Skip to content

Skip to table of contents

“ਪਰਮੇਸ਼ੁਰ ਦਾ ਬਚਨ ਸੱਚ-ਮੁੱਚ ਅਸਰਦਾਰ ਹੈ!”

“ਪਰਮੇਸ਼ੁਰ ਦਾ ਬਚਨ ਸੱਚ-ਮੁੱਚ ਅਸਰਦਾਰ ਹੈ!”

“ਪਰਮੇਸ਼ੁਰ ਦਾ ਬਚਨ ਸੱਚ-ਮੁੱਚ ਅਸਰਦਾਰ ਹੈ!”

‘ਪਰਮੇਸ਼ੁਰ ਦਾ ਬਚਨ ਜੀਉਂਦਾ ਅਤੇ ਗੁਣਕਾਰ ਹੈ।’ (ਇਬਰਾਨੀਆਂ 4:12) ਪਰਮੇਸ਼ੁਰ ਦੇ ਬਚਨ ਵਿਚ ਲੋਕਾਂ ਨੂੰ ਬਦਲਣ ਦੀ ਬਹੁਤ ਤਾਕਤ ਹੈ। ਇਸ ਗੱਲ ਦੇ ਸਬੂਤ ਵਜੋਂ, ਸਾਲ 2003 ਦੇ ਯਹੋਵਾਹ ਦੇ ਗਵਾਹਾਂ ਦੇ ਕਲੰਡਰ ਉੱਤੇ ਛੇ ਵਿਅਕਤੀਆਂ ਦੀਆਂ ਜੀਵਨੀਆਂ ਦਿੱਤੀਆਂ ਗਈਆਂ ਹਨ ਜੋ ਦੁਨੀਆਂ ਦੇ ਵੱਖ-ਵੱਖ ਹਿੱਸਿਆਂ ਵਿਚ ਰਹਿੰਦੇ ਹਨ। ਕਲੰਡਰ ਉੱਤੇ “ਕੱਲ੍ਹ ਅਤੇ ਅੱਜ” ਸਿਰਲੇਖ ਹੇਠ ਦੱਸਿਆ ਗਿਆ ਹੈ ਕਿ ਜਿਹੜੀ ਸਿੱਖਿਆ ਯਹੋਵਾਹ ਦੇ ਗਵਾਹ ਲੋਕਾਂ ਨੂੰ ਦਿੰਦੇ ਹਨ, ਉਹ ਉਨ੍ਹਾਂ ਨੂੰ ਖ਼ਤਰਨਾਕ ਜੀਵਨ-ਢੰਗ ਤਿਆਗਣ, ਨੈਤਿਕ ਤੇ ਸਾਫ਼-ਸੁਥਰੀ ਜ਼ਿੰਦਗੀ ਜੀਣ, ਆਪਣੇ ਪਰਿਵਾਰ ਨੂੰ ਸੁਖੀ ਬਣਾਉਣ ਅਤੇ ਪਰਮੇਸ਼ੁਰ ਨਾਲ ਚੰਗਾ ਰਿਸ਼ਤਾ ਬਣਾਉਣ ਵਿਚ ਮਦਦ ਦਿੰਦੀ ਹੈ।

ਕਈ ਲੋਕਾਂ ਨੇ ਚਿੱਠੀਆਂ ਲਿਖ ਕੇ ਦੱਸਿਆ ਹੈ ਕਿ ਉਨ੍ਹਾਂ ਨੂੰ 2003 ਦਾ ਕਲੰਡਰ ਕਿੰਨਾ ਪਸੰਦ ਆਇਆ ਹੈ। ਉਨ੍ਹਾਂ ਵਿੱਚੋਂ ਕੁਝ ਵਿਅਕਤੀਆਂ ਦੀਆਂ ਟਿੱਪਣੀਆਂ ਹੇਠਾਂ ਦਿੱਤੀਆਂ ਗਈਆਂ ਹਨ:

“ਇਹ ਕਲੰਡਰ ਸੱਚੇ ਮਸੀਹੀਆਂ ਲਈ ਇਕ ਪੱਕਾ ਸਬੂਤ ਹੈ ਕਿ ਉਨ੍ਹਾਂ ਵਾਂਗ ਉਨ੍ਹਾਂ ਦੇ ਭੈਣ-ਭਰਾਵਾਂ ਨੂੰ ਵੀ ਨਿਹਚਾ ਦੀ ਲੜਾਈ ਲੜਨੀ ਪਈ ਹੈ। ਹੁਣ ਜਦੋਂ ਵੀ ਉਹ ਕਲੰਡਰ ਉੱਤੇ ਇਨ੍ਹਾਂ ਤਸਵੀਰਾਂ ਨੂੰ ਦੇਖਣਗੇ, ਤਾਂ ਉਹ ਚੇਤੇ ਕਰਨਗੇ ਕਿ ਕਈ ਭੈਣ-ਭਰਾਵਾਂ ਨੇ ਆਪਣੇ ਵਿਚ ਕਿੰਨੀਆਂ ਵੱਡੀਆਂ ਤਬਦੀਲੀਆਂ ਕੀਤੀਆਂ ਹਨ।”—ਸਟੀਵਨ, ਅਮਰੀਕਾ।

“ਮੈਂ ਆਪਣੀ ਸ਼ੁਕਰਗੁਜ਼ਾਰੀ ਜ਼ਾਹਰ ਕਰਨ ਲਈ ਇਹ ਚਿੱਠੀ ਲਿਖ ਰਿਹਾ ਹਾਂ। ਸਾਲ 2003 ਦੇ ਕਲੰਡਰ ਨੇ ਮੇਰੇ ਦਿਲ ਨੂੰ ਛੋਹ ਲਿਆ। ਹੋਰ ਕਿਸੇ ਕਲੰਡਰ ਦਾ ਮੇਰੇ ਉੱਤੇ ਇੰਨਾ ਡੂੰਘਾ ਅਸਰ ਨਹੀਂ ਪਿਆ। ਹੁਣ ਤੋਂ ਮੈਂ ਇਹ ਕਲੰਡਰ ਆਪਣੇ ਪ੍ਰੀਚਿੰਗ ਬੈਗ ਵਿਚ ਰੱਖਾਂਗਾ ਤਾਂਕਿ ਲੋਕਾਂ ਨੂੰ ਇਸ ਗੱਲ ਦਾ ਜੀਉਂਦਾ-ਜਾਗਦਾ ਸਬੂਤ ਦਿਖਾ ਸਕਾਂ ਕਿ ਬਾਈਬਲ ਵਿਚ ਸੱਚ-ਮੁੱਚ ਲੋਕਾਂ ਨੂੰ ਬਦਲਣ ਦੀ ਤਾਕਤ ਹੈ।”—ਮਾਰਕ, ਬੈਲਜੀਅਮ

“ਇਸ ਕਲੰਡਰ ਨੇ ਮੇਰੇ ਦਿਲ ਤੇ ਡੂੰਘਾ ਅਸਰ ਪਾਇਆ। ਇਹ ਪੜ੍ਹ ਕੇ ਤੇ ਦੇਖ ਕੇ ਮੇਰਾ ਗਲਾ ਭਰ ਆਇਆ ਕਿ ਯਹੋਵਾਹ ਨੇ ਇਨ੍ਹਾਂ ਵਿਅਕਤੀਆਂ ਦੀ ਕਿਸ ਹੱਦ ਤਕ ਬਦਲਣ ਵਿਚ ਮਦਦ ਕੀਤੀ ਹੈ। ਉਨ੍ਹਾਂ ਦੇ ਤਜਰਬਿਆਂ ਤੋਂ ਮੈਨੂੰ ਹੁਣ ਆਪਣੇ ਵਿਚ ਹੋਰ ਜ਼ਿਆਦਾ ਸੁਧਾਰ ਕਰਦੇ ਰਹਿਣ ਦੀ ਪ੍ਰੇਰਣਾ ਮਿਲੀ ਹੈ। ਇਹ ਜੀਵਨੀਆਂ ਪੜ੍ਹਨ ਮਗਰੋਂ ਮੈਂ ਹੁਣ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਆਪਣੇ ਆਪ ਨੂੰ ਵਿਸ਼ਵ-ਵਿਆਪੀ ਭਾਈਚਾਰੇ ਦਾ ਹਿੱਸਾ ਮਹਿਸੂਸ ਕਰਦੀ ਹਾਂ।”—ਮੈਰੀ, ਅਮਰੀਕਾ।

“ਲੋਕਾਂ ਦੀ ਅਧਿਆਤਮਿਕ ਦੁਰਦਸ਼ਾ ਦੇਖ ਕੇ ਯਿਸੂ ਨੂੰ ਉਨ੍ਹਾਂ ਉੱਤੇ ਬਹੁਤ ਤਰਸ ਆਇਆ ਸੀ। ਸਾਲ 2003 ਦੇ ਕਲੰਡਰ ਵਿਚ ਇਹ ਜੀਵਨੀਆਂ ਛਾਪ ਕੇ ਤੁਸੀਂ ਵੀ ਮਸੀਹ ਦੀ ਰੀਸ ਕੀਤੀ ਹੈ। ਇਸ ਲਈ ਤੁਹਾਡਾ ਬਹੁਤ, ਬਹੁਤ ਧੰਨਵਾਦ! ਜ਼ਿੰਦਗੀ ਵਿਚ ਪਹਿਲੀ ਵਾਰ ਇੱਦਾਂ ਹੋਇਆ ਹੈ ਕਿ ਇਕ ਕਲੰਡਰ ਨੇ ਮੈਨੂੰ ਰੁਆ ਦਿੱਤਾ।”—ਕਸੈਂਡਰਾ, ਅਮਰੀਕਾ।

“ਗਿਆਰਾਂ ਸਾਲ ਦੀ ਉਮਰ ਤੇ ਮੈਂ ਸਿਗਰਟਾਂ ਪੀਣੀਆਂ ਸ਼ੁਰੂ ਕਰ ਦਿੱਤੀਆਂ; ਬਾਅਦ ਵਿਚ ਮੈਂ ਨਸ਼ੇ ਵੀ ਕਰਨ ਲੱਗ ਪਈ। ਮੇਰਾ ਅਕਸਰ ਜੀਅ ਕਰਦਾ ਸੀ ਕਿ ਮੈਂ ਆਪਣੀ ਜਾਨ ਲੈ ਲਵਾਂ। ਪਰ ਜਦੋਂ ਮੈਂ ਯਹੋਵਾਹ ਨੂੰ ਜਾਣਿਆ, ਤਾਂ ਮੈਨੂੰ ਭੈੜੀਆਂ ਆਦਤਾਂ ਛੱਡਣ ਵਿਚ ਮਦਦ ਮਿਲੀ। ਇਹ ਕਲੰਡਰ ਮੇਰੇ ਲਈ ਬਹੁਤ ਮਾਅਨੇ ਰੱਖਦਾ ਹੈ। ਦੁਨੀਆਂ ਦੇ ਵੱਖ-ਵੱਖ ਹਿੱਸਿਆਂ ਵਿਚ ਰਹਿਣ ਵਾਲੇ ਮੇਰੇ ਭੈਣ-ਭਰਾਵਾਂ ਦੀਆਂ ਮਿਸਾਲਾਂ ਨੇ ਮੇਰੀ ਨਿਹਚਾ ਨੂੰ ਮਜ਼ਬੂਤ ਕੀਤਾ ਹੈ। ਹੁਣ ਮੈਨੂੰ ਯਕੀਨ ਹੋ ਗਿਆ ਹੈ ਕਿ ਮੈਂ ਇਸ ਸੰਘਰਸ਼ ਵਿਚ ਇਕੱਲੀ ਨਹੀਂ। ਮੈਂ ਜਾਣ ਗਈ ਹਾਂ ਕਿ ਯਹੋਵਾਹ ਲਈ ਪਿਆਰ ਅਤੇ ਉਸ ਦੀ ਦਿਲੀ ਸੇਵਾ ਹੀ ਜ਼ਿੰਦਗੀ ਵਿਚ ਸਭ ਤੋਂ ਜ਼ਰੂਰੀ ਚੀਜ਼ਾਂ ਹਨ।”—ਮਾਰਗ੍ਰੇਟ, ਪੋਲੈਂਡ।

“ਆਹ, ਪਰਮੇਸ਼ੁਰ ਦਾ ਬਚਨ ਸੱਚ-ਮੁੱਚ ਅਸਰਦਾਰ ਹੈ! ਜਦੋਂ ਮੈਂ ਸਾਲ 2003 ਦਾ ਕਲੰਡਰ ਦੇਖਿਆ, ਤਾਂ ਮੇਰੀਆਂ ਅੱਖਾਂ ਭਰ ਆਈਆਂ। ਇਨ੍ਹਾਂ ਜੀਵਨੀਆਂ ਅਤੇ ਤਸਵੀਰਾਂ ਨੇ ਮੇਰੀ ਨਿਹਚਾ ਨੂੰ ਬਹੁਤ ਮਜ਼ਬੂਤ ਕੀਤਾ ਹੈ।”—ਡਾਰਲੀਨ, ਅਮਰੀਕਾ।

“ਪਹਿਲਾਂ ਮੇਰੀ ਜ਼ਿੰਦਗੀ ਵੀ ਇਨ੍ਹਾਂ ਵਰਗੀ ਸੀ। ਯਹੋਵਾਹ ਨੇ ਮੈਨੂੰ ਭੈੜੀਆਂ ਤੋਂ ਭੈੜੀਆਂ ਆਦਤਾਂ ਛੱਡਣ ਦੀ ਤਾਕਤ ਦਿੱਤੀ। ਇਹ ਜੀਵਨੀਆਂ ਛਾਪਣ ਲਈ ਤੁਹਾਡਾ ਬਹੁਤ, ਬਹੁਤ ਧੰਨਵਾਦ।”—ਵਿਲਿਅਮ, ਅਮਰੀਕਾ।