Skip to content

Skip to table of contents

“ਤੁਸੀਂ ਧੰਨਵਾਦ ਕਰਿਆ ਕਰੋ”

“ਤੁਸੀਂ ਧੰਨਵਾਦ ਕਰਿਆ ਕਰੋ”

“ਤੁਸੀਂ ਧੰਨਵਾਦ ਕਰਿਆ ਕਰੋ”

‘ਮਸੀਹ ਦੀ ਸ਼ਾਂਤੀ ਤੁਹਾਡਿਆਂ ਮਨਾਂ ਵਿੱਚ ਰਾਜ ਕਰੇ ਅਤੇ ਤੁਸੀਂ ਧੰਨਵਾਦ ਕਰਿਆ ਕਰੋ।’—ਕੁਲੁੱਸੀਆਂ 3:15.

1. ਮਸੀਹੀ ਕਲੀਸਿਯਾ ਅਤੇ ਸ਼ਤਾਨ ਦੀ ਦੁਨੀਆਂ ਵਿਚ ਕੀ ਫ਼ਰਕ ਹੈ?

ਦੁਨੀਆਂ ਭਰ ਵਿਚ ਯਹੋਵਾਹ ਦੇ ਗਵਾਹਾਂ ਦੀਆਂ 94,600 ਕਲੀਸਿਯਾਵਾਂ ਵਿਚ ਅਸੀਂ ਇਕ ਵਧੀਆ ਮਾਹੌਲ ਪਾਉਂਦੇ ਹਾਂ। ਹਰੇਕ ਮੀਟਿੰਗ ਪ੍ਰਾਰਥਨਾ ਨਾਲ ਸ਼ੁਰੂ ਤੇ ਪ੍ਰਾਰਥਨਾ ਨਾਲ ਖ਼ਤਮ ਕੀਤੀ ਜਾਂਦੀ ਹੈ। ਇਨ੍ਹਾਂ ਪ੍ਰਾਰਥਨਾਵਾਂ ਵਿਚ ਹੋਰ ਗੱਲਾਂ ਦੇ ਨਾਲ-ਨਾਲ ਯਹੋਵਾਹ ਦਾ ਧੰਨਵਾਦ ਵੀ ਕੀਤਾ ਜਾਂਦਾ ਹੈ। ਜਦੋਂ ਨਿਆਣੇ, ਸਿਆਣੇ, ਨਵੇਂ, ਪੁਰਾਣੇ ਸਾਰੇ ਭੈਣ-ਭਰਾ ਯਹੋਵਾਹ ਦੀ ਪੂਜਾ ਕਰਨ ਅਤੇ ਇਕ-ਦੂਏ ਦੀ ਸੰਗਤ ਦਾ ਆਨੰਦ ਮਾਣਨ ਲਈ ਇਕੱਠੇ ਹੁੰਦੇ ਹਨ, ਤਾਂ ਅਸੀਂ ਅਕਸਰ ਉਨ੍ਹਾਂ ਦੇ ਬੁਲ੍ਹਾਂ ਤੋਂ “ਧੰਨਵਾਦ” ਅਤੇ “ਸ਼ੁਕਰੀਆ” ਵਰਗੇ ਸ਼ਬਦ ਸੁਣਦੇ ਹਾਂ। (ਜ਼ਬੂਰਾਂ ਦੀ ਪੋਥੀ 133:1) ਇਹ ਉਨ੍ਹਾਂ ਲੋਕਾਂ ਦੇ ਸੁਆਰਥੀ ਰਵੱਈਏ ਤੋਂ ਕਿੰਨਾ ਵੱਖਰਾ ਹੈ ‘ਜਿਹੜੇ ਪਰਮੇਸ਼ੁਰ ਨੂੰ ਨਹੀਂ ਜਾਣਦੇ ਅਤੇ ਇੰਜੀਲ ਨੂੰ ਨਹੀਂ ਮੰਨਦੇ’! (2 ਥੱਸਲੁਨੀਕੀਆਂ 1:8) ਅਸੀਂ ਨਾਸ਼ੁਕਰੇ ਸੰਸਾਰ ਵਿਚ ਜੀ ਰਹੇ ਹਾਂ ਅਤੇ ਇਹ ਕੋਈ ਹੈਰਾਨੀ ਦੀ ਗੱਲ ਨਹੀਂ ਕਿਉਂਕਿ ਇਸ ਦੁਨੀਆਂ ਦਾ ਈਸ਼ਵਰ ਸ਼ਤਾਨ ਹੈ। ਉਹ ਸੁਆਰਥੀ, ਘਮੰਡੀ ਅਤੇ ਬਾਗ਼ੀ ਹੈ ਅਤੇ ਉਸ ਦਾ ਬੁਰਾ ਰਵੱਈਆ ਸਾਰੀ ਦੁਨੀਆਂ ਤੇ ਅਸਰ ਪਾ ਰਿਹਾ ਹੈ!—ਯੂਹੰਨਾ 8:44; 2 ਕੁਰਿੰਥੀਆਂ 4:4; 1 ਯੂਹੰਨਾ 5:19.

2. ਸਾਨੂੰ ਕਿਹੜੀ ਗੱਲ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ ਅਤੇ ਅਸੀਂ ਕਿਹੜੇ ਸਵਾਲਾਂ ਤੇ ਗੌਰ ਕਰਾਂਗੇ?

2 ਕਿਉਂਕਿ ਅਸੀਂ ਸ਼ਤਾਨ ਦੀ ਦੁਨੀਆਂ ਵਿਚ ਰਹਿੰਦੇ ਹਾਂ, ਇਸ ਲਈ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਇਸ ਦੇ ਬੁਰੇ ਰਵੱਈਏ ਤੋਂ ਬਚੀਏ। ਪਹਿਲੀ ਸਦੀ ਵਿਚ ਪੌਲੁਸ ਰਸੂਲ ਨੇ ਅਫ਼ਸੁਸ ਦੇ ਮਸੀਹੀਆਂ ਨੂੰ ਯਾਦ ਕਰਾਇਆ ਸੀ: “ਤੁਸੀਂ ਇਸ ਸੰਸਾਰ ਦੇ ਵਿਹਾਰ ਅਨੁਸਾਰ ਹਵਾਈ ਇਖ਼ਤਿਆਰ ਦੇ ਸਰਦਾਰ ਦੇ ਅਰਥਾਤ ਉਸ ਰੂਹ ਦੇ ਅਨੁਸਾਰ ਅੱਗੇ ਚੱਲਦੇ ਸਾਓ ਜਿਹੜੀ ਹੁਣ ਅਣਆਗਿਆਕਾਰੀ ਦੇ ਪੁੱਤ੍ਰਾਂ ਵਿੱਚ ਅਸਰ ਕਰਦੀ ਹੈ। ਅਤੇ ਉਨ੍ਹਾਂ ਵਿੱਚ ਅਸੀਂ ਵੀ ਸੱਭੇ ਸਰੀਰ ਅਤੇ ਮਨ ਦੀਆਂ ਚਾਹਵਾਂ ਨੂੰ ਪੂਰੇ ਕਰਦਿਆਂ ਆਪਣੇ ਸਰੀਰ ਦੀਆਂ ਕਾਮਨਾਂ ਵਿੱਚ ਅੱਗੇ ਦਿਨ ਕੱਟਦੇ ਸਾਂ ਅਤੇ ਹੋਰਨਾਂ ਵਾਂਙੁ ਆਪਣੇ ਸੁਭਾਉ ਕਰਕੇ ਗਜ਼ਬ ਦੇ ਪੁੱਤ੍ਰ ਸਾਂ।” (ਅਫ਼ਸੀਆਂ 2:2, 3) ਅੱਜ ਵੀ ਬਹੁਤ ਸਾਰੇ ਲੋਕ ਇਹੋ ਜਿਹਾ ਰਵੱਈਆ ਰੱਖਦੇ ਹਨ। ਤਾਂ ਫਿਰ ਅਸੀਂ ਕਿਵੇਂ ਦਿਖਾ ਸਕਦੇ ਹਾਂ ਕਿ ਅਸੀਂ ਉਨ੍ਹਾਂ ਤੋਂ ਵੱਖਰੇ ਹਾਂ? ਯਹੋਵਾਹ ਨੇ ਸਾਡੀ ਮਦਦ ਕਰਨ ਲਈ ਕਿਹੜਾ ਇੰਤਜ਼ਾਮ ਕੀਤਾ ਹੈ? ਅਸੀਂ ਕਿਨ੍ਹਾਂ ਤਰੀਕਿਆਂ ਨਾਲ ਦਿਖਾ ਸਕਦੇ ਹਾਂ ਕਿ ਅਸੀਂ ਸੱਚ-ਮੁੱਚ ਉਸ ਦੇ ਧੰਨਵਾਦੀ ਹਾਂ?

ਧੰਨਵਾਦੀ ਹੋਣ ਦੇ ਕਾਰਨ

3. ਸਾਨੂੰ ਕਿਨ੍ਹਾਂ ਚੀਜ਼ਾਂ ਲਈ ਯਹੋਵਾਹ ਦਾ ਧੰਨਵਾਦ ਕਰਨਾ ਚਾਹੀਦਾ ਹੈ?

3 ਜ਼ਰਾ ਉਨ੍ਹਾਂ ਵਰਦਾਨਾਂ ਵੱਲ ਧਿਆਨ ਦਿਓ ਜੋ ਸਾਡੇ ਸਿਰਜਣਹਾਰ, ਸਾਡੇ ਪਰਮੇਸ਼ੁਰ ਯਹੋਵਾਹ ਨੇ ਸਾਨੂੰ ਦਿੱਤੇ ਹਨ। ਸਾਨੂੰ ਇਨ੍ਹਾਂ ਸਾਰੀਆਂ ਚੀਜ਼ਾਂ ਲਈ ਯਹੋਵਾਹ ਦਾ ਧੰਨਵਾਦ ਕਰਨਾ ਚਾਹੀਦਾ ਹੈ। (ਯਾਕੂਬ 1:17) ਸਾਨੂੰ ਹਰ ਰੋਜ਼ ਜ਼ਿੰਦਗੀ ਦੇ ਵਰਦਾਨ ਲਈ ਯਹੋਵਾਹ ਦਾ ਸ਼ੁਕਰ ਕਰਨਾ ਚਾਹੀਦਾ ਹੈ। (ਜ਼ਬੂਰਾਂ ਦੀ ਪੋਥੀ 36:9) ਅਸੀਂ ਆਪਣੇ ਆਲੇ-ਦੁਆਲੇ ਯਹੋਵਾਹ ਦੇ ਹੱਥਾਂ ਦਾ ਕੰਮ ਦੇਖਦੇ ਹਾਂ ਜਿਵੇਂ ਸੂਰਜ, ਚੰਦ ਅਤੇ ਤਾਰੇ। ਸਾਡੇ ਸਵਰਗੀ ਪਿਤਾ ਨੇ ਸਾਡੇ ਲਈ ਕੀ ਕੁਝ ਨਹੀਂ ਕੀਤਾ? ਧਰਤੀ ਖਣਿਜ ਪਦਾਰਥਾਂ ਦਾ ਵਿਸ਼ਾਲ ਭੰਡਾਰ ਹੈ ਜੋ ਜ਼ਿੰਦਗੀ ਨੂੰ ਬਰਕਰਾਰ ਰੱਖਦੇ ਹਨ। ਸਾਡੀ ਹਵਾ ਵਿਚ ਸਾਰੀਆਂ ਗੈਸਾਂ ਦਾ ਬਿਲਕੁਲ ਸਹੀ ਮਿਸ਼ਰਣ ਹੈ ਤਾਂਕਿ ਅਸੀਂ ਸਾਹ ਲੈ ਸਕੀਏ। ਇਸ ਤੋਂ ਇਲਾਵਾ, ਕੁਦਰਤ ਦੇ ਸਾਰੇ ਚੱਕਰ ਸਾਨੂੰ ਜੀਉਂਦੇ ਰੱਖਣ ਲਈ ਸਹੀ-ਸਹੀ ਕੰਮ ਕਰਦੇ ਹਨ। ਤਾਂ ਫਿਰ, ਇਸ ਸਭ ਕੁਝ ਲਈ ਸਾਨੂੰ ਯਹੋਵਾਹ ਦੇ ਬਹੁਤ ਧੰਨਵਾਦੀ ਹੋਣਾ ਚਾਹੀਦਾ ਹੈ। ਰਾਜਾ ਦਾਊਦ ਨੇ ਕਿਹਾ: “ਹੇ ਯਹੋਵਾਹ, ਮੇਰੇ ਪਰਮੇਸ਼ੁਰ, ਤੇਰੇ ਅਚਰਜ ਕੰਮ ਜਿਹੜੇ ਤੈਂ ਕੀਤੇ ਬਹੁਤ ਸਾਰੇ ਹਨ, ਨਾਲੇ ਤੇਰੇ ਉਪਾਓ ਜਿਹੜੇ ਸਾਡੇ ਲਈ ਹਨ, ਤੇਰਾ ਸ਼ਰੀਕ ਕੋਈ ਨਹੀਂ ਹੈ! ਜੇ ਮੈਂ ਉਨ੍ਹਾਂ ਨੂੰ ਖੋਲ੍ਹ ਕੇ ਦੱਸਾਂ, ਤਾਂ ਓਹ ਲੇਖਿਓਂ ਬਾਹਰ ਹਨ।”—ਜ਼ਬੂਰਾਂ ਦੀ ਪੋਥੀ 40:5.

4. ਕਲੀਸਿਯਾਵਾਂ ਵਿਚ ਸੋਹਣੇ ਮਾਹੌਲ ਲਈ ਸਾਨੂੰ ਯਹੋਵਾਹ ਦਾ ਕਿਉਂ ਧੰਨਵਾਦ ਕਰਨਾ ਚਾਹੀਦਾ ਹਾਂ?

4 ਭਾਵੇਂ ਅੱਜ ਸਾਡੀ ਧਰਤੀ ਫਿਰਦੌਸ ਨਹੀਂ ਹੈ, ਪਰ ਯਹੋਵਾਹ ਦੇ ਗਵਾਹ ਹੋਣ ਦੇ ਨਾਤੇ ਅਸੀਂ ਰੂਹਾਨੀ ਤੌਰ ਤੇ ਇਕ ਫਿਰਦੌਸ ਵਿਚ ਜ਼ਰੂਰ ਜੀ ਰਹੇ ਹਾਂ। ਆਪਣੇ ਕਿੰਗਡਮ ਹਾਲਾਂ ਅਤੇ ਸੰਮੇਲਨ ਹਾਲਾਂ ਵਿਚ ਅਸੀਂ ਆਪਣੇ ਭੈਣਾਂ-ਭਰਾਵਾਂ ਵਿਚ ਪਰਮੇਸ਼ੁਰ ਦੀ ਪਵਿੱਤਰ ਆਤਮਾ ਦਾ ਫਲ ਦੇਖਦੇ ਹਾਂ। ਕੁਝ ਗਵਾਹ ਪ੍ਰਚਾਰ ਕਰਦੇ ਸਮੇਂ ਲੋਕਾਂ ਨੂੰ ਗਲਾਤੀਆਂ ਨੂੰ ਲਿਖੇ ਪੌਲੁਸ ਦੇ ਸ਼ਬਦ ਦਿਖਾਉਂਦੇ ਹਨ। ਉਹ ਪਹਿਲਾਂ ‘ਸਰੀਰ ਦੇ ਕੰਮਾਂ’ ਦੀ ਸੂਚੀ ਪੜ੍ਹ ਕੇ ਇਸ ਬਾਰੇ ਉਨ੍ਹਾਂ ਦਾ ਖ਼ਿਆਲ ਪੁੱਛਦੇ ਹਨ। (ਗਲਾਤੀਆਂ 5:19-23) ਜ਼ਿਆਦਾਤਰ ਲੋਕ ਸਹਿਮਤ ਹੁੰਦੇ ਹਨ ਕਿ ਇਹ ਸਾਰੇ ਭੈੜੇ ਕੰਮ ਅੱਜ ਦੁਨੀਆਂ ਵਿਚ ਆਮ ਕੀਤੇ ਜਾਂਦੇ ਹਨ। ਜਦ ਗਵਾਹ ਉਨ੍ਹਾਂ ਨੂੰ ਪਵਿੱਤਰ ਆਤਮਾ ਦੇ ਫਲ ਬਾਰੇ ਬਾਈਬਲ ਦਾ ਹਵਾਲਾ ਦਿਖਾਉਂਦੇ ਹਨ ਅਤੇ ਉਹ ਕਿੰਗਡਮ ਹਾਲ ਆ ਕੇ ਆਪਣੀ ਅੱਖੀਂ ਗਵਾਹਾਂ ਵਿਚ ਆਤਮਾ ਦਾ ਫਲ ਦੇਖਦੇ ਹਨ, ਤਾਂ ਬਹੁਤ ਸਾਰੇ ਲੋਕ ਕਬੂਲ ਕਰਦੇ ਹਨ ਕਿ ‘ਸੱਚੀ ਮੁੱਚੀ ਪਰਮੇਸ਼ੁਰ ਤੁਹਾਡੇ ਵਿੱਚ ਹੈ!’ (1 ਕੁਰਿੰਥੀਆਂ 14:25) ਆਤਮਾ ਦਾ ਇਹ ਫਲ ਸਿਰਫ਼ ਕਿੰਗਡਮ ਹਾਲ ਵਿਚ ਹੀ ਨਹੀਂ ਦੇਖਿਆ ਜਾਂਦਾ। ਤੁਸੀਂ ਦੁਨੀਆਂ ਭਰ ਵਿਚ ਯਹੋਵਾਹ ਦੇ 60 ਲੱਖ ਨਾਲੋਂ ਜ਼ਿਆਦਾ ਗਵਾਹਾਂ ਵਿੱਚੋਂ ਕਿਸੇ ਨੂੰ ਵੀ ਮਿਲ ਲਓ, ਤੁਹਾਨੂੰ ਉਸ ਵਿਚ ਉਹੋ ਸੋਹਣੇ ਗੁਣ ਨਜ਼ਰ ਆਉਣਗੇ। ਅਜਿਹੇ ਭੈਣਾਂ-ਭਰਾਵਾਂ ਦੀ ਵਧੀਆ ਸੰਗਤ ਲਈ ਸਾਨੂੰ ਯਹੋਵਾਹ ਦਾ ਧੰਨਵਾਦ ਕਰਨਾ ਚਾਹੀਦਾ ਹੈ ਕਿਉਂਕਿ ਉਸੇ ਨੇ ਸਾਨੂੰ ਪਵਿੱਤਰ ਆਤਮਾ ਦੇ ਕੇ ਇਹ ਸਾਰਾ ਕੁਝ ਮੁਮਕਿਨ ਬਣਾਇਆ ਹੈ।—ਸਫ਼ਨਯਾਹ 3:9; ਅਫ਼ਸੀਆਂ 3:20, 21.

5, 6. ਅਸੀਂ ਯਹੋਵਾਹ ਦੀ ਸਭ ਤੋਂ ਵੱਡੀ ਦਾਤ ਲਈ ਉਸ ਦਾ ਧੰਨਵਾਦ ਕਿਵੇਂ ਕਰ ਸਕਦੇ ਹਾਂ?

5 ਪਰ ਯਹੋਵਾਹ ਵੱਲੋਂ ਸਾਡੇ ਲਈ ਸਭ ਤੋਂ ਵੱਡੀ ਦਾਤ ਉਸ ਦੇ ਪੁੱਤਰ ਯਿਸੂ ਦਾ ਬਲੀਦਾਨ ਹੈ। ਇਸ ਬਲੀਦਾਨ ਰਾਹੀਂ ਪਰਮੇਸ਼ੁਰ ਨੇ ਸਾਡੇ ਲਈ ਮੁਕਤੀ ਦਾ ਰਾਹ ਖੋਲ੍ਹਿਆ ਹੈ। ਇਸ ਲਈ ਯੂਹੰਨਾ ਰਸੂਲ ਨੇ ਲਿਖਿਆ: “ਜਦੋਂ ਪਰਮੇਸ਼ੁਰ ਨੇ ਸਾਡੇ ਨਾਲ ਇਸ ਪਰਕਾਰ ਪ੍ਰੇਮ ਕੀਤਾ ਤਾਂ ਚਾਹੀਦਾ ਹੈ ਜੋ ਅਸੀਂ ਵੀ ਇੱਕ ਦੂਏ ਨਾਲ ਪ੍ਰੇਮ ਕਰੀਏ।” (1 ਯੂਹੰਨਾ 4:11) ਜੀ ਹਾਂ, ਅਸੀਂ ਯਿਸੂ ਦੇ ਬਲੀਦਾਨ ਲਈ ਯਹੋਵਾਹ ਦਾ ਸਿਰਫ਼ ਸ਼ਬਦਾਂ ਨਾਲ ਹੀ ਧੰਨਵਾਦ ਨਹੀਂ ਕਰਦੇ, ਸਗੋਂ ਅਸੀਂ ਆਪਣੀਆਂ ਜ਼ਿੰਦਗੀਆਂ ਇਸ ਤਰ੍ਹਾਂ ਜੀਉਂਦੇ ਹਾਂ ਜਿਸ ਤੋਂ ਪਰਮੇਸ਼ੁਰ ਲਈ ਅਤੇ ਦੂਸਰਿਆਂ ਲਈ ਵੀ ਸਾਡਾ ਪਿਆਰ ਜ਼ਾਹਰ ਹੁੰਦਾ ਹੈ।—ਮੱਤੀ 22:37-39.

6 ਜੇ ਅਸੀਂ ਪ੍ਰਾਚੀਨ ਇਸਰਾਏਲ ਨਾਲ ਯਹੋਵਾਹ ਦੇ ਵਰਤਾਅ ਵੱਲ ਧਿਆਨ ਦੇਈਏ, ਤਾਂ ਅਸੀਂ ਧੰਨਵਾਦੀ ਹੋਣ ਬਾਰੇ ਹੋਰ ਵੀ ਬਹੁਤ ਕੁਝ ਸਿੱਖ ਸਕਦੇ ਹਾਂ। ਮੂਸਾ ਦੀ ਬਿਵਸਥਾ ਰਾਹੀਂ ਯਹੋਵਾਹ ਨੇ ਇਸਰਾਏਲ ਨੂੰ ਕਈ ਸਬਕ ਸਿਖਾਏ ਸਨ। ਉਸ ‘ਗਿਆਨ ਅਰ ਸਤ ਦੇ ਸਰੂਪ ਰਾਹੀਂ ਜੋ ਸ਼ਰਾ ਵਿੱਚ ਹੈ,’ ਅਸੀਂ ‘ਧੰਨਵਾਦ ਕਰਨ’ ਬਾਰੇ ਬਹੁਤ ਕੁਝ ਸਿੱਖ ਸਕਦੇ ਹਾਂ।—ਰੋਮੀਆਂ 2:20; ਕੁਲੁੱਸੀਆਂ 3:15.

ਮੂਸਾ ਦੀ ਬਿਵਸਥਾ ਤੋਂ ਤਿੰਨ ਸਬਕ

7. ਦਸਵੰਧ ਦੇ ਪ੍ਰਬੰਧ ਰਾਹੀਂ ਇਸਰਾਏਲੀਆਂ ਨੂੰ ਯਹੋਵਾਹ ਦਾ ਧੰਨਵਾਦ ਕਰਨ ਦਾ ਮੌਕਾ ਕਿਵੇਂ ਮਿਲਦਾ ਸੀ?

7 ਮੂਸਾ ਦੀ ਬਿਵਸਥਾ ਵਿਚ ਯਹੋਵਾਹ ਦੇ ਤਿੰਨ ਪ੍ਰਬੰਧ ਸਨ ਜਿਨ੍ਹਾਂ ਰਾਹੀਂ ਇਸਰਾਏਲੀ ਦਿਖਾ ਸਕਦੇ ਸਨ ਕਿ ਉਹ ਯਹੋਵਾਹ ਦੀ ਭਲਾਈ ਦੀ ਦਿਲੋਂ ਕਦਰ ਕਰਦੇ ਸਨ। ਪਹਿਲਾ ਸੀ ਦਸਵੰਧ ਦੇਣ ਦਾ ਪ੍ਰਬੰਧ। ਭੂਮੀ ਦੀ ਉਪਜ ਦੇ ਦਸਵੇਂ ਹਿੱਸੇ ਤੋਂ ਇਲਾਵਾ, ‘ਵੱਗ ਤੇ ਇੱਜੜ ਦਾ ਦਸਵੰਧ’ ਵੀ ਯਹੋਵਾਹ ਦੇ ਅੱਗੇ ਪਵਿੱਤਰ ਠਹਿਰਾਇਆ ਜਾਣਾ ਸੀ। (ਲੇਵੀਆਂ 27:30-32) ਜਦ ਇਸਰਾਏਲੀਆਂ ਨੇ ਇਹ ਹੁਕਮ ਮੰਨਿਆ, ਤਾਂ ਯਹੋਵਾਹ ਨੇ ਉਨ੍ਹਾਂ ਉੱਤੇ ਬਰਕਤਾਂ ਵਹਾਈਆਂ। “ਸਾਰੇ ਦਸਵੰਧ ਮੇਰੇ ਮੋਦੀ ਖ਼ਾਨੇ ਵਿੱਚ ਲਿਆਓ ਤਾਂ ਜੋ ਮੇਰੇ ਭਵਨ ਵਿੱਚ ਭੋਜਨ ਹੋਵੇ ਅਤੇ ਉਸੇ ਨਾਲ ਮੈਨੂੰ ਜ਼ਰਾ ਪਰਤਾਓ, ਸੈਨਾਂ ਦਾ ਯਹੋਵਾਹ ਆਖਦਾ ਹੈ, ਕੀ ਮੈਂ ਤੁਹਾਡੇ ਲਈ ਅਕਾਸ਼ ਦੀਆਂ ਖਿੜਕੀਆਂ ਖੋਲ੍ਹਦਾ ਹਾਂ ਕਿ ਨਹੀਂ ਭਈ ਤੁਹਾਡੇ ਲਈ ਬਰਕਤ ਵਰ੍ਹਾਵਾਂ ਏਥੋਂ ਤੀਕ ਕਿ ਉਹ ਦੇ ਲਈ ਥਾਂ ਨਾ ਹੋਵੇਗਾ!”—ਮਲਾਕੀ 3:10.

8. ਦਸਵੰਧ ਦੇਣ ਅਤੇ ਸਵੈ-ਇੱਛਾ ਨਾਲ ਭੇਟ ਚੜ੍ਹਾਉਣ ਵਿਚ ਕੀ ਫ਼ਰਕ ਸੀ?

8 ਦੂਜਾ, ਦਸਵੰਧ ਦੇਣ ਦੇ ਨਾਲ-ਨਾਲ ਯਹੋਵਾਹ ਨੇ ਸਵੈ-ਇੱਛਾ ਨਾਲ ਭੇਟ ਚੜ੍ਹਾਉਣ ਦਾ ਪ੍ਰਬੰਧ ਵੀ ਕੀਤਾ ਸੀ। ਉਸ ਨੇ ਮੂਸਾ ਨੂੰ ਇਸਰਾਏਲੀਆਂ ਨੂੰ ਦੱਸਣ ਲਈ ਕਿਹਾ: “ਜਦੋਂ ਉਹ ਉਸ ਧਰਤੀ ਤੇ ਪਹੁੰਚ ਜਾਣ, ਜੋ ਮੈਂ ਉਹਨਾਂ ਨੂੰ ਦੇਵਾਂਗਾ। ਅਤੇ ਜਦੋਂ ਉਹ ਉਸ ਧਰਤੀ ਦਾ ਪਹਿਲਾ ਫਲ ਖਾਣ, ਤਾਂ ਉਹ ਮੇਰੇ ਸਾਹਮਣੇ ਭੇਟ ਚੜ੍ਹਾਉਣ।” ਉਨ੍ਹਾਂ ਨੇ “ਆਪਣੇ ਭੋਜਨ ਦਾ ਪਹਿਲਾ ਹਿੱਸਾ” ਪੀੜ੍ਹੀਓ-ਪੀੜ੍ਹੀ ‘ਯਹੋਵਾਹ ਸਾਹਮਣੇ ਭੇਟ’ ਕਰਕੇ ਚੜ੍ਹਾਉਣਾ ਸੀ। ਧਿਆਨ ਦਿਓ ਕਿ ਯਹੋਵਾਹ ਨੇ ਉਨ੍ਹਾਂ ਨੂੰ ਇਹ ਨਹੀਂ ਦੱਸਿਆ ਸੀ ਕਿ ਪਹਿਲੇ ਫਲਾਂ ਵਿੱਚੋਂ ਉਨ੍ਹਾਂ ਨੂੰ ਕਿੰਨਾ ਦੇਣਾ ਚਾਹੀਦਾ ਹੈ। (ਗਿਣਤੀ 15:18-21, ਪਵਿੱਤਰ ਬਾਈਬਲ ਨਵਾਂ ਅਨੁਵਾਦ) ਪਰ ਜਦ ਇਸਰਾਏਲੀ ਯਹੋਵਾਹ ਦਾ ਸ਼ੁਕਰਗੁਜ਼ਾਰ ਕਰਨ ਲਈ ਉਸ ਨੂੰ ਭੇਟ ਚੜ੍ਹਾਉਂਦੇ ਸਨ, ਤਾਂ ਉਨ੍ਹਾਂ ਨੂੰ ਯਹੋਵਾਹ ਦੀ ਬਰਕਤ ਮਿਲਣ ਦਾ ਭਰੋਸਾ ਹੁੰਦਾ ਸੀ। ਹੈਕਲ ਬਾਰੇ ਹਿਜ਼ਕੀਏਲ ਦੇ ਦਰਸ਼ਨ ਵਿਚ ਇਸ ਨਾਲ ਰਲਦੇ-ਮਿਲਦੇ ਪ੍ਰਬੰਧ ਬਾਰੇ ਦੱਸਿਆ ਗਿਆ ਹੈ। ਅਸੀਂ ਪੜ੍ਹਦੇ ਹਾਂ: “ਸਾਰੀਆਂ ਚੀਜ਼ਾਂ ਦੇ ਪਹਿਲੇ ਫਲਾਂ ਦਾ ਪਹਿਲਾ ਹਿੱਸਾ ਅਤੇ ਤੁਹਾਡੀਆਂ ਸਾਰੀਆਂ ਚੁੱਕਣ ਵਾਲੀਆਂ ਭੇਟਾਂ ਵਿੱਚੋਂ ਹਰ ਚੀਜ਼ ਦੀ ਭੇਟ ਜਾਜਕ ਦੇ ਲਈ ਹੋਵੇਗੀ ਅਤੇ ਤੁਸੀਂ ਆਪਣੇ ਪਹਿਲੇ ਗੁੰਨ੍ਹੇ ਹੋਏ ਆਟੇ ਵਿੱਚੋਂ ਜਾਜਕ ਨੂੰ ਦੇਣਾ ਤਾਂ ਜੋ ਤੇਰੇ ਘਰ ਵਿੱਚ ਬਰਕਤ ਹੋਵੇ।”—ਹਿਜ਼ਕੀਏਲ 44:30.

9. ਯਹੋਵਾਹ ਨੇ ਸਿਲਾ ਚੁਗਣ ਦੇ ਪ੍ਰਬੰਧ ਰਾਹੀਂ ਕੀ ਸਿਖਾਇਆ ਸੀ?

9 ਤੀਜਾ, ਯਹੋਵਾਹ ਨੇ ਸਿਲਾ ਚੁਗਣ ਦਾ ਪ੍ਰਬੰਧ ਵੀ ਕੀਤਾ ਸੀ। ਯਹੋਵਾਹ ਨੇ ਕਿਹਾ: “ਜਿਸ ਵੇਲੇ ਤੁਸੀਂ ਆਪਣੀ ਧਰਤੀ ਦੀ ਵਾਢੀ ਕਰੋ ਤਾਂ ਤੂੰ ਮੂਲੋਂ ਆਪਣੀ ਪੈਲੀ ਦੀਆਂ ਨੁੱਕਰਾਂ ਦੀ ਵਾਢੀ ਨਾ ਕਰੀਂ, ਨਾ ਤੂੰ ਆਪਣੀ ਵਾਢੀ ਦਾ ਸਿਲਾ ਸਾਂਭੀਂ। ਅਤੇ ਤੂੰ ਆਪਣੇ ਦਾਖਾਂ ਦੇ ਬਾਗਾਂ ਦਾ ਸਿਲਾ ਨਾ ਚੁਗੀਂ, ਤੂੰ ਆਪਣੇ ਦਾਖਾਂ ਦੇ ਬਾਗਾਂ ਦੇ ਸਾਰੇ ਦਾਣੇ ਨਾ ਸਾਂਭੀਂ, ਤੂੰ ਕੰਗਾਲ ਅਤੇ ਓਪਰੇ ਦੇ ਲਈ ਛੱਡ ਦੇਈਂ। ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ।” (ਲੇਵੀਆਂ 19:9, 10) ਇਕ ਵਾਰ ਫਿਰ ਇਹ ਨਹੀਂ ਸੀ ਦੱਸਿਆ ਗਿਆ ਕਿ ਵਾਢੀ ਦਾ ਕਿੰਨਾ ਕੁ ਹਿੱਸਾ ਛੱਡਿਆ ਜਾਣਾ ਚਾਹੀਦਾ ਸੀ। ਇਹ ਹਰੇਕ ਇਸਰਾਏਲੀ ਦੀ ਆਪਣੀ ਮਰਜ਼ੀ ਸੀ ਕਿ ਉਸ ਨੇ ਲੋੜਵੰਦਾਂ ਲਈ ਕਿੰਨਾ ਛੱਡਣਾ ਸੀ। ਬੁੱਧਵਾਨ ਰਾਜਾ ਸੁਲੇਮਾਨ ਨੇ ਕਿਹਾ ਸੀ: “ਜਿਹੜਾ ਗਰੀਬਾਂ ਉੱਤੇ ਦਯਾ ਕਰਦਾ ਹੈ ਉਹ ਯਹੋਵਾਹ ਨੂੰ ਉਧਾਰ ਦਿੰਦਾ ਹੈ, ਅਤੇ ਉਹ ਉਸ ਨੂੰ ਉਸ ਦੀ ਕੀਤੀ ਦਾ ਫਲ ਦੇਵੇਗਾ।” (ਕਹਾਉਤਾਂ 19:17) ਇਸ ਤਰ੍ਹਾਂ ਯਹੋਵਾਹ ਨੇ ਇਸਰਾਏਲੀਆਂ ਨੂੰ ਗ਼ਰੀਬਾਂ ਉੱਪਰ ਦਇਆ ਕਰਨੀ ਸਿਖਾਈ।

10. ਜਦ ਇਸਰਾਏਲੀ ਨਾਸ਼ੁਕਰੇ ਬਣੇ, ਤਾਂ ਇਸ ਦਾ ਕੀ ਨਤੀਜਾ ਨਿਕਲਿਆ ਸੀ?

10 ਜਦ ਇਸਰਾਏਲੀ ਆਗਿਆਕਾਰਤਾ ਨਾਲ ਦਸਵੰਧ ਦਿੰਦੇ ਸਨ, ਸਵੈ-ਇੱਛਾ ਨਾਲ ਭੇਟਾਂ ਚੜ੍ਹਾਉਂਦੇ ਸਨ ਅਤੇ ਗ਼ਰੀਬਾਂ ਲਈ ਸਿਲਾ ਛੱਡਦੇ ਸਨ, ਤਾਂ ਯਹੋਵਾਹ ਉਨ੍ਹਾਂ ਨੂੰ ਬਰਕਤਾਂ ਦਿੰਦਾ ਸੀ। ਪਰ ਜਦੋਂ ਇਸਰਾਏਲੀ ਨਾਸ਼ੁਕਰੇ ਹੁੰਦੇ ਸਨ, ਤਾਂ ਉਨ੍ਹਾਂ ਉੱਤੇ ਯਹੋਵਾਹ ਦੀ ਕਿਰਪਾ ਨਹੀਂ ਹੁੰਦੀ ਸੀ। ਇਸ ਦੇ ਬਹੁਤ ਬੁਰੇ ਨਤੀਜੇ ਨਿਕਲੇ। ਅਖ਼ੀਰ ਵਿਚ ਉਨ੍ਹਾਂ ਨੂੰ ਆਪਣੇ ਦੇਸ਼ੋਂ ਲਿਜਾ ਕੇ ਬਾਬਲ ਦੇਸ਼ ਵਿਚ ਗ਼ੁਲਾਮ ਬਣਾਇਆ ਗਿਆ। (2 ਇਤਹਾਸ 36:17-21) ਤਾਂ ਫਿਰ ਇਸ ਤੋਂ ਅਸੀਂ ਕਿਹੜੇ ਸਬਕ ਸਿੱਖਦੇ ਹਾਂ?

ਯਹੋਵਾਹ ਦਾ ਧੰਨਵਾਦ ਕਰੋ

11. ਅਸੀਂ ਕਿਹੜੇ ਖ਼ਾਸ ਤਰੀਕੇ ਨਾਲ ਯਹੋਵਾਹ ਦਾ ਧੰਨਵਾਦ ਕਰ ਸਕਦੇ ਹਾਂ?

11 ਅੱਜ ਵੀ ਯਹੋਵਾਹ ਦੀ ਮਹਿਮਾ ਕਰਨ ਅਤੇ ਉਸ ਦਾ ਧੰਨਵਾਦ ਕਰਨ ਵਿਚ ਭੇਟ ਚੜ੍ਹਾਉਣੀ ਸ਼ਾਮਲ ਹੈ। ਇਹ ਸੱਚ ਹੈ ਕਿ ਸੱਚੇ ਮਸੀਹੀ ਮੂਸਾ ਦੀ ਬਿਵਸਥਾ ਦੇ ਅਧੀਨ ਨਹੀਂ ਹਨ ਅਤੇ ਉਨ੍ਹਾਂ ਤੋਂ ਜਾਨਵਰਾਂ ਜਾਂ ਅਨਾਜ ਦੀ ਭੇਟ ਚੜ੍ਹਾਉਣ ਦੀ ਮੰਗ ਨਹੀਂ ਕੀਤੀ ਜਾਂਦੀ। (ਕੁਲੁੱਸੀਆਂ 2:14) ਪਰ ਫਿਰ ਵੀ ਪੌਲੁਸ ਰਸੂਲ ਨੇ ਇਬਰਾਨੀ ਮਸੀਹੀਆਂ ਨੂੰ ਤਾਕੀਦ ਕੀਤੀ: “ਅਸੀਂ . . . ਉਸਤਤ ਦਾ ਬਲੀਦਾਨ ਅਰਥਾਤ ਉਨ੍ਹਾਂ ਬੁੱਲ੍ਹਾਂ ਦਾ ਫਲ ਜਿਹੜੇ ਉਹ ਦੇ ਨਾਮ ਨੂੰ ਮੰਨ ਲੈਂਦੇ ਹਨ ਪਰਮੇਸ਼ੁਰ ਦੇ ਅੱਗੇ ਸਦਾ ਚੜ੍ਹਾਇਆ ਕਰੀਏ।” (ਇਬਰਾਨੀਆਂ 13:15) ਜਦ ਅਸੀਂ ਆਪਣਾ ਸਮਾਂ, ਪੈਸਾ ਅਤੇ ਯੋਗਤਾਵਾਂ ਵਰਤ ਕੇ ਪ੍ਰਚਾਰ ਦੇ ਕੰਮ ਵਿਚ ਜਾਂ ਕਲੀਸਿਯਾ ਦੀਆਂ “ਸੰਗਤਾਂ” ਵਿਚ ਯਹੋਵਾਹ ਨੂੰ ਉਸਤਤ ਦਾ ਬਲੀਦਾਨ ਚੜ੍ਹਾਉਂਦੇ ਹਾਂ, ਤਾਂ ਅਸੀਂ ਆਪਣੇ ਸਵਰਗੀ ਪਿਤਾ ਯਹੋਵਾਹ ਪਰਮੇਸ਼ੁਰ ਦਾ ਦਿਲੋਂ ਧੰਨਵਾਦ ਕਰਦੇ ਹਾਂ। (ਜ਼ਬੂਰਾਂ ਦੀ ਪੋਥੀ 26:12) ਇਸਰਾਏਲੀਆਂ ਨੇ ਜਿਨ੍ਹਾਂ ਤਰੀਕਿਆਂ ਨਾਲ ਯਹੋਵਾਹ ਦਾ ਧੰਨਵਾਦ ਕਰਨਾ ਸੀ, ਉਸ ਤੋਂ ਅਸੀਂ ਕੀ ਸਿੱਖ ਸਕਦੇ ਹਾਂ?

12. ਮਸੀਹੀਆਂ ਵਜੋਂ ਆਪਣੀ ਜ਼ਿੰਮੇਵਾਰੀ ਪੂਰੀ ਕਰਨ ਦੇ ਸੰਬੰਧ ਵਿਚ ਅਸੀਂ ਦਸਵੰਧ ਦੇਣ ਦੇ ਪ੍ਰਬੰਧ ਤੋਂ ਕੀ ਸਿੱਖਦੇ ਹਾਂ?

12 ਅਸੀਂ ਦੇਖ ਚੁੱਕੇ ਹਾਂ ਕਿ ਦਸਵੰਧ ਦੇਣਾ ਲਾਜ਼ਮੀ ਸੀ ਅਤੇ ਹਰੇਕ ਇਸਰਾਏਲੀ ਦਾ ਫ਼ਰਜ਼ ਬਣਦਾ ਸੀ। ਮਸੀਹੀ ਹੋਣ ਦੇ ਨਾਤੇ, ਪ੍ਰਚਾਰ ਦੇ ਕੰਮ ਵਿਚ ਹਿੱਸਾ ਲੈਣਾ ਅਤੇ ਮਸੀਹੀ ਸਭਾਵਾਂ ਵਿਚ ਹਾਜ਼ਰ ਹੋਣਾ ਸਾਡਾ ਫ਼ਰਜ਼ ਹੈ। ਇਨ੍ਹਾਂ ਮਾਮਲਿਆਂ ਵਿਚ ਅਸੀਂ ਆਪਣੀ ਮੰਨ-ਮਰਜ਼ੀ ਨਹੀਂ ਕਰ ਸਕਦੇ। ਯਿਸੂ ਨੇ ਅੰਤ ਦੇ ਦਿਨਾਂ ਬਾਰੇ ਆਪਣੀ ਭਵਿੱਖਬਾਣੀ ਵਿਚ ਸਾਫ਼-ਸਾਫ਼ ਕਿਹਾ ਸੀ: “ਰਾਜ ਦੀ ਇਸ ਖ਼ੁਸ਼ ਖ਼ਬਰੀ ਦਾ ਪਰਚਾਰ ਸਾਰੀ ਦੁਨੀਆ ਵਿੱਚ ਕੀਤਾ ਜਾਵੇਗਾ ਜੋ ਸਭ ਕੌਮਾਂ ਉੱਤੇ ਸਾਖੀ ਹੋਵੇ ਤਦ ਅੰਤ ਆਵੇਗਾ।” (ਮੱਤੀ 24:14; 28:19, 20) ਮਸੀਹੀ ਸਭਾਵਾਂ ਦੇ ਸੰਬੰਧ ਵਿਚ ਪਰਮੇਸ਼ੁਰ ਨੇ ਪੌਲੁਸ ਰਸੂਲ ਨੂੰ ਲਿਖਣ ਲਈ ਪ੍ਰੇਰਿਆ: “ਪ੍ਰੇਮ ਅਰ ਸ਼ੁਭ ਕਰਮਾਂ ਲਈ ਉਭਾਰਨ ਨੂੰ ਅਸੀਂ ਇੱਕ ਦੂਏ ਦਾ ਧਿਆਨ ਰੱਖੀਏ। ਅਤੇ ਆਪਸ ਵਿੱਚੀਂ ਇਕੱਠੇ ਹੋਣ ਨੂੰ ਨਾ ਛੱਡੀਏ ਜਿਵੇਂ ਕਈਆਂ ਦਾ ਦਸਤੂਰ ਹੈ ਸਗੋਂ ਇੱਕ ਦੂਏ ਨੂੰ ਉਪਦੇਸ਼ ਕਰੀਏ ਅਤੇ ਇਹ ਉੱਨਾ ਹੀ ਵਧੀਕ ਹੋਵੇ ਜਿੰਨਾ ਤੁਸੀਂ ਵੇਖਦੇ ਹੋ ਭਈ ਉਹ ਦਿਨ ਨੇੜੇ ਆਉਂਦਾ ਹੈ।” (ਇਬਰਾਨੀਆਂ 10:24, 25) ਜਦ ਅਸੀਂ ਦੂਸਰਿਆਂ ਨੂੰ ਪ੍ਰਚਾਰ ਕਰਨ ਅਤੇ ਸਿਖਾਉਣ ਅਤੇ ਸਭਾਵਾਂ ਵਿਚ ਆਪਣੇ ਭਰਾਵਾਂ ਨਾਲ ਬਾਕਾਇਦਾ ਇਕੱਠੇ ਹੋਣ ਦੀ ਆਪਣੀ ਜ਼ਿੰਮੇਵਾਰੀ ਨੂੰ ਵੱਡਾ ਸਨਮਾਨ ਸਮਝ ਕੇ ਖ਼ੁਸ਼ੀ-ਖ਼ੁਸ਼ੀ ਪੂਰਾ ਕਰਦੇ ਹਾਂ, ਤਾਂ ਅਸੀਂ ਯਹੋਵਾਹ ਪ੍ਰਤੀ ਆਪਣੀ ਸ਼ੁਕਰਗੁਜ਼ਾਰੀ ਦਾ ਸਬੂਤ ਦਿੰਦੇ ਹਾਂ।

13. ਸਵੈ-ਇੱਛਾ ਨਾਲ ਭੇਟ ਚੜ੍ਹਾਉਣ ਅਤੇ ਸਿਲਾ ਚੁਗਣ ਦੇ ਪ੍ਰਬੰਧਾਂ ਤੋਂ ਅਸੀਂ ਕਿਹੜਾ ਸਬਕ ਸਿੱਖਦੇ ਹਾਂ?

13 ਯਹੋਵਾਹ ਦਾ ਧੰਨਵਾਦ ਕਰਨ ਵਾਸਤੇ ਇਸਰਾਏਲੀਆਂ ਲਈ ਕੀਤੇ ਦੂਸਰੇ ਦੋ ਪ੍ਰਬੰਧਾਂ ਵੱਲ ਧਿਆਨ ਦੇ ਕੇ ਵੀ ਅਸੀਂ ਕਾਫ਼ੀ ਲਾਭ ਹਾਸਲ ਕਰ ਸਕਦੇ ਹਾਂ। ਆਓ ਆਪਾਂ ਸਵੈ-ਇੱਛਾ ਨਾਲ ਭੇਟ ਚੜ੍ਹਾਉਣ ਅਤੇ ਸਿਲਾ ਚੁਗਣ ਦੇ ਪ੍ਰਬੰਧ ਵੱਲ ਧਿਆਨ ਦੇਈਏ। ਦਸਵੰਧ ਦੇਣ ਦੇ ਪ੍ਰਬੰਧ ਤੋਂ ਉਲਟ, ਸਵੈ-ਇੱਛਾ ਨਾਲ ਭੇਟ ਚੜ੍ਹਾਉਣ ਅਤੇ ਸਿਲਾ ਚੁਗਣ ਦੇ ਪ੍ਰਬੰਧਾਂ ਵਿਚ ਇਹ ਨਹੀਂ ਦੱਸਿਆ ਗਿਆ ਸੀ ਕਿ ਕਿੰਨਾ ਕੁ ਦਿੱਤਾ ਜਾਣਾ ਚਾਹੀਦਾ ਹੈ। ਇਸ ਦੀ ਬਜਾਇ, ਇਕ ਵਿਅਕਤੀ ਯਹੋਵਾਹ ਦੀ ਭਲਾਈ ਲਈ ਜਿੰਨਾ ਸ਼ੁਕਰਗੁਜ਼ਾਰ ਹੁੰਦਾ ਸੀ, ਉਹ ਉੱਨਾ ਹੀ ਜ਼ਿਆਦਾ ਦੇਣ ਲਈ ਪ੍ਰੇਰਿਤ ਹੁੰਦਾ ਸੀ। ਇਸੇ ਤਰ੍ਹਾਂ, ਭਾਵੇਂ ਕਿ ਪ੍ਰਚਾਰ ਦੇ ਕੰਮ ਵਿਚ ਹਿੱਸਾ ਲੈਣਾ ਅਤੇ ਮਸੀਹੀ ਸਭਾਵਾਂ ਵਿਚ ਬਾਕਾਇਦਾ ਹਾਜ਼ਰ ਹੋਣਾ ਯਹੋਵਾਹ ਦੇ ਹਰੇਕ ਸੇਵਕ ਦੀ ਜ਼ਿੰਮੇਵਾਰੀ ਹੈ, ਪਰ ਕੀ ਅਸੀਂ ਇਸ ਜ਼ਿੰਮੇਵਾਰੀ ਨੂੰ ਖ਼ੁਸ਼ੀ ਨਾਲ ਅਤੇ ਪੂਰੇ ਦਿਲ ਨਾਲ ਨਿਭਾਉਂਦੇ ਹਾਂ? ਕੀ ਅਸੀਂ ਇਨ੍ਹਾਂ ਨੂੰ ਯਹੋਵਾਹ ਦੀ ਸਾਰੀ ਭਲਾਈ ਲਈ ਉਸ ਦਾ ਦਿਲੋਂ ਧੰਨਵਾਦ ਕਰਨ ਦੇ ਮੌਕੇ ਸਮਝਦੇ ਹਾਂ? ਕੀ ਅਸੀਂ ਆਪਣੇ ਹਾਲਾਤਾਂ ਦੇ ਮੁਤਾਬਕ ਇਨ੍ਹਾਂ ਕੰਮਾਂ ਵਿਚ ਜ਼ਿਆਦਾ ਤੋਂ ਜ਼ਿਆਦਾ ਹਿੱਸਾ ਲੈਂਦੇ ਹਾਂ? ਜਾਂ ਕੀ ਅਸੀਂ ਸਿਰਫ਼ ਫ਼ਰਜ਼ ਪੂਰਾ ਕਰਨ ਲਈ ਹੀ ਇਹ ਕੰਮ ਕਰਦੇ ਹਾਂ? ਇਨ੍ਹਾਂ ਸਵਾਲਾਂ ਦੇ ਜਵਾਬ ਸਾਨੂੰ ਆਪ ਹੀ ਦੇਣੇ ਪੈਣਗੇ। ਪੌਲੁਸ ਰਸੂਲ ਨੇ ਇਸ ਬਾਰੇ ਲਿਖਿਆ: “ਹਰੇਕ ਆਪਣੇ ਹੀ ਕੰਮ ਨੂੰ ਪਰਖੇ ਤਦ ਉਹ ਨੂੰ ਨਿਰੇ ਆਪਣੀ ਹੀ ਵੱਲ, ਨਾ ਦੂਏ ਦੀ ਵੱਲ ਅਭਮਾਨ ਪਰਾਪਤ ਹੋਵੇਗਾ।”—ਗਲਾਤੀਆਂ 6:4.

14. ਯਹੋਵਾਹ ਦੀ ਸੇਵਾ ਕਰਨ ਦੇ ਸੰਬੰਧ ਵਿਚ ਉਹ ਸਾਡੇ ਤੋਂ ਕਿਸ ਗੱਲ ਦੀ ਆਸ ਰੱਖਦਾ ਹੈ?

14 ਯਹੋਵਾਹ ਪਰਮੇਸ਼ੁਰ ਸਾਡੇ ਹਾਲਾਤਾਂ ਨੂੰ ਅੱਛੀ ਤਰ੍ਹਾਂ ਜਾਣਦਾ ਹੈ। ਉਹ ਜਾਣਦਾ ਹੈ ਕਿ ਅਸੀਂ ਉਸ ਦੀ ਸੇਵਾ ਵਿਚ ਕਿੰਨਾ ਕੁ ਕਰ ਸਕਦੇ ਹਾਂ। ਉਹ ਸਾਡੀਆਂ ਦਿਲੋਂ ਦਿੱਤੀਆਂ ਬਲੀਆਂ ਦੀ ਬਹੁਤ ਕਦਰ ਕਰਦਾ ਹੈ, ਚਾਹੇ ਇਹ ਛੋਟੀਆਂ ਹੋਣ ਜਾਂ ਵੱਡੀਆਂ। ਉਹ ਸਾਡੇ ਤੋਂ ਇਹ ਆਸ ਨਹੀਂ ਰੱਖਦਾ ਕਿ ਅਸੀਂ ਵੀ ਉੱਨਾ ਹੀ ਕਰੀਏ ਜਿੰਨਾ ਦੂਸਰੇ ਕਰਦੇ ਹਨ। ਸਾਡੇ ਸਾਰਿਆਂ ਦੇ ਹਾਲਾਤ ਵੱਖੋ-ਵੱਖਰੇ ਹਨ ਜਿਸ ਕਰਕੇ ਕੁਝ ਜ਼ਿਆਦਾ ਕਰ ਸਕਦੇ ਹਨ ਤੇ ਦੂਸਰੇ ਘੱਟ। ਦਾਨ ਦੇਣ ਬਾਰੇ ਗੱਲ ਕਰਦੇ ਹੋਏ ਪੌਲੁਸ ਰਸੂਲ ਨੇ ਕੁਰਿੰਥੁਸ ਦੇ ਮਸੀਹੀਆਂ ਨੂੰ ਕਿਹਾ: “ਜੇ ਮਨ ਦੀ ਤਿਆਰੀ ਅੱਗੇ ਹੋਵੇ ਤਾਂ ਉਹ ਉਸ ਦੇ ਅਨੁਸਾਰ ਜੋ ਕਿਸੇ ਕੋਲ ਹੈ ਪਰਵਾਨ ਹੁੰਦੀ ਹੈ ਨਾ ਉਸ ਦੇ ਅਨੁਸਾਰ ਜੋ ਉਸ ਦੇ ਕੋਲ ਨਹੀਂ ਹੈ।” (2 ਕੁਰਿੰਥੀਆਂ 8:12) ਇਹ ਸਿਧਾਂਤ ਸਾਡੀ ਸੇਵਾ ਤੇ ਵੀ ਵਧੀਆ ਤਰੀਕੇ ਨਾਲ ਲਾਗੂ ਹੁੰਦਾ ਹੈ। ਯਹੋਵਾਹ ਸਾਡੀ ਸੇਵਾ ਕਬੂਲ ਕਰੇਗਾ ਜਾਂ ਨਹੀਂ, ਇਹ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਅਸੀਂ ਕਿਸ ਰਵੱਈਏ ਨਾਲ ਸੇਵਾ ਕਰਦੇ ਹਾਂ, ਨਾ ਕਿ ਅਸੀਂ ਕਿੰਨੀ ਸੇਵਾ ਕਰਦੇ ਹਾਂ। ਸਾਨੂੰ ਖ਼ੁਸ਼ੀ ਨਾਲ ਅਤੇ ਪੂਰੇ ਦਿਲ ਨਾਲ ਯਹੋਵਾਹ ਦੀ ਸੇਵਾ ਕਰਨੀ ਚਾਹੀਦੀ ਹੈ।—ਜ਼ਬੂਰਾਂ ਦੀ ਪੋਥੀ 100:1-5; ਕੁਲੁੱਸੀਆਂ 3:23.

ਪਾਇਨੀਅਰਾਂ ਵਰਗਾ ਜੋਸ਼ ਦਿਖਾਓ

15, 16. (ੳ) ਪਾਇਨੀਅਰ ਸੇਵਾ ਦਾ ਯਹੋਵਾਹ ਦਾ ਧੰਨਵਾਦ ਕਰਨ ਨਾਲ ਕੀ ਸੰਬੰਧ ਹੈ? (ਅ) ਜਿਹੜੇ ਭੈਣ-ਭਰਾ ਪਾਇਨੀਅਰੀ ਨਹੀਂ ਕਰ ਸਕਦੇ, ਉਹ ਪਾਇਨੀਅਰਾਂ ਵਰਗਾ ਜੋਸ਼ ਕਿਵੇਂ ਦਿਖਾ ਸਕਦੇ ਹਨ?

15 ਆਪਣਾ ਪੂਰਾ ਸਮਾਂ ਯਹੋਵਾਹ ਦੀ ਸੇਵਾ ਵਿਚ ਲਾਉਣਾ ਯਹੋਵਾਹ ਦਾ ਧੰਨਵਾਦ ਕਰਨ ਦਾ ਇਕ ਵਧੀਆ ਤਰੀਕਾ ਹੈ। ਯਹੋਵਾਹ ਲਈ ਆਪਣੇ ਪ੍ਰੇਮ ਤੋਂ ਪ੍ਰੇਰਿਤ ਹੋ ਕੇ ਅਤੇ ਉਸ ਦੀ ਵੱਡੀ ਕਿਰਪਾ ਦੀ ਕਦਰ ਕਰਦੇ ਹੋਏ ਯਹੋਵਾਹ ਦੇ ਕਈ ਸੇਵਕਾਂ ਨੇ ਉਸ ਦੀ ਸੇਵਾ ਵਿਚ ਹੋਰ ਸਮਾਂ ਬਿਤਾਉਣ ਦਾ ਫ਼ੈਸਲਾ ਕੀਤਾ ਹੈ ਅਤੇ ਆਪਣੀਆਂ ਜ਼ਿੰਦਗੀਆਂ ਵਿਚ ਵੱਡੀਆਂ ਤਬਦੀਲੀਆਂ ਕੀਤੀਆਂ ਹਨ। ਕਈ ਨਿਯਮਿਤ ਪਾਇਨੀਅਰਾਂ ਦੇ ਤੌਰ ਤੇ ਸੇਵਾ ਕਰਦੇ ਹਨ ਅਤੇ ਲੋਕਾਂ ਨੂੰ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਸੁਣਾਉਣ ਅਤੇ ਉਨ੍ਹਾਂ ਨੂੰ ਸੱਚਾਈ ਸਿਖਾਉਣ ਵਿਚ ਹਰ ਮਹੀਨੇ 70 ਘੰਟੇ ਲਾਉਂਦੇ ਹਨ। ਦੂਸਰੇ ਗਵਾਹ ਆਪਣੇ ਹਾਲਾਤਾਂ ਮੁਤਾਬਕ ਸਮੇਂ-ਸਮੇਂ ਤੇ ਸਹਿਯੋਗੀ ਪਾਈਨੀਅਰੀ ਕਰਦੇ ਹਨ ਅਤੇ ਹਰ ਮਹੀਨੇ ਪ੍ਰਚਾਰ ਵਿਚ 50 ਘੰਟੇ ਬਿਤਾਉਂਦੇ ਹਨ।

16 ਪਰ ਯਹੋਵਾਹ ਦੇ ਉਨ੍ਹਾਂ ਸੇਵਕਾਂ ਬਾਰੇ ਕੀ ਜਿਨ੍ਹਾਂ ਲਈ ਨਿਯਮਿਤ ਜਾਂ ਸਹਿਯੋਗੀ ਪਾਇਨੀਅਰੀ ਕਰਨੀ ਨਾਮੁਮਕਿਨ ਹੈ? ਉਹ ਪਾਇਨੀਅਰਾਂ ਵਰਗਾ ਜੋਸ਼ ਦਿਖਾ ਕੇ ਯਹੋਵਾਹ ਦਾ ਧੰਨਵਾਦ ਕਰ ਸਕਦੇ ਹਨ। ਇਹ ਕਿਵੇਂ? ਉਹ ਪਾਇਨੀਅਰਾਂ ਦਾ ਹੌਸਲਾ ਵਧਾਉਂਦੇ ਹਨ। ਉਹ ਆਪਣੇ ਬੱਚਿਆਂ ਵਿਚ ਪਾਇਨੀਅਰੀ ਕਰਨ ਦੀ ਇੱਛਾ ਪੈਦਾ ਕਰਨ ਦੀ ਕੋਸ਼ਿਸ਼ ਕਰਦੇ ਹਨ ਅਤੇ ਆਪ ਵੀ ਹਾਲਾਤਾਂ ਮੁਤਾਬਕ ਜੋਸ਼ ਨਾਲ ਪ੍ਰਚਾਰ ਕਰਦੇ ਹਨ। ਅਸਲ ਵਿਚ ਅਸੀਂ ਸੇਵਕਾਈ ਵਿਚ ਜਿੰਨੀ ਮਿਹਨਤ ਕਰਦੇ ਹਾਂ ਉਸ ਤੋਂ ਪਤਾ ਲੱਗਦਾ ਹੈ ਕਿ ਸਾਡੇ ਦਿਲਾਂ ਵਿਚ ਯਹੋਵਾਹ ਲਈ ਕਿੰਨੀ ਕਦਰ ਹੈ। ਯਹੋਵਾਹ ਨੇ ਸਾਡੇ ਲਈ ਜੋ ਕੁਝ ਕੀਤਾ ਹੈ, ਅਜੇ ਕਰ ਰਿਹਾ ਹੈ ਅਤੇ ਜੋ ਉਹ ਕਰਨ ਜਾ ਰਿਹਾ ਹੈ, ਕੀ ਅਸੀਂ ਇਸ ਦੀ ਗਹਿਰੀ ਕਦਰ ਕਰਦੇ ਹਾਂ?

ਆਪਣੇ “ਮਾਲ” ਨਾਲ ਯਹੋਵਾਹ ਦਾ ਧੰਨਵਾਦ ਕਰੋ

17, 18. (ੳ) ਅਸੀਂ ਆਪਣੇ “ਮਾਲ” ਨਾਲ ਯਹੋਵਾਹ ਦਾ ਧੰਨਵਾਦ ਕਿਵੇਂ ਕਰ ਸਕਦੇ ਹਾਂ? (ਅ) ਯਿਸੂ ਨੇ ਕੰਗਾਲ ਵਿਧਵਾ ਦੇ ਦਾਨ ਬਾਰੇ ਕੀ ਕਿਹਾ ਸੀ ਅਤੇ ਕਿਉਂ?

17ਕਹਾਉਤਾਂ 3:9 ਵਿਚ ਲਿਖਿਆ ਹੈ: “ਆਪਣਾ ਮਾਲ ਅਤੇ ਆਪਣੀ ਸਾਰੀ ਪੈਦਾਵਾਰ ਦੇ ਪਹਿਲੇ ਫਲ ਨਾਲ ਯਹੋਵਾਹ ਦੀ ਮਹਿਮਾ ਕਰ।” ਅੱਜ ਯਹੋਵਾਹ ਦੇ ਸੇਵਕਾਂ ਤੋਂ ਦਸਵੰਧ ਦੇਣ ਦੀ ਮੰਗ ਨਹੀਂ ਕੀਤੀ ਜਾਂਦੀ। ਪਰ ਅਸੀਂ ਕੁਰਿੰਥੁਸ ਦੀ ਕਲੀਸਿਯਾ ਨੂੰ ਦਿੱਤੀ ਗਈ ਪੌਲੁਸ ਦੀ ਸਲਾਹ ਉੱਤੇ ਚੱਲਦੇ ਹਾਂ: “ਹਰੇਕ ਜਿਵੇਂ ਉਹ ਨੇ ਦਿਲ ਵਿੱਚ ਧਾਰਿਆ ਹੈ ਤਿਵੇਂ ਕਰੇ, ਰੰਜ ਨਾਲ ਅਥਵਾ ਲਚਾਰੀ ਨਾਲ ਨਹੀਂ ਕਿਉਂ ਜੋ ਪਰਮੇਸ਼ੁਰ ਖੁਸ਼ੀ ਨਾਲ ਦੇਣ ਵਾਲੇ ਨੂੰ ਪਿਆਰ ਕਰਦਾ ਹੈ।” (2 ਕੁਰਿੰਥੀਆਂ 9:7) ਅਸੀਂ ਦੁਨੀਆਂ ਭਰ ਵਿਚ ਕੀਤੇ ਜਾ ਰਹੇ ਰਾਜ ਦੇ ਪ੍ਰਚਾਰ ਦੇ ਕੰਮ ਲਈ ਦਾਨ ਦੇ ਕੇ ਦਿਖਾਉਂਦੇ ਹਾਂ ਕਿ ਅਸੀਂ ਸੱਚ-ਮੁੱਚ ਯਹੋਵਾਹ ਦੇ ਧੰਨਵਾਦੀ ਹਾਂ। ਯਹੋਵਾਹ ਦੇ ਪ੍ਰਬੰਧਾਂ ਲਈ ਡੂੰਘੀ ਕਦਰ ਸਾਨੂੰ ਬਾਕਾਇਦਾ ਦਾਨ ਕਰਨ ਲਈ ਪ੍ਰੇਰਦੀ ਹੈ। ਅਸੀਂ ਸ਼ਾਇਦ ਹਰ ਹਫ਼ਤੇ ਕੁਝ ਦਾਨ ਕਰਨ ਲਈ ਪੈਸਾ ਵੱਖਰਾ ਰੱਖ ਸਕਦੇ ਹਾਂ ਜਿਵੇਂ ਮੁਢਲੇ ਮਸੀਹੀ ਕਰਦੇ ਸਨ।—1 ਕੁਰਿੰਥੀਆਂ 16:1, 2.

18 ਯਹੋਵਾਹ ਲਈ ਸਾਡੀ ਕਦਰ ਇਸ ਤੋਂ ਨਹੀਂ ਮਾਪੀ ਜਾਂਦੀ ਕਿ ਅਸੀਂ ਕਿੰਨਾ ਦਾਨ ਕਰਦੇ ਹਾਂ, ਸਗੋਂ ਇਸ ਗੱਲ ਤੋਂ ਮਾਪੀ ਜਾਂਦੀ ਹੈ ਕਿ ਅਸੀਂ ਕਿਸ ਰਵੱਈਏ ਨਾਲ ਦਾਨ ਦਿੰਦੇ ਹਾਂ। ਯਿਸੂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਸੀ ਜਦ ਉਸ ਨੇ ਲੋਕਾਂ ਨੂੰ ਹੈਕਲ ਦੇ ਖ਼ਜ਼ਾਨੇ ਵਿਚ ਪੈਸੇ ਪਾਉਂਦੇ ਦੇਖਿਆ ਸੀ। ਜਦ ਉਸ ਨੇ ਇਕ ਕੰਗਾਲ ਵਿਧਵਾ ਨੂੰ “ਦੋ ਦਮੜੀਆਂ” ਪਾਉਂਦੇ ਦੇਖਿਆ, ਤਾਂ ਉਸ ਨੇ ਕਿਹਾ: “ਮੈਂ ਤੁਹਾਨੂੰ ਸਤ ਆਖਦਾ ਹਾਂ ਭਈ ਇਸ ਕੰਗਾਲ ਵਿਧਵਾ ਨੇ ਉਨ੍ਹਾਂ ਸਭਨਾਂ ਨਾਲੋਂ ਬਹੁਤਾ ਪਾ ਦਿੱਤਾ ਹੈ। ਕਿਉਂ ਜੋ ਉਨ੍ਹਾਂ ਸਭਨਾਂ ਨੇ ਆਪਣੇ ਵਾਫ਼ਰ ਮਾਲ ਤੋਂ ਕੁਝ ਦਾਨ ਪਾਇਆ ਪਰ ਇਹ ਨੇ ਆਪਣੀ ਥੁੜ ਵਿੱਚੋਂ ਸਾਰੀ ਪੂੰਜੀ ਜੋ ਇਹ ਦੀ ਸੀ ਪਾ ਦਿੱਤੀ।”—ਲੂਕਾ 21:1-4.

19. ਯਹੋਵਾਹ ਦਾ ਧੰਨਵਾਦ ਕਰਨ ਦੇ ਸੰਬੰਧ ਵਿਚ ਸਾਨੂੰ ਮੁੜ ਆਪਣੀ ਜਾਂਚ ਕਿਉਂ ਕਰਨੀ ਚਾਹੀਦੀ ਹੈ?

19 ਇਸ ਲੇਖ ਵਿਚ ਯਹੋਵਾਹ ਦਾ ਧੰਨਵਾਦ ਕਰਨ ਦੇ ਤਰੀਕਿਆਂ ਬਾਰੇ ਚਰਚਾ ਕਰਨ ਤੋਂ ਬਾਅਦ ਸਾਨੂੰ ਮੁੜ ਆਪਣੀ ਜਾਂਚ ਕਰਨੀ ਚਾਹੀਦੀ ਹੈ। ਕੀ ਅਸੀਂ ਯਹੋਵਾਹ ਨੂੰ ਉਸਤਤ ਦਾ ਬਲੀਦਾਨ ਚੜ੍ਹਾਉਣ ਵਿਚ ਹੋਰ ਮਿਹਨਤ ਕਰ ਸਕਦੇ ਹਾਂ? ਕੀ ਅਸੀਂ ਦੁਨੀਆਂ ਭਰ ਵਿਚ ਕੀਤੇ ਜਾ ਰਹੇ ਪ੍ਰਚਾਰ ਦੇ ਕੰਮ ਲਈ ਹੋਰ ਜ਼ਿਆਦਾ ਚੰਦਾ ਦੇ ਸਕਦੇ ਹਾਂ? ਜੇ ਅਸੀਂ ਯਹੋਵਾਹ ਦਾ ਧੰਨਵਾਦ ਕਰਦੇ ਹੋਏ ਪੂਰੇ ਦਿਲ ਨਾਲ ਇਸ ਤਰ੍ਹਾਂ ਕਰਾਂਗੇ, ਤਾਂ ਅਸੀਂ ਪੱਕੀ ਉਮੀਦ ਰੱਖ ਸਕਦੇ ਹਾਂ ਕਿ ਸਾਡਾ ਖੁੱਲ੍ਹ-ਦਿਲਾ ਪਿਤਾ ਯਹੋਵਾਹ ਸਾਡੇ ਬਲੀਦਾਨਾਂ ਤੋਂ ਬਹੁਤ ਖ਼ੁਸ਼ ਹੋਵੇਗਾ।

ਕੀ ਤੁਹਾਨੂੰ ਯਾਦ ਹੈ?

• ਸਾਨੂੰ ਕਿਨ੍ਹਾਂ ਕਾਰਨਾਂ ਕਰਕੇ ਯਹੋਵਾਹ ਦੇ ਧੰਨਵਾਦੀ ਹੋਣਾ ਚਾਹੀਦਾ ਹੈ?

• ਅਸੀਂ ਦਸਵੰਧ ਦੇਣ, ਸਵੈ-ਇੱਛਾ ਨਾਲ ਭੇਟ ਚੜ੍ਹਾਉਣ ਅਤੇ ਸਿਲਾ ਚੁਗਣ ਦੇ ਪ੍ਰਬੰਧਾਂ ਤੋਂ ਕਿਹੜੇ ਸਬਕ ਸਿੱਖਦੇ ਹਾਂ?

• ਅਸੀਂ ਪਾਇਨੀਅਰਾਂ ਵਰਗਾ ਜੋਸ਼ ਕਿਵੇਂ ਦਿਖਾ ਸਕਦੇ ਹਾਂ?

• ਅਸੀਂ ਆਪਣੇ “ਮਾਲ” ਨਾਲ ਯਹੋਵਾਹ ਦਾ ਧੰਨਵਾਦ ਕਿਵੇਂ ਕਰ ਸਕਦੇ ਹਾਂ?

[ਸਵਾਲ]

[ਸਫ਼ੇ 15 ਉੱਤੇ ਤਸਵੀਰ]

“ਹਰੇਕ ਚੰਗਾ ਦਾਨ ਅਤੇ ਹਰੇਕ ਪੂਰਨ ਦਾਤ ਉਤਾਹਾਂ ਤੋਂ ਹੈ”

[ਸਫ਼ੇ 16 ਉੱਤੇ ਤਸਵੀਰ]

ਇਸ ਤਸਵੀਰ ਮੁਤਾਬਕ ਅਸੀਂ ਮੂਸਾ ਦੀ ਬਿਵਸਥਾ ਤੋਂ ਕਿਹੜੇ ਤਿੰਨ ਸਬਕ ਸਿੱਖਦੇ ਹਾਂ?

[ਸਫ਼ੇ 18 ਉੱਤੇ ਤਸਵੀਰ]

ਅਸੀਂ ਕਿਨ੍ਹਾਂ ਤਰੀਕਿਆਂ ਨਾਲ ਬਲੀਦਾਨ ਚੜ੍ਹਾ ਸਕਦੇ ਹਾਂ?