Skip to content

Skip to table of contents

ਯਿਸੂ ਦੇ ਜ਼ਮੀਨੀ ਪਰਿਵਾਰ ਤੋਂ ਸਾਡੇ ਲਈ ਸਬਕ

ਯਿਸੂ ਦੇ ਜ਼ਮੀਨੀ ਪਰਿਵਾਰ ਤੋਂ ਸਾਡੇ ਲਈ ਸਬਕ

ਯਿਸੂ ਦੇ ਜ਼ਮੀਨੀ ਪਰਿਵਾਰ ਤੋਂ ਸਾਡੇ ਲਈ ਸਬਕ

ਯਿਸੂ ਧਰਤੀ ਉੱਤੇ ਆਪਣੀ ਜ਼ਿੰਦਗੀ ਦੇ ਪਹਿਲੇ 30 ਸਾਲ ਯਾਨੀ ਆਪਣੇ ਬਪਤਿਸਮੇ ਤਕ ਆਪਣੇ ਪਰਿਵਾਰ ਨਾਲ ਰਿਹਾ। ਤੁਸੀਂ ਉਸ ਦੇ ਪਰਿਵਾਰ ਦੇ ਮੈਂਬਰਾਂ ਬਾਰੇ ਕੀ ਜਾਣਦੇ ਹੋ? ਇੰਜੀਲਾਂ ਸਾਨੂੰ ਉਨ੍ਹਾਂ ਬਾਰੇ ਕੀ ਦੱਸਦੀਆਂ ਹਨ? ਉਸ ਦੇ ਪਰਿਵਾਰ ਉੱਤੇ ਗੌਰ ਕਰਨ ਨਾਲ ਅਸੀਂ ਕੀ ਸਿੱਖ ਸਕਦੇ ਹਾਂ? ਇਨ੍ਹਾਂ ਸਵਾਲਾਂ ਦੇ ਜਵਾਬ ਹਾਸਲ ਕਰ ਕੇ ਸਾਨੂੰ ਲਾਭ ਹੋ ਸਕਦਾ ਹੈ।

ਕੀ ਯਿਸੂ ਖਾਂਦੇ-ਪੀਂਦੇ ਪਰਿਵਾਰ ਵਿਚ ਜੰਮਿਆ-ਪਲਿਆ ਸੀ? ਉਸ ਨੂੰ ਪਾਲ-ਪੋਸ ਕੇ ਵੱਡਾ ਕਰਨ ਵਾਲਾ ਯੂਸੁਫ਼ ਇਕ ਤਰਖਾਣ ਸੀ ਜੋ ਆਪਣੇ ਹੱਥਾਂ ਨਾਲ ਸਖ਼ਤ ਮਿਹਨਤ ਕਰ ਕੇ ਆਪਣਾ ਘਰ ਚਲਾਉਂਦਾ ਸੀ। ਤਰਖਾਣ ਹੋਣ ਕਰਕੇ ਉਸ ਨੂੰ ਲੱਕੜ ਲਈ ਆਪ ਦਰਖ਼ਤ ਵੀ ਕੱਟਣੇ ਪੈਂਦੇ ਸਨ। ਯਿਸੂ ਦੇ ਜਨਮ ਤੋਂ ਕੁਝ 40 ਦਿਨਾਂ ਮਗਰੋਂ ਜਦੋਂ ਉਸ ਦੇ ਮਾਤਾ-ਪਿਤਾ ਉਸ ਨੂੰ ਲੈ ਕੇ ਯਰੂਸ਼ਲਮ ਗਏ, ਤਾਂ ਉਨ੍ਹਾਂ ਨੇ ਸ਼ਰਾ ਵਿਚ ਦਿੱਤੀਆਂ ਹਿਦਾਇਤਾਂ ਅਨੁਸਾਰ ਪਰਮੇਸ਼ੁਰ ਨੂੰ ਚੜ੍ਹਾਵਾ ਚੜ੍ਹਾਇਆ। ਕੀ ਉਨ੍ਹਾਂ ਨੇ ਸ਼ਰਾ ਦੇ ਮੁਤਾਬਕ ਇਕ ਲੇਲੇ ਤੇ ਇਕ ਕਬੂਤਰ ਜਾਂ ਘੁੱਗੀ ਦਾ ਚੜ੍ਹਾਵਾ ਚੜ੍ਹਾਇਆ? ਨਹੀਂ, ਕਿਉਂਕਿ ਇਹ ਚੀਜ਼ਾਂ ਸ਼ਾਇਦ ਉਨ੍ਹਾਂ ਦੀ ਹੈਸੀਅਤ ਤੋਂ ਬਾਹਰ ਸਨ। ਪਰ ਸ਼ਰਾ ਵਿਚ ਗ਼ਰੀਬਾਂ ਲਈ ਵੀ ਪ੍ਰਬੰਧ ਕੀਤਾ ਗਿਆ ਸੀ। ਇਸ ਲਈ ਸ਼ਰਾ ਦੇ ਨਿਯਮ ਮੁਤਾਬਕ ਯੂਸੁਫ਼ ਤੇ ਮਰਿਯਮ ਨੇ “ਦੋ ਘੁੱਗੀਆਂ ਯਾ ਕਬੂਤ੍ਰਾਂ ਦੇ ਦੋ ਬੱਚੇ” ਚੜ੍ਹਾਏ। ਉਨ੍ਹਾਂ ਵੱਲੋਂ ਇਹ ਸਸਤਾ ਚੜ੍ਹਾਵਾ ਚੜ੍ਹਾਉਣ ਤੋਂ ਅਸੀਂ ਦੇਖ ਸਕਦੇ ਹਾਂ ਕਿ ਉਹ ਗ਼ਰੀਬ ਸਨ।—ਲੂਕਾ 2:22-24; ਲੇਵੀਆਂ 12:6, 8.

ਤਾਂ ਫਿਰ, ਸਾਰੀ ਮਨੁੱਖਜਾਤੀ ਦਾ ਭਾਵੀ ਰਾਜਾ ਯਿਸੂ ਮਸੀਹ ਇਕ ਗ਼ਰੀਬ ਮਜ਼ਦੂਰ ਦੇ ਘਰ ਪੈਦਾ ਹੋਇਆ ਸੀ। ਯਿਸੂ ਵੱਡਾ ਹੋ ਕੇ ਯੂਸੁਫ਼ ਵਾਂਗ ਹੀ ਇਕ ਤਰਖਾਣ ਬਣਿਆ। (ਮੱਤੀ 13:55; ਮਰਕੁਸ 6:3) ਬਾਈਬਲ ਕਹਿੰਦੀ ਹੈ ਕਿ ਭਾਵੇਂ ਯਿਸੂ ਸਵਰਗ ਵਿਚ ਇਕ ਦੂਤ ਹੋਣ ਕਰਕੇ “ਧਨੀ” ਸੀ, ਪਰ ਉਹ ਸਾਡੀ ਖ਼ਾਤਰ “ਨਿਰਧਨ ਬਣਿਆ।” ਉਸ ਨੇ ਸਵਰਗ ਵਿਚ ਆਪਣੀ ਉੱਚੀ ਪਦਵੀ ਛੱਡ ਕੇ ਧਰਤੀ ਉੱਤੇ ਇਨਸਾਨ ਦੇ ਰੂਪ ਵਿਚ ਜਨਮ ਲਿਆ ਅਤੇ ਇਕ ਗ਼ਰੀਬ ਪਰਿਵਾਰ ਵਿਚ ਵੱਡਾ ਹੋਇਆ। (2 ਕੁਰਿੰਥੀਆਂ 8:9; ਫ਼ਿਲਿੱਪੀਆਂ 2:5-9; ਇਬਰਾਨੀਆਂ 2:9) ਇਸ ਗੱਲ ਕਰਕੇ ਹੀ ਸ਼ਾਇਦ ਗ਼ਰੀਬ ਲੋਕ ਉਸ ਕੋਲ ਆਉਣ ਤੋਂ ਨਹੀਂ ਝਿਜਕਦੇ ਸਨ। ਇਸ ਤੋਂ ਇਲਾਵਾ, ਜੇ ਯਿਸੂ ਅਮੀਰ ਘਰਾਣੇ ਵਿਚ ਜੰਮਿਆ ਹੁੰਦਾ, ਤਾਂ ਲੋਕ ਸ਼ਾਇਦ ਉਸ ਦੇ ਰੁਤਬੇ ਜਾਂ ਸ਼ੁਹਰਤ ਕਰਕੇ ਉਸ ਦਾ ਬਹੁਤ ਮਾਣ-ਸਨਮਾਨ ਕਰਦੇ। ਪਰ ਕਿਉਂਕਿ ਉਹ ਅਮੀਰ ਨਹੀਂ ਸੀ, ਇਸ ਲਈ ਜਿਹੜੇ ਲੋਕ ਉਸ ਦੇ ਚੇਲੇ ਬਣੇ, ਉਹ ਉਸ ਦੀਆਂ ਸਿੱਖਿਆਵਾਂ, ਮਨ-ਭਾਉਂਦੇ ਗੁਣਾਂ ਅਤੇ ਚੰਗੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਉਸ ਦੇ ਪਿੱਛੇ ਚਲੇ। (ਮੱਤੀ 7:28, 29; 9:19-33; 11:28, 29) ਇਸ ਤੋਂ ਅਸੀਂ ਦੇਖ ਸਕਦੇ ਹਾਂ ਕਿ ਯਹੋਵਾਹ ਪਰਮੇਸ਼ੁਰ ਨੇ ਬਹੁਤ ਸੋਚ-ਸਮਝ ਕੇ ਇਹ ਫ਼ੈਸਲਾ ਕੀਤਾ ਸੀ ਕਿ ਯਿਸੂ ਦੀ ਪਰਵਰਿਸ਼ ਇਕ ਸਾਧਾਰਣ ਪਰਿਵਾਰ ਵਿਚ ਹੋਵੇ।

ਆਓ ਆਪਾਂ ਹੁਣ ਯਿਸੂ ਦੇ ਪਰਿਵਾਰ ਦੇ ਕੁਝ ਮੈਂਬਰਾਂ ਉੱਤੇ ਗੌਰ ਕਰੀਏ ਅਤੇ ਦੇਖੀਏ ਕਿ ਅਸੀਂ ਉਨ੍ਹਾਂ ਤੋਂ ਕੀ ਸਿੱਖ ਸਕਦੇ ਹਾਂ।

ਯੂਸੁਫ਼—ਇਕ ਧਰਮੀ ਮਨੁੱਖ

ਜਦੋਂ ਯੂਸੁਫ਼ ਨੂੰ ਪਤਾ ਲੱਗਾ ਕਿ ਉਸ ਦੀ ਮੰਗੇਤਰ ਮਰਿਯਮ “ਉਨ੍ਹਾਂ ਦੇ ਇਕੱਠੇ ਹੋਣ ਤੋਂ ਪਹਿਲਾਂ” ਹੀ ਗਰਭਵਤੀ ਸੀ, ਤਾਂ ਉਸ ਨੂੰ ਵੱਡਾ ਸਦਮਾ ਪਹੁੰਚਿਆ ਹੋਣਾ। ਉਹ ਮਰਿਯਮ ਨੂੰ ਬਹੁਤ ਪਿਆਰ ਕਰਦਾ ਸੀ ਤੇ ਉਸ ਨੂੰ ਗੁਆਉਣਾ ਨਹੀਂ ਚਾਹੁੰਦਾ ਸੀ। ਪਰ ਮਰਿਯਮ ਦਾ ਗਰਭਵਤੀ ਹੋਣਾ ਇਸ ਗੱਲ ਵੱਲ ਸੰਕੇਤ ਕਰ ਰਿਹਾ ਸੀ ਕਿ ਮਰਿਯਮ ਨੇ ਵਿਭਚਾਰ ਕਰ ਕੇ ਉਸ ਨਾਲ ਧੋਖਾ ਕੀਤਾ ਸੀ। ਯੂਸੁਫ਼ ਨੂੰ ਵਿਭਚਾਰ ਦੇ ਖ਼ਿਆਲ ਤੋਂ ਵੀ ਨਫ਼ਰਤ ਸੀ! ਉਨ੍ਹੀਂ ਦਿਨੀਂ ਮੰਗੇਤਰ ਪਤਨੀ ਦੇ ਬਰਾਬਰ ਸਮਝੀ ਜਾਂਦੀ ਸੀ। ਜੇ ਕੋਈ ਮੰਗੇਤਰ ਜਾਂ ਘਰਵਾਲੀ ਵਿਭਚਾਰ ਕਰਦੀ ਸੀ, ਤਾਂ ਇਸ ਦੀ ਸਜ਼ਾ ਮੌਤ ਹੁੰਦੀ ਸੀ। ਇਸ ਲਈ ਯੂਸੁਫ਼ ਨੇ ਬਹੁਤ ਸੋਚ-ਵਿਚਾਰ ਕਰਨ ਤੋਂ ਬਾਅਦ, ਮਰਿਯਮ ਦੀ ਜਾਨ ਬਚਾਉਣ ਲਈ ਉਸ ਨੂੰ ਚੁੱਪ-ਚਾਪ ਤਲਾਕ ਦੇਣ ਦਾ ਫ਼ੈਸਲਾ ਕੀਤਾ।—ਮੱਤੀ 1:18; ਬਿਵਸਥਾ ਸਾਰ 22:23, 24.

ਇਨ੍ਹਾਂ ਗੱਲਾਂ ਬਾਰੇ ਸੋਚਦੇ-ਸੋਚਦੇ ਯੂਸੁਫ਼ ਦੀ ਅੱਖ ਲੱਗ ਗਈ। ਫਿਰ ਇਕ ਦੂਤ ਨੇ ਯੂਸੁਫ਼ ਨੂੰ ਸੁਪਨੇ ਵਿਚ ਕਿਹਾ: “ਤੂੰ ਆਪਣੀ ਪਤਨੀ ਮਰਿਯਮ ਨੂੰ ਆਪਣੇ ਘਰ ਲਿਆਉਣ ਤੋਂ ਨਾ ਡਰ ਕਿਉਂਕਿ ਜਿਹੜਾ ਉਹ ਦੀ ਕੁੱਖ ਵਿੱਚ ਆਇਆ ਹੈ ਉਹ ਪਵਿੱਤ੍ਰ ਆਤਮਾ ਤੋਂ ਹੈ। ਅਤੇ ਉਹ ਪੁੱਤ੍ਰ ਜਣੇਗੀ ਅਤੇ ਤੂੰ ਉਹ ਦਾ ਨਾਮ ਯਿਸੂ ਰੱਖੀਂ ਕਿਉਂ ਜੋ ਉਹ ਆਪਣੇ ਲੋਕਾਂ ਨੂੰ ਉਨ੍ਹਾਂ ਦੇ ਪਾਪਾਂ ਤੋਂ ਬਚਾਵੇਗਾ।” ਪਰਮੇਸ਼ੁਰ ਵੱਲੋਂ ਇਹ ਨਿਰਦੇਸ਼ਨ ਪਾ ਕੇ ਯੂਸੁਫ਼ ਤੁਰੰਤ ਮਰਿਯਮ ਨੂੰ ਵਿਆਹ ਕੇ ਆਪਣੇ ਘਰ ਲੈ ਆਇਆ।—ਮੱਤੀ 1:20-24.

ਇਹ ਕਦਮ ਚੁੱਕਣ ਨਾਲ ਇਸ ਧਰਮੀ ਅਤੇ ਵਫ਼ਾਦਾਰ ਆਦਮੀ ਨੇ ਯਸਾਯਾਹ ਨਬੀ ਦੁਆਰਾ ਕੀਤੀ ਗਈ ਇਕ ਸ਼ਾਨਦਾਰ ਭਵਿੱਖਬਾਣੀ ਦੀ ਪੂਰਤੀ ਵਿਚ ਹਿੱਸਾ ਲਿਆ। ਉਸ ਭਵਿੱਖਬਾਣੀ ਵਿਚ ਯਹੋਵਾਹ ਨੇ ਕਿਹਾ ਸੀ: “ਵੇਖੋ, ਇੱਕ ਕੁਆਰੀ ਗਰਭਵੰਤੀ ਹੋਵੇਗੀ ਅਤੇ ਪੁੱਤ੍ਰ ਜਣੇਗੀ ਅਤੇ ਉਹ ਉਸ ਦਾ ਨਾਮ ਇੰਮਾਨੂਏਲ ਰੱਖੇਗੀ।” (ਯਸਾਯਾਹ 7:14) ਯੂਸੁਫ਼ ਸੱਚ-ਮੁੱਚ ਇਕ ਧਰਮੀ ਆਦਮੀ ਸੀ। ਭਾਵੇਂ ਮਰਿਯਮ ਦਾ ਪਲੇਠਾ ਪੁੱਤਰ ਯੂਸੁਫ਼ ਦਾ ਆਪਣਾ ਪੁੱਤਰ ਨਹੀਂ ਸੀ, ਫਿਰ ਵੀ ਯੂਸੁਫ਼ ਨੇ ਉਸ ਦਾ ਪਿਤਾ ਕਹਾਉਣ ਵਿਚ ਵੱਡਾ ਮਾਣ ਮਹਿਸੂਸ ਕੀਤਾ। ਉਸ ਨੇ ਯਿਸੂ ਨੂੰ ਆਪਣੇ ਪੁੱਤਰ ਵਾਂਗ ਪਾਲ-ਪੋਸ ਕੇ ਵੱਡਾ ਕੀਤਾ।

ਜਦੋਂ ਤਕ ਯਿਸੂ ਦਾ ਜਨਮ ਨਹੀਂ ਹੋਇਆ, ਉਦੋਂ ਤਕ ਯੂਸੁਫ਼ ਨੇ ਮਰਿਯਮ ਨਾਲ ਸਹਿਵਾਸ ਨਹੀਂ ਕੀਤਾ। (ਮੱਤੀ 1:25) ਮਰਿਯਮ ਨਾਲ ਵਿਆਹੇ ਹੋਣ ਕਰਕੇ ਯੂਸੁਫ਼ ਲਈ ਇਸ ਤਰ੍ਹਾਂ ਕਰਨਾ ਬਹੁਤ ਹੀ ਔਖਾ ਰਿਹਾ ਹੋਣਾ, ਪਰ ਉਹ ਦੋਨੋਂ ਇਸ ਬਾਰੇ ਕੋਈ ਵੀ ਗ਼ਲਤਫ਼ਹਿਮੀ ਪੈਦਾ ਨਹੀਂ ਕਰਨੀ ਚਾਹੁੰਦੇ ਸਨ ਕਿ ਯਿਸੂ ਦਾ ਅਸਲੀ ਪਿਤਾ ਕੌਣ ਸੀ। ਯੂਸੁਫ਼ ਨੇ ਆਪਣੇ ਉੱਤੇ ਕਾਬੂ ਰੱਖਣ ਵਿਚ ਕਿੰਨੀ ਵਧੀਆ ਮਿਸਾਲ ਕਾਇਮ ਕੀਤੀ! ਉਸ ਨੇ ਆਪਣੀਆਂ ਕੁਦਰਤੀ ਸਰੀਰਕ ਕਾਮਨਾਵਾਂ ਦੀ ਬਜਾਇ ਅਧਿਆਤਮਿਕ ਗੱਲਾਂ ਨੂੰ ਪਹਿਲ ਦਿੱਤੀ।

ਚਾਰ ਮੌਕਿਆਂ ਤੇ ਦੂਤਾਂ ਨੇ ਯਿਸੂ ਦੀ ਪਰਵਰਿਸ਼ ਸੰਬੰਧੀ ਯੂਸੁਫ਼ ਨੂੰ ਹਿਦਾਇਤਾਂ ਦਿੱਤੀਆਂ। ਉਸ ਨੂੰ ਤਿੰਨ ਵਾਰੀ ਦੱਸਿਆ ਗਿਆ ਸੀ ਕਿ ਉਸ ਨੇ ਕਿਹੜੀ ਥਾਂ ਯਿਸੂ ਦੀ ਪਰਵਰਿਸ਼ ਕਰਨੀ ਸੀ। ਨਿਆਣੇ ਯਿਸੂ ਦੇ ਬਚਾਅ ਲਈ ਦੂਤ ਦੀ ਗੱਲ ਫ਼ੌਰਨ ਮੰਨਣੀ ਬਹੁਤ ਜ਼ਰੂਰੀ ਸੀ। ਯੂਸੁਫ਼ ਨੇ ਹਰ ਵਾਰ ਦੂਤ ਦੀ ਗੱਲ ਮੰਨੀ। ਦੂਤ ਦੀ ਸੇਧ ਅਨੁਸਾਰ ਉਹ ਯਿਸੂ ਨੂੰ ਤੁਰੰਤ ਮਿਸਰ ਲੈ ਗਿਆ ਅਤੇ ਫਿਰ ਬਾਅਦ ਵਿਚ ਉਸ ਨੂੰ ਵਾਪਸ ਇਸਰਾਏਲ ਲੈ ਆਇਆ। ਇਸ ਤਰ੍ਹਾਂ ਕਰਨ ਨਾਲ ਨਿਆਣਾ ਯਿਸੂ ਹੇਰੋਦੇਸ ਦੀ ਜ਼ਾਲਮਾਨਾ ਸਕੀਮ ਤੋਂ ਬਚ ਗਿਆ ਜਦੋਂ ਉਸ ਨੇ ਦੋ ਸਾਲ ਤੋਂ ਛੋਟੇ ਸਾਰੇ ਮੁੰਡਿਆਂ ਨੂੰ ਮਰਵਾ ਦਿੱਤਾ ਸੀ। ਇਸ ਤੋਂ ਇਲਾਵਾ, ਯੂਸੁਫ਼ ਦੀ ਆਗਿਆਕਾਰੀ ਕਰਕੇ ਮਸੀਹਾ ਸੰਬੰਧੀ ਕਈ ਭਵਿੱਖਬਾਣੀਆਂ ਪੂਰੀਆਂ ਹੋਈਆਂ ਸਨ।—ਮੱਤੀ 2:13-23.

ਯੂਸੁਫ਼ ਨੇ ਯਿਸੂ ਨੂੰ ਤਰਖਾਣ ਦਾ ਕੰਮ ਸਿਖਾਇਆ ਤਾਂਕਿ ਉਹ ਆਪਣੇ ਪੈਰਾਂ ਤੇ ਖੜ੍ਹ ਸਕੇ। ਇਸ ਤਰ੍ਹਾਂ, ਯਿਸੂ ਨੂੰ ਨਾ ਕੇਵਲ “ਤਰਖਾਣ ਦਾ ਪੁੱਤ੍ਰ” ਕਿਹਾ ਗਿਆ, ਸਗੋਂ ਲੋਕ ਉਸ ਨੂੰ ਵੀ “ਤਰਖਾਣ” ਕਹਿੰਦੇ ਸਨ। (ਮੱਤੀ 13:55; ਮਰਕੁਸ 6:3) ਪੌਲੁਸ ਰਸੂਲ ਨੇ ਲਿਖਿਆ ਕਿ ਯਿਸੂ “ਸਾਰੀਆਂ ਗੱਲਾਂ ਵਿੱਚ ਸਾਡੇ ਵਾਂਙੁ ਪਰਤਾਇਆ ਗਿਆ।” ਤਾਂ ਫਿਰ ਯਿਸੂ ਨੂੰ ਵੀ ਸ਼ਾਇਦ ਆਪਣੀ ਮਾਂ ਤੇ ਭੈਣਾਂ-ਭਰਾਵਾਂ ਦੀ ਦੇਖ-ਭਾਲ ਕਰਨ ਲਈ ਸਖ਼ਤ ਮਿਹਨਤ ਕਰਨੀ ਪਈ ਸੀ।—ਇਬਰਾਨੀਆਂ 4:15.

ਅਖ਼ੀਰ ਵਿਚ ਅਸੀਂ ਯੂਸੁਫ਼ ਦੀ ਸ਼ਰਧਾ ਉੱਤੇ ਗੌਰ ਕਰਾਂਗੇ। ਮਸੀਹੀ ਯੂਨਾਨੀ ਸ਼ਾਸਤਰ ਵਿਚ ਯੂਸੁਫ਼ ਦਾ ਆਖ਼ਰੀ ਵਾਰ ਜ਼ਿਕਰ ਉਦੋਂ ਕੀਤਾ ਗਿਆ ਸੀ ਜਦੋਂ ਉਹ ਆਪਣੇ ਪਰਿਵਾਰ ਨੂੰ ਪਸਾਹ ਦੇ ਤਿਉਹਾਰ ਲਈ ਯਰੂਸ਼ਲਮ ਲੈ ਗਿਆ ਸੀ। ਪਰਮੇਸ਼ੁਰ ਦੇ ਹੁਕਮ ਅਨੁਸਾਰ ਸਾਰੇ ਮਰਦਾਂ ਲਈ ਪਸਾਹ ਦੇ ਤਿਉਹਾਰ ਤੇ ਯਰੂਸ਼ਲਮ ਜਾਣਾ ਜ਼ਰੂਰੀ ਸੀ, ਪਰ ਯੂਸੁਫ਼ “ਵਰਹੇ ਦੇ ਵਰਹੇ” ਆਪਣੇ ਪੂਰੇ ਪਰਿਵਾਰ ਨੂੰ ਨਾਲ ਲੈ ਕੇ ਜਾਂਦਾ ਸੀ। ਇਸ ਤਰ੍ਹਾਂ ਕਰਨ ਲਈ ਉਸ ਨੂੰ ਕਈ ਕੁਰਬਾਨੀਆਂ ਕਰਨੀਆਂ ਪਈਆਂ ਹੋਣਗੀਆਂ ਕਿਉਂਕਿ ਨਾਸਰਤ ਤੋਂ ਯਰੂਸ਼ਲਮ ਜਾਣ ਲਈ ਉਨ੍ਹਾਂ ਨੂੰ ਤਕਰੀਬਨ 100 ਕਿਲੋਮੀਟਰ ਦਾ ਸਫ਼ਰ ਪੈਦਲ ਤੈਅ ਕਰਨਾ ਪੈਂਦਾ ਸੀ। ਪਰ ਲੂਕਾ 2:41-50 ਵਿਚ ਦੱਸੇ ਗਏ ਮੌਕੇ ਤੇ ਯਰੂਸ਼ਲਮ ਤੋਂ ਘਰ ਪਰਤਦੇ ਸਮੇਂ ਯਿਸੂ ਪਿੱਛੇ ਛੁੱਟ ਗਿਆ ਸੀ। ਜਦੋਂ ਯੂਸੁਫ਼ ਤੇ ਮਰਿਯਮ ਉਸ ਨੂੰ ਲੱਭਦੇ-ਲੱਭਦੇ ਹੈਕਲ ਵਿਚ ਪਹੁੰਚੇ, ਤਾਂ ਉਨ੍ਹਾਂ ਨੇ ਯਿਸੂ ਨੂੰ ਸ਼ਰਾ ਦੇ ਗੁਰੂਆਂ ਦੀ ਗੱਲ ਧਿਆਨ ਨਾਲ ਸੁਣਦੇ ਅਤੇ ਉਨ੍ਹਾਂ ਨੂੰ ਸਵਾਲ ਕਰਦੇ ਦੇਖਿਆ। ਭਾਵੇਂ ਕਿ ਯਿਸੂ ਉਦੋਂ ਸਿਰਫ਼ 12 ਸਾਲਾਂ ਦਾ ਹੀ ਸੀ, ਪਰ ਉਹ ਤੇਜ਼ ਬੁੱਧੀ ਦਾ ਮਾਲਕ ਸੀ ਤੇ ਪਰਮੇਸ਼ੁਰ ਦੇ ਬਚਨ ਦਾ ਚੰਗਾ ਗਿਆਨ ਰੱਖਦਾ ਸੀ। ਇਸ ਤੋਂ ਅਸੀਂ ਦੇਖ ਸਕਦੇ ਹਾਂ ਕਿ ਯਿਸੂ ਦੇ ਮਾਤਾ-ਪਿਤਾ ਨੇ ਉਸ ਨੂੰ ਚੰਗੀ ਸਿੱਖਿਆ ਦਿੱਤੀ ਸੀ, ਇਸੇ ਲਈ ਉਹ ਅਧਿਆਤਮਿਕ ਗੱਲਾਂ ਵਿਚ ਇੰਨੀ ਰੁਚੀ ਰੱਖਦਾ ਸੀ। ਇਸ ਘਟਨਾ ਤੋਂ ਕੁਝ ਹੀ ਸਮੇਂ ਬਾਅਦ ਸ਼ਾਇਦ ਯੂਸੁਫ਼ ਦੀ ਮੌਤ ਹੋ ਗਈ ਸੀ ਕਿਉਂਕਿ ਇਸ ਮਗਰੋਂ ਬਾਈਬਲ ਵਿਚ ਉਸ ਦਾ ਕੋਈ ਜ਼ਿਕਰ ਨਹੀਂ ਆਉਂਦਾ।

ਜੀ ਹਾਂ, ਯੂਸੁਫ਼ ਇਕ ਧਰਮੀ ਮਨੁੱਖ ਸੀ ਜਿਸ ਨੇ ਆਪਣੇ ਪਰਿਵਾਰ ਦੀ ਅਧਿਆਤਮਿਕ ਅਤੇ ਸਰੀਰਕ ਤੌਰ ਤੇ ਚੰਗੀ ਦੇਖ-ਭਾਲ ਕੀਤੀ। ਕੀ ਤੁਸੀਂ ਜਾਣਦੇ ਹੋ ਕਿ ਪਰਮੇਸ਼ੁਰ ਦੀ ਅੱਜ ਸਾਡੇ ਲਈ ਕੀ ਇੱਛਾ ਹੈ? ਜੇ ਹਾਂ, ਤਾਂ ਕੀ ਤੁਸੀਂ ਵੀ ਯੂਸੁਫ਼ ਵਾਂਗ ਆਪਣੀ ਜ਼ਿੰਦਗੀ ਵਿਚ ਪਰਮੇਸ਼ੁਰ ਦੀ ਇੱਛਾ ਨੂੰ ਪਹਿਲੀ ਥਾਂ ਦਿੰਦੇ ਹੋ? (1 ਤਿਮੋਥਿਉਸ 2:4, 5) ਕੀ ਤੁਸੀਂ ਪਰਮੇਸ਼ੁਰ ਦੇ ਬਚਨ ਵਿਚ ਦਿੱਤੇ ਗਏ ਪਰਮੇਸ਼ੁਰ ਦੇ ਹੁਕਮਾਂ ਨੂੰ ਖ਼ੁਸ਼ੀ-ਖ਼ੁਸ਼ੀ ਮੰਨ ਕੇ ਯੂਸੁਫ਼ ਦੀ ਰੀਸ ਕਰਦੇ ਹੋ? ਕੀ ਤੁਸੀਂ ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਦਿੰਦੇ ਹੋ ਤਾਂਕਿ ਉਹ ਦੂਸਰਿਆਂ ਨਾਲ ਅਧਿਆਤਮਿਕ ਗੱਲਾਂ-ਬਾਤਾਂ ਕਰ ਸਕਣ?

ਮਰਿਯਮ—ਪਰਮੇਸ਼ੁਰ ਦੀ ਬੇਗਰਜ਼ ਦਾਸੀ

ਯਿਸੂ ਦੀ ਮਾਤਾ ਮਰਿਯਮ ਨੇ ਪਰਮੇਸ਼ੁਰ ਦੀ ਸੇਵਾ ਕਰਨ ਵਿਚ ਸ਼ਾਨਦਾਰ ਮਿਸਾਲ ਕਾਇਮ ਕੀਤੀ। ਜਦੋਂ ਜਿਬਰਾਏਲ ਦੂਤ ਨੇ ਉਸ ਨੂੰ ਦੱਸਿਆ ਕਿ ਉਹ ਮੁੰਡੇ ਨੂੰ ਜਨਮ ਦੇਵੇਗੀ, ਤਾਂ ਮਰਿਯਮ ਬੜੀ ਹੈਰਾਨ ਹੋਈ ਕਿਉਂਕਿ ਉਹ ਕੁਆਰੀ ਸੀ ਅਤੇ “ਪੁਰਸ਼ ਨੂੰ ਨਹੀਂ ਜਾਣਦੀ” ਸੀ। ਪਰ ਜਦੋਂ ਉਸ ਨੂੰ ਦੱਸਿਆ ਗਿਆ ਕਿ ਉਹ ਪਵਿੱਤਰ ਆਤਮਾ ਰਾਹੀਂ ਗਰਭਵਤੀ ਹੋਵੇਗੀ, ਤਾਂ ਉਸ ਨੇ ਹਲੀਮੀ ਨਾਲ ਪੈਗਾਮ ਨੂੰ ਸਵੀਕਾਰਦੇ ਹੋਏ ਕਿਹਾ: “ਵੇਖ ਮੈਂ ਪ੍ਰਭੁ ਦੀ ਬਾਂਦੀ ਹਾਂ, ਮੇਰੇ ਨਾਲ ਤੇਰੇ ਆਖੇ ਅਨੁਸਾਰ ਹੋਵੇ।” (ਲੂਕਾ 1:30-38) ਉਸ ਨੇ ਇਸ ਖ਼ਾਸ ਸਨਮਾਨ ਦਾ ਇੰਨਾ ਆਦਰ ਕੀਤਾ ਕਿ ਉਹ ਇਸ ਖ਼ਾਤਰ ਕਿਸੇ ਵੀ ਮੁਸ਼ਕਲ ਨੂੰ ਝੱਲਣ ਲਈ ਤਿਆਰ ਸੀ।

ਮਸੀਹਾ ਨੂੰ ਜਨਮ ਦੇਣ ਲਈ ਰਾਜ਼ੀ ਹੋਣ ਕਰਕੇ ਮਰਿਯਮ ਦੀ ਜ਼ਿੰਦਗੀ ਦਾ ਰੁੱਖ ਹੀ ਬਦਲ ਗਿਆ। ਪੁੱਤਰ ਨੂੰ ਜਨਮ ਦੇਣ ਮਗਰੋਂ ਜਦੋਂ ਮਰਿਯਮ ਸ਼ਰਾ ਦੇ ਅਨੁਸਾਰ ਸ਼ੁੱਧ ਹੋਣ ਲਈ ਯਰੂਸ਼ਲਮ ਗਈ, ਤਾਂ ਉੱਥੇ ਪਰਮੇਸ਼ੁਰ ਦੇ ਭਗਤ ਸਿਮਓਨ ਨੇ ਉਸ ਨੂੰ ਕਿਹਾ: “ਤਲਵਾਰ ਤੇਰੀ ਜਿੰਦ ਦੇ ਵਿੱਚੋਂ ਵੀ ਫਿਰ ਜਾਵੇਗੀ।” (ਲੂਕਾ 2:25-35) ਉਹ ਸ਼ਾਇਦ ਇਸ ਗੱਲ ਵੱਲ ਸੰਕੇਤ ਕਰ ਰਿਹਾ ਸੀ ਕਿ ਜਦੋਂ ਬਹੁਤ ਸਾਰੇ ਲੋਕ ਯਿਸੂ ਨੂੰ ਠੁਕਰਾਉਣਗੇ ਅਤੇ ਉਸ ਨੂੰ ਭਿਆਨਕ ਮੌਤ ਮਰਨ ਲਈ ਸੂਲੀ ਤੇ ਚਾੜ੍ਹਨਗੇ, ਤਾਂ ਇਹ ਸਭ ਕੁਝ ਦੇਖ ਕੇ ਮਰਿਯਮ ਦਾ ਕਲੇਜਾ ਵਿੰਨ੍ਹਿਆ ਜਾਵੇਗਾ।

ਜਿਉਂ-ਜਿਉਂ ਯਿਸੂ ਵੱਡਾ ਹੁੰਦਾ ਗਿਆ, ਮਰਿਯਮ ਨੇ ਉਸ ਦੀ ਜ਼ਿੰਦਗੀ ਵਿਚ ਵਾਪਰਨ ਵਾਲੀਆਂ ਗੱਲਾਂ ਨੂੰ “ਆਪਣੇ ਹਿਰਦੇ ਵਿੱਚ ਧਿਆਨ ਨਾਲ ਰੱਖਿਆ।” (ਲੂਕਾ 2:19, 51) ਯੂਸੁਫ਼ ਵਾਂਗ, ਮਰਿਯਮ ਵੀ ਅਧਿਆਤਮਿਕ ਗੱਲਾਂ ਨੂੰ ਪਹਿਲ ਦਿੰਦੀ ਸੀ। ਉਸ ਨੇ ਉਨ੍ਹਾਂ ਘਟਨਾਵਾਂ ਤੇ ਕਥਨਾਂ ਨੂੰ ਦਿਲ ਵਿਚ ਸਾਂਭ ਕੇ ਰੱਖਿਆ ਜਿਨ੍ਹਾਂ ਨਾਲ ਭਵਿੱਖਬਾਣੀਆਂ ਦੀ ਪੂਰਤੀ ਹੋਈ ਸੀ। ਉਸ ਨੇ ਸ਼ਾਇਦ ਜਿਬਰਾਏਲ ਦੂਤ ਦੀ ਇਸ ਗੱਲ ਨੂੰ ਵੀ ਹਮੇਸ਼ਾ ਚੇਤੇ ਰੱਖਿਆ ਹੋਣਾ: “ਉਹ ਮਹਾਨ ਹੋਵੇਗਾ, ਅਤੇ ਅੱਤ ਮਹਾਨ ਦਾ ਪੁੱਤ੍ਰ ਸਦਾਵੇਗਾ, ਅਤੇ ਪ੍ਰਭੁ ਪਰਮੇਸ਼ੁਰ ਉਹ ਦੇ ਪਿਤਾ ਦਾਊਦ ਦਾ ਤਖ਼ਤ ਉਹ ਨੂੰ ਦੇਵੇਗਾ। ਉਹ ਜੁੱਗੋ ਜੁੱਗ ਯਾਕੂਬ ਦੇ ਘਰਾਣੇ ਉੱਤੇ ਰਾਜ ਕਰੇਗਾ, ਅਤੇ ਉਹ ਦੇ ਰਾਜ ਦਾ ਅੰਤ ਨਾ ਹੋਵੇਗਾ।” (ਲੂਕਾ 1:32, 33) ਜੀ ਹਾਂ, ਮਰਿਯਮ ਨੇ ਮਸੀਹਾ ਦੀ ਇਨਸਾਨੀ ਮਾਤਾ ਬਣਨ ਵਿਚ ਮਾਣ ਮਹਿਸੂਸ ਕੀਤਾ।

ਮਰਿਯਮ ਦੀ ਸ਼ਰਧਾ ਉਦੋਂ ਵੀ ਜ਼ਾਹਰ ਹੋਈ ਜਦੋਂ ਉਹ ਆਪਣੀ ਸਾਕ ਇਲੀਸਬਤ ਨੂੰ ਮਿਲੀ ਸੀ। ਇਲੀਸਬਤ ਦਾ ਗਰਭ ਠਹਿਰਨਾ ਵੀ ਇਕ ਚਮਤਕਾਰ ਸੀ। ਉਸ ਨੂੰ ਦੇਖ ਕੇ ਮਰਿਯਮ ਨੇ ਯਹੋਵਾਹ ਦਾ ਗੁਣਗਾਨ ਕੀਤਾ ਅਤੇ ਪਰਮੇਸ਼ੁਰ ਦੇ ਬਚਨ ਲਈ ਡੂੰਘੀ ਸ਼ਰਧਾ ਜ਼ਾਹਰ ਕੀਤੀ। ਉਸ ਨੇ 1 ਸਮੂਏਲ ਦੇ ਦੂਜੇ ਅਧਿਆਇ ਵਿਚ ਦਰਜ ਹੰਨਾਹ ਦੀ ਦੁਆ ਅਤੇ ਇਬਰਾਨੀ ਸ਼ਾਸਤਰ ਦੀਆਂ ਹੋਰ ਪੋਥੀਆਂ ਦੇ ਵਿਚਾਰ ਦੁਹਰਾਏ। ਇਸ ਤੋਂ ਪਤਾ ਲੱਗਦਾ ਹੈ ਕਿ ਉਸ ਨੂੰ ਪਵਿੱਤਰ ਸ਼ਾਸਤਰ ਦਾ ਚੰਗਾ-ਖ਼ਾਸਾ ਗਿਆਨ ਸੀ ਅਤੇ ਉਹ ਪਰਮੇਸ਼ੁਰ ਦਾ ਭੈ ਵੀ ਰੱਖਦੀ ਸੀ। ਯਿਸੂ ਲਈ ਉਹ ਚੰਗੀ ਮਾਂ ਸਾਬਤ ਹੋਣੀ ਸੀ ਕਿਉਂਕਿ ਉਹ ਉਸ ਨੂੰ ਅਧਿਆਤਮਿਕ ਸਿੱਖਿਆ ਦੇਣ ਵਿਚ ਯੂਸੁਫ਼ ਦੀ ਹਰ ਪੱਖੋਂ ਮਦਦ ਕਰ ਸਕਦੀ ਸੀ।—ਉਤਪਤ 30:13; 1 ਸਮੂਏਲ 2:1-10; ਮਲਾਕੀ 3:12; ਲੂਕਾ 1:46-55.

ਮਰਿਯਮ ਨੂੰ ਪੂਰਾ ਵਿਸ਼ਵਾਸ ਸੀ ਕਿ ਉਸ ਦਾ ਪੁੱਤਰ ਹੀ ਮਸੀਹਾ ਸੀ ਅਤੇ ਉਸ ਦੀ ਨਿਹਚਾ ਯਿਸੂ ਦੀ ਮੌਤ ਤੋਂ ਬਾਅਦ ਵੀ ਘਟੀ ਨਹੀਂ। ਯਿਸੂ ਦੇ ਜੀ ਉੱਠਣ ਤੋਂ ਥੋੜ੍ਹੇ ਸਮੇਂ ਬਾਅਦ ਜਦੋਂ ਵਫ਼ਾਦਾਰ ਚੇਲੇ ਅਤੇ ਰਸੂਲ ਪ੍ਰਾਰਥਨਾ ਕਰਨ ਲਈ ਇਕੱਠੇ ਹੋਏ ਸਨ, ਤਾਂ ਮਰਿਯਮ ਵੀ ਉਨ੍ਹਾਂ ਨਾਲ ਸੀ। (ਰਸੂਲਾਂ ਦੇ ਕਰਤੱਬ 1:13, 14) ਆਪਣੇ ਪਿਆਰੇ ਪੁੱਤਰ ਨੂੰ ਤੜਫ਼-ਤੜਫ਼ ਕੇ ਮਰਦੇ ਦੇਖਣ ਦੇ ਬਾਵਜੂਦ ਉਹ ਵਫ਼ਾਦਾਰ ਰਹੀ।

ਤੁਸੀਂ ਮਰਿਯਮ ਦੀ ਚੰਗੀ ਮਿਸਾਲ ਤੇ ਕਿਵੇਂ ਚੱਲ ਸਕਦੇ ਹੋ? ਕੀ ਤੁਸੀਂ ਪਰਮੇਸ਼ੁਰ ਦੀ ਸੇਵਾ ਕਰਨ ਦਾ ਹਰ ਮੌਕਾ ਸਵੀਕਾਰ ਕਰਦੇ ਹੋ, ਭਾਵੇਂ ਇਸ ਤਰ੍ਹਾਂ ਕਰਨ ਲਈ ਤੁਹਾਨੂੰ ਕਈ ਕੁਰਬਾਨੀਆਂ ਦੇਣੀਆਂ ਪੈਣ? ਕੀ ਤੁਹਾਨੂੰ ਇਸ ਗੱਲ ਦਾ ਅਹਿਸਾਸ ਹੈ ਕਿ ਅੱਜ ਲੋਕਾਂ ਨੂੰ ਪਰਮੇਸ਼ੁਰ ਦੀ ਇੱਛਾ ਬਾਰੇ ਸਿਖਾਉਣਾ ਕਿੰਨਾ ਜ਼ਰੂਰੀ ਹੈ? ਕੀ ਤੁਸੀਂ ਯਿਸੂ ਦੀ ਭਵਿੱਖਬਾਣੀ ਨੂੰ ‘ਆਪਣੇ ਹਿਰਦੇ ਵਿੱਚ ਰੱਖਦੇ ਹੋਏ’ ਸੋਚ-ਵਿਚਾਰ ਕਰਦੇ ਹੋ ਕਿ ਇਹ ਭਵਿੱਖਬਾਣੀ ਅੱਜ ਕਿਵੇਂ ਪੂਰੀ ਹੋ ਰਹੀ ਹੈ? (ਮੱਤੀ, ਅਧਿਆਇ 24 ਤੇ 25; ਮਰਕੁਸ, ਅਧਿਆਇ 13; ਲੂਕਾ, ਅਧਿਆਇ 21) ਕੀ ਤੁਸੀਂ ਮਰਿਯਮ ਦੀ ਰੀਸ ਕਰਦੇ ਹੋਏ ਪਰਮੇਸ਼ੁਰ ਦੇ ਬਚਨ ਦਾ ਚੰਗਾ ਗਿਆਨ ਲੈਣ ਦੀ ਕੋਸ਼ਿਸ਼ ਕਰਦੇ ਹੋ ਅਤੇ ਦੂਸਰਿਆਂ ਨਾਲ ਗੱਲਬਾਤ ਕਰਦੇ ਸਮੇਂ ਇਸ ਵਿੱਚੋਂ ਗੱਲਾਂ ਸਾਂਝੀਆਂ ਕਰਦੇ ਹੋ? ਕੀ ਤੁਸੀਂ ਯਿਸੂ ਵਿਚ ਮਜ਼ਬੂਤ ਨਿਹਚਾ ਬਣਾਈ ਰੱਖੋਗੇ, ਭਾਵੇਂ ਉਸ ਦੇ ਚੇਲੇ ਹੋਣ ਦੇ ਨਾਤੇ ਤੁਹਾਨੂੰ ਕਿੰਨਾ ਵੀ ਮਾਨਸਿਕ ਸੰਤਾਪ ਕਿਉਂ ਨਾ ਸਹਿਣਾ ਪਵੇ?

ਯਿਸੂ ਦੇ ਭਰਾ—ਲੋਕ ਬਦਲ ਸਕਦੇ ਹਨ

ਬਾਈਬਲ ਦੇ ਬਿਰਤਾਂਤ ਤੋਂ ਸੰਕੇਤ ਮਿਲਦਾ ਹੈ ਕਿ ਯਿਸੂ ਦੇ ਜੀਉਂਦੇ-ਜੀ ਉਸ ਦੇ ਭਰਾਵਾਂ ਨੇ ਉਸ ਵਿਚ ਨਿਹਚਾ ਨਹੀਂ ਕੀਤੀ ਸੀ। ਸ਼ਾਇਦ ਇਸੇ ਲਈ ਜਦੋਂ ਯਿਸੂ ਨੂੰ ਸੂਲੀ ਤੇ ਚੜ੍ਹਾਇਆ ਗਿਆ, ਤਾਂ ਉਸ ਦੇ ਭਰਾ ਉਸ ਮੌਕੇ ਤੇ ਹਾਜ਼ਰ ਨਹੀਂ ਸਨ ਅਤੇ ਯਿਸੂ ਨੂੰ ਆਪਣੀ ਮਾਤਾ ਦੀ ਦੇਖ-ਭਾਲ ਆਪਣੇ ਰਸੂਲ ਯੂਹੰਨਾ ਨੂੰ ਸੌਂਪਣੀ ਪਈ ਸੀ। ਯਿਸੂ ਦੇ ਸਾਕ-ਸੰਬੰਧੀਆਂ ਨੇ ਉਸ ਦੀ ਕਦਰ ਨਹੀਂ ਕੀਤੀ ਅਤੇ ਇਕ ਮੌਕੇ ਤੇ ਉਨ੍ਹਾਂ ਨੇ ਇੱਥੋਂ ਤਕ ਕਹਿ ਦਿੱਤਾ ਸੀ ਕਿ ਯਿਸੂ “ਆਪਣੇ ਆਪ ਤੋਂ ਬਾਹਰ ਹੋ ਗਿਆ” ਸੀ ਯਾਨੀ ਪਾਗਲ ਹੋ ਗਿਆ ਸੀ। (ਮਰਕੁਸ 3:21) ਜੀ ਹਾਂ, ਯਿਸੂ ਦੇ ਆਪਣੇ ਸਾਕਾਂ ਨੇ ਉਸ ਵਿਚ ਨਿਹਚਾ ਨਹੀਂ ਕੀਤੀ ਸੀ, ਇਸ ਲਈ ਅੱਜ ਅਸੀਂ ਇਸ ਗੱਲੋਂ ਤਸੱਲੀ ਹਾਸਲ ਕਰ ਸਕਦੇ ਹਾਂ ਕਿ ਯਿਸੂ ਆਪਣੇ ਚੇਲਿਆਂ ਦੇ ਦੁੱਖ ਸਮਝਦਾ ਹੈ ਜਿਨ੍ਹਾਂ ਦੇ ਰਿਸ਼ਤੇਦਾਰ ਉਨ੍ਹਾਂ ਦੀ ਨਿਹਚਾ ਕਰਕੇ ਉਨ੍ਹਾਂ ਦਾ ਮਖੌਲ ਉਡਾਉਂਦੇ ਹਨ।

ਪਰੰਤੂ ਇੰਜ ਲੱਗਦਾ ਹੈ ਕਿ ਯਿਸੂ ਦੇ ਜੀ ਉੱਠਣ ਮਗਰੋਂ ਉਸ ਦੇ ਭਰਾ ਉਸ ਵਿਚ ਨਿਹਚਾ ਕਰਨ ਲੱਗ ਪਏ ਸਨ। ਜਦੋਂ 33 ਸਾ.ਯੁ. ਦੇ ਪੰਤੇਕੁਸਤ ਤਿਉਹਾਰ ਤੋਂ ਪਹਿਲਾਂ ਸਾਰੇ ਚੇਲੇ ਤੇ ਰਸੂਲ ਯਰੂਸ਼ਲਮ ਵਿਚ ਇਕੱਠੇ ਹੋ ਕੇ ਯਹੋਵਾਹ ਨੂੰ ਪ੍ਰਾਰਥਨਾ ਕਰ ਰਹੇ ਸਨ, ਤਾਂ ਉਦੋਂ ਉਨ੍ਹਾਂ ਵਿਚ ਯਿਸੂ ਦੇ ਭਰਾ ਵੀ ਮੌਜੂਦ ਸਨ। (ਰਸੂਲਾਂ ਦੇ ਕਰਤੱਬ 1:14) ਸਪੱਸ਼ਟ ਤੌਰ ਤੇ, ਯਿਸੂ ਦੇ ਪੁਨਰ-ਉਥਾਨ ਨੇ ਉਨ੍ਹਾਂ ਦੇ ਦਿਲਾਂ ਤੇ ਵੱਡਾ ਅਸਰ ਪਾਇਆ ਜਿਸ ਕਰਕੇ ਉਨ੍ਹਾਂ ਨੇ ਉਸ ਵਿਚ ਨਿਹਚਾ ਕੀਤੀ। ਇਸ ਲਈ ਸਾਨੂੰ ਕਦੇ ਵੀ ਉਮੀਦ ਨਹੀਂ ਛੱਡਣੀ ਚਾਹੀਦੀ ਕਿ ਸਾਡੇ ਰਿਸ਼ਤੇਦਾਰ ਵੀ ਕਿਸੇ ਦਿਨ ਯਹੋਵਾਹ ਦੇ ਸੇਵਕ ਬਣਨਗੇ।

ਯਿਸੂ ਨੇ ਆਪਣੇ ਜੀ ਉੱਠਣ ਮਗਰੋਂ ਆਪਣੇ ਭਰਾ ਯਾਕੂਬ ਨੂੰ ਦਰਸ਼ਣ ਦਿੱਤੇ ਸਨ। ਬਾਈਬਲ ਦਾ ਬਿਰਤਾਂਤ ਦਿਖਾਉਂਦਾ ਹੈ ਕਿ ਬਾਅਦ ਵਿਚ ਯਾਕੂਬ ਨੇ ਮਸੀਹੀ ਕਲੀਸਿਯਾ ਵਿਚ ਅਹਿਮ ਭੂਮਿਕਾ ਨਿਭਾਈ। ਉਸ ਨੇ ਪਰਮੇਸ਼ੁਰ ਦੀ ਸੇਧ ਵਿਚ ਆਪਣੇ ਮਸੀਹੀ ਭਰਾਵਾਂ ਨੂੰ ਚਿੱਠੀ ਲਿਖੀ ਜਿਸ ਵਿਚ ਉਸ ਨੇ ਉਨ੍ਹਾਂ ਨੂੰ ਮਜ਼ਬੂਤ ਨਿਹਚਾ ਬਣਾਈ ਰੱਖਣ ਦੀ ਤਾਕੀਦ ਕੀਤੀ ਸੀ। (ਰਸੂਲਾਂ ਦੇ ਕਰਤੱਬ 15:6-29; 1 ਕੁਰਿੰਥੀਆਂ 15:7; ਗਲਾਤੀਆਂ 1:18, 19; 2:9; ਯਾਕੂਬ 1:1) ਯਿਸੂ ਦੇ ਇਕ ਹੋਰ ਭਰਾ ਯਹੂਦਾਹ ਨੇ ਵੀ ਸੰਗੀ ਵਿਸ਼ਵਾਸੀਆਂ ਨੂੰ ਨਿਹਚਾ ਦੀ ਲੜਾਈ ਲੜਦੇ ਰਹਿਣ ਦੀ ਤਾਕੀਦ ਕਰਨ ਲਈ ਚਿੱਠੀ ਲਿਖੀ। (ਯਹੂਦਾਹ 1) ਫਿਰ ਵੀ, ਧਿਆਨ ਦਿਓ ਕਿ ਯਾਕੂਬ ਤੇ ਯਹੂਦਾਹ ਦੋਨਾਂ ਨੇ ਆਪਣੀਆਂ ਚਿੱਠੀਆਂ ਵਿਚ ਆਪਣੇ ਆਪ ਨੂੰ ਯਿਸੂ ਦਾ ਭਰਾ ਕਹਿ ਕੇ ਦੂਸਰੇ ਮਸੀਹੀਆਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਉਨ੍ਹਾਂ ਨੇ ਹਲੀਮੀ ਦੀ ਕਿੰਨੀ ਵਧੀਆ ਮਿਸਾਲ ਕਾਇਮ ਕੀਤੀ!

ਤਾਂ ਫਿਰ ਅਸੀਂ ਯਿਸੂ ਦੇ ਪਰਿਵਾਰ ਤੋਂ ਕਿਹੜੀਆਂ ਗੱਲਾਂ ਸਿੱਖਦੇ ਹਾਂ? ਉਨ੍ਹਾਂ ਦੀ ਰੀਸ ਕਰਦੇ ਹੋਏ ਅਸੀਂ ਇਨ੍ਹਾਂ ਤਰੀਕਿਆਂ ਨਾਲ ਸ਼ਰਧਾ ਦਿਖਾ ਸਕਦੇ ਹਾਂ: (1) ਪਰਮੇਸ਼ੁਰ ਦੀ ਇੱਛਾ ਜਾਣ ਕੇ ਉਸ ਨੂੰ ਵਫ਼ਾਦਾਰੀ ਨਾਲ ਪੂਰਾ ਕਰੋ ਅਤੇ ਰਾਹ ਵਿਚ ਆਉਣ ਵਾਲੀਆਂ ਸਾਰੀਆਂ ਮੁਸ਼ਕਲਾਂ ਦਾ ਡੱਟ ਕੇ ਸਾਮ੍ਹਣਾ ਕਰੋ। (2) ਅਧਿਆਤਮਿਕ ਗੱਲਾਂ ਨੂੰ ਹਮੇਸ਼ਾ ਪਹਿਲ ਦਿਓ ਭਾਵੇਂ ਇਸ ਲਈ ਸਾਨੂੰ ਕੁਰਬਾਨੀਆਂ ਕਰਨੀਆਂ ਪੈਣ। (3) ਆਪਣੇ ਬੱਚਿਆਂ ਨੂੰ ਬਾਈਬਲ ਅਨੁਸਾਰ ਸਹੀ ਸਿੱਖਿਆ ਦਿਓ। (4) ਜਿਹੜੇ ਰਿਸ਼ਤੇਦਾਰ ਅਜੇ ਯਹੋਵਾਹ ਦੇ ਸੇਵਕ ਨਹੀਂ ਬਣੇ ਹਨ, ਉਨ੍ਹਾਂ ਦੇ ਬਦਲਣ ਦੀ ਉਮੀਦ ਨਾ ਛੱਡੋ। (5) ਜੇ ਮਸੀਹੀ ਕਲੀਸਿਯਾ ਵਿਚ ਕਿਸੇ ਉੱਘੇ ਭੈਣ-ਭਰਾ ਨਾਲ ਤੁਹਾਡਾ ਰਿਸ਼ਤਾ-ਨਾਤਾ ਹੈ, ਤਾਂ ਇਸ ਗੱਲ ਦੀ ਸ਼ੇਖ਼ੀ ਨਾ ਮਾਰੋ। ਜੀ ਹਾਂ, ਯਿਸੂ ਦੇ ਜ਼ਮੀਨੀ ਪਰਿਵਾਰ ਬਾਰੇ ਸਿੱਖ ਕੇ ਯਿਸੂ ਲਈ ਸਾਡਾ ਪਿਆਰ ਹੋਰ ਡੂੰਘਾ ਹੁੰਦਾ ਹੈ। ਸਾਨੂੰ ਇਸ ਗੱਲ ਦਾ ਵੀ ਡੂੰਘਾ ਅਹਿਸਾਸ ਹੋਇਆ ਹੈ ਕਿ ਯਹੋਵਾਹ ਨੇ ਯਿਸੂ ਦੀ ਪਰਵਰਿਸ਼ ਲਈ ਇਕ ਗ਼ਰੀਬ ਪਰਿਵਾਰ ਚੁਣ ਕੇ ਕਿੰਨੀ ਬੁੱਧੀਮਤਾ ਦਿਖਾਈ ਸੀ!

[ਸਫ਼ੇ 4, 5 ਉੱਤੇ ਤਸਵੀਰ]

ਯੂਸੁਫ਼ ਨੇ ਮਰਿਯਮ ਨੂੰ ਆਪਣੀ ਪਤਨੀ ਬਣਾ ਕੇ ਮਸੀਹਾ ਸੰਬੰਧੀ ਭਵਿੱਖਬਾਣੀਆਂ ਦੀ ਪੂਰਤੀ ਵਿਚ ਹਿੱਸਾ ਲਿਆ

[ਸਫ਼ੇ 6 ਉੱਤੇ ਤਸਵੀਰ]

ਯੂਸੁਫ਼ ਤੇ ਮਰਿਯਮ ਨੇ ਆਪਣੇ ਬੱਚਿਆਂ ਨੂੰ ਅਧਿਆਤਮਿਕ ਕਦਰਾਂ-ਕੀਮਤਾਂ ਅਤੇ ਮਿਹਨਤ ਕਰਨ ਦੀ ਅਹਿਮੀਅਤ ਬਾਰੇ ਸਿਖਾਇਆ

[ਸਫ਼ੇ 7 ਉੱਤੇ ਤਸਵੀਰ]

ਭਾਵੇਂ ਯਿਸੂ ਦੇ ਭਰਾ ਅਧਿਆਤਮਿਕ ਤੌਰ ਤੇ ਮਜ਼ਬੂਤ ਪਰਿਵਾਰ ਵਿਚ ਵੱਡੇ ਹੋਏ ਸਨ, ਪਰ ਉਨ੍ਹਾਂ ਨੇ ਯਿਸੂ ਦੇ ਜੀਉਂਦੇ-ਜੀ ਉਸ ਵਿਚ ਨਿਹਚਾ ਨਹੀਂ ਕੀਤੀ

[ਸਫ਼ੇ 8 ਉੱਤੇ ਤਸਵੀਰ]

ਯਿਸੂ ਦੇ ਭਰਾ ਯਾਕੂਬ ਤੇ ਯਹੂਦਾਹ ਨੇ ਸੰਗੀ ਮਸੀਹੀਆਂ ਦਾ ਹੌਸਲਾ ਵਧਾਇਆ