Skip to content

Skip to table of contents

‘ਯਹੋਵਾਹ ਨੂੰ ਮੈਂ ਕੀ ਮੋੜ ਕੇ ਦਿਆਂ?’

‘ਯਹੋਵਾਹ ਨੂੰ ਮੈਂ ਕੀ ਮੋੜ ਕੇ ਦਿਆਂ?’

ਜੀਵਨੀ

‘ਯਹੋਵਾਹ ਨੂੰ ਮੈਂ ਕੀ ਮੋੜ ਕੇ ਦਿਆਂ?’

ਮਾਰੀਆ ਕਰਾਸੀਨੀਸ ਦੀ ਜ਼ਬਾਨੀ

ਮੇਰੇ ਮਾਂ-ਬਾਪ ਮੇਰੇ ਕਾਰਨ ਬਹੁਤ ਨਿਰਾਸ਼ ਸਨ। ਸਾਰੇ ਖ਼ਾਨਦਾਨ ਨੇ ਮੇਰੇ ਨਾਲ ਬੋਲਣਾ ਬੰਦ ਕਰ ਦਿੱਤਾ ਸੀ। ਪਿੰਡ ਦੇ ਸਭ ਲੋਕ ਮੇਰਾ ਮਖੌਲ ਉਡਾਉਂਦੇ ਸਨ। ਉਸ ਵਕਤ ਮੇਰੀ ਉਮਰ ਸਿਰਫ਼ 18 ਸਾਲਾਂ ਦੀ ਸੀ। ਮੇਰੀਆਂ ਮਿੰਨਤਾਂ ਕਰ-ਕਰ ਕੇ, ਮੈਨੂੰ ਧਮਕੀਆਂ ਦੇ ਕੇ ਤੇ ਮਜਬੂਰ ਕਰਨ ਦੀ ਕੋਸ਼ਿਸ਼ ਕਰ ਕੇ ਸਾਰਿਆਂ ਨੇ ਪਰਮੇਸ਼ੁਰ ਵੱਲੋਂ ਮੇਰਾ ਮਨ ਫਿਰਨ ਦੀ ਕੋਸ਼ਿਸ਼ ਕੀਤੀ, ਪਰ ਉਹ ਕਾਮਯਾਬ ਨਾ ਹੋਏ। ਮੈਨੂੰ ਪੂਰਾ ਯਕੀਨ ਸੀ ਕਿ ਜੇ ਮੈਂ ਬਾਈਬਲ ਤੋਂ ਸਿੱਖੀਆਂ ਗੱਲਾਂ ਉੱਤੇ ਅਮਲ ਕਰਦੀ ਰਹੀ, ਤਾਂ ਪਰਮੇਸ਼ੁਰ ਮੇਰੇ ਉੱਤੇ ਉਪਕਾਰ ਕਰੇਗਾ। ਹੁਣ ਮੈਨੂੰ ਯਹੋਵਾਹ ਦੀ ਸੇਵਾ ਕਰਦੀ ਨੂੰ 50 ਤੋਂ ਵੱਧ ਸਾਲ ਹੋ ਗਏ ਹਨ ਅਤੇ ਮੈਂ ਵੀ ਜ਼ਬੂਰਾਂ ਦੇ ਲਿਖਾਰੀ ਵਾਂਗ ਇਹ ਸਵਾਲ ਪੁੱਛਦੀ ਹਾਂ ਕਿ “ਯਹੋਵਾਹ ਦੇ ਮੇਰੇ ਉੱਤੇ ਸਾਰੇ ਉਪਕਾਰਾਂ ਲਈ ਮੈਂ ਉਹ ਨੂੰ ਕੀ ਮੋੜ ਕੇ ਦਿਆਂ?”—ਜ਼ਬੂਰਾਂ ਦੀ ਪੋਥੀ 116:12.

ਮੇਰਾ ਜਨਮ 1930 ਵਿਚ ਆਨਗਲੋਕਾਸਟਰੋ ਨਾਂ ਦੇ ਪਿੰਡ ਵਿਚ ਹੋਇਆ ਸੀ। ਇਹ ਪਿੰਡ ਕੰਖਰਿਯਾ ਤੋਂ 20 ਕੁ ਕਿਲੋਮੀਟਰ ਦੂਰ, ਕੁਰਿੰਥੁਸ ਦੇ ਇਸਮਸ ਦੇ ਪੂਰਬ ਵੱਲ ਹੈ ਜਿੱਥੇ ਪਹਿਲੀ ਸਦੀ ਵਿਚ ਮਸੀਹੀਆਂ ਦੀ ਇਕ ਕਲੀਸਿਯਾ ਸਥਾਪਿਤ ਕੀਤੀ ਗਈ ਸੀ।—ਰਸੂਲਾਂ ਦੇ ਕਰਤੱਬ 18:18; ਰੋਮੀਆਂ 16:1.

ਸਾਡਾ ਪਰਿਵਾਰ ਬੜਾ ਸੁਖੀ ਸੀ। ਪਿਤਾ ਜੀ ਸਾਡੇ ਪਿੰਡ ਦੇ ਪ੍ਰਧਾਨ ਸਨ ਤੇ ਸਭ ਲੋਕ ਉਨ੍ਹਾਂ ਦਾ ਬੜਾ ਆਦਰ ਕਰਦੇ ਸਨ। ਮੈਂ ਪੰਜਾਂ ਬੱਚਿਆਂ ਵਿੱਚੋਂ ਤੀਜੇ ਨੰਬਰ ਤੇ ਸੀ। ਸਾਡੇ ਮਾਂ-ਬਾਪ ਨੇ ਸ਼ੁਰੂ ਤੋਂ ਹੀ ਸਾਨੂੰ ਗ੍ਰੀਕ ਆਰਥੋਡਾਕਸ ਚਰਚ ਦੀਆਂ ਸਿੱਖਿਆਵਾਂ ਤੇ ਚੱਲਣਾ ਸਿਖਾਇਆ ਸੀ। ਮੈਂ ਹਰ ਐਤਵਾਰ ਚਰਚ ਜਾਂਦੀ ਸੀ, ਮੂਰਤੀਆਂ ਅੱਗੇ ਤਪੱਸਿਆ ਕਰਿਆ ਕਰਦੀ ਸੀ ਤੇ ਪਿੰਡ ਦੇ ਕਈਆਂ ਚਰਚਾਂ ਵਿਚ ਮੋਮਬੱਤੀਆਂ ਜਲਾਉਂਦੀ ਸੀ। ਇਸ ਤੋਂ ਇਲਾਵਾ, ਮੈਂ ਵਰਤ ਵੀ ਰੱਖਦੀ ਸੀ ਅਤੇ ਅਕਸਰ ਨਨ ਬਣਨ ਬਾਰੇ ਸੋਚਦੀ ਸੀ। ਪਰ ਫਿਰ, ਉਹ ਸਮਾਂ ਆਇਆ ਜਦ ਮੈਂ ਆਪਣੇ ਮਾਂ-ਬਾਪ ਨੂੰ ਨਿਰਾਸ਼ ਕੀਤਾ।

ਸੱਚਾਈ ਸੁਣ ਕੇ ਖ਼ੁਸ਼

ਮੈਂ 18 ਕੁ ਸਾਲਾਂ ਦੀ ਸੀ ਜਦ ਮੈਨੂੰ ਪਤਾ ਲੱਗਾ ਕਿ ਲਾਗੇ ਦੇ ਪਿੰਡ ਵਿਚ ਮੇਰੇ ਜੀਜੇ ਦੀ ਭੈਣ ਕਾਟੀਨਾ, ਯਹੋਵਾਹ ਦੇ ਗਵਾਹਾਂ ਦੀਆਂ ਕਿਤਾਬਾਂ ਪੜ੍ਹਨ ਲੱਗ ਪਈ ਸੀ ਤੇ ਉਸ ਨੇ ਚਰਚ ਜਾਣਾ ਛੱਡ ਦਿੱਤਾ ਸੀ। ਇਹ ਸੁਣ ਕੇ ਮੈਂ ਬਹੁਤ ਪਰੇਸ਼ਾਨ ਹੋਈ ਤੇ ਮੈਂ ਸੋਚਿਆ ਕਿ ਮੈਨੂੰ ਉਸ ਦੀ ਮਦਦ ਕਰਨੀ ਚਾਹੀਦੀ ਹੈ ਤਾਂਕਿ ਉਹ ਮੁੜ ਕੇ ਸਹੀ ਰਸਤੇ ਤੇ ਆ ਜਾਵੇ। ਇਸ ਲਈ ਜਦ ਉਹ ਸਾਨੂੰ ਮਿਲਣ ਆਈ, ਤਾਂ ਮੈਂ ਉਸ ਨੂੰ ਸੈਰ ਕਰਨ ਦੇ ਬਹਾਨੇ ਬਾਹਰ ਲੈ ਗਈ ਤੇ ਰਾਹ ਵਿਚ ਉਸ ਨੂੰ ਮੱਲੋ-ਮੱਲੀ ਪਾਦਰੀ ਦੇ ਘਰ ਵੀ ਲੈ ਗਈ। ਪਾਦਰੀ ਨੇ ਤਾਂ ਇਕਦਮ ਯਹੋਵਾਹ ਦੇ ਗਵਾਹਾਂ ਨੂੰ ਤਾਅਨੇ ਮਾਰਨੇ ਸ਼ੁਰੂ ਕਰ ਦਿੱਤੇ ਅਤੇ ਕਿਹਾ ਕਿ ਉਹ ਧਰਮ-ਵਿਰੋਧੀ ਸਨ ਤੇ ਕਾਟੀਨਾ ਨੂੰ ਕੁਰਾਹੇ ਪਾ ਰਹੇ ਸਨ। ਅਸੀਂ ਤਿੰਨ ਦਿਨਾਂ ਤਕ ਹਰ ਸ਼ਾਮ ਨੂੰ ਗੱਲਬਾਤ ਕਰਦੇ ਰਹੇ। ਕਾਟੀਨਾ ਨੇ ਬਾਈਬਲ ਖੋਲ੍ਹ ਕੇ ਪਾਦਰੀ ਦੇ ਹਰੇਕ ਇਲਜ਼ਾਮ ਦਾ ਮੂੰਹ-ਤੋੜ ਜਵਾਬ ਦਿੱਤਾ। ਹਾਰ ਕੇ ਪਾਦਰੀ ਨੇ ਉਸ ਨੂੰ ਕਿਹਾ, ‘ਤੇਰੀ ਉਮਰ ਤਾਂ ਮੌਜਾਂ ਮਾਣਨ ਦੀ ਹੈ, ਪਰਮੇਸ਼ੁਰ ਦੀ ਸੇਵਾ ਤਾਂ ਤੂੰ ਬੁਢਾਪੇ ਵਿਚ ਵੀ ਕਰ ਸਕਦੀ ਹੈਂ।’

ਮੈਂ ਘਰ ਆ ਕੇ ਆਪਣੇ ਮਾਂ-ਬਾਪ ਨੂੰ ਇਸ ਬਹਿਸ ਬਾਰੇ ਕੁਝ ਨਾ ਦੱਸਿਆ, ਪਰ ਅਗਲੇ ਐਤਵਾਰ ਮੈਂ ਚਰਚ ਨਹੀਂ ਗਈ। ਦੁਪਹਿਰ ਨੂੰ ਪਾਦਰੀ ਸਿੱਧਾ ਸਾਡੀ ਦੁਕਾਨੇ ਆਇਆ। ਮੈਂ ਬਹਾਨਾ ਬਣਾਇਆ ਕਿ ਮੈਨੂੰ ਦੁਕਾਨ ਵਿਚ ਪਿਤਾ ਜੀ ਦੀ ਮਦਦ ਕਰਨ ਲਈ ਪਿੱਛੇ ਰੁਕਣਾ ਪਿਆ।

“ਸੱਚ ਬੋਲ ਰਹੀ ਹੈਂ ਜਾਂ ਕੀ ਉਸ ਕੁੜੀ ਨੇ ਤੈਨੂੰ ਕੁਰਾਹੇ ਪਾਇਆ ਹੈ?” ਪਾਦਰੀ ਨੇ ਮੈਨੂੰ ਪੁੱਛਿਆ।

ਮੈਂ ਸਿੱਧਾ ਜਵਾਬ ਦਿੱਤਾ: “ਇਨ੍ਹਾਂ ਲੋਕਾਂ ਦੇ ਵਿਚਾਰ ਸਾਡੇ ਵਿਚਾਰਾਂ ਨਾਲੋਂ ਕਿਤੇ ਚੰਗੇ ਹਨ।”

ਪਿਤਾ ਜੀ ਵੱਲ ਦੇਖ ਕੇ ਪਾਦਰੀ ਨੇ ਕਿਹਾ: “ਸ਼੍ਰੀ ਈਕੋਨੋਮੋਸ, ਆਪਣੀ ਰਿਸ਼ਤੇਦਾਰਨੀ ਨੂੰ ਇਕਦਮ ਘਰੋਂ ਕੱਢ ਦਿਓ, ਨਹੀਂ ਤਾਂ ਉਹ ਤੁਹਾਡੇ ਘਰ ਨੂੰ ਬਰਬਾਦ ਕਰ ਕੇ ਰਹੇਗੀ।”

ਘਰ ਵਾਲਿਆਂ ਦਾ ਵਿਰੋਧ

ਇਹ 1940 ਦੇ ਦਹਾਕੇ ਦੀ ਗੱਲ ਹੈ ਜਦੋਂ ਯੂਨਾਨ ਵਿਚ ਘਰੇਲੂ ਯੁੱਧ ਜ਼ੋਰਾਂ ਤੇ ਸੀ। ਪਿਤਾ ਜੀ ਨੂੰ ਡਰ ਸੀ ਕਿ ਗੁਰੀਲਾ ਸੈਨਾ ਦੇ ਮੈਂਬਰ ਮੈਨੂੰ ਚੁੱਕ ਕੇ ਨਾ ਲੈ ਜਾਣ, ਇਸ ਲਈ ਉਨ੍ਹਾਂ ਨੇ ਮੈਨੂੰ ਮੇਰੀ ਭੈਣ ਦੇ ਘਰ ਰਹਿਣ ਲਈ ਭੇਜ ਦਿੱਤਾ। ਉਸੇ ਪਿੰਡ ਵਿਚ ਕਾਟੀਨਾ ਵੀ ਰਹਿੰਦੀ ਸੀ। ਦੋ ਮਹੀਨੇ ਮੈਂ ਉੱਥੇ ਰਹਿ ਕੇ ਬਾਈਬਲ ਤੋਂ ਬਹੁਤ ਸਾਰੀਆਂ ਗੱਲਾਂ ਸਿੱਖੀਆਂ। ਇਹ ਜਾਣ ਕੇ ਮੈਂ ਨਿਰਾਸ਼ ਹੋ ਗਈ ਕਿ ਆਰਥੋਡਾਕਸ ਚਰਚ ਦੀਆਂ ਬਹੁਤ ਸਾਰੀਆਂ ਸਿੱਖਿਆਵਾਂ ਬਾਈਬਲ ਤੋਂ ਨਹੀਂ ਹਨ। ਮੈਂ ਸਮਝ ਗਈ ਕਿ ਪਰਮੇਸ਼ੁਰ ਨੂੰ ਮੂਰਤੀ ਪੂਜਾ ਬਿਲਕੁਲ ਪਸੰਦ ਨਹੀਂ ਹੈ ਤੇ ਸਲੀਬ ਦੀ ਪੂਜਾ ਨਹੀਂ ਕੀਤੀ ਜਾਣੀ ਚਾਹੀਦੀ। ਮੈਂ ਇਹ ਵੀ ਸਿੱਖਿਆ ਕਿ ਪਰਮੇਸ਼ੁਰ ਨੂੰ ਖ਼ੁਸ਼ ਕਰਨ ਲਈ ਸਾਨੂੰ “ਆਤਮਾ ਅਰ ਸਚਿਆਈ ਨਾਲ” ਉਸ ਦੀ ਭਗਤੀ ਕਰਨੀ ਚਾਹੀਦੀ ਹੈ। (ਯੂਹੰਨਾ 4:23; ਕੂਚ 20:4, 5) ਸਭ ਤੋਂ ਜ਼ਰੂਰੀ ਗੱਲ ਮੈਂ ਇਹ ਸਿੱਖੀ ਕਿ ਬਾਈਬਲ ਵਿਚ ਧਰਤੀ ਉੱਤੇ ਹਮੇਸ਼ਾ ਜ਼ਿੰਦਾ ਰਹਿਣ ਦੀ ਉਮੀਦ ਦਿੱਤੀ ਗਈ ਹੈ! ਬਾਈਬਲ ਦੀਆਂ ਇਹ ਸੱਚਾਈਆਂ ਯਹੋਵਾਹ ਵੱਲੋਂ ਮੇਰੇ ਉੱਤੇ ਪਹਿਲੇ ਉਪਕਾਰ ਸਨ।

ਇਸ ਸਮੇਂ ਦੌਰਾਨ, ਮੇਰੀ ਭੈਣ ਤੇ ਜੀਜੇ ਨੇ ਦੇਖਿਆ ਕਿ ਮੈਂ ਰੋਟੀ ਖਾਣ ਵੇਲੇ ਸਲੀਬ ਦਾ ਨਿਸ਼ਾਨ ਨਹੀਂ ਬਣਾਉਂਦੀ ਸੀ ਤੇ ਨਾ ਹੀ ਮੈਂ ਮੂਰਤੀਆਂ ਅੱਗੇ ਪ੍ਰਾਰਥਨਾ ਕਰਦੀ ਸੀ। ਇਕ ਸ਼ਾਮ ਉਨ੍ਹਾਂ ਦੋਹਾਂ ਨੇ ਮੈਨੂੰ ਕੁੱਟਿਆ। ਅਗਲੇ ਦਿਨ ਮੈਂ ਉਨ੍ਹਾਂ ਦਾ ਘਰ ਛੱਡ ਕੇ ਆਪਣੀ ਮਾਸੀ ਦੇ ਘਰ ਚਲੀ ਗਈ। ਮੇਰੇ ਜੀਜੇ ਨੇ ਪਿਤਾ ਜੀ ਨੂੰ ਦੱਸ ਦਿੱਤਾ। ਕੁਝ ਹੀ ਸਮੇਂ ਬਾਅਦ ਪਿਤਾ ਜੀ ਆਏ ਤੇ ਉਨ੍ਹਾਂ ਨੇ ਰੋ-ਰੋ ਕੇ ਮੈਨੂੰ ਘਰ ਵਾਪਸ ਆਉਣ ਲਈ ਕਿਹਾ। ਮੇਰੇ ਜੀਜੇ ਨੇ ਗੋਡਿਆਂ ਭਾਰ ਝੁਕ ਕੇ ਮੇਰੇ ਤੋਂ ਮਾਫ਼ੀ ਮੰਗੀ ਤੇ ਮੈਂ ਘਰ ਵਾਪਸ ਆਉਣ ਲਈ ਰਾਜ਼ੀ ਹੋ ਗਈ। ਪਰ ਉਹ ਅੱਗੇ ਮੇਰੇ ਤੋਂ ਇਹ ਵੀ ਚਾਹੁੰਦੇ ਸਨ ਕਿ ਮੈਂ ਫਿਰ ਤੋਂ ਚਰਚ ਜਾਣਾ ਸ਼ੁਰੂ ਕਰ ਦਿਆਂ ਪਰ ਇਸ ਗੱਲ ਲਈ ਮੈਂ ਰਾਜ਼ੀ ਨਹੀਂ ਹੋਈ।

ਘਰ ਵਾਪਸ ਆਉਣ ਤੋਂ ਬਾਅਦ ਵੀ ਉਹ ਮੈਨੂੰ ਚਰਚ ਜਾਣ ਨੂੰ ਮਜਬੂਰ ਕਰਦੇ ਰਹੇ। ਹੁਣ ਮੈਂ ਕਾਟੀਨਾ ਨਾਲ ਵੀ ਗੱਲ ਨਹੀਂ ਕਰ ਸਕਦੀ ਸੀ ਤੇ ਨਾ ਹੀ ਮੇਰੇ ਕੋਲ ਕੋਈ ਕਿਤਾਬ ਜਾਂ ਰਸਾਲਾ ਸੀ। ਮੇਰੇ ਕੋਲ ਤਾਂ ਬਾਈਬਲ ਵੀ ਨਹੀਂ ਸੀ। ਜਦ ਮੇਰੇ ਤਾਏ ਦੀ ਇਕ ਕੁੜੀ ਨੇ ਮੇਰੀ ਮਦਦ ਕੀਤੀ, ਤਾਂ ਤੁਸੀਂ ਮੇਰੀ ਖ਼ੁਸ਼ੀ ਦਾ ਅੰਦਾਜ਼ਾ ਨਹੀਂ ਲੱਗਾ ਸਕਦੇ। ਉਹ ਕੁਰਿੰਥੁਸ ਵਿਚ ਯਹੋਵਾਹ ਦੀ ਇਕ ਗਵਾਹ ਨੂੰ ਮਿਲੀ ਅਤੇ ਉਸ ਤੋਂ ਮੇਰੇ ਲਈ “ਪਰਮੇਸ਼ੁਰ ਸੱਚਾ ਠਹਿਰੇ” ਕਿਤਾਬ ਅਤੇ ਬਾਈਬਲ ਦਾ ਮਸੀਹੀ ਯੂਨਾਨੀ ਹਿੱਸਾ ਲਿਆਈ। ਮੈਂ ਇਨ੍ਹਾਂ ਕਿਤਾਬਾਂ ਨੂੰ ਚੋਰੀ-ਛੁਪੇ ਪੜ੍ਹਨਾ ਸ਼ੁਰੂ ਕਰ ਦਿੱਤਾ।

ਜ਼ਿੰਦਗੀ ਵਿਚ ਇਕ ਨਵਾਂ ਮੋੜ

ਤਿੰਨ ਸਾਲਾਂ ਤਕ ਮੈਨੂੰ ਬਹੁਤ ਹੀ ਵਿਰੋਧਤਾ ਦਾ ਸਾਮ੍ਹਣਾ ਕਰਨਾ ਪਿਆ। ਮੈਂ ਕਿਸੇ ਗਵਾਹ ਨਾਲ ਗੱਲ ਨਹੀਂ ਕਰ ਸਕਦੀ ਸੀ ਤੇ ਨਾ ਹੀ ਮੈਂ ਕਿਤਿਓਂ ਕੋਈ ਕਿਤਾਬ ਜਾਂ ਰਸਾਲਾ ਲੈ ਸਕਦੀ ਸੀ। ਪਰ ਮੈਨੂੰ ਇਹ ਨਹੀਂ ਪਤਾ ਸੀ ਕਿ ਮੇਰੀ ਜ਼ਿੰਦਗੀ ਵਿਚ ਇਕ ਨਵਾਂ ਮੋੜ ਆਉਣ ਵਾਲਾ ਸੀ।

ਪਿਤਾ ਜੀ ਨੇ ਮੈਨੂੰ ਕਿਹਾ ਕਿ ਮੈਨੂੰ ਥੱਸਲੁਨੀਕਾ ਵਿਚ ਆਪਣੇ ਮਾਮੇ ਦੇ ਘਰ ਜਾ ਕੇ ਰਹਿਣਾ ਪਵੇਗਾ। ਉੱਥੇ ਜਾਣ ਤੋਂ ਪਹਿਲਾਂ ਮੈਂ ਕੁਰਿੰਥੁਸ ਵਿਚ ਇਕ ਦਰਜ਼ੀ ਕੋਲ ਕੋਟ ਬਣਵਾਉਣ ਗਈ। ਮੈਂ ਕਿੰਨੀ ਹੈਰਾਨ ਹੋਈ ਜਦ ਮੈਂ ਦੇਖਿਆ ਕਿ ਕਾਟੀਨਾ ਉੱਥੇ ਕੰਮ ਕਰਦੀ ਸੀ! ਇੰਨੇ ਲੰਬੇ ਸਮੇਂ ਤੋਂ ਬਾਅਦ ਇਕ-ਦੂਜੀ ਨੂੰ ਮਿਲ ਕੇ ਅਸੀਂ ਬਹੁਤ ਹੀ ਖ਼ੁਸ਼ ਹੋਈਆਂ। ਦੁਕਾਨੋਂ ਬਾਹਰ ਨਿਕਲਦੇ ਹੀ ਸਾਨੂੰ ਇਕ ਖ਼ੁਸ਼-ਮਿਜ਼ਾਜ ਨੌਜਵਾਨ ਮਿਲਿਆ ਜੋ ਕੰਮ ਤੋਂ ਬਾਅਦ ਸਾਈਕਲ ਤੇ ਘਰ ਵਾਪਸ ਜਾ ਰਿਹਾ ਸੀ। ਉਸ ਦਾ ਨਾਂ ਕਾਰਾਲਾਮਬੂਸ ਸੀ। ਅਸੀਂ ਇਕ-ਦੂਜੇ ਨੂੰ ਪਸੰਦ ਕੀਤਾ ਤੇ ਕੁਝ ਸਮੇਂ ਬਾਅਦ ਸ਼ਾਦੀ ਕਰਨ ਦਾ ਫ਼ੈਸਲਾ ਕਰ ਲਿਆ। ਇਸੇ ਸਮੇਂ ਦੌਰਾਨ ਮੈਂ ਯਹੋਵਾਹ ਨੂੰ ਆਪਣੀ ਜ਼ਿੰਦਗੀ ਸੌਂਪ ਕੇ 9 ਜਨਵਰੀ 1952 ਨੂੰ ਬਪਤਿਸਮਾ ਲੈ ਲਿਆ।

ਕਾਰਾਲਾਮਬੂਸ ਨੇ ਪਹਿਲਾਂ ਹੀ ਬਪਤਿਸਮਾ ਲਿਆ ਹੋਇਆ ਸੀ। ਉਸ ਦੇ ਪਰਿਵਾਰ ਨੇ ਵੀ ਉਸ ਦਾ ਬਹੁਤ ਵਿਰੋਧ ਕੀਤਾ ਸੀ। ਕਾਰਾਲਾਮਬੂਸ ਪਰਮੇਸ਼ੁਰ ਦੀ ਸੇਵਾ ਵਿਚ ਬਹੁਤ ਹੀ ਜੋਸ਼ੀਲਾ ਸੀ। ਉਹ ਕਲੀਸਿਯਾ ਦੀ ਨਿਗਰਾਨੀ ਕਰਦਾ ਸੀ ਅਤੇ ਕਈ ਬਾਈਬਲ ਸਟੱਡੀਆਂ ਵੀ ਕਰਾਉਂਦਾ ਸੀ। ਕੁਝ ਹੀ ਸਮੇਂ ਬਾਅਦ ਉਸ ਦੇ ਭਰਾਵਾਂ ਨੇ ਵੀ ਸੱਚਾਈ ਕਬੂਲ ਕਰ ਲਈ ਅਤੇ ਅੱਜ ਉਨ੍ਹਾਂ ਦੇ ਪਰਿਵਾਰਾਂ ਦੇ ਜ਼ਿਆਦਾਤਰ ਜੀਅ ਯਹੋਵਾਹ ਦੀ ਸੇਵਾ ਕਰਦੇ ਹਨ।

ਪਿਤਾ ਜੀ ਨੂੰ ਕਾਰਾਲਾਮਬੂਸ ਬਹੁਤ ਚੰਗਾ ਲੱਗਦਾ ਸੀ ਤੇ ਉਹ ਸਾਡੀ ਸ਼ਾਦੀ ਲਈ ਮੰਨ ਗਏ, ਪਰ ਮਾਤਾ ਜੀ ਇੰਨੀ ਜਲਦੀ ਮੰਨਣ ਵਾਲੇ ਨਹੀਂ ਸਨ। ਇਸ ਦੇ ਬਾਵਜੂਦ, 29 ਮਾਰਚ 1952 ਨੂੰ ਕਾਰਾਲਾਮਬੂਸ ਤੇ ਮੇਰੀ ਸ਼ਾਦੀ ਹੋ ਗਈ। ਵਿਆਹ ਵਿਚ ਸਿਰਫ਼ ਮੇਰਾ ਵੱਡਾ ਭਰਾ ਤੇ ਮੇਰੇ ਤਾਏ ਦਾ ਲੜਕਾ ਆਏ ਸਨ। ਉਸ ਸਮੇਂ ਮੈਨੂੰ ਇਹ ਨਹੀਂ ਪਤਾ ਸੀ ਕਿ ਕਾਰਾਲਾਮਬੂਸ ਮੇਰੇ ਲਈ ਯਹੋਵਾਹ ਵੱਲੋਂ ਕਿੱਡੀ ਵੱਡੀ ਦਾਤ ਸੀ! ਉਸ ਦਾ ਸਾਥ ਮਿਲਣ ਕਾਰਨ ਹੀ ਮੈਂ ਆਪਣੀ ਸਾਰੀ ਜ਼ਿੰਦਗੀ ਯਹੋਵਾਹ ਦੀ ਸੇਵਾ ਕਰਨ ਵਿਚ ਲਗਾ ਸਕੀ ਹਾਂ।

ਭਰਾਵਾਂ ਨੂੰ ਮਜ਼ਬੂਤ ਕਰਨਾ

ਮੈਂ ਤੇ ਕਾਰਾਲਾਮਬੂਸ ਨੇ 1953 ਵਿਚ ਐਥਿਨਜ਼ ਜਾ ਕੇ ਰਹਿਣ ਦਾ ਫ਼ੈਸਲਾ ਕਰ ਲਿਆ। ਕਾਰਾਲਾਮਬੂਸ ਨੇ ਪ੍ਰਚਾਰ ਦੇ ਕੰਮ ਵਿਚ ਹੋਰ ਜ਼ਿਆਦਾ ਹਿੱਸਾ ਲੈਣ ਲਈ ਆਪਣੇ ਖ਼ਾਨਦਾਨੀ ਕਾਰੋਬਾਰ ਨੂੰ ਛੱਡ ਕੇ ਪਾਰਟ-ਟਾਈਮ ਕੰਮ ਕਰਨਾ ਸ਼ੁਰੂ ਕਰ ਦਿੱਤਾ। ਅਸੀਂ ਦੁਪਹਿਰ ਨੂੰ ਇਕੱਠੇ ਪ੍ਰਚਾਰ ਕਰਨ ਜਾਂਦੇ ਸੀ ਤੇ ਕਈ ਬਾਈਬਲ ਸਟੱਡੀਆਂ ਵੀ ਕਰਾਉਂਦੇ ਸੀ।

ਪ੍ਰਚਾਰ ਦਾ ਕੰਮ ਸਾਨੂੰ ਜੁਗਤੀ ਨਾਲ ਕਰਨਾ ਪੈਂਦਾ ਸੀ ਕਿਉਂਕਿ ਸਰਕਾਰ ਵੱਲੋਂ ਸਾਡੇ ਕੰਮ ਤੇ ਪਾਬੰਦੀਆਂ ਲੱਗੀਆਂ ਹੋਈਆਂ ਸਨ। ਮਿਸਾਲ ਲਈ, ਕਾਰਾਲਾਮਬੂਸ ਐਥਿਨਜ਼ ਵਿਚ ਜਿਸ ਛੋਟੀ ਜਿਹੀ ਦੁਕਾਨ ਤੇ ਪਾਰਟ-ਟਾਈਮ ਕੰਮ ਕਰਦਾ ਸੀ, ਅਸੀਂ ਉਸ ਦੁਕਾਨ ਦੀ ਖਿੜਕੀ ਵਿਚ ਪਹਿਰਾਬੁਰਜ ਰਸਾਲਾ ਰੱਖਣ ਦਾ ਫ਼ੈਸਲਾ ਕੀਤਾ। ਪੁਲਸ ਦੇ ਇਕ ਉੱਚ ਅਧਿਕਾਰੀ ਨੇ ਸਾਨੂੰ ਦੱਸਿਆ ਕਿ ਇਸ ਰਸਾਲੇ ਤੇ ਪਾਬੰਦੀ ਲੱਗੀ ਹੋਈ ਸੀ। ਪਰ ਉਹ ਇਸ ਬਾਰੇ ਸੁਰੱਖਿਆ ਵਿਭਾਗ ਤੋਂ ਪਤਾ ਲਗਾਉਣ ਲਈ ਇਕ ਰਸਾਲਾ ਆਪਣੇ ਨਾਲ ਲੈ ਗਿਆ। ਜਦ ਉਨ੍ਹਾਂ ਉਸ ਨੂੰ ਯਕੀਨ ਦਿਲਾਇਆ ਕਿ ਰਸਾਲੇ ਤੇ ਪਾਬੰਦੀ ਨਹੀਂ ਲੱਗੀ, ਤਾਂ ਉਸ ਨੇ ਸਾਨੂੰ ਆ ਕੇ ਇਸ ਬਾਰੇ ਦੱਸਿਆ। ਜਦੋਂ ਛੋਟੀਆਂ ਦੁਕਾਨਾਂ ਵਿਚ ਕੰਮ ਕਰਨ ਵਾਲੇ ਦੂਜੇ ਭਰਾਵਾਂ ਨੇ ਇਹ ਗੱਲ ਸੁਣੀ, ਤਾਂ ਉਹ ਵੀ ਖਿੜਕੀਆਂ ਵਿਚ ਪਹਿਰਾਬੁਰਜ ਰੱਖਣ ਲੱਗ ਪਏ। ਇਕ ਆਦਮੀ ਸਾਡੀ ਦੁਕਾਨ ਤੋਂ ਪਹਿਰਾਬੁਰਜ ਲੈਣ ਤੋਂ ਬਾਅਦ ਯਹੋਵਾਹ ਦਾ ਗਵਾਹ ਬਣ ਗਿਆ ਤੇ ਅੱਜ ਉਹ ਕਲੀਸਿਯਾ ਵਿਚ ਇਕ ਬਜ਼ੁਰਗ ਹੈ।

ਮੇਰੇ ਛੋਟੇ ਭਰਾ ਨੇ ਵੀ ਸੱਚਾਈ ਨੂੰ ਕਬੂਲ ਕੀਤਾ। ਉਹ ਐਥਿਨਜ਼ ਦੇ ਇਕ ਕਾਲਜ ਵਿਚ ਜਹਾਜ਼ਰਾਨੀ ਵਪਾਰ ਦੀ ਪੜ੍ਹਾਈ ਕਰਨ ਲਈ ਆਇਆ ਸੀ ਅਤੇ ਅਸੀਂ ਉਸ ਨੂੰ ਆਪਣੇ ਨਾਲ ਇਕ ਸੰਮੇਲਨ ਵਿਚ ਲੈ ਗਏ। ਉਨ੍ਹੀਂ ਦਿਨੀਂ ਸਾਡੇ ਸੰਮੇਲਨ ਜੰਗਲਾਂ ਵਿਚ ਚੋਰੀ-ਛੁਪੇ ਕੀਤੇ ਜਾਂਦੇ ਸਨ। ਸੰਮੇਲਨ ਵਿਚ ਮੇਰੇ ਭਰਾ ਨੇ ਜੋ ਸੁਣਿਆ, ਉਸ ਨੂੰ ਪਸੰਦ ਆਇਆ, ਪਰ ਇਸ ਤੋਂ ਕੁਝ ਹੀ ਸਮੇਂ ਬਾਅਦ ਉਹ ਵਪਾਰ ਦੇ ਸਿਲਸਿਲੇ ਵਿਚ ਸਫ਼ਰ ਕਰਨ ਲੱਗ ਪਿਆ। ਉਸ ਦੇ ਇਕ ਦੌਰੇ ਦੌਰਾਨ ਉਹ ਅਰਜਨਟੀਨਾ ਦੀ ਇਕ ਬੰਦਰਗਾਹ ਤੇ ਪਹੁੰਚ ਗਿਆ। ਉੱਥੇ ਇਕ ਮਿਸ਼ਨਰੀ ਭਰਾ ਜਹਾਜ਼ ਉੱਤੇ ਪ੍ਰਚਾਰ ਕਰਨ ਲਈ ਆਇਆ ਅਤੇ ਮੇਰੇ ਭਰਾ ਨੇ ਉਸ ਤੋਂ ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲੇ ਲਏ। ਮੈਂ ਕਹਿ ਨਹੀਂ ਸਕਦੀ ਕਿ ਉਸ ਦੀ ਚਿੱਠੀ ਪੜ੍ਹ ਕੇ ਅਸੀਂ ਕਿੰਨੇ ਖ਼ੁਸ਼ ਹੋਏ। ਚਿੱਠੀ ਵਿਚ ਉਸ ਨੇ ਲਿਖਿਆ: “ਮੈਨੂੰ ਸੱਚਾਈ ਲੱਭ ਪਈ ਹੈ। ਮੈਨੂੰ ਇਹ ਰਸਾਲਾ ਬਾਕਾਇਦਾ ਭੇਜਣ ਦਾ ਬੰਦੋਬਸਤ ਕਰ ਦਿਓ।” ਅੱਜ ਉਹ ਤੇ ਉਸ ਦਾ ਪਰਿਵਾਰ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕਰ ਰਹੇ ਹਨ।

ਸੰਨ 1958 ਵਿਚ ਮੇਰੇ ਪਤੀ ਨੂੰ ਸਫ਼ਰੀ ਨਿਗਾਹਬਾਨ ਵਜੋਂ ਸੇਵਾ ਕਰਨ ਦਾ ਸੱਦਾ ਮਿਲਿਆ। ਉਨ੍ਹੀਂ ਦਿਨੀਂ ਸਾਡੇ ਕੰਮ ਤੇ ਪਾਬੰਦੀ ਲੱਗੀ ਹੋਣ ਕਰਕੇ ਬਹੁਤ ਮੁਸ਼ਕਲਾਂ ਆਉਂਦੀਆਂ ਸਨ, ਇਸ ਲਈ ਸਫ਼ਰੀ ਕੰਮ ਕਰਨ ਵਾਲੇ ਭਰਾ ਆਪਣੀਆਂ ਪਤਨੀਆਂ ਨੂੰ ਨਾਲ ਨਹੀਂ ਲੈ ਕੇ ਜਾ ਸਕਦੇ ਸਨ। ਅਕਤੂਬਰ 1959 ਵਿਚ ਅਸੀਂ ਬ੍ਰਾਂਚ ਆਫਿਸ ਤੋਂ ਆਗਿਆ ਮੰਗੀ ਕਿ ਮੈਂ ਵੀ ਕਾਰਾਲਾਮਬੂਸ ਨਾਲ ਜਾ ਸਕਾਂ। ਉਨ੍ਹਾਂ ਹਾਂ ਕਹਿ ਦਿੱਤੀ। ਸਾਨੂੰ ਕੇਂਦਰੀ ਤੇ ਉੱਤਰੀ ਯੂਨਾਨ ਦੀਆਂ ਕਲੀਸਿਯਾਵਾਂ ਨੂੰ ਜਾ ਕੇ ਮਿਲਣ ਦੀ ਜ਼ਿੰਮੇਵਾਰੀ ਮਿਲੀ।

ਇਹ ਦੌਰੇ ਕਰਨੇ ਆਸਾਨ ਨਹੀਂ ਸਨ। ਜ਼ਿਆਦਾਤਰ ਸੜਕਾਂ ਕੱਚੀਆਂ ਸਨ। ਸਾਡੇ ਕੋਲ ਗੱਡੀ ਨਹੀਂ ਸੀ ਤੇ ਸਾਨੂੰ ਬੱਸ, ਰੇਲ ਗੱਡੀ ਜਾਂ ਕਿਸੇ ਟਰੱਕ ਵਿਚ ਜਾਣਾ ਪੈਂਦਾ ਸੀ ਜਿਨ੍ਹਾਂ ਵਿਚ ਕੁੱਕੜੀਆਂ ਅਤੇ ਹੋਰ ਸਾਮਾਨ ਵੀ ਰੱਖਿਆ ਹੁੰਦਾ ਸੀ। ਚਿੱਕੜ ਭਰੇ ਰਾਹਾਂ ਵਿੱਚੋਂ ਲੰਘਣ ਲਈ ਅਸੀਂ ਰਬੜ ਦੇ ਬੂਟ ਪਾਉਂਦੇ ਸੀ। ਹਰੇਕ ਪਿੰਡ ਵਿਚ ਨਾਗਰਿਕ ਸੈਨਾ ਮੌਜੂਦ ਸੀ, ਇਸ ਲਈ ਪੁੱਛ-ਪੜਤਾਲ ਤੋਂ ਬਚਣ ਲਈ ਸਾਨੂੰ ਰਾਤੋ-ਰਾਤ ਪਿੰਡਾਂ ਵਿਚ ਆਉਣਾ-ਜਾਣਾ ਪੈਂਦਾ ਸੀ।

ਭਰਾ ਇਨ੍ਹਾਂ ਮੁਲਾਕਾਤਾਂ ਦੀ ਬਹੁਤ ਹੀ ਕਦਰ ਕਰਦੇ ਸਨ। ਭਾਵੇਂ ਉਨ੍ਹਾਂ ਵਿੱਚੋਂ ਜ਼ਿਆਦਾਤਰ ਭਰਾ ਖੇਤਾਂ ਵਿਚ ਸਖ਼ਤ ਮਿਹਨਤ ਕਰਦੇ ਸਨ, ਪਰ ਫਿਰ ਵੀ ਉਹ ਦੇਰ ਰਾਤ ਨੂੰ ਵੱਖਰੇ-ਵੱਖਰੇ ਘਰਾਂ ਵਿਚ ਕੀਤੀਆਂ ਗਈਆਂ ਮੀਟਿੰਗਾਂ ਵਿਚ ਆਉਣ ਦੀ ਪੂਰੀ ਕੋਸ਼ਿਸ਼ ਕਰਦੇ ਸਨ। ਉਹ ਸਾਡੀ ਆਓ ਭਗਤ ਵੀ ਬਹੁਤ ਕਰਦੇ ਹੁੰਦੇ ਸਨ। ਭਾਵੇਂ ਉਨ੍ਹਾਂ ਕੋਲ ਆਪਣੇ ਜੋਗਾ ਮਸੀਂ ਸੀ, ਪਰ ਉਹ ਸਾਨੂੰ ਆਪਣੀਆਂ ਵਧੀਆ ਚੀਜ਼ਾਂ ਦਿੰਦੇ ਸਨ। ਕਦੇ-ਕਦੇ ਅਸੀਂ ਪੂਰੇ ਪਰਿਵਾਰ ਨਾਲ ਇੱਕੋ ਕਮਰੇ ਵਿਚ ਸੌਂਦੇ ਸੀ। ਭੈਣ-ਭਰਾਵਾਂ ਦਾ ਭਰੋਸਾ, ਧੀਰਜ ਅਤੇ ਜੋਸ਼ ਸਾਡੇ ਉੱਤੇ ਯਹੋਵਾਹ ਦਾ ਇਕ ਹੋਰ ਉਪਕਾਰ ਸੀ।

ਬੈਥਲ ਵਿਚ ਸੇਵਾ

ਫਰਵਰੀ 1961 ਵਿਚ ਜਦ ਅਸੀਂ ਐਥਿਨਜ਼ ਵਿਚ ਬ੍ਰਾਂਚ ਆਫਿਸ ਦੇਖਣ ਗਏ, ਤਾਂ ਸਾਨੂੰ ਪੁੱਛਿਆ ਗਿਆ ਕਿ ਕੀ ਅਸੀਂ ਉੱਥੇ ਸੇਵਾ ਕਰਨ ਲਈ ਰਾਜ਼ੀ ਹਾਂ। ਅਸੀਂ ਯਸਾਯਾਹ ਦੇ ਸ਼ਬਦਾਂ ਵਿਚ ਜਵਾਬ ਦਿੱਤਾ: “ਮੈਂ ਹਾਜ਼ਰ ਹਾਂ, ਮੈਨੂੰ ਘੱਲੋ।” (ਯਸਾਯਾਹ 6:8) ਦੋ ਮਹੀਨਿਆਂ ਬਾਅਦ ਸਾਨੂੰ ਚਿੱਠੀ ਮਿਲੀ ਜਿਸ ਵਿਚ ਲਿਖਿਆ ਸੀ ਕਿ ਅਸੀਂ ਜਲਦੀ ਤੋਂ ਜਲਦੀ ਬੈਥਲ ਪਹੁੰਚ ਜਾਈਏ। ਅਸੀਂ 27 ਮਈ 1961 ਨੂੰ ਬੈਥਲ ਵਿਚ ਸੇਵਾ ਕਰਨੀ ਸ਼ੁਰੂ ਕਰ ਦਿੱਤੀ।

ਸਾਨੂੰ ਬੈਥਲ ਵਿਚ ਕੰਮ ਕਰਨਾ ਬਹੁਤ ਹੀ ਚੰਗਾ ਲੱਗਾ ਤੇ ਜਲਦੀ ਹੀ ਸਾਡਾ ਦਿਲ ਲੱਗ ਗਿਆ। ਮੇਰੇ ਪਤੀ ਸੇਵਾ ਅਤੇ ਸਬਸਕ੍ਰਿਪਸ਼ਨ ਵਿਭਾਗਾਂ ਵਿਚ ਕੰਮ ਕਰਦੇ ਸਨ ਅਤੇ ਬਾਅਦ ਵਿਚ ਉਨ੍ਹਾਂ ਨੇ ਕੁਝ ਸਮੇਂ ਲਈ ਬ੍ਰਾਂਚ ਕਮੇਟੀ ਦੇ ਮੈਂਬਰ ਵਜੋਂ ਵੀ ਸੇਵਾ ਕੀਤੀ। ਬੈਥਲ ਵਿਚ ਮੇਰੀਆਂ ਕਈ ਜ਼ਿੰਮੇਵਾਰੀਆਂ ਸਨ। ਬੈਥਲ ਪਰਿਵਾਰ ਵਿਚ ਅਸੀਂ 18 ਜੀਅ ਸੀ, ਪਰ ਪੰਜ ਕੁ ਸਾਲਾਂ ਲਈ ਅਸੀਂ 40 ਜੀਅ ਹੋ ਗਏ ਜਦੋਂ ਬੈਥਲ ਵਿਚ ਬਜ਼ੁਰਗਾਂ ਲਈ ਇਕ ਸਕੂਲ ਚੱਲ ਰਿਹਾ ਸੀ। ਸਵੇਰ ਦੇ ਸਮੇਂ ਮੈਂ ਭਾਂਡੇ ਧੋਂਦੀ, ਰੋਟੀ ਪਕਾਉਂਦੀ, 12 ਬਿਸਤਰੇ ਸੁਆਰਦੀ ਅਤੇ ਦੁਪਹਿਰ ਦੀ ਰੋਟੀ ਲਈ ਮੇਜ਼ਾਂ ਉੱਤੇ ਪਲੇਟਾਂ-ਚਮਚੇ ਲਾਉਂਦੀ ਸੀ। ਦੁਪਹਿਰ ਨੂੰ ਮੈਂ ਕੱਪੜੇ ਪ੍ਰੈੱਸ ਕਰਦੀ ਅਤੇ ਗੁਸਲਖ਼ਾਨੇ ਅਤੇ ਕਮਰੇ ਸਾਫ਼ ਕਰਦੀ ਸੀ। ਹਫ਼ਤੇ ਵਿਚ ਇਕ ਵਾਰ ਮੈਂ ਲਾਂਡਰੀ ਵਿਚ ਕੱਪੜੇ ਵੀ ਧੋਂਦੀ ਸੀ। ਬੈਥਲ ਵਿਚ ਬਹੁਤ ਸਾਰਾ ਕੰਮ ਸੀ, ਪਰ ਮੈਂ ਇਹ ਕੰਮ ਕਰ ਕੇ ਬਹੁਤ ਖ਼ੁਸ਼ ਸੀ।

ਬੈਥਲ ਵਿਚ ਕੰਮ ਕਰਨ ਅਤੇ ਪ੍ਰਚਾਰ ਦੇ ਕੰਮ ਵਿਚ ਲੱਗੇ ਰਹਿਣ ਨਾਲ ਸਾਡੇ ਕੋਲ ਹੋਰ ਕੁਝ ਕਰਨ ਲਈ ਸਮਾਂ ਹੀ ਨਹੀਂ ਹੁੰਦਾ ਸੀ। ਕਈ ਵਾਰ ਅਸੀਂ ਬਾਈਬਲ ਦੀਆਂ ਸੱਤ ਸਟੱਡੀਆਂ ਕਰਾਇਆ ਕਰਦੇ ਸੀ। ਸਿਨੱਚਰਵਾਰ-ਐਤਵਾਰ ਕਾਰਾਲਾਮਬੂਸ ਵੱਖਰੀਆਂ-ਵੱਖਰੀਆਂ ਕਲੀਸਿਯਾਵਾਂ ਵਿਚ ਭਾਸ਼ਣ ਦੇਣ ਜਾਂਦਾ ਸੀ ਤੇ ਮੈਂ ਉਸ ਨਾਲ ਜਾਂਦੀ ਹੁੰਦੀ ਸੀ। ਅਸੀਂ ਜਿੱਥੇ ਵੀ ਜਾਂਦੇ, ਇਕੱਠੇ ਹੀ ਜਾਂਦੇ ਸਾਂ ਤੇ ਕੋਈ ਸਾਨੂੰ ਜੁਦਾ ਨਹੀਂ ਕਰ ਸਕਦਾ ਸੀ।

ਉਨ੍ਹੀਂ ਦਿਨੀਂ ਅਸੀਂ ਇਕ ਤੀਵੀਂ-ਆਦਮੀ ਨਾਲ ਬਾਈਬਲ ਸਟੱਡੀ ਕੀਤੀ ਸੀ ਜੋ ਗ੍ਰੀਕ ਆਰਥੋਡਾਕਸ ਚਰਚ ਦੇ ਕੱਟੜ ਮੈਂਬਰ ਸਨ। ਉਹ ਉਸ ਪਾਦਰੀ ਦੇ ਪੱਕੇ ਦੋਸਤ ਸਨ ਜਿਸ ਨੂੰ ਚਰਚ ਵਿਚ ਧਰਮ-ਵਿਰੋਧੀ ਲੋਕਾਂ ਨੂੰ ਲੱਭਣ ਦਾ ਕੰਮ ਦਿੱਤਾ ਗਿਆ ਸੀ। ਇਸ ਤੀਵੀਂ-ਆਦਮੀ ਨੇ ਆਪਣੇ ਘਰ ਦੇ ਇਕ ਕਮਰੇ ਨੂੰ ਮੰਦਰ ਵਜੋਂ ਸਜਾਇਆ ਹੋਇਆ ਸੀ। ਉਸ ਵਿਚ ਉਨ੍ਹਾਂ ਨੇ ਮੂਰਤੀਆਂ ਰੱਖੀਆਂ ਹੋਈਆਂ ਸਨ ਜਿੱਥੇ ਲਗਾਤਾਰ ਧੂਪ ਧੁਖਾਈ ਜਾਂਦੀ ਸੀ ਤੇ ਸਾਰਾ-ਸਾਰਾ ਦਿਨ ਭਜਨ ਸੁਣਾਈ ਦਿੰਦੇ ਸਨ। ਕੁਝ ਸਮੇਂ ਲਈ ਅਸੀਂ ਵੀਰਵਾਰ ਨੂੰ ਹੀ ਉਨ੍ਹਾਂ ਦੇ ਘਰ ਬਾਈਬਲ ਸਟੱਡੀ ਕਰਾਉਣ ਜਾਂਦੇ ਸੀ ਤੇ ਸ਼ੁੱਕਰਵਾਰ ਨੂੰ ਉਨ੍ਹਾਂ ਦਾ ਪਾਦਰੀ ਦੋਸਤ ਉਨ੍ਹਾਂ ਨੂੰ ਮਿਲਣ ਆਉਂਦਾ ਹੁੰਦਾ ਸੀ। ਇਕ ਦਿਨ ਉਨ੍ਹਾਂ ਨੇ ਸਾਨੂੰ ਤੁਰੰਤ ਆਪਣੇ ਘਰ ਆਉਣ ਨੂੰ ਕਿਹਾ ਕਿਉਂਕਿ ਉਨ੍ਹਾਂ ਨੇ ਸਾਨੂੰ ਕੁਝ ਦਿਖਾਉਣਾ ਸੀ। ਉੱਥੇ ਪਹੁੰਚਦੇ ਹੀ ਸਭ ਤੋਂ ਪਹਿਲਾਂ ਉਨ੍ਹਾਂ ਨੇ ਸਾਨੂੰ ਉਹ ਮੰਦਰ ਵਰਗਾ ਕਮਰਾ ਦਿਖਾਇਆ। ਕਮਰੇ ਵਿੱਚੋਂ ਸਭ ਮੂਰਤੀਆਂ ਕੱਢ ਕੇ ਉਨ੍ਹਾਂ ਨੇ ਕਮਰੇ ਨੂੰ ਨਵਾਂ ਰੂਪ ਦੇ ਦਿੱਤਾ ਸੀ। ਇਸ ਜੋੜੇ ਨੇ ਸੱਚਾਈ ਵਿਚ ਚੰਗੀ ਤਰੱਕੀ ਕੀਤੀ ਤੇ ਬਪਤਿਸਮਾ ਲੈ ਲਿਆ। ਕੁੱਲ ਮਿਲਾ ਅਸੀਂ ਕਹਿ ਸਕਦੇ ਹਾਂ ਕਿ ਅਸੀਂ 50 ਕੁ ਇਨਸਾਨਾਂ ਨਾਲ ਬਾਈਬਲ ਸਟੱਡੀ ਕਰ ਕੇ ਯਹੋਵਾਹ ਦੀ ਸੇਵਾ ਕਰਨ ਵਿਚ ਉਨ੍ਹਾਂ ਦੀ ਮਦਦ ਕੀਤੀ।

ਮਸਹ ਕੀਤੇ ਹੋਏ ਭੈਣ-ਭਰਾਵਾਂ ਨਾਲ ਸੰਗਤ ਕਰਨੀ ਯਹੋਵਾਹ ਵੱਲੋਂ ਮੇਰੇ ਉੱਤੇ ਇਕ ਹੋਰ ਉਪਕਾਰ ਹੈ। ਭਰਾ ਨੌਰ, ਫ਼੍ਰਾਂਜ਼ ਅਤੇ ਹੈੱਨਸ਼ਲ ਵਰਗੇ ਪ੍ਰਬੰਧਕ ਸਭਾ ਦੇ ਮੈਂਬਰਾਂ ਤੋਂ ਸਾਨੂੰ ਬਹੁਤ ਹੌਸਲਾ ਮਿਲਿਆ। ਮੈਨੂੰ ਬੈਥਲ ਵਿਚ ਸੇਵਾ ਕਰਦੀ ਨੂੰ ਹੁਣ 40 ਤੋਂ ਜ਼ਿਆਦਾ ਸਾਲ ਹੋ ਗਏ ਹਨ ਤੇ ਮੈਂ ਅਜੇ ਵੀ ਸੋਚਦੀ ਹਾਂ ਕਿ ਇਹ ਇਕ ਵੱਡਾ ਸਨਮਾਨ ਹੈ।

ਬੀਮਾਰੀ ਤੇ ਵਿਛੋੜੇ ਦਾ ਦੁੱਖ

ਸੰਨ 1982 ਵਿਚ ਮੇਰੇ ਪਤੀ ਨੂੰ ਅਲਜ਼ਹਾਏਮੀਰ ਦੀ ਬੀਮਾਰੀ ਲੱਗ ਗਈ। ਸੰਨ 1990 ਤਕ ਉਨ੍ਹਾਂ ਦੀ ਸਿਹਤ ਇੰਨੀ ਖ਼ਰਾਬ ਹੋ ਗਈ ਸੀ ਕਿ ਹਰ ਵੇਲੇ ਕਿਸੇ-ਨ-ਕਿਸੇ ਨੂੰ ਉਨ੍ਹਾਂ ਦੀ ਦੇਖ-ਭਾਲ ਕਰਨ ਦੀ ਲੋੜ ਸੀ। ਉਨ੍ਹਾਂ ਦੇ ਆਖ਼ਰੀ ਅੱਠ ਸਾਲਾਂ ਦੌਰਾਨ ਅਸੀਂ ਬੈਥਲ ਤੋਂ ਬਾਹਰ ਪੈਰ ਨਹੀਂ ਰੱਖ ਸਕੇ। ਬੈਥਲ ਪਰਿਵਾਰ ਦੇ ਕਈਆਂ ਭੈਣ-ਭਰਾਵਾਂ ਅਤੇ ਜ਼ਿੰਮੇਵਾਰ ਨਿਗਾਹਬਾਨਾਂ ਨੇ ਵੀ ਮੇਰੀ ਮਦਦ ਕਰਨ ਲਈ ਬੰਦੋਬਸਤ ਕੀਤੇ ਸਨ। ਉਨ੍ਹਾਂ ਦੀ ਮਦਦ ਦੇ ਬਾਵਜੂਦ ਮੈਨੂੰ ਦਿਨ-ਰਾਤ ਕਈ-ਕਈ ਘੰਟੇ ਕਾਰਾਲਾਮਬੂਸ ਦੀ ਦੇਖ-ਭਾਲ ਕਰਨ ਵਿਚ ਲੱਗ ਜਾਂਦੇ ਸਨ। ਉਹ ਬੜਾ ਹੀ ਔਖਾ ਸਮਾਂ ਸੀ ਤੇ ਮੈਂ ਕਈ ਉਨੀਂਦੀਆਂ ਰਾਤਾਂ ਕੱਟੀਆਂ ਸਨ।

ਜੁਲਾਈ 1998 ਵਿਚ ਮੇਰਾ ਪਿਆਰਾ ਪਤੀ ਕਾਰਾਲਾਮਬੂਸ ਗੁਜ਼ਰ ਗਿਆ। ਭਾਵੇਂ ਮੈਨੂੰ ਉਸ ਦੀ ਬਹੁਤ ਯਾਦ ਆਉਂਦੀ ਹੈ, ਪਰ ਮੈਨੂੰ ਇਹ ਸੋਚ ਕਿ ਦਿਲਾਸਾ ਮਿਲਦਾ ਹੈ ਕਿ ਯਹੋਵਾਹ ਉਸ ਨੂੰ ਭੁੱਲੇਗਾ ਨਹੀਂ ਅਤੇ ਹੋਰਨਾਂ ਕਰੋੜਾਂ ਇਨਸਾਨਾਂ ਨਾਲ ਉਸ ਨੂੰ ਵੀ ਮੁੜ ਜ਼ਿੰਦਾ ਕਰੇਗਾ।—ਯੂਹੰਨਾ 5:28, 29.

ਯਹੋਵਾਹ ਦੀਆਂ ਮਿਹਰਬਾਨੀਆਂ ਲਈ ਸ਼ੁਕਰਗੁਜ਼ਾਰ

ਭਾਵੇਂ ਮੇਰੇ ਪਤੀ ਗੁਜ਼ਰ ਗਏ ਹਨ, ਪਰ ਮੈਂ ਇਕੱਲੀ ਨਹੀਂ ਮਹਿਸੂਸ ਕਰਦੀ। ਮੈਂ ਅਜੇ ਵੀ ਬੈਥਲ ਵਿਚ ਸੇਵਾ ਕਰਦੀ ਹਾਂ ਤੇ ਪੂਰੇ ਬੈਥਲ ਪਰਿਵਾਰ ਦਾ ਪਿਆਰ ਪਾਉਂਦੀ ਹਾਂ। ਮੈਂ ਇਹ ਵੀ ਕਹਿ ਸਕਦੀ ਹਾਂ ਕਿ ਯੂਨਾਨ ਦੀ ਹਰ ਜਗ੍ਹਾ ਵਿਚ ਮੇਰੇ ਧਰਮ ਦੇ ਭੈਣ-ਭਰਾ ਰਹਿੰਦੇ ਹਨ। ਭਾਵੇਂ ਮੇਰੀ ਉਮਰ ਹੁਣ 70 ਤੋਂ ਜ਼ਿਆਦਾ ਹੈ, ਪਰ ਮੈਂ ਅਜੇ ਵੀ ਰਸੋਈ ਅਤੇ ਡਾਇਨਿੰਗ ਰੂਮ ਵਿਚ ਪੂਰਾ ਦਿਨ ਕੰਮ ਕਰਦੀ ਹਾਂ।

ਸੰਨ 1999 ਵਿਚ ਮੇਰੀ ਇਕ ਵੱਡੀ ਖ਼ਾਹਸ਼ ਪੂਰੀ ਹੋਈ ਜਦੋਂ ਮੈਨੂੰ ਨਿਊਯਾਰਕ ਵਿਚ ਯਹੋਵਾਹ ਦੇ ਗਵਾਹਾਂ ਦੇ ਹੈੱਡ-ਕੁਆਰਟਰ ਵਿਚ ਜਾਣ ਦਾ ਮੌਕਾ ਮਿਲਿਆ। ਮੈਂ ਦੱਸ ਨਹੀਂ ਸਕਦੀ ਕਿ ਮੈਂ ਕਿੰਨੀ ਖ਼ੁਸ਼ ਸੀ। ਉਸ ਸਮੇਂ ਮੈਨੂੰ ਇੰਨਾ ਉਤਸ਼ਾਹ ਮਿਲਿਆ ਕਿ ਮੈਂ ਉਸ ਨੂੰ ਕਦੇ ਨਹੀਂ ਭੁੱਲ ਪਾਵਾਂਗੀ।

ਹੁਣ ਜਦ ਮੈਂ ਆਪਣੀ ਬੀਤੀ ਜ਼ਿੰਦਗੀ ਬਾਰੇ ਸੋਚਦੀ ਹਾਂ, ਤਾਂ ਮੈਂ ਸੱਚ-ਸੱਚ ਕਹਿ ਸਕਦੀ ਹਾਂ ਕਿ ਮੈਂ ਆਪਣੀ ਜ਼ਿੰਦਗੀ ਨੂੰ ਇਸ ਤੋਂ ਵਧੀਆ ਤਰੀਕੇ ਨਾਲ ਨਹੀਂ ਜੀ ਸਕਦੀ ਸੀ। ਯਹੋਵਾਹ ਦੀ ਸੇਵਾ ਕਰਨ ਵਿਚ ਪੂਰਾ ਸਮਾਂ ਲਗਾਉਣ ਤੋਂ ਹੋਰ ਵਧੀਆ ਪੇਸ਼ਾ ਕੋਈ ਨਹੀਂ ਹੋ ਸਕਦਾ। ਮੈਂ ਭਰੋਸੇ ਨਾਲ ਕਹਿ ਸਕਦੀ ਹਾਂ ਕਿ ਮੈਨੂੰ ਕਦੇ ਕਿਸੇ ਚੀਜ਼ ਦੀ ਥੁੜ ਨਹੀਂ ਮਹਿਸੂਸ ਹੋਈ। ਯਹੋਵਾਹ ਨੇ ਬੜੇ ਪਿਆਰ ਨਾਲ ਮੇਰੀ ਤੇ ਮੇਰੇ ਪਤੀ ਦੀ ਰੂਹਾਨੀ ਤੇ ਜਿਸਮਾਨੀ ਤੌਰ ਤੇ ਦੇਖ-ਭਾਲ ਕੀਤੀ ਹੈ। ਆਪਣੀ ਬੀਤੀ ਜ਼ਿੰਦਗੀ ਦੇ ਤਜਰਬੇ ਤੋਂ ਮੈਂ ਜ਼ਬੂਰਾਂ ਦੇ ਲਿਖਾਰੀ ਦੀ ਗੱਲ ਸਮਝ ਸਕਦੀ ਹਾਂ ਜਦ ਉਸ ਨੇ ਪੁੱਛਿਆ: “ਯਹੋਵਾਹ ਦੇ ਮੇਰੇ ਉੱਤੇ ਸਾਰੇ ਉਪਕਾਰਾਂ ਲਈ ਮੈਂ ਉਹ ਨੂੰ ਕੀ ਮੋੜ ਕੇ ਦਿਆਂ?”—ਜ਼ਬੂਰਾਂ ਦੀ ਪੋਥੀ 116:12.

[ਸਫ਼ੇ 26 ਉੱਤੇ ਤਸਵੀਰ]

ਕਾਰਾਲਾਮਬੂਸ ਤੇ ਮੈਨੂੰ ਕੋਈ ਜੁਦਾ ਨਹੀਂ ਕਰ ਸਕਦਾ ਸੀ

[ਸਫ਼ੇ 27 ਉੱਤੇ ਤਸਵੀਰ]

ਮੇਰੇ ਪਤੀ ਬ੍ਰਾਂਚ ਵਿਚ ਆਪਣੇ ਦਫ਼ਤਰ ਵਿਚ

[ਸਫ਼ੇ 28 ਉੱਤੇ ਤਸਵੀਰ]

ਮੇਰੇ ਲਈ ਬੈਥਲ ਵਿਚ ਕੰਮ ਕਰਨਾ ਇਕ ਵੱਡਾ ਸਨਮਾਨ ਹੈ