Skip to content

Skip to table of contents

“ਓਹਨਾਂ ਦਾ ਬੋਲ ਸਾਰੀ ਧਰਤੀ ਵਿੱਚ ਗਿਆ”

“ਓਹਨਾਂ ਦਾ ਬੋਲ ਸਾਰੀ ਧਰਤੀ ਵਿੱਚ ਗਿਆ”

“ਓਹਨਾਂ ਦਾ ਬੋਲ ਸਾਰੀ ਧਰਤੀ ਵਿੱਚ ਗਿਆ”

“ਸਾਰੀਆਂ ਕੌਮਾਂ ਨੂੰ ਚੇਲੇ ਬਣਾਓ ਅਤੇ ਉਨ੍ਹਾਂ ਨੂੰ ਪਿਤਾ ਅਤੇ ਪੁੱਤ੍ਰ ਅਤੇ ਪਵਿੱਤ੍ਰ ਆਤਮਾ ਦੇ ਨਾਮ ਵਿੱਚ ਬਪਤਿਸਮਾ ਦਿਓ।”—ਮੱਤੀ 28:19.

1, 2. (ੳ) ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹੜਾ ਕੰਮ ਸੌਂਪਿਆ ਸੀ? (ਅ) ਪਹਿਲੀ ਸਦੀ ਦੇ ਮਸੀਹੀ ਇੰਨਾ ਸਾਰਾ ਕੰਮ ਕਿਵੇਂ ਕਰ ਸਕੇ?

ਸਵਰਗ ਨੂੰ ਜਾਣ ਤੋਂ ਥੋੜ੍ਹੀ ਦੇਰ ਪਹਿਲਾਂ ਯਿਸੂ ਨੇ ਆਪਣੇ ਚੇਲਿਆਂ ਨੂੰ ਇਕ ਕੰਮ ਸੌਂਪਿਆ ਸੀ। ਉਸ ਨੇ ਉਨ੍ਹਾਂ ਨੂੰ ਕਿਹਾ: “ਸਾਰੀਆਂ ਕੌਮਾਂ ਨੂੰ ਚੇਲੇ ਬਣਾਓ ਅਤੇ ਉਨ੍ਹਾਂ ਨੂੰ ਪਿਤਾ ਅਤੇ ਪੁੱਤ੍ਰ ਅਤੇ ਪਵਿੱਤ੍ਰ ਆਤਮਾ ਦੇ ਨਾਮ ਵਿੱਚ ਬਪਤਿਸਮਾ ਦਿਓ।” (ਮੱਤੀ 28:19) ਇਹ ਕੰਮ ਕਿੰਨਾ ਵੱਡਾ ਸੀ!

2 ਸਾਲ 33 ਸਾ.ਯੁ. ਵਿਚ ਪੰਤੇਕੁਸਤ ਦੇ ਦਿਨ ਤੇ ਲਗਭਗ 120 ਚੇਲਿਆਂ ਉੱਤੇ ਪਵਿੱਤਰ ਆਤਮਾ ਵਹਾਈ ਗਈ। ਉਹ ਪ੍ਰਚਾਰ ਕਰਨ ਲੱਗੇ ਕਿ ਯਿਸੂ ਹੀ ਉਹ ਮਸੀਹਾ ਹੈ ਜਿਸ ਦੇ ਆਉਣ ਦੀ ਲੋਕ ਉਮੀਦ ਰੱਖਦੇ ਆਏ ਸਨ ਅਤੇ ਜਿਸ ਰਾਹੀਂ ਮੁਕਤੀ ਮਿਲ ਸਕਦੀ ਸੀ। (ਰਸੂਲਾਂ ਦੇ ਕਰਤੱਬ 2:1-36) ਇੰਨੇ ਥੋੜ੍ਹੇ ਲੋਕ “ਸਾਰੀਆਂ ਕੌਮਾਂ” ਦੇ ਲੋਕਾਂ ਤਕ ਕਿਵੇਂ ਪਹੁੰਚ ਸਕਦੇ ਸਨ? ਮਨੁੱਖਾਂ ਲਈ ਇਹ ਗੱਲ ਅਣਹੋਣੀ ਸੀ, ਪਰ “ਪਰਮੇਸ਼ੁਰ ਤੋਂ ਸੱਭੋ ਕੁਝ ਹੋ ਸੱਕਦਾ ਹੈ।” (ਮੱਤੀ 19:26) ਮੁਢਲੇ ਮਸੀਹੀ ਯਹੋਵਾਹ ਦੀ ਪਵਿੱਤਰ ਆਤਮਾ ਦੀ ਮਦਦ ਨਾਲ ਪ੍ਰਚਾਰ ਦੇ ਕੰਮ ਵਿਚ ਲੱਗੇ ਰਹੇ। ਉਹ ਇਸ ਕੰਮ ਦੀ ਅਹਿਮੀਅਤ ਨੂੰ ਚੰਗੀ ਤਰ੍ਹਾਂ ਸਮਝਦੇ ਸਨ। (ਜ਼ਕਰਯਾਹ 4:6; 2 ਤਿਮੋਥਿਉਸ 4:2) ਇਸ ਲਈ ਕੁਝ ਹੀ ਦਹਾਕਿਆਂ ਵਿਚ ਪੌਲੁਸ ਰਸੂਲ ਕਹਿ ਸਕਿਆ ਕਿ ਖ਼ੁਸ਼ ਖ਼ਬਰੀ ਦਾ ਪ੍ਰਚਾਰ “ਅਕਾਸ਼ ਹੇਠਲੀ ਸਾਰੀ ਸਰਿਸ਼ਟ ਵਿੱਚ” ਕੀਤਾ ਜਾ ਰਿਹਾ ਸੀ।—ਕੁਲੁੱਸੀਆਂ 1:23.

3. “ਕਣਕ” ਦੀ ਪਛਾਣ ਕਰਨੀ ਕਿਉਂ ਮੁਸ਼ਕਲ ਹੋ ਗਈ ਸੀ?

3 ਪਹਿਲੀ ਸਦੀ ਦੌਰਾਨ ਸੱਚੀ ਭਗਤੀ ਦੂਰ-ਦੂਰ ਦੇਸ਼ਾਂ ਤਕ ਹੋਣ ਲੱਗ ਪਈ। ਪਰ ਯਿਸੂ ਨੇ ਭਵਿੱਖਬਾਣੀ ਕੀਤੀ ਸੀ ਕਿ ਉਹ ਸਮਾਂ ਵੀ ਆਵੇਗਾ ਜਦੋਂ ਸ਼ਤਾਨ “ਕਣਕ” ਵਿਚ “ਜੰਗਲੀ ਬੂਟੀ” ਬੀਜੇਗਾ ਅਤੇ ਇਹ ਇਸ ਹੱਦ ਤਕ ਵਧ ਜਾਵੇਗੀ ਕਿ ਸੱਚੇ ਮਸੀਹੀਆਂ ਦੀ ਪਛਾਣ ਕਰਨੀ ਮੁਸ਼ਕਲ ਹੋ ਜਾਵੇਗੀ। ਇਹ ਹਾਲਤ ਵਾਢੀ ਦੇ ਸਮੇਂ ਤਕ ਸਦੀਆਂ ਲਈ ਰਹਿਣੀ ਸੀ। ਰਸੂਲਾਂ ਦੀ ਮੌਤ ਤੋਂ ਬਾਅਦ ਇਹ ਭਵਿੱਖਬਾਣੀ ਪੂਰੀ ਹੋਈ।—ਮੱਤੀ 13:24-39.

ਅੱਜ ਬਹੁਤ ਵਾਧਾ ਹੋ ਰਿਹਾ ਹੈ

4, 5. ਸਾਲ 1919 ਤੋਂ ਮਸਹ ਕੀਤੇ ਹੋਏ ਮਸੀਹੀਆਂ ਨੇ ਕਿਹੜਾ ਕੰਮ ਸ਼ੁਰੂ ਕੀਤਾ, ਪਰ ਇਹ ਉਨ੍ਹਾਂ ਲਈ ਇਕ ਚੁਣੌਤੀ ਭਰਿਆ ਕੰਮ ਕਿਉਂ ਸੀ?

4 ਸਾਲ 1919 ਵਿਚ ਕਣਕ ਨੂੰ ਜੰਗਲੀ ਬੂਟੀ ਤੋਂ ਵੱਖ ਕਰਨ ਦਾ ਸਮਾਂ ਆਇਆ। ਮਸਹ ਕੀਤੇ ਹੋਏ ਮਸੀਹੀ ਜਾਣਦੇ ਸਨ ਕਿ ਜੋ ਕੰਮ ਯਿਸੂ ਨੇ ਉਨ੍ਹਾਂ ਨੂੰ ਸੌਂਪਿਆ ਸੀ ਉਹ ਅਜੇ ਵੀ ਪੂਰਾ ਕਰਨ ਵਾਲਾ ਹੈ। ਉਨ੍ਹਾਂ ਨੂੰ ਪੂਰਾ ਯਕੀਨ ਸੀ ਕਿ ਉਹ “ਅੰਤ ਦਿਆਂ ਦਿਨਾਂ” ਵਿਚ ਜੀ ਰਹੇ ਸਨ ਅਤੇ ਉਹ ਯਿਸੂ ਦੀ ਇਹ ਭਵਿੱਖਬਾਣੀ ਚੰਗੀ ਤਰ੍ਹਾਂ ਜਾਣਦੇ ਸਨ: “ਰਾਜ ਦੀ ਇਸ ਖ਼ੁਸ਼ ਖ਼ਬਰੀ ਦਾ ਪਰਚਾਰ ਸਾਰੀ ਦੁਨੀਆ ਵਿੱਚ ਕੀਤਾ ਜਾਵੇਗਾ ਜੋ ਸਭ ਕੌਮਾਂ ਉੱਤੇ ਸਾਖੀ ਹੋਵੇ ਤਦ ਅੰਤ ਆਵੇਗਾ।” (2 ਤਿਮੋਥਿਉਸ 3:1; ਮੱਤੀ 24:14) ਜੀ ਹਾਂ, ਉਨ੍ਹਾਂ ਨੂੰ ਪੂਰਾ ਅਹਿਸਾਸ ਸੀ ਕਿ ਬਹੁਤ ਸਾਰਾ ਕੰਮ ਅਜੇ ਕਰਨ ਵਾਲਾ ਸੀ।

5 ਪਰ ਪਹਿਲੀ ਸਦੀ ਦੇ ਚੇਲਿਆਂ ਵਾਂਗ, 20ਵੀਂ ਸਦੀ ਦੇ ਮਸਹ ਕੀਤੇ ਹੋਏ ਮਸੀਹੀਆਂ ਲਈ ਵੀ ਸਾਰੀ ਦੁਨੀਆਂ ਵਿਚ ਪ੍ਰਚਾਰ ਕਰਨਾ ਇਕ ਬਹੁਤ ਹੀ ਚੁਣੌਤੀ ਭਰਿਆ ਕੰਮ ਸੀ। ਉਨ੍ਹਾਂ ਦੀ ਗਿਣਤੀ ਕੁਝ ਹਜ਼ਾਰ ਹੀ ਸੀ ਅਤੇ ਉਹ ਥੋੜ੍ਹੇ ਹੀ ਦੇਸ਼ਾਂ ਵਿਚ ਰਹਿ ਰਹੇ ਸਨ। ਤਾਂ ਫਿਰ, ਉਹ ਖ਼ੁਸ਼ ਖ਼ਬਰੀ ਦਾ ਪ੍ਰਚਾਰ “ਸਾਰੀ ਦੁਨੀਆ ਵਿੱਚ” ਕਿਵੇਂ ਕਰ ਸਕਦੇ ਸਨ? ਯਾਦ ਰੱਖੋ ਕਿ ਪਹਿਲੀ ਸਦੀ ਵਿਚ ਧਰਤੀ ਦੀ ਆਬਾਦੀ ਸ਼ਾਇਦ 30 ਕਰੋੜ ਸੀ, ਪਰ ਪਹਿਲੇ ਵਿਸ਼ਵ ਯੁੱਧ ਤੋਂ ਬਾਅਦ ਇਹ ਤਕਰੀਬਨ 2 ਅਰਬ ਹੋ ਗਈ ਸੀ ਅਤੇ ਆਉਣ ਵਾਲੇ ਸਾਲਾਂ ਦੌਰਾਨ ਇਸ ਵਿਚ ਹੋਰ ਤੇਜ਼ੀ ਨਾਲ ਵਾਧਾ ਹੋਣਾ ਸੀ।

6. ਸਾਲ 1935 ਤਕ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਿਸ ਹੱਦ ਤਕ ਕੀਤਾ ਜਾ ਰਿਹਾ ਸੀ?

6 ਫਿਰ ਵੀ, ਪਹਿਲੀ ਸਦੀ ਦੇ ਮਸੀਹੀਆਂ ਵਾਂਗ ਯਹੋਵਾਹ ਦੇ ਮਸਹ ਕੀਤੇ ਹੋਏ ਸੇਵਕਾਂ ਨੇ ਇਹ ਕੰਮ ਪੂਰਾ ਕਰਨ ਲਈ ਯਹੋਵਾਹ ਉੱਤੇ ਭਰੋਸਾ ਰੱਖਿਆ ਅਤੇ ਉਸ ਦੀ ਸ਼ਕਤੀ ਉਨ੍ਹਾਂ ਨਾਲ ਸੀ। ਸਾਲ 1935 ਤਕ ਤਕਰੀਬਨ 56,000 ਪ੍ਰਚਾਰਕ 115 ਦੇਸ਼ਾਂ ਵਿਚ ਪ੍ਰਚਾਰ ਕਰ ਰਹੇ ਸਨ। ਬਹੁਤ ਸਾਰਾ ਕੰਮ ਹੋ ਚੁੱਕਾ ਸੀ, ਪਰ ਅਜੇ ਬਹੁਤ ਕੰਮ ਰਹਿੰਦਾ ਵੀ ਸੀ।

7. (ੳ) ਮਸਹ ਕੀਤੇ ਹੋਏ ਮਸੀਹੀਆਂ ਨੇ ਕਿਹੜੀ ਨਵੀਂ ਚੁਣੌਤੀ ਦਾ ਸਾਮ੍ਹਣਾ ਕੀਤਾ? (ਅ) ‘ਹੋਰ ਭੇਡਾਂ’ ਦੀ ਮਦਦ ਨਾਲ ਪ੍ਰਚਾਰ ਦਾ ਕੰਮ ਕਿਸ ਹੱਦ ਤਕ ਕੀਤਾ ਗਿਆ ਹੈ?

7 ਫਿਰ ਪਰਕਾਸ਼ ਦੀ ਪੋਥੀ 7:9 ਵਿਚ ਜ਼ਿਕਰ ਕੀਤੀ ਗਈ “ਵੱਡੀ ਭੀੜ” ਬਾਰੇ ਜ਼ਿਆਦਾ ਸਮਝ ਹਾਸਲ ਹੋਈ। ਇਸ ਸਮਝ ਨੇ ਮਸਹ ਕੀਤੇ ਹੋਏ ਮਸੀਹੀਆਂ ਲਈ ਇਕ ਨਵੀਂ ਚੁਣੌਤੀ ਪੇਸ਼ ਕੀਤੀ ਕਿਉਂਕਿ ਇਸ ਆਇਤ ਦੇ ਅਨੁਸਾਰ ਉਨ੍ਹਾਂ ਨੇ “ਸਭਨਾਂ ਗੋਤਾਂ, ਉੱਮਤਾਂ ਅਤੇ ਭਾਖਿਆਂ ਵਿੱਚੋਂ” ਧਰਤੀ ਉੱਤੇ ਹਮੇਸ਼ਾ ਲਈ ਜੀਣ ਲਈ ‘ਹੋਰ ਭੇਡਾਂ’ ਦੀ ਵੱਡੀ ਭੀੜ ਇਕੱਠੀ ਕਰਨੀ ਸੀ। (ਯੂਹੰਨਾ 10:16) ਪਰ ਉਨ੍ਹਾਂ ਮਿਹਨਤੀ ਮਸੀਹੀਆਂ ਨੂੰ ਮਦਦ ਦੀ ਉਮੀਦ ਵੀ ਮਿਲੀ ਕਿਉਂਕਿ ਇਸ ਵੱਡੀ ਭੀੜ ਨੇ ‘ਰਾਤ ਦਿਨ ਯਹੋਵਾਹ ਦੀ ਉਪਾਸਨਾ ਕਰਨੀ ਸੀ।’ (ਪਰਕਾਸ਼ ਦੀ ਪੋਥੀ 7:15) ਇਸ ਦਾ ਮਤਲਬ ਹੈ ਕਿ ਵੱਡੀ ਭੀੜ ਨੇ ਪ੍ਰਚਾਰ ਕਰਨ ਅਤੇ ਸਿੱਖਿਆ ਦੇਣ ਦੇ ਕੰਮ ਵਿਚ ਹਿੱਸਾ ਲੈਣਾ ਸੀ। (ਯਸਾਯਾਹ 61:5) ਨਤੀਜੇ ਵਜੋਂ, ਮਸਹ ਕੀਤੇ ਹੋਏ ਬੜੇ ਖ਼ੁਸ਼ ਹੋਏ ਜਦੋਂ ਪ੍ਰਚਾਰਕਾਂ ਦੀ ਗਿਣਤੀ ਹਜ਼ਾਰਾਂ ਤੋਂ ਲੱਖਾਂ ਤਕ ਵਧ ਗਈ। ਸਾਲ 2003 ਵਿਚ 64,29,351 ਮਸੀਹੀਆਂ ਨੇ ਪ੍ਰਚਾਰ ਦੇ ਕੰਮ ਵਿਚ ਹਿੱਸਾ ਲਿਆ ਅਤੇ ਇਨ੍ਹਾਂ ਵਿੱਚੋਂ ਜ਼ਿਆਦਾਤਰ ਮਸੀਹੀ ਵੱਡੀ ਭੀੜ ਵਿੱਚੋਂ ਸਨ। * ਮਸਹ ਕੀਤੇ ਹੋਏ ਮਸੀਹੀ ਇਸ ਮਦਦ ਲਈ ਸ਼ੁਕਰਗੁਜ਼ਾਰ ਹਨ ਅਤੇ ਹੋਰ ਭੇਡਾਂ ਵੀ ਬਹੁਤ ਖ਼ੁਸ਼ ਹਨ ਕਿ ਉਨ੍ਹਾਂ ਨੂੰ ਆਪਣੇ ਮਸਹ ਕੀਤੇ ਹੋਏ ਭਰਾਵਾਂ ਦੀ ਮਦਦ ਕਰਨ ਦਾ ਮੌਕਾ ਮਿਲਿਆ ਹੈ।—ਮੱਤੀ 25:34-40.

8. ਦੂਜੇ ਵਿਸ਼ਵ ਯੁੱਧ ਦੌਰਾਨ ਵੱਡੀਆਂ ਮੁਸ਼ਕਲਾਂ ਸਹਿਣ ਦੇ ਬਾਵਜੂਦ ਯਹੋਵਾਹ ਦੇ ਗਵਾਹਾਂ ਨੇ ਕੀ ਕੀਤਾ ਸੀ?

8 ਜਦੋਂ ਕਣਕ ਵਰਗੇ ਸੱਚੇ ਮਸੀਹੀ ਫਿਰ ਤੋਂ ਨਜ਼ਰ ਆਉਣ ਲੱਗ ਪਏ, ਤਾਂ ਸ਼ਤਾਨ ਉਨ੍ਹਾਂ ਨਾਲ ਯੁੱਧ ਕਰਨ ਨਿਕਲਿਆ। (ਪਰਕਾਸ਼ ਦੀ ਪੋਥੀ 12:17) ਉਸ ਨੂੰ ਕਿੱਦਾਂ ਲੱਗਾ ਜਦੋਂ ਵੱਡੀ ਭੀੜ ਇਕੱਠੀ ਹੋਣ ਲੱਗ ਪਈ? ਉਹ ਬੜਾ ਗੁੱਸੇ ਹੋਇਆ! ਕੀ ਅਸੀਂ ਇਸ ਗੱਲ ਦਾ ਇਨਕਾਰ ਕਰ ਸਕਦੇ ਹਾਂ ਕਿ ਦੂਜੇ ਵਿਸ਼ਵ ਯੁੱਧ ਦੌਰਾਨ ਸੱਚੀ ਭਗਤੀ ਉੱਤੇ ਕੀਤੀ ਗਈ ਚੜ੍ਹਾਈ ਦੇ ਪਿੱਛੇ ਸ਼ਤਾਨ ਦਾ ਹੱਥ ਸੀ? ਯੁੱਧ-ਗ੍ਰਸਤ ਦੇਸ਼ਾਂ ਵਿਚ ਜੀ ਰਹੇ ਮਸੀਹੀਆਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪਿਆ। ਬਹੁਤ ਸਾਰੇ ਭੈਣਾਂ-ਭਰਾਵਾਂ ਨੂੰ ਦੁੱਖ ਝੱਲਣੇ ਪਏ ਅਤੇ ਕਈ ਆਪਣੀ ਨਿਹਚਾ ਦੀ ਖ਼ਾਤਰ ਮਾਰੇ ਵੀ ਗਏ। ਫਿਰ ਵੀ ਉਹ ਜ਼ਬੂਰਾਂ ਦੇ ਲਿਖਾਰੀ ਦੇ ਇਨ੍ਹਾਂ ਸ਼ਬਦਾਂ ਨਾਲ ਸਹਿਮਤ ਸਨ: “ਪਰਮੇਸ਼ੁਰ ਵਿੱਚ ਮੈਂ ਉਸ ਦੇ ਬਚਨ ਦੀ ਉਸਤਤ ਕਰਾਂਗਾ, ਪਰਮੇਸ਼ੁਰ ਉੱਤੇ ਮੈਂ ਭਰੋਸਾ ਰੱਖਿਆ ਹੈ, ਮੈਂ ਨਾ ਡਰਾਂਗਾ, ਬਸ਼ਰ ਮੇਰਾ ਕੀ ਕਰ ਸੱਕਦਾ ਹੈ?” (ਜ਼ਬੂਰਾਂ ਦੀ ਪੋਥੀ 56:4; ਮੱਤੀ 10:28) ਮਸਹ ਕੀਤੇ ਹੋਏ ਮਸੀਹੀ ਅਤੇ ਹੋਰ ਭੇਡਾਂ ਨੂੰ ਯਹੋਵਾਹ ਦੀ ਆਤਮਾ ਤੋਂ ਸ਼ਕਤੀ ਮਿਲੀ ਅਤੇ ਉਹ ਇਕ ਝੁੰਡ ਦੇ ਤੌਰ ਤੇ ਵਫ਼ਾਦਾਰ ਰਹੇ। (2 ਕੁਰਿੰਥੀਆਂ 4:7) ਨਤੀਜੇ ਵਜੋਂ “ਪਰਮੇਸ਼ੁਰ ਦਾ ਬਚਨ ਫੈਲਦਾ ਗਿਆ।” (ਰਸੂਲਾਂ ਦੇ ਕਰਤੱਬ 6:7) ਸਾਲ 1939 ਵਿਚ ਜਦੋਂ ਯੁੱਧ ਸ਼ੁਰੂ ਹੋਇਆ ਸੀ, ਤਾਂ 72,475 ਵਫ਼ਾਦਾਰ ਮਸੀਹੀ ਪ੍ਰਚਾਰ ਕਰ ਰਹੇ ਸਨ। ਪਰ 1945 ਵਿਚ ਜਦੋਂ ਯੁੱਧ ਖ਼ਤਮ ਹੋਇਆ, ਤਾਂ ਅਧੂਰੀ ਰਿਪੋਰਟ ਤੋਂ ਪਤਾ ਲੱਗਾ ਕਿ 1,56,299 ਗਵਾਹ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰ ਰਹੇ ਸਨ। ਸ਼ਤਾਨ ਦੀ ਕਿੰਨੀ ਵੱਡੀ ਹਾਰ ਹੋਈ!

9. ਦੂਜੇ ਵਿਸ਼ਵ ਯੁੱਧ ਦੌਰਾਨ ਕਿਹੜੇ ਨਵੇਂ ਸਕੂਲਾਂ ਦਾ ਐਲਾਨ ਕੀਤਾ ਗਿਆ ਸੀ?

9 ਦੂਜੇ ਵਿਸ਼ਵ ਯੁੱਧ ਦੌਰਾਨ ਯਹੋਵਾਹ ਦੇ ਸੇਵਕਾਂ ਨੇ ਇਸ ਗੱਲ ਤੇ ਕਦੀ ਸ਼ੱਕ ਨਹੀਂ ਕੀਤਾ ਕਿ ਪ੍ਰਚਾਰ ਦਾ ਕੰਮ ਪੂਰਾ ਕੀਤਾ ਜਾਵੇਗਾ। ਸਾਲ 1943 ਵਿਚ ਜਦੋਂ ਯੁੱਧ ਆਪਣੇ ਸਿਖਰ ਤੇ ਸੀ, ਤਾਂ ਦੋ ਨਵੇਂ ਸਕੂਲਾਂ ਦਾ ਐਲਾਨ ਕੀਤਾ ਗਿਆ। ਇਕ ਸੀ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ ਅਤੇ ਇਸ ਰਾਹੀਂ ਕਲੀਸਿਯਾਵਾਂ ਵਿਚ ਭੈਣਾਂ-ਭਰਾਵਾਂ ਨੂੰ ਪ੍ਰਚਾਰ ਕਰਨ ਤੇ ਚੇਲੇ ਬਣਾਉਣ ਦੀ ਸਿਖਲਾਈ ਦਿੱਤੀ ਜਾਣੀ ਸੀ। ਦੂਜਾ ਵਾਚਟਾਵਰ ਬਾਈਬਲ ਸਕੂਲ ਆਫ਼ ਗਿਲਿਅਡ ਸੀ ਅਤੇ ਇਸ ਦਾ ਮਕਸਦ ਮਿਸ਼ਨਰੀਆਂ ਨੂੰ ਸਿਖਲਾਈ ਦੇਣੀ ਸੀ ਤਾਂਕਿ ਉਹ ਵਿਦੇਸ਼ਾਂ ਵਿਚ ਪ੍ਰਚਾਰ ਕਰ ਸਕਣ। ਜੀ ਹਾਂ, ਜਦੋਂ ਯੁੱਧ ਖ਼ਤਮ ਹੋਇਆ, ਤਾਂ ਸੱਚੇ ਮਸੀਹੀ ਹੋਰ ਜ਼ਿਆਦਾ ਕੰਮ ਕਰਨ ਲਈ ਤਿਆਰ ਸਨ।

10. ਸਾਲ 2003 ਦੌਰਾਨ ਯਹੋਵਾਹ ਦੇ ਲੋਕਾਂ ਨੇ ਆਪਣਾ ਜੋਸ਼ ਕਿਵੇਂ ਦਿਖਾਇਆ?

10 ਇਨ੍ਹਾਂ ਪ੍ਰਚਾਰਕਾਂ ਨੇ ਕਿੰਨੇ ਵਧੀਆ ਤਰੀਕੇ ਨਾਲ ਆਪਣਾ ਕੰਮ ਕੀਤਾ ਹੈ! ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ ਦੀ ਸਿਖਲਾਈ ਕਰਕੇ ਸਾਰੇ ਮਸੀਹੀ, ਨਿਆਣੇ, ਸਿਆਣੇ, ਮਾਪੇ, ਬੱਚੇ ਅਤੇ ਨਿਰਬਲ ਭੈਣ-ਭਰਾ ਵੀ ਯਿਸੂ ਦੇ ਸੌਂਪੇ ਹੋਏ ਕੰਮ ਵਿਚ ਹਿੱਸਾ ਲੈਂਦੇ ਆਏ ਹਨ। (ਜ਼ਬੂਰਾਂ ਦੀ ਪੋਥੀ 148:12, 13; ਯੋਏਲ 2:28, 29) ਸਾਲ 2003 ਵਿਚ ਔਸਤਨ ਹਰ ਮਹੀਨੇ 8,25,185 ਮਸੀਹੀਆਂ ਨੇ ਲਗਨ ਨਾਲ ਥੋੜ੍ਹੇ ਸਮੇਂ ਲਈ ਜਾਂ ਲਗਾਤਾਰ ਪਾਇਨੀਅਰ ਸੇਵਾ ਕੀਤੀ। ਉਸੇ ਸਾਲ ਯਹੋਵਾਹ ਦੇ ਗਵਾਹਾਂ ਨੇ ਦੂਸਰਿਆਂ ਨੂੰ ਰਾਜ ਦੀ ਖ਼ੁਸ਼ ਖ਼ਬਰੀ ਸੁਣਾਉਣ ਵਿਚ 1,23,47,96,477 ਘੰਟੇ ਬਿਤਾਏ। ਯਹੋਵਾਹ ਆਪਣੇ ਲੋਕਾਂ ਦਾ ਜੋਸ਼ ਦੇਖ ਕੇ ਕਿੰਨਾ ਖ਼ੁਸ਼ ਹੋਇਆ ਹੋਣਾ!

ਵਿਦੇਸ਼ਾਂ ਵਿਚ

11, 12. ਕਿਹੜੀਆਂ ਮਿਸਾਲਾਂ ਦਿਖਾਉਂਦੀਆਂ ਹਨ ਕਿ ਮਿਸ਼ਨਰੀਆਂ ਨੇ ਵਧੀਆ ਰਿਕਾਰਡ ਕਾਇਮ ਕੀਤਾ ਹੈ?

11 ਬਹੁਤ ਸਾਲਾਂ ਤੋਂ ਗਿਲਿਅਡ ਸਕੂਲ ਅਤੇ ਹਾਲ ਹੀ ਦੇ ਸਾਲਾਂ ਵਿਚ ਸੇਵਕਾਈ ਸਿਖਲਾਈ ਸਕੂਲ ਦੇ ਗ੍ਰੈਜੂਏਟਾਂ ਨੇ ਆਪਣੇ ਕੰਮ ਦਾ ਵਧੀਆ ਰਿਕਾਰਡ ਕਾਇਮ ਕੀਤਾ ਹੈ। ਮਿਸਾਲ ਲਈ, 1945 ਵਿਚ ਜਦੋਂ ਪਹਿਲੇ ਮਿਸ਼ਨਰੀ ਭੈਣ-ਭਰਾ ਬ੍ਰਾਜ਼ੀਲ ਆਏ ਸਨ, ਤਾਂ ਉਸ ਦੇਸ਼ ਵਿਚ 400 ਤੋਂ ਵੀ ਘੱਟ ਗਵਾਹ ਸਨ। ਉਸ ਸਮੇਂ ਤੋਂ ਸਾਰਿਆਂ ਮਿਸ਼ਨਰੀਆਂ ਨੇ ਬ੍ਰਾਜ਼ੀਲੀ ਭੈਣਾਂ-ਭਰਾਵਾਂ ਨਾਲ ਮਿਲ ਕੇ ਜੋਸ਼ ਨਾਲ ਪ੍ਰਚਾਰ ਕੀਤਾ ਅਤੇ ਯਹੋਵਾਹ ਨੇ ਉਨ੍ਹਾਂ ਨੂੰ ਬਰਕਤਾਂ ਦਿੱਤੀਆਂ। ਜਿਨ੍ਹਾਂ ਨੂੰ ਉਹ ਪਹਿਲੇ ਦਿਨ ਯਾਦ ਹਨ, ਉਨ੍ਹਾਂ ਨੂੰ ਇਹ ਦੇਖ ਕੇ ਕਿੰਨੀ ਖ਼ੁਸ਼ੀ ਹੁੰਦੀ ਹੈ ਕਿ 2003 ਵਿਚ ਬ੍ਰਾਜ਼ੀਲ ਵਿਚ 6,07,362 ਗਵਾਹ ਸਨ!

12 ਧਿਆਨ ਦਿਓ ਕਿ ਜਪਾਨ ਵਿਚ ਕੀ ਹੋਇਆ ਹੈ। ਦੂਜੇ ਵਿਸ਼ਵ ਯੁੱਧ ਤੋਂ ਪਹਿਲਾਂ ਉੱਥੇ ਸਿਰਫ਼ ਸੌ ਕੁ ਪ੍ਰਚਾਰਕ ਸਨ। ਯੁੱਧ ਦੌਰਾਨ ਸਖ਼ਤ ਵਿਰੋਧਤਾ ਦੇ ਕਾਰਨ ਇਹ ਗਿਣਤੀ ਹੋਰ ਵੀ ਘੱਟ ਗਈ। ਯੁੱਧ ਤੋਂ ਬਾਅਦ ਬਹੁਤ ਥੋੜ੍ਹੇ ਗਵਾਹ ਰਹਿ ਗਏ ਸਨ। (ਕਹਾਉਤਾਂ 14:32, ਪਵਿੱਤਰ ਬਾਈਬਲ ਨਵਾਂ ਅਨੁਵਾਦ) ਪਰ ਜਿਹੜੇ ਥੋੜ੍ਹੇ-ਬਹੁਤੇ ਵਫ਼ਾਦਾਰ ਭੈਣ-ਭਰਾ ਸਨ, ਉਨ੍ਹਾਂ ਨੇ ਸਾਲ 1949 ਵਿਚ ਬੜੀ ਖ਼ੁਸ਼ੀ ਨਾਲ ਗਿਲਿਅਡ ਤੋਂ ਆਏ ਪਹਿਲੇ 13 ਮਿਸ਼ਨਰੀਆਂ ਦਾ ਸੁਆਗਤ ਕੀਤਾ। ਇਹ ਮਿਸ਼ਨਰੀ ਜਪਾਨੀ ਭੈਣਾਂ-ਭਰਾਵਾਂ ਦਾ ਜੋਸ਼ ਅਤੇ ਪਿਆਰ ਦੇਖ ਕੇ ਬਹੁਤ ਪ੍ਰਭਾਵਿਤ ਹੋਏ। ਤਕਰੀਬਨ 50 ਸਾਲ ਬਾਅਦ, 2003 ਵਿਚ ਜਪਾਨ ਵਿਚ ਪ੍ਰਕਾਸ਼ਕਾਂ ਦੀ ਸਿਖਰ ਗਿਣਤੀ 2,17,508 ਸੀ! ਯਹੋਵਾਹ ਨੇ ਉਸ ਦੇਸ਼ ਵਿਚ ਆਪਣੇ ਲੋਕਾਂ ਉੱਤੇ ਸੱਚ-ਮੁੱਚ ਬਰਕਤਾਂ ਪਾਈਆਂ ਹਨ। ਹੋਰ ਕਈ ਦੇਸ਼ਾਂ ਤੋਂ ਵੀ ਅਜਿਹੀਆਂ ਰਿਪੋਰਟਾਂ ਮਿਲੀਆਂ ਹਨ। ਜਿਹੜੇ ਭੈਣ-ਭਰਾ ਵਿਦੇਸ਼ਾਂ ਵਿਚ ਜਾ ਕੇ ਪ੍ਰਚਾਰ ਕਰ ਸਕੇ ਹਨ, ਉਨ੍ਹਾਂ ਨੇ ਖ਼ੁਸ਼ ਖ਼ਬਰੀ ਸੁਣਾਉਣ ਵਿਚ ਵੱਡਾ ਹਿੱਸਾ ਲਿਆ ਹੈ। ਇਸ ਲਈ 2003 ਵਿਚ ਸੰਸਾਰ ਭਰ ਵਿਚ ਖ਼ੁਸ਼ ਖ਼ਬਰੀ 235 ਦੇਸ਼ਾਂ, ਟਾਪੂਆਂ ਅਤੇ ਇਲਾਕਿਆਂ ਵਿਚ ਸੁਣਾਈ ਜਾ ਰਹੀ ਸੀ। ਜੀ ਹਾਂ, ਹੋਰ ਭੇਡਾਂ ਦੀ ਵੱਡੀ ਭੀੜ “ਹਰੇਕ ਕੌਮ” ਵਿੱਚੋਂ ਇਕੱਠੀ ਕੀਤੀ ਜਾ ਰਹੀ ਹੈ।

“ਸਭਨਾਂ ਗੋਤਾਂ, ਉੱਮਤਾਂ ਅਤੇ ਭਾਖਿਆਂ ਵਿੱਚੋਂ”

13, 14. ਯਹੋਵਾਹ ਨੇ ਕਿਵੇਂ ਦਿਖਾਇਆ ਸੀ ਕਿ ਖ਼ੁਸ਼ ਖ਼ਬਰੀ ਦਾ ਪ੍ਰਚਾਰ ‘ਸਭਨਾਂ ਭਾਖਿਆਂ’ ਵਿਚ ਕਰਨਾ ਜ਼ਰੂਰੀ ਹੈ?

13 ਸਾਲ 33 ਸਾ.ਯੁ. ਵਿਚ ਪੰਤੇਕੁਸਤ ਦੇ ਦਿਨ ਤੇ ਚੇਲੇ ਪਵਿੱਤਰ ਆਤਮਾ ਪਾ ਕੇ ਲੋਕਾਂ ਨਾਲ ਵੱਖੋ-ਵੱਖਰੀਆਂ ਭਾਸ਼ਾਵਾਂ ਵਿਚ ਬੋਲਣ ਲੱਗ ਪਏ। ਇਹ ਉਨ੍ਹਾਂ ਦਾ ਸਭ ਤੋਂ ਪਹਿਲਾ ਚਮਤਕਾਰ ਸੀ। ਉਨ੍ਹਾਂ ਨੂੰ ਸੁਣਨ ਵਾਲੇ ਸ਼ਾਇਦ ਉਸ ਸਮੇਂ ਦੀ ਪ੍ਰਚਲਿਤ ਯੂਨਾਨੀ ਭਾਸ਼ਾ ਬੋਲਦੇ ਹੀ ਸਨ। “ਭਗਤ ਲੋਕ” ਹੋਣ ਕਰਕੇ ਉਹ ਸ਼ਾਇਦ ਹੈਕਲ ਵਿਚ ਬੋਲੀ ਜਾਂਦੀ ਇਬਰਾਨੀ ਭਾਸ਼ਾ ਵੀ ਸਮਝਦੇ ਸਨ। ਪਰ ਜਦੋਂ ਉਨ੍ਹਾਂ ਨੇ ਆਪੋ-ਆਪਣੀ ਮਾਂ-ਬੋਲੀ ਵਿਚ ਖ਼ੁਸ਼ ਖ਼ਬਰੀ ਸੁਣੀ, ਤਾਂ ਇਸ ਦਾ ਉਨ੍ਹਾਂ ਉੱਤੇ ਡੂੰਘਾ ਪ੍ਰਭਾਵ ਪਿਆ।—ਰਸੂਲਾਂ ਦੇ ਕਰਤੱਬ 2:5, 7-12.

14 ਅੱਜ ਵੀ ਪ੍ਰਚਾਰ ਦਾ ਕੰਮ ਬਹੁਤ ਸਾਰੀਆਂ ਭਾਸ਼ਾਵਾਂ ਵਿਚ ਕੀਤਾ ਜਾ ਰਿਹਾ ਹੈ। ਭਵਿੱਖਬਾਣੀ ਅਨੁਸਾਰ ਵੱਡੀ ਭੀੜ ਨੂੰ ਹਰੇਕ ਕੌਮ ਵਿੱਚੋਂ ਹੀ ਨਹੀਂ, ਸਗੋਂ ਸਭਨਾਂ “ਗੋਤਾਂ, ਉੱਮਤਾਂ ਅਤੇ ਭਾਖਿਆਂ” ਵਿੱਚੋਂ ਵੀ ਇਕੱਠਾ ਕੀਤਾ ਜਾਣਾ ਸੀ। ਯਹੋਵਾਹ ਨੇ ਜ਼ਕਰਯਾਹ ਨਬੀ ਰਾਹੀਂ ਵੀ ਇਕ ਰਲਦੀ-ਮਿਲਦੀ ਭਵਿੱਖਬਾਣੀ ਕੀਤੀ ਸੀ: ‘ਵੱਖੋ ਵੱਖ ਬੋਲੀ ਦੇ ਬੋਲਣ ਵਾਲੀਆਂ ਕੌਮਾਂ ਦੇ ਦਸ ਮਨੁੱਖ ਇੱਕ ਯਹੂਦੀ ਦਾ ਪੱਲਾ ਫੜਨਗੇ ਅਤੇ ਆਖਣਗੇ ਕਿ ਅਸੀਂ ਤੁਹਾਡੇ ਨਾਲ ਚੱਲਾਂਗੇ ਕਿਉਂ ਜੋ ਅਸਾਂ ਸੁਣਿਆ ਹੈ ਕਿ ਪਰਮੇਸ਼ੁਰ ਤੁਹਾਡੇ ਸੰਗ ਹੈ!’ (ਜ਼ਕਰਯਾਹ 8:23) ਭਾਵੇਂ ਕਿ ਅੱਜ ਯਹੋਵਾਹ ਦੇ ਗਵਾਹਾਂ ਨੂੰ ਵੱਖ-ਵੱਖ ਭਾਸ਼ਾਵਾਂ ਬੋਲਣ ਦੀ ਦਾਤ ਨਹੀਂ ਮਿਲਦੀ ਹੈ, ਫਿਰ ਵੀ ਉਹ ਜਾਣਦੇ ਹਨ ਕਿ ਲੋਕਾਂ ਨੂੰ ਉਨ੍ਹਾਂ ਦੀ ਆਪਣੀ ਜ਼ਬਾਨ ਵਿਚ ਸਿਖਾਉਣਾ ਬਹੁਤ ਫ਼ਾਇਦੇਮੰਦ ਹੈ।

15, 16. ਮਿਸ਼ਨਰੀਆਂ ਅਤੇ ਹੋਰ ਭੈਣਾਂ-ਭਰਾਵਾਂ ਨੇ ਸਥਾਨਕ ਭਾਸ਼ਾਵਾਂ ਵਿਚ ਪ੍ਰਚਾਰ ਕਰਨ ਲਈ ਕਿਵੇਂ ਮਿਹਨਤ ਕੀਤੀ ਹੈ?

15 ਇਹ ਸੱਚ ਹੈ ਕਿ ਅੱਜ-ਕੱਲ੍ਹ ਅੰਗ੍ਰੇਜ਼ੀ, ਫਰਾਂਸੀਸੀ ਤੇ ਸਪੇਨੀ ਵਰਗੀਆਂ ਭਾਸ਼ਾਵਾਂ ਪੂਰੀ ਦੁਨੀਆਂ ਵਿਚ ਪ੍ਰਚਲਿਤ ਹਨ। ਪਰ ਜਿਹੜੇ ਗਵਾਹ ਆਪਣਾ ਦੇਸ਼ ਛੱਡ ਕੇ ਵਿਦੇਸ਼ਾਂ ਵਿਚ ਜਾਂਦੇ ਹਨ, ਉਹ ਉੱਥੇ ਦੀਆਂ ਸਥਾਨਕ ਬੋਲੀਆਂ ਸਿੱਖਣ ਦੀ ਕੋਸ਼ਿਸ਼ ਕਰਦੇ ਹਨ ਤਾਂਕਿ ਸਦੀਪਕ ਜੀਵਨ ਪਾਉਣ ਵਾਲੇ ਲੋਕਾਂ ਨੂੰ ਆਪਣੀ ਜ਼ਬਾਨ ਵਿਚ ਖ਼ੁਸ਼ ਖ਼ਬਰੀ ਸੁਣਨ ਦਾ ਮੌਕਾ ਮਿਲੇ। (ਰਸੂਲਾਂ ਦੇ ਕਰਤੱਬ 13:48) ਨਵੀਂ ਬੋਲੀ ਸਿੱਖਣੀ ਕੋਈ ਸੌਖਾ ਕੰਮ ਨਹੀਂ ਹੈ। ਜਦੋਂ ਸ਼ਾਂਤ ਮਹਾਂਸਾਗਰ ਵਿਚ ਟੂਵਾਲੂ ਕੌਮ ਦੇ ਭਰਾਵਾਂ ਨੂੰ ਆਪਣੀ ਬੋਲੀ ਵਿਚ ਪ੍ਰਕਾਸ਼ਨਾਂ ਦੀ ਲੋੜ ਪਈ, ਤਾਂ ਇਕ ਮਿਸ਼ਨਰੀ ਭਰਾ ਨੇ ਇਸ ਬਾਰੇ ਕੁਝ ਕਰਨ ਦਾ ਫ਼ੈਸਲਾ ਕੀਤਾ। ਇਸ ਭਾਸ਼ਾ ਵਿਚ ਕੋਈ ਸ਼ਬਦ-ਕੋਸ਼ ਨਹੀਂ ਸੀ, ਇਸ ਲਈ ਉਹ ਟੂਵਾਲੂ ਸ਼ਬਦਾਂ ਦੀ ਲਿਸਟ ਤਿਆਰ ਕਰਨ ਲੱਗਾ। ਅਖ਼ੀਰ ਵਿਚ ਤੁਸੀਂ ਸਦਾ ਦੇ ਲਈ ਧਰਤੀ ਉੱਤੇ ਪਰਾਦੀਸ ਵਿਚ ਜੀਉਂਦੇ ਰਹਿ ਸਕਦੇ ਹੋ * ਪੁਸਤਕ ਟੂਵਾਲੂਅਨ ਭਾਸ਼ਾ ਵਿਚ ਛਾਪੀ ਗਈ। ਜਦੋਂ ਕਯੁਰੇਸਾਓ ਟਾਪੂ ਉੱਤੇ ਮਿਸ਼ਨਰੀ ਪਹੁੰਚੇ, ਤਾਂ ਉੱਥੇ ਦੀ ਪਪੀਆਮੇਂਟੋ ਭਾਸ਼ਾ ਵਿਚ ਨਾ ਕੋਈ ਸ਼ਬਦ-ਕੋਸ਼ ਤੇ ਨਾ ਹੀ ਕੋਈ ਬਾਈਬਲ ਸਾਹਿੱਤ ਸੀ। ਇਸ ਬਾਰੇ ਕਾਫ਼ੀ ਬਹਿਸ ਚੱਲ ਰਹੀ ਸੀ ਕਿ ਇਹ ਭਾਸ਼ਾ ਕਿਵੇਂ ਲਿਖੀ ਜਾਣੀ ਚਾਹੀਦੀ ਹੈ। ਫਿਰ ਵੀ, ਪਹਿਲੇ ਮਿਸ਼ਨਰੀਆਂ ਦੇ ਪਹੁੰਚਣ ਤੋਂ ਬਾਅਦ ਦੋ ਸਾਲਾਂ ਦੇ ਅੰਦਰ-ਅੰਦਰ ਉਸ ਭਾਸ਼ਾ ਵਿਚ ਇਕ ਟ੍ਰੈਕਟ ਛਾਪਿਆ ਗਿਆ। ਅੱਜ ਅੰਗ੍ਰੇਜ਼ੀ ਦੇ ਨਾਲ-ਨਾਲ ਪਹਿਰਾਬੁਰਜ ਰਸਾਲਾ 133 ਭਾਸ਼ਾਵਾਂ ਵਿਚ ਛਾਪਿਆ ਜਾਂਦਾ ਹੈ ਅਤੇ ਇਨ੍ਹਾਂ ਵਿੱਚੋਂ ਇਕ ਭਾਸ਼ਾ ਪਪੀਆਮੇਂਟੋ ਵੀ ਹੈ।

16 ਨਮੀਬੀਆ ਵਿਚ ਪਹਿਲੇ ਮਿਸ਼ਨਰੀਆਂ ਨੂੰ ਅਜਿਹਾ ਕੋਈ ਵੀ ਗਵਾਹ ਨਹੀਂ ਮਿਲਿਆ ਜੋ ਤਰਜਮਾ ਕਰਨ ਵਿਚ ਉਨ੍ਹਾਂ ਦੀ ਮਦਦ ਕਰ ਸਕਦਾ ਸੀ। ਇਸ ਤੋਂ ਇਲਾਵਾ, ਗਵਾਹਾਂ ਦੁਆਰਾ ਆਮ ਵਰਤੇ ਜਾਂਦੇ ਕਈ ਸ਼ਬਦਾਂ ਲਈ ਨਾਮਾ ਨਾਂ ਦੀ ਸਥਾਨਕ ਬੋਲੀ ਵਿਚ ਸ਼ਬਦ ਨਹੀਂ ਸਨ ਜਿਵੇਂ ਕਿ “ਮੁਕੰਮਲ।” ਇਕ ਮਿਸ਼ਨਰੀ ਨੇ ਕਿਹਾ: “ਤਰਜਮਾ ਕਰਨ ਲਈ ਮੈਂ ਉਨ੍ਹਾਂ ਅਧਿਆਪਕਾਂ ਤੋਂ ਮਦਦ ਮੰਗੀ ਜੋ ਬਾਈਬਲ ਦਾ ਅਧਿਐਨ ਕਰ ਰਹੇ ਸਨ। ਪਰ ਉਨ੍ਹਾਂ ਨੂੰ ਸੱਚਾਈ ਦਾ ਬਹੁਤਾ ਗਿਆਨ ਨਹੀਂ ਸੀ, ਇਸ ਲਈ ਮੈਨੂੰ ਉਨ੍ਹਾਂ ਨਾਲ ਬੈਠਣਾ ਪੈਂਦਾ ਸੀ ਤਾਂਕਿ ਹਰ ਵਾਕ ਦਾ ਸਹੀ ਅਨੁਵਾਦ ਕੀਤਾ ਜਾਵੇ।” ਫਿਰ ਵੀ, ਨਵੀਂ ਦੁਨੀਆਂ ਵਿਚ ਜੀਵਨ ਨਾਂ ਦੇ ਟ੍ਰੈਕਟ ਦਾ ਤਰਜਮਾ ਹੁਣ ਨਮੀਬੀਆ ਦੀਆਂ ਚਾਰ ਭਾਸ਼ਾਵਾਂ ਵਿਚ ਕੀਤਾ ਗਿਆ ਹੈ। ਅੱਜ ਪਹਿਰਾਬੁਰਜ ਰਸਾਲਾ ਖਵਾਂਨਿਯਾਮਾ ਅਤੇ ਨਡੌਂਗਾ ਭਾਸ਼ਾਵਾਂ ਵਿਚ ਬਾਕਾਇਦਾ ਛਾਪਿਆ ਜਾਂਦਾ ਹੈ।

17, 18. ਮੈਕਸੀਕੋ ਅਤੇ ਹੋਰਨਾਂ ਮੁਲਕਾਂ ਵਿਚ ਪ੍ਰਚਾਰ ਕਰਨ ਲਈ ਕੀ ਕੀਤਾ ਜਾ ਰਿਹਾ ਹੈ?

17 ਮੈਕਸੀਕੋ ਦੀ ਮੁੱਖ ਭਾਸ਼ਾ ਸਪੇਨੀ ਭਾਸ਼ਾ ਹੈ। ਪਰ ਸਪੇਨੀ ਲੋਕਾਂ ਦੇ ਆਉਣ ਤੋਂ ਪਹਿਲਾਂ ਉੱਥੇ ਹੋਰ ਕਈ ਭਾਸ਼ਾਵਾਂ ਬੋਲੀਆਂ ਜਾਂਦੀਆਂ ਸਨ ਅਤੇ ਇਨ੍ਹਾਂ ਵਿੱਚੋਂ ਕਈ ਅੱਜ ਵੀ ਬੋਲੀਆਂ ਜਾਂਦੀਆਂ ਹਨ। ਇਸ ਲਈ ਯਹੋਵਾਹ ਦੇ ਗਵਾਹਾਂ ਦੇ ਪ੍ਰਕਾਸ਼ਨ ਹੁਣ ਮੈਕਸੀਕੋ ਦੀਆਂ ਸੱਤ ਭਾਸ਼ਾਵਾਂ ਅਤੇ ਮੈਕਸੀਕਨ ਸੈਨਤ ਭਾਸ਼ਾ ਵਿਚ ਵੀ ਮਿਲਦੇ ਹਨ। ਅਮਰੀਕੀ ਆਦਿਵਾਸੀਆਂ ਦੀਆਂ ਭਾਸ਼ਾਵਾਂ ਵਿੱਚੋਂ ਮਾਇਆ ਭਾਸ਼ਾ ਵਿਚ ਸਾਡੀ ਰਾਜ ਸੇਵਕਾਈ ਪਹਿਲਾ ਪ੍ਰਕਾਸ਼ਨ ਸੀ ਜੋ ਹਰ ਮਹੀਨੇ ਮਿਲਣ ਲੱਗਾ। ਮੈਕਸੀਕੋ ਵਿਚ 5,72,530 ਪ੍ਰਚਾਰਕਾਂ ਵਿਚ ਕਈ ਹਜ਼ਾਰ ਭੈਣ-ਭਰਾ ਮਾਇਆ, ਐਜ਼ਟੈਕ ਅਤੇ ਹੋਰ ਨਸਲ ਦੇ ਹਨ।

18 ਹਾਲ ਹੀ ਦੇ ਸਮਿਆਂ ਵਿਚ ਲੱਖਾਂ ਲੋਕ ਰਫਿਊਜੀ ਬਣ ਗਏ ਹਨ ਜਾਂ ਹੋਰ ਲੋਕ ਪੈਸਾ ਕਮਾਉਣ ਲਈ ਪਰਦੇਸ ਜਾ ਕੇ ਵੱਸੇ ਹਨ। ਨਤੀਜੇ ਵਜੋਂ ਕਈ ਮੁਲਕਾਂ ਵਿਚ ਵੱਖਰੀ ਭਾਸ਼ਾ ਬੋਲਣ ਵਾਲੇ ਕਾਫ਼ੀ ਵਿਦੇਸ਼ੀ ਰਹਿੰਦੇ ਹਨ। ਯਹੋਵਾਹ ਦੇ ਗਵਾਹਾਂ ਨੇ ਉਨ੍ਹਾਂ ਨੂੰ ਵੀ ਪ੍ਰਚਾਰ ਕੀਤਾ ਹੈ। ਮਿਸਾਲ ਲਈ, ਗਵਾਹਾਂ ਨੂੰ 16 ਵਿਦੇਸ਼ੀ ਭਾਸ਼ਾਵਾਂ ਸਿਖਾਉਣ ਲਈ ਹਾਲ ਹੀ ਵਿਚ ਕਲਾਸਾਂ ਲਗਾਈਆਂ ਗਈਆਂ ਸਨ। ਇਨ੍ਹਾਂ ਭਾਸ਼ਾਵਾਂ ਵਿਚ ਇਤਾਲਵੀ ਸੈਨਤ ਭਾਸ਼ਾ ਵੀ ਸ਼ਾਮਲ ਸੀ। ਇਟਲੀ ਵਿਚ ਹੁਣ ਇਤਾਲਵੀ ਭਾਸ਼ਾ ਤੋਂ ਇਲਾਵਾ 22 ਹੋਰ ਭਾਸ਼ਾਵਾਂ ਦੀਆਂ ਕਲੀਸਿਯਾਵਾਂ ਅਤੇ ਸਮੂਹ ਹਨ। ਦੂਸਰੇ ਮੁਲਕਾਂ ਵਿਚ ਵੀ ਯਹੋਵਾਹ ਦੇ ਗਵਾਹ ਵਿਦੇਸ਼ੀਆਂ ਨੂੰ ਖ਼ੁਸ਼ ਖ਼ਬਰੀ ਸੁਣਾਉਣ ਲਈ ਅਜਿਹੇ ਜਤਨ ਕਰ ਰਹੇ ਹਨ। ਜੀ ਹਾਂ, ਯਹੋਵਾਹ ਦੀ ਮਦਦ ਨਾਲ ਵੱਡੀ ਭੀੜ ਕਈ ਭਾਖਿਆਂ ਵਿੱਚੋਂ ਇਕੱਠੀ ਕੀਤੀ ਜਾ ਰਹੀ ਹੈ।

“ਸਾਰੀ ਧਰਤੀ ਵਿੱਚ”

19, 20. ਸਮਝਾਓ ਕਿ ਪੌਲੁਸ ਦੇ ਸ਼ਬਦ ਅੱਜ ਖ਼ਾਸ ਤੌਰ ਤੇ ਕਿਵੇਂ ਪੂਰੇ ਹੋ ਰਹੇ ਹਨ।

19 ਪਹਿਲੀ ਸਦੀ ਵਿਚ ਪੌਲੁਸ ਰਸੂਲ ਨੇ ਲਿਖਿਆ: “ਭਲਾ, ਉਨ੍ਹਾਂ ਨੇ ਨਾ ਸੁਣਿਆ? ਬੇਸ਼ੱਕ! ਓਹਨਾਂ ਦਾ ਬੋਲ ਸਾਰੀ ਧਰਤੀ ਵਿੱਚ ਗਿਆ, ਅਤੇ ਸੰਸਾਰ ਦੀਆਂ ਹੱਦਾਂ ਤੀਕੁਰ ਓਹਨਾਂ ਦੇ ਸ਼ਬਦ।” (ਰੋਮੀਆਂ 10:18) ਜੇ ਇਹ ਗੱਲ ਪਹਿਲੀ ਸਦੀ ਵਿਚ ਪੂਰੀ ਹੋਈ ਸੀ, ਤਾਂ ਅੱਜ ਇਹ ਹੋਰ ਵੀ ਵੱਡੇ ਪੈਮਾਨੇ ਤੇ ਪੂਰੀ ਹੋ ਰਹੀ ਹੈ! ਅੱਗੇ ਨਾਲੋਂ ਅੱਜ ਕਿਤੇ ਜ਼ਿਆਦਾ ਲੋਕ ਕਹਿ ਰਹੇ ਹਨ: “ਮੈਂ ਹਰ ਵੇਲੇ ਯਹੋਵਾਹ ਨੂੰ ਮੁਬਾਰਕ ਆਖਾਂਗਾ, ਉਹ ਦੀ ਉਸਤਤ ਸਦਾ ਮੇਰੇ ਮੂੰਹ ਵਿੱਚ ਹੋਵੇਗੀ।”—ਜ਼ਬੂਰਾਂ ਦੀ ਪੋਥੀ 34:1.

20 ਪ੍ਰਚਾਰ ਦੇ ਕੰਮ ਦੀ ਰਫ਼ਤਾਰ ਧੀਮੀ ਨਹੀਂ ਹੋਈ ਹੈ। ਪ੍ਰਚਾਰਕਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਉਹ ਪ੍ਰਚਾਰ ਕਰਨ ਵਿਚ ਜ਼ਿਆਦਾ ਸਮਾਂ ਗੁਜ਼ਾਰ ਰਹੇ ਹਨ। ਉਹ ਲੱਖਾਂ ਹੀ ਲੋਕਾਂ ਨੂੰ ਵਾਰ-ਵਾਰ ਮਿਲਣ ਜਾਂਦੇ ਹਨ ਅਤੇ ਹਜ਼ਾਰਾਂ ਹੀ ਲੋਕ ਉਨ੍ਹਾਂ ਨਾਲ ਬਾਈਬਲ ਦਾ ਅਧਿਐਨ ਕਰ ਰਹੇ ਹਨ। ਲੋਕ ਖ਼ੁਸ਼ ਖ਼ਬਰੀ ਦਾ ਸੰਦੇਸ਼ ਸੁਣ ਰਹੇ ਹਨ। ਪਿਛਲੇ ਸਾਲ ਮਸੀਹ ਦੀ ਮੌਤ ਦੀ ਯਾਦਗਾਰ ਮਨਾਉਣ ਲਈ 1,60,97,622 ਲੋਕ ਇਕੱਠੇ ਹੋਏ ਸਨ। ਇਸ ਤੋਂ ਪਤਾ ਲੱਗਦਾ ਹੈ ਕਿ ਅਜੇ ਬਹੁਤ ਕੰਮ ਕਰਨ ਵਾਲਾ ਹੈ। ਆਓ ਆਪਾਂ ਉਨ੍ਹਾਂ ਭਰਾਵਾਂ ਵਾਂਗ ਵਫ਼ਾਦਾਰ ਰਹੀਏ ਜਿਨ੍ਹਾਂ ਨੇ ਵੱਡੇ-ਵੱਡੇ ਜ਼ੁਲਮ ਸਹਿੰਦੇ ਹੋਏ ਆਪਣਾ ਹੱਥ ਢਿੱਲਾ ਨਹੀਂ ਪੈਣ ਦਿੱਤਾ। ਆਓ ਆਪਾਂ ਜੋਸ਼ ਨਾਲ ਯਹੋਵਾਹ ਦੀ ਸੇਵਾ ਕਰੀਏ ਜਿਵੇਂ 1919 ਤੋਂ ਸਾਡੇ ਭਰਾਵਾਂ ਨੇ ਯਹੋਵਾਹ ਦੀ ਸੇਵਾ ਜੋਸ਼ ਨਾਲ ਕੀਤੀ ਹੈ। ਆਓ ਆਪਾਂ ਸਾਰੇ ਹੀ ਜ਼ਬੂਰਾਂ ਦੇ ਲਿਖਾਰੀ ਵਾਂਗ ਦੂਸਰਿਆਂ ਨੂੰ ਉਤਸ਼ਾਹ ਦੇਈਏ: “ਸਾਰੇ ਪ੍ਰਾਣੀਓ, ਯਹੋਵਾਹ ਦੀ ਉਸਤਤ ਕਰੋ! ਹਲਲੂਯਾਹ!”—ਜ਼ਬੂਰਾਂ ਦੀ ਪੋਥੀ 150:6.

[ਫੁਟਨੋਟ]

^ ਪੈਰਾ 7 ਇਸ ਰਸਾਲੇ ਦੇ 18ਵੇਂ ਤੋਂ 21ਵੇਂ ਸਫ਼ਿਆਂ ਉੱਤੇ ਸਾਲਾਨਾ ਰਿਪੋਰਟ ਦੇਖੋ।

^ ਪੈਰਾ 15 ਇਹ ਪੁਸਤਕ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਹੈ।

ਕੀ ਤੁਸੀਂ ਸਮਝਾ ਸਕਦੇ ਹੋ?

• ਸਾਲ 1919 ਵਿਚ ਭਰਾਵਾਂ ਨੇ ਕਿਹੜਾ ਕੰਮ ਸ਼ੁਰੂ ਕੀਤਾ ਸੀ ਅਤੇ ਇਹ ਇਕ ਵੱਡੀ ਚੁਣੌਤੀ ਕਿਉਂ ਸੀ?

• ਪ੍ਰਚਾਰ ਕਰਨ ਦੇ ਕੰਮ ਵਿਚ ਹਿੱਸਾ ਲੈਣ ਲਈ ਕੌਣ ਇਕੱਠੇ ਕੀਤੇ ਗਏ ਸਨ?

• ਵਿਦੇਸ਼ਾਂ ਵਿਚ ਸੇਵਾ ਕਰ ਰਹੇ ਮਿਸ਼ਨਰੀਆਂ ਅਤੇ ਹੋਰਨਾਂ ਭੈਣਾਂ-ਭਰਾਵਾਂ ਨੇ ਕਿਹੜਾ ਵਧੀਆ ਰਿਕਾਰਡ ਕਾਇਮ ਕੀਤਾ ਹੈ?

• ਤੁਸੀਂ ਕਿਹੜਾ ਸਬੂਤ ਦੇ ਸਕਦੇ ਹੋ ਕਿ ਯਹੋਵਾਹ ਆਪਣੇ ਲੋਕਾਂ ਦੇ ਕੰਮ ਉੱਤੇ ਬਰਕਤਾਂ ਪਾ ਰਿਹਾ ਹੈ?

[ਸਵਾਲ]

[ਸਫ਼ੇ 18-21 ਉੱਤੇ ਚਾਰਟ]

2003 SERVICE YEAR REPORT OF JEHOVAH’S WITNESSES WORLDWIDE

(See bound volume)

[ਸਫ਼ੇ 14, 15 ਉੱਤੇ ਤਸਵੀਰ]

ਦੂਜੇ ਵਿਸ਼ਵ ਯੁੱਧ ਦੌਰਾਨ ਮਸੀਹੀਆਂ ਨੇ ਇਸ ਗੱਲ ਤੇ ਸ਼ੱਕ ਨਹੀਂ ਕੀਤਾ ਕਿ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕੀਤਾ ਜਾਵੇਗਾ

[ਕ੍ਰੈਡਿਟ ਲਾਈਨ]

Explosion: U.S. Navy photo; others: U.S. Coast Guard photo

[ਸਫ਼ੇ 17 ਉੱਤੇ ਤਸਵੀਰ]

ਵੱਡੀ ਭੀੜ ਸਭਨਾਂ ਗੋਤਾਂ ਅਤੇ ਭਾਖਿਆਂ ਵਿੱਚੋਂ ਇਕੱਠੀ ਕੀਤੀ ਜਾ ਰਹੀ ਹੈ