Skip to content

Skip to table of contents

ਕੀ ਬਾਈਬਲ ਹਰ ਗੱਲ ਲਈ ਸਪੱਸ਼ਟ ਹੁਕਮ ਦਿੰਦੀ ਹੈ?

ਕੀ ਬਾਈਬਲ ਹਰ ਗੱਲ ਲਈ ਸਪੱਸ਼ਟ ਹੁਕਮ ਦਿੰਦੀ ਹੈ?

ਕੀ ਬਾਈਬਲ ਹਰ ਗੱਲ ਲਈ ਸਪੱਸ਼ਟ ਹੁਕਮ ਦਿੰਦੀ ਹੈ?

ਜਦ ਤੁਸੀਂ ਛੋਟੇ ਸੀ, ਤਾਂ ਸ਼ਾਇਦ ਤੁਹਾਡੇ ਮਾਂ-ਬਾਪ ਨੇ ਘਰ ਵਿਚ ਕਈ ਅਸੂਲ ਬਣਾਏ ਹੋਏ ਸਨ ਕਿ ਤੁਸੀਂ ਕੀ ਕਰ ਸਕਦੇ ਸੀ ਤੇ ਕੀ ਨਹੀਂ ਕਰ ਸਕਦੇ ਸੀ। ਜਿਉਂ-ਜਿਉਂ ਤੁਸੀਂ ਵੱਡੇ ਹੁੰਦੇ ਗਏ, ਤਾਂ ਤੁਹਾਨੂੰ ਸਮਝ ਆਉਣ ਲੱਗੀ ਕਿ ਉਹ ਤੁਹਾਡੀ ਭਲਾਈ ਹੀ ਚਾਹੁੰਦੇ ਸਨ। ਵੱਡੇ ਹੋ ਕੇ ਵੀ ਤੁਸੀਂ ਸ਼ਾਇਦ ਉਨ੍ਹਾਂ ਅਸੂਲਾਂ ਅਨੁਸਾਰ ਚੱਲ ਰਹੇ ਹੋਵੋਗੇ, ਭਾਵੇਂ ਕਿ ਤੁਸੀਂ ਹੁਣ ਆਪਣੇ ਫ਼ੈਸਲੇ ਆਪ ਕਰ ਸਕਦੇ ਹੋ।

ਸਾਡਾ ਸਵਰਗੀ ਪਿਤਾ ਯਹੋਵਾਹ ਪਰਮੇਸ਼ੁਰ ਸਾਨੂੰ ਆਪਣੇ ਬਚਨ ਬਾਈਬਲ ਰਾਹੀਂ ਸਾਫ਼-ਸਾਫ਼ ਦੱਸਦਾ ਹੈ ਕਿ ਸਾਨੂੰ ਕੀ ਕਰਨਾ ਤੇ ਕੀ ਨਹੀਂ ਕਰਨਾ ਚਾਹੀਦਾ। ਮਿਸਾਲ ਲਈ ਉਹ ਮੂਰਤੀ-ਪੂਜਾ, ਵਿਭਚਾਰ, ਜ਼ਨਾਹਕਾਰੀ ਅਤੇ ਚੋਰੀ ਕਰਨ ਤੋਂ ਮਨ੍ਹਾ ਕਰਦਾ ਹੈ। (ਕੂਚ 20:1-17; ਰਸੂਲਾਂ ਦੇ ਕਰਤੱਬ 15:28, 29) ਪਰਮੇਸ਼ੁਰ ਬਾਰੇ ਗਿਆਨ ਲਈ ਜਾਣ ਨਾਲ ਅਸੀਂ ਸਮਝਣ ਲੱਗਦੇ ਹਾਂ ਕਿ ਯਹੋਵਾਹ ਸਾਡੀ ਭਲਾਈ ਚਾਹੁੰਦਾ ਹੈ ਅਤੇ ਉਸ ਦੇ ਹੁਕਮ ਸਾਡੇ ਤੇ ਬਿਨਾਂ ਵਜ੍ਹਾ ਕੋਈ ਬੰਦਸ਼ ਨਹੀਂ ਲਾਉਂਦੇ।—ਅਫ਼ਸੀਆਂ 4:15; ਯਸਾਯਾਹ 48:17, 18; 54:13.

ਪਰ ਕਈ ਮਾਮਲਿਆਂ ਬਾਰੇ ਬਾਈਬਲ ਵਿਚ ਕੋਈ ਸਪੱਸ਼ਟ ਹੁਕਮ ਨਹੀਂ ਦਿੱਤਾ ਗਿਆ ਹੈ। ਇਸ ਲਈ ਕਈ ਸੋਚਦੇ ਹਨ ਕਿ ਜੇ ਬਾਈਬਲ ਵਿਚ ਸਾਫ਼-ਸਾਫ਼ ਨਹੀਂ ਦੱਸਿਆ ਗਿਆ, ਤਾਂ ਉਹ ਆਪਣੀ ਮਨ-ਮਰਜ਼ੀ ਕਰ ਸਕਦੇ ਹਨ। ਉਹ ਕਹਿੰਦੇ ਹਨ ਕਿ ਜੇ ਪਰਮੇਸ਼ੁਰ ਨੇ ਇਸ ਗੱਲ ਨੂੰ ਜ਼ਰੂਰੀ ਸਮਝਿਆ ਹੁੰਦਾ, ਤਾਂ ਉਸ ਨੇ ਬਾਈਬਲ ਵਿਚ ਇਸ ਬਾਰੇ ਸਾਫ਼-ਸਾਫ਼ ਲਿਖਵਾਇਆ ਹੋਣਾ ਸੀ।

ਅਜਿਹੀ ਸੋਚ ਵਾਲੇ ਲੋਕ ਅਕਸਰ ਕੁਝ-ਨ-ਕੁਝ ਗ਼ਲਤ ਕਰ ਬੈਠਦੇ ਹਨ ਤੇ ਬਾਅਦ ਵਿਚ ਪਛਤਾਉਂਦੇ ਹਨ। ਉਹ ਇਹ ਨਹੀਂ ਸਮਝ ਪਾਉਂਦੇ ਕਿ ਬਾਈਬਲ ਵਿਚ ਸਿਰਫ਼ ਹੁਕਮ ਹੀ ਨਹੀਂ ਦਿੱਤੇ ਗਏ, ਪਰ ਇਸ ਵਿਚ ਅਜਿਹੇ ਅਸੂਲ ਵੀ ਦਿੱਤੇ ਗਏ ਹਨ ਜਿਨ੍ਹਾਂ ਤੋਂ ਪਰਮੇਸ਼ੁਰ ਦੀ ਸੋਚਣੀ ਨਜ਼ਰ ਆਉਂਦੀ ਹੈ। ਬਾਈਬਲ ਦੀ ਸਟੱਡੀ ਕਰਦੇ ਰਹਿਣ ਨਾਲ ਅਸੀਂ ਸਮਝਣ ਲੱਗਦੇ ਹਾਂ ਕਿ ਵੱਖਰੇ-ਵੱਖਰੇ ਮਾਮਲਿਆਂ ਬਾਰੇ ਯਹੋਵਾਹ ਦਾ ਕੀ ਖ਼ਿਆਲ ਹੈ। ਇਸ ਦੇ ਨਾਲ-ਨਾਲ ਸਾਡੀ ਜ਼ਮੀਰ ਸੋਧੀ ਜਾਂਦੀ ਹੈ ਅਤੇ ਅਸੀਂ ਯਹੋਵਾਹ ਦੀ ਸੋਚਣੀ ਮੁਤਾਬਕ ਫ਼ੈਸਲੇ ਕਰਨੇ ਸਿੱਖਦੇ ਹਾਂ। ਇਸ ਤਰ੍ਹਾਂ ਅਸੀਂ ਉਸ ਦੇ ਜੀਅ ਨੂੰ ਖ਼ੁਸ਼ ਕਰਦੇ ਹਾਂ ਅਤੇ ਸਾਨੂੰ ਅਕਲਮੰਦੀ ਨਾਲ ਕੀਤੇ ਹੋਏ ਫ਼ੈਸਲਿਆਂ ਤੋਂ ਲਾਭ ਹੁੰਦਾ ਹੈ।—ਅਫ਼ਸੀਆਂ 5:1.

ਬਾਈਬਲ ਤੋਂ ਵਧੀਆ ਮਿਸਾਲਾਂ

ਬਾਈਬਲ ਵਿਚ ਪਰਮੇਸ਼ੁਰ ਦੇ ਪੁਰਾਣੇ ਜ਼ਮਾਨੇ ਦੇ ਸੇਵਕਾਂ ਬਾਰੇ ਪੜ੍ਹ ਕੇ ਅਸੀਂ ਦੇਖਦੇ ਹਾਂ ਕਿ ਕਈ ਵਾਰ ਜਦ ਕੋਈ ਸਪੱਸ਼ਟ ਹੁਕਮ ਨਹੀਂ ਵੀ ਦਿੱਤਾ ਗਿਆ ਸੀ, ਤਾਂ ਵੀ ਉਨ੍ਹਾਂ ਨੇ ਯਹੋਵਾਹ ਦੀ ਸੋਚਣੀ ਮੁਤਾਬਕ ਫ਼ੈਸਲਾ ਕੀਤਾ ਸੀ। ਯੂਸੁਫ਼ ਦੀ ਉਦਾਹਰਣ ਉੱਤੇ ਗੌਰ ਕਰੋ। ਜਦ ਪੋਟੀਫ਼ਰ ਦੀ ਬਦਚਲਣ ਤੀਵੀਂ ਉਸ ਦੇ ਪਿੱਛੇ ਪੈ ਗਈ ਸੀ, ਤਾਂ ਉਸ ਸਮੇਂ ਯੂਸੁਫ਼ ਨੂੰ ਪਰਮੇਸ਼ੁਰ ਵੱਲੋਂ ਜ਼ਨਾਹਕਾਰੀ ਦੇ ਖ਼ਿਲਾਫ਼ ਕਿਤੇ ਕੋਈ ਲਿਖਿਆ ਹੋਇਆ ਹੁਕਮ ਨਹੀਂ ਮਿਲਿਆ ਸੀ। ਪਰ ਕਿਸੇ ਸਪੱਸ਼ਟ ਕਾਨੂੰਨ ਦੇ ਨਾ ਹੁੰਦੇ ਹੋਏ ਵੀ ਯੂਸੁਫ਼ ਨੇ ਜਾਣ ਲਿਆ ਸੀ ਕਿ ਜ਼ਨਾਹਕਾਰੀ ਉਸ ਦੀ ਜ਼ਮੀਰ ਦੇ ਖ਼ਿਲਾਫ਼ ਹੀ ਪਾਪ ਨਹੀਂ ਸੀ, ਸਗੋਂ “ਪਰਮੇਸ਼ੁਰ ਦੇ ਵਿਰੁੱਧ” ਵੀ ਪਾਪ ਸੀ। (ਉਤਪਤ 39:9) ਪਰਮੇਸ਼ੁਰ ਨੇ ਅਦਨ ਦੇ ਬਾਗ਼ ਵਿਚ ਜੋ ਕਿਹਾ ਸੀ, ਉਸ ਤੋਂ ਯੂਸੁਫ਼ ਸਮਝ ਗਿਆ ਸੀ ਕਿ ਜ਼ਨਾਹਕਾਰੀ ਪਰਮੇਸ਼ੁਰ ਦੀ ਸੋਚਣੀ ਤੇ ਮਰਜ਼ੀ ਤੋਂ ਉਲਟ ਸੀ।—ਉਤਪਤ 2:24.

ਇਕ ਹੋਰ ਉਦਾਹਰਣ ਉੱਤੇ ਗੌਰ ਕਰੋ। ਰਸੂਲਾਂ ਦੇ ਕਰਤੱਬ 16:3 ਵਿਚ ਦੱਸਿਆ ਗਿਆ ਹੈ ਕਿ ਪੌਲੁਸ ਨੇ ਤਿਮੋਥਿਉਸ ਨੂੰ ਆਪਣੇ ਨਾਲ ਮਿਸ਼ਨਰੀ ਦੌਰਿਆਂ ਤੇ ਲੈ ਜਾਣ ਤੋਂ ਪਹਿਲਾਂ ਉਸ ਦੀ ਸੁੰਨਤ ਕੀਤੀ ਸੀ। ਪਰ ਚੌਥੀ ਆਇਤ ਵਿਚ ਅਸੀਂ ਪੜ੍ਹਦੇ ਹਾਂ ਕਿ ਪੌਲੁਸ ਤੇ ਤਿਮੋਥਿਉਸ ਨੇ ਵੱਖੋ-ਵੱਖਰੇ ਸ਼ਹਿਰਾਂ ਵਿਚ ਜਾ ਕੇ ‘ਓਹ ਹੁਕਮ ਸੁਣਾਏ ਜਿਹੜੇ ਯਰੂਸ਼ਲਮ ਵਿੱਚਲਿਆਂ ਰਸੂਲਾਂ ਅਤੇ ਬਜ਼ੁਰਗਾਂ ਨੇ ਠਹਿਰਾਏ ਸਨ।’ ਇਨ੍ਹਾਂ ਹੁਕਮਾਂ ਵਿਚ ਇਕ ਫ਼ੈਸਲਾ ਇਹ ਵੀ ਸੀ ਕਿ ਮਸੀਹੀਆਂ ਨੂੰ ਮੂਸਾ ਦੀ ਸ਼ਰਾ ਮੁਤਾਬਕ ਚੱਲਣ ਅਤੇ ਸੁੰਨਤ ਕਰਾਉਣ ਦੀ ਲੋੜ ਨਹੀਂ ਸੀ! (ਰਸੂਲਾਂ ਦੇ ਕਰਤੱਬ 15:5, 6, 28, 29) ਤਾਂ ਫਿਰ, ਸਵਾਲ ਇਹ ਉੱਠਦਾ ਹੈ ਕਿ ਪੌਲੁਸ ਨੇ ਤਿਮੋਥਿਉਸ ਦੀ ਸੁੰਨਤ ਨੂੰ ਜ਼ਰੂਰੀ ਕਿਉਂ ਸਮਝਿਆ ਸੀ? “ਉਨ੍ਹਾਂ ਯਹੂਦੀਆਂ ਦੇ ਕਾਰਨ ਜਿਹੜੇ ਉਸ ਗਿਰਦੇ ਦੇ ਸਨ . . . ਕਿਉਂ ਜੋ ਓਹ ਸੱਭੋ ਜਾਣਦੇ ਸਨ ਭਈ [ਤਿਮੋਥਿਉਸ] ਦਾ ਪਿਉ ਯੂਨਾਨੀ ਸੀ।” ਪੌਲੁਸ ਨਹੀਂ ਚਾਹੁੰਦਾ ਸੀ ਕਿ ਕੋਈ ਬਿਨਾਂ ਵਜ੍ਹਾ ਉਸ ਦੇ ਕਾਰਨ ਠੋਕਰ ਖਾਵੇ। ਉਸ ਨੂੰ ਚਿੰਤਾ ਸੀ ਕਿ ਮਸੀਹੀ ‘ਹਰੇਕ ਮਨੁੱਖ ਦੇ ਅੰਤਹਕਰਨ ਵਿੱਚ ਪਰਮੇਸ਼ੁਰ ਦੇ ਅੱਗੇ ਆਪਣਾ ਪਰਮਾਣ ਦਿੰਦੇ ਰਹਿਣ।’—2 ਕੁਰਿੰਥੀਆਂ 4:2; 1 ਕੁਰਿੰਥੀਆਂ 9:19-23.

ਪੌਲੁਸ ਤੇ ਤਿਮੋਥਿਉਸ ਅਕਸਰ ਦੂਸਰਿਆਂ ਬਾਰੇ ਸੋਚਿਆ ਕਰਦੇ ਸਨ। ਰੋਮੀਆਂ 14:15, 20, 21 ਅਤੇ 1 ਕੁਰਿੰਥੀਆਂ 8:9-13; 10:23-33 ਵਰਗੇ ਹਵਾਲੇ ਪੜ੍ਹ ਕੇ ਦੇਖੋ ਕਿ ਪੌਲੁਸ ਨੂੰ ਦੂਸਰਿਆਂ ਦੀ ਕਿੰਨੀ ਚਿੰਤਾ ਸੀ। ਉਸ ਨੂੰ ਖ਼ਾਸਕਰ ਉਨ੍ਹਾਂ ਭੈਣ-ਭਰਾਵਾਂ ਦਾ ਫ਼ਿਕਰ ਸੀ ਜੋ ਕਿਸੇ ਗੱਲ ਕਰ ਕੇ, ਜੋ ਭਾਵੇਂ ਗ਼ਲਤ ਵੀ ਨਹੀਂ ਸੀ, ਠੋਕਰ ਖਾ ਸਕਦੇ ਸਨ। ਪੌਲੁਸ ਨੇ ਤਿਮੋਥਿਉਸ ਬਾਰੇ ਲਿਖਿਆ ਸੀ: “ਉਹ ਦੇ ਸਮਾਨ ਮੇਰੇ ਕੋਲ ਹੋਰ ਕੋਈ ਨਹੀਂ ਜੋ ਸੱਚੇ ਦਿਲ ਨਾਲ ਤੁਹਾਡੇ ਲਈ ਚਿੰਤਾ ਕਰੇ। ਕਿਉਂ ਜੋ ਸਾਰੇ ਆਪੋ ਆਪਣੇ ਮਤਲਬ ਦੇ ਯਾਰ ਹਨ, ਨਾ ਕਿ ਯਿਸੂ ਮਸੀਹ ਦੇ। ਪਰ ਉਹ ਦੀ ਖੂਬੀ ਤੁਸੀਂ ਜਾਣ ਚੁੱਕੇ ਹੋ ਭਈ ਜਿਵੇਂ ਪੁੱਤ੍ਰ ਪਿਉ ਦੀ ਸੇਵਾ ਕਰਦਾ ਹੈ ਤਿਵੇਂ ਉਸ ਨੇ ਮੇਰੇ ਨਾਲ ਇੰਜੀਲੀ ਸੇਵਾ ਕੀਤੀ।” (ਫ਼ਿਲਿੱਪੀਆਂ 2:20-22) ਇਨ੍ਹਾਂ ਦੋ ਮਸੀਹੀ ਆਦਮੀਆਂ ਨੇ ਸਾਡੇ ਲਈ ਕਿੰਨੀ ਵਧੀਆ ਮਿਸਾਲ ਛੱਡੀ ਹੈ! ਜਦ ਕੋਈ ਸਪੱਸ਼ਟ ਹੁਕਮ ਨਹੀਂ ਸੀ, ਤਾਂ ਉਨ੍ਹਾਂ ਨੇ ਆਪਣੀ ਮਰਜ਼ੀ ਜਾਂ ਪਸੰਦ ਬਾਰੇ ਸੋਚਣ ਦੀ ਬਜਾਇ ਦੂਸਰਿਆਂ ਬਾਰੇ ਸੋਚਿਆ ਕਿ ਉਨ੍ਹਾਂ ਦੇ ਫ਼ੈਸਲਿਆਂ ਦਾ ਹੋਰਨਾਂ ਤੇ ਕੀ ਅਸਰ ਪਵੇਗਾ। ਇਸ ਤਰ੍ਹਾਂ ਉਨ੍ਹਾਂ ਨੇ ਯਹੋਵਾਹ ਤੇ ਉਸ ਦੇ ਪੁੱਤਰ ਦੀ ਨਕਲ ਕੀਤੀ।

ਹੁਣ ਯਿਸੂ ਮਸੀਹ ਦੀ ਵਧੀਆ ਉਦਾਹਰਣ ਉੱਤੇ ਗੌਰ ਕਰੋ। ਉਸ ਨੇ ਆਪਣੇ ਪਹਾੜੀ ਉਪਦੇਸ਼ ਵਿਚ ਸਮਝਾਇਆ ਸੀ ਕਿ ਜੇ ਕੋਈ ਪਰਮੇਸ਼ੁਰ ਦੇ ਹੁਕਮ ਦੇ ਪਿੱਛੇ ਉਸ ਦਾ ਕਾਰਨ ਸਮਝ ਜਾਂਦਾ ਹੈ, ਤਾਂ ਉਹ ਸਿਰਫ਼ ਉਸ ਹੁਕਮ ਨੂੰ ਮੰਨੇਗਾ ਹੀ ਨਹੀਂ, ਸਗੋਂ ਇਸ ਦਾ ਅਸੂਲ ਦੂਸਰੇ ਮਾਮਲਿਆਂ ਵਿਚ ਵੀ ਲਾਗੂ ਕਰੇਗਾ। (ਮੱਤੀ 5:21, 22, 27, 28) ਨਾ ਯਿਸੂ ਨੇ, ਨਾ ਪੌਲੁਸ ਨੇ, ਨਾ ਤਿਮੋਥਿਉਸ ਨੇ ਤੇ ਨਾ ਹੀ ਯੂਸੁਫ਼ ਨੇ ਸੋਚਿਆ ਸੀ ਕਿ ਜੇ ਕਿਸੇ ਮਾਮਲੇ ਬਾਰੇ ਕੋਈ ਸਿੱਧਾ ਹੁਕਮ ਨਹੀਂ ਦਿੱਤਾ ਗਿਆ, ਤਾਂ ਉਹ ਆਪਣੀ ਮਰਜ਼ੀ ਕਰ ਸਕਦੇ ਸਨ। ਇਹ ਆਦਮੀ ਪਰਮੇਸ਼ੁਰ ਦੀ ਸੋਚਣੀ ਮੁਤਾਬਕ ਚੱਲਦੇ ਹੋਏ ਉਨ੍ਹਾਂ ਦੋ ਸਭ ਤੋਂ ਵੱਡੇ ਹੁਕਮਾਂ ਮੁਤਾਬਕ ਚੱਲੇ ਜਿਨ੍ਹਾਂ ਬਾਰੇ ਯਿਸੂ ਨੇ ਗੱਲ ਕੀਤੀ ਸੀ ਯਾਨੀ ਪਰਮੇਸ਼ੁਰ ਨਾਲ ਅਤੇ ਆਪਣੇ ਗੁਆਂਢੀ ਨਾਲ ਪਿਆਰ ਕਰੋ।—ਮੱਤੀ 22:36-40.

ਅੱਜ ਦੇ ਮਸੀਹੀਆਂ ਬਾਰੇ ਕੀ?

ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਬਾਈਬਲ ਕਾਨੂੰਨਾਂ ਦੀ ਕਿਤਾਬ ਨਹੀਂ ਹੈ ਜਿਸ ਵਿਚ ਹਰੇਕ ਗੱਲ ਬਾਰੇ ਸਾਫ਼-ਸਾਫ਼ ਕੋਈ ਹੁਕਮ ਦਿੱਤਾ ਗਿਆ ਹੈ। ਜਦ ਅਸੀਂ ਕਿਸੇ ਮਾਮਲੇ ਵਿਚ ਯਹੋਵਾਹ ਦੀ ਸੋਚਣੀ ਮੁਤਾਬਕ ਚੱਲਣ ਦੀ ਕੋਸ਼ਿਸ਼ ਕਰਦੇ ਹਾਂ, ਭਾਵੇਂ ਉਸ ਬਾਰੇ ਕੋਈ ਸਪੱਸ਼ਟ ਹੁਕਮ ਨਾ ਵੀ ਦਿੱਤਾ ਗਿਆ ਹੋਵੇ, ਤਾਂ ਅਸੀਂ ਉਸ ਦੇ ਜੀਅ ਨੂੰ ਖ਼ੁਸ਼ ਕਰਦੇ ਹਾਂ। ਦਰਅਸਲ ਸਾਨੂੰ ਹਮੇਸ਼ਾ ਇਹ ਦੱਸੇ ਜਾਣ ਦੀ ਲੋੜ ਨਹੀਂ ਕਿ ਪਰਮੇਸ਼ੁਰ ਸਾਡੇ ਤੋਂ ਕੀ ਚਾਹੁੰਦਾ ਹੈ, ਪਰ ਸਾਨੂੰ ਉਸ ਦੀ ਇੱਛਾ ਸਮਝਣ ਦੀ ਲੋੜ ਜ਼ਰੂਰ ਹੈ। (ਅਫ਼ਸੀਆਂ 5:17; ਰੋਮੀਆਂ 12:2) ਇਸ ਤੋਂ ਯਹੋਵਾਹ ਦਾ ਜੀਅ ਖ਼ੁਸ਼ ਕਿਉਂ ਹੁੰਦਾ ਹੈ? ਕਿਉਂਕਿ ਅਸੀਂ ਦਿਖਾਉਂਦੇ ਹਾਂ ਕਿ ਆਪਣੀ ਮਰਜ਼ੀ ਕਰਨ ਦੀ ਬਜਾਇ ਅਸੀਂ ਉਸ ਦੀ ਪਸੰਦ ਅਨੁਸਾਰ ਚੱਲਣਾ ਚਾਹੁੰਦੇ ਹਾਂ। ਇਸ ਤੋਂ ਇਹ ਵੀ ਜ਼ਾਹਰ ਹੁੰਦਾ ਹੈ ਕਿ ਅਸੀਂ ਉਸ ਦੇ ਪਿਆਰ ਦੀ ਇੰਨੀ ਕਦਰ ਕਰਦੇ ਹਾਂ ਕਿ ਅਸੀਂ ਵੀ ਉਸ ਵਾਂਗ ਦੂਸਰਿਆਂ ਨੂੰ ਪਿਆਰ ਕਰਨਾ ਚਾਹੁੰਦੇ ਹਾਂ। (ਕਹਾਉਤਾਂ 23:15; 27:11) ਇਸ ਤੋਂ ਇਲਾਵਾ ਜਦ ਅਸੀਂ ਬਾਈਬਲ ਦੇ ਸਿਧਾਂਤਾਂ ਉੱਤੇ ਚੱਲਣ ਦੀ ਕੋਸ਼ਿਸ਼ ਕਰਦੇ ਹਾਂ, ਤਾਂ ਇਸ ਤੋਂ ਸਾਡੀ ਰੂਹਾਨੀ ਤੇ ਜਿਸਮਾਨੀ ਸਿਹਤ ਨੂੰ ਫ਼ਾਇਦਾ ਹੁੰਦਾ ਹੈ।

ਆਓ ਆਪਾਂ ਦੇਖੀਏ ਕਿ ਇਹ ਗੱਲ ਅਸੀਂ ਆਪਣੀ ਨਿੱਜੀ ਜ਼ਿੰਦਗੀ ਵਿਚ ਕਿਸ ਤਰ੍ਹਾਂ ਲਾਗੂ ਕਰ ਸਕਦੇ ਹਾਂ।

ਮਨੋਰੰਜਨ ਦੀ ਚੋਣ

ਜ਼ਰਾ ਅਜਿਹੇ ਕਿਸੇ ਨੌਜਵਾਨ ਬਾਰੇ ਸੋਚੋ ਜੋ ਗਾਣਿਆਂ ਦੀ ਕੋਈ ਸੀ. ਡੀ. ਖ਼ਰੀਦਣ ਜਾਂਦਾ ਹੈ। ਉਸ ਨੇ ਉਸ ਸੀ. ਡੀ. ਦੇ ਜਿੰਨੇ ਵੀ ਗਾਣੇ ਸੁਣੇ ਹਨ, ਉਹ ਉਸ ਨੂੰ ਬਹੁਤ ਹੀ ਪਸੰਦ ਆਏ ਹਨ, ਪਰ ਸੀ. ਡੀ. ਦੀ ਡੱਬੀ ਤੇ ਚੇਤਾਵਨੀ ਦਿੱਤੀ ਗਈ ਹੈ ਕਿ ਕੁਝ ਗਾਣੇ ਸੈਕਸ ਬਾਰੇ ਹਨ ਅਤੇ ਕਈਆਂ ਵਿਚ ਗੰਦੇ ਲਫ਼ਜ਼ ਵੀ ਵਰਤੇ ਗਏ ਹਨ। ਉਹ ਨੌਜਵਾਨ ਇਹ ਵੀ ਜਾਣਦਾ ਹੈ ਕਿ ਆਮ ਤੌਰ ਤੇ ਇਸ ਗਾਇਕ ਦੇ ਗਾਣੇ ਲੜਾਈ-ਝਗੜੇ ਤੇ ਮਰਨ-ਮਾਰਨ ਬਾਰੇ ਹੁੰਦੇ ਹਨ। ਯਹੋਵਾਹ ਦਾ ਪ੍ਰੇਮੀ ਹੋਣ ਦੇ ਨਾਤੇ ਇਹ ਨੌਜਵਾਨ ਇਸ ਮਾਮਲੇ ਬਾਰੇ ਯਹੋਵਾਹ ਦੀ ਸੋਚਣੀ ਜਾਣਨੀ ਚਾਹੇਗਾ। ਉਹ ਇਹ ਕਿਸ ਤਰ੍ਹਾਂ ਕਰ ਸਕਦਾ ਹੈ?

ਪੌਲੁਸ ਰਸੂਲ ਨੇ ਗਲਾਤੀਆਂ ਨੂੰ ਲਿਖੇ ਖ਼ਤ ਵਿਚ ਸਰੀਰ ਦੇ ਕੰਮਾਂ ਅਤੇ ਆਤਮਾ ਦੇ ਫਲ ਦੀ ਲਿਸਟ ਦਿੱਤੀ ਸੀ। ਤੁਸੀਂ ਸ਼ਾਇਦ ਆਤਮਾ ਦਾ ਫਲ ਤਾਂ ਜਾਣਦੇ ਹੀ ਹੋਵੋਗੇ ਯਾਨੀ ਪ੍ਰੇਮ, ਆਨੰਦ, ਸ਼ਾਂਤੀ, ਧੀਰਜ, ਦਿਆਲਗੀ, ਭਲਾਈ, ਵਫ਼ਾਦਾਰੀ, ਨਰਮਾਈ ਅਤੇ ਸੰਜਮ। ਪਰ ਕੀ ਤੁਸੀਂ ਜਾਣਦੇ ਹੋ ਕਿ ਸਰੀਰ ਦੇ ਕੰਮ ਕੀ ਹਨ? ਪੌਲੁਸ ਨੇ ਲਿਖਿਆ: “ਹੁਣ ਸਰੀਰ ਦੇ ਕੰਮ ਤਾਂ ਪਰਗਟ ਹਨ। ਓਹ ਏਹ ਹਨ—ਹਰਾਮਕਾਰੀ, ਗੰਦ ਮੰਦ, ਲੁੱਚਪੁਣਾ, ਮੂਰਤੀ ਪੂਜਾ, ਜਾਦੂਗਰੀ, ਵੈਰ, ਝਗੜੇ, ਹਸਦ, ਕ੍ਰੋਧ, ਧੜੇਬਾਜ਼ੀਆਂ, ਫੁੱਟਾਂ, ਬਿਦਤਾਂ, ਖਾਰ, ਨਸ਼ੇ, ਬਦਮਸਤੀਆਂ, ਅਤੇ ਹੋਰ ਇਹੋ ਜੇਹੇ ਕੰਮ। ਏਹਨਾਂ ਗੱਲਾਂ ਦੇ ਵਿਖੇ ਮੈਂ ਤੁਹਾਨੂੰ ਸਾਫ਼ ਆਖਦਾ ਹਾਂ ਜਿਵੇਂ ਮੈਂ ਅੱਗੇ ਆਖਿਆ ਸੀ ਭਈ ਜਿਹੜੇ ਇਹੋ ਜਿਹੇ ਕੰਮ ਕਰਦੇ ਹਨ ਓਹ ਪਰਮੇਸ਼ੁਰ ਦੇ ਰਾਜ ਦੇ ਅਧਕਾਰੀ ਨਹੀਂ ਹੋਣਗੇ।”—ਗਲਾਤੀਆਂ 5:19-23.

ਨੋਟ ਕਰੋ ਕਿ ਉਸ ਨੇ ਲਿਸਟ ਦੇ ਅਖ਼ੀਰ ਵਿਚ ‘ਇਹੋ ਜਿਹੇ ਕੰਮਾਂ’ ਬਾਰੇ ਗੱਲ ਕੀਤੀ ਸੀ। ਇਸ ਦਾ ਮਤਲਬ ਹੈ ਕਿ ਪੌਲੁਸ ਨੇ ਸਰੀਰ ਦੇ ਕੰਮਾਂ ਦੀ ਪੂਰੀ ਲਿਸਟ ਨਹੀਂ ਦਿੱਤੀ ਸੀ। ਤਾਂ ਫਿਰ ਕੋਈ ਇਸ ਤਰ੍ਹਾਂ ਨਹੀਂ ਕਹਿ ਸਕਦਾ ਕਿ ‘ਜੇ ਪੌਲੁਸ ਦੀ ਲਿਸਟ ਵਿਚ ਕਿਸੇ ਕੰਮ ਦਾ ਜ਼ਿਕਰ ਨਹੀਂ ਕੀਤਾ ਗਿਆ, ਤਾਂ ਬਾਈਬਲ ਮੈਨੂੰ ਉਹ ਕੰਮ ਕਰਨ ਦੀ ਅਜ਼ਾਦੀ ਦਿੰਦੀ ਹੈ।’ ਇਸ ਦੀ ਬਜਾਇ ਬਾਈਬਲ ਪੜ੍ਹਨ ਵਾਲੇ ਇਨਸਾਨ ਨੂੰ ਆਪਣੀ ਸਮਝ ਵਰਤ ਕੇ ਦੇਖਣਾ ਪਵੇਗਾ ਕਿ ‘ਇਹੋ ਜਿਹੇ ਹੋਰ ਕੰਮ’ ਕੀ ਹੋ ਸਕਦੇ ਹਨ। ਜੋ ਇਨਸਾਨ ਢੀਠ ਹੋ ਕੇ “ਇਹੋ ਜਿਹੇ ਕੰਮ” ਕਰੀ ਜਾਵੇਗਾ, ਭਾਵੇਂ ਉਹ ਸਰੀਰ ਦੇ ਕੰਮਾਂ ਦੀ ਲਿਸਟ ਵਿਚ ਨਹੀਂ ਦਿੱਤੇ ਗਏ, ਉਹ ਪਰਮੇਸ਼ੁਰ ਦੇ ਰਾਜ ਦੀਆਂ ਬਰਕਤਾਂ ਹਾਸਲ ਨਹੀਂ ਕਰੇਗਾ।

ਇਸ ਕਰਕੇ ਸਾਨੂੰ ਸਮਝਣ ਦੀ ਲੋੜ ਹੈ ਕਿ ਕਿਹੋ ਜਿਹੇ ਕੰਮ ਯਹੋਵਾਹ ਨੂੰ ਪਸੰਦ ਨਹੀਂ ਹਨ। ਕੀ ਇਸ ਤਰ੍ਹਾਂ ਕਰਨਾ ਔਖਾ ਹੈ? ਜ਼ਰਾ ਸੋਚੋ, ਜੇ ਡਾਕਟਰ ਤੁਹਾਨੂੰ ਮਿਠਾਈਆਂ, ਆਈਸ-ਕ੍ਰੀਮ, ਬਿਸਕੁਟ ਅਤੇ ਇਹੋ ਜਿਹੀਆਂ ਚੀਜ਼ਾਂ ਖਾਣ ਦੀ ਬਜਾਇ ਜ਼ਿਆਦਾਤਰ ਫਲ-ਫਰੂਟ ਤੇ ਸਬਜ਼ੀਆਂ ਖਾਣ ਦੀ ਸਲਾਹ ਦਿੰਦਾ ਹੈ, ਤਾਂ ਕੀ ਤੁਹਾਡੇ ਲਈ ਇਹ ਫ਼ੈਸਲਾ ਕਰਨਾ ਔਖਾ ਹੋਵੇਗਾ ਕਿ ਤੁਹਾਨੂੰ ਕੇਕ ਖਾਣਾ ਚਾਹੀਦਾ ਹੈ ਕਿ ਨਹੀਂ? ਤਾਂ ਫਿਰ ਆਓ ਆਪਾਂ ਫਿਰ ਤੋਂ ਪਰਮੇਸ਼ੁਰ ਦੀ ਆਤਮਾ ਦੇ ਫਲ ਅਤੇ ਸਰੀਰ ਦੇ ਕੰਮਾਂ ਦੀ ਲਿਸਟ ਦੇਖੀਏ। ਉੱਪਰ ਜ਼ਿਕਰ ਕੀਤੀ ਗਈ ਗਾਣਿਆਂ ਦੀ ਸੀ. ਡੀ. ਕਿਸ ਲਿਸਟ ਵਿਚ ਗਿਣੀ ਜਾਵੇਗੀ? ਕੀ ਇਸ ਵਿਚ ਪ੍ਰੇਮ, ਭਲਾਈ, ਸੰਜਮ ਜਾਂ ਪਰਮੇਸ਼ੁਰ ਦੀ ਆਤਮਾ ਦੇ ਹੋਰ ਕਿਸੇ ਫਲ ਦਾ ਜ਼ਿਕਰ ਕੀਤਾ ਗਿਆ ਹੈ? ਇਹ ਫ਼ੈਸਲਾ ਕਰਨ ਲਈ ਬਾਈਬਲ ਦੇ ਕਿਸੇ ਸਪੱਸ਼ਟ ਹੁਕਮ ਦੀ ਲੋੜ ਨਹੀਂ ਹੈ ਕਿ ਅਜਿਹੇ ਗਾਣੇ ਪਰਮੇਸ਼ੁਰ ਦੀ ਸੋਚਣੀ ਦੇ ਵਿਰੁੱਧ ਹਨ। ਇਸੇ ਤਰ੍ਹਾਂ ਅਸੀਂ ਕੋਈ ਕਿਤਾਬ ਜਾਂ ਰਸਾਲਾ ਪੜ੍ਹਨ ਤੋਂ ਪਹਿਲਾਂ ਜਾਂ ਕੋਈ ਫ਼ਿਲਮ, ਟੈਲੀਵਿਯਨ ਪ੍ਰੋਗ੍ਰਾਮ, ਵੈੱਬ-ਸਾਈਟ ਦੇਖਣ ਜਾਂ ਕੋਈ ਕੰਪਿਊਟਰ ਗੇਮ ਖੇਲਣ ਤੋਂ ਪਹਿਲਾਂ ਅਜਿਹੇ ਅਸੂਲਾਂ ਉੱਤੇ ਸੋਚ-ਵਿਚਾਰ ਕਰ ਸਕਦੇ ਹਾਂ।

ਪਹਿਰਾਵਿਆਂ ਦੇ ਸਟਾਈਲ

ਬਾਈਬਲ ਵਿਚ ਕੱਪੜਿਆਂ, ਵਾਲਾਂ ਦੇ ਸਟਾਈਲ ਤੇ ਹਾਰ-ਸ਼ਿੰਗਾਰ ਦੀ ਚੋਣ ਕਰਨ ਲਈ ਵੀ ਕੁਝ ਸਿਧਾਂਤ ਹਨ। ਇਨ੍ਹਾਂ ਦੀ ਮਦਦ ਨਾਲ ਹਰ ਮਸੀਹੀ ਪਰਮੇਸ਼ੁਰ ਦੇ ਸੇਵਕ ਵਜੋਂ ਨਜ਼ਰ ਆਉਣ ਦੀ ਕੋਸ਼ਿਸ਼ ਕਰ ਸਕਦਾ ਹੈ। ਇਸ ਮਾਮਲੇ ਵਿਚ ਵੀ ਯਹੋਵਾਹ ਦੇ ਪ੍ਰੇਮੀ ਲਈ ਮੌਕਾ ਹੈ ਕਿ ਉਹ ਆਪਣੇ ਬਾਰੇ ਸੋਚਣ ਦੀ ਬਜਾਇ ਆਪਣੇ ਸਵਰਗੀ ਪਿਤਾ ਯਹੋਵਾਹ ਨੂੰ ਖ਼ੁਸ਼ ਕਰਨ ਬਾਰੇ ਸੋਚੇ। ਜਿਵੇਂ ਅਸੀਂ ਪਹਿਲਾਂ ਹੀ ਦੇਖ ਚੁੱਕੇ ਹਾਂ ਕਿ ਭਾਵੇਂ ਬਾਈਬਲ ਵਿਚ ਯਹੋਵਾਹ ਨੇ ਕਿਸੇ ਗੱਲ ਬਾਰੇ ਸਾਫ਼-ਸਾਫ਼ ਕੋਈ ਹੁਕਮ ਨਹੀਂ ਦਿੱਤਾ, ਫਿਰ ਵੀ ਇਸ ਦਾ ਇਹ ਮਤਲਬ ਨਹੀਂ ਕਿ ਉਸ ਨੂੰ ਕੋਈ ਪਰਵਾਹ ਨਹੀਂ ਕਿ ਉਸ ਦੇ ਲੋਕ ਕੀ ਕਰਦੇ ਹਨ। ਹਰ ਜਗ੍ਹਾ ਦੇ ਆਪੋ-ਆਪਣੇ ਸਟਾਈਲ ਤੇ ਫ਼ੈਸ਼ਨ ਹੁੰਦੇ ਹਨ ਅਤੇ ਇਹ ਬਦਲਦੇ ਰਹਿੰਦੇ ਹਨ। ਪਰ ਪਰਮੇਸ਼ੁਰ ਨੇ ਬਾਈਬਲ ਵਿਚ ਅਜਿਹੇ ਬੁਨਿਆਦੀ ਸਿਧਾਂਤ ਦਿੱਤੇ ਹੋਏ ਹਨ ਜਿਨ੍ਹਾਂ ਦੇ ਆਧਾਰ ਤੇ ਹਰ ਪੀੜ੍ਹੀ ਜਾਂ ਹਰ ਜਗ੍ਹਾ ਦੇ ਲੋਕ ਇਸ ਮਾਮਲੇ ਸੰਬੰਧੀ ਫ਼ੈਸਲਾ ਕਰ ਸਕਦੇ ਹਨ।

ਮਿਸਾਲ ਲਈ, 1 ਤਿਮੋਥਿਉਸ 2:9, 10 ਵਿਚ ਲਿਖਿਆ ਹੈ: “ਇਸਤ੍ਰੀਆਂ ਲਾਜ ਅਤੇ ਸੰਜਮ ਸਹਿਤ ਆਪਣੇ ਆਪ ਨੂੰ ਸੁਹਾਉਣੀ ਪੁਸ਼ਾਕੀ ਨਾਲ ਸੁਆਰਨ, ਨਾ ਗੁੰਦਿਆਂ ਹੋਇਆਂ ਵਾਲਾਂ ਅਤੇ ਸੋਨੇ ਯਾ ਮੋਤੀਆਂ ਯਾ ਭਾਰੇ ਮੁੱਲ ਦੇ ਬਸਤ੍ਰਾਂ ਨਾਲ, ਸਗੋਂ ਸ਼ੁਭ ਕਰਮਾਂ ਦੇ ਵਸੀਲੇ ਨਾਲ ਕਿਉਂ ਜੋ ਇਹ ਉਨ੍ਹਾਂ ਇਸਤ੍ਰੀਆਂ ਨੂੰ ਫਬਦਾ ਹੈ ਜਿਹੜੀਆਂ ਪਰਮੇਸ਼ੁਰ ਦੀ ਭਗਤੀ ਨੂੰ ਮੰਨਦੀਆਂ ਹਨ।” ਇਸ ਤਰ੍ਹਾਂ ਮਸੀਹੀ ਤੀਵੀਆਂ—ਅਤੇ ਆਦਮੀ—ਧਿਆਨ ਦੇਣਾ ਚਾਹੁਣਗੇ ਕਿ ਉਨ੍ਹਾਂ ਦੇ ਇਲਾਕੇ ਦੇ ਲੋਕ ਕਿਹੋ-ਜਿਹੇ ਕੱਪੜਿਆਂ ਤੇ ਸ਼ਿੰਗਾਰ ਨੂੰ ਬੁਰਾ ਸਮਝਦੇ ਹਨ। ਖ਼ਾਸਕਰ ਇਸ ਗੱਲ ਵੱਲ ਵੀ ਧਿਆਨ ਦਿੱਤਾ ਜਾਣਾ ਚਾਹੀਦਾ ਹੈ ਕਿ ਸਾਡੇ ਵੱਲ ਦੇਖ ਕੇ ਲੋਕ ਬਾਈਬਲ ਦੇ ਸੰਦੇਸ਼ ਬਾਰੇ ਕੀ ਸੋਚਣਗੇ। (2 ਕੁਰਿੰਥੀਆਂ 6:3) ਇਕ ਮਿਸਾਲੀ ਮਸੀਹੀ ਨੂੰ ਆਪਣੀ ਪਸੰਦ-ਨਾਪਸੰਦ ਜਾਂ ਆਪਣੇ ਹੱਕਾਂ ਬਾਰੇ ਸੋਚਣ ਦੀ ਬਜਾਇ ਧਿਆਨ ਦੇਣਾ ਚਾਹੀਦਾ ਹੈ ਕਿ ਉਹ ਕਿਸੇ ਲਈ ਠੋਕਰ ਜਾਂ ਪਰੇਸ਼ਾਨੀ ਦਾ ਕਾਰਨ ਨਾ ਬਣੇ।—ਮੱਤੀ 18:6; ਰੋਮੀਆਂ 14:21.

ਜਦ ਕਿਸੇ ਭੈਣ-ਭਾਈ ਨੂੰ ਪਤਾ ਲੱਗਦਾ ਹੈ ਕਿ ਉਸ ਦੇ ਕਿਸੇ ਸਟਾਈਲ ਕਰਕੇ ਕੋਈ ਠੋਕਰ ਖਾ ਰਿਹਾ ਹੈ ਜਾਂ ਪਰੇਸ਼ਾਨ ਹੋ ਰਿਹਾ ਹੈ, ਤਾਂ ਉਸ ਨੂੰ ਪੌਲੁਸ ਰਸੂਲ ਦੀ ਨਕਲ ਕਰ ਕੇ ਆਪਣੀ ਪਸੰਦ ਬਾਰੇ ਸੋਚਣ ਦੀ ਬਜਾਇ ਦੂਸਰਿਆਂ ਦੀ ਰੂਹਾਨੀ ਸਿਹਤ ਬਾਰੇ ਸੋਚਣਾ ਚਾਹੀਦਾ ਹੈ। ਪੌਲੁਸ ਨੇ ਕਿਹਾ: “ਮੇਰੀ ਰੀਸ ਕਰੋ ਜਿਵੇਂ ਮੈਂ ਵੀ ਮਸੀਹ ਦੀ ਰੀਸ ਕਰਦਾ ਹਾਂ।” (1 ਕੁਰਿੰਥੀਆਂ 10:33) ਯਿਸੂ ਬਾਰੇ ਪੌਲੁਸ ਨੇ ਕਿਹਾ ਕਿ “ਮਸੀਹ ਨੇ ਵੀ ਆਪਣੇ ਆਪ ਨੂੰ ਨਹੀਂ ਰਿਝਾਇਆ।” ਮਸੀਹੀਆਂ ਲਈ ਪੌਲੁਸ ਦੀ ਗੱਲ ਬਿਲਕੁਲ ਸਾਫ਼ ਹੈ: “ਸਾਨੂੰ ਜੋ ਤਕੜੇ ਹਾਂ ਚਾਹੀਦਾ ਹੈ ਭਈ ਬਲਹੀਣਾਂ ਦੀਆਂ ਨਿਰਬਲਤਾਈਆਂ ਨੂੰ ਸਹਾਰੀਏ ਅਤੇ ਆਪ ਨੂੰ ਨਾ ਰਿਝਾਈਏ। ਸਾਡੇ ਵਿੱਚੋਂ ਹਰੇਕ ਆਪਣੇ ਗੁਆਂਢੀ ਨੂੰ ਉਹ ਦੀ ਭਲਿਆਈ ਲਈ ਰਿਝਾਏ ਭਈ ਉਹ ਦੀ ਤਰੱਕੀ ਹੋਵੇ।”—ਰੋਮੀਆਂ 15:1-3.

ਆਪਣੀਆਂ ਗਿਆਨ ਇੰਦਰੀਆਂ ਨੂੰ ਤੇਜ਼ ਕਰੋ

ਅਸੀਂ ਆਪਣੀਆਂ ਗਿਆਨ ਇੰਦਰੀਆਂ ਨੂੰ ਤੇਜ਼ ਕਿਵੇਂ ਕਰ ਸਕਦੇ ਹਾਂ ਤਾਂਕਿ ਅਸੀਂ ਜਾਣ ਸਕੀਏ ਕਿ ਯਹੋਵਾਹ ਦੇ ਜੀਅ ਨੂੰ ਕਿਵੇਂ ਖ਼ੁਸ਼ ਕਰਨਾ ਹੈ ਭਾਵੇਂ ਉਸ ਨੇ ਕਿਸੇ ਮਾਮਲੇ ਬਾਰੇ ਕੋਈ ਸਾਫ਼-ਸਾਫ਼ ਹੁਕਮ ਨਹੀਂ ਦਿੱਤਾ ਹੈ? ਅਸੀਂ ਹਰ ਰੋਜ਼ ਬਾਈਬਲ ਪੜ੍ਹ ਕੇ, ਇਸ ਦੀ ਸਟੱਡੀ ਕਰ ਕੇ ਅਤੇ ਇਸ ਉੱਤੇ ਮਨਨ ਕਰ ਕੇ ਆਪਣੀਆਂ ਗਿਆਨ ਇੰਦਰੀਆਂ ਨੂੰ ਸੁਧਾਰ ਸਕਦੇ ਹਾਂ। ਪਰ ਇਹ ਸੁਧਾਰ ਇਕਦਮ ਨਹੀਂ ਹੋ ਜਾਂਦਾ। ਜਿਵੇਂ ਇਕ ਬੱਚੇ ਦੇ ਵਧਣ ਨੂੰ ਸਮਾਂ ਲੱਗਦਾ ਹੈ, ਉਸੇ ਤਰ੍ਹਾਂ ਰੂਹਾਨੀ ਤੌਰ ਤੇ ਤਰੱਕੀ ਵੀ ਇਕਦਮ ਨਹੀਂ ਹੋ ਜਾਂਦੀ। ਸਾਨੂੰ ਧੀਰਜ ਰੱਖਣ ਦੀ ਲੋੜ ਹੈ। ਇਸ ਤੋਂ ਇਲਾਵਾ, ਜੇ ਅਸੀਂ ਦੇਖਦੇ ਹਾਂ ਕਿ ਸਾਡੇ ਕੋਲੋਂ ਜ਼ਿਆਦਾ ਤਰੱਕੀ ਨਹੀਂ ਹੋ ਰਹੀ, ਤਾਂ ਸਾਨੂੰ ਇਸ ਕਰਕੇ ਨਿਰਾਸ਼ ਨਹੀਂ ਹੋਣਾ ਚਾਹੀਦਾ। ਪਰ ਦੂਜੇ ਪਾਸੇ ਇਹ ਗੱਲ ਵੀ ਯਾਦ ਰੱਖਣੀ ਚਾਹੀਦੀ ਹੈ ਕਿ ਸਾਡੀਆਂ ਗਿਆਨ ਇੰਦਰੀਆਂ ਸਮੇਂ ਦੇ ਬੀਤਣ ਨਾਲ ਆਪੇ ਹੀ ਤੇਜ਼ ਨਹੀਂ ਹੋ ਜਾਣਗੀਆਂ। ਜਿਵੇਂ ਉੱਪਰ ਦੱਸਿਆ ਗਿਆ ਹੈ, ਸਾਨੂੰ ਸਮਾਂ ਲਾ ਕੇ ਬਾਈਬਲ ਨੂੰ ਚੰਗੀ ਤਰ੍ਹਾਂ ਸਟੱਡੀ ਕਰਨਾ ਚਾਹੀਦਾ ਅਤੇ ਫਿਰ ਉਸ ਉੱਤੇ ਅਮਲ ਕਰਨ ਦੀ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ।—ਇਬਰਾਨੀਆਂ 5:14.

ਇਹ ਸੱਚ ਹੈ ਕਿ ਪਰਮੇਸ਼ੁਰ ਦੇ ਹੁਕਮ ਅਨੁਸਾਰ ਚੱਲ ਕੇ ਅਸੀਂ ਦਿਖਾਉਂਦੇ ਹਾਂ ਕਿ ਅਸੀਂ ਆਗਿਆਕਾਰ ਹਾਂ ਤੇ ਉਸ ਨੂੰ ਖ਼ੁਸ਼ ਕਰਨਾ ਚਾਹੁੰਦੇ ਹਾਂ। ਪਰ ਜੇ ਅਸੀਂ ਆਪਣੀ ਜ਼ਿੰਦਗੀ ਦੇ ਹਰ ਪਹਿਲੂ ਵਿਚ ਯਹੋਵਾਹ ਅਤੇ ਯਿਸੂ ਦੀ ਨਕਲ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਤਾਂ ਅਸੀਂ ਦਿਖਾਉਂਦੇ ਹਾਂ ਕਿ ਅਸੀਂ ਬਾਈਬਲ ਵਿੱਚੋਂ ਯਹੋਵਾਹ ਦੀ ਸੋਚਣੀ ਬਾਰੇ ਜਾਣ ਕੇ ਇਸ ਦੇ ਆਧਾਰ ਤੇ ਫ਼ੈਸਲੇ ਕਰਨੇ ਚਾਹੁੰਦੇ ਹਾਂ। ਜੇ ਅਸੀਂ ਹਰ ਗੱਲ ਵਿਚ ਆਪਣੇ ਸਵਰਗੀ ਪਿਤਾ ਦੇ ਜੀਅ ਨੂੰ ਖ਼ੁਸ਼ ਕਰਦੇ ਰਹਾਂਗੇ, ਤਾਂ ਅਸੀਂ ਦੇਖਾਂਗੇ ਕਿ ਸਾਡੀ ਖ਼ੁਸ਼ੀ ਵਿਚ ਵੀ ਵਾਧਾ ਹੁੰਦਾ ਰਹੇਗਾ।

[ਸਫ਼ੇ 23 ਉੱਤੇ ਤਸਵੀਰ]

ਹਰ ਜਗ੍ਹਾ ਦੇ ਆਪੋ-ਆਪਣੇ ਸਟਾਈਲ ਤੇ ਫ਼ੈਸ਼ਨ ਹੁੰਦੇ ਹਨ, ਪਰ ਬਾਈਬਲ ਦੇ ਸਿਧਾਂਤਾਂ ਦੀ ਮਦਦ ਨਾਲ ਅਸੀਂ ਸਹੀ ਫ਼ੈਸਲੇ ਕਰ ਸਕਦੇ ਹਾਂ