ਯਿਸੂ ਦੇ ਪਰਿਵਾਰ ਵਿਚ ਕੌਣ-ਕੌਣ ਸਨ?
ਯਿਸੂ ਦੇ ਪਰਿਵਾਰ ਵਿਚ ਕੌਣ-ਕੌਣ ਸਨ?
ਦਸੰਬਰ ਮਹੀਨੇ ਵਿਚ, ਦੁਨੀਆਂ ਦੇ ਕਈ ਹਿੱਸਿਆਂ ਵਿਚ ਥਾਂ-ਥਾਂ ਤੇ ਯਿਸੂ ਦੇ ਜਨਮ ਦੀਆਂ ਝਲਕੀਆਂ ਦੇਖਣ ਨੂੰ ਮਿਲਦੀਆਂ ਹਨ। ਲੋਕ ਘਰਾਂ, ਦੁਕਾਨਾਂ ਅਤੇ ਹੋਰ ਥਾਵਾਂ ਤੇ ਯਿਸੂ, ਮਰਿਯਮ ਅਤੇ ਯੂਸੁਫ਼ ਦੀਆਂ ਮੂਰਤਾਂ ਸਜਾਉਂਦੇ ਹਨ। ਇਨ੍ਹਾਂ ਦ੍ਰਿਸ਼ਾਂ ਵਿਚ, ਮਰਿਯਮ ਅਤੇ ਯੂਸੁਫ਼ ਦੀਆਂ ਨਜ਼ਰਾਂ ਤੋਂ ਨੰਨ੍ਹੇ ਯਿਸੂ ਲਈ ਪਿਆਰ ਝਲਕਦਾ ਹੈ। ਅਜਿਹੇ ਸੋਹਣੇ ਦ੍ਰਿਸ਼ ਉਨ੍ਹਾਂ ਲੋਕਾਂ ਦੇ ਦਿਲਾਂ ਨੂੰ ਵੀ ਮੋਹ ਲੈਂਦੇ ਹਨ ਜੋ ਮਸੀਹੀ ਨਹੀਂ ਹਨ। ਪਰ ਇਨ੍ਹਾਂ ਦ੍ਰਿਸ਼ਾਂ ਵਿਚ ਯਿਸੂ ਹੀ ਸਾਰਿਆਂ ਦੇ ਧਿਆਨ ਦਾ ਕੇਂਦਰ ਹੁੰਦਾ ਹੈ। ਕੀ ਤੁਸੀਂ ਜਾਣਦੇ ਹੋ ਕਿ ਉਸ ਦੇ ਜ਼ਮੀਨੀ ਪਰਿਵਾਰ ਵਿਚ ਹੋਰ ਕੌਣ-ਕੌਣ ਸਨ? ਕੀ ਬਾਈਬਲ ਸਾਨੂੰ ਉਨ੍ਹਾਂ ਬਾਰੇ ਕੁਝ ਦੱਸਦੀ ਹੈ?
ਬਾਈਬਲ ਵਿਚ ਯਿਸੂ ਦੇ ਜਨਮ ਅਤੇ ਪਰਵਰਿਸ਼ ਬਾਰੇ ਬਹੁਤ ਹੀ ਦਿਲਚਸਪ ਬਿਰਤਾਂਤ ਦਿੱਤਾ ਗਿਆ ਹੈ। ਯਿਸੂ ਇਕ ਇਨਸਾਨ ਦੇ ਤੌਰ ਤੇ ਕੁਆਰੀ ਮਰਿਯਮ ਦੀ ਕੁੱਖੋਂ ਜੰਮਿਆ ਸੀ। ਇਸ ਤਰ੍ਹਾਂ ਉਹ ਮਨੁੱਖੀ ਪਰਿਵਾਰ ਦਾ ਹਿੱਸਾ ਬਣਿਆ। ਬਾਈਬਲ ਦੱਸਦੀ ਹੈ ਕਿ ਪਵਿੱਤਰ ਆਤਮਾ ਰਾਹੀਂ ਯਿਸੂ ਦੀ ਜ਼ਿੰਦਗੀ ਨੂੰ ਸਵਰਗ ਤੋਂ ਮਰਿਯਮ ਦੀ ਕੁੱਖ ਵਿਚ ਤਬਦੀਲ ਕੀਤਾ ਗਿਆ ਸੀ। (ਲੂਕਾ 1:30-35) ਪਰ ਇਹ ਚਮਤਕਾਰ ਹੋਣ ਤੋਂ ਪਹਿਲਾਂ, ਮਰਿਯਮ ਦੀ ਯੂਸੁਫ਼ ਨਾਂ ਦੇ ਆਦਮੀ ਨਾਲ ਕੁੜਮਾਈ ਹੋ ਚੁੱਕੀ ਸੀ। ਇਸ ਤਰ੍ਹਾਂ, ਯਿਸੂ ਯੂਸੁਫ਼ ਦੇ ਘਰ ਵੱਡਾ ਹੋਇਆ।
ਯਿਸੂ ਦੇ ਜਨਮ ਮਗਰੋਂ, ਯੂਸੁਫ਼ ਅਤੇ ਮਰਿਯਮ ਦੇ ਹੋਰ ਬੱਚੇ ਵੀ ਹੋਏ। ਯਿਸੂ ਦੇ ਕਈ ਭੈਣ-ਭਰਾ ਸਨ, ਇਸ ਦਾ ਸਬੂਤ ਸਾਨੂੰ ਨਾਸਰਤ ਦੇ ਵਾਸੀਆਂ ਦੀਆਂ ਗੱਲਾਂ ਤੋਂ ਮਿਲਦਾ ਹੈ। ਉਨ੍ਹਾਂ ਨੇ ਯਿਸੂ ਬਾਰੇ ਇਹ ਸਵਾਲ ਕੀਤਾ ਸੀ: “ਭਲਾ, ਇਹ ਤਰਖਾਣ ਦਾ ਪੁੱਤ੍ਰ ਨਹੀਂ ਅਤੇ ਇਹ ਦੀ ਮਾਂ ਮਰਿਯਮ ਨਹੀਂ ਕਹਾਉਂਦੀ ਅਤੇ ਇਹ ਦੇ ਭਾਈ ਯਾਕੂਬ ਅਰ ਯੂਸੁਫ਼ ਅਰ ਸ਼ਮਊਨ ਅਰ ਯਹੂਦਾ ਨਹੀਂ ਹਨ? ਅਤੇ ਉਹਦੀਆਂ ਸੱਭੇ ਭੈਣਾਂ ਸਾਡੇ ਕੋਲ ਨਹੀਂ ਹਨ?” (ਮੱਤੀ 1:25; 13:55, 56; ਮਰਕੁਸ 6:3) ਉਨ੍ਹਾਂ ਦੀਆਂ ਗੱਲਾਂ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਯਿਸੂ ਦੇ ਪਰਿਵਾਰ ਵਿਚ ਉਸ ਦੇ ਮਾਤਾ-ਪਿਤਾ, ਚਾਰ ਭਰਾ ਅਤੇ ਘੱਟੋ-ਘੱਟ ਦੋ ਭੈਣਾਂ ਸਨ।
ਪਰੰਤੂ, ਅੱਜ ਕਈ ਲੋਕ ਕਹਿੰਦੇ ਹਨ ਕਿ ਬਾਈਬਲ ਜਿਨ੍ਹਾਂ ਨੂੰ ਯਿਸੂ ਦੇ ਭੈਣ-ਭਰਾ ਕਹਿੰਦੀ ਹੈ, ਉਹ ਯੂਸੁਫ਼ ਤੇ ਮਰਿਯਮ ਦੇ ਬੱਚੇ ਨਹੀਂ ਸਨ। ਕਿਉਂ? ਕਿਉਂਕਿ ਨਿਊ ਕੈਥੋਲਿਕ ਐਨਸਾਈਕਲੋਪੀਡੀਆ ਮੁਤਾਬਕ, “ਚਰਚ ਸ਼ੁਰੂ ਤੋਂ ਹੀ ਇਹ ਸਿਖਾਉਂਦਾ ਆਇਆ ਹੈ ਕਿ ਮਰਿਯਮ ਹਮੇਸ਼ਾ ਕੁਆਰੀ ਰਹੀ। ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਯਿਸੂ ਤੋਂ ਇਲਾਵਾ ਮਰਿਯਮ ਦੇ ਹੋਰ ਬੱਚੇ ਨਹੀਂ ਸਨ।” ਇਹੋ ਕਿਤਾਬ ਅੱਗੇ ਦੱਸਦੀ ਹੈ ਕਿ ਇਹ “ਭਰਾ” ਅਤੇ “ਭੈਣਾਂ” “ਗੁਰਭਾਈ ਤੇ ਗੁਰਭੈਣਾਂ” ਜਾਂ ਚਚੇਰੇ-ਮਸੇਰੇ ਭੈਣ-ਭਰਾ ਵੀ ਹੋ ਸਕਦੇ ਸਨ।
ਪਰ ਕੀ ਇਹ ਗੱਲ ਸਹੀ ਹੈ? ਕੁਝ ਕੈਥੋਲਿਕ ਧਰਮ-ਸ਼ਾਸਤਰੀਆਂ ਨੇ ਚਰਚ ਦੀ ਰਿਵਾਇਤੀ ਸਿੱਖਿਆ ਨਾਲ ਅਸਹਿਮਤੀ ਜ਼ਾਹਰ ਕਰਦੇ ਹੋਏ ਕਿਹਾ ਹੈ ਕਿ ਮਰਿਯਮ ਤੇ ਯੂਸੁਫ਼ ਦੇ ਹੋਰ ਬੱਚੇ ਹੋਏ ਸਨ। ਕੈਥੋਲਿਕ ਬਾਈਬਲ ਐਸੋਸੀਏਸ਼ਨ ਆਫ਼ ਅਮੈਰੀਕਾ ਦੇ ਸਾਬਕਾ ਪ੍ਰਧਾਨ ਜੌਨ ਪੀ. ਮਾਯਰ ਨੇ ਲਿਖਿਆ: “ਨਵੇਂ ਨੇਮ ਵਿਚ ਜਦੋਂ ਅਡੈੱਲਫ਼ੋਸ [ਭਰਾ] ਸ਼ਬਦ ਲਾਖਣਿਕ ਅਰਥ ਦੀ ਬਜਾਇ ਖ਼ੂਨ ਦੇ ਰਿਸ਼ਤੇ ਜਾਂ ਕਾਨੂੰਨੀ ਰਿਸ਼ਤੇ ਨੂੰ ਦਰਸਾਉਣ ਲਈ ਵਰਤਿਆ ਜਾਂਦਾ ਹੈ, ਤਾਂ ਇਸ ਦਾ ਮਤਲਬ ਸਿਰਫ਼ ਸਕਾ ਜਾਂ ਮਤਰੇਆ ਭਰਾ ਹੀ ਹੁੰਦਾ ਹੈ।” * ਜੀ ਹਾਂ, ਬਾਈਬਲ ਦੱਸਦੀ ਹੈ ਕਿ ਯਿਸੂ ਦੇ ਭੈਣ-ਭਰਾ ਸਨ ਜੋ ਯੂਸੁਫ਼ ਤੇ ਮਰਿਯਮ ਦੀ ਸੰਤਾਨ ਸਨ।
ਇੰਜੀਲਾਂ ਵਿਚ ਯਿਸੂ ਦੇ ਦੂਸਰੇ ਸਾਕ-ਸੰਬੰਧੀਆਂ ਦਾ ਵੀ ਜ਼ਿਕਰ ਆਉਂਦਾ ਹੈ, ਪਰ ਆਓ ਆਪਾਂ ਯਿਸੂ ਦੇ ਪਰਿਵਾਰ ਦੇ ਮੈਂਬਰਾਂ ਬਾਰੇ ਗੱਲ ਕਰੀਏ ਅਤੇ ਦੇਖੀਏ ਕਿ ਅਸੀਂ ਉਨ੍ਹਾਂ ਤੋਂ ਕੀ ਸਿੱਖ ਸਕਦੇ ਹਾਂ।
[ਫੁਟਨੋਟ]
^ ਪੈਰਾ 6 ਜੇ. ਪੀ. ਮਾਯਰ ਦੁਆਰਾ ਲਿਖਿਆ ਲੇਖ “ਯਿਸੂ ਦੇ ਭੈਣ-ਭਰਾ—ਈਸਾਈ ਧਰਮ ਦੀ ਨਜ਼ਰ ਤੋਂ” (ਅੰਗ੍ਰੇਜ਼ੀ), ਦ ਕੈਥੋਲਿਕ ਬਿਬਲੀਕਲ ਕੁਆਰਟਰਲੀ, ਜਨਵਰੀ 1992, ਸਫ਼ਾ 21.