ਕੀ ਤੁਹਾਨੂੰ ਯਾਦ ਹੈ?
ਕੀ ਤੁਹਾਨੂੰ ਯਾਦ ਹੈ?
ਕੀ ਤੁਸੀਂ ਪਹਿਰਾਬੁਰਜ ਦੇ ਹਾਲ ਹੀ ਦੇ ਅੰਕਾਂ ਨੂੰ ਪੜ੍ਹ ਕੇ ਆਨੰਦ ਮਾਣਿਆ ਹੈ? ਜ਼ਰਾ ਪਰਖੋ ਕਿ ਤੁਸੀਂ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦੇ ਸਕਦੇ ਹੋ ਜਾਂ ਨਹੀਂ:
• ਮੀਕਾਹ ਦੀ ਕਿਤਾਬ ਵਿਚ ਕਿੰਨੇ ਅਧਿਆਇ ਹਨ, ਇਹ ਕਿਤਾਬ ਕਦੋਂ ਲਿਖੀ ਗਈ ਸੀ ਅਤੇ ਉਸ ਵੇਲੇ ਦੇ ਹਾਲਾਤ ਕਿਹੋ ਜਿਹੇ ਸਨ?
ਮੀਕਾਹ ਦੀ ਕਿਤਾਬ ਵਿਚ ਸੱਤ ਅਧਿਆਇ ਹਨ। ਮੀਕਾਹ ਨਬੀ ਨੇ ਇਹ ਕਿਤਾਬ ਅੱਠਵੀਂ ਸਦੀ ਸਾ.ਯੁ.ਪੂ. ਵਿਚ ਲਿਖੀ ਸੀ ਜਦੋਂ ਪਰਮੇਸ਼ੁਰ ਦੇ ਨੇਮਬੱਧ ਲੋਕ ਦੋ ਰਾਜਾਂ ਵਿਚ ਵੰਡੇ ਹੋਏ ਸਨ—ਇਸਰਾਏਲ ਅਤੇ ਯਹੂਦਾਹ।—8/15, ਸਫ਼ਾ 9.
• ਮੀਕਾਹ 6:8 ਅਨੁਸਾਰ ਪਰਮੇਸ਼ੁਰ ਸਾਡੇ ਤੋਂ ਕੀ ਮੰਗ ਕਰਦਾ ਹੈ?
ਸਾਨੂੰ ‘ਇਨਸਾਫ਼ ਕਰਨਾ’ ਚਾਹੀਦਾ ਹੈ। ਪਰਮੇਸ਼ੁਰ ਦੇ ਤਰੀਕੇ ਨਾਲ ਕੰਮ ਕਰਨਾ ਹੀ ਇਨਸਾਫ਼ ਦਾ ਸਹੀ ਮਿਆਰ ਹੈ, ਇਸ ਲਈ ਸਾਨੂੰ ਈਮਾਨਦਾਰੀ ਅਤੇ ਨੇਕੀ ਦੇ ਅਸੂਲਾਂ ਉੱਤੇ ਚੱਲਣਾ ਚਾਹੀਦਾ ਹੈ। ਪਰਮੇਸ਼ੁਰ ਸਾਨੂੰ ‘ਦਯਾ ਨਾਲ ਪ੍ਰੇਮ ਰੱਖਣ’ ਲਈ ਕਹਿੰਦਾ ਹੈ। ਮਸੀਹੀਆਂ ਨੇ ਦੂਸਰਿਆਂ ਦੀਆਂ ਲੋੜਾਂ ਪੂਰੀਆਂ ਕਰ ਕੇ ਦਇਆ ਨਾਲ ਪ੍ਰੇਮ ਕੀਤਾ ਹੈ, ਜਿਵੇਂ ਕਿ ਤਬਾਹੀਆਂ ਤੋਂ ਬਾਅਦ। ‘ਅਧੀਨ ਹੋ ਕੇ ਯਹੋਵਾਹ ਨਾਲ ਚੱਲਣ’ ਦਾ ਮਤਲਬ ਹੈ ਕਿ ਅਸੀਂ ਆਪਣੀਆਂ ਸੀਮਾਵਾਂ ਨੂੰ ਪਛਾਣੀਏ ਤੇ ਪਰਮੇਸ਼ੁਰ ਉੱਤੇ ਭਰੋਸਾ ਰੱਖੀਏ।—8/15, ਸਫ਼ੇ 20-2.
• ਨੌਕਰੀ ਛੁੱਟ ਜਾਣ ਤੇ ਇਕ ਮਸੀਹੀ ਸ਼ਾਇਦ ਕੀ ਕਰਨਾ ਚਾਹੇਗਾ?
ਸਾਨੂੰ ਆਪਣੀ ਜ਼ਿੰਦਗੀ ਬਾਰੇ ਚੰਗੀ ਤਰ੍ਹਾਂ ਸੋਚ-ਵਿਚਾਰ ਕਰਨਾ ਚਾਹੀਦਾ ਹੈ। ਸ਼ਾਇਦ ਬੇਲੋੜੀਆਂ ਚੀਜ਼ਾਂ ਨਾ ਖ਼ਰੀਦ ਕੇ ਘਰ ਦੇ ਖ਼ਰਚੇ ਘਟਾਏ ਜਾ ਸਕਦੇ ਹਨ ਅਤੇ ਆਪਣੀ ਜ਼ਿੰਦਗੀ ਨੂੰ ਸਾਦਾ ਬਣਾਇਆ ਜਾ ਸਕਦਾ ਹੈ। ਇਹ ਵੀ ਜ਼ਰੂਰੀ ਹੈ ਕਿ ਅਸੀਂ ਰੋਜ਼ਾਨਾ ਜ਼ਿੰਦਗੀ ਦੀਆਂ ਲੋੜਾਂ ਬਾਰੇ ਚਿੰਤਾ ਨਾ ਕਰੀਏ ਅਤੇ ਯਹੋਵਾਹ ਤੇ ਭਰੋਸਾ ਰੱਖੀਏ ਕਿ ਉਹ ਸਾਡੀਆਂ ਲੋੜਾਂ ਪੂਰੀਆਂ ਕਰੇਗਾ। (ਮੱਤੀ 6:33, 34)—9/1, ਸਫ਼ੇ 14-15.
• ਵਿਆਹ ਵੇਲੇ ਤੋਹਫ਼ੇ ਲੈਣ-ਦੇਣ ਸੰਬੰਧੀ ਸਾਨੂੰ ਕੀ ਯਾਦ ਰੱਖਣਾ ਚਾਹੀਦਾ ਹੈ?
ਮਹਿੰਗੇ ਤੋਹਫ਼ੇ ਦੇਣ ਦੀ ਲੋੜ ਨਹੀਂ ਹੈ ਤੇ ਨਾ ਹੀ ਇਨ੍ਹਾਂ ਦੀ ਕਿਸੇ ਕੋਲੋਂ ਉਮੀਦ ਰੱਖਣੀ ਚਾਹੀਦੀ ਹੈ। ਜ਼ਰੂਰੀ ਗੱਲ ਤਾਂ ਇਹ ਹੈ ਕਿ ਇਕ ਵਿਅਕਤੀ ਕਿਸ ਭਾਵਨਾ ਨਾਲ ਤੋਹਫ਼ਾ ਦਿੰਦਾ ਹੈ। (ਲੂਕਾ 21:1-4) ਤੋਹਫ਼ਾ ਦੇਣ ਵਾਲੇ ਦੇ ਨਾਂ ਦੀ ਘੋਸ਼ਣਾ ਕਰਨੀ ਚੰਗੀ ਗੱਲ ਨਹੀਂ ਹੈ। ਇਸ ਤਰ੍ਹਾਂ ਦੇਣ ਵਾਲੇ ਨੂੰ ਸ਼ਰਮਿੰਦਾ ਹੋਣਾ ਪੈ ਸਕਦਾ ਹੈ। (ਮੱਤੀ 6:3)—9/1, ਸਫ਼ਾ 29.
• ਸਾਨੂੰ ਲਗਾਤਾਰ ਪ੍ਰਾਰਥਨਾ ਕਿਉਂ ਕਰਨੀ ਚਾਹੀਦੀ ਹੈ?
ਲਗਾਤਾਰ ਪ੍ਰਾਰਥਨਾ ਕਰਨ ਦੁਆਰਾ ਪਰਮੇਸ਼ੁਰ ਨਾਲ ਸਾਡਾ ਰਿਸ਼ਤਾ ਗੂੜ੍ਹਾ ਹੋ ਸਕਦਾ ਹੈ ਅਤੇ ਅਸੀਂ ਸਖ਼ਤ ਅਜ਼ਮਾਇਸ਼ਾਂ ਸਹਿਣ ਲਈ ਤਿਆਰ ਹੋ ਸਕਦੇ ਹਾਂ। ਸਾਡੀਆਂ ਲੋੜਾਂ ਤੇ ਹਾਲਾਤਾਂ ਮੁਤਾਬਕ ਸਾਡੀਆਂ ਪ੍ਰਾਰਥਨਾਵਾਂ ਛੋਟੀਆਂ ਜਾਂ ਲੰਮੀਆਂ ਹੋ ਸਕਦੀਆਂ ਹਨ। ਪ੍ਰਾਰਥਨਾ ਕਰਨ ਨਾਲ ਸਾਡੀ ਨਿਹਚਾ ਮਜ਼ਬੂਤ ਹੁੰਦੀ ਹੈ ਅਤੇ ਮੁਸ਼ਕਲਾਂ ਹੱਲ ਕਰਨ ਵਿਚ ਸਾਨੂੰ ਮਦਦ ਮਿਲਦੀ ਹੈ।—9/15, ਸਫ਼ੇ 15-18.
• ਕੁਝ ਤਰਜਮਿਆਂ ਵਿਚ, 1 ਕੁਰਿੰਥੀਆਂ 15:29 ਵਿਚ ‘ਮੁਰਦਿਆਂ ਲਈ ਬਪਤਿਸਮਾ ਲੈਣ’ ਬਾਰੇ ਦੱਸਿਆ ਗਿਆ ਹੈ। ਇਸ ਆਇਤ ਨੂੰ ਕਿਵੇਂ ਸਮਝਿਆ ਜਾਣਾ ਚਾਹੀਦਾ ਹੈ?
ਪੌਲੁਸ ਰਸੂਲ ਦੇ ਕਹਿਣ ਦਾ ਭਾਵ ਇਹ ਸੀ ਕਿ ਮਸਹ ਕੀਤੇ ਹੋਏ ਮਸੀਹੀ ਅਜਿਹਾ ਜੀਵਨ-ਢੰਗ ਅਪਣਾਉਣ ਲਈ ਬਪਤਿਸਮਾ ਲੈਂਦੇ ਹਨ ਜਿਸ ਦੇ ਅੰਤ ਵਿਚ ਉਨ੍ਹਾਂ ਨੂੰ ਵੀ ਮਸੀਹ ਦੀ ਤਰ੍ਹਾਂ ਵਫ਼ਾਦਾਰੀ ਨਾਲ ਮਰਨਾ ਪਵੇਗਾ। ਫਿਰ ਉਸ ਵਾਂਗ ਉਹ ਵੀ ਸਵਰਗ ਵਿਚ ਜੀਉਣ ਲਈ ਜੀ ਉਠਾਏ ਜਾਣਗੇ।—10/1, ਸਫ਼ਾ 29.
• ਅਸੀਂ ਕਿਵੇਂ ਜਾਣਦੇ ਹਾਂ ਕਿ ਮਸੀਹੀ ਬਣਨ ਲਈ ਸਿਰਫ਼ 1 ਕੁਰਿੰਥੀਆਂ 6:9-11 ਵਿਚ ਦੱਸੇ ਗ਼ਲਤ ਕੰਮਾਂ ਤੋਂ ਪਰਹੇਜ਼ ਕਰਨਾ ਹੀ ਕਾਫ਼ੀ ਨਹੀਂ ਹੈ?
ਪੌਲੁਸ ਰਸੂਲ ਨੇ ਸਿਰਫ਼ ਹਰਾਮਕਾਰੀ, ਮੂਰਤੀ ਪੂਜਾ ਤੇ ਸ਼ਰਾਬੀਪੁਣੇ ਵਰਗੇ ਗ਼ਲਤ ਕੰਮਾਂ ਬਾਰੇ ਦੱਸ ਕੇ ਹੀ ਗੱਲ ਖ਼ਤਮ ਨਹੀਂ ਕਰ ਦਿੱਤੀ ਸੀ। ਉਸ ਨੇ ਅਗਲੀ ਆਇਤ ਵਿਚ ਦਿਖਾਇਆ ਕਿ ਮਸੀਹੀਆਂ ਨੂੰ ਹੋਰ ਤਬਦੀਲੀਆਂ ਵੀ ਕਰਨੀਆਂ ਪੈ ਸਕਦੀਆਂ ਹਨ: “ਸਾਰੀਆਂ ਵਸਤਾਂ ਮੇਰੇ ਲਈ ਉਚਿਤ ਹਨ ਪਰੰਤੂ ਸੱਭੇ ਲਾਭਦਾਇਕ ਨਹੀਂ।”—10/15, ਸਫ਼ੇ 18-19.
• ਪੁਰਾਣੇ ਸਮਿਆਂ ਵਿਚ ਕਿਹੜੀਆਂ ਕੁਝ ਔਰਤਾਂ ਨੇ ਪਰਮੇਸ਼ੁਰ ਦੇ ਜੀਅ ਨੂੰ ਖ਼ੁਸ਼ ਕੀਤਾ?
ਇਨ੍ਹਾਂ ਵਿਚ ਸਿਫਰਾਹ ਅਤੇ ਫੂਆਹ ਦਾਈਆਂ ਸ਼ਾਮਲ ਹਨ ਜਿਨ੍ਹਾਂ ਨੇ ਫਿਰਊਨ ਦਾ ਕਹਿਣਾ ਨਾ ਮੰਨ ਕੇ ਨਵ-ਜੰਮੇ ਇਸਰਾਏਲੀ ਮੁੰਡਿਆਂ ਨੂੰ ਨਹੀਂ ਮਾਰਿਆ। (ਕੂਚ 1:15-20) ਕਨਾਨੀ ਵੇਸਵਾ ਰਾਹਾਬ ਨੇ ਦੋ ਇਸਰਾਏਲੀ ਜਾਸੂਸਾਂ ਦੀ ਰੱਖਿਆ ਕੀਤੀ। (ਯਹੋਸ਼ੁਆ 2:1-13; 6:22, 23) ਸਮਝਦਾਰੀ ਵਰਤਣ ਨਾਲ ਅਬੀਗੈਲ ਨੇ ਕਈ ਜਾਨਾਂ ਬਚਾਈਆਂ ਤੇ ਦਾਊਦ ਨੂੰ ਲਹੂ ਵਹਾਉਣ ਤੋਂ ਬਚਾਇਆ। (1 ਸਮੂਏਲ 25:2-35) ਇਹ ਅੱਜ ਦੀਆਂ ਔਰਤਾਂ ਲਈ ਚੰਗੀਆਂ ਮਿਸਾਲਾਂ ਹਨ।—11/1, ਸਫ਼ੇ 8-11.
• ਨਿਆਈਆਂ 5:20 ਦੇ ਅਨੁਸਾਰ ‘ਅਕਾਸ਼ੋਂ ਤਾਰੇ’ ਸਿਸਰਾ ਨਾਲ ਲੜੇ ਸਨ। ਇਸ ਦਾ ਕੀ ਮਤਲਬ ਹੈ?
ਕਈ ਲੋਕ ਕਹਿੰਦੇ ਹਨ ਕਿ ਇਹ ਰੱਬੀ ਮਦਦ ਨੂੰ ਸੰਕੇਤ ਕਰਦਾ ਹੈ। ਕਈ ਕਹਿੰਦੇ ਹਨ ਕਿ ਦੂਤਾਂ ਨੇ ਬਾਰਾਕ ਦੀ ਮਦਦ ਕੀਤੀ ਸੀ ਜਾਂ ਆਕਾਸ਼ੋਂ ਤਾਰੇ ਟੁੱਟ ਕੇ ਡਿਗੇ ਸਨ ਜਾਂ ਫਿਰ ਸੀਸਰਾ ਦਾ ਜੋਤਸ਼ੀਆਂ ਦੀਆਂ ਭਵਿੱਖਬਾਣੀਆਂ ਤੇ ਭਰੋਸਾ ਸੀ ਜੋ ਗ਼ਲਤ ਸਾਬਤ ਹੋਈਆਂ। ਬਾਈਬਲ ਵਿਚ ਨਹੀਂ ਦੱਸਿਆ ਗਿਆ ਕਿ ਤਾਰੇ ਕਿੱਦਾਂ ਲੜੇ ਸਨ, ਇਸ ਲਈ ਇਸ ਤੋਂ ਸਿਰਫ਼ ਇਹੀ ਸਮਝਣਾ ਕਾਫ਼ੀ ਹੈ ਕਿ ਪਰਮੇਸ਼ੁਰ ਨੇ ਕਿਸੇ ਤਰੀਕੇ ਨਾਲ ਇਸਰਾਏਲੀ ਫ਼ੌਜਾਂ ਦੀ ਮਦਦ ਕੀਤੀ ਸੀ।—11/15, ਸਫ਼ਾ 30.
• ਇੰਨੇ ਸਾਰੇ ਲੋਕ ਰੱਬ ਨੂੰ ਕਿਉਂ ਮੰਨਦੇ ਹਨ ਜਦ ਕਿ ਅੱਜ ਪੂਰੀ ਦੁਨੀਆਂ ਵਿਚ ਨਾਸਤਿਕਤਾ ਦਾ ਰਾਜ ਚੱਲ ਰਿਹਾ ਹੈ?
ਕੁਝ ਲੋਕ ਮਨ ਦੀ ਸ਼ਾਂਤੀ ਲਈ ਚਰਚ ਜਾਂਦੇ ਹਨ। ਕਈ ਮੌਤ ਤੋਂ ਬਾਅਦ ਅਮਰ ਜੀਵਨ ਪਾਉਣਾ ਚਾਹੁੰਦੇ ਹਨ ਜਾਂ ਚੰਗੀ ਸਿਹਤ, ਧਨ-ਦੌਲਤ ਤੇ ਜ਼ਿੰਦਗੀ ਵਿਚ ਸਫ਼ਲਤਾ ਦੀ ਉਮੀਦ ਨਾਲ ਚਰਚ ਜਾਂਦੇ ਹਨ। ਕੁਝ ਦੇਸ਼ਾਂ ਵਿਚ ਪੂੰਜੀਵਾਦੀ ਨਜ਼ਰੀਏ ਨੇ ਕਮਿਊਨਿਸਟ ਵਿਚਾਰਧਾਰਾ ਦੀ ਥਾਂ ਲੈ ਲਈ ਜਿਸ ਕਾਰਨ ਲੋਕ ਰੂਹਾਨੀ ਤੌਰ ਤੇ ਖੋਖਲੇ ਹੋ ਗਏ ਤੇ ਉਹ ਆਪਣੇ ਇਸ ਖੋਖਲੇਪਣ ਨੂੰ ਭਰਨ ਲਈ ਚਰਚ ਜਾਂਦੇ ਹਨ। ਇਨ੍ਹਾਂ ਕਾਰਨਾਂ ਨੂੰ ਜਾਣ ਕੇ ਇਕ ਮਸੀਹੀ ਲੋਕਾਂ ਨਾਲ ਢੁਕਵੇਂ ਵਿਸ਼ੇ ਤੇ ਗੱਲਬਾਤ ਸ਼ੁਰੂ ਕਰ ਸਕਦਾ ਹੈ।—12/1, ਸਫ਼ਾ 3.