Skip to content

Skip to table of contents

ਪਾਠਕਾਂ ਵੱਲੋਂ ਸਵਾਲ

ਪਾਠਕਾਂ ਵੱਲੋਂ ਸਵਾਲ

ਪਾਠਕਾਂ ਵੱਲੋਂ ਸਵਾਲ

ਇਸ ਦਾ ਕੀ ਮਤਲਬ ਹੈ ਕਿ ਯਰੂਸ਼ਲਮ ਦੀ ਘੇਰਾਬੰਦੀ ਅਤੇ ਨਾਸ਼ ਦੌਰਾਨ ਹਿਜ਼ਕੀਏਲ “ਗੁੰਗਾ” ਹੋ ਗਿਆ ਸੀ?

ਇੱਥੇ ਇਸ ਦਾ ਅਰਥ ਇਹ ਹੈ ਕਿ ਯਹੋਵਾਹ ਵੱਲੋਂ ਜੋ ਭਵਿੱਖਬਾਣੀ ਹਿਜ਼ਕੀਏਲ ਕਰ ਚੁੱਕਾ ਸੀ, ਉਸ ਨੂੰ ਉਸ ਦੇ ਸੰਬੰਧ ਵਿਚ ਹੋਰ ਕੁਝ ਕਹਿਣ ਦੀ ਲੋੜ ਨਹੀਂ ਸੀ।

ਹਿਜ਼ਕੀਏਲ ਨਬੀ ਨੇ ਬਾਬਲ ਵਿਚ ਗ਼ੁਲਾਮ ਇਸਰਾਏਲੀਆਂ ਲਈ ਇਕ ਵਫ਼ਾਦਾਰ ਰਾਖੇ ਵਜੋਂ ਆਪਣੀ ਸੇਵਾ “ਯਹੋਯਾਕੀਨ ਪਾਤਸ਼ਾਹ ਦੀ ਅਸੀਰੀ ਦੇ ਪੰਜਵੇਂ ਵਰ੍ਹੇ” ਯਾਨੀ 613 ਸਾ.ਯੁ.ਪੂ. ਵਿਚ ਸ਼ੁਰੂ ਕੀਤੀ ਸੀ। (ਹਿਜ਼ਕੀਏਲ 1:2, 3) ਫਿਰ 609 ਸਾ.ਯੁ.ਪੂ. ਦੇ ਦਸਵੇਂ ਮਹੀਨੇ ਦੀ ਦਸਵੀਂ ਤਾਰੀਖ਼ ਨੂੰ ਯਹੋਵਾਹ ਨੇ ਹਿਜ਼ਕੀਏਲ ਨੂੰ ਖ਼ਬਰ ਦਿੱਤੀ ਕਿ ਬਾਬਲੀਆਂ ਨੇ ਯਰੂਸ਼ਲਮ ਨੂੰ ਘੇਰਾ ਪਾ ਲਿਆ ਸੀ। (ਹਿਜ਼ਕੀਏਲ 24:1, 2) ਇਸ ਘੇਰੇ ਦਾ ਨਤੀਜਾ ਕੀ ਨਿਕਲਣਾ ਸੀ? ਕੀ ਯਰੂਸ਼ਲਮ ਅਤੇ ਉਸ ਦੇ ਬੇਵਫ਼ਾ ਵਾਸੀਆਂ ਨੇ ਨਾਸ਼ ਹੋਣ ਤੋਂ ਬਚ ਜਾਣਾ ਸੀ? ਇਕ ਰਾਖਾ ਹੋਣ ਦੇ ਨਾਤੇ, ਹਿਜ਼ਕੀਏਲ ਪਹਿਲਾਂ ਹੀ ਯਹੋਵਾਹ ਵੱਲੋਂ ਸੰਦੇਸ਼ ਦੇ ਚੁੱਕਾ ਸੀ ਕਿ ਯਰੂਸ਼ਲਮ ਨਾਸ਼ ਕਰ ਦਿੱਤਾ ਜਾਵੇਗਾ। ਇਸ ਲਈ ਉਸ ਨੂੰ ਹੋਰ ਕੁਝ ਕਹਿਣ ਦੀ ਲੋੜ ਨਹੀਂ ਸੀ ਕਿਉਂਕਿ ਇਹ ਸੰਦੇਸ਼ ਸੱਚਾ ਸੀ ਤੇ ਪੂਰਾ ਹੋ ਕੇ ਹੀ ਰਹਿਣਾ ਸੀ। ਇਸ ਲਈ, ਹਿਜ਼ਕੀਏਲ ਇਸ ਅਰਥ ਵਿਚ ਗੁੰਗਾ ਹੋ ਗਿਆ ਕਿ ਉਸ ਨੇ ਯਰੂਸ਼ਲਮ ਦੀ ਘੇਰਾਬੰਦੀ ਬਾਰੇ ਅੱਗੇ ਹੋਰ ਕੋਈ ਗੱਲ ਨਹੀਂ ਕਹੀ ਸੀ।—ਹਿਜ਼ਕੀਏਲ 24:25-27.

ਸੰਨ 607 ਸਾ.ਯੁ.ਪੂ. ਵਿਚ ਯਰੂਸ਼ਲਮ ਦੇ ਨਾਸ਼ ਤੋਂ ਲਗਭਗ ਛੇ ਮਹੀਨੇ ਬਾਅਦ, ਯਰੂਸ਼ਲਮ ਵਿੱਚੋਂ ਬਚ ਕੇ ਨਿਕਲੇ ਇਕ ਬੰਦੇ ਨੇ ਬਾਬਲ ਵਿਚ ਆ ਕੇ ਹਿਜ਼ਕੀਏਲ ਨੂੰ ਉਸ ਪਵਿੱਤਰ ਸ਼ਹਿਰ ਦੀ ਤਬਾਹੀ ਬਾਰੇ ਦੱਸਿਆ। ਉਸ ਬੰਦੇ ਦੇ ਆਉਣ ਤੋਂ ਇਕ ਸ਼ਾਮ ਪਹਿਲਾਂ, ਯਹੋਵਾਹ ਨੇ ਹਿਜ਼ਕੀਏਲ ਦਾ “ਮੂੰਹ ਖੋਲ੍ਹ ਦਿੱਤਾ . . . ਅਤੇ ਫੇਰ [ਉਹ] ਗੁੰਗਾ ਨਾ ਰਿਹਾ।” (ਹਿਜ਼ਕੀਏਲ 33:22) ਇਸ ਤਰ੍ਹਾਂ ਯਹੋਵਾਹ ਨੇ ਹਿਜ਼ਕੀਏਲ ਦੀ ਖਾਮੋਸ਼ੀ ਤੋੜ ਦਿੱਤੀ।

ਕੀ ਉਸ ਸਮੇਂ ਹਿਜ਼ਕੀਏਲ ਸੱਚ-ਮੁੱਚ ਗੁੰਗਾ ਸੀ? ਨਹੀਂ, ਕਿਉਂਕਿ “ਗੁੰਗਾ” ਹੋਣ ਤੋਂ ਬਾਅਦ ਵੀ ਉਸ ਨੇ ਯਰੂਸ਼ਲਮ ਦੇ ਨਾਸ਼ ਉੱਤੇ ਖ਼ੁਸ਼ੀ ਮਨਾਉਣ ਵਾਲੀਆਂ ਆਲੇ-ਦੁਆਲੇ ਦੀਆਂ ਕੌਮਾਂ ਬਾਰੇ ਭਵਿੱਖਬਾਣੀਆਂ ਕੀਤੀਆਂ ਸਨ। (ਹਿਜ਼ਕੀਏਲ ਦੇ 25-32 ਅਧਿਆਇ) ਜਦ ਹਿਜ਼ਕੀਏਲ ਨਬੀ ਅਤੇ ਰਾਖਾ ਬਣਿਆ ਸੀ, ਤਾਂ ਯਹੋਵਾਹ ਨੇ ਉਸ ਨੂੰ ਕਿਹਾ: “ਮੈਂ ਤੇਰੀ ਜੀਭ ਤੇਰੇ ਤਾਲੂ ਨਾਲ ਜੋੜ ਦਿਆਂਗਾ ਕਿ ਤੂੰ ਗੁੰਗਾ ਹੋ ਜਾਵੇਂ ਅਤੇ ਉਨ੍ਹਾਂ ਨੂੰ ਤਾੜਨਾ ਨਾ ਦੇ ਸੱਕੇਂ ਕਿਉਂ ਜੋ ਉਹ ਆਕੀ ਘਰਾਣਾ ਹੈ। ਪਰ ਜਦੋਂ ਮੈਂ ਤੇਰੇ ਨਾਲ ਗੱਲਾਂ ਕਰਾਂਗਾ ਤਾਂ ਤੇਰਾ ਮੂੰਹ ਖੋਲ੍ਹਾਂਗਾ।” (ਹਿਜ਼ਕੀਏਲ 3:26, 27) ਜਦੋਂ ਯਹੋਵਾਹ ਵੱਲੋਂ ਇਸਰਾਏਲੀਆਂ ਲਈ ਕੋਈ ਸੰਦੇਸ਼ ਨਹੀਂ ਆਇਆ, ਤਾਂ ਹਿਜ਼ਕੀਏਲ ਚੁੱਪ ਰਿਹਾ ਸੀ। ਹਿਜ਼ਕੀਏਲ ਨੇ ਸਿਰਫ਼ ਉਦੋਂ ਬੋਲਣਾ ਸੀ ਜਦੋਂ ਯਹੋਵਾਹ ਚਾਹੁੰਦਾ ਸੀ ਕਿ ਹਿਜ਼ਕੀਏਲ ਬੋਲੇ। ਹਿਜ਼ਕੀਏਲ ਦੇ ਗੁੰਗੇ ਹੋਣ ਦਾ ਮਤਲਬ ਇਹ ਸੀ ਕਿ ਉਸ ਨੇ ਇਸਰਾਏਲੀਆਂ ਬਾਰੇ ਕੋਈ ਹੋਰ ਭਵਿੱਖਬਾਣੀ ਨਹੀਂ ਕੀਤੀ ਸੀ।

ਅੱਜ ਮਸਹ ਕੀਤੇ ਹੋਏ ਮਸੀਹੀ ਇਕ ਰਾਖਾ ਵਰਗ ਹੋਣ ਦੇ ਨਾਤੇ ਈਸਾਈ-ਜਗਤ ਦੇ ਨਾਸ਼ ਦੀ ਚੇਤਾਵਨੀ ਦੇ ਰਹੇ ਹਨ। ਈਸਾਈ-ਜਗਤ ਨੂੰ ਅੱਜ ਦੇ ਯਰੂਸ਼ਲਮ ਦੇ ਤੌਰ ਤੇ ਦਰਸਾਇਆ ਗਿਆ ਹੈ। ਜਦੋਂ ‘ਵੱਡੇ ਕਸ਼ਟ’ ਦੌਰਾਨ ‘ਬਾਬੁਲ ਦੀ ਵੱਡੀ ਨਗਰੀ’ ਮਤਲਬ ਸਾਰੇ ਝੂਠੇ ਧਰਮਾਂ ਦਾ ਨਾਸ਼ ਕੀਤਾ ਜਾਵੇਗਾ, ਤਾਂ ਮਸਹ ਕੀਤੇ ਹੋਏ ਹਿਜ਼ਕੀਏਲ ਵਰਗ ਨੂੰ ਈਸਾਈ-ਜਗਤ ਦੇ ਅੰਤ ਬਾਰੇ ਹੋਰ ਕੁਝ ਕਹਿਣ ਦੀ ਲੋੜ ਨਹੀਂ ਪਵੇਗੀ ਜੋ ਕਿ ਉਸ ਨਗਰੀ ਦਾ ਵੱਡਾ ਹਿੱਸਾ ਹੈ।—ਮੱਤੀ 24:21; ਪਰਕਾਸ਼ ਦੀ ਪੋਥੀ 17:1, 2, 5.

ਜੀ ਹਾਂ, ਉਹ ਦਿਨ ਆਵੇਗਾ ਜਦੋਂ ਮਸਹ ਕੀਤੇ ਹੋਏ ਮਸੀਹੀ ਅਤੇ ਉਨ੍ਹਾਂ ਦੇ ਸਾਥੀ ਗੁੰਗੇ ਹੋਣਗੇ ਕਿਉਂਕਿ ਉਹ ਈਸਾਈ-ਜਗਤ ਨੂੰ ਹੋਰ ਕੋਈ ਸੰਦੇਸ਼ ਨਹੀਂ ਦੇਣਗੇ। ਇਹ ਉਹ ਸਮਾਂ ਹੋਵੇਗਾ ਜਦੋਂ “ਦਸ ਸਿੰਙ” ਅਤੇ “ਦਰਿੰਦਾ” ਵੱਡੀ ਬਾਬੁਲ ਨੂੰ ਉਜਾੜ ਦੇਣਗੇ ਅਤੇ ਨੰਗਾ ਕਰਨਗੇ। (ਪਰਕਾਸ਼ ਦੀ ਪੋਥੀ 17:16) ਪਰ ਇਸ ਦਾ ਇਹ ਮਤਲਬ ਨਹੀਂ ਕਿ ਮਸੀਹੀ ਸੱਚ-ਮੁੱਚ ਗੁੰਗੇ ਹੋ ਜਾਣਗੇ। ਅੱਜ ਦੀ ਤਰ੍ਹਾਂ ਉਹ ਉਸ ਸਮੇਂ ਵੀ ਯਹੋਵਾਹ ਦੀ ਵਡਿਆਈ ਕਰਨਗੇ ਅਤੇ ਹਰ ਰੋਜ਼ ਤੇ “ਪੀੜ੍ਹੀਓਂ ਪੀੜ੍ਹੀ” ਉਸ ਦੇ ਨਾਮ ਦਾ ਸਿਮਰਨ ਕਰਨਗੇ।—ਜ਼ਬੂਰਾਂ ਦੀ ਪੋਥੀ 45:17; 145:2.