹਾਂ, ਤਾਂ ਅਸੀਂ ਉਸ ਨੂੰ ਸੁਝਾਅ ਦੇ ਸਕਦੇ ਹਾਂ ਕਿ ਉਹ ਆਪਣੇ ਪਰਿਵਾਰ ਦੇ ਦੂਜੇ ਮੈਂਬਰਾਂ ਜਾਂ ਗੁਆਂਢੀਆਂ ਨੂੰ ਆਪਣੇ ਨਾਲ ਬੈਠਣ ਲਈ ਸੱਦੇ। ਜਾਂ ਫਿਰ ਅਸੀਂ ਉਸ ਕੋਲੋਂ ਉਨ੍ਹਾਂ ਲੋਕਾਂ ਬਾਰੇ ਪੁੱਛ ਸਕਦੇ ਹਾਂ ਜੋ ਬਾਈਬਲ ਦਾ ਅਧਿਐਨ ਕਰਨਾ ਚਾਹੁਣਗੇ।—ਰਸੂਲਾਂ ਦੇ ਕਰਤੱਬ 18:6-8.

ਚੇਲੇ ਬਣਾਉਣ ਦੇ ਮੌਕੇ ਪੈਦਾ ਕਰੋ

11. ਲਾਇਕ ਲੋਕ ਕਿੱਥੇ ਲੱਭੇ ਜਾ ਸਕਦੇ ਹਨ?

11 ਚੇਲੇ ਬਣਾਉਣ ਲਈ ਪੌਲੁਸ ਅਤੇ ਉਸ ਦੇ ਨਾਲ ਦੇ ਮਸੀਹੀਆਂ ਨੇ ਘਰ-ਘਰ, ਬਾਜ਼ਾਰਾਂ ਵਿਚ ਅਤੇ ਸਫ਼ਰ ਕਰਦੇ ਸਮੇਂ ਪ੍ਰਚਾਰ ਕੀਤਾ। ਕਹਿਣ ਦਾ ਮਤਲਬ ਕਿ ਉਨ੍ਹਾਂ ਨੇ ਹਰ ਥਾਂ ਪ੍ਰਚਾਰ ਕੀਤਾ। ਰਾਜ ਦੇ ਜੋਸ਼ੀਲੇ ਕਾਮੇ ਹੋਣ ਦੇ ਨਾਤੇ, ਕੀ ਤੁਸੀਂ ਚੇਲੇ ਬਣਾਉਣ ਦੇ ਕੰਮ ਵਿਚ ਵਧ-ਚੜ੍ਹ ਕੇ ਹਿੱਸਾ ਲੈ ਸਕਦੇ ਹੋ? ਕੀ ਤੁਸੀਂ ਹਰ ਮੌਕੇ ਦਾ ਫ਼ਾਇਦਾ ਉਠਾਉਂਦੇ ਹੋਏ ਲਾਇਕ ਲੋਕਾਂ ਨੂੰ ਲੱਭ ਕੇ ਉਨ੍ਹਾਂ ਨੂੰ ਪ੍ਰਚਾਰ ਕਰ ਸਕਦੇ ਹੋ? ਅਜਿਹੇ ਕਿਹੜੇ ਕੁਝ ਤਰੀਕੇ ਹਨ ਜਿਨ੍ਹਾਂ ਨੂੰ ਵਰਤ ਕੇ ਖ਼ੁਸ਼ ਖ਼ਬਰੀ ਦੇ ਪ੍ਰਚਾਰਕਾਂ ਨੇ ਚੇਲੇ ਬਣਾਏ ਹਨ? ਆਓ ਆਪਾਂ ਦੇਖੀਏ ਕਿ ਟੈਲੀਫ਼ੋਨ ਦੁਆਰਾ ਗਵਾਹੀ ਦੇਣ ਨਾਲ ਕਿਹੜੇ ਚੰਗੇ ਨਤੀਜੇ ਨਿਕਲੇ।

12-14. ਟੈਲੀਫ਼ੋਨ ਰਾਹੀਂ ਗਵਾਹੀ ਦੇਣ ਦੇ ਫ਼ਾਇਦੇ ਦੱਸਣ ਲਈ ਆਪਣਾ ਕੋਈ ਤਜਰਬਾ ਜਾਂ ਇਨ੍ਹਾਂ ਪੈਰਿਆਂ ਵਿੱਚੋਂ ਇਕ ਤਜਰਬਾ ਦੱਸੋ।

12 ਬ੍ਰਾਜ਼ੀਲ ਵਿਚ ਘਰ-ਘਰ ਗਵਾਹੀ ਦਿੰਦੇ ਸਮੇਂ ਮਾਰੀਆ ਨਾਂ ਦੀ ਭੈਣ ਨੇ ਇਕ ਜਵਾਨ ਔਰਤ ਨੂੰ ਇਕ ਟ੍ਰੈਕਟ ਦਿੱਤਾ ਜੋ ਇਕ ਅਪਾਰਟਮੈਂਟ ਬਿਲਡਿੰਗ ਵਿੱਚੋਂ ਬਾਹਰ ਨਿਕਲ ਰਹੀ ਸੀ। ਟ੍ਰੈਕਟ ਦੇ ਸਿਰਲੇਖ ਨੂੰ ਪ੍ਰਸਤਾਵਨਾ ਵਜੋਂ ਵਰਤਦੇ ਹੋਏ ਮਾਰੀਆ ਨੇ ਪੁੱਛਿਆ: “ਕੀ ਤੁਸੀਂ ਬਾਈਬਲ ਬਾਰੇ ਹੋਰ ਜਾਣਨਾ ਚਾਹੁੰਦੇ ਹੋ?” ਉਸ ਔਰਤ ਨੇ ਕਿਹਾ: “ਹਾਂ, ਹਾਂ, ਕਿਉਂ ਨਹੀਂ। ਪਰ ਸਮੱਸਿਆ ਇਹ ਹੈ ਕਿ ਮੈਂ ਇਕ ਅਧਿਆਪਕਾ ਹਾਂ ਅਤੇ ਮੇਰਾ ਸਾਰਾ ਸਮਾਂ ਪੜ੍ਹਾਉਣ ਵਿਚ ਹੀ ਚਲਾ ਜਾਂਦਾ ਹੈ।” ਮਾਰੀਆ ਨੇ ਕਿਹਾ ਕਿ ਉਹ ਟੈਲੀਫ਼ੋਨ ਰਾਹੀਂ ਬਾਈਬਲ ਬਾਰੇ ਗੱਲਬਾਤ ਕਰ ਸਕਦੀਆਂ ਹਨ। ਉਸ ਔਰਤ ਨੇ ਮਾਰੀਆ ਨੂੰ ਆਪਣਾ ਟੈਲੀਫ਼ੋਨ ਨੰਬਰ ਦਿੱਤਾ ਅਤੇ ਉਸੇ ਸ਼ਾਮ ਮਾਰੀਆ ਨੇ ਟੈਲੀਫ਼ੋਨ ਰਾਹੀਂ ਬਰੋਸ਼ਰ ਪਰਮੇਸ਼ੁਰ ਸਾਡੇ ਤੋਂ ਕੀ ਮੰਗ ਕਰਦਾ ਹੈ?  * ਤੋਂ ਸਟੱਡੀ ਸ਼ੁਰੂ ਕਰ ਦਿੱਤੀ।

13 ਇਥੋਪੀਆ ਵਿਚ ਟੈਲੀਫ਼ੋਨ ਰਾਹੀਂ ਗਵਾਹੀ ਦਿੰਦੇ ਸਮੇਂ ਇਕ ਪਾਇਨੀਅਰ ਭੈਣ ਜਦੋਂ ਇਕ ਆਦਮੀ ਨਾਲ ਗੱਲ ਕਰ ਰਹੀ ਸੀ, ਤਾਂ ਟੈਲੀਫ਼ੋਨ ਤੇ ਉਹ ਰੌਲੇ ਦੀ ਆਵਾਜ਼ ਸੁਣ ਕੇ ਚੌਂਕ ਗਈ। ਆਦਮੀ ਨੇ ਕਿਹਾ ਕਿ ਉਹ ਬਾਅਦ ਵਿਚ ਉਸ ਨੂੰ ਫ਼ੋਨ ਕਰੇ। ਜਦੋਂ ਭੈਣ ਨੇ ਫ਼ੋਨ ਕੀਤਾ, ਤਾਂ ਉਸ ਆਦਮੀ ਨੇ ਮਾਫ਼ੀ ਮੰਗੀ ਅਤੇ ਕਿਹਾ ਕਿ ਜਦੋਂ ਉਸ ਨੇ ਪਹਿਲਾਂ ਫ਼ੋਨ ਕੀਤਾ ਸੀ, ਉਦੋਂ ਉਹ ਤੇ ਉਸ ਦੀ ਪਤਨੀ ਆਪਸ ਵਿਚ ਝਗੜ ਰਹੇ ਸਨ। ਭੈਣ ਨੇ ਇਸ ਮੌਕੇ ਦਾ ਫ਼ਾਇਦਾ ਉਠਾਉਂਦੇ ਹੋਏ ਉਸ ਨੂੰ ਕਿਹਾ ਕਿ ਬਾਈਬਲ ਪਰਿਵਾਰਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਸੰਬੰਧੀ ਚੰਗੀ ਸਲਾਹ ਦਿੰਦੀ ਹੈ। ਭੈਣ ਨੇ ਉਸ ਆਦਮੀ ਨੂੰ ਦੱਸਿਆ ਕਿ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਕਿਤਾਬ ਪਰਿਵਾਰਕ ਖ਼ੁਸ਼ੀ ਦਾ ਰਾਜ਼ ਨੇ ਬਹੁਤ ਸਾਰੇ ਪਰਿਵਾਰਾਂ ਦੀ ਮਦਦ ਕੀਤੀ ਹੈ। ਕਿਤਾਬ ਦੇਣ ਤੋਂ ਕੁਝ ਦਿਨਾਂ ਬਾਅਦ, ਭੈਣ ਨੇ ਉਸ ਆਦਮੀ ਨੂੰ ਦੁਬਾਰਾ ਫ਼ੋਨ ਕੀਤਾ। ਉਸ ਆਦਮੀ ਨੇ ਖ਼ੁਸ਼ੀ ਨਾਲ ਕਿਹਾ: “ਇਸ ਕਿਤਾਬ ਨੇ ਤਾਂ ਮੇਰੇ ਵਿਆਹ ਨੂੰ ਟੁੱਟਣੋਂ ਬਚਾ ਲਿਆ!” ਉਸ ਨੇ ਆਪਣੇ ਪਰਿਵਾਰ ਨੂੰ ਇਕੱਠਾ ਕਰ ਕੇ ਕਿਤਾਬ ਵਿੱਚੋਂ ਖ਼ਾਸ-ਖ਼ਾਸ ਗੱਲਾਂ ਦੱਸੀਆਂ ਸਨ। ਇਸ ਆਦਮੀ ਨਾਲ ਬਾਈਬਲ ਦਾ ਅਧਿਐਨ ਸ਼ੁਰੂ ਕੀਤਾ ਗਿਆ ਅਤੇ ਜਲਦੀ ਹੀ ਉਹ ਮਸੀਹੀ ਸਭਾਵਾਂ ਵਿਚ ਆਉਣ ਲੱਗ ਪਿਆ।

14 ਡੈਨਮਾਰਕ ਵਿਚ ਟੈਲੀਫ਼ੋਨ ਰਾਹੀਂ ਗਵਾਹੀ ਦੇਣ ਦੁਆਰਾ ਬਾਈਬਲ ਸਟੱਡੀ ਸ਼ੁਰੂ ਕਰਨ ਵਾਲੀ ਇਕ ਪ੍ਰਚਾਰਕ ਕਹਿੰਦੀ ਹੈ: “ਸੇਵਾ ਨਿਗਾਹਬਾਨ ਨੇ ਮੈਨੂੰ ਟੈਲੀਫ਼ੋਨ ਰਾਹੀਂ ਗਵਾਹੀ ਦੇਣ ਲਈ ਉਤਸ਼ਾਹਿਤ ਕੀਤਾ। ਸ਼ੁਰੂ ਵਿਚ ਮੈਂ ਇਹ ਕਹਿ ਕੇ ਪਿੱਛੇ ਹਟ ਗਈ: ‘ਇਹ ਮੇਰੇ ਵੱਸ ਦੀ ਗੱਲ ਨਹੀਂ।’ ਪਰ ਇਕ ਦਿਨ ਮੈਂ ਹਿੰਮਤ ਕਰ ਕੇ ਪਹਿਲਾ ਨੰਬਰ ਡਾਇਲ ਕੀਤਾ। ਅੱਗੋਂ ਸੋਨੀਆ ਨਾਂ ਦੀ ਕੁੜੀ ਨੇ ਜਵਾਬ ਦਿੱਤਾ ਅਤੇ ਛੋਟੀ ਜਿਹੀ ਗੱਲਬਾਤ ਤੋਂ ਬਾਅਦ ਉਹ ਬਾਈਬਲ-ਆਧਾਰਿਤ ਸਾਹਿੱਤ ਲੈਣ ਲਈ ਮੰਨ ਗਈ। ਇਕ ਦਿਨ ਸ਼ਾਮ ਨੂੰ ਅਸੀਂ ਸ੍ਰਿਸ਼ਟੀ ਵਿਸ਼ੇ ਤੇ ਚਰਚਾ ਕੀਤੀ। ਉਹ ਕਿਤਾਬ ਜੀਵਨ ਦੀ ਸ਼ੁਰੂਆਤ ਕਿਵੇਂ ਹੋਈ? ਕ੍ਰਮ-ਵਿਕਾਸ ਦੁਆਰਾ ਜਾਂ ਸ੍ਰਿਸ਼ਟੀ ਦੁਆਰਾ?  * (ਅੰਗ੍ਰੇਜ਼ੀ) ਪੜ੍ਹਨੀ ਚਾਹੁੰਦੀ ਸੀ। ਮੈਂ ਉਸ ਨੂੰ ਕਿਹਾ ਕਿ ਜੇ ਆਪਾਂ ਇਕੱਠੀਆਂ ਬੈਠ ਕੇ ਚਰਚਾ ਕਰੀਏ, ਤਾਂ ਬਹੁਤ ਵਧੀਆ ਗੱਲ ਹੋਵੇਗੀ। ਉਹ ਮੰਨ ਗਈ। ਜਦੋਂ ਮੈਂ ਗਈ, ਤਾਂ ਸੋਨੀਆ ਸਟੱਡੀ ਕਰਨ ਲਈ ਤਿਆਰ ਸੀ ਅਤੇ ਉਦੋਂ ਤੋਂ ਹੀ ਅਸੀਂ ਹਰ ਹਫ਼ਤੇ ਸਟੱਡੀ ਕਰਦੀਆਂ ਹਾਂ।” ਅਖ਼ੀਰ ਵਿਚ ਭੈਣ ਕਹਿੰਦੀ ਹੈ: “ਮੈਂ ਕਈ ਸਾਲਾਂ ਤੋਂ ਇਕ ਬਾਈਬਲ ਸਟੱਡੀ ਲਈ ਪ੍ਰਾਰਥਨਾ ਕਰ ਰਹੀ ਸੀ, ਪਰ ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਫ਼ੋਨ ਰਾਹੀਂ ਗਵਾਹੀ ਦੇਣ ਦੁਆਰਾ ਮੈਨੂੰ ਸਟੱਡੀ ਮਿਲ ਜਾਵੇਗੀ।”

15, 16. ਬਾਈਬਲ ਸਟੱਡੀਆਂ ਸ਼ੁਰੂ ਕਰਨ ਦੇ ਵੱਖੋ-ਵੱਖਰੇ ਤਰੀਕੇ ਵਰਤਣ ਦੇ ਫ਼ਾਇਦਿਆਂ ਬਾਰੇ ਸਮਝਾਉਣ ਲਈ ਤੁਸੀਂ ਕਿਹੜੇ ਤਜਰਬੇ ਦੱਸ ਸਕਦੇ ਹੋ?

15 ਹਰ ਥਾਂ ਦੇ ਲੋਕਾਂ ਨੂੰ ਗਵਾਹੀ ਦੇਣ ਦੇ ਸੁਝਾਵਾਂ ਨੂੰ ਮੰਨ ਕੇ ਬਹੁਤ ਸਾਰੇ ਪ੍ਰਚਾਰਕ ਸਫ਼ਲਤਾ ਦਾ ਆਨੰਦ ਮਾਣ ਰਹੇ ਹਨ। ਅਮਰੀਕਾ ਵਿਚ ਇਕ ਭੈਣ ਨੇ ਆਪਣੀ ਕਾਰ ਪਾਰਕਿੰਗ ਥਾਂ ਤੇ ਡਲਿਵਰੀ ਵੈਨ ਦੇ ਕੋਲ ਲਿਆ ਕੇ ਖੜ੍ਹੀ ਕੀਤੀ। ਵੈਨ ਵਿੱਚੋਂ ਔਰਤ ਨੇ ਜਦੋਂ ਭੈਣ ਨੂੰ ਦੇਖਿਆ, ਤਾਂ ਭੈਣ ਨੇ ਉਸ ਨੂੰ ਆਪਣੇ ਬਾਈਬਲ ਦੇ ਸਿੱਖਿਆ ਦੇਣ ਦੇ ਕੰਮ ਬਾਰੇ ਦੱਸਿਆ। ਉਸ ਔਰਤ ਨੇ ਭੈਣ ਦੀ ਗੱਲ ਸੁਣੀ ਅਤੇ ਵੈਨ ਵਿੱਚੋਂ ਨਿਕਲ ਕੇ ਭੈਣ ਦੀ ਕਾਰ ਕੋਲ ਆ ਗਈ। ਉਸ ਨੇ ਕਿਹਾ: “ਮੈਨੂੰ ਇਸ ਗੱਲ ਦੀ ਬਹੁਤ ਖ਼ੁਸ਼ੀ ਹੈ ਕਿ ਤੁਸੀਂ ਮੇਰੇ ਨਾਲ ਗੱਲ ਕੀਤੀ। ਕਾਫ਼ੀ ਚਿਰ ਤੋਂ ਮੈਨੂੰ ਤੁਹਾਡਾ ਕੋਈ ਸਾਹਿੱਤ ਨਹੀਂ ਮਿਲਿਆ। ਮੈਂ ਦੁਬਾਰਾ ਬਾਈਬਲ ਸਟੱਡੀ ਵੀ ਕਰਨੀ ਚਾਹੁੰਦੀ ਹਾਂ। ਕੀ ਤੁਸੀਂ ਮੈਨੂੰ ਸਟੱਡੀ ਕਰਾਓਗੇ?” ਭੈਣ ਨੇ ਖ਼ੁਸ਼ ਖ਼ਬਰੀ ਸੁਣਾਉਣ ਦਾ ਚੰਗਾ ਮੌਕਾ ਪੈਦਾ ਕੀਤਾ ਸੀ।

16 ਅਮਰੀਕਾ ਵਿਚ ਇਕ ਭੈਣ ਨੂੰ ਅੱਗੇ ਦਿੱਤਾ ਤਜਰਬਾ ਹੋਇਆ ਜਦੋਂ ਉਹ ਇਕ ਨਰਸਿੰਗ ਹੋਮ ਵਿਚ ਗਈ: ਉਹ ਇਕ ਆਦਮੀ ਨੂੰ ਮਿਲੀ ਜੋ ਉੱਥੋਂ ਦੇ ਕੁਝ ਕੰਮਾਂ-ਕਾਰਾਂ ਦੀ ਨਿਗਰਾਨੀ ਕਰਦਾ ਸੀ। ਉਸ ਨੇ ਉਸ ਨੂੰ ਕਿਹਾ ਕਿ ਉਹ ਨਰਸਿੰਗ ਹੋਮ ਦੇ ਲੋਕਾਂ ਦੀਆਂ ਅਧਿਆਤਮਿਕ ਲੋੜਾਂ ਪੂਰੀਆਂ ਕਰਨ ਵਿਚ ਮਦਦ ਕਰਨੀ ਚਾਹੁੰਦੀ ਹੈ। ਭੈਣ ਨੇ ਅੱਗੋਂ ਕਿਹਾ ਕਿ ਜੋ ਕੋਈ ਚਾਹੁੰਦਾ ਹੈ, ਉਹ ਉਨ੍ਹਾਂ ਸਾਰਿਆਂ ਨਾਲ ਮੁਫ਼ਤ ਵਿਚ ਹਰ ਹਫ਼ਤੇ ਬਾਈਬਲ ਦਾ ਅਧਿਐਨ ਕਰਨ ਆਵੇਗੀ। ਉਸ ਆਦਮੀ ਨੇ ਉਸ ਨੂੰ ਲੋਕਾਂ ਨੂੰ ਮਿਲਣ ਦੀ ਇਜਾਜ਼ਤ ਦੇ ਦਿੱਤੀ। ਜਲਦੀ ਹੀ ਉਹ ਹਫ਼ਤੇ ਵਿਚ ਤਿੰਨ ਵਾਰ 26 ਲੋਕਾਂ ਨਾਲ ਬਾਈਬਲ ਸਟੱਡੀ ਕਰਨ ਲੱਗ ਪਈ ਜਿਨ੍ਹਾਂ ਵਿੱਚੋਂ ਇਕ ਬਾਕਾਇਦਾ ਸਭਾਵਾਂ ਵਿਚ ਹਾਜ਼ਰ ਹੁੰਦਾ ਹੈ।

17. ਬਾਈਬਲ ਸਟੱਡੀਆਂ ਸ਼ੁਰੂ ਕਰਨ ਲਈ ਅਕਸਰ ਕਿਹੜਾ ਤਰੀਕਾ ਅਸਰਦਾਰ ਹੁੰਦਾ ਹੈ?

17 ਕੁਝ ਪ੍ਰਚਾਰਕ ਕਹਿੰਦੇ ਹਨ ਕਿ ਬਾਈਬਲ ਸਟੱਡੀ ਦੀ ਸਿੱਧੀ ਪੇਸ਼ਕਸ਼ ਕਰਨ ਨਾਲ ਚੰਗੇ ਨਤੀਜੇ ਨਿਕਲਦੇ ਹਨ। ਇਕ ਸਵੇਰ ਨੂੰ 105 ਪ੍ਰਕਾਸ਼ਕਾਂ ਦੀ ਕਲੀਸਿਯਾ ਨੇ ਹਰ ਘਰ ਵਿਚ ਬਾਈਬਲ ਸਟੱਡੀ ਪੇਸ਼ ਕਰਨ ਦਾ ਖ਼ਾਸ ਜਤਨ ਕੀਤਾ। ਕੁੱਲ 86 ਪ੍ਰਕਾਸ਼ਕਾਂ ਨੇ ਪ੍ਰਚਾਰ ਵਿਚ ਹਿੱਸਾ ਲਿਆ ਅਤੇ ਦੋ ਘੰਟੇ ਪ੍ਰਚਾਰ ਕਰਨ ਤੋਂ ਬਾਅਦ ਉਨ੍ਹਾਂ ਨੂੰ ਘੱਟੋ-ਘੱਟ 15 ਨਵੀਆਂ ਬਾਈਬਲ ਸਟੱਡੀਆਂ ਮਿਲੀਆਂ।

ਲਾਇਕ ਲੋਕਾਂ ਨੂੰ ਲੱਭਦੇ ਰਹੋ

18, 19. ਸਾਨੂੰ ਯਿਸੂ ਦੀ ਕਿਹੜੀ ਮਹੱਤਵਪੂਰਣ ਹਿਦਾਇਤ ਧਿਆਨ ਵਿਚ ਰੱਖਣੀ ਚਾਹੀਦੀ ਹੈ ਅਤੇ ਇਸ ਮਕਸਦ ਨੂੰ ਪੂਰਾ ਕਰਨ ਲਈ ਸਾਨੂੰ ਕੀ ਕਰਨ ਦਾ ਪੱਕਾ ਇਰਾਦਾ ਕਰਨਾ ਚਾਹੀਦਾ ਹੈ?

18 ਰਾਜ ਦਾ ਪ੍ਰਚਾਰਕ ਹੋਣ ਦੇ ਨਾਤੇ, ਤੁਸੀਂ ਸ਼ਾਇਦ ਇਸ ਲੇਖ ਵਿਚ ਦਿੱਤੇ ਸੁਝਾਵਾਂ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕਰਨੀ ਚਾਹੋਗੇ। ਪਰ ਵੱਖ-ਵੱਖ ਤਰੀਕਿਆਂ ਨਾਲ ਗਵਾਹੀ ਦੇਣ ਦੀ ਯੋਜਨਾ ਬਣਾਉਂਦੇ ਸਮੇਂ ਸਥਾਨਕ ਹਾਲਾਤਾਂ ਨੂੰ ਧਿਆਨ ਵਿਚ ਰੱਖਣਾ ਅਕਲਮੰਦੀ ਹੋਵੇਗੀ। ਆਓ ਆਪਾਂ ਯਿਸੂ ਦੀ ਹਿਦਾਇਤ ਨੂੰ ਧਿਆਨ ਵਿਚ ਰੱਖਦੇ ਹੋਏ ਲਾਇਕ ਲੋਕਾਂ ਨੂੰ ਲੱਭੀਏ ਅਤੇ ਉਨ੍ਹਾਂ ਨੂੰ ਚੇਲੇ ਬਣਾਈਏ।—ਮੱਤੀ 10:11; 28:19.

19 ਇਸ ਮਕਸਦ ਨੂੰ ਪੂਰਾ ਕਰਨ ਲਈ ਆਓ ਆਪਾਂ ‘ਸਚਿਆਈ ਦੇ ਬਚਨ ਦਾ ਜਥਾਰਥ ਵਖਿਆਣ ਕਰੀਏ।’ ਅਸੀਂ ਬਾਈਬਲ ਦੀ ਮਦਦ ਨਾਲ ਦੂਜਿਆਂ ਨੂੰ ਕਾਇਲ ਕਰ ਕੇ ਇਸ ਤਰ੍ਹਾਂ ਕਰ ਸਕਦੇ ਹਾਂ। ਇਸ ਨਾਲ ਸਾਨੂੰ ਖ਼ੁਸ਼ ਖ਼ਬਰੀ ਸੁਣਨ ਵਾਲਿਆਂ ਦੇ ਦਿਲਾਂ ਨੂੰ ਛੋਹਣ ਅਤੇ ਉਨ੍ਹਾਂ ਨੂੰ ਕਦਮ ਚੁੱਕਣ ਲਈ ਪ੍ਰੇਰਿਤ ਕਰਨ ਵਿਚ ਮਦਦ ਮਿਲੇਗੀ। ਜਦੋਂ ਅਸੀਂ ਯਹੋਵਾਹ ਉੱਤੇ ਭਰੋਸਾ ਰੱਖਦੇ ਹਾਂ, ਤਾਂ ਅਸੀਂ ਕੁਝ ਲੋਕਾਂ ਦੀ ਯਿਸੂ ਮਸੀਹ ਦੇ ਚੇਲੇ ਬਣਨ ਵਿਚ ਮਦਦ ਕਰ ਸਕਾਂਗੇ। ਇਹ ਕੰਮ ਕਰਨ ਨਾਲ ਸਾਨੂੰ ਬਹੁਤ ਸਾਰੀਆਂ ਬਰਕਤਾਂ ਮਿਲਣਗੀਆਂ। ਇਸ ਲਈ, ਆਓ ਆਪਾਂ ‘ਆਪਣੇ ਆਪ ਨੂੰ ਪਰਮੇਸ਼ੁਰ ਦੇ ਅੱਗੇ ਪਰਵਾਨ ਠਹਿਰਾਉਣ ਦਾ ਪੂਰਾ ਜਤਨ ਕਰੀਏ’ ਅਤੇ ਰਾਜ ਦੇ ਜੋਸ਼ੀਲੇ ਪ੍ਰਚਾਰਕ ਹੋਣ ਦੇ ਨਾਤੇ, ਹਮੇਸ਼ਾ ਯਹੋਵਾਹ ਦੀ ਮਹਿਮਾ ਕਰੀਏ ਅਤੇ ਚੇਲੇ ਬਣਾਉਣ ਦੇ ਮਕਸਦ ਨਾਲ ਪ੍ਰਚਾਰ ਕਰੀਏ।—2 ਤਿਮੋਥਿਉਸ 2:15.

[ਫੁਟਨੋਟ]

^ ਪੈਰਾ 12 ਇਹ ਬਰੋਸ਼ਰ ਯਹੋਵਾਹ ਦੇ ਗਵਾਹਾਂ ਦੁਆਰਾ ਛਾਪਿਆ ਗਿਆ ਹੈ।

^ ਪੈਰਾ 14 ਇਹ ਕਿਤਾਬ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਹੈ।

ਕੀ ਤੁਹਾਨੂੰ ਯਾਦ ਹੈ?

• ਅਪੁੱਲੋਸ ਨੂੰ ਪਰਮੇਸ਼ੁਰ ਦਾ ਰਾਹ ਹੋਰ ਵੀ ਠੀਕ ਤਰ੍ਹਾਂ ਨਾਲ ਸਿੱਖਣ ਦੀ ਕਿਉਂ ਲੋੜ ਸੀ?

• ਪ੍ਰਿਸਕਿੱਲਾ ਅਤੇ ਅਕੂਲਾ ਨੇ ਕਿਹੜੇ ਤਰੀਕਿਆਂ ਨਾਲ ਪੌਲੁਸ ਰਸੂਲ ਤੋਂ ਸਿੱਖਿਆ?

ਰਸੂਲਾਂ ਦੇ ਕਰਤੱਬ ਕਿਤਾਬ ਦੇ 18ਵੇਂ ਅਧਿਆਇ ਤੋਂ ਚੇਲੇ ਬਣਾਉਣ ਦੇ ਕੰਮ ਬਾਰੇ ਤੁਸੀਂ ਕੀ ਸਿੱਖਿਆ?

• ਚੇਲੇ ਬਣਾਉਣ ਦੇ ਮੌਕੇ ਤੁਸੀਂ ਕਿਵੇਂ ਪੈਦਾ ਕਰ ਸਕਦੇ ਹੋ?

[ਸਵਾਲ]

[ਸਫ਼ੇ 18 ਉੱਤੇ ਤਸਵੀਰ]

ਪ੍ਰਿਸਕਿੱਲਾ ਅਤੇ ਅਕੂਲਾ ਨੇ ਅਪੁੱਲੋਸ ਨੂੰ “ਪਰਮੇਸ਼ੁਰ ਦਾ ਰਾਹ ਹੋਰ ਵੀ ਠੀਕ ਤਰਾਂ ਨਾਲ ਦੱਸਿਆ”

[ਸਫ਼ੇ 20 ਉੱਤੇ ਤਸਵੀਰ]

ਅਪੁੱਲੋਸ ਚੇਲੇ ਬਣਾਉਣ ਵਿਚ ਹੋਰ ਮਾਹਰ ਹੋ ਗਿਆ

[ਸਫ਼ੇ 21 ਉੱਤੇ ਤਸਵੀਰ]

ਪੌਲੁਸ ਨੇ ਹਰ ਥਾਂ ਪ੍ਰਚਾਰ ਕੀਤਾ

[ਸਫ਼ੇ 23 ਉੱਤੇ ਤਸਵੀਰ]

ਪ੍ਰਚਾਰ ਕਰਨ ਦੇ ਮੌਕੇ ਪੈਦਾ ਕਰੋ