ਕੀ ਤੁਸੀਂ ਪਰਮੇਸ਼ੁਰ ਦੇ ਅਸਚਰਜ ਕੰਮਾਂ ਨੂੰ ਦੇਖ ਕੇ ਹੈਰਾਨ ਹੁੰਦੇ ਹੋ?
ਕੀ ਤੁਸੀਂ ਪਰਮੇਸ਼ੁਰ ਦੇ ਅਸਚਰਜ ਕੰਮਾਂ ਨੂੰ ਦੇਖ ਕੇ ਹੈਰਾਨ ਹੁੰਦੇ ਹੋ?
ਕੀਤੁਸੀਂ ਗੌਰ ਕੀਤਾ ਕਿ ਬਾਈਬਲ ਦੇ ਲਿਖਾਰੀ ਅਕਸਰ ਪਰਮੇਸ਼ੁਰ ਦੇ ਕੰਮਾਂ ਅਤੇ ਗੁਣਾਂ ਉੱਤੇ ਅਸਚਰਜ ਹੁੰਦੇ ਸਨ? ਜ਼ਬੂਰਾਂ ਦੇ ਲਿਖਾਰੀ ਨੇ ਕਿਹਾ: “ਮੈਂ ਭਿਆਣਕ ਰੀਤੀ ਤੇ ਅਚਰਜ ਹਾਂ, ਤੇਰੇ ਕੰਮ ਅਚਰਜ ਹਨ!” (ਜ਼ਬੂਰਾਂ ਦੀ ਪੋਥੀ 139:14) “ਹੇ ਯਹੋਵਾਹ, ਤੂੰ ਮੇਰਾ ਪਰਮੇਸ਼ੁਰ ਹੈਂ,” ਯਸਾਯਾਹ ਨਬੀ ਨੇ ਲਿਖਿਆ, “ਮੈਂ ਤੈਨੂੰ ਵਡਿਆਵਾਂਗਾ, ਮੈਂ ਤੇਰੇ ਨਾਮ ਨੂੰ ਸਲਾਹਾਂਗਾ, ਤੈਂ ਅਚਰਜ ਕੰਮ ਜੋ ਕੀਤਾ ਹੈ।” (ਯਸਾਯਾਹ 25:1) ਪੌਲੁਸ ਰਸੂਲ ਦੇ ਸ਼ਬਦਾਂ ਤੋਂ ਉਸ ਦੀ ਅਸਚਰਜਤਾ ਸਾਫ਼ ਜ਼ਾਹਰ ਹੁੰਦੀ ਸੀ: “ਵਾਹ, ਪਰਮੇਸ਼ੁਰ ਦਾ ਧਨ ਅਤੇ ਬੁੱਧ ਅਤੇ ਗਿਆਨ ਕੇਡਾ ਡੂੰਘਾ ਹੈ!”—ਰੋਮੀਆਂ 11:33.
ਇਕ ਅੰਗ੍ਰੇਜ਼ੀ ਸ਼ਬਦਕੋਸ਼ “ਅਸਚਰਜਤਾ” ਸ਼ਬਦ ਦੀ ਇਸ ਤਰ੍ਹਾਂ ਪਰਿਭਾਸ਼ਾ ਦਿੰਦਾ ਹੈ: “ਉਹ ਭਾਵਨਾ ਜੋ ਅਚਾਨਕ ਕੋਈ ਨਵੀਂ ਜਾਂ ਅਨੋਖੀ ਗੱਲ ਵਾਪਰਨ ਤੇ ਪੈਦਾ ਹੁੰਦੀ ਹੈ; ਇਹ ਖ਼ਾਸਕਰ ਹੈਰਾਨੀ, ਕਦਰ ਜਾਂ ਉਤਸੁਕਤਾ ਆਦਿ ਦੀ ਮਿਲੀ-ਜੁਲੀ ਭਾਵਨਾ ਹੁੰਦੀ ਹੈ।”
ਜਦੋਂ ਬੱਚੇ ਕੋਈ ਨਵੀਂ ਤੇ ਅਨੋਖੀ ਚੀਜ਼ ਦੇਖਦੇ ਹਨ, ਤਾਂ ਉਨ੍ਹਾਂ ਦੀਆਂ ਅੱਖਾਂ ਉਸ ਚੀਜ਼ ਨੂੰ ਟਿਕਟਿਕੀ ਲਾ ਕੇ ਦੇਖਦੀਆਂ ਰਹਿੰਦੀਆਂ ਹਨ। ਕੀ ਉਨ੍ਹਾਂ ਦੀਆਂ ਅੱਖਾਂ ਵਿਚ ਹੈਰਤ ਤੇ ਖ਼ੁਸ਼ੀ ਦੀ ਚਮਕ ਦੇਖ ਕੇ ਅਸੀਂ ਖ਼ੁਸ਼ ਨਹੀਂ ਹੁੰਦੇ? ਪਰ ਦੁੱਖ ਦੀ ਗੱਲ ਹੈ ਕਿ ਜਿਉਂ-ਜਿਉਂ ਬੱਚੇ ਵੱਡੇ ਹੁੰਦੇ ਜਾਂਦੇ ਹਨ, ਉਹ ਨਵੀਆਂ ਚੀਜ਼ਾਂ ਦੇਖਣ ਦੇ ਆਦੀ ਬਣ ਜਾਂਦੇ ਹਨ ਅਤੇ ਉਨ੍ਹਾਂ ਵਿਚ ਹੈਰਤ ਦੀ ਭਾਵਨਾ ਘੱਟਦੀ ਜਾਂਦੀ ਹੈ। ਉਹ ਪਹਿਲਾਂ ਵਾਂਗ ਉਤਸੁਕਤਾ ਜ਼ਾਹਰ ਨਹੀਂ ਕਰਦੇ।
ਪਰੰਤੂ, ਉੱਪਰ ਦੱਸੇ ਗਏ ਬਾਈਬਲ ਲਿਖਾਰੀਆਂ ਵਿਚ ਹੈਰਤ ਦੀ ਡੂੰਘੀ ਭਾਵਨਾ ਸੀ। ਸਮੇਂ ਦੇ ਬੀਤਣ ਨਾਲ ਵੀ ਉਨ੍ਹਾਂ ਦੀ ਇਹ ਭਾਵਨਾ ਘਟੀ ਨਹੀਂ। ਕਿਉਂ? ਕਿਉਂਕਿ ਉਹ ਲਗਾਤਾਰ ਪਰਮੇਸ਼ੁਰ ਦੇ ਕੰਮਾਂ ਉੱਤੇ ਸੋਚ-ਵਿਚਾਰ ਕਰ ਕੇ ਹੈਰਾਨ ਹੁੰਦੇ ਸਨ। ਜ਼ਬੂਰਾਂ ਦੇ ਲਿਖਾਰੀ ਨੇ ਪ੍ਰਾਰਥਨਾ ਕੀਤੀ: “ਮੈਂ ਪੁਰਾਣਿਆਂ ਸਮਿਆਂ ਨੂੰ ਯਾਦ ਕਰਦਾ ਹਾਂ, ਮੈਂ ਤੇਰੀਆਂ ਸਾਰੀਆਂ ਕਰਨੀਆਂ ਦਾ ਵਿਚਾਰ ਕਰਦਾ ਹਾਂ, ਮੈਂ ਤੇਰੇ ਹੱਥਾਂ ਦੇ ਕੰਮਾਂ ਦਾ ਧਿਆਨ ਕਰਦਾ ਹਾਂ।”—ਜ਼ਬੂਰਾਂ ਦੀ ਪੋਥੀ 143:5.
ਅੱਜ ਵੀ ਪਰਮੇਸ਼ੁਰ ਦੇ ਲੋਕ ਉਸ ਦੇ ਕੰਮਾਂ ਬਾਰੇ ਸੋਚ ਕੇ ਅਚੰਭੇ ਵਿਚ ਪੈ ਜਾਂਦੇ ਹਨ! ਕੀ ਤੁਸੀਂ ਇਸ ਤਰ੍ਹਾਂ ਦੀ ਹੈਰਤ ਮਹਿਸੂਸ ਕਰਦੇ ਹੋ? ਕੀ ਤੁਸੀਂ ਪਰਮੇਸ਼ੁਰ ਦੇ ਅਸਚਰਜ ਕੰਮਾਂ ਪ੍ਰਤੀ ਆਪਣੀ ਹੈਰਤ ਨੂੰ ਬਰਕਰਾਰ ਰੱਖਣ ਦੀ ਕੋਸ਼ਿਸ਼ ਕਰਦੇ ਹੋ?