Skip to content

Skip to table of contents

ਆਓ ਆਪਾਂ ਸਾਰੇ ਯਹੋਵਾਹ ਦੀ ਵਡਿਆਈ ਕਰੀਏ

ਆਓ ਆਪਾਂ ਸਾਰੇ ਯਹੋਵਾਹ ਦੀ ਵਡਿਆਈ ਕਰੀਏ

ਆਓ ਆਪਾਂ ਸਾਰੇ ਯਹੋਵਾਹ ਦੀ ਵਡਿਆਈ ਕਰੀਏ

“ਪਰਤਾਪ ਅਤੇ ਸਮਰੱਥਾ ਯਹੋਵਾਹ ਦੀ ਮੰਨੋ, ਪਰਤਾਪ ਯਹੋਵਾਹ ਦੇ ਨਾਮ ਦਾ ਮੰਨੋ।”—ਜ਼ਬੂਰਾਂ ਦੀ ਪੋਥੀ 96:7, 8.

1, 2. ਕਿਹੜੀਆਂ ਚੀਜ਼ਾਂ ਯਹੋਵਾਹ ਦੀ ਮਹਿਮਾ ਕਰਦੀਆਂ ਹਨ ਅਤੇ ਹੋਰ ਕਿਨ੍ਹਾਂ ਨੂੰ ਉਸ ਦੀ ਵਡਿਆਈ ਕਰਨ ਲਈ ਕਿਹਾ ਗਿਆ ਹੈ?

ਯੱਸੀ ਦਾ ਪੁੱਤਰ ਦਾਊਦ ਬੈਤਲਹਮ ਦੇ ਨੇੜੇ ਰਹਿਣ ਵਾਲਾ ਇਕ ਚਰਵਾਹਾ ਸੀ। ਆਪਣੇ ਪਿਤਾ ਦੀਆਂ ਭੇਡਾਂ ਚਾਰਦੇ ਸਮੇਂ ਉਸ ਨੇ ਰਾਤ ਦੀ ਖਾਮੋਸ਼ੀ ਵਿਚ ਕਈ ਵਾਰ ਤਾਰਿਆਂ ਨਾਲ ਭਰੇ ਆਕਾਸ਼ ਵੱਲ ਦੇਖਿਆ ਹੋਵੇਗਾ। ਬਿਨਾਂ ਸ਼ੱਕ ਉਸ ਨੂੰ ਉਹ ਰਾਤਾਂ ਪੂਰੀ ਤਰ੍ਹਾਂ ਯਾਦ ਸਨ ਜਦੋਂ ਉਸ ਨੇ ਪਰਮੇਸ਼ੁਰ ਦੀ ਪਵਿੱਤਰ ਆਤਮਾ ਦੀ ਪ੍ਰੇਰਣਾ ਅਧੀਨ 19ਵੇਂ ਜ਼ਬੂਰ ਦੇ ਸੁੰਦਰ ਸ਼ਬਦ ਲਿਖੇ ਤੇ ਗਾਏ ਸਨ: “ਅਕਾਸ਼ ਪਰਮੇਸ਼ੁਰ ਦੀ ਮਹਿਮਾ ਦਾ ਵਰਨਣ ਕਰਦੇ ਹਨ, ਅਤੇ ਅੰਬਰ ਉਸ ਦੀ ਦਸਤਕਾਰੀ ਵਿਖਾਲਦਾ ਹੈ। ਸਾਰੀ ਧਰਤੀ ਵਿੱਚ ਉਨ੍ਹਾਂ ਦੀ ਤਾਰ ਪਹੁੰਚਦੀ ਹੈ, ਅਤੇ ਸੰਸਾਰ ਦੀਆਂ ਹੱਦਾਂ ਤੀਕੁਰ ਉਨ੍ਹਾਂ ਦੇ ਬੋਲ।”—ਜ਼ਬੂਰਾਂ ਦੀ ਪੋਥੀ 19:1, 4.

2 ਯਹੋਵਾਹ ਦੇ ਰਚੇ ਹੋਏ ਸ਼ਾਨਦਾਰ ਆਕਾਸ਼ ਦਿਨ-ਰਾਤ ਬਿਨਾਂ ਬੋਲੀ, ਬਿਨਾਂ ਸ਼ਬਦ ਅਤੇ ਬਿਨਾਂ ਆਵਾਜ਼ ਪਰਮੇਸ਼ੁਰ ਦੀ ਮਹਿਮਾ ਕਰਦੇ ਹਨ। ਇਨ੍ਹਾਂ ਦੀ ਸੁੰਦਰਤਾ ਤੇ ਵਿਸ਼ਾਲਤਾ ਦੇਖ ਕੇ ਇਨਸਾਨ ਹੈਰਾਨ ਰਹਿ ਜਾਂਦਾ ਹੈ। ਪਰ ਸ੍ਰਿਸ਼ਟੀ ਦੀ ਖ਼ਾਮੋਸ਼ ਗਵਾਹੀ ਕਾਫ਼ੀ ਨਹੀਂ ਹੈ, ਸਗੋਂ ਵਫ਼ਾਦਾਰ ਇਨਸਾਨਾਂ ਨੂੰ ਵੀ ਪਰਮੇਸ਼ੁਰ ਦੀ ਵਡਿਆਈ ਕਰਨ ਲਈ ਕਿਹਾ ਗਿਆ ਹੈ। ਜ਼ਬੂਰਾਂ ਦੇ ਇਕ ਗੁਮਨਾਮ ਲਿਖਾਰੀ ਨੇ ਪਰਮੇਸ਼ੁਰ ਦੇ ਵਫ਼ਾਦਾਰ ਸੇਵਕਾਂ ਨੂੰ ਕਿਹਾ: “ਪਰਤਾਪ ਅਤੇ ਸਮਰੱਥਾ ਯਹੋਵਾਹ ਦੀ ਮੰਨੋ, ਪਰਤਾਪ ਯਹੋਵਾਹ ਦੇ ਨਾਮ ਦਾ ਮੰਨੋ।” (ਜ਼ਬੂਰਾਂ ਦੀ ਪੋਥੀ 96:7, 8) ਯਹੋਵਾਹ ਦੇ ਵਫ਼ਾਦਾਰ ਸੇਵਕ ਇਸ ਗੱਲ ਨੂੰ ਮੰਨਦੇ ਹੋਏ ਪਰਮੇਸ਼ੁਰ ਦੀ ਦਿਲੋਂ ਵਡਿਆਈ ਕਰਦੇ ਹਨ। ਪਰ ਸਵਾਲ ਉੱਠਦਾ ਹੈ ਕਿ ਅਸੀਂ ਯਹੋਵਾਹ ਦੇ ਪਰਤਾਪ ਤੇ ਸਮਰੱਥਾ ਨੂੰ ਕਿਵੇਂ ਮੰਨ ਸਕਦੇ ਹਾਂ ਅਤੇ ਉਸ ਦੀ ਵਡਿਆਈ ਕਿਵੇਂ ਕਰ ਸਕਦੇ ਹਾਂ?

3. ਇਨਸਾਨਾਂ ਨੂੰ ਯਹੋਵਾਹ ਦੀ ਵਡਿਆਈ ਕਿਉਂ ਕਰਨੀ ਚਾਹੀਦੀ ਹੈ?

3 ਯਹੋਵਾਹ ਦੀ ਵਡਿਆਈ ਕਰਨ ਲਈ ਸ਼ਬਦਾਂ ਤੋਂ ਇਲਾਵਾ ਕੁਝ ਹੋਰ ਵੀ ਜ਼ਰੂਰੀ ਹੈ। ਯਸਾਯਾਹ ਦੇ ਜ਼ਮਾਨੇ ਦੇ ਇਸਰਾਏਲੀ ਆਪਣੇ ਬੁੱਲ੍ਹਾਂ ਨਾਲ ਤਾਂ ਯਹੋਵਾਹ ਦੀ ਵਡਿਆਈ ਕਰਦੇ ਸਨ, ਪਰ ਉਨ੍ਹਾਂ ਦੇ ਦਿਲ ਸਾਫ਼ ਨਹੀਂ ਸਨ। ਯਸਾਯਾਹ ਰਾਹੀਂ ਯਹੋਵਾਹ ਨੇ ਕਿਹਾ: “ਏਹ ਲੋਕ ਮੇਰੇ ਨੇੜੇ ਆਉਂਦੇ, ਅਤੇ ਆਪਣਿਆਂ ਮੂੰਹਾਂ ਅਰ ਬੁੱਲ੍ਹਾਂ ਨਾਲ ਮੇਰਾ ਆਦਰ ਕਰਦੇ ਹਨ, ਪਰ ਓਹਨਾਂ ਦਾ ਦਿਲ ਮੈਥੋਂ ਦੂਰ ਹੈ।” (ਯਸਾਯਾਹ 29:13) ਅਜਿਹੇ ਲੋਕਾਂ ਦੀ ਵਡਿਆਈ ਦਾ ਕੋਈ ਫ਼ਾਇਦਾ ਨਹੀਂ ਸੀ। ਯਹੋਵਾਹ ਦੇ ਜਸ ਗਾਉਣ ਲਈ ਸਾਨੂੰ ਪੂਰੇ ਦਿਲ ਨਾਲ ਉਸ ਨੂੰ ਪਿਆਰ ਕਰਨਾ ਚਾਹੀਦਾ ਹੈ ਅਤੇ ਉਸ ਦੀ ਪਦਵੀ ਦੀ ਪੂਰੀ ਕਦਰ ਕਰਨੀ ਚਾਹੀਦੀ ਹੈ। ਯਹੋਵਾਹ ਹੀ ਸਾਡਾ ਸਿਰਜਣਹਾਰ ਹੈ, ਉਹੀ ਸਾਡਾ ਨਿਆਈ ਹੈ, ਉਹੀ ਸਰਬਸ਼ਕਤੀਮਾਨ ਅਤੇ ਪਿਆਰ ਦਾ ਸਾਗਰ ਹੈ। ਯਹੋਵਾਹ ਸਾਡਾ ਮੁਕਤੀਦਾਤਾ ਤੇ ਸਾਡਾ ਮਾਲਕ ਹੈ ਅਤੇ ਸਵਰਗ ਵਿਚ ਤੇ ਧਰਤੀ ਉੱਤੇ ਹਰੇਕ ਜੀਉਂਦੇ ਪ੍ਰਾਣੀ ਨੂੰ ਉਸ ਦੇ ਅਧੀਨ ਰਹਿਣਾ ਚਾਹੀਦਾ ਹੈ। (ਪਰਕਾਸ਼ ਦੀ ਪੋਥੀ 4:11; 19:1) ਜੇ ਅਸੀਂ ਇਹ ਗੱਲਾਂ ਸੱਚ-ਮੁੱਚ ਮੰਨਦੇ ਹਾਂ, ਤਾਂ ਆਓ ਆਪਾਂ ਦਿਲੋਂ ਉਸ ਦੀ ਵਡਿਆਈ ਕਰੀਏ।

4. ਯਿਸੂ ਨੇ ਯਹੋਵਾਹ ਦੀ ਵਡਿਆਈ ਕਰਨ ਬਾਰੇ ਕਿਹੜੀ ਸਲਾਹ ਦਿੱਤੀ ਸੀ ਅਤੇ ਅਸੀਂ ਇਸ ਉੱਤੇ ਕਿਵੇਂ ਚੱਲ ਸਕਦੇ ਹਾਂ?

4 ਯਿਸੂ ਮਸੀਹ ਨੇ ਦੱਸਿਆ ਸੀ ਕਿ ਅਸੀਂ ਪਰਮੇਸ਼ੁਰ ਦੀ ਵਡਿਆਈ ਕਿਵੇਂ ਕਰ ਸਕਦੇ ਹਾਂ। ਉਸ ਨੇ ਕਿਹਾ: “ਮੇਰੇ ਪਿਤਾ ਦੀ ਵਡਿਆਈ ਇਸੇ ਤੋਂ ਹੁੰਦੀ ਹੈ ਜੋ ਤੁਸੀਂ ਬਹੁਤਾ ਫਲ ਦਿਓ ਅਰ ਇਉਂ ਤੁਸੀਂ ਮੇਰੇ ਚੇਲੇ ਹੋਵੋਗੇ।” (ਯੂਹੰਨਾ 15:8) ਅਸੀਂ ਬਹੁਤਾ ਫਲ ਕਿਵੇਂ ਦੇ ਸਕਦੇ ਹਾਂ? ਪਹਿਲੀ ਗੱਲ ਹੈ ਕਿ ਅਸੀਂ ਤਨ-ਮਨ ਲਾ ਕੇ ‘ਰਾਜ ਦੀ ਖ਼ੁਸ਼ ਖ਼ਬਰੀ’ ਦਾ ਪ੍ਰਚਾਰ ਕਰ ਸਕਦੇ ਹਾਂ ਅਤੇ ਸ੍ਰਿਸ਼ਟੀ ਦੇ ਨਾਲ ਮਿਲ ਕੇ ਪਰਮੇਸ਼ੁਰ ਦੇ “ਅਣਡਿੱਠ ਸੁਭਾਉ” ਦਾ ‘ਵਰਨਣ ਕਰ ਸਕਦੇ ਹਾਂ।’ (ਮੱਤੀ 24:14; ਰੋਮੀਆਂ 1:20) ਇਸ ਤੋਂ ਇਲਾਵਾ, ਅਸੀਂ ਸਾਰੇ ਜਣੇ ਮਿਲ ਕੇ ਨਵੇਂ ਚੇਲੇ ਬਣਾਉਣ ਵਿਚ ਹਿੱਸਾ ਲੈ ਕੇ ਯਹੋਵਾਹ ਦੀ ਹੋਰ ਵੀ ਮਹਿਮਾ ਕਰ ਸਕਦੇ ਹਾਂ। ਦੂਜੀ ਗੱਲ ਹੈ ਕਿ ਅਸੀਂ ਪਵਿੱਤਰ ਆਤਮਾ ਦੇ ਫਲ ਪੈਦਾ ਕਰੀਏ ਅਤੇ ਯਹੋਵਾਹ ਪਰਮੇਸ਼ੁਰ ਵਰਗੇ ਬਣਨ ਦੀ ਕੋਸ਼ਿਸ਼ ਕਰਦੇ ਰਹੀਏ। (ਗਲਾਤੀਆਂ 5:22, 23; ਅਫ਼ਸੀਆਂ 5:1; ਕੁਲੁੱਸੀਆਂ 3:10) ਨਤੀਜੇ ਵਜੋਂ ਅਸੀਂ ਆਪਣੇ ਚਾਲ-ਚਲਣ ਰਾਹੀਂ ਯਹੋਵਾਹ ਦੀ ਵਡਿਆਈ ਕਰਦੇ ਰਹਾਂਗੇ।

“ਸਾਰੀ ਧਰਤੀ ਵਿੱਚ”

5. ਪੌਲੁਸ ਨੇ ਇਸ ਗੱਲ ਤੇ ਕਿਵੇਂ ਜ਼ੋਰ ਦਿੱਤਾ ਸੀ ਕਿ ਹਰ ਮਸੀਹੀ ਨੂੰ ਆਪਣੀ ਨਿਹਚਾ ਬਾਰੇ ਦੂਸਰਿਆਂ ਨੂੰ ਦੱਸਣਾ ਚਾਹੀਦਾ ਹੈ?

5 ਰੋਮ ਦੇ ਮਸੀਹੀਆਂ ਨੂੰ ਚਿੱਠੀ ਲਿਖਦੇ ਸਮੇਂ ਪੌਲੁਸ ਨੇ ਇਸ ਗੱਲ ਤੇ ਜ਼ੋਰ ਦਿੱਤਾ ਸੀ ਕਿ ਆਪਣੀ ਨਿਹਚਾ ਬਾਰੇ ਦੂਸਰਿਆਂ ਨੂੰ ਦੱਸ ਕੇ ਪਰਮੇਸ਼ੁਰ ਦੇ ਜਸ ਗਾਉਣੇ ਹਰ ਮਸੀਹੀ ਦਾ ਫ਼ਰਜ਼ ਸੀ। ਉਸ ਦੀ ਚਿੱਠੀ ਦਾ ਖ਼ਾਸ ਵਿਸ਼ਾ ਸੀ ਕਿ ਸਿਰਫ਼ ਯਿਸੂ ਮਸੀਹ ਉੱਤੇ ਨਿਹਚਾ ਕਰਨ ਵਾਲੇ ਲੋਕ ਬਚਾਏ ਜਾਣਗੇ। ਰੋਮੀਆਂ ਦੇ 10ਵੇਂ ਅਧਿਆਇ ਵਿਚ ਪੌਲੁਸ ਨੇ ਦੱਸਿਆ ਕਿ ਪਹਿਲੀ ਸਦੀ ਦੇ ਯਹੂਦੀ ਲੋਕ ਅਜੇ ਵੀ ਮੂਸਾ ਦੀ ਬਿਵਸਥਾ ਉੱਤੇ ਚੱਲ ਕੇ ਪਰਮੇਸ਼ੁਰ ਅੱਗੇ ਧਰਮੀ ਬਣਨ ਦੀ ਕੋਸ਼ਿਸ਼ ਕਰ ਰਹੇ ਸਨ, ਪਰ ‘ਮਸੀਹ ਸ਼ਰਾ ਦਾ ਅੰਤ ਸੀ।’ ਇਸ ਲਈ ਪੌਲੁਸ ਨੇ ਕਿਹਾ: “ਜੇ ਤੂੰ ਆਪਣੇ ਮੂੰਹ ਨਾਲ ਪ੍ਰਭੁ ਯਿਸੂ ਦਾ ਇਕਰਾਰ ਕਰੇਂ ਅਤੇ ਆਪਣੇ ਹਿਰਦੇ ਨਾਲ ਮੰਨ ਲਵੇਂ ਜੋ ਪਰਮੇਸ਼ੁਰ ਨੇ ਉਹ ਨੂੰ ਮੁਰਦਿਆਂ ਵਿੱਚੋਂ ਜਿਵਾਲਿਆ ਤਾਂ ਤੂੰ ਬਚਾਇਆ ਜਾਵੇਂਗਾ।” ਉਸ ਸਮੇਂ ਤੋਂ ‘ਯਹੂਦੀ ਅਤੇ ਯੂਨਾਨੀ ਵਿੱਚ ਕੁਝ ਭਿੰਨ ਭੇਦ ਨਹੀਂ ਰਿਹਾ ਇਸ ਲਈ ਜੋ ਉਹੀ ਪ੍ਰਭੁ ਸਭਨਾਂ ਦਾ ਪ੍ਰਭੁ ਹੈ ਅਤੇ ਉਨ੍ਹਾਂ ਸਭਨਾਂ ਲਈ ਜਿਹੜੇ ਉਹ ਦਾ ਨਾਮ ਲੈਂਦੇ ਹਨ ਵੱਡਾ ਦਾਤਾਰ ਹੈ। ਕਿਉਂ ਜੋ ਹਰੇਕ ਜਿਹੜਾ ਯਹੋਵਾਹ ਦਾ ਨਾਮ ਲਵੇਗਾ ਉਹ ਬਚਾਇਆ ਜਾਵੇਗਾ।’—ਰੋਮੀਆਂ 10:4, 9-13.

6. ਪੌਲੁਸ ਨੇ ਜ਼ਬੂਰਾਂ ਦੀ ਪੋਥੀ 19:4 ਨੂੰ ਕਿਵੇਂ ਲਾਗੂ ਕੀਤਾ ਸੀ?

6 ਪੌਲੁਸ ਨੇ ਅੱਗੇ ਪੁੱਛਿਆ: “ਜਿਹ ਦੇ ਉੱਤੇ ਨਿਹਚਾ ਨਹੀਂ ਕੀਤੀ ਓਹ ਉਸ ਦਾ ਨਾਮ ਕਿੱਕੁਰ ਲੈਣ? ਅਤੇ ਜਿਹ ਦੀ ਖਬਰ ਸੁਣੀ ਹੀ ਨਹੀਂ ਉਸ ਉੱਤੇ ਨਿਹਚਾ ਕਿੱਕੁਰ ਕਰਨ? ਅਤੇ ਪਰਚਾਰਕ ਬਾਝੋਂ ਕਿੱਕੁਰ ਸੁਣਨ?” (ਰੋਮੀਆਂ 10:14) ਇਸਰਾਏਲੀਆਂ ਬਾਰੇ ਪੌਲੁਸ ਨੇ ਕਿਹਾ: “ਸਭਨਾਂ ਨੇ ਇਹ ਖੁਸ਼ ਖਬਰੀ ਨੂੰ ਨਹੀਂ ਮੰਨਿਆ।” ਕਿਉਂ ਨਹੀਂ? ਇਸ ਲਈ ਨਹੀਂ ਕਿ ਉਨ੍ਹਾਂ ਨੂੰ ਖ਼ੁਸ਼ ਖ਼ਬਰੀ ਸੁਣਨ ਦਾ ਮੌਕਾ ਨਹੀਂ ਮਿਲਿਆ, ਪਰ ਉਨ੍ਹਾਂ ਨੇ ਉਸ ਵਿਚ ਨਿਹਚਾ ਨਹੀਂ ਕੀਤੀ। ਪੌਲੁਸ ਨੇ ਜ਼ਬੂਰਾਂ ਦੀ ਪੋਥੀ 19:4 ਦਾ ਹਵਾਲਾ ਸ੍ਰਿਸ਼ਟੀ ਦੀ ਖ਼ਾਮੋਸ਼ ਗਵਾਹੀ ਉੱਤੇ ਨਹੀਂ, ਸਗੋਂ ਮਸੀਹੀਆਂ ਦੇ ਪ੍ਰਚਾਰ ਉੱਤੇ ਲਾਗੂ ਕੀਤਾ। ਉਸ ਨੇ ਕਿਹਾ: “ਓਹਨਾਂ ਦਾ ਬੋਲ ਸਾਰੀ ਧਰਤੀ ਵਿੱਚ ਗਿਆ, ਅਤੇ ਸੰਸਾਰ ਦੀਆਂ ਹੱਦਾਂ ਤੀਕੁਰ ਓਹਨਾਂ ਦੇ ਸ਼ਬਦ।” (ਰੋਮੀਆਂ 10:16, 18) ਜੀ ਹਾਂ, ਜਿਸ ਤਰ੍ਹਾਂ ਸ੍ਰਿਸ਼ਟੀ ਯਹੋਵਾਹ ਦੀ ਵਡਿਆਈ ਕਰਦੀ ਹੈ, ਉਸੇ ਤਰ੍ਹਾਂ ਪਹਿਲੀ ਸਦੀ ਦੇ ਮਸੀਹੀਆਂ ਨੇ ਹਰ ਜਗ੍ਹਾ ਮੁਕਤੀ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰ ਕੇ “ਸਾਰੀ ਧਰਤੀ ਵਿੱਚ” ਪਰਮੇਸ਼ੁਰ ਦੀ ਵਡਿਆਈ ਕੀਤੀ। ਕੁਲੁੱਸੀਆਂ ਨੂੰ ਲਿਖਦੇ ਸਮੇਂ ਪੌਲੁਸ ਨੇ ਦੱਸਿਆ ਕਿ ਖ਼ੁਸ਼ ਖ਼ਬਰੀ ਕਿਸ ਹੱਦ ਤਕ ਸੁਣਾਈ ਗਈ ਸੀ ਜਦ ਉਸ ਨੇ ਕਿਹਾ ਕਿ ਖ਼ੁਸ਼ ਖ਼ਬਰੀ ਦਾ ਪ੍ਰਚਾਰ “ਅਕਾਸ਼ ਹੇਠਲੀ ਸਾਰੀ ਸਰਿਸ਼ਟ ਵਿੱਚ ਕੀਤਾ ਗਿਆ” ਸੀ।—ਕੁਲੁੱਸੀਆਂ 1:23.

ਜੋਸ਼ੀਲੇ ਗਵਾਹ

7. ਯਿਸੂ ਨੇ ਮਸੀਹੀਆਂ ਨੂੰ ਕਿਹੜਾ ਕੰਮ ਸੌਂਪਿਆ ਸੀ?

7 ਪੌਲੁਸ ਨੇ ਯਿਸੂ ਮਸੀਹ ਦੀ ਮੌਤ ਤੋਂ ਲਗਭਗ 27 ਸਾਲ ਬਾਅਦ ਕੁਲੁੱਸੀਆਂ ਨੂੰ ਚਿੱਠੀ ਲਿਖੀ ਸੀ। ਇੰਨੇ ਥੋੜ੍ਹੇ ਸਮੇਂ ਵਿਚ ਖ਼ੁਸ਼ ਖ਼ਬਰੀ ਕੁਲੁੱਸੈ ਤਕ ਕਿਵੇਂ ਪਹੁੰਚ ਸਕੀ? ਪਹਿਲੀ ਸਦੀ ਦੇ ਮਸੀਹੀ ਪ੍ਰਚਾਰ ਕਰਨ ਵਿਚ ਜੋਸ਼ੀਲੇ ਸਨ ਅਤੇ ਯਹੋਵਾਹ ਨੇ ਉਨ੍ਹਾਂ ਦੇ ਕੰਮ ਉੱਤੇ ਬਰਕਤ ਪਾਈ। ਯਿਸੂ ਨੇ ਪਹਿਲਾਂ ਹੀ ਦੱਸਿਆ ਸੀ ਕਿ ਉਸ ਦੇ ਚੇਲੇ ਪ੍ਰਚਾਰ ਕਰਨ ਵਿਚ ਰੁੱਝੇ ਹੋਣਗੇ ਜਦੋਂ ਉਸ ਨੇ ਕਿਹਾ: “ਜ਼ਰੂਰ ਹੈ ਜੋ ਪਹਿਲਾਂ ਸਾਰੀਆਂ ਕੌਮਾਂ ਦੇ ਅੱਗੇ ਖੁਸ਼ ਖਬਰੀ ਦਾ ਪਰਚਾਰ ਕੀਤਾ ਜਾਏ।” (ਮਰਕੁਸ 13:10) ਇਸ ਭਵਿੱਖਬਾਣੀ ਦੇ ਨਾਲ-ਨਾਲ ਉਸ ਨੇ ਉਹ ਹੁਕਮ ਵੀ ਦਿੱਤਾ ਸੀ ਜੋ ਮੱਤੀ ਦੀ ਇੰਜੀਲ ਦੀਆਂ ਆਖ਼ਰੀ ਆਇਤਾਂ ਵਿਚ ਲਿਖਿਆ ਹੋਇਆ ਹੈ: “ਇਸ ਲਈ ਤੁਸੀਂ ਜਾ ਕੇ ਸਾਰੀਆਂ ਕੌਮਾਂ ਨੂੰ ਚੇਲੇ ਬਣਾਓ ਅਤੇ ਉਨ੍ਹਾਂ ਨੂੰ ਪਿਤਾ ਅਤੇ ਪੁੱਤ੍ਰ ਅਤੇ ਪਵਿੱਤ੍ਰ ਆਤਮਾ ਦੇ ਨਾਮ ਵਿੱਚ ਬਪਤਿਸਮਾ ਦਿਓ। ਅਰ ਉਨ੍ਹਾਂ ਨੂੰ ਸਿਖਾਓ ਭਈ ਉਨ੍ਹਾਂ ਸਾਰੀਆਂ ਗੱਲਾਂ ਦੀ ਪਾਲਨਾ ਕਰਨ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੱਤਾ ਹੈ।” (ਮੱਤੀ 28:19, 20) ਯਿਸੂ ਦੇ ਸਵਰਗ ਜਾਣ ਤੋਂ ਥੋੜ੍ਹੀ ਦੇਰ ਬਾਅਦ ਉਸ ਦੇ ਚੇਲੇ ਇਹ ਕੰਮ ਕਰਨ ਲੱਗੇ।

8, 9. ਰਸੂਲਾਂ ਦੇ ਕਰਤੱਬ ਮੁਤਾਬਕ ਕੀ ਮਸੀਹੀਆਂ ਨੇ ਯਿਸੂ ਦੇ ਹੁਕਮ ਮੰਨੇ ਸਨ?

8 ਸਾਲ 33 ਸਾ.ਯੁ. ਵਿਚ ਪੰਤੇਕੁਸਤ ਦੇ ਦਿਨ ਤੇ ਯਿਸੂ ਦੇ ਵਫ਼ਾਦਾਰ ਚੇਲਿਆਂ ਉੱਤੇ ਪਵਿੱਤਰ ਆਤਮਾ ਵਹਾਈ ਗਈ ਅਤੇ ਉਨ੍ਹਾਂ ਨੇ ਉਸੇ ਵੇਲੇ ਪ੍ਰਚਾਰ ਕਰਨਾ ਸ਼ੁਰੂ ਕੀਤਾ। ਉਹ ਯਰੂਸ਼ਲਮ ਵਿਚ ਇਕੱਠੀਆਂ ਹੋਈਆਂ ਭੀੜਾਂ ਨੂੰ “ਪਰਮੇਸ਼ੁਰ ਦੇ ਵੱਡੇ ਵੱਡੇ ਕੰਮਾਂ” ਬਾਰੇ ਦੱਸਣ ਲੱਗ ਪਏ। ਕਈਆਂ ਲੋਕਾਂ ਨੇ ਉਨ੍ਹਾਂ ਦੀਆਂ ਗੱਲਾਂ ਸੁਣੀਆਂ ਅਤੇ ‘ਤਿੰਨਕੁ ਹਜ਼ਾਰ ਜਣਿਆਂ’ ਨੇ ਬਪਤਿਸਮਾ ਲਿਆ। ਚੇਲੇ ਜੋਸ਼ ਨਾਲ ਪਰਮੇਸ਼ੁਰ ਦੀ ਵਡਿਆਈ ਕਰਦੇ ਰਹੇ ਅਤੇ ਉਨ੍ਹਾਂ ਦੇ ਪ੍ਰਚਾਰ ਦੇ ਵਧੀਆ ਨਤੀਜੇ ਨਿਕਲੇ।—ਰਸੂਲਾਂ ਦੇ ਕਰਤੱਬ 2:4, 11, 41, 46, 47.

9 ਯਹੂਦੀ ਧਰਮ ਦੇ ਆਗੂਆਂ ਨੇ ਵੀ ਉਨ੍ਹਾਂ ਮਸੀਹੀਆਂ ਦੇ ਕੰਮ ਦੇਖੇ। ਉਹ ਪਤਰਸ ਅਤੇ ਯੂਹੰਨਾ ਨੂੰ ਦਲੇਰੀ ਨਾਲ ਪ੍ਰਚਾਰ ਕਰਦੇ ਦੇਖ ਕੇ ਪਰੇਸ਼ਾਨ ਹੋਏ ਅਤੇ ਹੁਕਮ ਕੀਤਾ ਕਿ ਉਹ ਪ੍ਰਚਾਰ ਕਰਨਾ ਬੰਦ ਕਰਨ। ਰਸੂਲਾਂ ਨੇ ਜਵਾਬ ਦਿੱਤਾ: “ਇਹ ਸਾਥੋਂ ਹੋ ਨਹੀਂ ਸੱਕਦਾ ਕਿ ਜਿਹੜੀਆਂ ਗੱਲਾਂ ਅਸਾਂ ਵੇਖੀਆਂ ਅਤੇ ਸੁਣੀਆਂ ਓਹ ਨਾ ਆਖੀਏ।” ਪਤਰਸ ਅਤੇ ਯੂਹੰਨਾ ਨੂੰ ਧਮਕੀਆਂ ਦੇ ਕੇ ਛੱਡਿਆ ਗਿਆ ਅਤੇ ਉਹ ਆਪਣੇ ਭਰਾਵਾਂ ਕੋਲ ਗਏ। ਇਨ੍ਹਾਂ ਸਾਰਿਆਂ ਨੇ ਮਿਲ ਕੇ ਯਹੋਵਾਹ ਨੂੰ ਪ੍ਰਾਰਥਨਾ ਕੀਤੀ: “ਆਪਣੇ ਦਾਸਾਂ ਨੂੰ ਇਹ ਬਖ਼ਸ਼ ਕਿ ਅੱਤ ਦਲੇਰੀ ਨਾਲ ਤੇਰਾ ਬਚਨ ਸੁਣਾਉਣ।”—ਰਸੂਲਾਂ ਦੇ ਕਰਤੱਬ 4:13, 20, 29.

10. ਸੱਚੇ ਮਸੀਹੀਆਂ ਦਾ ਕਿਵੇਂ ਵਿਰੋਧ ਕੀਤਾ ਗਿਆ, ਪਰ ਉਹ ਕੀ ਕਰਦੇ ਰਹੇ?

10 ਪਰਮੇਸ਼ੁਰ ਨੇ ਉਨ੍ਹਾਂ ਦੀ ਇਹ ਪ੍ਰਾਰਥਨਾ ਸੁਣੀ। ਕੁਝ ਸਮੇਂ ਬਾਅਦ ਜਦੋਂ ਰਸੂਲਾਂ ਨੂੰ ਕੈਦ ਕੀਤਾ ਗਿਆ, ਤਾਂ ਇਕ ਦੂਤ ਨੇ ਆਣ ਕੇ ਉਨ੍ਹਾਂ ਨੂੰ ਬਾਹਰ ਕੱਢਿਆ। ਇਸ ਦੂਤ ਨੇ ਉਨ੍ਹਾਂ ਨੂੰ ਕਿਹਾ: “ਜਾਓ ਹੈਕਲ ਵਿੱਚ ਖੜੋ ਕੇ ਐਸ ਜੀਉਣ ਦੀਆਂ ਸਾਰੀਆਂ ਗੱਲਾਂ ਲੋਕਾਂ ਨੂੰ ਸੁਣਾਓ।” (ਰਸੂਲਾਂ ਦੇ ਕਰਤੱਬ 5:18-20) ਰਸੂਲਾਂ ਨੇ ਦੂਤ ਦੀ ਗੱਲ ਮੰਨੀ ਅਤੇ ਯਹੋਵਾਹ ਦੀ ਬਰਕਤ ਉਨ੍ਹਾਂ ਉੱਤੇ ਸੀ। ਇਸ ਲਈ “ਓਹ ਰੋਜ ਹੈਕਲ ਵਿੱਚ ਅਤੇ ਘਰੀਂ ਉਪਦੇਸ਼ ਕਰਨ ਅਰ ਇਹ ਖੁਸ਼ ਖਬਰੀ ਸੁਣਾਉਣ ਤੋਂ ਨਾ ਹਟੇ ਭਈ ਯਿਸੂ ਉਹੀ ਮਸੀਹ ਹੈ!” (ਰਸੂਲਾਂ ਦੇ ਕਰਤੱਬ 5:42) ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਸਖ਼ਤ ਵਿਰੋਧਤਾ ਵੀ ਯਿਸੂ ਦੇ ਚੇਲਿਆਂ ਨੂੰ ਪਰਮੇਸ਼ੁਰ ਦੀ ਵਡਿਆਈ ਕਰਨ ਤੋਂ ਨਹੀਂ ਰੋਕ ਸਕੀ।

11. ਪਹਿਲੀ ਸਦੀ ਦੇ ਮਸੀਹੀ ਪ੍ਰਚਾਰ ਦੇ ਕੰਮ ਪ੍ਰਤੀ ਕੀ ਨਜ਼ਰੀਆ ਰੱਖਦੇ ਸਨ?

11 ਫਿਰ ਇਸਤੀਫ਼ਾਨ ਫੜਿਆ ਗਿਆ ਅਤੇ ਉਸ ਨੂੰ ਪੱਥਰ ਮਾਰ-ਮਾਰ ਕੇ ਜਾਨੋਂ ਮਾਰਿਆ ਗਿਆ। ਉਸ ਦੇ ਕਤਲ ਤੋਂ ਬਾਅਦ ਯਰੂਸ਼ਲਮ ਵਿਚ ਮਸੀਹੀਆਂ ਉੱਤੇ ਵੱਡੇ-ਵੱਡੇ ਜ਼ੁਲਮ ਢਾਹੇ ਗਏ ਅਤੇ ਰਸੂਲਾਂ ਤੋਂ ਛੁੱਟ ਬਾਕੀ ਸਾਰੇ ਮਸੀਹੀਆਂ ਨੂੰ ਸ਼ਹਿਰ ਛੱਡ ਕੇ ਭੱਜਣਾ ਪਿਆ। ਇਸ ਵਿਰੋਧਤਾ ਕਰਕੇ ਕੀ ਉਹ ਹੌਸਲਾ ਹਾਰ ਬੈਠੇ ਸਨ? ਬਿਲਕੁਲ ਨਹੀਂ! ਬਾਈਬਲ ਵਿਚ ਲਿਖਿਆ ਹੈ: “ਜਿਹੜੇ ਖਿੰਡ ਗਏ ਸਨ ਬਚਨ ਦੀ ਖੁਸ਼ ਖਬਰੀ ਸੁਣਾਉਂਦੇ ਫਿਰੇ।” (ਰਸੂਲਾਂ ਦੇ ਕਰਤੱਬ 8:1, 4) ਉਨ੍ਹਾਂ ਦਾ ਜੋਸ਼ ਠੰਢਾ ਨਹੀਂ ਪਿਆ, ਸਗੋਂ ਉਹ ਪਰਮੇਸ਼ੁਰ ਦੀ ਵਡਿਆਈ ਕਰਦੇ ਰਹੇ। ਰਸੂਲਾਂ ਦੇ ਕਰਤੱਬ ਦੇ 9ਵੇਂ ਅਧਿਆਇ ਵਿਚ ਅਸੀਂ ਪੜ੍ਹਦੇ ਹਾਂ ਕਿ ਤਰਸੁਸ ਦਾ ਰਹਿਣ ਵਾਲਾ ਸੌਲੁਸ ਨਾਂ ਦਾ ਇਕ ਫ਼ਰੀਸੀ ਯਿਸੂ ਦੇ ਚੇਲਿਆਂ ਉੱਤੇ ਜ਼ੁਲਮ ਕਰਨ ਲਈ ਦੰਮਿਸਕ ਸ਼ਹਿਰ ਜਾ ਰਿਹਾ ਸੀ। ਰਸਤੇ ਵਿਚ ਉਹ ਯਿਸੂ ਦਾ ਦਰਸ਼ਣ ਪਾ ਕੇ ਅੰਨ੍ਹਾ ਹੋ ਗਿਆ। ਜਦੋਂ ਉਹ ਦੰਮਿਸਕ ਪਹੁੰਚਿਆ, ਤਾਂ ਉੱਥੇ ਹਨਾਨਿਯਾਹ ਨਾਂ ਦੇ ਚੇਲੇ ਨੇ ਚਮਤਕਾਰ ਕਰ ਕੇ ਉਸ ਨੂੰ ਸੁਜਾਖਾ ਕੀਤਾ। ਸੌਲੁਸ ਨੇ ਸਭ ਤੋਂ ਪਹਿਲਾਂ ਕੀ ਕੀਤਾ ਸੀ? ‘ਉਹ ਤੁਰਤ ਸਮਾਜਾਂ ਵਿੱਚ ਯਿਸੂ ਦਾ ਪਰਚਾਰ ਕਰਨ ਲੱਗਾ ਭਈ ਉਹ ਪਰਮੇਸ਼ੁਰ ਦਾ ਪੁੱਤ੍ਰ ਹੈ।’ (ਰਸੂਲਾਂ ਦੇ ਕਰਤੱਬ 9:20) ਮਸੀਹੀ ਬਣਨ ਮਗਰੋਂ ਉਹ ਪੌਲੁਸ ਰਸੂਲ ਵਜੋਂ ਜਾਣਿਆ ਜਾਂਦਾ ਸੀ।

ਸਾਰਿਆਂ ਨੇ ਪ੍ਰਚਾਰ ਕੀਤਾ

12, 13. (ੳ) ਇਤਿਹਾਸਕਾਰਾਂ ਦੇ ਅਨੁਸਾਰ ਪਹਿਲੀ ਸਦੀ ਦੇ ਮਸੀਹੀਆਂ ਵਿਚ ਕਿਹੜੀ ਖ਼ਾਸ ਗੱਲ ਦੇਖੀ ਜਾ ਸਕਦੀ ਸੀ? (ਅ) ਬਾਈਬਲ ਵਿਚ ਰਸੂਲਾਂ ਦੇ ਕਰਤੱਬ ਨਾਮਕ ਪੁਸਤਕ ਅਤੇ ਪੌਲੁਸ ਦੇ ਸ਼ਬਦ ਇਤਿਹਾਸਕਾਰਾਂ ਦੀਆਂ ਗੱਲਾਂ ਨਾਲ ਕਿਵੇਂ ਮੇਲ ਖਾਂਦੇ ਹਨ?

12 ਇਹ ਜਾਣੀ-ਮਾਣੀ ਗੱਲ ਹੈ ਕਿ ਪਹਿਲੀ ਸਦੀ ਦੀਆਂ ਕਲੀਸਿਯਾਵਾਂ ਵਿਚ ਹਰੇਕ ਮਸੀਹੀ ਪ੍ਰਚਾਰ ਕਰਦਾ ਸੀ। ਉਸ ਸਮੇਂ ਦੇ ਮਸੀਹੀਆਂ ਬਾਰੇ ਫ਼ਿਲਿਪ ਸ਼ਾਫ਼ ਨਾਂ ਦਾ ਇਤਿਹਾਸਕਾਰ ਲਿਖਦਾ ਹੈ: “ਹਰੇਕ ਕਲੀਸਿਯਾ ਦਾ ਮਕਸਦ ਪ੍ਰਚਾਰ ਕਰਨਾ ਸੀ ਅਤੇ ਹਰੇਕ ਮਸੀਹੀ ਇਕ ਪ੍ਰਚਾਰਕ ਸੀ।” (ਮਸੀਹੀ ਚਰਚ ਦਾ ਇਤਿਹਾਸ [ਅੰਗ੍ਰੇਜ਼ੀ]) ਇਕ ਹੋਰ ਲੇਖਕ ਨੇ ਮਸੀਹੀਆਂ ਦੀ ਸੇਵਕਾਈ ਬਾਰੇ ਕਿਹਾ: ‘ਇਤਿਹਾਸ ਗਵਾਹ ਹੈ ਕਿ ਪਹਿਲੀ ਸਦੀ ਦੀ ਕਲੀਸਿਯਾ ਵਿਚ ਸਾਰੇ ਮਸੀਹੀ ਅਤੇ ਖ਼ਾਸ ਕਰਕੇ ਜਿਨ੍ਹਾਂ ਨੂੰ ਆਤਮਾ ਦੇ ਦਾਨ ਮਿਲੇ ਸਨ, ਖ਼ੁਸ਼ ਖਬਰੀ ਦਾ ਪ੍ਰਚਾਰ ਕਰਦੇ ਸਨ।’ (ਆਮ ਲੋਕਾਂ ਦਾ ਸ਼ਾਨਦਾਰ ਪ੍ਰਚਾਰ [ਅੰਗ੍ਰੇਜ਼ੀ]) ਫਿਰ ਉਸ ਨੇ ਇਸ ਗੱਲ ਉੱਤੇ ਜ਼ੋਰ ਦਿੱਤਾ: “ਯਿਸੂ ਮਸੀਹ ਦਾ ਇਹ ਕਦੀ ਵੀ ਮਕਸਦ ਨਹੀਂ ਸੀ ਕਿ ਚਰਚ ਦੇ ਸਿਰਫ਼ ਕੁਝ ਹੀ ਲੋਕ ਪ੍ਰਚਾਰ ਕਰਨ।” ਮਸੀਹੀ ਧਰਮ ਦੇ ਇਕ ਵੈਰੀ ਨੇ ਲਿਖਿਆ: “ਉੱਨ ਕੱਤਣ ਵਾਲੇ, ਮੋਚੀ, ਚਮਾਰ, ਅਨਪੜ੍ਹ ਤੇ ਮਾਮੂਲੀ ਇਨਸਾਨ ਵੀ ਖ਼ੁਸ਼ ਖ਼ਬਰੀ ਦੇ ਜੋਸ਼ੀਲੇ ਪ੍ਰਚਾਰਕ ਸਨ।”

13 ਇਨ੍ਹਾਂ ਗੱਲਾਂ ਦੀ ਸੱਚਾਈ ਬਾਈਬਲ ਵਿਚ ਰਸੂਲਾਂ ਦੇ ਕਰਤੱਬ ਦੇ ਇਤਿਹਾਸਕ ਰਿਕਾਰਡ ਤੋਂ ਦੇਖੀ ਜਾ ਸਕਦੀ ਹੈ। ਸਾਲ 33 ਸਾ.ਯੁ. ਵਿਚ ਪੰਤੇਕੁਸਤ ਦੇ ਦਿਨ ਤੇ ਪਵਿੱਤਰ ਆਤਮਾ ਵਹਾਈ ਜਾਣ ਤੋਂ ਬਾਅਦ ਸਾਰੇ ਮਸੀਹੀ, ਆਦਮੀ ਅਤੇ ਔਰਤਾਂ, ਪਰਮੇਸ਼ੁਰ ਦੇ ਵੱਡੇ-ਵੱਡੇ ਕੰਮਾਂ ਬਾਰੇ ਪ੍ਰਚਾਰ ਕਰਨ ਲੱਗ ਪਏ। ਇਸਤੀਫ਼ਾਨ ਦੇ ਕਤਲ ਤੋਂ ਬਾਅਦ ਜਦੋਂ ਮਸੀਹੀਆਂ ਉੱਤੇ ਅਤਿਆਚਾਰ ਢਾਹੇ ਗਏ, ਤਾਂ ਸਾਰੇ ਮਸੀਹੀ ਜੋ ਖਿੰਡ ਗਏ ਸਨ, ਦੂਰ-ਦੂਰ ਤਕ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਦੇ ਫਿਰੇ। ਤਕਰੀਬਨ 28 ਸਾਲ ਬਾਅਦ, ਪੌਲੁਸ ਕਿਸੇ ਪਾਦਰੀ ਵਰਗ ਨੂੰ ਨਹੀਂ, ਸਗੋਂ ਸਾਰੇ ਇਬਰਾਨੀ ਮਸੀਹੀਆਂ ਨੂੰ ਲਿਖ ਰਿਹਾ ਸੀ ਜਦੋਂ ਉਸ ਨੇ ਕਿਹਾ: “ਅਸੀਂ ਉਹ ਦੇ ਦੁਆਰਾ ਉਸਤਤ ਦਾ ਬਲੀਦਾਨ ਅਰਥਾਤ ਉਨ੍ਹਾਂ ਬੁੱਲ੍ਹਾਂ ਦਾ ਫਲ ਜਿਹੜੇ ਉਹ ਦੇ ਨਾਮ ਨੂੰ ਮੰਨ ਲੈਂਦੇ ਹਨ ਪਰਮੇਸ਼ੁਰ ਦੇ ਅੱਗੇ ਸਦਾ ਚੜ੍ਹਾਇਆ ਕਰੀਏ।” (ਇਬਰਾਨੀਆਂ 13:15) ਪ੍ਰਚਾਰ ਕਰਨ ਦੇ ਸੰਬੰਧ ਵਿਚ ਪੌਲੁਸ ਨੇ ਆਪਣੇ ਨਜ਼ਰੀਏ ਬਾਰੇ ਕਿਹਾ: “ਭਾਵੇਂ ਮੈਂ ਖੁਸ਼ ਖਬਰੀ ਸੁਣਾਵਾਂ ਤਾਂ ਵੀ ਮੇਰਾ ਕੋਈ ਅਭਮਾਨ ਨਹੀਂ ਇਸ ਕਰਕੇ ਜੋ ਇਹ ਤਾਂ ਮੇਰੇ ਲਈ ਅਵੱਸ ਹੈ। ਹਮਸੋਸ ਹੈ ਮੇਰੇ ਉੱਤੇ ਜੇ ਮੈਂ ਖੁਸ਼ ਖਬਰੀ ਨਾ ਸੁਣਾਵਾਂ!” (1 ਕੁਰਿੰਥੀਆਂ 9:16) ਬਿਨਾਂ ਸ਼ੱਕ, ਪਹਿਲੀ ਸਦੀ ਦੇ ਸਾਰੇ ਵਫ਼ਾਦਾਰ ਮਸੀਹੀ ਵੀ ਪੌਲੁਸ ਵਾਂਗ ਮਹਿਸੂਸ ਕਰਦੇ ਸਨ।

14. ਨਿਹਚਾ ਅਤੇ ਪ੍ਰਚਾਰ ਕਰਨ ਦਾ ਆਪਸ ਵਿਚ ਕੀ ਸੰਬੰਧ ਹੈ?

14 ਵਾਕਈ, ਇਕ ਸੱਚਾ ਮਸੀਹੀ ਪ੍ਰਚਾਰ ਕਰ ਕੇ ਹੀ ਆਪਣੀ ਨਿਹਚਾ ਦਾ ਸਬੂਤ ਦਿੰਦਾ ਹੈ। ਪੌਲੁਸ ਨੇ ਕਿਹਾ: “ਧਰਮ ਲਈ ਤਾਂ ਹਿਰਦੇ ਨਾਲ ਨਿਹਚਾ ਕਰੀਦੀ ਅਤੇ ਮੁਕਤੀ ਲਈ ਮੂੰਹ ਨਾਲ ਇਕਰਾਰ ਕਰੀਦਾ ਹੈ।” (ਰੋਮੀਆਂ 10:10) ਕੀ ਕਲੀਸਿਯਾ ਵਿਚ ਸਿਰਫ਼ ਪਾਦਰੀ ਵਰਗ ਵਰਗੇ ਕੁਝ ਹੀ ਲੋਕਾਂ ਨੂੰ ਨਿਹਚਾ ਕਰਨੀ ਅਤੇ ਪ੍ਰਚਾਰ ਕਰਨਾ ਚਾਹੀਦਾ ਹੈ? ਨਹੀਂ, ਕਿਉਂਕਿ ਸਾਰੇ ਸੱਚੇ ਮਸੀਹੀ ਪ੍ਰਭੂ ਯਿਸੂ ਮਸੀਹ ਉੱਤੇ ਨਿਹਚਾ ਕਰਦੇ ਹਨ ਅਤੇ ਫਿਰ ਦੂਸਰਿਆਂ ਅੱਗੇ ਆਪਣੀ ਨਿਹਚਾ ਦਾ ਇਕਰਾਰ ਕਰਨ ਲਈ ਪ੍ਰੇਰਿਤ ਹੁੰਦੇ ਹਨ। ਜੇ ਨਾ ਹੋਣ, ਤਾਂ ਉਨ੍ਹਾਂ ਦੀ ਨਿਹਚਾ ਮੁਰਦਾ ਹੋਵੇਗੀ। (ਯਾਕੂਬ 2:26) ਪਹਿਲੀ ਸਦੀ ਵਿਚ ਸਾਰੇ ਵਫ਼ਾਦਾਰ ਮਸੀਹੀਆਂ ਨੇ ਆਪਣੀ ਨਿਹਚਾ ਦਾ ਇਕਰਾਰ ਕੀਤਾ ਸੀ ਜਿਸ ਕਰਕੇ ਯਹੋਵਾਹ ਦੇ ਨਾਂ ਦੀ ਬਹੁਤ ਵਡਿਆਈ ਹੋਈ।

15, 16. ਮਿਸਾਲਾਂ ਦੇ ਕੇ ਸਮਝਾਓ ਕਿ ਮਸਲਿਆਂ ਦੇ ਬਾਵਜੂਦ ਪ੍ਰਚਾਰ ਦਾ ਕੰਮ ਕਿੱਦਾਂ ਹੁੰਦਾ ਰਿਹਾ।

15 ਭਾਵੇਂ ਕਿ ਪਹਿਲੀ ਸਦੀ ਦੀ ਕਲੀਸਿਯਾ ਦੇ ਅੰਦਰ ਅਤੇ ਬਾਹਰ ਕਈ ਮਸਲੇ ਸਨ, ਫਿਰ ਵੀ ਯਹੋਵਾਹ ਨੇ ਆਪਣੇ ਲੋਕਾਂ ਨੂੰ ਬਰਕਤ ਦਿੱਤੀ ਅਤੇ ਚੇਲਿਆਂ ਦੀ ਗਿਣਤੀ ਵਧਦੀ ਗਈ। ਮਿਸਾਲ ਲਈ, ਰਸੂਲਾਂ ਦੇ ਕਰਤੱਬ ਦੇ 6ਵੇਂ ਅਧਿਆਇ ਵਿਚ ਇਬਰਾਨੀ ਭਾਸ਼ਾ ਬੋਲਣ ਵਾਲਿਆਂ ਅਤੇ ਯੂਨਾਨੀ ਭਾਸ਼ਾ ਬੋਲਣ ਵਾਲਿਆਂ ਵਿਚ ਹੋਈ ਅਣਬਣ ਬਾਰੇ ਦੱਸਿਆ ਗਿਆ ਹੈ। ਰਸੂਲਾਂ ਨੇ ਇਸ ਮਸਲੇ ਦਾ ਹੱਲ ਕੀਤਾ ਸੀ। ਇਸ ਦੇ ਨਤੀਜੇ ਵਜੋਂ ਅਸੀਂ ਪੜ੍ਹਦੇ ਹਾਂ: “ਪਰਮੇਸ਼ੁਰ ਦਾ ਬਚਨ ਫੈਲਦਾ ਗਿਆ ਅਰ ਯਰੂਸ਼ਲਮ ਵਿੱਚ ਚੇਲਿਆਂ ਦੀ ਗਿਣਤੀ ਬਹੁਤ ਵਧਦੀ ਜਾਂਦੀ ਸੀ ਅਤੇ ਬਹੁਤ ਸਾਰੇ ਜਾਜਕ ਉਸ ਮੱਤ ਦੇ ਮੰਨਣ ਵਾਲੇ ਹੋ ਗਏ।”—ਰਸੂਲਾਂ ਦੇ ਕਰਤੱਬ 6:7.

16 ਇਕ ਹੋਰ ਮਸਲੇ ਵੱਲ ਧਿਆਨ ਦਿਓ। ਯਹੂਦਿਯਾ ਦਾ ਰਾਜਾ ਹੇਰੋਦੇਸ ਅਗ੍ਰਿੱਪਾ ਸੂਰ ਅਤੇ ਸੈਦਾ ਦੇ ਲੋਕਾਂ ਨਾਲ ਬਹੁਤ ਨਾਰਾਜ਼ ਸੀ। ਇਨ੍ਹਾਂ ਸ਼ਹਿਰਾਂ ਦੇ ਵਾਸੀਆਂ ਨੇ ਸੁਲ੍ਹਾ ਕਰਨ ਲਈ ਹੇਰੋਦੇਸ ਦੀ ਝੂਠੀ ਪ੍ਰਸ਼ੰਸਾ ਕੀਤੀ ਅਤੇ ਹੇਰੋਦੇਸ ਨੇ ਲੋਕਾਂ ਅੱਗੇ ਭਾਸ਼ਣ ਦਿੱਤਾ। ਲੋਕ ਉੱਚੀ ਆਵਾਜ਼ ਵਿਚ ਕਹਿਣ ਲੱਗੇ: “ਇਹ ਤਾਂ ਦਿਓਤੇ ਦੀ ਅਵਾਜ਼ ਹੈ, ਮਨੁੱਖ ਦੀ ਨਹੀਂ!” ਉਸੇ ਸਮੇਂ ਯਹੋਵਾਹ ਦੇ ਇਕ ਦੂਤ ਨੇ ਹੇਰੋਦੇਸ ਅਗ੍ਰਿੱਪਾ ਨੂੰ ਮਾਰ ਮੁਕਾਇਆ “ਇਸ ਲਈ ਜੋ ਉਹ ਨੇ ਪਰਮੇਸ਼ੁਰ ਦੀ ਵਡਿਆਈ ਨਾ ਕੀਤੀ।” (ਰਸੂਲਾਂ ਦੇ ਕਰਤੱਬ 12:20-23) ਉਨ੍ਹਾਂ ਲੋਕਾਂ ਨੂੰ ਕਿੰਨਾ ਝਟਕਾ ਲੱਗਾ ਹੋਵੇਗਾ ਜੋ ਇਨਸਾਨੀ ਹਾਕਮਾਂ ਉੱਤੇ ਆਸ ਲਾਈ ਬੈਠੇ ਸਨ! (ਜ਼ਬੂਰਾਂ ਦੀ ਪੋਥੀ 146:3, 4) ਪਰ ਮਸੀਹੀ ਪਰਮੇਸ਼ੁਰ ਦੀ ਵਡਿਆਈ ਕਰਦੇ ਰਹੇ। ਇਸ ਲਈ ਅਜਿਹੇ ਸਿਆਸੀ ਮਸਲਿਆਂ ਦੇ ਬਾਵਜੂਦ “ਪਰਮੇਸ਼ੁਰ ਦਾ ਬਚਨ ਵਧਦਾ ਅਤੇ ਫੈਲਦਾ ਗਿਆ।”—ਰਸੂਲਾਂ ਦੇ ਕਰਤੱਬ 12:24.

ਉਹ ਸਮਾਂ ਅਤੇ ਅੱਜ

17. ਪਹਿਲੀ ਸਦੀ ਵਿਚ ਚੇਲਿਆਂ ਨੇ ਕੀ ਕੀਤਾ ਸੀ?

17 ਜੀ ਹਾਂ, ਪਹਿਲੀ ਸਦੀ ਵਿਚ ਸੰਸਾਰ ਭਰ ਦੀਆਂ ਕਲੀਸਿਯਾਵਾਂ ਵਿਚ ਸਾਰੇ ਮਸੀਹੀ ਬੜੇ ਜੋਸ਼ ਨਾਲ ਯਹੋਵਾਹ ਪਰਮੇਸ਼ੁਰ ਦੀ ਵਡਿਆਈ ਕਰਦੇ ਸਨ। ਸਾਰੇ ਵਫ਼ਾਦਾਰ ਮਸੀਹੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਵਿਚ ਹਿੱਸਾ ਲੈਂਦੇ ਸਨ। ਕਈਆਂ ਲੋਕਾਂ ਨੇ ਚੇਲਿਆਂ ਦੀਆਂ ਗੱਲਾਂ ਸੁਣੀਆਂ ਅਤੇ ਯਿਸੂ ਦੇ ਹੁਕਮਾਂ ਦੀ ਪਾਲਨਾ ਕਰਨੀ ਸਿੱਖੀ। (ਮੱਤੀ 28:19, 20) ਨਤੀਜਾ ਇਹ ਨਿਕਲਿਆ ਕਿ ਚੇਲਿਆਂ ਦੀ ਗਿਣਤੀ ਵਧਦੀ ਗਈ ਅਤੇ ਇਨ੍ਹਾਂ ਸਾਰੇ ਲੋਕਾਂ ਨੇ ਰਾਜਾ ਦਾਊਦ ਵਾਂਗ ਯਹੋਵਾਹ ਦੇ ਨਾਂ ਦੀ ਵਡਿਆਈ ਕੀਤੀ। ਉਨ੍ਹਾਂ ਨੇ ਦਾਊਦ ਵਾਂਗ ਮਹਿਸੂਸ ਕੀਤਾ ਜਦੋਂ ਉਸ ਨੇ ਇਹ ਸ਼ਬਦ ਗਾਏ ਸਨ: “ਹੇ ਪ੍ਰਭੁ, ਮੇਰੇ ਪਰਮੇਸ਼ੁਰ, ਮੈਂ ਆਪਣੇ ਸਾਰੇ ਮਨ ਨਾਲ ਤੇਰਾ ਧੰਨਵਾਦ ਕਰਾਂਗਾ, ਅਤੇ ਸਦਾ ਤੀਕ ਤੇਰੇ ਨਾਮ ਦੀ ਵਡਿਆਈ ਕਰਾਂਗਾ। ਤੇਰੀ ਦਯਾ ਤਾਂ ਮੇਰੇ ਉੱਤੇ ਵੱਡੀ ਹੈ।”—ਜ਼ਬੂਰਾਂ ਦੀ ਪੋਥੀ 86:12, 13.

18. (ੳ) ਪਹਿਲੀ ਸਦੀ ਦੀ ਮਸੀਹੀਅਤ ਅਤੇ ਅੱਜ ਦੇ ਈਸਾਈ-ਜਗਤ ਵਿਚ ਕਿਹੜਾ ਫ਼ਰਕ ਦੇਖਿਆ ਜਾ ਸਕਦਾ ਹੈ? (ਅ) ਅਸੀਂ ਅਗਲੇ ਲੇਖ ਵਿਚ ਕੀ ਦੇਖਾਂਗੇ?

18 ਧਿਆਨ ਦਿਓ ਕਿ ਧਰਮ-ਸ਼ਾਸਤਰ ਦੇ ਇਕ ਪ੍ਰੋਫ਼ੈਸਰ ਨੇ ਪਹਿਲੀ ਸਦੀ ਦੀ ਮਸੀਹੀਅਤ ਦੀ ਤੁਲਨਾ ਅੱਜ ਦੇ ਈਸਾਈ-ਜਗਤ ਨਾਲ ਕਿਸ ਤਰ੍ਹਾਂ ਕੀਤੀ ਸੀ: ‘ਰਸੂਲਾਂ ਦੇ ਕਰਤੱਬ ਦੀ ਪੁਸਤਕ ਅਨੁਸਾਰ, ਪੁਰਾਣੇ ਜ਼ਮਾਨੇ ਵਿਚ ਚਰਚ ਵਿਚ ਵਾਧਾ ਇਸ ਲਈ ਹੁੰਦਾ ਸੀ ਕਿਉਂਕਿ ਮਸੀਹੀ ਪ੍ਰਚਾਰ ਕਰਦੇ ਸਨ। ਪਰ ਅੱਜ-ਕੱਲ੍ਹ ਚਰਚਾਂ ਵਿਚ ਵਾਧਾ ਇਸ ਕਰਕੇ ਹੁੰਦਾ ਹੈ ਕਿਉਂਕਿ ਬੱਚੇ ਵੱਡੇ ਹੋ ਕੇ ਚਰਚ ਦੇ ਮੈਂਬਰ ਬਣਦੇ ਹਨ ਜਾਂ ਲੋਕ ਹੋਰ ਇਲਾਕਿਆਂ ਤੋਂ ਆ ਕੇ ਚਰਚ ਦੇ ਨਵੇਂ ਮੈਂਬਰ ਬਣਦੇ ਹਨ।’ ਤਾਂ ਫਿਰ ਕੀ ਇਸ ਦਾ ਇਹ ਮਤਲਬ ਹੈ ਕਿ ਅੱਜ ਸੱਚੇ ਧਰਮ ਵਿਚ ਉਸ ਤਰੀਕੇ ਨਾਲ ਵਾਧਾ ਨਹੀਂ ਹੋ ਰਿਹਾ ਜੋ ਤਰੀਕਾ ਯਿਸੂ ਨੇ ਦੱਸਿਆ ਸੀ? ਨਹੀਂ, ਸੱਚੇ ਮਸੀਹੀ ਅੱਜ ਵੀ ਪਹਿਲੀ ਸਦੀ ਦੇ ਮਸੀਹੀਆਂ ਵਾਂਗ ਪੂਰੇ ਜੋਸ਼ ਨਾਲ ਪਰਮੇਸ਼ੁਰ ਦੀ ਵਡਿਆਈ ਕਰ ਰਹੇ ਹਨ। ਅਸੀਂ ਇਸ ਦਾ ਸਬੂਤ ਅਗਲੇ ਲੇਖ ਵਿਚ ਦੇਖਾਂਗੇ।

ਕੀ ਤੁਸੀਂ ਸਮਝਾ ਸਕਦੇ ਹੋ?

• ਅਸੀਂ ਕਿਨ੍ਹਾਂ ਤਰੀਕਿਆਂ ਨਾਲ ਪਰਮੇਸ਼ੁਰ ਦੀ ਵਡਿਆਈ ਕਰਦੇ ਹਾਂ?

• ਪੌਲੁਸ ਨੇ ਜ਼ਬੂਰਾਂ ਦੀ ਪੋਥੀ 19:4 ਨੂੰ ਕਿਵੇਂ ਲਾਗੂ ਕੀਤਾ ਸੀ?

• ਨਿਹਚਾ ਅਤੇ ਪ੍ਰਚਾਰ ਕਰਨ ਵਿਚ ਕੀ ਸੰਬੰਧ ਹੈ?

• ਪਹਿਲੀ ਸਦੀ ਦੀ ਮਸੀਹੀ ਕਲੀਸਿਯਾ ਬਾਰੇ ਅਸੀਂ ਕਿਹੜੀ ਖ਼ਾਸ ਗੱਲ ਦੇਖਦੇ ਹਾਂ?

[ਸਵਾਲ]

[ਸਫ਼ੇ 8, 9 ਉੱਤੇ ਤਸਵੀਰ]

ਆਕਾਸ਼ ਹਮੇਸ਼ਾ ਪਰਮੇਸ਼ੁਰ ਦੀ ਵਡਿਆਈ ਕਰਦੇ ਹਨ

[ਕ੍ਰੈਡਿਟ ਲਾਈਨ]

Courtesy of Anglo-Australian Observatory, photograph by David Malin

[ਸਫ਼ੇ 10 ਉੱਤੇ ਤਸਵੀਰ]

ਪ੍ਰਾਰਥਨਾ ਦਾ ਪ੍ਰਚਾਰ ਦੇ ਕੰਮ ਨਾਲ ਗੂੜ੍ਹਾ ਸੰਬੰਧ ਹੈ