ਚੁਬੱਚੇ ਜਿਨ੍ਹਾਂ ਵਿੱਚ ਪਾਣੀ ਨਹੀਂ ਠਹਿਰਦਾ
ਚੁਬੱਚੇ ਜਿਨ੍ਹਾਂ ਵਿੱਚ ਪਾਣੀ ਨਹੀਂ ਠਹਿਰਦਾ
ਬਾਈਬਲ ਦੇ ਜ਼ਮਾਨੇ ਵਿਚ ਚੁਬੱਚੇ ਜ਼ਮੀਨ ਹੇਠ ਸੁਰੰਗ ਪੁੱਟ ਕੇ ਬਣਾਏ ਜਾਂਦੇ ਸਨ ਜਿਨ੍ਹਾਂ ਵਿਚ ਆਮ ਤੌਰ ਤੇ ਪਾਣੀ ਸਾਂਭ ਕੇ ਰੱਖਿਆ ਜਾਂਦਾ ਸੀ। ਵਾਅਦਾ ਕੀਤੇ ਹੋਏ ਦੇਸ਼ ਵਿਚ ਅਜਿਹੇ ਸਮੇਂ ਵੀ ਸਨ ਜਦੋਂ ਇਨ੍ਹਾਂ ਚੁਬੱਚਿਆਂ ਤੋਂ ਇਲਾਵਾ ਹੋਰ ਕਿਤਿਓਂ ਪਾਣੀ ਨਹੀਂ ਸੀ ਮਿਲਦਾ।
ਪਰਮੇਸ਼ੁਰ ਦੇ ਐਲਾਨ ਨੂੰ ਲਿਖਦੇ ਸਮੇਂ ਯਿਰਮਿਯਾਹ ਨਬੀ ਨੇ ਤਸਵੀਰੀ ਭਾਸ਼ਾ ਵਿਚ ਚੁਬੱਚਿਆਂ ਦੀ ਗੱਲ ਇਸ ਤਰ੍ਹਾਂ ਕੀਤੀ ਸੀ: “ਮੇਰੀ ਪਰਜਾ ਨੇ ਦੋ ਬੁਰਿਆਈਆਂ ਜੋ ਕੀਤੀਆਂ,—ਓਹਨਾਂ ਨੇ ਮੈਨੂੰ ਤਿਆਗ ਦਿੱਤਾ, ਜੀਉਂਦੇ ਪਾਣੀ ਦੇ ਸੋਤੇ ਨੂੰ, [ਅਤੇ] ਆਪਣੇ ਲਈ ਚੁਬੱਚੇ ਪੁੱਟੇ, ਟੁੱਟੇ ਹੋਏ ਚੁਬੱਚੇ, ਜਿਨ੍ਹਾਂ ਵਿੱਚ ਪਾਣੀ ਨਹੀਂ ਠਹਿਰਦਾ।”—ਯਿਰਮਿਯਾਹ 2:13.
ਇਸਰਾਏਲੀਆਂ ਨੇ “ਜੀਉਂਦੇ ਪਾਣੀ ਦੇ ਸੋਤੇ” ਯਾਨੀ ਆਪਣੇ ਪਰਮੇਸ਼ੁਰ ਯਹੋਵਾਹ ਨੂੰ ਛੱਡ ਕੇ ਮੂਰਤੀ ਪੂਜਾ ਕਰਨ ਵਾਲੀਆਂ ਕੌਮਾਂ ਉੱਤੇ ਭਰੋਸਾ ਰੱਖਿਆ ਅਤੇ ਆਪ ਵੀ ਉਨ੍ਹਾਂ ਦੇ ਦੇਵੀ-ਦੇਵਤਿਆਂ ਦੀ ਪੂਜਾ ਕਰਨੀ ਸ਼ੁਰੂ ਕਰ ਦਿੱਤੀ। ਯਿਰਮਿਯਾਹ ਦੇ ਸ਼ਬਦਾਂ ਵਿਚ ਕਿਹਾ ਜਾ ਸਕਦਾ ਹੈ ਕਿ ਉਹ ਜਿੱਥੇ ਕਿਤੇ ਵੀ ਆਸਰੇ ਲਈ ਮੁੜੇ ਸਨ, ਉਹ ਤਾਂ ਟੁੱਟੇ ਹੋਏ ਚੁਬੱਚਿਆਂ ਵਰਗੇ ਸਨ ਜਿਨ੍ਹਾਂ ਵਿਚ ਬਚਾਉਣ ਦੀ ਕੋਈ ਸ਼ਕਤੀ ਨਹੀਂ ਸੀ।—ਬਿਵਸਥਾ ਸਾਰ 28:20.
ਕੀ ਅਸੀਂ ਇਸ ਪੁਰਾਣੀ ਮਿਸਾਲ ਤੋਂ ਕੁਝ ਸਿੱਖ ਸਕਦੇ ਹਾਂ? ਯਿਰਮਿਯਾਹ ਦੇ ਜ਼ਮਾਨੇ ਦੀ ਤਰ੍ਹਾਂ ਅੱਜ ਵੀ ਸਿਰਫ਼ ਯਹੋਵਾਹ ਪਰਮਾਤਮਾ ਹੀ ਜੀਵਨਦਾਇਕ ਪਾਣੀ ਦਾ ਚਸ਼ਮਾ ਹੈ। (ਜ਼ਬੂਰਾਂ ਦੀ ਪੋਥੀ 36:9; ਪਰਕਾਸ਼ ਦੀ ਪੋਥੀ 4:11) ਸਿਰਫ਼ ਉਹੀ ਆਪਣੇ ਪੁੱਤਰ ਯਿਸੂ ਮਸੀਹ ਦੇ ਜ਼ਰੀਏ ਇਨਸਾਨਾਂ ਨੂੰ ਹਮੇਸ਼ਾ ਦੀ ਜ਼ਿੰਦਗੀ ਦੇ ਸਕਦਾ ਹੈ। (ਯੂਹੰਨਾ 4:14; 17:3) ਯਿਰਮਿਯਾਹ ਦੇ ਜ਼ਮਾਨੇ ਦੇ ਲੋਕਾਂ ਵਾਂਗ ਅੱਜ ਵੀ ਜ਼ਿਆਦਾਤਰ ਲੋਕ ਪਰਮੇਸ਼ੁਰ ਦੇ ਬਚਨ ਨੂੰ ਕਬੂਲ ਨਹੀਂ ਕਰਦੇ। ਉਹ ਆਪਣਾ ਭਰੋਸਾ ਇਨਸਾਨਾਂ ਦੀਆਂ ਰਾਜਨੀਤਿਕ ਜੁਗਤਾਂ, ਫੋਕੀਆਂ ਦਲੀਲਬਾਜ਼ੀਆਂ ਅਤੇ ਅਜਿਹੀਆਂ ਧਾਰਣਾਵਾਂ ਤੇ ਫ਼ਲਸਫ਼ਿਆਂ ਉੱਤੇ ਰੱਖਦੇ ਹਨ ਜਿਨ੍ਹਾਂ ਤੋਂ ਪਰਮੇਸ਼ੁਰ ਦਾ ਨਿਰਾਦਰ ਹੁੰਦਾ ਹੈ। (1 ਕੁਰਿੰਥੀਆਂ 3:18-20; ਕੁਲੁੱਸੀਆਂ 2:8) ਤੁਸੀਂ ਕਿਸ ਉੱਤੇ ਭਰੋਸਾ ਰੱਖੋਗੇ? “ਜੀਉਂਦੇ ਪਾਣੀ ਦੇ ਸੋਤੇ” ਯਹੋਵਾਹ ਉੱਤੇ ਜਾਂ ‘ਟੁੱਟੇ ਹੋਏ ਚੁਬੱਚਿਆਂ ਉੱਤੇ ਜਿਨ੍ਹਾਂ ਵਿੱਚ ਪਾਣੀ ਨਹੀਂ ਠਹਿਰਦਾ?’ ਫ਼ੈਸਲਾ ਤੁਹਾਡਾ ਹੈ ਤੇ ਇਹ ਫ਼ੈਸਲਾ ਕਰਨਾ ਮੁਸ਼ਕਲ ਵੀ ਨਹੀਂ ਹੈ।
[ਸਫ਼ੇ 32 ਉੱਤੇ ਤਸਵੀਰ]
ਇਕ ਇਸਰਾਏਲੀ ਕਬਰ ਵਿੱਚੋਂ ਮਿਲਿਆ ਮਿੱਟੀ ਦਾ ਬਣਿਆ ਮਾਤਾ-ਦੇਵੀ ਦਾ ਬੁੱਤ
[ਕ੍ਰੈਡਿਟ ਲਾਈਨ]
Photograph taken by courtesy of the British Museum