Skip to content

Skip to table of contents

ਹੁਣ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਜਾਗਦੇ ਰਹਿਣ ਦੀ ਲੋੜ ਹੈ

ਹੁਣ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਜਾਗਦੇ ਰਹਿਣ ਦੀ ਲੋੜ ਹੈ

ਹੁਣ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਜਾਗਦੇ ਰਹਿਣ ਦੀ ਲੋੜ ਹੈ

“ਜਾਗਦੇ ਰਹੋ ਕਿਉਂਕਿ ਤੁਸੀਂ ਨਹੀਂ ਜਾਣਦੇ ਜੋ ਤੁਹਾਡਾ ਪ੍ਰਭੁ ਕਿਹੜੇ ਦਿਨ ਆਉਂਦਾ ਹੈ।”—ਮੱਤੀ 24:42.

1, 2. ਕਿਨ੍ਹਾਂ ਗੱਲਾਂ ਤੋਂ ਪਤਾ ਲੱਗਦਾ ਹੈ ਕਿ ਅਸੀਂ ਇਸ ਦੁਨੀਆਂ ਦੇ ਅੰਤ ਦੇ ਸਮੇਂ ਵਿਚ ਜੀ ਰਹੇ ਹਾਂ?

ਲੇਖਕ ਬਿਲ ਐਮਟ ਕਹਿੰਦਾ ਹੈ: “ਵੀਹਵੀਂ ਸਦੀ ਵਿਚ ਹੋਰ ਕਿਸੇ ਵੀ ਚੀਜ਼ ਨੇ ਲੋਕਾਂ ਉੱਤੇ ਇੰਨਾ ਡੂੰਘਾ ਪ੍ਰਭਾਵ ਨਹੀਂ ਪਾਇਆ ਜਿੰਨਾ ਕਿ ਯੁੱਧਾਂ ਨੇ ਪਾਇਆ ਹੈ।” ਉਹ ਇਸ ਗੱਲ ਨੂੰ ਮੰਨਦਾ ਹੈ ਕਿ ਹਰ ਯੁਗ ਦੇ ਲੋਕਾਂ ਨੇ ਯੁੱਧਾਂ ਅਤੇ ਹਿੰਸਾ ਦੇ ਦੁਖਦਾਈ ਨਤੀਜਿਆਂ ਨੂੰ ਭੁਗਤਿਆ ਹੈ। ਪਰ ਉਸ ਨੇ ਅੱਗੇ ਕਿਹਾ: “ਦੂਜੀਆਂ ਸਦੀਆਂ ਵਾਂਗ ਵੀਹਵੀਂ ਸਦੀ ਵਿਚ ਵੀ ਯੁੱਧ ਹੋਏ ਸਨ, ਪਰ ਇਨ੍ਹਾਂ ਯੁੱਧਾਂ ਵਿਚ ਜ਼ਮੀਨ-ਆਸਮਾਨ ਦਾ ਫ਼ਰਕ ਸੀ। ਇਹ ਪਹਿਲੀ ਸਦੀ ਸੀ ਜਦੋਂ ਪੂਰੀ ਦੁਨੀਆਂ ਨੇ ਲੜਾਈ ਵਿਚ ਹਿੱਸਾ ਲਿਆ . . . ਇਸ ਸਦੀ ਵਿਚ ਇਕ ਨਹੀਂ, ਸਗੋਂ ਦੋ ਵਿਸ਼ਵ ਯੁੱਧ ਹੋਏ।”

2 ਯਿਸੂ ਨੇ ਪਹਿਲਾਂ ਹੀ ਦੱਸ ਦਿੱਤਾ ਸੀ ਕਿ “ਕੌਮ ਕੌਮ ਉੱਤੇ ਅਤੇ ਪਾਤਸ਼ਾਹੀ ਪਾਤਸ਼ਾਹੀ ਉੱਤੇ ਚੜ੍ਹਾਈ ਕਰੇਗੀ।” ਪਰ ਇਹ ਯੁੱਧ ‘ਮਸੀਹ ਦੇ ਆਉਣ ਅਰ ਜੁਗ ਦੇ ਅੰਤ’ ਦੇ ਲੱਛਣ ਦਾ ਸਿਰਫ਼ ਇਕ ਪਹਿਲੂ ਹਨ। ਆਪਣੀ ਇਸ ਮਹਾਨ ਭਵਿੱਖਬਾਣੀ ਵਿਚ ਯਿਸੂ ਨੇ ਕਾਲ, ਮਰੀਆਂ ਅਤੇ ਭੁਚਾਲਾਂ ਬਾਰੇ ਵੀ ਦੱਸਿਆ ਸੀ। (ਮੱਤੀ 24:3, 7, 8; ਲੂਕਾ 21:6, 7, 10, 11) ਇਨ੍ਹਾਂ ਆਫ਼ਤਾਂ ਵਿਚ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਵਾਧਾ ਹੋਇਆ ਹੈ ਤੇ ਇਨ੍ਹਾਂ ਨੇ ਕਾਫ਼ੀ ਤਬਾਹੀ ਮਚਾਈ ਹੈ। ਇਨਸਾਨ ਬਹੁਤ ਬੁਰਾ ਹੋ ਚੁੱਕਾ ਹੈ। ਉਹ ਪਰਮੇਸ਼ੁਰ ਅਤੇ ਦੂਜੇ ਇਨਸਾਨਾਂ ਦੀ ਕੋਈ ਪਰਵਾਹ ਨਹੀਂ ਕਰਦਾ। ਬਦਚਲਣੀ, ਅਪਰਾਧ ਅਤੇ ਹਿੰਸਾ ਵੀ ਵਧ ਗਏ ਹਨ। ਲੋਕ ਪਰਮੇਸ਼ੁਰ ਦੀ ਬਜਾਇ ਪੈਸੇ ਨਾਲ ਪਿਆਰ ਕਰਨ ਲੱਗ ਪਏ ਹਨ ਤੇ ਭੋਗ-ਵਿਲਾਸ ਦੀ ਜ਼ਿੰਦਗੀ ਗੁਜ਼ਾਰਦੇ ਹਨ। ਇਹ ਸਾਰੀਆਂ ਗੱਲਾਂ ਸਬੂਤ ਦਿੰਦੀਆਂ ਹਨ ਕਿ ਅਸੀਂ ‘ਭੈੜੇ ਸਮਿਆਂ’ ਵਿਚ ਜੀ ਰਹੇ ਹਾਂ।—2 ਤਿਮੋਥਿਉਸ 3:1-5.

3. ‘ਸਮਿਆਂ ਦੇ ਨਿਸ਼ਾਨਾਂ’ ਦਾ ਸਾਡੇ ਤੇ ਕੀ ਅਸਰ ਪੈਣਾ ਚਾਹੀਦਾ ਹੈ?

3 ਇਨ੍ਹਾਂ ਵਿਗੜਦੇ ਜਾ ਰਹੇ ਹਾਲਾਤਾਂ ਬਾਰੇ ਤੁਸੀਂ ਕੀ ਸੋਚਦੇ ਹੋ? ਬਹੁਤ ਸਾਰੇ ਲੋਕ ਅੱਜ ਹੋ ਰਹੀਆਂ ਦੁਖਦਾਈ ਘਟਨਾਵਾਂ ਦੀ ਕੋਈ ਪਰਵਾਹ ਨਹੀਂ ਕਰਦੇ। ਉਨ੍ਹਾਂ ਦੇ ਦਿਲ ਪੱਥਰ ਹੋ ਚੁੱਕੇ ਹਨ। ਦੁਨੀਆਂ ਦੇ ਪ੍ਰਭਾਵਸ਼ਾਲੀ ਤੇ ਬੁੱਧੀਮਾਨ ਲੋਕ ‘ਸਮਿਆਂ ਦੇ ਨਿਸ਼ਾਨਾਂ’ ਨੂੰ ਨਹੀਂ ਸਮਝਦੇ ਅਤੇ ਨਾ ਹੀ ਧਾਰਮਿਕ ਆਗੂਆਂ ਨੇ ਇਸ ਸੰਬੰਧ ਵਿਚ ਕਿਸੇ ਨੂੰ ਕੋਈ ਚੰਗੀ ਸੇਧ ਦਿੱਤੀ ਹੈ। (ਮੱਤੀ 16:1-3) ਪਰ ਯਿਸੂ ਨੇ ਆਪਣੇ ਚੇਲਿਆਂ ਨੂੰ ਚੇਤਾਵਨੀ ਦਿੱਤੀ ਸੀ: “ਜਾਗਦੇ ਰਹੋ ਕਿਉਂਕਿ ਤੁਸੀਂ ਨਹੀਂ ਜਾਣਦੇ ਜੋ ਤੁਹਾਡਾ ਪ੍ਰਭੁ ਕਿਹੜੇ ਦਿਨ ਆਉਂਦਾ ਹੈ।” (ਮੱਤੀ 24:42) ਯਿਸੂ ਨੇ ਇਸ ਆਇਤ ਵਿਚ ਸਾਨੂੰ ਲਗਾਤਾਰ ‘ਜਾਗਦੇ ਰਹਿਣ’ ਲਈ ਕਿਹਾ ਸੀ। ਜਾਗਦੇ ਰਹਿਣ ਲਈ ਸਿਰਫ਼ ਇਹੀ ਮੰਨਣਾ ਕਾਫ਼ੀ ਨਹੀਂ ਹੈ ਕਿ ਅਸੀਂ ਅੰਤ ਦੇ ਦਿਨਾਂ ਵਿਚ ਜੀ ਰਹੇ ਹਾਂ ਅਤੇ ਇਹ ਭੈੜੇ ਸਮੇਂ ਹਨ। ਸਾਨੂੰ ਪੱਕਾ ਯਕੀਨ ਹੋਣਾ ਚਾਹੀਦਾ ਹੈ ਕਿ “ਸਭਨਾਂ ਵਸਤਾਂ ਦਾ ਅੰਤ ਨੇੜੇ ਹੈ।” (1 ਪਤਰਸ 4:7) ਤਾਂ ਹੀ ਅਸੀਂ ਸਮੇਂ ਦੀ ਮਹੱਤਤਾ ਨੂੰ ਧਿਆਨ ਵਿਚ ਰੱਖਦਿਆਂ ਜਾਗਦੇ ਰਹਿ ਸਕਾਂਗੇ। ਇਸ ਲਈ, ਸਾਨੂੰ ਇਸ ਸਵਾਲ ਤੇ ਵਿਚਾਰ ਕਰਨਾ ਚਾਹੀਦਾ ਹੈ: ‘ਕਿਹੜੀ ਗੱਲ ਮੇਰੇ ਯਕੀਨ ਨੂੰ ਪੱਕਾ ਕਰੇਗੀ ਕਿ ਅੰਤ ਨੇੜੇ ਹੈ?’

4, 5. (ੳ) ਕਿਹੜੀ ਗੱਲ ਸਾਡੇ ਯਕੀਨ ਨੂੰ ਪੱਕਾ ਕਰੇਗੀ ਕਿ ਇਸ ਦੁਨੀਆਂ ਦਾ ਅੰਤ ਨੇੜੇ ਹੈ ਅਤੇ ਕਿਉਂ? (ਅ) ਨੂਹ ਦੇ ਜ਼ਮਾਨੇ ਅਤੇ ਅੱਜ ਦੇ ਜ਼ਮਾਨੇ ਵਿਚ ਇਕ ਸਮਾਨਤਾ ਕੀ ਹੈ?

4 ਧਿਆਨ ਦਿਓ ਕਿ ਮਨੁੱਖੀ ਇਤਿਹਾਸ ਵਿਚ ਵਾਪਰੀ ਇਕ ਮਹੱਤਵਪੂਰਣ ਘਟਨਾ ਤੋਂ ਪਹਿਲਾਂ ਦੇ ਹਾਲਾਤ ਕਿੱਦਾਂ ਦੇ ਸਨ। ਇਹ ਘਟਨਾ ਸੀ ਨੂਹ ਦੇ ਜ਼ਮਾਨੇ ਵਿਚ ਆਈ ਜਲ-ਪਰਲੋ। ਲੋਕ ਇੰਨੇ ਬੁਰੇ ਹੋ ਚੁੱਕੇ ਸਨ ਕਿ ਯਹੋਵਾਹ “ਮਨ ਵਿੱਚ ਦੁਖੀ ਹੋਇਆ।” ਉਸ ਨੇ ਕਿਹਾ: ‘ਮੈਂ ਆਦਮੀ ਨੂੰ ਜਿਹ ਨੂੰ ਮੈਂ ਉਤਪਤ ਕੀਤਾ, ਜ਼ਮੀਨ ਦੇ ਉੱਤੋਂ ਮਿਟਾ ਦਿਆਂਗਾ।’ (ਉਤਪਤ 6:6, 7) ਅਤੇ ਉਸ ਨੇ ਇਸੇ ਤਰ੍ਹਾਂ ਕੀਤਾ। ਯਿਸੂ ਨੇ ਉਸ ਸਮੇਂ ਦੇ ਹਾਲਾਤਾਂ ਦੀ ਤੁਲਨਾ ਸਾਡੇ ਜ਼ਮਾਨੇ ਨਾਲ ਕਰਦਿਆਂ ਕਿਹਾ: “ਜਿਸ ਤਰਾਂ ਨੂਹ ਦੇ ਦਿਨ ਸਨ ਮਨੁੱਖ ਦੇ ਪੁੱਤ੍ਰ ਦਾ ਆਉਣਾ ਉਸੇ ਤਰਾਂ ਹੋਵੇਗਾ।”—ਮੱਤੀ 24:37.

5 ਇਹ ਮੰਨਣਾ ਜਾਇਜ਼ ਹੈ ਕਿ ਯਹੋਵਾਹ ਅੱਜ ਦੀ ਦੁਨੀਆਂ ਬਾਰੇ ਵੀ ਉਸੇ ਤਰ੍ਹਾਂ ਮਹਿਸੂਸ ਕਰਦਾ ਹੈ ਜਿੱਦਾਂ ਉਹ ਜਲ-ਪਰਲੋ ਤੋਂ ਪਹਿਲਾਂ ਦੀ ਦੁਨੀਆਂ ਬਾਰੇ ਮਹਿਸੂਸ ਕਰਦਾ ਸੀ। ਉਸ ਨੇ ਨੂਹ ਦੇ ਸਮੇਂ ਦੀ ਕੁਧਰਮੀ ਦੁਨੀਆਂ ਦਾ ਨਾਸ਼ ਕਰ ਦਿੱਤਾ ਸੀ ਤੇ ਉਹ ਅੱਜ ਦੀ ਬੁਰੀ ਦੁਨੀਆਂ ਦਾ ਵੀ ਨਾਸ਼ ਜ਼ਰੂਰ ਕਰੇਗਾ। ਜੇ ਅਸੀਂ ਪੂਰੀ ਤਰ੍ਹਾਂ ਸਮਝੀਏ ਕਿ ਉਹ ਜ਼ਮਾਨਾ ਸਾਡੇ ਜ਼ਮਾਨੇ ਵਰਗਾ ਕਿਵੇਂ ਸੀ, ਤਾਂ ਸਾਡਾ ਯਕੀਨ ਹੋਰ ਵੀ ਪੱਕਾ ਹੋ ਜਾਵੇਗਾ ਕਿ ਅੱਜ ਦੀ ਦੁਨੀਆਂ ਦਾ ਅੰਤ ਨੇੜੇ ਹੈ। ਤਾਂ ਫਿਰ ਇਨ੍ਹਾਂ ਦੋ ਜ਼ਮਾਨਿਆਂ ਵਿਚ ਕਿਹੜੀਆਂ ਸਮਾਨਤਾਵਾਂ ਹਨ? ਆਓ ਆਪਾਂ ਘੱਟੋ-ਘੱਟ ਪੰਜ ਸਮਾਨਤਾਵਾਂ ਉੱਤੇ ਗੌਰ ਕਰੀਏ। ਪਹਿਲੀ ਸਮਾਨਤਾ ਹੈ ਆਉਣ ਵਾਲੇ ਨਾਸ਼ ਬਾਰੇ ਸਪੱਸ਼ਟ ਚੇਤਾਵਨੀ।

“ਭਵਿੱਖ ਦੇ ਵਿਚ ਹੋਣ ਵਾਲੀ ਘਟਨਾ” ਦੀ ਚੇਤਾਵਨੀ

6. ਯਹੋਵਾਹ ਨੇ ਨੂਹ ਦੇ ਸਮੇਂ ਵਿਚ ਕੀ ਕਰਨ ਦਾ ਫ਼ੈਸਲਾ ਕੀਤਾ?

6 ਨੂਹ ਦੇ ਜ਼ਮਾਨੇ ਵਿਚ ਯਹੋਵਾਹ ਨੇ ਐਲਾਨ ਕੀਤਾ: “ਮੇਰਾ ਆਤਮਾ ਆਦਮੀ ਦੇ ਵਿਰੁੱਧ ਸਦਾ ਤੀਕਰ ਜੋਰ ਨਹੀਂ ਮਾਰੇਗਾ ਕਿਉਂਕਿ ਉਹ ਸਰੀਰ ਹੀ ਹੈ ਸੋ ਉਹ ਦੇ ਦਿਨ ਇੱਕ ਸੌ ਵੀਹ ਵਰਿਹਾਂ ਦੇ ਹੋਣਗੇ।” (ਉਤਪਤ 6:3) ਸੰਨ 2490 ਸਾ.ਯੁ.ਪੂ. ਵਿਚ ਪਰਮੇਸ਼ੁਰ ਵੱਲੋਂ ਦਿੱਤੀ ਗਈ ਇਸ ਚੇਤਾਵਨੀ ਨਾਲ ਉਸ ਸਮੇਂ ਦੀ ਅਧਰਮੀ ਦੁਨੀਆਂ ਦੇ ਅੰਤ ਦੇ ਦਿਨ ਸ਼ੁਰੂ ਹੋ ਗਏ। ਜ਼ਰਾ ਸੋਚੋ, ਉਸ ਜ਼ਮਾਨੇ ਦੇ ਲੋਕਾਂ ਲਈ ਇਹ ਚੇਤਾਵਨੀ ਕਿੰਨੀ ਅਹਿਮੀਅਤ ਰੱਖਦੀ ਸੀ! ਅੰਤ ਆਉਣ ਵਿਚ ਸਿਰਫ਼ 120 ਸਾਲ ਰਹਿ ਗਏ ਸਨ ਅਤੇ ਯਹੋਵਾਹ ‘ਪਾਣੀ ਦੀ ਪਰਲੋ ਧਰਤੀ ਉੱਤੇ ਲਿਆ ਕੇ ਸਾਰੇ ਸਰੀਰਾਂ ਨੂੰ ਜਿਨ੍ਹਾਂ ਦੇ ਵਿੱਚ ਜੀਵਣ ਦਾ ਸਾਹ ਹੈ ਅਕਾਸ਼ ਦੇ ਹੇਠੋਂ ਨਾਸ ਕਰੇਗਾ।’—ਉਤਪਤ 6:17.

7. (ੳ) ਜਲ-ਪਰਲੋ ਬਾਰੇ ਦਿੱਤੀ ਚੇਤਾਵਨੀ ਸੁਣ ਕੇ ਨੂਹ ਨੇ ਕੀ ਕੀਤਾ ਸੀ? (ਅ) ਅੱਜ ਦੀ ਦੁਨੀਆਂ ਦੇ ਅੰਤ ਬਾਰੇ ਦਿੱਤੀਆਂ ਚੇਤਾਵਨੀਆਂ ਸੁਣ ਕੇ ਸਾਨੂੰ ਕੀ ਕਰਨਾ ਚਾਹੀਦਾ ਹੈ?

7 ਨੂਹ ਨੂੰ ਇਹ ਚੇਤਾਵਨੀ ਅੰਤ ਆਉਣ ਤੋਂ ਕੁਝ ਦਹਾਕੇ ਪਹਿਲਾਂ ਮਿਲੀ ਸੀ। ਉਸ ਨੇ ਅੰਤ ਆਉਣ ਵਿਚ ਬਾਕੀ ਰਹਿੰਦੇ ਸਮੇਂ ਦੌਰਾਨ ਅਕਲਮੰਦੀ ਨਾਲ ਆਪਣੇ ਬਚਾਅ ਲਈ ਤਿਆਰੀ ਕੀਤੀ। ਪੌਲੁਸ ਰਸੂਲ ਕਹਿੰਦਾ ਹੈ: “ਨੂਹ ਨੇ ਪਰਮੇਸ਼ੁਰ ਤੋਂ ਭਵਿੱਖ ਦੇ ਵਿਚ ਹੋਣ ਵਾਲੀ ਘਟਨਾ ਜਿਸ ਨੂੰ ਉਹ ਦੇਖ ਨਹੀਂ ਸਕਦਾ ਸੀ ਬਾਰੇ ਚਿਤਾਵਨੀ ਪ੍ਰਾਪਤ ਕੀਤੀ। ਉਸ ਨੇ ਉਸ ਚਿਤਾਵਨੀ ਤੇ ਪੂਰਾ ਧਿਆਨ ਦਿੱਤਾ ਅਤੇ ਆਪਣੇ ਟਬਰ ਦੇ ਬਚਾਓ ਲਈ ਇਕ ਬੇੜੀ ਬਣਾ ਲਈ।” (ਇਬਰਾਨੀਆਂ 11:7, ਪਵਿੱਤਰ ਬਾਈਬਲ ਨਵਾਂ ਅਨੁਵਾਦ) ਸਾਡੇ ਬਾਰੇ ਕੀ? ਸਾਲ 1914 ਵਿਚ ਇਸ ਦੁਨੀਆਂ ਦੇ ਅੰਤ ਦੇ ਦਿਨ ਸ਼ੁਰੂ ਹੋਇਆਂ ਨੂੰ ਹੁਣ ਤਕ ਤਕਰੀਬਨ 90 ਸਾਲ ਹੋ ਚੁੱਕੇ ਹਨ। ਅਸੀਂ ਸੱਚ-ਮੁੱਚ ‘ਅੰਤਮ ਸਮੇਂ’ ਵਿਚ ਰਹਿ ਰਹੇ ਹਾਂ। (ਦਾਨੀਏਲ 12:4, ਨਵਾਂ ਅਨੁਵਾਦ) ਅੱਜ ਮਿਲੀਆਂ ਚੇਤਾਵਨੀਆਂ ਸੁਣ ਕੇ ਸਾਨੂੰ ਕੀ ਕਰਨਾ ਚਾਹੀਦਾ ਹੈ? ਬਾਈਬਲ ਦੱਸਦੀ ਹੈ: “ਜਿਹੜਾ ਪਰਮੇਸ਼ੁਰ ਦੀ ਇੱਛਿਆ ਉੱਤੇ ਚੱਲਦਾ ਹੈ ਉਹ ਸਦਾ ਤੀਕ ਕਾਇਮ ਰਹਿੰਦਾ ਹੈ।” (1 ਯੂਹੰਨਾ 2:17) ਇਸ ਲਈ, ਸਾਡੇ ਕੋਲ ਹੁਣੇ ਹੀ ਸਮਾਂ ਹੈ ਕਿ ਅਸੀਂ ਅੱਜ ਦੇ ਨਾਜ਼ੁਕ ਸਮਿਆਂ ਨੂੰ ਧਿਆਨ ਵਿਚ ਰੱਖਦਿਆਂ ਯਹੋਵਾਹ ਦੀ ਇੱਛਾ ਨੂੰ ਪੂਰਾ ਕਰੀਏ।

8, 9. ਅੱਜ ਕਿਹੜੀਆਂ ਚੇਤਾਵਨੀਆਂ ਦਿੱਤੀਆਂ ਜਾ ਰਹੀਆਂ ਹਨ ਅਤੇ ਕਿਵੇਂ?

8 ਅੱਜ ਗਹਿਰਾਈ ਨਾਲ ਬਾਈਬਲ ਦਾ ਅਧਿਐਨ ਕਰਨ ਵਾਲਿਆਂ ਨੇ ਜਾਣਿਆ ਹੈ ਕਿ ਇਸ ਦੁਨੀਆਂ ਦਾ ਅੰਤ ਹੋਣ ਵਾਲਾ ਹੈ। ਕੀ ਤੁਸੀਂ ਇਹ ਮੰਨਦੇ ਹੋ? ਧਿਆਨ ਦਿਓ ਕਿ ਯਿਸੂ ਨੇ ਕੀ ਕਿਹਾ ਸੀ: “ਉਸ ਸਮੇ ਅਜਿਹਾ ਵੱਡਾ ਕਸ਼ਟ ਹੋਵੇਗਾ ਜੋ ਜਗਤ ਦੇ ਮੁੱਢੋਂ ਲੈ ਕੇ ਨਾ ਹੁਣ ਤੋੜੀ ਹੋਇਆ ਅਤੇ ਨਾ ਕਦੇ ਹੋਵੇਗਾ।” (ਮੱਤੀ 24:21) ਯਿਸੂ ਨੇ ਇਹ ਵੀ ਕਿਹਾ ਸੀ ਕਿ ਉਹ ਪਰਮੇਸ਼ੁਰ ਦੇ ਨਿਯੁਕਤ ਕੀਤੇ ਨਿਆਈਂ ਵਜੋਂ ਆਵੇਗਾ ਅਤੇ ਲੋਕਾਂ ਨੂੰ ਇਸ ਤਰ੍ਹਾਂ ਵੱਖਰਾ ਕਰੇਗਾ ਜਿਵੇਂ ਕੋਈ ਚਰਵਾਹਾ ਭੇਡਾਂ ਨੂੰ ਬੱਕਰੀਆਂ ਤੋਂ ਵੱਖਰਾ ਕਰਦਾ ਹੈ। ਉਸ ਨੇ ਕਿਹਾ ਕਿ ਬੁਰੇ ਲੋਕ “ਸਦੀਪਕ ਸਜ਼ਾ ਵਿੱਚ ਜਾਣਗੇ ਪਰ ਧਰਮੀ ਸਦੀਪਕ ਜੀਉਣ ਵਿੱਚ।”—ਮੱਤੀ 25:31-33, 46.

9 “ਮਾਤਬਰ ਅਤੇ ਬੁੱਧਵਾਨ ਨੌਕਰ” ਦੁਆਰਾ ਅਧਿਆਤਮਿਕ ਭੋਜਨ ਦੇ ਕੇ ਯਹੋਵਾਹ ਆਪਣੇ ਲੋਕਾਂ ਨੂੰ ਇਨ੍ਹਾਂ ਚੇਤਾਵਨੀਆਂ ਬਾਰੇ ਯਾਦ ਕਰਾਉਂਦਾ ਆਇਆ ਹੈ। (ਮੱਤੀ 24:45-47) ਇਸ ਤੋਂ ਇਲਾਵਾ, ਹਰੇਕ ਕੌਮ, ਗੋਤ ਅਤੇ ਭਾਸ਼ਾ ਦੇ ਲੋਕਾਂ ਨੂੰ ਕਿਹਾ ਗਿਆ ਹੈ ਕਿ ਉਹ ‘ਪਰਮੇਸ਼ੁਰ ਤੋਂ ਡਰਨ ਅਤੇ ਉਹ ਦੀ ਵਡਿਆਈ ਕਰਨ ਇਸ ਲਈ ਜੋ ਉਹ ਦੇ ਨਿਆਉਂ ਦਾ ਸਮਾ ਆ ਪੁੱਜਾ ਹੈ।’ (ਪਰਕਾਸ਼ ਦੀ ਪੋਥੀ 14:6, 7) ਯਹੋਵਾਹ ਦੇ ਗਵਾਹ ਦੁਨੀਆਂ ਭਰ ਵਿਚ ਲੋਕਾਂ ਨੂੰ ਰਾਜ ਦਾ ਸੰਦੇਸ਼ ਸੁਣਾਉਂਦੇ ਹਨ। ਇਸ ਸੰਦੇਸ਼ ਦੇ ਨਾਲ-ਨਾਲ ਇਹ ਚੇਤਾਵਨੀ ਵੀ ਦਿੱਤੀ ਜਾਂਦੀ ਹੈ ਕਿ ਪਰਮੇਸ਼ੁਰ ਦਾ ਰਾਜ ਜਲਦੀ ਹੀ ਮਨੁੱਖੀ ਹਕੂਮਤ ਨੂੰ ਖ਼ਤਮ ਕਰ ਦੇਵੇਗਾ। (ਦਾਨੀਏਲ 2:44) ਸਾਨੂੰ ਇਸ ਚੇਤਾਵਨੀ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। ਸਰਬਸ਼ਕਤੀਮਾਨ ਪਰਮੇਸ਼ੁਰ ਆਪਣੇ ਬਚਨ ਦਾ ਪੱਕਾ ਹੈ। (ਯਸਾਯਾਹ 55:10, 11) ਜਿੱਦਾਂ ਉਸ ਨੇ ਨੂਹ ਦੇ ਜ਼ਮਾਨੇ ਵਿਚ ਆਪਣਾ ਬਚਨ ਪੂਰਾ ਕੀਤਾ ਸੀ, ਉਸੇ ਤਰ੍ਹਾਂ ਉਹ ਸਾਡੇ ਜ਼ਮਾਨੇ ਵਿਚ ਵੀ ਕਰੇਗਾ।—2 ਪਤਰਸ 3:3-7.

ਬਦਚਲਣੀ ਵਿਚ ਵਾਧਾ

10. ਨੂਹ ਦੇ ਜ਼ਮਾਨੇ ਵਿਚ ਫੈਲੀ ਬਦਚਲਣੀ ਬਾਰੇ ਕੀ ਕਿਹਾ ਜਾ ਸਕਦਾ ਹੈ?

10 ਸਾਡੇ ਜ਼ਮਾਨੇ ਅਤੇ ਨੂਹ ਦੇ ਜ਼ਮਾਨੇ ਵਿਚ ਇਕ ਹੋਰ ਸਮਾਨਤਾ ਹੈ। ਯਹੋਵਾਹ ਨੇ ਪਹਿਲੇ ਆਦਮੀ ਅਤੇ ਪਹਿਲੀ ਤੀਵੀਂ ਨੂੰ ਬੱਚੇ ਪੈਦਾ ਕਰਨ ਦੀ ਯੋਗਤਾ ਦੇ ਕੇ ਹੁਕਮ ਦਿੱਤਾ ਸੀ ਕਿ ਉਹ ਆਪਣੇ ਵਰਗੇ ਇਨਸਾਨਾਂ ਨਾਲ ‘ਧਰਤੀ ਨੂੰ ਭਰਨ।’ ਉਨ੍ਹਾਂ ਨੇ ਵਿਆਹ ਦੇ ਇੰਤਜ਼ਾਮ ਦੀਆਂ ਹੱਦਾਂ ਵਿਚ ਰਹਿ ਕੇ ਇਸ ਤਰ੍ਹਾਂ ਕਰਨਾ ਸੀ। (ਉਤਪਤ 1:28) ਨੂਹ ਦੇ ਜ਼ਮਾਨੇ ਵਿਚ ਅਣਆਗਿਆਕਾਰ ਦੂਤਾਂ ਨੇ ਗ਼ੈਰ-ਕੁਦਰਤੀ ਜਿਨਸੀ ਸੰਬੰਧ ਬਣਾ ਕੇ ਲੋਕਾਂ ਨੂੰ ਭ੍ਰਿਸ਼ਟ ਕਰ ਦਿੱਤਾ ਸੀ। ਦੂਤਾਂ ਨੇ ਧਰਤੀ ਤੇ ਆ ਕੇ ਮਨੁੱਖੀ ਦੇਹਾਂ ਧਾਰ ਲਈਆਂ ਅਤੇ ਸੋਹਣੀਆਂ ਤੀਵੀਆਂ ਨਾਲ ਜਿਨਸੀ ਸੰਬੰਧ ਕਾਇਮ ਕਰ ਕੇ ਅਜਿਹੀ ਦੋਗਲੀ ਨਸਲ ਦੇ ਬੱਚੇ ਪੈਦਾ ਕੀਤੇ ਜੋ ਨਾ ਤਾਂ ਪੂਰੀ ਤਰ੍ਹਾਂ ਇਨਸਾਨ ਸਨ ਤੇ ਨਾ ਹੀ ਦੂਤ। ਉਹ ਨੈਫ਼ਲਿਮ ਯਾਨੀ ਦੈਂਤ ਸਨ। (ਉਤਪਤ 6:2, 4) ਇਨ੍ਹਾਂ ਕਾਮੁਕ ਦੂਤਾਂ ਦੇ ਪਾਪ ਦੀ ਤੁਲਨਾ ਸਦੂਮ ਅਤੇ ਅਮੂਰਾਹ ਦੇ ਪਾਪਾਂ ਨਾਲ ਕੀਤੀ ਗਈ ਹੈ। (ਯਹੂਦਾਹ 6, 7) ਇਸੇ ਕਾਰਨ ਉਸ ਜ਼ਮਾਨੇ ਦੇ ਲੋਕ ਬਦਚਲਣੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਗਏ ਸਨ।

11. ਅੱਜ ਸਾਡੇ ਦਿਨਾਂ ਦਾ ਨੈਤਿਕ ਮਾਹੌਲ ਨੂਹ ਦੇ ਜ਼ਮਾਨੇ ਦੇ ਮਾਹੌਲ ਨਾਲ ਕਿਵੇਂ ਮਿਲਦਾ-ਜੁਲਦਾ ਹੈ?

11 ਅੱਜ ਦੇ ਨੈਤਿਕ ਮਾਹੌਲ ਬਾਰੇ ਕੀ ਕਿਹਾ ਜਾ ਸਕਦਾ ਹੈ? ਇਨ੍ਹਾਂ ਆਖ਼ਰੀ ਦਿਨਾਂ ਵਿਚ ਜ਼ਿਆਦਾਤਰ ਲੋਕਾਂ ਦੀਆਂ ਜ਼ਿੰਦਗੀਆਂ ਵਿਚ ਸੈਕਸ ਹੀ ਸਭ ਕੁਝ ਹੈ। ਪੌਲੁਸ ਨੇ ਕਿਹਾ ਕਿ ਅਜਿਹੇ ਲੋਕਾਂ ਨੇ “ਹਰ ਤਰ੍ਹਾਂ ਦੀ ਸ਼ਰਮ ਤੋਂ ਹੱਥ ਧੋ ਲਏ ਹਨ।” ਬਹੁਤ ਸਾਰਿਆਂ ਨੇ ਆਪਣੇ ਆਪ ਨੂੰ “ਦੁਰਾਚਾਰ ਵਿਚ ਫਸਾ ਰਖਿਆ ਅਤੇ ਉਹ ਹਰ ਤਰ੍ਹਾਂ ਦੀ ਬੁਰਾਈ ਬਿਨਾਂ ਰੁਕੇ ਕਰਦੇ ਹਨ।” (ਅਫਸੀਆਂ 4:19, ਨਵਾਂ ਅਨੁਵਾਦ) ਅਸ਼ਲੀਲ ਸਾਹਿੱਤ, ਵਿਆਹ ਤੋਂ ਪਹਿਲਾਂ ਸੈਕਸ, ਬੱਚਿਆਂ ਦਾ ਲਿੰਗੀ ਸ਼ੋਸ਼ਣ ਅਤੇ ਸਮਲਿੰਗਕਾਮੁਕਤਾ ਆਮ ਗੱਲਾਂ ਹੋ ਗਈਆਂ ਹਨ। ਬਹੁਤ ਸਾਰੇ ਲੋਕ ਪਹਿਲਾਂ ਹੀ ਆਪਣੀ ਕਰਨੀ ਦਾ ‘ਫਲ ਭੋਗ’ ਰਹੇ ਹਨ, ਜਿਵੇਂ ਕਿ ਜਿਨਸੀ ਬੀਮਾਰੀਆਂ, ਪਰਿਵਾਰ ਦਾ ਟੁੱਟਣਾ ਅਤੇ ਸਮਾਜ ਵਿਚ ਹੋਰ ਕਈ ਤਰ੍ਹਾਂ ਦੀਆਂ ਮੁਸ਼ਕਲਾਂ।—ਰੋਮੀਆਂ 1:26, 27.

12. ਸਾਨੂੰ ਬੁਰੇ ਕੰਮਾਂ ਤੋਂ ਨਫ਼ਰਤ ਕਿਉਂ ਕਰਨੀ ਚਾਹੀਦੀ ਹੈ?

12 ਨੂਹ ਦੇ ਜ਼ਮਾਨੇ ਵਿਚ ਯਹੋਵਾਹ ਨੇ ਜਲ-ਪਰਲੋ ਨਾਲ ਸੈਕਸ ਦੀ ਉਸ ਦੀਵਾਨੀ ਦੁਨੀਆਂ ਨੂੰ ਨਾਸ਼ ਕਰ ਦਿੱਤਾ ਸੀ। ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਅਸੀਂ ਵੀ ਨੂਹ ਦੇ ਜ਼ਮਾਨੇ ਵਰਗੇ ਦਿਨਾਂ ਵਿਚ ਜੀ ਰਹੇ ਹਾਂ। ਆਉਣ ਵਾਲੇ ‘ਵੱਡੇ ਕਸ਼ਟ’ ਵਿਚ ਇਸ ਧਰਤੀ ਤੋਂ ‘ਹਰਾਮਕਾਰਾਂ, ਜ਼ਨਾਹਕਾਰਾਂ, ਜਨਾਨੜਿਆਂ, ਤੇ ਮੁੰਡੇਬਾਜ਼ਾਂ’ ਦਾ ਸਫ਼ਾਇਆ ਕਰ ਦਿੱਤਾ ਜਾਵੇਗਾ। (ਮੱਤੀ 24:21; 1 ਕੁਰਿੰਥੀਆਂ 6:9, 10; ਪਰਕਾਸ਼ ਦੀ ਪੋਥੀ 21:8) ਇਸ ਲਈ, ਸਾਡੇ ਵਾਸਤੇ ਇਹ ਕਿੰਨਾ ਜ਼ਰੂਰੀ ਹੈ ਕਿ ਅਸੀਂ ਬੁਰੇ ਕੰਮਾਂ ਤੋਂ ਨਫ਼ਰਤ ਕਰੀਏ ਅਤੇ ਉਨ੍ਹਾਂ ਹਾਲਾਤਾਂ ਤੋਂ ਬਚੀਏ ਜਿਨ੍ਹਾਂ ਕਾਰਨ ਅਸੀਂ ਬਦਚਲਣ ਕੰਮਾਂ ਵਿਚ ਫਸ ਸਕਦੇ ਹਾਂ!—ਜ਼ਬੂਰਾਂ ਦੀ ਪੋਥੀ 97:10; 1 ਕੁਰਿੰਥੀਆਂ 6:18.

ਧਰਤੀ “ਜ਼ੁਲਮ ਨਾਲ ਭਰੀ ਹੋਈ” ਹੈ

13. ਨੂਹ ਦੇ ਜ਼ਮਾਨੇ ਵਿਚ ਕਿਉਂ “ਧਰਤੀ ਜ਼ੁਲਮ ਨਾਲ ਭਰੀ ਹੋਈ ਸੀ”?

13 ਤੀਜੀ ਸਮਾਨਤਾ ਬਾਰੇ ਬਾਈਬਲ ਦੱਸਦੀ ਹੈ: “ਧਰਤੀ ਪਰਮੇਸ਼ੁਰ ਦੇ ਅੱਗੇ ਬਿਗੜੀ ਹੋਈ ਸੀ ਅਰ ਧਰਤੀ ਜ਼ੁਲਮ ਨਾਲ ਭਰੀ ਹੋਈ ਸੀ।” (ਉਤਪਤ 6:11) ਜ਼ੁਲਮ ਜਾਂ ਹਿੰਸਾ ਦਾ ਹੋਣਾ ਉਸ ਵੇਲੇ ਕੋਈ ਨਵੀਂ ਗੱਲ ਨਹੀਂ ਸੀ। ਉਸ ਤੋਂ ਪਹਿਲਾਂ ਆਦਮ ਦੇ ਪੁੱਤਰ ਕਇਨ ਨੇ ਆਪਣੇ ਧਰਮੀ ਭਰਾ ਦਾ ਕਤਲ ਕੀਤਾ ਸੀ। (ਉਤਪਤ 4:8) ਲਾਮਕ ਨੇ ਇਕ ਕਵਿਤਾ ਲਿਖੀ ਜਿਸ ਤੋਂ ਉਸ ਦੇ ਜ਼ਮਾਨੇ ਦੀ ਹਿੰਸਾ ਬਾਰੇ ਪਤਾ ਲੱਗਦਾ ਹੈ। ਇਸ ਕਵਿਤਾ ਵਿਚ ਉਸ ਨੇ ਸ਼ੇਖੀ ਮਾਰੀ ਕਿ ਆਪਣੇ ਬਚਾਅ ਲਈ ਉਸ ਨੇ ਇਕ ਨੌਜਵਾਨ ਨੂੰ ਮੌਤ ਦੇ ਘਾਟ ਉਤਾਰਿਆ ਸੀ। (ਉਤਪਤ 4:23, 24) ਪਰ ਫ਼ਰਕ ਇਹ ਸੀ ਕਿ ਨੂਹ ਦੇ ਜ਼ਮਾਨੇ ਵਿਚ ਹਿੰਸਾ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਵਧ ਚੁੱਕੀ ਸੀ। ਪਰਮੇਸ਼ੁਰ ਦੇ ਅਣਆਗਿਆਕਾਰ ਦੂਤਾਂ ਨੇ ਧਰਤੀ ਤੇ ਆ ਕੇ ਔਰਤਾਂ ਨਾਲ ਵਿਆਹ ਕੀਤੇ ਅਤੇ ਉਨ੍ਹਾਂ ਨੇ ਨੈਫ਼ਲਿਮ ਯਾਨੀ ਦੈਂਤ ਪੈਦਾ ਕੀਤੇ। ਉਨ੍ਹਾਂ ਨੇ ਹਰ ਪਾਸੇ ਹਿੰਸਾ ਫੈਲਾ ਦਿੱਤੀ। ਇਨ੍ਹਾਂ ਹਿੰਸਕ ਦੈਂਤਾਂ ਲਈ ਵਰਤੇ ਮੂਲ ਇਬਰਾਨੀ ਸ਼ਬਦ ਦਾ ਮਤਲਬ ਹੈ ‘ਢਾਹੁਣ ਵਾਲੇ’—‘ਅਜਿਹੇ ਇਨਸਾਨ ਜੋ ਦੂਸਰਿਆਂ ਨੂੰ ਢਾਹੁੰਦੇ ਹਨ।’ (ਉਤਪਤ 6:4) ਨਤੀਜੇ ਵਜੋਂ ‘ਧਰਤੀ ਜ਼ੁਲਮ ਨਾਲ ਭਰ ਗਈ।’ (ਉਤਪਤ 6:13) ਜ਼ਰਾ ਸੋਚੋ ਕਿ ਉਸ ਮਾਹੌਲ ਵਿਚ ਨੂਹ ਨੂੰ ਆਪਣੇ ਪਰਿਵਾਰ ਨੂੰ ਪਾਲਣ-ਪੋਸਣ ਲਈ ਕਿੰਨੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪਿਆ ਹੋਣਾ! ਫਿਰ ਵੀ ਨੂਹ ‘ਯਹੋਵਾਹ ਅੱਗੇ ਉਸ ਪੀੜ੍ਹੀ ਵਿਚ ਧਰਮੀ’ ਗਿਣਿਆ ਗਿਆ।—ਉਤਪਤ 7:1.

14. ਅੱਜ ਧਰਤੀ ਜ਼ੁਲਮ ਨਾਲ ਕਿਸ ਹੱਦ ਤਕ ਭਰ ਚੁੱਕੀ ਹੈ?

14 ਹਿੰਸਾ ਨੇ ਸਦੀਆਂ ਤੋਂ ਲੋਕਾਂ ਤੇ ਰਾਜ ਕੀਤਾ ਹੈ। ਪਰ ਨੂਹ ਦੇ ਦਿਨਾਂ ਵਾਂਗ ਅੱਜ ਸਾਡੇ ਸਮਿਆਂ ਵਿਚ ਵੀ ਹਿੰਸਾ ਆਪਣੀਆਂ ਹੱਦਾਂ ਪਾਰ ਕਰ ਚੁੱਕੀ ਹੈ। ਅਸੀਂ ਲਗਾਤਾਰ ਘਰੇਲੂ ਹਿੰਸਾ, ਅੱਤਵਾਦ ਦੇ ਭਿਆਨਕ ਹਮਲਿਆਂ, ਪੂਰੀ ਦੀ ਪੂਰੀ ਨਸਲ ਨੂੰ ਖ਼ਤਮ ਕਰਨ ਲਈ ਕੱਟ-ਵੱਢ ਅਤੇ ਛੋਟੀ-ਛੋਟੀ ਗੱਲ ਪਿੱਛੇ ਲੋਕਾਂ ਦੀ ਹੱਤਿਆ ਬਾਰੇ ਸੁਣਦੇ ਹਾਂ। ਇਸ ਤੋਂ ਇਲਾਵਾ, ਯੁੱਧਾਂ ਵਿਚ ਖ਼ੂਨ ਦੀ ਹੋਲੀ ਖੇਡੀ ਜਾਂਦੀ ਹੈ। ਧਰਤੀ ਫਿਰ ਤੋਂ ਹਿੰਸਾ ਨਾਲ ਭਰ ਚੁੱਕੀ ਹੈ। ਕਿਉਂ? ਕਿਹੜੀ ਗੱਲ ਨੇ ਹਿੰਸਾ ਵਿਚ ਵਾਧਾ ਕੀਤਾ ਹੈ? ਨੂਹ ਦੇ ਜ਼ਮਾਨੇ ਨਾਲ ਮਿਲਦੀ-ਜੁਲਦੀ ਇਕ ਹੋਰ ਗੱਲ ਇਸ ਦਾ ਜਵਾਬ ਦਿੰਦੀ ਹੈ।

15. (ੳ) ਇਨ੍ਹਾਂ ਆਖ਼ਰੀ ਦਿਨਾਂ ਵਿਚ ਹਿੰਸਾ ਵਿਚ ਕਿਉਂ ਵਾਧਾ ਹੋਇਆ ਹੈ? (ਅ) ਅਸੀਂ ਕਿਸ ਗੱਲ ਦਾ ਪੱਕਾ ਯਕੀਨ ਰੱਖ ਸਕਦੇ ਹਾਂ?

15 ਸਵਰਗ ਵਿਚ ਜਦੋਂ 1914 ਵਿਚ ਪਰਮੇਸ਼ੁਰ ਦਾ ਰਾਜ ਸਥਾਪਿਤ ਹੋਇਆ ਸੀ, ਤਾਂ ਸਿੰਘਾਸਣ ਤੇ ਬਿਰਾਜਮਾਨ ਰਾਜੇ ਯਿਸੂ ਮਸੀਹ ਨੇ ਇਕ ਮਹੱਤਵਪੂਰਣ ਕਦਮ ਚੁੱਕਿਆ। ਉਸ ਨੇ ਸ਼ਤਾਨ ਅਤੇ ਦੂਸਰੇ ਬਾਗ਼ੀ ਦੂਤਾਂ ਨੂੰ ਸਵਰਗ ਤੋਂ ਧਰਤੀ ਉੱਤੇ ਸੁੱਟ ਦਿੱਤਾ। (ਪਰਕਾਸ਼ ਦੀ ਪੋਥੀ 12:9-12) ਜਲ-ਪਰਲੋ ਤੋਂ ਪਹਿਲਾਂ ਅਣਆਗਿਆਕਾਰ ਦੂਤ ਆਪਣੀ ਮਰਜ਼ੀ ਨਾਲ ਸਵਰਗੋਂ ਧਰਤੀ ਉੱਤੇ ਆਏ ਸਨ। ਪਰ 1914 ਵਿਚ ਉਨ੍ਹਾਂ ਨੂੰ ਜ਼ਬਰਦਸਤੀ ਸਵਰਗ ਵਿੱਚੋਂ ਕੱਢਿਆ ਗਿਆ। ਇਸ ਤੋਂ ਇਲਾਵਾ, ਉਹ ਆਪਣੀਆਂ ਨਾਜਾਇਜ਼ ਕਾਮੁਕ ਇੱਛਾਵਾਂ ਪੂਰੀਆਂ ਕਰਨ ਲਈ ਹੁਣ ਮਨੁੱਖੀ ਦੇਹਾਂ ਨਹੀਂ ਧਾਰ ਸਕਦੇ। ਇਸ ਲਈ, ਉਹ ਬੇਵਸੀ, ਗੁੱਸੇ ਅਤੇ ਮਿਲਣ ਵਾਲੀ ਸਜ਼ਾ ਦੇ ਡਰ ਕਾਰਨ ਲੋਕਾਂ ਅਤੇ ਸੰਸਥਾਵਾਂ ਨੂੰ ਜ਼ਾਲਮਾਨਾ ਅਪਰਾਧ ਅਤੇ ਹਿੰਸਕ ਕੰਮ ਕਰਨ ਲਈ ਉਕਸਾਉਂਦੇ ਹਨ। ਅੱਜ ਇਹ ਕੰਮ ਨੂਹ ਦੇ ਦਿਨਾਂ ਨਾਲੋਂ ਕਿਤੇ ਜ਼ਿਆਦਾ ਵੱਡੇ ਪੱਧਰ ਤੇ ਕੀਤੇ ਜਾਂਦੇ ਹਨ। ਜਦੋਂ ਜਲ-ਪਰਲੋ ਤੋਂ ਪਹਿਲਾਂ ਦੀ ਦੁਨੀਆਂ ਅਣਆਗਿਆਕਾਰ ਦੂਤਾਂ ਅਤੇ ਉਨ੍ਹਾਂ ਦੀ ਔਲਾਦ ਕਰਕੇ ਬੁਰਾਈ ਨਾਲ ਭਰ ਗਈ ਸੀ, ਤਾਂ ਯਹੋਵਾਹ ਨੇ ਉਸ ਦੁਨੀਆਂ ਨੂੰ ਤਬਾਹ ਕਰ ਦਿੱਤਾ ਸੀ। ਇਸ ਲਈ ਯਹੋਵਾਹ ਅੱਜ ਦੀ ਦੁਸ਼ਟ ਦੁਨੀਆਂ ਨੂੰ ਵੀ ਜ਼ਰੂਰ ਤਬਾਹ ਕਰੇਗਾ! (ਜ਼ਬੂਰਾਂ ਦੀ ਪੋਥੀ 37:10) ਪਰ ਜੋ ਲੋਕ ਅੱਜ ਅਧਿਆਤਮਿਕ ਤੌਰ ਤੇ ਜਾਗ ਰਹੇ ਹਨ, ਉਹ ਜਾਣਦੇ ਹਨ ਕਿ ਉਨ੍ਹਾਂ ਦੀ ਮੁਕਤੀ ਨੇੜੇ ਹੈ।

ਸੰਦੇਸ਼ ਦਾ ਪ੍ਰਚਾਰ

16, 17. ਨੂਹ ਦੇ ਅਤੇ ਸਾਡੇ ਜ਼ਮਾਨੇ ਵਿਚ ਚੌਥੀ ਸਮਾਨਤਾ ਕੀ ਹੈ?

16 ਸਾਡੇ ਜ਼ਮਾਨੇ ਤੇ ਜਲ-ਪਰਲੋ ਤੋਂ ਪਹਿਲਾਂ ਦੇ ਜ਼ਮਾਨੇ ਵਿਚ ਚੌਥੀ ਸਮਾਨਤਾ ਉਸ ਕੰਮ ਵਿਚ ਦੇਖੀ ਜਾ ਸਕਦੀ ਹੈ ਜੋ ਨੂਹ ਨੂੰ ਦਿੱਤਾ ਗਿਆ ਸੀ। ਨੂਹ ਨੇ ਇਕ ਬਹੁਤ ਵੱਡੀ ਕਿਸ਼ਤੀ ਬਣਾਈ ਸੀ। ਉਹ “ਪਰਚਾਰਕ” ਵੀ ਸੀ। (2 ਪਤਰਸ 2:5) ਉਸ ਨੇ ਲੋਕਾਂ ਨੂੰ ਕੀ ਸੰਦੇਸ਼ ਦਿੱਤਾ ਸੀ? ਨੂਹ ਨੇ ਲੋਕਾਂ ਨੂੰ ਤੋਬਾ ਕਰਨ ਲਈ ਕਿਹਾ ਅਤੇ ਆਉਣ ਵਾਲੇ ਨਾਸ਼ ਦੀ ਚੇਤਾਵਨੀ ਦਿੱਤੀ ਸੀ। ਯਿਸੂ ਨੇ ਦੱਸਿਆ ਕਿ ਨੂਹ ਦੇ ਦਿਨਾਂ ਦੇ ਲੋਕਾਂ ਨੇ ਚੇਤਾਵਨੀ ਵੱਲ ਕੋਈ ਧਿਆਨ ਨਹੀਂ ਦਿੱਤਾ “ਜਦ ਤਾਈਂ ਪਰਲੋ ਨਾ ਆਈ ਅਤੇ ਸਭਨਾਂ ਨੂੰ ਰੁੜ੍ਹਾ ਕੇ ਲੈ ਨਾ ਗਈ।”—ਮੱਤੀ 24:38, 39.

17 ਉਸੇ ਤਰ੍ਹਾਂ ਯਹੋਵਾਹ ਦੇ ਗਵਾਹ ਵੀ ਪ੍ਰਚਾਰ ਕਰਨ ਵਿਚ ਮਿਹਨਤ ਕਰ ਰਹੇ ਹਨ। ਉਹ ਦੁਨੀਆਂ ਭਰ ਵਿਚ ਪਰਮੇਸ਼ੁਰ ਦੇ ਰਾਜ ਦਾ ਸੰਦੇਸ਼ ਸੁਣਾ ਰਹੇ ਹਨ। ਦੁਨੀਆਂ ਦੇ ਲਗਭਗ ਹਰ ਹਿੱਸੇ ਦੇ ਲੋਕ ਆਪਣੀ ਭਾਸ਼ਾ ਵਿਚ ਰਾਜ ਦਾ ਸੰਦੇਸ਼ ਸੁਣ ਅਤੇ ਪੜ੍ਹ ਸਕਦੇ ਹਨ। ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਨ ਵਾਲੇ ਰਸਾਲੇ ਪਹਿਰਾਬੁਰਜ ਦੀਆਂ 2,50,00,000 ਕਾਪੀਆਂ ਵੰਡੀਆਂ ਜਾਂਦੀਆਂ ਹਨ ਅਤੇ ਇਹ ਰਸਾਲਾ 140 ਨਾਲੋਂ ਵੱਧ ਭਾਸ਼ਾਵਾਂ ਵਿਚ ਛਪਦਾ ਹੈ। ਦਰਅਸਲ, ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਦਾ “ਪਰਚਾਰ ਸਾਰੀ ਦੁਨੀਆ ਵਿੱਚ” ਕੀਤਾ ਜਾ ਰਿਹਾ ਹੈ ਤਾਂਕਿ “ਸਭ ਕੌਮਾਂ ਉੱਤੇ ਸਾਖੀ ਹੋਵੇ।” ਜਦੋਂ ਇਹ ਕੰਮ ਪਰਮੇਸ਼ੁਰ ਦੀ ਮਰਜ਼ੀ ਅਨੁਸਾਰ ਪੂਰਾ ਹੋ ਜਾਵੇਗਾ, ਤਾਂ ਅੰਤ ਆ ਜਾਵੇਗਾ।—ਮੱਤੀ 24:14.

18. ਨੂਹ ਦੇ ਜ਼ਮਾਨੇ ਦੇ ਜ਼ਿਆਦਾਤਰ ਲੋਕਾਂ ਵਾਂਗ ਅੱਜ ਵੀ ਬਹੁਤ ਸਾਰੇ ਲੋਕ ਸਾਡੇ ਪ੍ਰਚਾਰ ਪ੍ਰਤੀ ਕਿਸ ਤਰ੍ਹਾਂ ਦਾ ਰਵੱਈਆ ਦਿਖਾਉਂਦੇ ਹਨ?

18 ਜਲ-ਪਰਲੋ ਤੋਂ ਪਹਿਲਾਂ ਲੋਕ ਅਧਿਆਤਮਿਕ ਅਤੇ ਨੈਤਿਕ ਤੌਰ ਤੇ ਬਹੁਤ ਗਿਰ ਚੁੱਕੇ ਸਨ ਜਿਸ ਤੋਂ ਅਸੀਂ ਸਮਝ ਸਕਦੇ ਹਾਂ ਕਿ ਲੋਕਾਂ ਨੇ ਨੂਹ ਦੇ ਪਰਿਵਾਰ ਨੂੰ ਬਹੁਤ ਸਤਾਇਆ ਹੋਵੇਗਾ ਅਤੇ ਉਨ੍ਹਾਂ ਦਾ ਮਖੌਲ ਉਡਾਇਆ ਹੋਵੇਗਾ। ਪਰ ਉਸ ਵੇਲੇ ਅੰਤ ਜ਼ਰੂਰ ਆਇਆ ਸੀ। ਉਸੇ ਤਰ੍ਹਾਂ, ਇਨ੍ਹਾਂ ਆਖ਼ਰੀ ਦਿਨਾਂ ਵਿਚ ਵੀ “ਠੱਠਾ ਕਰਨ ਵਾਲੇ ਠੱਠਾ” ਕਰਦੇ ਹਨ। ਬਾਈਬਲ ਦੱਸਦੀ ਹੈ ਕਿ “ਪ੍ਰਭੁ ਦਾ ਦਿਨ ਚੋਰ ਵਾਂਙੁ ਆਵੇਗਾ।” (2 ਪਤਰਸ 3:3, 4, 10) ਯਹੋਵਾਹ ਦੇ ਠਹਿਰਾਏ ਗਏ ਸਮੇਂ ਤੇ ਇਹ ਦਿਨ ਜ਼ਰੂਰ ਆਵੇਗਾ। ਇਹ ਚਿਰ ਨਹੀਂ ਲਾਵੇਗਾ। (ਹਬੱਕੂਕ 2:3) ਇਸ ਲਈ, ਸਾਡੇ ਵਾਸਤੇ ਜਾਗਦੇ ਰਹਿਣਾ ਕਿੰਨੀ ਅਕਲਮੰਦੀ ਦੀ ਗੱਲ ਹੈ!

ਸਿਰਫ਼ ਕੁਝ ਲੋਕਾਂ ਦਾ ਬਚਾਅ

19, 20. ਜਲ-ਪਰਲੋ ਅਤੇ ਇਸ ਦੁਨੀਆਂ ਦੇ ਅੰਤ ਬਾਰੇ ਪੰਜਵੀਂ ਸਮਾਨਤਾ ਕੀ ਹੈ?

19 ਨੂਹ ਦੇ ਜ਼ਮਾਨੇ ਅਤੇ ਸਾਡੇ ਜ਼ਮਾਨੇ ਵਿਚ ਸਿਰਫ਼ ਬੁਰਾਈ ਅਤੇ ਨਾਸ਼ ਬਾਰੇ ਹੀ ਸਮਾਨਤਾਵਾਂ ਨਹੀਂ ਹਨ। ਜਲ-ਪਰਲੋ ਵਿੱਚੋਂ ਕੁਝ ਲੋਕ ਬਚੇ ਵੀ ਸਨ। ਇਸ ਲਈ, ਅੱਜ ਦੀ ਦੁਨੀਆਂ ਦੇ ਅੰਤ ਵਿੱਚੋਂ ਵੀ ਲੋਕ ਬਚਾਏ ਜਾਣਗੇ। ਜਲ-ਪਰਲੋ ਵਿੱਚੋਂ ਬਚਣ ਵਾਲੇ ਲੋਕ ਨਿਮਰ ਸਨ ਤੇ ਉਹ ਬਾਕੀ ਲੋਕਾਂ ਨਾਲੋਂ ਬਿਲਕੁਲ ਵੱਖਰੀ ਜ਼ਿੰਦਗੀ ਜੀਉਂਦੇ ਸਨ। ਉਨ੍ਹਾਂ ਨੇ ਪਰਮੇਸ਼ੁਰ ਦੀ ਚੇਤਾਵਨੀ ਵੱਲ ਧਿਆਨ ਦਿੱਤਾ ਅਤੇ ਉਸ ਸਮੇਂ ਦੀ ਬੁਰੀ ਦੁਨੀਆਂ ਤੋਂ ਆਪਣੇ ਆਪ ਨੂੰ ਵੱਖਰਾ ਰੱਖਿਆ। ਬਾਈਬਲ ਦੱਸਦੀ ਹੈ ਕਿ “ਨੂਹ ਉੱਤੇ ਯਹੋਵਾਹ ਦੀ ਕਿਰਪਾ ਦੀ ਨਿਗਾਹ” ਸੀ। ਨੂਹ “ਆਪਣੀ ਪੀੜ੍ਹੀ ਵਿੱਚ ਸੰਪੂਰਨ [“ਨਿਹਕਲੰਕ,” ਨਵਾਂ ਅਨੁਵਾਦ] ਸੀ।” (ਉਤਪਤ 6:8, 9) ਪੂਰੀ ਮਨੁੱਖਜਾਤੀ ਵਿੱਚੋਂ ਸਿਰਫ਼ ਇਕ ਪਰਿਵਾਰ ਯਾਨੀ ‘ਅੱਠ ਜਣੇ ਪਾਣੀ ਤੋਂ ਬਚੇ।’ (1 ਪਤਰਸ 3:20) ਯਹੋਵਾਹ ਪਰਮੇਸ਼ੁਰ ਨੇ ਉਨ੍ਹਾਂ ਨੂੰ ਅਸੀਸ ਦਿੱਤੀ: “ਫਲੋ ਅਰ ਵਧੋ ਅਰ ਧਰਤੀ ਨੂੰ ਭਰ ਦਿਓ।”—ਉਤਪਤ 9:1.

20 ਪਰਮੇਸ਼ੁਰ ਦਾ ਬਚਨ ਸਾਨੂੰ ਯਕੀਨ ਦਿਵਾਉਂਦਾ ਹੈ ਕਿ “ਇੱਕ ਵੱਡੀ ਭੀੜ” ਆਉਣ ਵਾਲੀ “ਵੱਡੀ ਬਿਪਤਾ” ਵਿੱਚੋਂ ਬਚ ਨਿਕਲੇਗੀ। (ਪਰਕਾਸ਼ ਦੀ ਪੋਥੀ 7:9, 14) ਉਸ ਵੱਡੀ ਭੀੜ ਵਿਚ ਕਿੰਨੇ ਕੁ ਲੋਕ ਹੋਣਗੇ? ਯਿਸੂ ਨੇ ਕਿਹਾ ਸੀ: “ਭੀੜਾ ਹੈ ਉਹ ਫਾਟਕ ਅਤੇ ਸੌੜਾ ਹੈ ਉਹ ਰਾਹ ਜਿਹੜਾ ਜੀਉਣ ਨੂੰ ਜਾਂਦਾ ਹੈ ਅਤੇ ਜੋ ਉਸ ਨੂੰ ਲੱਭਦੇ ਹਨ ਸੋ ਵਿਰਲੇ ਹਨ।” (ਮੱਤੀ 7:13, 14) ਹੁਣ ਧਰਤੀ ਉੱਤੇ ਰਹਿੰਦੇ ਅਰਬਾਂ ਲੋਕਾਂ ਦੀ ਤੁਲਨਾ ਵਿਚ ਬਹੁਤ ਘੱਟ ਲੋਕ ਆਉਣ ਵਾਲੀ ਵੱਡੀ ਬਿਪਤਾ ਵਿੱਚੋਂ ਬਚਣਗੇ। ਉਨ੍ਹਾਂ ਨੂੰ ਵੀ ਸ਼ਾਇਦ ਉਹੀ ਅਸੀਸ ਦਿੱਤੀ ਜਾਵੇਗੀ ਜੋ ਜਲ-ਪਰਲੋ ਵਿੱਚੋਂ ਬਚ ਨਿਕਲੇ ਪਰਿਵਾਰ ਨੂੰ ਦਿੱਤੀ ਗਈ ਸੀ। ਉਹ ਸ਼ਾਇਦ ਕੁਝ ਸਮੇਂ ਲਈ ਨਵੀਂ ਧਰਤੀ ਉੱਤੇ ਬੱਚੇ ਪੈਦਾ ਕਰਨਗੇ।—ਯਸਾਯਾਹ 65:23.

“ਜਾਗਦੇ ਰਹੋ”

21, 22. (ੳ) ਜਲ-ਪਰਲੋ ਦੇ ਬਿਰਤਾਂਤ ਤੇ ਗੌਰ ਕਰਨ ਨਾਲ ਤੁਹਾਨੂੰ ਕੀ ਫ਼ਾਇਦਾ ਹੋਇਆ ਹੈ? (ਅ) ਸਾਲ 2004 ਦਾ ਵਰ੍ਹਾ-ਪਾਠ ਕੀ ਹੈ ਅਤੇ ਸਾਨੂੰ ਇਸ ਦੀ ਸਲਾਹ ਕਿਉਂ ਮੰਨਣੀ ਚਾਹੀਦੀ ਹੈ?

21 ਹਾਲਾਂਕਿ ਜਲ-ਪਰਲੋ ਆਈ ਨੂੰ ਕਈ ਸਦੀਆਂ ਬੀਤ ਚੁੱਕੀਆਂ ਹਨ, ਪਰ ਇਸ ਤੋਂ ਸਾਨੂੰ ਇਕ ਚੇਤਾਵਨੀ ਮਿਲਦੀ ਹੈ ਜਿਸ ਨੂੰ ਅਣਗੌਲਿਆਂ ਨਹੀਂ ਕਰਨਾ ਚਾਹੀਦਾ। (ਰੋਮੀਆਂ 15:4) ਨੂਹ ਦੇ ਦਿਨਾਂ ਅਤੇ ਸਾਡੇ ਦਿਨਾਂ ਵਿਚ ਸਮਾਨਤਾਵਾਂ ਨੂੰ ਦੇਖ ਕੇ ਸਾਨੂੰ ਅੱਜ ਵਾਪਰ ਰਹੀਆਂ ਘਟਨਾਵਾਂ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। ਸਾਨੂੰ ਹੋਰ ਜ਼ਿਆਦਾ ਸਚੇਤ ਹੋ ਜਾਣਾ ਚਾਹੀਦਾ ਹੈ ਕਿ ਯਿਸੂ ਚੋਰ ਵਾਂਗ ਆ ਕੇ ਬੁਰੇ ਲੋਕਾਂ ਨੂੰ ਸਜ਼ਾ ਦੇਵੇਗਾ।

22 ਯਿਸੂ ਅੱਜ ਅਧਿਆਤਮਿਕ ਉਸਾਰੀ ਦੇ ਬਹੁਤ ਵੱਡੇ ਕੰਮ ਦੀ ਅਗਵਾਈ ਕਰ ਰਿਹਾ ਹੈ। ਜਿਵੇਂ ਪੁਰਾਣੇ ਜ਼ਮਾਨੇ ਵਿਚ ਪਰਮੇਸ਼ੁਰ ਦੇ ਸੱਚੇ ਸੇਵਕਾਂ ਦੀ ਸੁਰੱਖਿਆ ਅਤੇ ਬਚਾਅ ਲਈ ਕਿਸ਼ਤੀ ਬਣਾਈ ਗਈ ਸੀ, ਉਸੇ ਤਰ੍ਹਾਂ ਅੱਜ ਸੁਰੱਖਿਆ ਅਤੇ ਬਚਾਅ ਲਈ ਅਧਿਆਤਮਿਕ ਫਿਰਦੌਸ ਕਾਇਮ ਕੀਤਾ ਗਿਆ ਹੈ। (2 ਕੁਰਿੰਥੀਆਂ 12:3, 4) ਵੱਡੀ ਬਿਪਤਾ ਵਿੱਚੋਂ ਬਚਣ ਲਈ ਸਾਨੂੰ ਇਸ ਫਿਰਦੌਸ ਵਿਚ ਰਹਿਣਾ ਚਾਹੀਦਾ ਹੈ। ਇਸ ਅਧਿਆਤਮਿਕ ਫਿਰਦੌਸ ਦੇ ਬਾਹਰ ਸ਼ਤਾਨ ਦੀ ਦੁਨੀਆਂ ਹੈ ਜੋ ਹਰ ਅਧਿਆਤਮਿਕ ਤੌਰ ਤੇ ਸੁਸਤ ਵਿਅਕਤੀ ਨੂੰ ਆਪਣੇ ਨਾਲ ਰਲਾ ਕੇ ਤਬਾਹੀ ਵੱਲ ਲੈ ਜਾਣਾ ਚਾਹੁੰਦੀ ਹੈ। ਇਸ ਲਈ, ਬਹੁਤ ਜ਼ਰੂਰੀ ਹੈ ਕਿ ਅਸੀਂ ‘ਜਾਗਦੇ ਰਹੀਏ’ ਅਤੇ ਯਹੋਵਾਹ ਦੇ ਦਿਨ ਲਈ ਤਿਆਰ ਰਹੀਏ।—ਮੱਤੀ 24:42, 44.

ਕੀ ਤੁਹਾਨੂੰ ਯਾਦ ਹੈ?

• ਯਿਸੂ ਨੇ ਆਪਣੇ ਆਉਣ ਬਾਰੇ ਕਿਹੜੀ ਚੇਤਾਵਨੀ ਦਿੱਤੀ ਸੀ?

• ਯਿਸੂ ਨੇ ਆਪਣੇ ਆਉਣ ਦੇ ਸਮੇਂ ਦੀ ਤੁਲਨਾ ਕਿਸ ਨਾਲ ਕੀਤੀ ਸੀ?

• ਸਾਡੇ ਸਮੇਂ ਕਿਨ੍ਹਾਂ ਤਰੀਕਿਆਂ ਨਾਲ ਨੂਹ ਦੇ ਦਿਨਾਂ ਨਾਲ ਮਿਲਦੇ-ਜੁਲਦੇ ਹਨ?

• ਨੂਹ ਦੇ ਜ਼ਮਾਨੇ ਅਤੇ ਸਾਡੇ ਜ਼ਮਾਨੇ ਵਿਚ ਸਮਾਨਤਾਵਾਂ ਤੇ ਗੌਰ ਕਰਨ ਨਾਲ ਸਾਨੂੰ ਅੱਜ ਦੇ ਨਾਜ਼ੁਕ ਸਮਿਆਂ ਨੂੰ ਕਿੰਨੀ ਕੁ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ?

[ਸਵਾਲ]

[ਸਫ਼ੇ 18 ਉੱਤੇ ਸੁਰਖੀ]

ਸਾਲ 2004 ਦਾ ਵਰ੍ਹਾ-ਪਾਠ: “ਜਾਗਦੇ ਰਹੋ . . . ਤਿਆਰ ਰਹੋ।”—ਮੱਤੀ 24:42, 44.

[ਸਫ਼ੇ 15 ਉੱਤੇ ਤਸਵੀਰ]

ਨੂਹ ਨੇ ਪਰਮੇਸ਼ੁਰ ਦੀ ਚੇਤਾਵਨੀ ਵੱਲ ਧਿਆਨ ਦਿੱਤਾ ਸੀ। ਕੀ ਅਸੀਂ ਵੀ ਧਿਆਨ ਦਿੰਦੇ ਹਾਂ?

[ਸਫ਼ੇ 16 ਉੱਤੇ ਤਸਵੀਰ]

“ਜਿਸ ਤਰਾਂ ਨੂਹ ਦੇ ਦਿਨ ਸਨ ਮਨੁੱਖ ਦੇ ਪੁੱਤ੍ਰ ਦਾ ਆਉਣਾ ਉਸੇ ਤਰਾਂ ਹੋਵੇਗਾ”