Skip to content

Skip to table of contents

ਦੁਨੀਆਂ ਜਲਦੀ ਹੀ ਅਪਰਾਧ ਤੋਂ ਮੁਕਤ ਹੋਵੇਗੀ

ਦੁਨੀਆਂ ਜਲਦੀ ਹੀ ਅਪਰਾਧ ਤੋਂ ਮੁਕਤ ਹੋਵੇਗੀ

ਦੁਨੀਆਂ ਜਲਦੀ ਹੀ ਅਪਰਾਧ ਤੋਂ ਮੁਕਤ ਹੋਵੇਗੀ

ਵਾਹ, ਦੁਨੀਆਂ ਵਿਚ ਕੋਈ ਵੀ ਅਪਰਾਧੀ ਨਹੀਂ! ਅਪਰਾਧੀ ਨਾ ਹੋਣ ਕਰਕੇ ਪੁਲਸ, ਜੇਲ੍ਹਾਂ ਜਾਂ ਮਹਿੰਗੇ ਤੇ ਗੁੰਝਲਦਾਰ ਮੁਕੱਦਮੇਬਾਜ਼ੀਆਂ ਦੀ ਕੋਈ ਲੋੜ ਨਹੀਂ। ਅਜਿਹੀ ਦੁਨੀਆਂ ਵਿਚ ਹਰ ਕਿਸੇ ਦੇ ਜਾਨ-ਮਾਲ ਦੀ ਕਦਰ ਕੀਤੀ ਜਾਂਦੀ ਹੈ। ਕੀ ਤੁਹਾਡੇ ਲਈ ਅਜਿਹੇ ਸੰਸਾਰ ਦੀ ਕਲਪਨਾ ਕਰਨੀ ਮੁਸ਼ਕਲ ਲੱਗਦੀ ਹੈ? ਸ਼ਾਇਦ ਤੁਹਾਨੂੰ ਮੁਸ਼ਕਲ ਲੱਗੇ, ਪਰ ਬਾਈਬਲ ਵਿਚ ਹਾਲਾਤਾਂ ਦੇ ਸੁਧਰਨ ਦਾ ਵਾਅਦਾ ਕੀਤਾ ਗਿਆ ਹੈ। ਜ਼ਰਾ ਦੇਖੋ ਕਿ ਬਾਈਬਲ ਦੁਨੀਆਂ ਵਿਚ ਫੈਲੇ ਅਪਰਾਧ ਅਤੇ ਹੋਰ ਬੁਰਾਈਆਂ ਬਾਰੇ ਕੀ ਕਹਿੰਦੀ ਹੈ।

ਜ਼ਬੂਰਾਂ ਦੀ ਪੋਥੀ ਵਿਚ ਲਿਖਿਆ ਹੈ: “ਬੁਰਿਆਂ ਦੇ ਕਾਰਨ ਨਾ ਕੁੜ੍ਹ, ਕੁਕਰਮੀਆਂ ਵੱਲੋਂ ਨਾ ਸੜ। ਓਹ ਤਾਂ ਘਾਹ ਵਾਂਙੁ ਛੇਤੀ ਕੁਮਲਾ ਜਾਣਗੇ, ਅਤੇ ਸਾਗ ਪੱਤ ਵਾਂਙੁ ਮੁਰਝਾ ਜਾਣਗੇ ਪਰ ਅਧੀਨ ਧਰਤੀ ਦੇ ਵਾਰਸ ਹੋਣਗੇ, ਅਤੇ ਬਹੁਤੇ ਸੁਖ ਕਰਕੇ ਆਪਣੇ ਆਪ ਨੂੰ ਨਿਹਾਲ ਕਰਨਗੇ।” (ਜ਼ਬੂਰਾਂ ਦੀ ਪੋਥੀ 37:1, 2, 11) ਪਰਮੇਸ਼ੁਰ ਨੂੰ ਇਸ ਵਾਅਦੇ ਨੂੰ ਅਤੇ ਦੂਸਰੇ ਵਾਅਦਿਆਂ ਨੂੰ ਪੂਰਾ ਕਰਨ ਤੋਂ ਕੋਈ ਵੀ ਰੋਕ ਨਹੀਂ ਸਕਦਾ।

ਪਰਮੇਸ਼ੁਰ ਆਪਣੇ ਰਾਜ ਦੇ ਜ਼ਰੀਏ ਇਹ ਬਰਕਤਾਂ ਦੇਵੇਗਾ। ਯਿਸੂ ਮਸੀਹ ਨੇ ਆਪਣੇ ਚੇਲਿਆਂ ਨੂੰ ਇਸ ਬਾਰੇ ਪ੍ਰਾਰਥਨਾ ਕਰਨ ਲਈ ਕਿਹਾ ਸੀ ਕਿ ਇਹ ਰਾਜ ਆਵੇ ਅਤੇ ਜਿਵੇਂ ਪਰਮੇਸ਼ੁਰ ਦੀ ਮਰਜ਼ੀ ਸਵਰਗ ਵਿਚ ਪੂਰੀ ਹੁੰਦੀ ਹੈ, ਉਸੇ ਤਰ੍ਹਾਂ ਧਰਤੀ ਉੱਤੇ ਵੀ ਹੋਵੇ। (ਮੱਤੀ 6:9, 10) ਜਲਦੀ ਹੀ ਆਉਣ ਵਾਲੇ ਇਸ ਰਾਜ ਅਧੀਨ ਕੋਈ ਵੀ ਵਿਅਕਤੀ ਗ਼ਰੀਬੀ, ਜ਼ੁਲਮ ਜਾਂ ਸੁਆਰਥ ਕਰਕੇ ਅਪਰਾਧ ਨਹੀਂ ਕਰੇਗਾ। ਇਸ ਦੀ ਬਜਾਇ, ਪਰਮੇਸ਼ੁਰ ਦਾ ਬਚਨ ਕਹਿੰਦਾ ਹੈ: ‘ਧਰਤੀ ਵਿੱਚ ਪਹਾੜਾਂ ਦੀ ਟੀਸੀ ਉੱਤੇ ਬਹੁਤਾ ਅੰਨ ਹੋਵੇਗਾ।’ (ਜ਼ਬੂਰਾਂ ਦੀ ਪੋਥੀ 72:16) ਉਸ ਵੇਲੇ ਯਹੋਵਾਹ ਪਰਮੇਸ਼ੁਰ ਧਰਤੀ ਉੱਤੇ ਸਾਰਿਆਂ ਨੂੰ ਦਿਲ ਖੋਲ੍ਹ ਕੇ ਚੰਗੀਆਂ ਚੀਜ਼ਾਂ ਦੇਵੇਗਾ। ਇਸ ਤੋਂ ਵੀ ਵਧੀਆ ਗੱਲ ਇਹ ਹੋਵੇਗੀ ਕਿ ਸਾਰੇ ਲੋਕ ਪਰਮੇਸ਼ੁਰ ਅਤੇ ਦੂਸਰਿਆਂ ਨਾਲ ਪਿਆਰ ਕਰਨਗੇ ਅਤੇ ਦੁਨੀਆਂ ਵਿਚ ਫਿਰ ਕਦੇ ਅਪਰਾਧ ਕਰਕੇ ਗੜਬੜੀ ਨਹੀਂ ਹੋਵੇਗੀ।