Skip to content

Skip to table of contents

ਲੋਕ ਚਰਚ ਕਿਉਂ ਜਾਂਦੇ ਹਨ?

ਲੋਕ ਚਰਚ ਕਿਉਂ ਜਾਂਦੇ ਹਨ?

ਲੋਕ ਚਰਚ ਕਿਉਂ ਜਾਂਦੇ ਹਨ?

“ਹੁਣ ਦੱਖਣੀ ਕੋਰੀਆ ਵਿਚ ਅਮਰੀਕਾ ਨਾਲੋਂ ਚਾਰ ਗੁਣਾ ਜ਼ਿਆਦਾ ਪ੍ਰੈਸਬੀਟਰੀ ਈਸਾਈ ਹਨ।” ਨਿਊਜ਼ਵੀਕ ਰਸਾਲੇ ਵਿਚ ਇਹ ਗੱਲ ਪੜ੍ਹ ਕੇ ਸ਼ਾਇਦ ਬਹੁਤ ਸਾਰੇ ਲੋਕ ਹੈਰਾਨ ਹੋਏ ਸਨ ਕਿਉਂਕਿ ਲੋਕ ਸੋਚਦੇ ਹਨ ਕਿ ਕੋਰੀਆ ਵਿਚ ਤਾਂ ਜ਼ਿਆਦਾਤਰ ਕਨਫਿਊਸ਼ਸੀ ਜਾਂ ਬੋਧੀ ਲੋਕ ਰਹਿੰਦੇ ਹਨ। ਅੱਜ ਇੱਥੇ ਮੁਸਾਫ਼ਰ ਬਹੁਤ ਸਾਰੇ ਚਰਚ ਦੇਖ ਸਕਦੇ ਹਨ ਜਿਨ੍ਹਾਂ ਦੇ ਬਾਹਰ ਲਾਲ ਬੱਤੀਆਂ ਨਾਲ ਜਗਮਗਾਉਂਦੇ ਸਲੀਬ ਲੱਗੇ ਹੋਏ ਹਨ। ਐਤਵਾਰ ਨੂੰ ਲੋਕ ਹੱਥ ਵਿਚ ਬਾਈਬਲ ਫੜੀ ਚਰਚ ਜਾਂਦੇ ਹੋਏ ਦੇਖੇ ਜਾ ਸਕਦੇ ਹਨ। ਸਾਲ 1998 ਵਿਚ ਕੀਤੇ ਗਏ ਇਕ ਸਰਵੇਖਣ ਅਨੁਸਾਰ ਲਗਭਗ 30 ਫੀ ਸਦੀ ਕੋਰੀਆਈ ਲੋਕ ਕੈਥੋਲਿਕ ਜਾਂ ਪ੍ਰੋਟੈਸਟੈਂਟ ਚਰਚ ਜਾਂਦੇ ਹਨ। ਉਸ ਮੁਲਕ ਵਿਚ ਇਹ ਗਿਣਤੀ ਬੋਧੀ ਲੋਕਾਂ ਦੀ ਗਿਣਤੀ ਨਾਲੋਂ ਵੀ ਜ਼ਿਆਦਾ ਹੈ।

ਅੱਜ ਦੇ ਜ਼ਮਾਨੇ ਵਿਚ ਕਿਤੇ ਵੀ ਇੰਨੇ ਸਾਰੇ ਲੋਕਾਂ ਨੂੰ ਬਾਕਾਇਦਾ ਚਰਚ ਜਾਂਦੇ ਹੋਏ ਦੇਖਣਾ ਹੈਰਾਨੀ ਦੀ ਗੱਲ ਹੈ। ਫਿਰ ਵੀ, ਇਹ ਸਿਰਫ਼ ਕੋਰੀਆ ਵਿਚ ਹੀ ਨਹੀਂ, ਸਗੋਂ ਹੋਰ ਬਹੁਤ ਸਾਰੇ ਏਸ਼ੀਆਈ, ਅਫ਼ਰੀਕੀ ਤੇ ਲਾਤੀਨੀ ਅਮਰੀਕਾ ਦੇ ਮੁਲਕਾਂ ਵਿਚ ਵੀ ਹੋ ਰਿਹਾ ਹੈ। ਇੰਨੇ ਸਾਰੇ ਲੋਕ ਆਸਤਿਕ ਕਿਉਂ ਹਨ ਜਦ ਕਿ ਅੱਜ ਪੂਰੀ ਦੁਨੀਆਂ ਵਿਚ ਨਾਸਤਿਕਤਾ ਦਾ ਰਾਜ ਚੱਲ ਰਿਹਾ ਹੈ? ਇਹ ਲੋਕ ਚਰਚ ਕਿਉਂ ਜਾਂਦੇ ਹਨ?

ਇਕ ਸਰਵੇਖਣ ਤੋਂ ਪਤਾ ਲੱਗਾ ਕਿ ਕੋਰੀਆ ਵਿਚ ਚਰਚ ਜਾਣ ਵਾਲੇ ਲੋਕਾਂ ਦੀ ਅੱਧੀ ਗਿਣਤੀ ਮਨ ਦੀ ਸ਼ਾਂਤੀ ਪਾਉਣ ਲਈ ਜਾਂਦੀ ਹੈ। ਇਨ੍ਹਾਂ ਲੋਕਾਂ ਦਾ ਤੀਜਾ ਹਿੱਸਾ ਮੌਤ ਤੋਂ ਬਾਅਦ ਅਮਰ ਜੀਵਨ ਪਾਉਣਾ ਚਾਹੁੰਦਾ ਹੈ ਅਤੇ 10 ਵਿੱਚੋਂ 1 ਜਣਾ ਚੰਗੀ ਸਿਹਤ, ਧਨ-ਦੌਲਤ ਤੇ ਜ਼ਿੰਦਗੀ ਵਿਚ ਸਫ਼ਲਤਾ ਦੀ ਉਮੀਦ ਨਾਲ ਚਰਚ ਜਾਂਦਾ ਹੈ।

ਚੀਨ ਵਿਚ ਬਹੁਤ ਸਾਰੇ ਲੋਕ ਚਰਚ ਜਾ ਰਹੇ ਹਨ ਕਿਉਂਕਿ ਉਸ ਦੀ ਕਮਿਊਨਿਸਟ ਸਰਕਾਰ ਬਦਲ ਗਈ ਹੈ। ਇਸ ਦੇ ਨਤੀਜੇ ਵਜੋਂ ਉਨ੍ਹਾਂ ਦੀਆਂ ਜ਼ਿੰਦਗੀਆਂ ਰੂਹਾਨੀ ਤੌਰ ਤੇ ਖੋਖਲੀਆਂ ਹੋ ਗਈਆਂ ਤੇ ਉਹ ਇਸ ਤੋਂ ਛੁਟਕਾਰਾ ਚਾਹੁੰਦੇ ਹਨ। ਚੀਨ ਵਿਚ ਹਰ ਸਾਲ ਲੱਖਾਂ ਹੀ ਬਾਈਬਲਾਂ ਛਾਪੀਆਂ ਅਤੇ ਵੰਡੀਆਂ ਜਾਂਦੀਆਂ ਹਨ। ਲੋਕ ਬਾਈਬਲ ਨੂੰ ਉਸੇ ਤਰ੍ਹਾਂ ਪੜ੍ਹ ਰਹੇ ਹਨ ਜਿਸ ਤਰ੍ਹਾਂ ਉਹ ਛੋਟੀ ਲਾਲ ਪੁਸਤਕ ਵਿਚ ਕਮਿਊਨਿਸਟ ਲੀਡਰ ਮਾਓ ਦੇ ਵਿਚਾਰ ਪੜ੍ਹਦੇ ਹੁੰਦੇ ਸਨ।

ਬ੍ਰਾਜ਼ੀਲ ਵਿਚ ਕੈਥੋਲਿਕ, ਖ਼ਾਸ ਕਰਕੇ ਨੌਜਵਾਨ ਪੀੜ੍ਹੀ ਦੇ ਕੈਥੋਲਿਕ ਲੋਕ ਆਉਣ ਵਾਲੇ ਖ਼ੁਸ਼ੀਆਂ ਭਰੇ ਕੱਲ੍ਹ ਦੇ ਵਾਅਦੇ ਨਾਲ ਹੀ ਸੰਤੁਸ਼ਟ ਨਹੀਂ ਹਨ, ਸਗੋਂ ਉਹ ਹੁਣ ਵੀ ਖ਼ੁਸ਼ੀ ਚਾਹੁੰਦੇ ਹਨ। ਉੱਥੇ ਦੇ ਇਕ ਰਸਾਲੇ ਵਿਚ ਇਹ ਗੱਲ ਕਹੀ ਗਈ: “ਜੇ 1970 ਦੇ ਦਹਾਕੇ ਵਿਚ ਧਰਮ-ਸ਼ਾਸਤਰੀਆਂ ਨੇ ਦੱਬੇ-ਕੁਚਲੇ ਗ਼ਰੀਬਾਂ ਲਈ ਲੜ ਕੇ ਉਨ੍ਹਾਂ ਦੇ ਦਿਲ ਜਿੱਤੇ ਸਨ, ਤਾਂ ਅੱਜ ਖ਼ੁਸ਼ਹਾਲੀ ਦੀ ਸਿੱਖਿਆ ਨੇ ਲੋਕਾਂ ਨੂੰ ਚਰਚ ਵੱਲ ਖਿੱਚ ਲਿਆ ਹੈ।” ਇੰਗਲੈਂਡ ਦੇ ਇਕ ਸਰਵੇਖਣ ਵਿਚ ਚਰਚ ਜਾਣ ਵਾਲਿਆਂ ਨੂੰ ਪੁੱਛਿਆ ਗਿਆ ਕਿ ਉਹ ਚਰਚ ਜਾਣਾ ਕਿਉਂ ਪਸੰਦ ਕਰਦੇ ਹਨ। ਦੂਸਰਿਆਂ ਨਾਲ ਸੰਗਤ ਰੱਖਣੀ ਸਭ ਤੋਂ ਪਹਿਲਾ ਕਾਰਨ ਸੀ।

ਇਨ੍ਹਾਂ ਸਾਰੀਆਂ ਗੱਲਾਂ ਤੋਂ ਪਤਾ ਲੱਗਦਾ ਹੈ ਕਿ ਭਾਵੇਂ ਬਹੁਤ ਸਾਰੇ ਲੋਕ ਅਜੇ ਆਸਤਿਕ ਹਨ, ਪਰ ਜ਼ਿਆਦਾਤਰ ਲੋਕ ਸਿਰਫ਼ ਇਸੇ ਬਾਰੇ ਸੋਚਦੇ ਹਨ ਕਿ ਉਨ੍ਹਾਂ ਨੂੰ ਹੁਣ ਕੀ ਮਿਲੇਗਾ, ਨਾ ਕਿ ਅੱਗੇ ਕੀ ਹੋਵੇਗਾ ਜਾਂ ਰੱਬ ਸਾਡੇ ਤੋਂ ਕੀ ਚਾਹੁੰਦਾ ਹੈ। ਤੁਹਾਡੇ ਖ਼ਿਆਲ ਵਿਚ ਰੱਬ ਉੱਤੇ ਵਿਸ਼ਵਾਸ ਕਿਉਂ ਰੱਖਿਆ ਜਾਣਾ ਚਾਹੀਦਾ ਹੈ? ਬਾਈਬਲ ਇਸ ਬਾਰੇ ਕੀ ਕਹਿੰਦੀ ਹੈ? ਇਸ ਦਾ ਜਵਾਬ ਅਗਲੇ ਲੇਖ ਵਿਚ ਦਿੱਤਾ ਜਾਵੇਗਾ।