Skip to content

Skip to table of contents

ਉਤਪਤ ਦੀ ਕਿਤਾਬ ਦੇ ਕੁਝ ਖ਼ਾਸ ਨੁਕਤੇ—ਪਹਿਲਾ ਭਾਗ

ਉਤਪਤ ਦੀ ਕਿਤਾਬ ਦੇ ਕੁਝ ਖ਼ਾਸ ਨੁਕਤੇ—ਪਹਿਲਾ ਭਾਗ

ਯਹੋਵਾਹ ਦਾ ਬਚਨ ਜੀਉਂਦਾ ਹੈ

ਉਤਪਤ ਦੀ ਕਿਤਾਬ ਦੇ ਕੁਝ ਖ਼ਾਸ ਨੁਕਤੇ​—ਪਹਿਲਾ ਭਾਗ

“ਉਤਪਤ” ਦਾ ਮਤਲਬ ਹੈ “ਆਰੰਭ” ਜਾਂ “ਜਨਮ।” ਮੂਸਾ ਨੇ ਸੀਨਈ ਦੇ ਉਜਾੜ ਵਿਚ ਤਕਰੀਬਨ 3,500 ਸਾਲ ਪਹਿਲਾਂ ਉਤਪਤ ਨਾਮਕ ਕਿਤਾਬ ਲਿਖੀ ਸੀ। ਉਸ ਨੇ ਇਸ ਦੀ ਲਿਖਾਈ 1513 ਸਾ.ਯੁ.ਪੂ. ਵਿਚ ਖ਼ਤਮ ਕੀਤੀ ਸੀ। ਇਸ ਕਿਤਾਬ ਲਈ ਇਹ ਨਾਂ ਕਾਫ਼ੀ ਢੁਕਵਾਂ ਹੈ ਕਿਉਂਕਿ ਇਹ ਬ੍ਰਹਿਮੰਡ ਦੀ ਸ਼ੁਰੂਆਤ, ਇਨਸਾਨਾਂ ਦੀ ਸ੍ਰਿਸ਼ਟੀ ਅਤੇ ਉਨ੍ਹਾਂ ਲਈ ਧਰਤੀ ਦੀ ਤਿਆਰੀ ਬਾਰੇ ਦੱਸਦੀ ਹੈ।

ਉਤਪਤ ਦੀ ਕਿਤਾਬ ਸਾਨੂੰ ਜਲ-ਪਰਲੋ ਤੋਂ ਪਹਿਲਾਂ ਅਤੇ ਬਾਅਦ ਦੇ ਸਮੇਂ ਬਾਰੇ ਦੱਸਦੀ ਹੈ। ਇਸ ਵਿਚ ਸਾਨੂੰ ਪਤਾ ਲੱਗਦਾ ਹੈ ਕਿ ਯਹੋਵਾਹ ਪਰਮੇਸ਼ੁਰ ਅਬਰਾਹਾਮ, ਇਸਹਾਕ, ਯਾਕੂਬ ਅਤੇ ਯੂਸੁਫ਼ ਵਰਗੇ ਆਦਮੀਆਂ ਨਾਲ ਕਿਵੇਂ ਪੇਸ਼ ਆਇਆ ਸੀ। ਇਸ ਲੇਖ ਵਿਚ ਅਸੀਂ ਉਤਪਤ 1:1–11:9 ਦੇ ਹਿੱਸੇ ਦੇ ਕੁਝ ਖ਼ਾਸ ਨੁਕਤਿਆਂ ਵੱਲ ਧਿਆਨ ਦੇਵਾਂਗਾ। ਇਹ ਸਮਾਂ ਅਬਰਾਹਾਮ ਦੇ ਜ਼ਮਾਨੇ ਤੋਂ ਪਹਿਲਾਂ ਸੀ।

ਜਲ-ਪਰਲੋ ਤੋਂ ਪਹਿਲਾਂ ਦੀ ਦੁਨੀਆਂ

(ਉਤਪਤ 1:1–7:24)

ਉਤਪਤ ਦੇ ਆਰੰਭ ਵਿਚ “ਆਦ” ਦੀ ਗੱਲ ਕੀਤੀ ਗਈ ਹੈ ਜੋ ਕਿ ਅਰਬਾਂ ਹੀ ਸਾਲ ਪਹਿਲਾਂ ਦਾ ਜ਼ਿਕਰ ਹੈ। ਸ੍ਰਿਸ਼ਟੀ ਦੇ ਛੇ “ਦਿਨ” ਇਸ ਤਰ੍ਹਾਂ ਸਮਝਾਏ ਗਏ ਹਨ ਕਿ ਜੇ ਕੋਈ ਇਨਸਾਨ ਉਸ ਸਮੇਂ ਜੀਉਂਦਾ ਹੁੰਦਾ, ਤਾਂ ਉਹ ਹੋ ਰਹੀਆਂ ਗੱਲਾਂ ਨੂੰ ਸਮਝ ਸਕਦਾ। ਛੇਵੇਂ ਦਿਨ ਦੀ ਸਮਾਪਤੀ ਤਕ ਪਰਮੇਸ਼ੁਰ ਆਦਮੀ ਨੂੰ ਸ੍ਰਿਸ਼ਟ ਕਰ ਚੁੱਕਾ ਸੀ। ਇਸ ਤੋਂ ਕੁਝ ਸਮੇਂ ਬਾਅਦ ਹੀ ਇਨਸਾਨਾਂ ਨੇ ਆਪਣੀ ਅਣਆਗਿਆਕਾਰੀ ਕਾਰਨ ਆਪਣਾ ਸੁੰਦਰ ਘਰ ਗੁਆ ਦਿੱਤਾ, ਪਰ ਫਿਰ ਵੀ ਯਹੋਵਾਹ ਨੇ ਉਨ੍ਹਾਂ ਨੂੰ ਉਮੀਦ ਤੋਂ ਬਿਨਾਂ ਨਹੀਂ ਛੱਡਿਆ। ਬਾਈਬਲ ਦੀ ਪਹਿਲੀ ਭਵਿੱਖਬਾਣੀ ਵਿਚ ਇਕ “ਸੰਤਾਨ” ਦਾ ਜ਼ਿਕਰ ਕੀਤਾ ਗਿਆ ਹੈ ਜੋ ਪਾਪ ਦੇ ਨਤੀਜਿਆਂ ਨੂੰ ਮਿਟਾ ਦੇਵੇਗੀ ਅਤੇ ਸ਼ਤਾਨ ਦੇ ਸਿਰ ਨੂੰ ਫੇਹ ਦੇਵੇਗੀ।

ਅਗਲੀਆਂ 16 ਸਦੀਆਂ ਦੌਰਾਨ ਸ਼ਤਾਨ ਨੇ ਤਕਰੀਬਨ ਸਾਰਿਆਂ ਲੋਕਾਂ ਨੂੰ ਪਰਮੇਸ਼ੁਰ ਦੀ ਸੇਵਾ ਕਰਨ ਤੋਂ ਰੋਕ ਲਿਆ ਸੀ। ਮਿਸਾਲ ਲਈ ਕਇਨ ਨੇ ਪਰਮੇਸ਼ੁਰ ਵੱਲੋਂ ਆਪਣਾ ਮੂੰਹ ਮੋੜ ਕੇ ਆਪਣੇ ਭਰਾ ਹਾਬਲ ਦਾ ਕਤਲ ਕੀਤਾ। ਫਿਰ ਲੋਕ ਬੇਅਦਬ ਨਾਲ “ਯਹੋਵਾਹ ਦਾ ਨਾਮ ਲੈਣ ਲੱਗੇ।” ਇਸ ਤੋਂ ਬਾਅਦ ਲਾਮਕ ਦਾ ਸਮਾਂ ਇੰਨਾ ਹਿੰਸਾ ਭਰਿਆ ਸੀ ਕਿ ਉਸ ਨੇ ਆਪਣੀ ਕਵਿਤਾ ਵਿਚ ਲਿਖਿਆ ਕਿ ਉਸ ਨੂੰ ਆਪਣੀ ਜਾਨ ਬਚਾਉਣ ਲਈ ਇਕ ਗੱਭਰੂ ਦਾ ਖ਼ੂਨ ਕਰਨਾ ਪਿਆ ਸੀ। ਹਾਲਾਤ ਹੋਰ ਵੀ ਵਿਗੜਦੇ ਗਏ ਜਦੋਂ ਪਰਮੇਸ਼ੁਰ ਦੇ ਅਣਆਗਿਆਕਾਰ ਸਵਰਗੀ ਦੂਤ ਧਰਤੀ ਤੇ ਆ ਕੇ ਔਰਤਾਂ ਨਾਲ ਵਿਆਹ ਕਰਨ ਲੱਗੇ। ਉਨ੍ਹਾਂ ਦੇ ਘਰ ਦੈਂਤ ਜੰਮੇ ਜੋ ਬੜੇ ਹਿੰਸਕ ਸਨ। ਧਰਤੀ ਉੱਤੇ ਹਾਬਲ, ਹਨੋਕ ਅਤੇ ਨੂਹ ਵਰਗੇ ਸਿਰਫ਼ ਕੁਝ ਹੀ ਵਫ਼ਾਦਾਰ ਇਨਸਾਨ ਰਹੇ ਸਨ। ਨੂਹ ਨੇ ਇਕ ਕਿਸ਼ਤੀ ਬਣਾਈ ਅਤੇ ਦਲੇਰੀ ਨਾਲ ਸਾਰਿਆਂ ਨੂੰ ਆਉਣ ਵਾਲੀ ਜਲ-ਪਰਲੋ ਬਾਰੇ ਚੇਤਾਵਨੀ ਦਿੱਤੀ। ਉਹ ਅਤੇ ਉਸ ਦਾ ਪਰਿਵਾਰ ਇਸ ਤਬਾਹੀ ਤੋਂ ਬਚ ਨਿਕਲੇ ਸਨ।

ਕੁਝ ਸਵਾਲਾਂ ਦੇ ਜਵਾਬ:

1:16—ਪਰਮੇਸ਼ੁਰ ਪਹਿਲੇ ਦਿਨ ਤੇ ਚਾਨਣ ਕਿੱਦਾਂ ਕਰ ਸਕਦਾ ਸੀ ਜਦ ਕਿ ਜੋਤਾਂ ਚੌਥੇ ਦਿਨ ਤੇ ਬਣਾਈਆਂ ਗਈਆਂ ਸਨ? ਇਬਰਾਨੀ ਸ਼ਬਦ ਜਿਸ ਦਾ 16ਵੀਂ ਆਇਤ ਵਿਚ ‘ਬਣਾਇਆ’ ਅਨੁਵਾਦ ਕੀਤਾ ਗਿਆ ਹੈ, ਉਸ ਦਾ ਮਤਲਬ ਉਤਪਤ 1:1, 21 ਅਤੇ 27 ਵਿਚ ਵਰਤੇ ਗਏ “ਉਤਪਤ” ਸ਼ਬਦ ਤੋਂ ਵੱਖਰਾ ਹੈ। ‘ਪਹਿਲੇ ਦਿਨ’ ਵਿਚ ਸ੍ਰਿਸ਼ਟ ਕੀਤੀਆਂ ਗਈਆਂ ਚੀਜ਼ਾਂ ਨਾਲੋਂ ਬਹੁਤ ਚਿਰ ਪਹਿਲਾਂ “ਅਕਾਸ਼” ਅਤੇ ਜੋਤਾਂ ਰਚੀਆਂ ਗਈਆਂ ਸਨ। ਪਰ ਉਨ੍ਹਾਂ ਦੀ ਰੋਸ਼ਨੀ ਧਰਤੀ ਤਕ ਉਸੇ ਵੇਲੇ ਨਹੀਂ ਪਹੁੰਚੀ। ਤਾਂ ਫਿਰ, ਪਹਿਲੇ ਦਿਨ ਤੇ ਹਲਕੀ ਜਿਹੀ ਰੋਸ਼ਨੀ ਬਦਲਾਂ ਵਿੱਚੋਂ ਲੰਘੀ। ਇਸ ਲਈ ਕਿਹਾ ਜਾ ਸਕਦਾ ਸੀ ਕਿ ਧਰਤੀ ਉੱਤੇ “ਚਾਨਣ ਹੋ ਗਿਆ।” ਹਰ 24 ਘੰਟੇ ਧਰਤੀ ਆਪਣੀ ਧੁਰੀ ਤੇ ਗੇੜਾ ਕੱਢਦੀ ਹੈ ਇਸ ਨਾਲ ਰਾਤ ਅਤੇ ਦਿਨ ਹੁੰਦਾ ਹੈ। (ਉਤਪਤ 1:1-3, 5) ਪਰ ਜੋਤਾਂ ਹਾਲੇ ਵੀ ਧਰਤੀ ਤੋਂ ਨਜ਼ਰ ਨਹੀਂ ਆਉਂਦੀਆਂ ਸਨ। ਫਿਰ ਸ੍ਰਿਸ਼ਟੀ ਦੇ ਚੌਥੇ ਦਿਨ ਤੇ ਇਕ ਖ਼ਾਸ ਤਬਦੀਲੀ ਹੋਈ। ਸੂਰਜ, ਚੰਦ ਅਤੇ ਤਾਰੇ “ਧਰਤੀ ਉੱਤੇ ਚਾਨਣ ਕਰਨ” ਲੱਗੇ ਯਾਨੀ ਨਜ਼ਰ ਆਉਣ ਲੱਗੇ। (ਉਤਪਤ 1:17) ਇਸ ਲਈ ਕਿਹਾ ਜਾ ਸਕਦਾ ਸੀ ਕਿ ‘ਪਰਮੇਸ਼ੁਰ ਨੇ ਜੋਤਾਂ ਬਣਾਈਆਂ’ ਕਿਉਂਕਿ ਹੁਣ ਉਹ ਧਰਤੀ ਤੋਂ ਦੇਖੀਆਂ ਜਾ ਸਕਦੀਆਂ ਸਨ।

3:8—ਕੀ ਯਹੋਵਾਹ ਨੇ ਆਦਮ ਨਾਲ ਖ਼ੁਦ ਗੱਲ ਕੀਤੀ ਸੀ? ਬਾਈਬਲ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਆਮ ਤੌਰ ਤੇ ਦੂਤਾਂ ਰਾਹੀਂ ਇਨਸਾਨਾਂ ਨਾਲ ਗੱਲ ਕਰਦਾ ਸੀ। (ਉਤਪਤ 16:7-11; 18:1-3, 22-26; 19:1; ਨਿਆਈਆਂ 2:1-4; 6:11-16, 22; 13:15-22) ਉਹ ਖ਼ਾਸ ਕਰਕੇ ਆਪਣੇ ਇਕਲੌਤੇ ਪੁੱਤਰ ਦੁਆਰਾ ਇਨਸਾਨਾਂ ਨਾਲ ਗੱਲ ਕਰਦਾ ਸੀ, ਜਿਸ ਪੁੱਤਰ ਨੂੰ “ਸ਼ਬਦ” ਵੀ ਆਖਿਆ ਗਿਆ ਹੈ। (ਯੂਹੰਨਾ 1:1) ਸੰਭਵ ਹੈ ਕਿ ਪਰਮੇਸ਼ੁਰ ਨੇ ਆਦਮ ਤੇ ਹੱਵਾਹ ਨਾਲ “ਸ਼ਬਦ” ਯਾਨੀ ਯਿਸੂ ਰਾਹੀਂ ਹੀ ਗੱਲ ਕੀਤੀ ਸੀ।​—ਉਤਪਤ 1:26-28; 2:16; 3:8-13.

3:17—ਜ਼ਮੀਨ ਕਿਸ ਤਰ੍ਹਾਂ ਅਤੇ ਕਿੰਨੀ ਦੇਰ ਤਕ ਸਰਾਪੀ ਗਈ ਸੀ? ਜ਼ਮੀਨ ਦੇ ਸਰਾਪੇ ਜਾਣ ਦਾ ਮਤਲਬ ਇਹ ਸੀ ਕਿ ਉਸ ਦੀ ਵਾਹੀ ਕਰਨੀ ਬਹੁਤ ਮੁਸ਼ਕਲ ਹੋਣੀ ਸੀ। ਇਸ ਸਰਾਪ ਦਾ ਅਸਰ ਆਦਮ ਦੀ ਸੰਤਾਨ ਉੱਤੇ ਇੰਨਾ ਪਿਆ ਕਿ ਨੂਹ ਦੇ ਪਿਤਾ ਲਾਮਕ ਨੇ ਆਪਣੇ ‘ਹੱਥਾਂ ਦੀ ਸਖ਼ਤ ਕਮਾਈ’ ਅਤੇ ਤੰਗੀ ਦਾ ਜ਼ਿਕਰ ਕੀਤਾ। ਇਹ ਤੰਗੀ ‘ਜ਼ਮੀਨ ਦੇ ਕਾਰਨ ਉਨ੍ਹਾਂ ਉੱਤੇ ਆਈ ਹੋਈ ਸੀ ਜਿਸ ਉੱਤੇ ਯਹੋਵਾਹ ਦਾ ਸਰਾਪ ਪਿਆ ਹੋਇਆ ਸੀ।’ (ਉਤਪਤ 5:29) ਜਲ-ਪਰਲੋ ਤੋਂ ਬਾਅਦ ਯਹੋਵਾਹ ਨੇ ਨੂਹ ਅਤੇ ਉਸ ਦੇ ਪੁੱਤਰਾਂ ਨੂੰ ਅਸੀਸ ਦਿੱਤੀ ਅਤੇ ਆਪਣੇ ਮਕਸਦ ਬਾਰੇ ਦੱਸਿਆ ਕਿ ਉਹ ਪੂਰੀ ਧਰਤੀ ਨੂੰ ਆਪਣੀ ਸੰਤਾਨ ਨਾਲ ਭਰ ਦੇਣ। (ਉਤਪਤ 9:1) ਇਸ ਤੋਂ ਜ਼ਾਹਰ ਹੁੰਦਾ ਹੈ ਕਿ ਪਰਮੇਸ਼ੁਰ ਨੇ ਜ਼ਮੀਨ ਉੱਤੋਂ ਆਪਣਾ ਸਰਾਪ ਹਟਾ ਦਿੱਤਾ ਸੀ।​—ਉਤਪਤ 13:10.

4:15—ਯਹੋਵਾਹ ਨੇ ‘ਕਇਨ ਲਈ ਇੱਕ ਨਿਸ਼ਾਨ ਕਿਵੇਂ ਠਹਿਰਾਇਆ’ ਸੀ? ਬਾਈਬਲ ਇਹ ਨਹੀਂ ਕਹਿੰਦੀ ਕਿ ਕਇਨ ਦੇ ਸਰੀਰ ਤੇ ਕੋਈ ਨਿਸ਼ਾਨ ਲਾਇਆ ਗਿਆ ਸੀ। ਇਹ ਨਿਸ਼ਾਨ ਸ਼ਾਇਦ ਕੋਈ ਅਜਿਹਾ ਫ਼ਰਮਾਨ ਸੀ ਜੋ ਸਭ ਜਾਣਦੇ ਅਤੇ ਮੰਨਦੇ ਸਨ ਅਤੇ ਜਿਸ ਕਰਕੇ ਕਇਨ ਉੱਤੇ ਬਦਲਾ ਨਹੀਂ ਲਿਆ ਜਾ ਸਕਦਾ ਸੀ।

4:17—ਕਇਨ ਦੀ ਪਤਨੀ ਕੌਣ ਸੀ? ਆਦਮ “ਤੋਂ ਪੁੱਤ੍ਰ ਧੀਆਂ ਜੰਮੇ।” (ਉਤਪਤ 5:4) ਇਸ ਲਈ ਕਇਨ ਨੇ ਆਪਣੀਆਂ ਭੈਣਾਂ ਜਾਂ ਭਤੀਜੀਆਂ-ਭਾਣਜੀਆਂ ਵਿੱਚੋਂ ਪਤਨੀ ਚੁਣੀ ਸੀ। ਪਰ ਬਾਅਦ ਵਿਚ ਇਸਰਾਏਲੀਆਂ ਨੂੰ ਦਿੱਤੀ ਗਈ ਪਰਮੇਸ਼ੁਰ ਦੀ ਬਿਵਸਥਾ ਵਿਚ ਭੈਣ-ਭਰਾ ਨਾਲ ਵਿਆਹ ਕਰਨਾ ਮਨ੍ਹਾ ਸੀ।​—ਲੇਵੀਆਂ 18:9.

5:24—ਪਰਮੇਸ਼ੁਰ ਨੇ ਕਿਹੜੇ ਤਰੀਕੇ ਨਾਲ ਹਨੋਕ “ਨੂੰ ਲੈ ਲਿਆ” ਸੀ? ਇਸ ਤਰ੍ਹਾਂ ਲੱਗਦਾ ਹੈ ਕਿ ਹਨੋਕ ਦੀ ਜਾਨ ਖ਼ਤਰੇ ਵਿਚ ਸੀ। ਪੌਲੁਸ ਰਸੂਲ ਨੇ ਲਿਖਿਆ: “ਹਨੋਕ ਉਤਾਹਾਂ ਚੁੱਕਿਆ ਗਿਆ ਭਈ ਮੌਤ ਨਾ ਵੇਖੇ।” (ਇਬਰਾਨੀਆਂ 11:5) ਪਰ ਇਸ ਦਾ ਇਹ ਮਤਲਬ ਨਹੀਂ ਸੀ ਕਿ ਉਹ ਸਵਰਗ ਨੂੰ ਪਰਮੇਸ਼ੁਰ ਕੋਲ ਚਲਾ ਗਿਆ ਸੀ। ਯਿਸੂ ਪਹਿਲਾ ਇਨਸਾਨ ਸੀ ਜੋ ਧਰਤੀ ਤੋਂ ਸਵਰਗ ਨੂੰ ਗਿਆ। (ਯੂਹੰਨਾ 3:13; ਇਬਰਾਨੀਆਂ 6:19, 20) ਤਾਂ ਫਿਰ ਇਸ ਦਾ ਕੀ ਮਤਲਬ ਹੋ ਸਕਦਾ ਹੈ ਕਿ “ਹਨੋਕ ਉਤਾਹਾਂ ਚੁੱਕਿਆ ਗਿਆ ਭਈ ਮੌਤ ਨਾ ਵੇਖੇ”? ਇਸ ਦਾ ਮਤਲਬ ਇਹ ਹੋ ਸਕਦਾ ਹੈ ਕਿ ਪਰਮੇਸ਼ੁਰ ਨੇ ਉਸ ਨੂੰ ਮੌਤ ਦੀ ਨੀਂਦ ਸੁਲਾ ਦਿੱਤਾ ਤਾਂਕਿ ਉਸ ਨੂੰ ਆਪਣੇ ਵੈਰੀਆਂ ਦੇ ਹੱਥੋਂ ਬੁਰੀ ਮੌਤ ਨਾ ਮਰਨਾ ਪਵੇ।

6:6—ਯਹੋਵਾਹ ਨੂੰ ਇਨਸਾਨ ਨੂੰ ਬਣਾਉਣ ਤੋਂ ਕਿਸ ਤਰੀਕੇ ਨਾਲ “ਰੰਜ ਹੋਇਆ” ਸੀ? ਜਿਸ ਇਬਰਾਨੀ ਸ਼ਬਦ ਦਾ ਤਰਜਮਾ “ਰੰਜ ਹੋਇਆ” ਕੀਤਾ ਗਿਆ ਹੈ ਉਹ ਇਰਾਦਾ ਜਾਂ ਰਵੱਈਆ ਬਦਲਣ ਨੂੰ ਸੰਕੇਤ ਕਰਦਾ ਹੈ। ਯਹੋਵਾਹ ਨੇ ਸੰਪੂਰਣ ਹੋਣ ਦੇ ਨਾਤੇ ਇਨਸਾਨ ਨੂੰ ਬਣਾਉਂਦੇ ਹੋਏ ਕੋਈ ਗ਼ਲਤੀ ਨਹੀਂ ਕੀਤੀ ਸੀ। ਪਰ ਜਲ-ਪਰਲੋ ਤੋਂ ਪਹਿਲਾਂ ਦੇ ਦੁਸ਼ਟ ਲੋਕਾਂ ਬਾਰੇ ਉਸ ਦਾ ਇਰਾਦਾ ਜ਼ਰੂਰ ਬਦਲ ਗਿਆ ਸੀ। ਭਾਵੇਂ ਯਹੋਵਾਹ ਨੇ ਇਨਸਾਨਾਂ ਨੂੰ ਬਣਾਇਆ ਸੀ, ਫਿਰ ਵੀ ਉਨ੍ਹਾਂ ਦੇ ਦੁਸ਼ਟ ਕੰਮ ਦੇਖ ਕੇ ਉਸ ਨੇ ਉਨ੍ਹਾਂ ਦਾ ਨਾਸ਼ ਵੀ ਕੀਤਾ, ਪਰ ਸਾਰੇ ਇਨਸਾਨਾਂ ਦਾ ਨਹੀਂ। ਇਸ ਤੋਂ ਪਤਾ ਲੱਗਦਾ ਹੈ ਕਿ ਉਸ ਨੂੰ ਸਾਰਿਆਂ ਤੋਂ ਨਹੀਂ ਪਰ ਸਿਰਫ਼ ਦੁਸ਼ਟਾਂ ਤੋਂ ਰੰਜ ਹੋਇਆ ਸੀ।​—2 ਪਤਰਸ 2:5, 9.

7:2—ਨੂਹ ਕਿਸ ਤਰ੍ਹਾਂ ਜਾਣਦਾ ਸੀ ਕਿ ਕਿਹੜੇ ਜਾਨਵਰ ਸ਼ੁੱਧ ਅਤੇ ਕਿਹੜੇ ਅਸ਼ੁੱਧ ਸਨ? ਜਲ-ਪਰਲੋ ਤੋਂ ਪਹਿਲਾਂ ਇਨਸਾਨ ਮੀਟ ਨਹੀਂ ਖਾਂਦੇ ਸਨ, ਤਾਂ ਫਿਰ ਇੱਥੇ ਸ਼ੁੱਧ ਤੇ ਅਸ਼ੁੱਧ ਭੋਜਨ ਬਾਰੇ ਨਹੀਂ, ਪਰ ਭੇਟ ਚੜ੍ਹਾਉਣ ਬਾਰੇ ਗੱਲ ਕੀਤੀ ਗਈ ਹੈ। ਮੂਸਾ ਦੀ ਬਿਵਸਥਾ ਨਾਲ ਹੀ ਭੋਜਨ ਵਾਸਤੇ ਮੀਟ ਨੂੰ “ਸ਼ੁੱਧ” ਅਤੇ “ਅਸ਼ੁੱਧ” ਭਾਗਾਂ ਵਿਚ ਵੰਡਣਾ ਸ਼ੁਰੂ ਹੋਇਆ ਸੀ। ਜਦ ਬਿਵਸਥਾ ਨੂੰ ਖ਼ਤਮ ਕੀਤਾ ਗਿਆ, ਤਾਂ ਇਸ ਦੇ ਨਾਲ ਹੀ ਮੀਟ ਨੂੰ “ਸ਼ੁੱਧ” ਅਤੇ “ਅਸ਼ੁੱਧ” ਭਾਗਾਂ ਵਿਚ ਵੰਡਣਾ ਵੀ ਖ਼ਤਮ ਹੋ ਗਿਆ। (ਰਸੂਲਾਂ ਦੇ ਕਰਤੱਬ 10:9-16; ਅਫ਼ਸੀਆਂ 2:15) ਪਰ ਨੂਹ ਜਾਣਦਾ ਸੀ ਕਿ ਯਹੋਵਾਹ ਨੂੰ ਭੇਟ ਵਜੋਂ ਕਿਹੜੇ ਜਾਨਵਰ ਚੜ੍ਹਾਏ ਜਾ ਸਕਦੇ ਸਨ ਯਾਨੀ ਕਿਹੜੇ ਜਾਨਵਰ ਸ਼ੁੱਧ ਸਨ। ਜਲ-ਪਰਲੋ ਤੋਂ ਬਾਅਦ ਕਿਸ਼ਤੀ ਤੋਂ ਬਾਹਰ ਨਿਕਲਦੇ ਹੀ: “ਨੂਹ ਨੇ ਇੱਕ ਜਗਵੇਦੀ ਯਹੋਵਾਹ ਲਈ ਬਣਾਈ ਅਤੇ ਸ਼ੁੱਧ ਡੰਗਰਾਂ ਅਰ ਸ਼ੁੱਧ ਪੰਛੀਆਂ ਵਿੱਚੋਂ ਲੈਕੇ ਉਸ ਨੇ ਜਗਵੇਦੀ ਉੱਤੇ ਹੋਮ ਦੀਆਂ ਬਲੀਆਂ ਚੜ੍ਹਾਈਆਂ।”​—ਉਤਪਤ 8:20.

7:11—ਜਲ-ਪਰਲੋ ਲਈ ਇੰਨਾ ਸਾਰਾ ਪਾਣੀ ਕਿੱਥੋਂ ਆਇਆ ਸੀ? ਸ੍ਰਿਸ਼ਟੀ ਦੇ ਦੂਜੇ ਦਿਨ ਦੌਰਾਨ ਜਦ ਧਰਤੀ ਦਾ “ਅੰਬਰ” ਬਣਾਇਆ ਗਿਆ ਸੀ, ਤਾਂ ਉਸ ਵੇਲੇ ਅੰਬਰ ਦੇ ‘ਹੇਠ’ ਪਾਣੀ ਸੀ ਤੇ ਅੰਬਰ ਦੇ ‘ਉੱਪਰ’ ਵੀ ਪਾਣੀ ਸੀ। (ਉਤਪਤ 1:6, 7) “ਹੇਠਲੇ” ਪਾਣੀ ਧਰਤੀ ਦੇ ਡੂੰਘੇ ਸਮੁੰਦਰ ਸਨ। ਉੱਪਰਲੀ “ਵੱਡੀ ਡੁੰਘਿਆਈ” ਉੱਪਰਲੇ ਭਾਰੇ ਬਦਲਾਂ ਵਰਗੇ ਪਾਣੀਆਂ ਤੋਂ ਬਣੀ ਹੋਈ ਸੀ। ਨੂਹ ਦੇ ਦਿਨਾਂ ਵਿਚ ਇਹ ਉੱਪਰਲੇ ਪਾਣੀ ਧਰਤੀ ਤੇ ਡਿਗੇ।

ਸਾਡੇ ਲਈ ਸਬਕ:

1:26. ਪਰਮੇਸ਼ੁਰ ਦੇ ਸਰੂਪ ਉੱਤੇ ਬਣਾਏ ਜਾਣ ਕਰਕੇ ਇਨਸਾਨ ਪਰਮੇਸ਼ੁਰ ਦੇ ਗੁਣ ਅਪਣਾਉਣ ਦੇ ਕਾਬਲ ਹਨ। ਤਾਂ ਫਿਰ ਆਪਣੇ ਸਵਰਗੀ ਪਿਤਾ ਵਰਗੇ ਬਣਨ ਲਈ ਸਾਨੂੰ ਪ੍ਰੇਮ, ਦਇਆ, ਦਿਆਲਤਾ, ਨੇਕੀ ਅਤੇ ਧੀਰਜ ਵਰਗੇ ਗੁਣ ਅਪਣਾਉਣੇ ਚਾਹੀਦੇ ਹਨ।

2:22-24. ਵਿਆਹ ਦਾ ਪ੍ਰਬੰਧ ਪਰਮੇਸ਼ੁਰ ਨੇ ਸ਼ੁਰੂ ਕੀਤਾ ਸੀ। ਵਿਆਹ ਇਕ ਅਟੁੱਟ ਅਤੇ ਪਵਿੱਤਰ ਬੰਧਨ ਹੋਣਾ ਚਾਹੀਦਾ ਹੈ ਅਤੇ ਪਤੀ ਨੂੰ ਆਪਣੇ ਘਰ ਦੀ ਅਗਵਾਈ ਕਰਨੀ ਚਾਹੀਦੀ ਹੈ।

3:1-5, 16-23. ਸਾਡੀ ਖ਼ੁਸ਼ੀ ਇਹ ਗੱਲ ਪਛਾਣਨ ਤੇ ਨਿਰਭਰ ਕਰਦੀ ਹੈ ਕਿ ਯਹੋਵਾਹ ਕੋਲ ਸਾਨੂੰ ਦੱਸਣ ਦਾ ਹੱਕ ਹੈ ਕਿ ਸਾਡੇ ਲਈ ਕੀ ਸਹੀ ਹੈ ਅਤੇ ਕੀ ਗ਼ਲਤ।

3:18, 19; 5:5; 6:7; 7:23. ਯਹੋਵਾਹ ਦਾ ਬਚਨ ਹਮੇਸ਼ਾ ਪੂਰਾ ਹੋ ਕੇ ਰਹਿੰਦਾ ਹੈ।

4:3-7. ਯਹੋਵਾਹ ਧਰਮੀ ਹਾਬਲ ਦੇ ਬਲੀਦਾਨ ਤੋਂ ਇਸ ਲਈ ਖ਼ੁਸ਼ ਸੀ ਕਿਉਂਕਿ ਉਹ ਪੱਕੀ ਨਿਹਚਾ ਰੱਖਦਾ ਸੀ। (ਇਬਰਾਨੀਆਂ 11:4) ਦੂਸਰੇ ਪਾਸੇ, ਕਇਨ ਦੇ ਬੁਰੇ ਤੇ ਦੁਸ਼ਟ ਕੰਮਾਂ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਉਸ ਦੀ ਨਿਹਚਾ ਕਮਜ਼ੋਰ ਸੀ। ਉਸ ਦਾ ਸੁਭਾਅ ਈਰਖਾਲੂ, ਹਿੰਸਕ ਤੇ ਨਫ਼ਰਤ ਭਰਿਆ ਸੀ। (1 ਯੂਹੰਨਾ 3:12) ਜ਼ਾਹਰ ਹੈ ਕਿ ਪਰਮੇਸ਼ੁਰ ਨੂੰ ਬਲੀਦਾਨ ਚੜ੍ਹਾਉਣ ਤੋਂ ਪਹਿਲਾਂ ਕਇਨ ਨੇ ਇਸ ਬਾਰੇ ਚੰਗੀ ਤਰ੍ਹਾਂ ਨਹੀਂ ਸੋਚਿਆ ਸੀ। ਸਾਨੂੰ ਆਪਣੇ ਉਸਤਤ ਦੇ ਬਲੀਦਾਨ ਸੋਚ-ਸਮਝ ਕੇ ਪੂਰੇ ਦਿਲ ਅਤੇ ਸਹੀ ਰਵੱਈਏ ਨਾਲ ਚੜ੍ਹਾਉਣੇ ਚਾਹੀਦੇ ਹਨ।

6:22. ਨੂਹ ਨੂੰ ਕਿਸ਼ਤੀ ਬਣਾਉਣ ਲਈ ਕਾਫ਼ੀ ਸਾਲ ਲੱਗੇ ਸਨ, ਪਰ ਫਿਰ ਵੀ ਉਸ ਨੇ ਉਸੇ ਤਰ੍ਹਾਂ ਹੀ ਕੀਤਾ ਜਿਸ ਤਰ੍ਹਾਂ ਪਰਮੇਸ਼ੁਰ ਨੇ ਉਸ ਨੂੰ ਹੁਕਮ ਦਿੱਤਾ ਸੀ। ਇਸ ਲਈ ਜਦ ਜਲ-ਪਰਲੋ ਆਈ, ਤਾਂ ਨੂਹ ਅਤੇ ਉਸ ਦੇ ਪਰਿਵਾਰ ਦਾ ਦੂਸਰੇ ਲੋਕਾਂ ਨਾਲ ਨਾਸ਼ ਨਹੀਂ ਹੋਇਆ। ਯਹੋਵਾਹ ਸਾਡੇ ਨਾਲ ਆਪਣੇ ਬਚਨ ਰਾਹੀਂ ਗੱਲ ਕਰਦਾ ਅਤੇ ਆਪਣੇ ਸੰਗਠਨ ਰਾਹੀਂ ਸਾਡਾ ਨਿਰਦੇਸ਼ਨ ਕਰਦਾ ਹੈ। ਉਸ ਦੀ ਗੱਲ ਸੁਣਨ ਵਿਚ ਸਾਡਾ ਭਲਾ ਹੁੰਦਾ ਹੈ।

7:21-24. ਯਹੋਵਾਹ ਪਾਪੀਆਂ ਦੇ ਨਾਲ-ਨਾਲ ਨੇਕ ਲੋਕਾਂ ਦਾ ਨਾਸ਼ ਨਹੀਂ ਕਰਦਾ।

ਇਨਸਾਨ ਦਾ ਨਵੇਂ ਯੁਗ ਵਿਚ ਕਦਮ

(ਉਤਪਤ 8:1–11:9)

ਜਲ-ਪਰਲੋ ਤੋਂ ਪਹਿਲਾਂ ਦੀ ਦੁਨੀਆਂ ਦੇ ਨਾਸ਼ ਤੋਂ ਬਾਅਦ ਇਨਸਾਨ ਨੇ ਨਵੇਂ ਯੁਗ ਵਿਚ ਕਦਮ ਰੱਖਿਆ। ਇਨਸਾਨਾਂ ਨੂੰ ਮੀਟ ਖਾਣ ਦੀ ਇਜਾਜ਼ਤ ਦਿੱਤੀ ਗਈ ਸੀ, ਪਰ ਖ਼ੂਨ ਖਾਣ ਦੀ ਨਹੀਂ। ਯਹੋਵਾਹ ਨੇ ਖ਼ੂਨੀਆਂ ਨੂੰ ਮੌਤ ਦੀ ਸਜ਼ਾ ਦੇਣ ਦੀ ਇਜਾਜ਼ਤ ਦਿੱਤੀ। ਉਸ ਨੇ ਸਤਰੰਗੀ ਪੀਂਘ ਦਾ ਨੇਮ ਸਥਾਪਿਤ ਕੀਤਾ ਜਿਸ ਵਿਚ ਉਸ ਨੇ ਵਾਅਦਾ ਕੀਤਾ ਕਿ ਉਹ ਫਿਰ ਕਦੀ ਪੂਰੀ ਧਰਤੀ ਉੱਤੇ ਜਲ-ਪਰਲੋ ਨਹੀਂ ਲਿਆਵੇਗਾ। ਨੂਹ ਦੇ ਤਿੰਨ ਪੁੱਤਰਾਂ ਤੋਂ ਸਾਰੀ ਮਨੁੱਖਜਾਤੀ ਪੈਦਾ ਹੋਈ ਪਰ ਉਸ ਦਾ ਪੜਪੋਤਾ ਨਿਮਰੋਦ ‘ਯਹੋਵਾਹ ਦੇ ਵਿਰੁੱਧ ਇੱਕ ਬਲਵੰਤ ਸ਼ਿਕਾਰੀ ਬਣਿਆ।’ ਯਹੋਵਾਹ ਦੀ ਇੱਛਾ ਮੁਤਾਬਕ ਪੂਰੀ ਧਰਤੀ ਭਰਨ ਦੀ ਬਜਾਇ ਲੋਕਾਂ ਨੇ ਇੱਕੋ ਜਗ੍ਹਾ ਰਹਿ ਕੇ ਬਾਬਲ ਨਾਮਕ ਸ਼ਹਿਰ ਅਤੇ ਬੁਰਜ ਬਣਾਇਆ। ਉਨ੍ਹਾਂ ਨੇ ਆਪਣੇ ਲਈ ‘ਇੱਕ ਨਾਉਂ ਵੀ ਕੱਢਣਾ’ ਚਾਹਿਆ। ਪਰ ਯਹੋਵਾਹ ਨੇ ਉਨ੍ਹਾਂ ਦੇ ਇਰਾਦਿਆਂ ਨੂੰ ਰੋਕ ਦਿੱਤਾ। ਉਸ ਨੇ ਉਨ੍ਹਾਂ ਦੀ ਬੋਲੀ ਵੱਖ-ਵੱਖ ਕਰ ਦਿੱਤੀ ਤਾਂਕਿ ਉਹ ਇਕ-ਦੂਜੇ ਨੂੰ ਸਮਝ ਨਾ ਸਕਣ ਅਤੇ ਉਸ ਨੇ ਉਨ੍ਹਾਂ ਨੂੰ ਉੱਥੋਂ ਸਾਰੀ ਧਰਤੀ ਵਿਚ ਖਿੰਡਾ ਦਿੱਤਾ।

ਕੁਝ ਸਵਾਲਾਂ ਦੇ ਜਵਾਬ:

8:11—ਜੇ ਜਲ-ਪਰਲੋ ਵਿਚ ਸਾਰੇ ਦਰਖ਼ਤ ਨਸ਼ਟ ਹੋ ਗਏ ਸਨ, ਤਾਂ ਘੁੱਗੀ ਨੇ ਜ਼ੈਤੂਨ ਦਾ ਪੱਤਾ ਕਿੱਥੋਂ ਲਿਆਂਦਾ ਸੀ? ਦੋ ਗੱਲਾਂ ਸੰਭਵ ਹੋ ਸਕਦੀਆਂ ਹਨ। ਪਹਿਲੀ ਗੱਲ, ਜ਼ੈਤੂਨ ਦਾ ਦਰਖ਼ਤ ਕਾਫ਼ੀ ਮਜ਼ਬੂਤ ਹੈ ਅਤੇ ਹੋ ਸਕਦਾ ਹੈ ਕਿ ਇਹ ਕਈ ਮਹੀਨਿਆਂ ਲਈ ਪਾਣੀ ਹੇਠਾਂ ਜ਼ਿੰਦਾ ਰਹਿ ਸਕਿਆ। ਹੜ੍ਹ ਦੇ ਪਾਣੀ ਘਟਣ ਤੋਂ ਬਾਅਦ ਦਰਖ਼ਤ ਤੇ ਫਿਰ ਪੱਤੇ ਲੱਗ ਸਕਦੇ ਸਨ। ਦੂਸਰੀ ਗੱਲ, ਘੁੱਗੀ ਨੇ ਸ਼ਾਇਦ ਪੱਤਾ ਕਿਸੇ ਨਵੀਂ-ਨਵੀਂ ਟਹਿਣੀ ਤੋਂ ਲਿਆਂਦਾ ਸੀ।

9:20-25​—ਨੂਹ ਨੇ ਕਨਾਨ ਨੂੰ ਕਿਉਂ ਸਰਾਪਿਆ ਸੀ? ਇਸ ਤਰ੍ਹਾਂ ਲੱਗਦਾ ਹੈ ਕਿ ਕਨਾਨ ਨੇ ਆਪਣੇ ਦਾਦੇ ਨੂਹ ਨਾਲ ਕੋਈ ਘਿਣਾਉਣੀ ਹਰਕਤ ਕੀਤੀ ਸੀ। ਕਨਾਨ ਦੇ ਪਿਤਾ ਹਾਮ ਨੇ ਇਹ ਸਾਰਾ ਕੁਝ ਦੇਖਿਆ ਸੀ ਪਰ ਇਸ ਬਾਰੇ ਕੁਝ ਕਰਨ ਦੀ ਬਜਾਇ ਉਸ ਨੇ ਹੋਰਾਂ ਨੂੰ ਜਾ ਕਿ ਦੱਸਿਆ। ਨੂਹ ਦੇ ਦੂਸਰੇ ਪੁੱਤਾਂ, ਸ਼ੇਮ ਅਤੇ ਯਾਫਥ ਨੇ ਆਪਣੇ ਪਿਤਾ ਨੂੰ ਢਕਣ ਲਈ ਕਦਮ ਚੁੱਕੇ। ਨਤੀਜੇ ਵਜੋਂ ਉਨ੍ਹਾਂ ਨੂੰ ਬਰਕਤਾਂ ਮਿਲੀਆਂ ਤੇ ਕਨਾਨ ਨੂੰ ਸਰਾਪ ਮਿਲਿਆ ਅਤੇ ਇਸ ਕਰਕੇ ਉਸ ਦੇ ਪਿਤਾ ਹਾਮ ਦੀ ਬੇਇੱਜ਼ਤੀ ਹੋਈ।

10:25—ਪਲਗ ਦੇ ਦਿਨਾਂ ਵਿਚ ਧਰਤੀ ਕਿਵੇਂ “ਵੰਡੀ” ਗਈ ਸੀ? ਪਲਗ ਦੇ “ਦਿਨਾਂ ਵਿਚ” (2269-2030 ਸਾ.ਯੁ.ਪੂ.) ਯਹੋਵਾਹ ਨੇ ਸਾਰੀ ਧਰਤੀ ਦੀ ਬੋਲੀ ਵੱਖ-ਵੱਖ ਕਰ ਕੇ ਇਨਸਾਨਾਂ ਵਿਚ ਵੱਡੀ ਫੁੱਟ ਪਾ ਦਿੱਤੀ ਸੀ। (ਉਤਪਤ 11:9) ਇਸ ਤਰ੍ਹਾਂ, ਅੱਜ ਤੋਂ ਤਕਰੀਬਨ 4,300 ਸਾਲ ਪਹਿਲਾਂ ਪਲਗ ਦੇ ਦਿਨਾਂ ਵਿਚ “ਧਰਤੀ ਵੰਡੀ ਗਈ” ਯਾਨੀ ਉਸ ਦੇ ਵਸਨੀਕ ਵੰਡੇ ਗਏ ਸਨ।

ਸਾਡੇ ਲਈ ਸਬਕ:

9:1; 11:9. ਕੋਈ ਮਾਨਵੀ ਸਕੀਮ ਜਾਂ ਜਤਨ ਯਹੋਵਾਹ ਦੇ ਮਕਸਦ ਨੂੰ ਨਹੀਂ ਰੋਕ ਸਕਦਾ।

10:1-32. ਉਤਪਤ 5 ਵਿਚ ਜਲ-ਪਰਲੋ ਤੋਂ ਪਹਿਲਾਂ ਦੀ ਵੰਸ਼ਾਵਲੀ ਦਾ ਰਿਕਾਰਡ ਹੈ ਅਤੇ ਉਤਪਤ 10 ਵਿਚ ਜਲ-ਪਰਲੋ ਤੋਂ ਬਾਅਦ ਦੀ ਵੰਸ਼ਾਵਲੀ ਦਾ ਰਿਕਾਰਡ ਹੈ। ਇਨ੍ਹਾਂ ਦੋ ਰਿਕਾਰਡਾਂ ਤੋਂ ਪਤਾ ਲੱਗਦਾ ਹੈ ਕਿ ਸਾਰੀ ਮਨੁੱਖਜਾਤੀ ਨੂਹ ਦੇ ਤਿੰਨ ਪੁੱਤਰਾਂ ਰਾਹੀਂ ਆਦਮ ਤੋਂ ਆਈ ਹੈ। ਅੱਸ਼ੂਰੀ, ਕਸਦੀ, ਇਬਰਾਨੀ, ਸੀਰੀਆਈ ਅਤੇ ਕੁਝ ਅਰਬੀ ਕਬੀਲੇ ਸ਼ੇਮ ਤੋਂ ਹਨ। ਇਥੋਪੀ, ਮਿਸਰੀ, ਕਨਾਨੀ ਅਤੇ ਕੁਝ ਅਫ਼ਰੀਕੀ ਤੇ ਅਰਬੀ ਕਬੀਲੇ ਹਾਮ ਤੋਂ ਆਏ ਹਨ। ਇੰਡੋ-ਯੂਰਪੀ ਲੋਕ ਯਾਫਥ ਦੀ ਸੰਤਾਨ ਹਨ। ਸਾਰੇ ਇਨਸਾਨਾਂ ਦਾ ਇਕ-ਦੂਜੇ ਨਾਲ ਰਿਸ਼ਤਾ ਹੈ ਅਤੇ ਉਹ ਪਰਮੇਸ਼ੁਰ ਦੀ ਨਿਗਾਹ ਵਿਚ ਬਰਾਬਰ ਹਨ। (ਰਸੂਲਾਂ ਦੇ ਕਰਤੱਬ 17:26) ਇਸ ਸੱਚਾਈ ਉੱਤੇ ਅਮਲ ਕਰ ਕੇ ਸਾਨੂੰ ਜਾਤ-ਪਾਤ ਦਾ ਫ਼ਰਕ ਨਹੀਂ ਕਰਨਾ ਚਾਹੀਦਾ ਹੈ।

ਪਰਮੇਸ਼ੁਰ ਦੇ ਬਚਨ ਤੋਂ ਤਾਕਤ ਮਿਲਦੀ ਹੈ

ਉਤਪਤ ਦੀ ਕਿਤਾਬ ਦੇ ਪਹਿਲੇ ਭਾਗ ਵਿਚ ਸਾਨੂੰ ਮਨੁੱਖਜਾਤੀ ਦੇ ਮੁਢਲੇ ਇਤਿਹਾਸ ਬਾਰੇ ਦੱਸਿਆ ਗਿਆ ਹੈ। ਦਰਅਸਲ ਸਾਨੂੰ ਸਿਰਫ਼ ਇਸ ਕਿਤਾਬ ਤੋਂ ਹੀ ਇਨਸਾਨਾਂ ਦੇ ਮੁਢਲੇ ਇਤਿਹਾਸ ਬਾਰੇ ਸਹੀ-ਸਹੀ ਜਾਣਕਾਰੀ ਮਿਲਦੀ ਹੈ। ਇਨ੍ਹਾਂ ਹਵਾਲਿਆਂ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਨੇ ਮਨੁੱਖਜਾਤ ਨੂੰ ਕਿਉਂ ਸ੍ਰਿਸ਼ਟ ਕੀਤਾ ਸੀ। ਸਾਨੂੰ ਇਸ ਗੱਲ ਤੋਂ ਕਿੰਨਾ ਦਿਲਾਸਾ ਮਿਲਦਾ ਹੈ ਕਿ ਨਿਮਰੋਦ ਵਰਗਿਆਂ ਲੋਕਾਂ ਦਾ ਕੋਈ ਵੀ ਜਤਨ ਪਰਮੇਸ਼ੁਰ ਦੇ ਮਕਸਦ ਨੂੰ ਰੋਕ ਨਹੀਂ ਸਕਦਾ!

ਹਰੇਕ ਹਫ਼ਤੇ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ ਲਈ ਤਿਆਰੀ ਕਰਦੇ ਸਮੇਂ ਤੁਸੀਂ ਬਾਈਬਲ ਪੜ੍ਹਦੇ ਹੋਏ ਇਸ ਲੜੀ ਦਾ “ਕੁਝ ਸਵਾਲਾਂ ਦੇ ਜਵਾਬ” ਦਾ ਹਿੱਸਾ ਪੜ੍ਹ ਸਕਦੇ ਹੋ। ਇਸ ਤੋਂ ਤੁਹਾਨੂੰ ਮੁਸ਼ਕਲ ਹਵਾਲੇ ਸਮਝਣ ਵਿਚ ਮਦਦ ਮਿਲੇਗੀ। “ਸਾਡੇ ਲਈ ਸਬਕ” ਦੇ ਹਿੱਸੇ ਦੀਆਂ ਟਿੱਪਣੀਆਂ ਤੋਂ ਤੁਹਾਨੂੰ ਪਤਾ ਲੱਗੇਗਾ ਕਿ ਤੁਸੀਂ ਉਸ ਹਫ਼ਤੇ ਦੀ ਬਾਈਬਲ ਰੀਡਿੰਗ ਨੂੰ ਆਪਣੀ ਜ਼ਿੰਦਗੀ ਵਿਚ ਕਿਸ ਤਰ੍ਹਾਂ ਲਾਗੂ ਕਰ ਸਕਦੇ ਹੋ। ਸਮੇਂ-ਸਮੇਂ ਤੇ ਇਨ੍ਹਾਂ ਹਿੱਸਿਆਂ ਵਿਚ ਦਿੱਤੀ ਢੁਕਵੀਂ ਜਾਣਕਾਰੀ ਸੇਵਾ ਸਭਾਵਾਂ ਵਿਚ ਕਲੀਸਿਯਾ ਦੀਆਂ ਲੋੜਾਂ ਦੇ ਹਿੱਸੇ ਵਿਚ ਵਰਤੀ ਜਾ ਸਕਦੀ ਹੈ। ਜੀ ਹਾਂ, ਪਰਮੇਸ਼ੁਰ ਦਾ ਬਚਨ ਜੀਉਂਦਾ ਅਤੇ ਗੁਣਕਾਰ ਹੈ ਅਤੇ ਸਾਡੀਆਂ ਜ਼ਿੰਦਗੀਆਂ ਤੇ ਡੂੰਘਾ ਅਸਰ ਪਾ ਸਕਦਾ ਹੈ।​—ਇਬਰਾਨੀਆਂ 4:12.