Skip to content

Skip to table of contents

ਟੈਲੀਵਿਯਨ ਦੇ ਇਕ ਪ੍ਰੋਗ੍ਰਾਮ ਕਾਰਨ ਉਸ ਨੇ ਪਰਮੇਸ਼ੁਰ ਦੀ ਵਡਿਆਈ ਕੀਤੀ

ਟੈਲੀਵਿਯਨ ਦੇ ਇਕ ਪ੍ਰੋਗ੍ਰਾਮ ਕਾਰਨ ਉਸ ਨੇ ਪਰਮੇਸ਼ੁਰ ਦੀ ਵਡਿਆਈ ਕੀਤੀ

ਰਾਜ ਘੋਸ਼ਕ ਰਿਪੋਰਟ ਕਰਦੇ ਹਨ

ਟੈਲੀਵਿਯਨ ਦੇ ਇਕ ਪ੍ਰੋਗ੍ਰਾਮ ਕਾਰਨ ਉਸ ਨੇ ਪਰਮੇਸ਼ੁਰ ਦੀ ਵਡਿਆਈ ਕੀਤੀ

ਪੌਲੁਸ ਰਸੂਲ ਨੇ ਕਿਹਾ ਕਿ “ਕਈ ਤਾਂ ਖਾਰ ਅਤੇ ਝਗੜੇ ਨਾਲ ਅਰ ਕਈ ਭਲੀ ਮਨਸ਼ਾ ਨਾਲ ਭੀ ਮਸੀਹ ਦਾ ਪਰਚਾਰ ਕਰਦੇ ਹਨ।” (ਫ਼ਿਲਿੱਪੀਆਂ 1:15) ਕਈ ਵਾਰ ਇਸ ਤਰ੍ਹਾਂ ਵੀ ਹੋਇਆ ਹੈ ਕਿ ਯਹੋਵਾਹ ਦੇ ਲੋਕਾਂ ਦੀ ਬਦਨਾਮੀ ਕਰਨ ਵਾਲੇ ਲੋਕ ਅਣਜਾਣੇ ਵਿਚ ਹੀ ਨੇਕਦਿਲ ਲੋਕਾਂ ਨੂੰ ਸੱਚਾਈ ਵੱਲ ਮੋੜ ਦਿੰਦੇ ਹਨ।

ਮਿਸਾਲ ਲਈ, ਨਵੰਬਰ 1998 ਵਿਚ ਫਰਾਂਸੀਸੀ ਟੈਲੀਵਿਯਨ ਤੇ ਇਕ ਡਾਕੂਮੈਂਟਰੀ ਪ੍ਰੋਗ੍ਰਾਮ ਦਿਖਾਇਆ ਗਿਆ ਜਿਸ ਵਿਚ ਲੂਵੀਏ, ਫਰਾਂਸ ਵਿਖੇ ਯਹੋਵਾਹ ਦੇ ਗਵਾਹਾਂ ਦੀ ਬ੍ਰਾਂਚ ਦੇ ਵੱਖ-ਵੱਖ ਵਿਭਾਗਾਂ ਨੂੰ ਦਿਖਾਇਆ ਗਿਆ ਸੀ। ਇਸ ਪ੍ਰੋਗ੍ਰਾਮ ਦੇ ਕੁਝ ਅਜਿਹੇ ਚੰਗੇ ਨਤੀਜੇ ਨਿਕਲੇ ਜਿਨ੍ਹਾਂ ਦੀ ਕਿਸੇ ਨੂੰ ਵੀ ਆਸ ਨਹੀਂ ਸੀ।

ਆਂਨਾ-ਪੋਲਾ ਨਾਂ ਦੀ ਇਕ ਔਰਤ ਨੇ ਇਹ ਪ੍ਰੋਗ੍ਰਾਮ ਦੇਖਿਆ ਜੋ ਬ੍ਰਾਂਚ ਤੋਂ 60 ਕੁ ਕਿਲੋਮੀਟਰ ਦੂਰ ਰਹਿੰਦੀ ਹੈ। ਉਹ ਤਲਾਕ-ਸ਼ੁਦਾ ਹੈ ਤੇ ਦੋ ਬੱਚਿਆਂ ਦੀ ਮਾਂ ਹੈ। ਇਸ ਤੋਂ ਇਲਾਵਾ ਉਹ ਨੌਕਰੀ ਲੱਭ ਰਹੀ ਸੀ। ਪ੍ਰੋਗ੍ਰਾਮ ਦੇਖਣ ਤੋਂ ਬਾਅਦ ਅਗਲੇ ਦਿਨ ਉਸ ਨੇ ਨੌਕਰੀ ਦੀ ਆਸ ਵਿਚ ਬ੍ਰਾਂਚ ਨੂੰ ਟੈਲੀਫ਼ੋਨ ਕੀਤਾ। ਉਸ ਨੇ ਕਿਹਾ: “ਟੈਲੀਵਿਯਨ ਤੇ ਦੇਖੀ ਤੁਹਾਡੀ ਜਗ੍ਹਾ ਮੈਨੂੰ ਬੜੀ ਚੰਗੀ ਲੱਗੀ ਤੇ ਇੱਥੇ ਹੋ ਰਿਹਾ ਕੰਮ ਵੀ ਮੈਨੂੰ ਪਸੰਦ ਆਇਆ।” ਜਦ ਉਸ ਨੂੰ ਪਤਾ ਲੱਗਾ ਕਿ ਉੱਥੇ ਕੰਮ ਕਰਨ ਵਾਲੇ ਸਾਰੇ ਲੋਕ ਪਰਮੇਸ਼ੁਰ ਦੇ ਸੇਵਕ ਹਨ ਤੇ ਉਹ ਬਿਨਾਂ ਤਨਖ਼ਾਹ ਕੰਮ ਕਰਦੇ ਹਨ, ਤਾਂ ਉਹ ਬਹੁਤ ਹੀ ਹੈਰਾਨ ਹੋਈ। ਯਹੋਵਾਹ ਦੇ ਗਵਾਹਾਂ ਦੇ ਕੰਮਾਂ ਬਾਰੇ ਥੋੜ੍ਹੀ ਦੇਰ ਗੱਲ ਕਰਨ ਤੋਂ ਬਾਅਦ ਉਹ ਰਾਜ਼ੀ ਹੋ ਗਈ ਕਿ ਕੋਈ ਉਸ ਦੇ ਘਰ ਆ ਕੇ ਉਸ ਨੂੰ ਹੋਰ ਜਾਣਕਾਰੀ ਦੇਵੇ।

ਲਾਗੇ ਦੀ ਇਕ ਕਲੀਸਿਯਾ ਤੋਂ ਲੇਨਾ, ਜੋ ਪਰਮੇਸ਼ੁਰ ਦੀ ਸੇਵਾ ਵਿਚ ਆਪਣਾ ਪੂਰਾ ਸਮਾਂ ਲਾਉਂਦੀ ਹੈ, ਆਂਨਾ-ਪੋਲਾ ਨੂੰ ਮਿਲਣ ਗਈ। ਉਨ੍ਹਾਂ ਨੇ ਆਪਸ ਵਿਚ ਕਾਫ਼ੀ ਦੇਰ ਗੱਲਬਾਤ ਕੀਤੀ ਤੇ ਲੇਨਾ ਨੇ ਆਂਨਾ-ਪੋਲਾ ਨੂੰ ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ ਕਿਤਾਬ ਦਿੱਤੀ। * ਅਗਲੀ ਮੁਲਾਕਾਤ ਤਕ ਆਂਨਾ-ਪੋਲਾ ਨੇ ਪੂਰੀ ਕਿਤਾਬ ਪੜ੍ਹ ਲਈ ਸੀ ਤੇ ਉਸ ਦੇ ਮਨ ਵਿਚ ਕਈ ਸਵਾਲ ਸਨ। ਇਸ ਲਈ ਉਹ ਬਾਈਬਲ ਦੀ ਸਟੱਡੀ ਕਰਨ ਲਈ ਰਾਜ਼ੀ ਹੋ ਗਈ। ਉਹ ਦੱਸਦੀ ਹੈ: “ਮੈਂ ਪਹਿਲਾਂ ਕਦੇ ਬਾਈਬਲ ਦੇਖੀ ਵੀ ਨਹੀਂ ਸੀ। ਹੁਣ ਮੈਨੂੰ ਇਸ ਨੂੰ ਚੰਗੀ ਤਰ੍ਹਾਂ ਸਮਝਣ ਦਾ ਮੌਕਾ ਮਿਲਿਆ।”

ਜਨਵਰੀ 1999 ਵਿਚ ਆਂਨਾ-ਪੋਲਾ ਬ੍ਰਾਂਚ ਦੇਖਣ ਗਈ। ਅਗਲੇ ਹਫ਼ਤੇ ਉਹ ਪਹਿਲੀ ਵਾਰ ਕਿੰਗਡਮ ਹਾਲ ਵਿਚ ਮੀਟਿੰਗ ਤੇ ਗਈ। ਇਸ ਤੋਂ ਕੁਝ ਹੀ ਸਮੇਂ ਬਾਅਦ, ਉਸ ਨੇ ਆਪਣੇ ਬੱਚਿਆਂ ਨਾਲ ਬਾਈਬਲ ਦੀ ਸਟੱਡੀ ਕਰਨੀ ਅਤੇ ਆਪਣੇ ਸਾਕ-ਸੰਬੰਧੀਆਂ ਨੂੰ ਗਵਾਹੀ ਦੇਣੀ ਸ਼ੁਰੂ ਕਰ ਦਿੱਤੀ। ਉਹ ਕਹਿੰਦੀ ਹੈ: “ਮੈਂ ਜੋ ਕੁਝ ਵੀ ਸਿੱਖਿਆ ਸੀ, ਉਸ ਨੂੰ ਆਪਣੇ ਦਿਲ ਵਿਚ ਨਹੀਂ ਰੱਖ ਸਕਦੀ ਸੀ। ਮੈਂ ਸਾਰਿਆਂ ਨਾਲ ਬਾਈਬਲ ਦੀਆਂ ਸੱਚਾਈਆਂ ਸਾਂਝੀਆਂ ਕਰ ਕੇ ਉਨ੍ਹਾਂ ਨੂੰ ਦਿਲਾਸਾ ਦੇਣਾ ਚਾਹੁੰਦੀ ਸੀ।” ਕਈ ਨਿੱਜੀ ਸਮੱਸਿਆਵਾਂ ਸੁਲਝਾਉਣ ਤੋਂ ਬਾਅਦ ਆਂਨਾ-ਪੋਲਾ ਨੇ ਮੀਟਿੰਗਾਂ ਵਿਚ ਬਾਕਾਇਦਾ ਆਉਣਾ ਸ਼ੁਰੂ ਕਰ ਦਿੱਤਾ। ਉਹ ਸੱਚਾਈ ਸਿੱਖਣ ਵਿਚ ਤਰੱਕੀ ਕਰਦੀ ਗਈ ਤੇ 5 ਮਈ 2002 ਨੂੰ ਉਸ ਨੇ ਬਪਤਿਸਮਾ ਲੈ ਲਿਆ।

ਇਸ ਤੋਂ ਇਲਾਵਾ, ਆਂਨਾ-ਪੋਲਾ ਦੀ ਮਾਂ ਨੇ ਆਪਣੀ ਧੀ ਦੀ ਵਧੀਆ ਮਿਸਾਲ ਦੇਖ ਕੇ ਅਤੇ ਉਸ ਦੀ ਗੱਲ ਸੁਣ ਕੇ ਬਾਈਬਲ ਸਟੱਡੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਬਪਤਿਸਮਾ ਲੈ ਲਿਆ। ਆਂਨਾ-ਪੋਲਾ ਕਹਿੰਦੀ ਹੈ: “ਤੁਸੀਂ ਮੇਰੀ ਖ਼ੁਸ਼ੀ ਦਾ ਅੰਦਾਜ਼ਾ ਨਹੀਂ ਲਾ ਸਕਦੇ! ਮੈਂ ਰੋਜ਼ ਯਹੋਵਾਹ ਦਾ ਲੱਖ-ਲੱਖ ਸ਼ੁਕਰ ਕਰਦੀ ਹਾਂ ਕਿ ਉਸ ਨੇ ਮੈਨੂੰ ਆਪਣੇ ਬਾਰੇ ਜਾਣਨ ਦਾ ਮੌਕਾ ਦਿੱਤਾ ਤੇ ਉਸ ਨੇ ਮੇਰੀ ਝੋਲੀ ਬਰਕਤਾਂ ਨਾਲ ਭਰ ਦਿੱਤੀ ਹੈ।”

[ਫੁਟਨੋਟ]

^ ਪੈਰਾ 6 ਇਹ ਕਿਤਾਬ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਹੈ।

[ਸਫ਼ੇ 8 ਉੱਤੇ ਤਸਵੀਰ]

ਉੱਪਰ: ਆਂਨਾ-ਪੋਲਾ

ਹੇਠਾਂ: ਫਰਾਂਸ ਦੇ ਬ੍ਰਾਂਚ ਆਫਿਸ ਦਾ ਲਾਂਘਾ