Skip to content

Skip to table of contents

ਰੱਬ ਉੱਤੇ ਵਿਸ਼ਵਾਸ ਕਰਨ ਦਾ ਸਹੀ ਕਾਰਨ

ਰੱਬ ਉੱਤੇ ਵਿਸ਼ਵਾਸ ਕਰਨ ਦਾ ਸਹੀ ਕਾਰਨ

ਰੱਬ ਉੱਤੇ ਵਿਸ਼ਵਾਸ ਕਰਨ ਦਾ ਸਹੀ ਕਾਰਨ

ਕੋਰੀਆਈ ਭਾਸ਼ਾ ਵਿਚ ਇਕ ਪੁਸਤਕ (ਨੌਜਵਾਨਾਂ ਦੇ ਚਰਚ ਛੱਡਣ ਦੇ 31 ਕਾਰਨ) ਵਿਚ ਦੱਸਿਆ ਗਿਆ ਹੈ ਕਿ ਕਈ ਨੌਜਵਾਨ ਇਸ ਲਈ ਚਰਚ ਜਾਣਾ ਬੰਦ ਕਰ ਦਿੰਦੇ ਹਨ ਕਿਉਂਕਿ ਉਨ੍ਹਾਂ ਨੂੰ ਆਪਣੇ ਸਵਾਲਾਂ ਦੇ ਸਹੀ ਜਵਾਬ ਨਹੀਂ ਮਿਲਦੇ। ਮਿਸਾਲ ਲਈ ਉਹ ਪੁੱਛਦੇ ਹਨ, ‘ਰੱਬ ਤੇ ਵਿਸ਼ਵਾਸ ਕਰਨ ਵਾਲੇ ਲੋਕਾਂ ਉੱਤੇ ਦੁੱਖ ਕਿਉਂ ਆਉਂਦੇ ਹਨ? ਸਾਨੂੰ ਚਰਚ ਦੀ ਹਰ ਸਿੱਖਿਆ ਕਿਉਂ ਮੰਨਣੀ ਪੈਂਦੀ ਹੈ ਜਦ ਕਿ ਕਈ ਸਿੱਖਿਆਵਾਂ ਆਪਸ ਵਿਚ ਮੇਲ ਨਹੀਂ ਖਾਂਦੀਆਂ ਤੇ ਸਾਨੂੰ ਉਲਝਣ ਵਿਚ ਪਾਉਂਦੀਆਂ ਹਨ?’

ਕਈ ਲੋਕ ਪਾਦਰੀਆਂ ਦੇ ਜਵਾਬਾਂ ਤੋਂ ਨਿਰਾਸ਼ ਹੋ ਜਾਂਦੇ ਹਨ ਅਤੇ ਉਹ ਸਮਝ ਲੈਂਦੇ ਹਨ ਕਿ ਬਾਈਬਲ ਵਿਚ ਇਨ੍ਹਾਂ ਸਵਾਲਾਂ ਦਾ ਕੋਈ ਜਵਾਬ ਨਹੀਂ ਹੈ। ਜਦੋਂ ਕੋਈ ਪਾਦਰੀ ਸਿਰਫ਼ ਆਪਣੀ ਰਾਇ ਦਿੰਦਾ ਹੈ, ਤਾਂ ਅਕਸਰ ਲੋਕਾਂ ਨੂੰ ਰੱਬ ਅਤੇ ਬਾਈਬਲ ਬਾਰੇ ਗ਼ਲਤਫ਼ਹਿਮੀ ਹੋ ਜਾਂਦੀ ਹੈ ਤੇ ਕਈ ਨਾਸਤਿਕ ਵੀ ਬਣ ਜਾਂਦੇ ਹਨ।

ਏਬਲ ਨਾਲ ਇਸੇ ਤਰ੍ਹਾਂ ਹੋਇਆ ਸੀ। ਉਹ ਦੱਖਣੀ ਅਫ਼ਰੀਕਾ ਵਿਚ ਲੂਥਰਨ ਚਰਚ ਨੂੰ ਜਾਂਦਾ ਸੀ। ਉਹ ਯਾਦ ਕਰਦਾ ਹੈ: “ਚਰਚ ਵਿਚ ਇਹ ਸਿੱਖਿਆ ਦਿੱਤੀ ਜਾਂਦੀ ਹੈ ਕਿ ਜੋ ਵਿਅਕਤੀ ਮਰ ਜਾਂਦਾ ਹੈ, ਰੱਬ ਉਸ ਨੂੰ ਆਪਣੇ ਕੋਲ ਬੁਲਾ ਲੈਂਦਾ ਹੈ। ਪਰ ਮੇਰੀ ਸਮਝ ਵਿਚ ਇਹ ਨਹੀਂ ਆਉਂਦਾ ਸੀ ਕਿ ਪਿਆਰ ਕਰਨ ਵਾਲਾ ਰੱਬ ਬੱਚਿਆਂ ਤੋਂ ਉਨ੍ਹਾਂ ਦੇ ਮਾਪੇ ਕਿਉਂ ‘ਖੋਹ ਲੈਂਦਾ’ ਸੀ। ਅਫ਼ਰੀਕਾ ਵਿਚ ਜਿਸ ਪਿੰਡ ਵਿਚ ਮੈਂ ਵੱਡਾ ਹੋਇਆ ਸੀ, ਉੱਥੇ ਲੋਕ ਕੁਕੜੀ ਨੂੰ ਉੱਨਾ ਚਿਰ ਨਹੀਂ ਵੱਢਦੇ ਜਿੰਨਾ ਚਿਰ ਚੂਚੇ ਵੱਡੇ ਨਹੀਂ ਹੋ ਜਾਂਦੇ। ਜੇ ਗਾਂ ਸੂਣ ਵਾਲੀ ਹੋਵੇ, ਤਾਂ ਜਿੰਨਾ ਚਿਰ ਉਹ ਸੂੰਦੀ ਨਹੀਂ ਅਤੇ ਵੱਛਾ ਦੁੱਧ ਨਹੀਂ ਛੱਡ ਦਿੰਦਾ, ਉਸ ਨੂੰ ਵੱਢਿਆ ਨਹੀਂ ਜਾਂਦਾ। ਤਾਂ ਫਿਰ, ਕੀ ਰੱਬ ਇਨਸਾਨਾਂ ਲਈ ਇੰਨਾ ਵੀ ਨਹੀਂ ਕਰ ਸਕਦਾ?”

ਕੈਨੇਡਾ ਦੇ ਰਹਿਣ ਵਾਲੇ ਅਰਮ ਦੇ ਮਨ ਵਿਚ ਵੀ ਇਹੋ ਜਿਹੇ ਸਵਾਲ ਸਨ। ਉਸ ਨੇ ਦੱਸਿਆ: “ਜਦੋਂ ਮੈਂ 13 ਸਾਲਾਂ ਦਾ ਸੀ, ਤਾਂ ਮੇਰੇ ਪਿਤਾ ਜੀ ਗੁਜ਼ਰ ਗਏ। ਦਾਹ-ਸੰਸਕਾਰ ਤੇ ਪਾਦਰੀ ਨੇ ਸਮਝਾਇਆ ਕਿ ਪਰਮੇਸ਼ੁਰ ਚਾਹੁੰਦਾ ਸੀ ਕਿ ਮੇਰੇ ਪਿਤਾ ਜੀ ਮਰ ਕੇ ਸਵਰਗ ਵਿਚ ਜਾਣ। ਉਸ ਨੇ ਕਿਹਾ ਕਿ ‘ਰੱਬ ਚੰਗੇ ਲੋਕਾਂ ਨੂੰ ਆਪਣੇ ਕੋਲ ਬੁਲਾ ਲੈਂਦਾ ਹੈ ਕਿਉਂਕਿ ਉਹ ਧਰਮੀ ਲੋਕਾਂ ਨਾਲ ਪਿਆਰ ਕਰਦਾ ਹੈ।’ ਮੈਂ ਸਮਝ ਨਹੀਂ ਪਾਇਆ ਕਿ ਪਰਮੇਸ਼ੁਰ ਇੰਨਾ ਖ਼ੁਦਗਰਜ਼ ਵੀ ਹੋ ਸਕਦਾ ਸੀ।”

ਅਖ਼ੀਰ ਵਿਚ ਏਬਲ ਅਤੇ ਅਰਮ ਯਹੋਵਾਹ ਦੇ ਗਵਾਹਾਂ ਨੂੰ ਮਿਲੇ, ਉਨ੍ਹਾਂ ਨਾਲ ਬਾਈਬਲ ਦਾ ਅਧਿਐਨ ਕੀਤਾ ਅਤੇ ਉਨ੍ਹਾਂ ਨੂੰ ਆਪਣੇ ਸਵਾਲਾਂ ਦੇ ਜਵਾਬ ਮਿਲੇ। ਉਨ੍ਹਾਂ ਨੇ ਆਪਣੇ ਦਿਲਾਂ ਵਿਚ ਰੱਬ ਲਈ ਪਿਆਰ ਪੈਦਾ ਕੀਤਾ ਅਤੇ ਉਹ ਪਰਮੇਸ਼ੁਰ ਤੇ ਪੂਰਾ ਵਿਸ਼ਵਾਸ ਰੱਖਣ ਲੱਗ ਪਏ। ਫਿਰ ਉਨ੍ਹਾਂ ਨੇ ਆਪਣਾ ਜੀਵਨ ਯਹੋਵਾਹ ਨੂੰ ਅਰਪਿਤ ਕੀਤਾ ਅਤੇ ਉਸ ਦੇ ਵਫ਼ਾਦਾਰ ਸੇਵਕ ਬਣ ਗਏ।

ਸਹੀ ਗਿਆਨ ਪਰਮੇਸ਼ੁਰ ਤੇ ਨਿਹਚਾ ਕਰਨ ਲਈ ਅਤਿ-ਜ਼ਰੂਰੀ ਹੈ

ਅਸੀਂ ਇਨ੍ਹਾਂ ਤਜਰਬਿਆਂ ਤੋਂ ਕੀ ਸਿੱਖ ਸਕਦੇ ਹਾਂ? ਸਾਨੂੰ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਉੱਤੇ ਵਿਸ਼ਵਾਸ ਕਰਨ ਤੋਂ ਪਹਿਲਾਂ ਬਾਈਬਲ ਦਾ ਗਿਆਨ ਲੈਣਾ ਬਹੁਤ ਜ਼ਰੂਰੀ ਹੈ। ਪੌਲੁਸ ਰਸੂਲ ਨੇ ਫ਼ਿਲਿੱਪੈ ਦੇ ਪ੍ਰਾਚੀਨ ਸ਼ਹਿਰ ਵਿਚ ਰਹਿਣ ਵਾਲੇ ਮਸੀਹੀਆਂ ਨੂੰ ਲਿਖਿਆ: “ਮੈਂ ਇਹ ਪ੍ਰਾਰਥਨਾ ਕਰਦਾ ਹਾਂ ਭਈ ਤੁਹਾਡਾ ਪ੍ਰੇਮ ਸਮਝ [“ਸਹੀ ਗਿਆਨ,” NW] ਅਤੇ ਸਭ ਪਰਕਾਰ ਦੇ ਬਿਬੇਕ ਨਾਲ ਹੋਰ ਤੋਂ ਹੋਰ ਵਧਦਾ ਚੱਲਿਆ ਜਾਵੇ।” (ਫ਼ਿਲਿੱਪੀਆਂ 1:9) ਇੱਥੇ ਪੌਲੁਸ ਕਹਿ ਰਿਹਾ ਸੀ ਕਿ ਪਰਮੇਸ਼ੁਰ ਅਤੇ ਉਸ ਦੀ ਮਰਜ਼ੀ ਬਾਰੇ ਸਹੀ ਗਿਆਨ ਲੈਣ ਤੋਂ ਬਾਅਦ ਹੀ ਅਸੀਂ ਉਸ ਨੂੰ ਅਤੇ ਆਪਣੇ ਸੰਗੀ ਵਿਸ਼ਵਾਸੀਆਂ ਨੂੰ ਪਿਆਰ ਕਰਨਾ ਸਿੱਖਦੇ ਹਾਂ।

ਪੌਲੁਸ ਬਿਲਕੁਲ ਠੀਕ ਕਹਿ ਰਿਹਾ ਸੀ ਕਿਉਂਕਿ ਕਿਸੇ ਉੱਤੇ ਭਰੋਸਾ ਰੱਖਣ ਤੋਂ ਪਹਿਲਾਂ ਉਸ ਨੂੰ ਚੰਗੀ ਤਰ੍ਹਾਂ ਜਾਣਨ ਦੀ ਲੋੜ ਹੈ। ਤੁਸੀਂ ਕਿਸੇ ਨੂੰ ਜਿੰਨਾ ਜ਼ਿਆਦਾ ਜਾਣੋਗੇ, ਉਸ ਉੱਤੇ ਤੁਹਾਡਾ ਭਰੋਸਾ ਉੱਨਾ ਹੀ ਵਧੇਗਾ। ਇਸੇ ਤਰ੍ਹਾਂ ਪਰਮੇਸ਼ੁਰ ਉੱਤੇ ਭਰੋਸਾ ਰੱਖਣ ਲਈ ਸਹੀ ਗਿਆਨ ਲੈਣਾ ਅਤਿ-ਜ਼ਰੂਰੀ ਹੈ। ਪੌਲੁਸ ਨੇ ਕਿਹਾ: “ਨਿਹਚਾ ਆਸ ਕੀਤੀਆਂ ਹੋਈਆਂ ਗੱਲਾਂ ਦਾ ਪੱਕਾ ਭਰੋਸਾ ਹੈ ਅਤੇ ਅਣਡਿੱਠ ਵਸਤਾਂ ਦੀ ਸਬੂਤੀ ਹੈ।” (ਇਬਰਾਨੀਆਂ 11:1) ਜੇ ਅਸੀਂ ਸਹੀ ਗਿਆਨ ਲਏ ਬਿਨਾਂ ਪਰਮੇਸ਼ੁਰ ਉੱਤੇ ਵਿਸ਼ਵਾਸ ਰੱਖੀਏ, ਤਾਂ ਇਹ ਵਿਸ਼ਵਾਸ ਤਾਸ਼ ਦੇ ਪੱਤਿਆਂ ਦੇ ਘਰ ਵਾਂਗ ਹੋਵੇਗਾ ਜੋ ਫੂਕ ਮਾਰਨ ਤੇ ਡਿੱਗ ਜਾਂਦਾ ਹੈ।

ਬਾਈਬਲ ਦਾ ਅਧਿਐਨ ਕਰਨ ਨਾਲ ਤੁਹਾਨੂੰ ਤੁਹਾਡੇ ਸਵਾਲਾਂ ਦੇ ਜਵਾਬ ਮਿਲ ਸਕਦੇ ਹਨ। ਮਿਸਾਲ ਲਈ, ਏਬਲ ਤੇ ਅਰਮ ਨੂੰ ਇਹ ਨਹੀਂ ਪਤਾ ਸੀ ਕਿ ਲੋਕ ਮਰਦੇ ਕਿਉਂ ਹਨ। ਬਾਈਬਲ ਵਿਚ ਲਿਖਿਆ ਗਿਆ ਹੈ ਕਿ “ਇੱਕ ਮਨੁੱਖ ਤੋਂ ਪਾਪ ਸੰਸਾਰ ਵਿੱਚ ਆਇਆ ਅਤੇ ਪਾਪ ਤੋਂ ਮੌਤ ਆਈ ਅਤੇ ਇਸੇ ਤਰਾਂ ਮੌਤ ਸਭਨਾਂ ਮਨੁੱਖਾਂ ਵਿੱਚ ਫੈਲਰ ਗਈ ਏਸ ਲਈ ਜੋ ਸਭਨਾਂ ਨੇ ਪਾਪ ਕੀਤਾ।” (ਰੋਮੀਆਂ 5:12) ਇਨਸਾਨ ਬੁੱਢੇ ਹੋ ਕੇ ਇਸ ਲਈ ਨਹੀਂ ਮਰਦੇ ਕਿਉਂਕਿ ਰੱਬ ਉਨ੍ਹਾਂ ਨੂੰ ਆਪਣੇ ਕੋਲ ਬੁਲਾ ਲੈਂਦਾ ਹੈ, ਸਗੋਂ ਇਸ ਲਈ ਕਿਉਂਕਿ ਪਹਿਲੇ ਇਨਸਾਨ ਆਦਮ ਨੇ ਪਾਪ ਕੀਤਾ ਸੀ। (ਉਤਪਤ 2:16, 17; 3:6, 17-19) ਇਸ ਤੋਂ ਇਲਾਵਾ ਬਾਈਬਲ ਦੱਸਦੀ ਹੈ ਕਿ ਯਹੋਵਾਹ ਪਰਮੇਸ਼ੁਰ ਆਪਣੇ ਪੁੱਤਰ ਯਿਸੂ ਮਸੀਹ ਦੇ ਬਲੀਦਾਨ ਰਾਹੀਂ ਲੋਕਾਂ ਨੂੰ ਇਹ ਉਮੀਦ ਦਿੰਦਾ ਹੈ ਕਿ ਮੁਰਦਿਆਂ ਨੂੰ ਦੁਬਾਰਾ ਜੀ ਉਠਾਇਆ ਜਾਵੇਗਾ।—ਯੂਹੰਨਾ 5:28, 29; ਰਸੂਲਾਂ ਦੇ ਕਰਤੱਬ 24:15.

ਕੀ ਮੁਰਦਿਆਂ ਨੂੰ ਸੱਚ-ਮੁੱਚ ਦੁਬਾਰਾ ਜੀ ਉਠਾਇਆ ਜਾਵੇਗਾ? ਜੀ ਹਾਂ! ਬਾਈਬਲ ਵਿਚ ਦੱਸਿਆ ਗਿਆ ਹੈ ਕਿ ਯਿਸੂ ਨੇ ਕੁਝ ਮੁਰਦਿਆਂ ਨੂੰ ਦੁਬਾਰਾ ਜ਼ਿੰਦਾ ਕੀਤਾ ਸੀ। (ਲੂਕਾ 7:11-17; 8:40-56; ਯੂਹੰਨਾ 11:17-45) ਇਨ੍ਹਾਂ ਬਾਰੇ ਬਾਈਬਲ ਵਿਚ ਪੜ੍ਹਦੇ ਸਮੇਂ ਕਲਪਨਾ ਕਰੋ ਕਿ ਜ਼ਿੰਦਾ ਕੀਤੇ ਗਏ ਲੋਕਾਂ ਦੇ ਪਰਿਵਾਰਾਂ ਤੇ ਦੋਸਤਾਂ ਨੂੰ ਕਿੰਨੀ ਖ਼ੁਸ਼ੀ ਹੋਈ ਸੀ! ਇਸ ਉੱਤੇ ਵੀ ਧਿਆਨ ਦਿਓ ਕਿ ਇਹ ਚਮਤਕਾਰ ਦੇਖ ਕੇ ਲੋਕਾਂ ਨੇ ਪਰਮੇਸ਼ੁਰ ਦੀ ਵਡਿਆਈ ਕੀਤੀ ਅਤੇ ਯਿਸੂ ਉੱਤੇ ਨਿਹਚਾ ਕੀਤੀ ਸੀ।

ਪਰਮੇਸ਼ੁਰ ਅਤੇ ਉਸ ਦੇ ਮਕਸਦਾਂ ਬਾਰੇ ਸਹੀ ਗਿਆਨ ਲੈਣ ਤੋਂ ਬਾਅਦ ਅੱਜ ਵੀ ਲੋਕਾਂ ਤੇ ਇਹੋ ਜਿਹਾ ਅਸਰ ਪੈਂਦਾ ਹੈ। ਕਈ ਲੋਕ ਆਪਣੇ ਸਵਾਲਾਂ ਕਰਕੇ ਪਰੇਸ਼ਾਨ ਸਨ ਤੇ ਸਹੀ ਜਵਾਬ ਨਾ ਮਿਲਣ ਕਰਕੇ ਉਨ੍ਹਾਂ ਦੇ ਮਨਾਂ ਉੱਤੇ ਇਕ ਬੋਝ ਸੀ। ਦੂਸਰੇ ਨਾਸਤਿਕ ਬਣ ਚੁੱਕੇ ਸਨ। ਪਰ ਬਾਈਬਲ ਪੜ੍ਹ ਕੇ ਉਨ੍ਹਾਂ ਨੂੰ ਆਪਣੇ ਸਵਾਲਾਂ ਦੇ ਜਵਾਬ ਮਿਲੇ ਤੇ ਉਨ੍ਹਾਂ ਦੀ ਜ਼ਿੰਦਗੀ ਵਿਚ ਇਕ ਨਵਾਂ ਮੋੜ ਆਇਆ।

ਪਰਮੇਸ਼ੁਰ ਲਈ ਪਿਆਰ ਸਾਨੂੰ ਉਸ ਦੀ ਸੇਵਾ ਕਰਨ ਲਈ ਪ੍ਰੇਰਦਾ ਹੈ

ਭਾਵੇਂ ਕਿ ਪਰਮੇਸ਼ੁਰ ਉੱਤੇ ਨਿਹਚਾ ਕਰਨ ਲਈ ਸਹੀ ਗਿਆਨ ਅਤਿ-ਜ਼ਰੂਰੀ ਹੈ, ਪਰ ਉਸ ਦੀ ਆਗਿਆ ਮੰਨਣ ਤੇ ਸੇਵਾ ਕਰਨ ਲਈ ਕੁਝ ਹੋਰ ਵੀ ਜ਼ਰੂਰੀ ਹੈ। ਯਿਸੂ ਨੂੰ ਇਕ ਵਾਰ ਪੁੱਛਿਆ ਗਿਆ ਸੀ ਕਿ ਪਰਮੇਸ਼ੁਰ ਦਾ ਸਭ ਤੋਂ ਵੱਡਾ ਹੁਕਮ ਕੀ ਹੈ। ਉਸ ਨੇ ਜਵਾਬ ਦਿੱਤਾ: “ਤੂੰ ਪ੍ਰਭੁ ਆਪਣੇ ਪਰਮੇਸ਼ੁਰ ਨੂੰ ਆਪਣੇ ਸਾਰੇ ਦਿਲ ਨਾਲ ਅਤੇ ਆਪਣੀ ਸਾਰੀ ਜਾਨ ਨਾਲ ਅਤੇ ਆਪਣੀ ਸਾਰੀ ਬੁੱਧ ਨਾਲ ਅਤੇ ਆਪਣੀ ਸਾਰੀ ਸ਼ਕਤੀ ਨਾਲ ਪਿਆਰ ਕਰ।” (ਮਰਕੁਸ 12:30) ਜੇ ਕੋਈ ਇਨਸਾਨ ਪਰਮੇਸ਼ੁਰ ਨਾਲ ਇੰਨਾ ਪਿਆਰ ਕਰੇਗਾ, ਤਾਂ ਉਹ ਖ਼ੁਸ਼ੀ ਨਾਲ ਉਸ ਦੀ ਆਗਿਆ ਮੰਨ ਕੇ ਉਸ ਦੀ ਸੇਵਾ ਕਰਨੀ ਚਾਹੇਗਾ। ਕੀ ਇਹ ਤੁਹਾਡੇ ਬਾਰੇ ਸੱਚ ਹੈ?

ਰੇਚਲ ਕਈਆਂ ਦਹਾਕਿਆਂ ਤੋਂ ਕੋਰੀਆ ਵਿਚ ਇਕ ਮਿਸ਼ਨਰੀ ਵਜੋਂ ਸੇਵਾ ਕਰ ਰਹੀ ਹੈ। ਉਸ ਨੇ ਦੱਸਿਆ ਕਿ ਉਹ ਪਰਮੇਸ਼ੁਰ ਉੱਤੇ ਵਿਸ਼ਵਾਸ ਕਿਉਂ ਕਰਦੀ ਹੈ: “ਮੈਂ ਹਮੇਸ਼ਾ ਸੋਚਦੀ ਹਾਂ ਕਿ ਯਹੋਵਾਹ ਨੇ ਆਪਣਾ ਹੱਥ ਖੋਲ੍ਹ ਕੇ ਸਾਨੂੰ ਕਿੰਨਾ ਕੁਝ ਦਿੱਤਾ ਹੈ, ਉਸ ਨੇ ਆਪਣੇ ਲੋਕਾਂ ਨੂੰ ਵਾਰ-ਵਾਰ ਮਾਫ਼ ਕੀਤਾ ਹੈ ਅਤੇ ਉਹ ਚਾਹੁੰਦਾ ਹੈ ਕਿ ਅਸੀਂ ਉਸ ਦੇ ਹੁਕਮ ਮੰਨ ਕੇ ਲਾਭ ਹਾਸਲ ਕਰੀਏ। ਇਨ੍ਹਾਂ ਗੱਲਾਂ ਕਰਕੇ ਉਸ ਲਈ ਮੇਰਾ ਪਿਆਰ ਹੋਰ ਵੀ ਵਧਦਾ ਹੈ। ਇਸੇ ਪਿਆਰ ਕਰਕੇ ਮੈਂ ਉਸ ਦੀ ਸੇਵਾ ਕਰਨੀ ਚਾਹੁੰਦੀ ਹਾਂ।”

ਜਰਮਨੀ ਵਿਚ ਰਹਿਣ ਵਾਲੀ ਮਾਰਟਾ ਨਾਂ ਦੀ ਇਕ ਵਿਧਵਾ 48 ਸਾਲਾਂ ਤੋਂ ਯਹੋਵਾਹ ਦੀ ਸੇਵਾ ਕਰ ਰਹੀ ਹੈ। ਉਸ ਨੇ ਕਿਹਾ: “ਮੈਂ ਯਹੋਵਾਹ ਦੀ ਸੇਵਾ ਇਸ ਲਈ ਕਰਦੀ ਹਾਂ ਕਿਉਂਕਿ ਮੈਂ ਉਸ ਨੂੰ ਪਿਆਰ ਕਰਦੀ ਹਾਂ। ਹਰ ਸ਼ਾਮ ਮੈਂ ਯਹੋਵਾਹ ਨੂੰ ਪ੍ਰਾਰਥਨਾ ਵਿਚ ਕਹਿੰਦੀ ਹਾਂ ਕਿ ਮੈਂ ਉਸ ਦੀਆਂ ਸਾਰੀਆਂ ਮਿਹਰਬਾਨੀਆਂ ਲਈ ਬਹੁਤ ਸ਼ੁਕਰਗੁਜ਼ਾਰ ਹਾਂ, ਖ਼ਾਸ ਕਰਕੇ ਉਸ ਦੇ ਪੁੱਤਰ ਦੇ ਬਲੀਦਾਨ ਲਈ।”

ਜੀ ਹਾਂ, ਜੇ ਅਸੀਂ ਰੱਬ ਨੂੰ ਪਿਆਰ ਕਰਦੇ ਹਾਂ, ਤਾਂ ਅਸੀਂ ਦਿਲੋਂ ਉਸ ਦੀ ਸੇਵਾ ਕਰਨੀ ਚਾਹਾਂਗੇ। ਪਰ ਅਸੀਂ ਰੱਬ ਲਈ ਪਿਆਰ ਕਿਵੇਂ ਪੈਦਾ ਕਰ ਸਕਦੇ ਹਾਂ? ਸਭ ਤੋਂ ਪਹਿਲਾ ਤਾਂ ਸਾਨੂੰ ਇਸ ਗੱਲ ਦੀ ਡੂੰਘੀ ਕਦਰ ਕਰਨੀ ਚਾਹੀਦੀ ਹੈ ਕਿ ਪਰਮੇਸ਼ੁਰ ਸਾਡੇ ਨਾਲ ਪਿਆਰ ਕਰਦਾ ਹੈ। ਬਾਈਬਲ ਵਿਚ ਸਾਨੂੰ ਯਾਦ ਕਰਾਇਆ ਜਾਂਦਾ ਹੈ: “ਜਿਹੜਾ ਪ੍ਰੇਮ ਨਹੀਂ ਕਰਦਾ ਉਹ ਪਰਮੇਸ਼ੁਰ ਨੂੰ ਨਹੀਂ ਜਾਣਦਾ ਕਿਉਂ ਜੋ ਪਰਮੇਸ਼ੁਰ ਪ੍ਰੇਮ ਹੈ। ਪਰਮੇਸ਼ੁਰ ਦਾ ਪ੍ਰੇਮ ਸਾਡੇ ਵਿੱਚ ਇਸ ਤੋਂ ਪਰਗਟ ਹੋਇਆ ਜੋ ਪਰਮੇਸ਼ੁਰ ਨੇ ਆਪਣੇ ਇਕਲੌਤੇ ਪੁੱਤ੍ਰ ਨੂੰ ਸੰਸਾਰ ਵਿੱਚ ਘੱਲਿਆ ਭਈ ਅਸੀਂ ਉਹ ਦੇ ਰਾਹੀਂ ਜੀਵੀਏ। ਪ੍ਰੇਮ ਇਸ ਗੱਲ ਵਿੱਚ ਹੈ, ਨਾ ਜੋ ਅਸਾਂ ਪਰਮੇਸ਼ੁਰ ਨਾਲ ਪ੍ਰੇਮ ਕੀਤਾ ਸਗੋਂ ਇਹ ਜੋ ਉਹ ਨੇ ਸਾਡੇ ਨਾਲ ਪ੍ਰੇਮ ਕੀਤਾ ਅਤੇ ਆਪਣੇ ਪੁੱਤ੍ਰ ਨੂੰ ਘੱਲਿਆ ਭਈ ਉਹ ਸਾਡੇ ਪਾਪਾਂ ਦਾ ਪਰਾਸਚਿੱਤ ਹੋਵੇ।”—1 ਯੂਹੰਨਾ 4:8-10.

ਆਪਣੇ ਪੁੱਤਰ ਦੀ ਕੁਰਬਾਨੀ ਦੇ ਕੇ ਪਰਮੇਸ਼ੁਰ ਨੇ ਦਿਖਾਇਆ ਕਿ ਉਹ ਸਾਡੇ ਨਾਲ ਕਿੰਨਾ ਪਿਆਰ ਕਰਦਾ ਹੈ। ਕੀ ਤੁਸੀਂ ਇਸ ਪਿਆਰ ਦੀ ਕਦਰ ਕਰਦੇ ਹੋ? ਫ਼ਰਜ਼ ਕਰੋ ਕਿ ਤੁਸੀਂ ਇਕ ਨਦੀ ਵਿਚ ਡੁੱਬ ਰਹੇ ਹੋ ਅਤੇ ਇਕ ਆਦਮੀ ਆਪਣੀ ਜਾਨ ਖ਼ਤਰੇ ਵਿਚ ਪਾ ਕੇ ਤੁਹਾਨੂੰ ਬਚਾ ਲੈਂਦਾ ਹੈ। ਕੀ ਤੁਸੀਂ ਉਸ ਨੂੰ ਭੁੱਲ ਜਾਓਗੇ? ਜਾਂ ਕੀ ਤੁਸੀਂ ਹਮੇਸ਼ਾ ਉਸ ਦੇ ਧੰਨਵਾਦੀ ਹੋਵੋਗੇ? ਕੀ ਤੁਸੀਂ ਉਸ ਲਈ ਕੁਝ ਵੀ ਕਰਨ ਲਈ ਤਿਆਰ ਨਹੀਂ ਹੋਵੋਗੇ? ਪਰਮੇਸ਼ੁਰ ਦਾ ਪਿਆਰ ਇਸ ਤੋਂ ਕਿਤੇ ਜ਼ਿਆਦਾ ਡੂੰਘਾ ਹੈ ਕਿਉਂਕਿ ਉਸ ਨੇ ਆਪਣੇ ਪੁੱਤਰ ਯਿਸੂ ਮਸੀਹ ਨੂੰ ਸਾਡੇ ਪਾਪਾਂ ਦੇ ਲਈ ਮਰਨ ਵਾਸਤੇ ਭੇਜਿਆ ਸੀ। (ਯੂਹੰਨਾ 3:16; ਰੋਮੀਆਂ 8:38, 39) ਜਦੋਂ ਪਰਮੇਸ਼ੁਰ ਦਾ ਪਿਆਰ ਤੁਹਾਡਾ ਦਿਲ ਛੋਹ ਲਵੇਗਾ, ਤਾਂ ਤੁਸੀਂ ਵੀ ਆਪਣੇ ਪੂਰੇ ਦਿਲ ਨਾਲ ਉਸ ਨੂੰ ਪਿਆਰ ਕਰਨਾ ਤੇ ਉਸ ਦੀ ਸੇਵਾ ਕਰਨੀ ਚਾਹੋਗੇ।

ਹੁਣ ਅਤੇ ਅਗਾਹਾਂ ਨੂੰ ਬਰਕਤਾਂ

ਭਾਵੇਂ ਕਿ ਅਸੀਂ ਪਰਮੇਸ਼ੁਰ ਦੀ ਮਰਜ਼ੀ ਇਸ ਲਈ ਪੂਰੀ ਕਰਨੀ ਚਾਹੁੰਦੇ ਹਾਂ ਕਿਉਂਕਿ ਅਸੀਂ ਉਸ ਨਾਲ ਪਿਆਰ ਕਰਦੇ ਹਾਂ, ਪਰ ਇਹ ਜਾਣ ਕੇ ਸਾਨੂੰ ਖ਼ੁਸ਼ੀ ਹੁੰਦੀ ਹੈ ਕਿ ਪਰਮੇਸ਼ੁਰ ਆਪਣੇ ਸੇਵਕਾਂ ਨੂੰ ਬਰਕਤਾਂ ਦਿੰਦਾ ਹੈ। ਪੌਲੁਸ ਰਸੂਲ ਨੇ ਕਿਹਾ: “ਨਿਹਚਾ ਬਾਝੋਂ ਉਹ ਦੇ ਮਨ ਨੂੰ ਭਾਉਣਾ ਅਣਹੋਣਾ ਹੈ ਕਿਉਂਕਿ ਜਿਹੜਾ ਪਰਮੇਸ਼ੁਰ ਦੀ ਵੱਲ ਆਉਂਦਾ ਹੈ ਉਹ ਨੂੰ ਪਰਤੀਤ ਕਰਨੀ ਚਾਹੀਦੀ ਹੈ ਭਈ ਉਹ ਹੈ, ਨਾਲੇ ਇਹ ਭਈ ਉਹ ਆਪਣਿਆਂ ਤਾਲਿਬਾਂ ਦਾ ਫਲ-ਦਾਤਾ ਹੈ।”—ਇਬਰਾਨੀਆਂ 11:6.

ਜਿਹੜੇ ਰੱਬ ਨੂੰ ਪਿਆਰ ਕਰਦੇ ਹਨ ਅਤੇ ਉਸ ਦੀ ਆਗਿਆ ਮੰਨਦੇ ਹਨ, ਉਨ੍ਹਾਂ ਨੂੰ ਉਸ ਤੋਂ ਬਰਕਤਾਂ ਮਿਲਦੀਆਂ ਹਨ। ਬਾਈਬਲ ਦੇ ਸਿਧਾਂਤਾਂ ਉੱਤੇ ਚੱਲ ਕੇ ਕਈਆਂ ਦੀ ਸਿਹਤ ਉੱਤੇ ਚੰਗਾ ਅਸਰ ਪਿਆ ਹੈ। (ਕਹਾਉਤਾਂ 23:20, 21; 2 ਕੁਰਿੰਥੀਆਂ 7:1) ਜਿਹੜੇ ਲੋਕ ਈਮਾਨਦਾਰ ਅਤੇ ਮਿਹਨਤੀ ਹਨ, ਉਨ੍ਹਾਂ ਦੇ ਮਾਲਕ ਉਨ੍ਹਾਂ ਤੇ ਜ਼ਿਆਦਾ ਭਰੋਸਾ ਰੱਖਦੇ ਹਨ ਜਿਸ ਕਰਕੇ ਉਨ੍ਹਾਂ ਦੀ ਨੌਕਰੀ ਪੱਕੀ ਹੁੰਦੀ ਹੈ। (ਕੁਲੁੱਸੀਆਂ 3:23) ਯਹੋਵਾਹ ਉੱਤੇ ਭਰੋਸਾ ਰੱਖ ਕੇ ਉਸ ਦੇ ਸੇਵਕਾਂ ਕੋਲ ਅਜ਼ਮਾਇਸ਼ਾਂ ਦੌਰਾਨ ਵੀ ਮਨ ਦੀ ਸ਼ਾਂਤੀ ਹੁੰਦੀ ਹੈ। (ਕਹਾਉਤਾਂ 28:25; ਫ਼ਿਲਿੱਪੀਆਂ 4:6, 7) ਸਭ ਤੋਂ ਵੱਧ, ਉਹ ਭਰੋਸੇ ਨਾਲ ਉਸ ਸਮੇਂ ਦੀ ਉਡੀਕ ਕਰਦੇ ਹਨ ਜਦੋਂ ਧਰਤੀ ਸੁੰਦਰ ਬਣਾਈ ਜਾਵੇਗੀ ਅਤੇ ਉਹ ਹਮੇਸ਼ਾ ਲਈ ਉਸ ਉੱਤੇ ਜੀਉਣਗੇ।—ਜ਼ਬੂਰਾਂ ਦੀ ਪੋਥੀ 37:11, 29.

ਜਿਨ੍ਹਾਂ ਲੋਕਾਂ ਨੂੰ ਹੁਣ ਵੀ ਯਹੋਵਾਹ ਵੱਲੋਂ ਬਰਕਤਾਂ ਮਿਲਦੀਆਂ ਹਨ ਉਹ ਉਸ ਬਾਰੇ ਕਿਵੇਂ ਮਹਿਸੂਸ ਕਰਦੇ ਹਨ? ਕੈਨੇਡਾ ਵਿਚ ਰਹਿਣ ਵਾਲੀ ਜੈਕਲੀਨ ਰੱਬ ਦਾ ਸ਼ੁਕਰ ਕਰਦੀ ਹੋਈ ਕਹਿੰਦੀ ਹੈ: “ਉਹ ਹਮੇਸ਼ਾ ਸਾਨੂੰ ਵਧੀਆ ਦਾਤਾਂ ਦਿੰਦਾ ਹੈ ਅਤੇ ਉਹ ਸਾਨੂੰ ਹਮੇਸ਼ਾ ਲਈ ਜੀਉਣ ਦੀ ਆਸ ਦਿੰਦਾ ਹੈ।” ਪਹਿਲਾਂ ਜ਼ਿਕਰ ਕੀਤੇ ਗਏ ਏਬਲ ਨੇ ਕਿਹਾ: “ਇਕ ਸੁੰਦਰ ਧਰਤੀ ਉੱਤੇ ਰਹਿਣ ਦੀ ਉਮੀਦ ਮੇਰੇ ਲਈ ਨਵੀਂ ਸੀ ਅਤੇ ਮੈਂ ਬੜੀ ਚਾਹ ਨਾਲ ਉਸ ਸਮੇਂ ਦੀ ਉਡੀਕ ਕਰਦਾ ਹਾਂ। ਪਰ ਜੇ ਮੈਨੂੰ ਇਹ ਉਮੀਦ ਨਾ ਵੀ ਮਿਲਦੀ, ਤਾਂ ਵੀ ਮੈਨੂੰ ਪਰਮੇਸ਼ੁਰ ਦੀ ਸੇਵਾ ਕਰਨ ਵਿਚ ਖ਼ੁਸ਼ੀ ਹੁੰਦੀ ਕਿਉਂਕਿ ਮੈਂ ਉਸ ਨੂੰ ਬਹੁਤ ਪਿਆਰ ਕਰਦਾ ਹਾਂ।”

ਤੁਸੀਂ ਵੀ ਪਰਮੇਸ਼ੁਰ ਉੱਤੇ ਪੱਕੀ ਨਿਹਚਾ ਰੱਖ ਸਕਦੇ ਹੋ

ਬਾਈਬਲ ਵਿਚ ਲਿਖਿਆ ਹੈ: ‘ਸੈਨਾਂ ਦਾ ਯਹੋਵਾਹ, ਜਿਹੜਾ ਧਰਮ ਨਾਲ ਨਿਆਉਂ ਕਰਦਾ ਹੈ, ਦਿਲ ਅਤੇ ਮਨ ਨੂੰ ਪਰਖਦਾ ਹੈ।’ (ਯਿਰਮਿਯਾਹ 11:20) ਜੀ ਹਾਂ, ਯਹੋਵਾਹ ਜਾਣਦਾ ਹੈ ਕਿ ਸਾਡੇ ਦਿਲ ਵਿਚ ਕੀ ਹੈ। ਇਸ ਲਈ ਹਰੇਕ ਨੂੰ ਆਪਣੇ ਦਿਲ ਦੀ ਖੋਜ ਕਰ ਕੇ ਪੁੱਛਣਾ ਚਾਹੀਦਾ ਹੈ: ‘ਮੈਂ ਰੱਬ ਉੱਤੇ ਵਿਸ਼ਵਾਸ ਕਿਉਂ ਕਰਦਾ ਹਾਂ?’ ਸ਼ਾਇਦ ਪਹਿਲਾਂ ਰੱਬ ਬਾਰੇ ਸਾਡੇ ਵਿਸ਼ਵਾਸ ਗ਼ਲਤ ਹੋਣ ਕਰਕੇ ਅਸੀਂ ਗ਼ਲਤ ਕੰਮ ਕੀਤੇ ਸਨ। ਪਰ ਬਾਈਬਲ ਦਾ ਸਹੀ ਗਿਆਨ ਲੈ ਕੇ ਅਸੀਂ ਆਪਣੇ ਕਰਤਾਰ ਯਹੋਵਾਹ ਪਰਮੇਸ਼ੁਰ ਨਾਲ ਇਕ ਚੰਗਾ ਰਿਸ਼ਤਾ ਜੋੜ ਸਕਦੇ ਹਾਂ।—1 ਤਿਮੋਥਿਉਸ 2:3, 4.

ਯਹੋਵਾਹ ਦੇ ਗਵਾਹ ਲੋਕਾਂ ਨਾਲ ਬਾਈਬਲ ਦਾ ਅਧਿਐਨ ਕਰ ਕੇ ਉਨ੍ਹਾਂ ਦੀ ਪਰਮੇਸ਼ੁਰ ਦਾ ਸਹੀ ਗਿਆਨ ਲੈਣ ਵਿਚ ਮਦਦ ਕਰਦੇ ਹਨ। (ਮੱਤੀ 28:20) ਕਈਆਂ ਲੋਕਾਂ ਨੇ ਇਸ ਮਦਦ ਰਾਹੀਂ ਪਰਮੇਸ਼ੁਰ ਨੂੰ ਪਿਆਰ ਕਰਨਾ ਅਤੇ ਉਸ ਉੱਤੇ ਵਿਸ਼ਵਾਸ ਕਰਨਾ ਸਿੱਖਿਆ ਹੈ। ਬਾਈਬਲ ਪੜ੍ਹ ਕੇ ਉਨ੍ਹਾਂ ਨੇ “ਬੁੱਧ ਅਤੇ ਸੂਝ” ਨੂੰ ਪ੍ਰਾਪਤ ਕੀਤਾ ਹੈ ਜਿਸ ਕਰਕੇ ਉਹ ‘ਆਪਣੇ ਰਾਹ ਉੱਤੇ ਸੁਰੱਖਿਅਤ ਚੱਲਦੇ ਹਨ।’ (ਕਹਾਉਤਾਂ 3:21-23, ਪਵਿੱਤਰ ਬਾਈਬਲ ਨਵਾਂ ਅਨੁਵਾਦ) ਇਸ ਤੋਂ ਇਲਾਵਾ ਉਨ੍ਹਾਂ ਦੀ ਚੰਗੇ ਭਵਿੱਖ ਦੀ ਆਸ “ਅਚੱਲ ਅਤੇ ਇਸਥਿਰ” ਹੈ। (ਇਬਰਾਨੀਆਂ 6:19) ਤੁਸੀਂ ਵੀ ਪਰਮੇਸ਼ੁਰ ਉੱਤੇ ਪੱਕੀ ਨਿਹਚਾ ਕਰਨੀ ਸਿੱਖ ਕੇ ਇਹ ਬਰਕਤਾਂ ਪਾ ਸਕਦੇ ਹੋ।

[ਸਫ਼ੇ 6 ਉੱਤੇ ਡੱਬੀ]

ਕੁਝ ਲੋਕਾਂ ਦੇ ਮਨ ਇਨ੍ਹਾਂ ਸਵਾਲਾਂ ਕਾਰਨ ਪਰੇਸ਼ਾਨ ਸਨ

“ਜਦ ਮੈਂ ਹਸਪਤਾਲ ਵਿਚ ਡਾਕਟਰ ਬਣਨ ਦੀ ਟ੍ਰੇਨਿੰਗ ਲੈ ਰਿਹਾ ਸੀ, ਤਾਂ ਮੈਂ ਦੇਖਿਆ ਕਿ ਚੰਗੇ ਇਨਸਾਨ ਬੀਮਾਰੀ ਅਤੇ ਹਾਦਸਿਆਂ ਕਾਰਨ ਕਿੰਨਾ ਦੁੱਖ ਝੱਲ ਰਹੇ ਸਨ। ਮੈਂ ਸੋਚਿਆ ਜੇ ਰੱਬ ਹੈ, ਤਾਂ ਇਹ ਗੱਲਾਂ ਕਿਉਂ ਹੁੰਦੀਆਂ ਹਨ? ਕੀ ਮਜ਼ਹਬ ਤੋਂ ਸਿਰਫ਼ ਮਨ ਦੀ ਸ਼ਾਂਤੀ ਮਿਲਦੀ ਹੈ?”—ਕੋਰੀਆ ਤੋਂ ਇਕ ਸਾਬਕਾ ਪ੍ਰੈਸਬੀਟਰੀ ਈਸਾਈ।

“ਮੈਂ ਵਾਰ-ਵਾਰ ਸੋਚਦੀ ਰਹਿੰਦੀ ਸੀ ਕਿ ਕੀ ਮੇਰੇ ਸ਼ਰਾਬੀ ਪਿਤਾ ਜੀ ਨਰਕ ਨੂੰ ਗਏ ਸਨ ਜਾਂ ਸਵਰਗ ਨੂੰ? ਮੈਨੂੰ ਮੁਰਦਿਆਂ ਤੋਂ ਅਤੇ ਨਰਕ ਦੀ ਅੱਗ ਤੋਂ ਬਹੁਤ ਡਰ ਲੱਗਦਾ ਸੀ। ਮੈਨੂੰ ਇਹ ਨਹੀਂ ਸਮਝ ਆਉਂਦੀ ਸੀ ਕਿ ਪਿਆਰ ਕਰਨ ਵਾਲਾ ਪਰਮੇਸ਼ੁਰ ਕਿਸੇ ਨੂੰ ਹਮੇਸ਼ਾ ਲਈ ਦੁੱਖ ਭੋਗਣ ਵਾਸਤੇ ਨਰਕ ਵਿਚ ਕਿਵੇਂ ਭੇਜ ਸਕਦਾ ਹੈ।”—ਬ੍ਰਾਜ਼ੀਲ ਤੋਂ ਇਕ ਸਾਬਕਾ ਕੈਥੋਲਿਕ।

“ਧਰਤੀ ਤੇ ਮਨੁੱਖਾਂ ਦਾ ਭਵਿੱਖ ਕੀ ਹੈ? ਇਨਸਾਨ ਹਮੇਸ਼ਾ ਲਈ ਕਿਵੇਂ ਜੀ ਸਕਦੇ ਹਨ? ਮਨੁੱਖਜਾਤੀ ਨੂੰ ਅਮਨ-ਚੈਨ ਕਿਸ ਤਰ੍ਹਾਂ ਮਿਲ ਸਕਦਾ ਹੈ?”—ਜਰਮਨੀ ਤੋਂ ਇਕ ਸਾਬਕਾ ਕੈਥੋਲਿਕ।

“ਜੂਨਾਂ ਵਿਚ ਪੈਣ ਦੀ ਸਿੱਖਿਆ ਮੇਰੀ ਸਮਝ ਤੋਂ ਬਾਹਰ ਸੀ। ਜਾਨਵਰ ਤਾਂ ਪਰਮੇਸ਼ੁਰ ਦੀ ਪੂਜਾ ਨਹੀਂ ਕਰਦੇ, ਤਾਂ ਫਿਰ ਜੇ ਅਸੀਂ ਆਪਣੇ ਪਾਪਾਂ ਦੀ ਸਜ਼ਾ ਭੋਗਣ ਲਈ ਅਗਲੇ ਜਨਮ ਵਿਚ ਜਾਨਵਰ ਬਣ ਜਾਂਦੇ ਹਾਂ, ਤਾਂ ਅਸੀਂ ਉਸ ਜੂਨ ਵਿੱਚੋਂ ਨਿਕਲਣ ਅਤੇ ਅਗਲਾ ਜਨਮ ਸੁਧਾਰਨ ਲਈ ਕੀ ਕਰ ਸਕਦੇ ਹਾਂ?”—ਦੱਖਣੀ ਅਫ਼ਰੀਕਾ ਤੋਂ ਇਕ ਸਾਬਕਾ ਹਿੰਦੂ।

“ਮੈਂ ਇਕ ਕਨਫਿਊਸ਼ੀ ਘਰਾਣੇ ਵਿਚ ਵੱਡਾ ਹੋਇਆ ਸੀ ਅਤੇ ਮੈਂ ਆਪਣੇ ਵੱਡੇ-ਵਡੇਰਿਆਂ ਨੂੰ ਸੁਖ ਦੇਣ ਲਈ ਰਸਮਾਂ ਪੂਰੀਆਂ ਕਰਦਾ ਹੁੰਦਾ ਸੀ। ਚੜ੍ਹਾਵੇ ਚੜ੍ਹਾਉਂਦੇ ਅਤੇ ਮੱਥਾ ਟੇਕਦੇ ਹੋਏ ਮੈਂ ਸੋਚਦਾ ਹੁੰਦਾ ਸੀ ਕਿ ਕੀ ਸਾਡੇ ਗੁਜ਼ਰੇ ਹੋਏ ਪੂਰਵਜ ਭੋਜਨ ਖਾਣ ਅਤੇ ਸਾਨੂੰ ਦੇਖਣ ਆਉਂਦੇ ਸਨ ਕਿ ਨਹੀਂ।”—ਕੋਰੀਆ ਤੋਂ ਇਕ ਸਾਬਕਾ ਕਨਫਿਊਸ਼ਸੀ।

ਇਨ੍ਹਾਂ ਸਾਰਿਆਂ ਨੂੰ ਯਹੋਵਾਹ ਦੇ ਗਵਾਹਾਂ ਨਾਲ ਬਾਈਬਲ ਦਾ ਅਧਿਐਨ ਕਰ ਕੇ ਆਪਣੇ ਸਵਾਲਾਂ ਦੇ ਜਵਾਬ ਮਿਲੇ।