Skip to content

Skip to table of contents

ਲੜਾਈਆਂ ਦਾ ਅੰਤ

ਲੜਾਈਆਂ ਦਾ ਅੰਤ

ਲੜਾਈਆਂ ਦਾ ਅੰਤ

‘ਅਸੀਂ ਸਿਰਫ਼ 12 ਸਾਲਾਂ ਦੇ ਹਾਂ। ਰਾਜਨੀਤੀ ਜਾਂ ਜੰਗ ਤੇ ਸਾਡਾ ਕੋਈ ਵੱਸ ਨਹੀਂ ਹੈ, ਪਰ ਅਸੀਂ ਜੀਣਾ ਚਾਹੁੰਦੇ ਹਾਂ! ਅਸੀਂ ਸ਼ਾਂਤੀ ਦੀ ਆਸ ਵਿਚ ਰਹਿੰਦੇ ਹਾਂ। ਕੀ ਇਹ ਸਾਨੂੰ ਕਦੇ ਮਿਲੇਗੀ?’—ਪੰਜਵੀਂ ਕਲਾਸ ਵਿਚ ਪੜ੍ਹ ਰਹੇ ਬੱਚੇ।

‘ਅਸੀਂ ਸਕੂਲੇ ਜਾਣਾ ਚਾਹੁੰਦੇ ਹਾਂ ਅਤੇ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨੂੰ ਜਾ ਕੇ ਮਿਲਣਾ ਚਾਹੁੰਦੇ ਹਾਂ, ਪਰ ਸਾਨੂੰ ਡਰ ਲੱਗਾ ਰਹਿੰਦਾ ਕਿ ਕੋਈ ਸਾਨੂੰ ਚੁੱਕ ਕੇ ਨਾ ਲੈ ਜਾਵੇ। ਮੈਂ ਆਸ ਰੱਖਦਾ ਹਾਂ ਕਿ ਸਰਕਾਰ ਸਾਡੀ ਗੱਲ ਸੁਣੇਗੀ। ਅਸੀਂ ਜ਼ਿੰਦਗੀ ਵਿਚ ਸੁਖ ਚਾਹੁੰਦੇ ਹਾਂ। ਅਸੀਂ ਸ਼ਾਂਤੀ ਚਾਹੁੰਦੇ ਹਾਂ।’—ਆਲਹਾਜੀ, ਉਮਰ 14 ਸਾਲ।

ਇਨ੍ਹਾਂ ਦਿਲ-ਚੀਰਵੇਂ ਸ਼ਬਦਾਂ ਤੋਂ ਪਤਾ ਲੱਗਦਾ ਹੈ ਕਿ ਕਈ ਸਾਲ ਲੜਾਈਆਂ ਕਰਕੇ ਦੁੱਖ ਸਹਿਣ ਤੋਂ ਬਾਅਦ ਇਹ ਬੱਚੇ ਸਿਰਫ਼ ਰਾਹਤ ਦੀ ਉਮੀਦ ਰੱਖਦੇ ਹਨ ਤੇ ਆਮ ਇਨਸਾਨ ਵਾਂਗ ਜੀਣਾ ਚਾਹੁੰਦੇ ਹਨ। ਪਰ ਉਮੀਦ ਆਪਣੇ ਆਪ ਅਸਲੀਅਤ ਨਹੀਂ ਬਣ ਜਾਂਦੀ। ਕੀ ਅਸੀਂ ਕਦੀ ਉਹ ਦਿਨ ਦੇਖਾਂਗੇ ਜਦੋਂ ਲੜਾਈਆਂ ਨਹੀਂ ਹੋਣਗੀਆਂ?

ਹਾਲ ਹੀ ਦੇ ਸਾਲਾਂ ਵਿਚ ਬਾਹਰਲੇ ਮੁਲਕਾਂ ਨੇ ਕੁਝ ਘਰੇਲੂ ਜੰਗਾਂ ਨੂੰ ਸੁਲਝਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਹਨ। ਉਨ੍ਹਾਂ ਨੇ ਸ਼ਾਂਤੀ ਸੰਧੀਆਂ ਉੱਤੇ ਦਸਤਖਤ ਕਰਨ ਲਈ ਵਿਰੋਧੀ ਧਿਰਾਂ ਉੱਤੇ ਜ਼ੋਰ ਪਾਇਆ ਹੈ। ਕੁਝ ਮੁਲਕਾਂ ਨੇ ਸ਼ਾਂਤੀ ਦੀ ਸਥਾਪਨਾ ਕਰਨ ਦੇ ਉਦੇਸ਼ ਨਾਲ ਅਜਿਹੇ ਮੁਲਕਾਂ ਨੂੰ ਸ਼ਾਂਤੀ ਸੈਨਿਕ ਭੇਜੇ ਹਨ। ਪਰ ਦੁਨੀਆਂ ਦੇ ਬਹੁਤ ਹੀ ਘੱਟ ਦੇਸ਼ਾਂ ਕੋਲ ਇਸ ਤਰ੍ਹਾਂ ਕਰਨ ਲਈ ਪੈਸੇ ਹਨ ਤੇ ਨਾ ਹੀ ਉਹ ਹੋਰਨਾਂ ਦੇਸ਼ਾਂ ਦੀ ਇੰਨੀ ਪਰਵਾਹ ਕਰਦੇ ਹਨ, ਖ਼ਾਸਕਰ ਜੇ ਲੜਾਈ ਕਰਨ ਵਾਲੇ ਦੇਸ਼ ਦੇ ਲੋਕ ਨਫ਼ਰਤ ਤੇ ਸ਼ੱਕ ਦੇ ਸ਼ਿਕਾਰ ਬਣ ਕੇ ਸ਼ਾਂਤੀ ਕਾਇਮ ਨਹੀਂ ਰੱਖ ਸਕਦੇ। ਇਹ ਵੀ ਆਮ ਹੈ ਕਿ ਸ਼ਾਂਤੀ ਦੀ ਸੰਧੀ ਉੱਤੇ ਦਸਤਖਤ ਕਰਨ ਤੋਂ ਕੁਝ ਹੀ ਹਫ਼ਤਿਆਂ ਜਾਂ ਮਹੀਨਿਆਂ ਬਾਅਦ ਲੜਾਈ ਦੇ ਭਾਂਬੜ ਫਿਰ ਤੋਂ ਮੱਚ ਉੱਠਦੇ ਹਨ। ਸ਼ਾਂਤੀ ਕਾਇਮ ਕਰਨ ਲਈ ਅੰਤਰਰਾਸ਼ਟਰੀ ਸੰਸਥਾ ਕਹਿੰਦੀ ਹੈ ਕਿ ‘ਜਦ ਲੜਨ ਵਾਲਿਆਂ ਵਿਚ ਲੜਨ ਦੀ ਇੱਛਾ ਅਤੇ ਯੋਗਤਾ ਦੀ ਘਾਟ ਨਹੀਂ ਹੁੰਦੀ, ਤਾਂ ਸ਼ਾਂਤੀ ਸਥਾਪਿਤ ਕਰਨੀ ਆਸਾਨ ਨਹੀਂ ਹੁੰਦੀ।’

ਇਸ ਦੇ ਨਾਲ-ਨਾਲ ਦੁਨੀਆਂ ਦੇ ਕਈਆਂ ਭਾਗਾਂ ਵਿਚ ਹੋ ਰਹੀਆਂ ਲੜਾਈਆਂ ਮਸੀਹੀਆਂ ਨੂੰ ਬਾਈਬਲ ਦੀ ਇਕ ਭਵਿੱਖਬਾਣੀ ਯਾਦ ਕਰਾਉਂਦੀਆਂ ਹਨ। ਪਰਕਾਸ਼ ਦੀ ਪੋਥੀ ਵਿਚ ਅਜਿਹੇ ਖ਼ਤਰਨਾਕ ਸਮੇਂ ਦੀ ਗੱਲ ਕੀਤੀ ਗਈ ਹੈ ਜਦੋਂ ਇਕ ਲਾਖਣਿਕ ਘੋੜਸਵਾਰ ‘ਧਰਤੀ ਤੋਂ ਸ਼ਾਂਤੀ ਖ਼ਤਮ ਕਰ ਦੇਵੇਗਾ।’ (ਪਰਕਾਸ਼ ਦੀ ਪੋਥੀ 6:4, ਪਵਿੱਤਰ ਬਾਈਬਲ ਨਵਾਂ ਅਨੁਵਾਦ) ਲਗਾਤਾਰ ਹੋ ਰਹੀਆਂ ਲੜਾਈਆਂ ਇਕ ਨਿਸ਼ਾਨੀ ਹੈ ਕਿ ਅਸੀਂ “ਅੰਤ ਦਿਆਂ ਦਿਨਾਂ” ਵਿਚ ਜੀ ਰਹੇ ਹਾਂ। * (2 ਤਿਮੋਥਿਉਸ 3:1) ਪਰ ਬਾਈਬਲ ਸਾਨੂੰ ਭਰੋਸਾ ਦਿੰਦੀ ਹੈ ਕਿ ਇਨ੍ਹਾਂ ਦਿਨਾਂ ਤੋਂ ਬਾਅਦ ਸ਼ਾਂਤੀ ਦੇ ਦਿਨ ਆਉਣਗੇ।

ਜ਼ਬੂਰਾਂ ਦੀ ਪੋਥੀ 46:9 ਵਿਚ ਬਾਈਬਲ ਦੱਸਦੀ ਹੈ ਕਿ ਸ਼ਾਂਤੀ ਕਾਇਮ ਕਰਨ ਵਾਸਤੇ ਦੁਨੀਆਂ ਦੇ ਇਕ ਹਿੱਸੇ ਵਿੱਚੋਂ ਹੀ ਨਹੀਂ, ਸਗੋਂ ਸਾਰੀ ਧਰਤੀ ਉੱਤੋਂ ਲੜਾਈਆਂ ਮੁਕਾਉਣ ਦੀ ਲੋੜ ਹੈ। ਇਸ ਤੋਂ ਇਲਾਵਾ ਇਸ ਜ਼ਬੂਰ ਵਿਚ ਬਾਈਬਲ ਦੇ ਜ਼ਮਾਨੇ ਦੇ ਹਥਿਆਰਾਂ ਯਾਨੀ ਧਣੁਖ ਅਤੇ ਬਰਛੀ ਦੇ ਨਾਸ਼ ਕੀਤੇ ਜਾਣ ਬਾਰੇ ਲਿਖਿਆ ਹੈ। ਜੇ ਇਨਸਾਨ ਨੇ ਸ਼ਾਂਤੀ ਨਾਲ ਰਹਿਣਾ ਹੈ, ਤਾਂ ਆਧੁਨਿਕ ਹਥਿਆਰਾਂ ਨੂੰ ਵੀ ਨਾਸ਼ ਕੀਤਾ ਜਾਣਾ ਜ਼ਰੂਰੀ ਹੈ।

ਮੂਲ ਰੂਪ ਵਿਚ, ਬੰਦੂਕਾਂ ਤੇ ਗੋਲੀਆਂ ਲੜਾਈ ਦੇ ਭਾਂਬੜ ਨਹੀਂ ਮਚਾਉਂਦੀਆਂ, ਪਰ ਨਫ਼ਰਤ ਤੇ ਲਾਲਚ ਮਚਾਉਂਦੇ ਹਨ। ਲਾਲਚ ਜੰਗ ਦੀ ਜੜ੍ਹ ਹੈ ਅਤੇ ਨਫ਼ਰਤ ਅਕਸਰ ਹਿੰਸਾ ਨੂੰ ਜਨਮ ਦਿੰਦੀ ਹੈ। ਇਨ੍ਹਾਂ ਮਾਰੂ ਭਾਵਨਾਵਾਂ ਨੂੰ ਜੜ੍ਹੋਂ ਪੁੱਟਣ ਲਈ ਲੋਕਾਂ ਨੂੰ ਆਪਣੀ ਸੋਚਣੀ ਬਦਲਣ ਦੀ ਲੋੜ ਹੈ। ਉਨ੍ਹਾਂ ਨੂੰ ਸ਼ਾਂਤੀ ਨਾਲ ਜੀਣਾ ਸਿੱਖਣ ਦੀ ਲੋੜ ਹੈ। ਇਸੇ ਕਰਕੇ ਪ੍ਰਾਚੀਨ ਨਬੀ ਯਸਾਯਾਹ ਨੇ ਠੀਕ ਕਿਹਾ ਸੀ ਕਿ ਜਦ ਲੋਕ “ਫੇਰ ਕਦੀ ਵੀ ਲੜਾਈ ਨਾ ਸਿੱਖਣਗੇ,” ਤਾਂ ਜੰਗਾਂ ਮੁਕ ਜਾਣਗੀਆਂ।—ਯਸਾਯਾਹ 2:4.

ਪਰ ਅੱਜ ਅਸੀਂ ਅਜਿਹੇ ਜ਼ਮਾਨੇ ਵਿਚ ਰਹਿ ਰਹੇ ਹਾਂ ਜਿੱਥੇ ਨਿਆਣਿਆਂ ਤੇ ਸਿਆਣਿਆਂ ਨੂੰ ਸ਼ਾਂਤੀ-ਪਸੰਦ ਇਨਸਾਨ ਬਣਨ ਦੀ ਸਿੱਖਿਆ ਦੇਣ ਦੀ ਬਜਾਇ ਜੰਗ ਲੜਨੀ ਸਿਖਾਈ ਜਾਂਦੀ ਹੈ। ਦੁੱਖ ਦੀ ਗੱਲ ਹੈ ਕਿ ਬੱਚਿਆਂ ਨੂੰ ਵੀ ਕਤਲ ਕਰਨਾ ਸਿਖਾਇਆ ਜਾਂਦਾ ਹੈ।

ਉਨ੍ਹਾਂ ਨੇ ਜਾਨ ਲੈਣੀ ਸਿੱਖੀ

ਆਲਹਾਜੀ ਸਿਰਫ਼ 10 ਸਾਲ ਦਾ ਸੀ ਜਦੋਂ ਬਾਗ਼ੀ ਦਲ ਉਸ ਨੂੰ ਫੜ ਕੇ ਲੈ ਗਿਆ। ਉਨ੍ਹਾਂ ਨੇ ਉਸ ਨੂੰ AK-47 ਰਫਲ ਚਲਾਉਣੀ ਸਿਖਾਈ। ਟ੍ਰੇਨਿੰਗ ਤੋਂ ਬਾਅਦ ਉਸ ਨੇ ਲੋਕਾਂ ਦੇ ਘਰਾਂ ਨੂੰ ਲੁੱਟਣਾ ਅਤੇ ਸਾੜਨਾ ਸ਼ੁਰੂ ਕਰ ਦਿੱਤਾ। ਉਸ ਨੇ ਲੋਕਾਂ ਨੂੰ ਕੱਟਿਆ-ਵੱਢਿਆ ਤੇ ਮਾਰਿਆ। ਜਦ ਉਹ 14 ਸਾਲਾਂ ਦਾ ਸੀ, ਤਾਂ ਉਸ ਨੂੰ ਫ਼ੌਜ ਵਿੱਚੋਂ ਮੁਕਤ ਕਰ ਦਿੱਤਾ ਗਿਆ। ਪਰ ਆਲਹਾਜੀ ਲਈ ਆਪਣਾ ਅਤੀਤ ਭੁੱਲ ਕੇ ਇਕ ਆਮ ਇਨਸਾਨ ਵਜੋਂ ਜੀਣਾ ਮੁਸ਼ਕਲ ਹੈ। ਏਬਰਾਹੈਮ ਨਾਂ ਦਾ ਇਕ ਹੋਰ ਮੁੰਡਾ ਹੈ ਜਿਸ ਨੇ ਕਤਲ ਕਰਨਾ ਸਿੱਖਿਆ ਸੀ। ਹੁਣ ਉਹ ਆਪਣੇ ਹਥਿਆਰ ਸੁੱਟ ਦੇਣ ਤੋਂ ਡਰਦਾ ਹੈ। ਉਸ ਨੇ ਕਿਹਾ: “ਜੇ ਕਿਸੇ ਨੇ ਮੇਰੇ ਤੋਂ ਮੇਰੀ ਪਿਸਤੌਲ ਲੈ ਕੇ ਮੈਨੂੰ ਚਲੇ ਜਾਣ ਲਈ ਕਿਹਾ, ਤਾਂ ਮੈਨੂੰ ਨਹੀਂ ਪਤਾ ਮੈਂ ਕੀ ਕਰਾਂਗਾ ਤੇ ਮੈਨੂੰ ਖਾਣ ਨੂੰ ਕਿੱਥੋਂ ਮਿਲੇਗਾ।”

ਅੱਜ ਸਾਡੀ ਧਰਤੀ ਤੇ 3 ਲੱਖ ਤੋਂ ਜ਼ਿਆਦਾ ਛੋਟੀ ਉਮਰ ਦੇ ਮੁੰਡੇ-ਕੁੜੀਆਂ ਘਰੇਲੂ ਜੰਗਾਂ ਵਿਚ ਲੜ ਰਹੇ ਹਨ ਤੇ ਮਰ ਰਹੇ ਹਨ। ਇਕ ਬਾਗ਼ੀ ਲੀਡਰ ਨੇ ਕਿਹਾ: “ਬੱਚੇ ਕਿਹਾ ਮੰਨਦੇ ਹਨ; ਉਨ੍ਹਾਂ ਦੇ ਪਿੱਛੇ ਕੋਈ ਬੀਵੀ-ਬੱਚੇ ਨਹੀਂ ਹਨ ਜਿਨ੍ਹਾਂ ਦੀ ਉਨ੍ਹਾਂ ਨੂੰ ਕੋਈ ਚਿੰਤਾ ਹੈ ਅਤੇ ਉਹ ਨਿਡਰ ਹਨ।” ਪਰ ਇਹ ਬੱਚੇ ਸੁੱਖ-ਚੈਨ ਚਾਹੁੰਦੇ ਹਨ ਤੇ ਇਹ ਇਨ੍ਹਾਂ ਨੂੰ ਮਿਲਣਾ ਚਾਹੀਦਾ ਹੈ।

ਅਮੀਰ ਦੇਸ਼ਾਂ ਦੇ ਲੋਕ ਬਾਲ ਫ਼ੌਜੀਆਂ ਦੀ ਭਿਆਨਕ ਹਾਲਤ ਦੀ ਕਲਪਨਾ ਵੀ ਨਹੀਂ ਕਰ ਸਕਦੇ। ਪਰ ਇਨ੍ਹਾਂ ਪੱਛਮੀ ਦੇਸ਼ਾਂ ਦੇ ਬੱਚੇ ਵੀ ਆਪਣੇ ਘਰਾਂ ਦੇ ਅੰਦਰ ਹੀ ਜੰਗ ਕਰਨੀ ਸਿੱਖ ਰਹੇ ਹਨ। ਕਿਸ ਤਰ੍ਹਾਂ?

ਸਪੇਨ ਦੇ ਦੱਖਣ-ਪੂਰਬ ਵਿਚ ਰਹਿ ਰਹੇ ਹੋਸੇ ਦੀ ਉਦਾਹਰਣ ਉੱਤੇ ਗੌਰ ਕਰੋ। ਇਸ ਲੜਕੇ ਨੂੰ ਜੂਡੋ ਤੇ ਕਰਾਟੇ ਵਰਗੇ ਮਾਰਸ਼ਲ ਆਰਟਸ ਬਹੁਤ ਪਸੰਦ ਸਨ। ਉਸ ਦੇ ਪਿਤਾ ਨੇ ਉਸ ਨੂੰ ਕ੍ਰਿਸਮਸ ਦੇ ਤੋਹਫ਼ੇ ਵਿਚ ਇਕ ਜਪਾਨੀ ਤਲਵਾਰ ਦਿੱਤੀ ਸੀ ਜੋ ਹੋਸੇ ਲਈ ਬਹੁਤ ਹੀ ਅਜ਼ੀਜ਼ ਸੀ। ਉਸ ਨੂੰ ਵਿਡਿਓ-ਗੇਮਾਂ, ਖ਼ਾਸ ਕਰਕੇ ਮਾਰ-ਧਾੜ ਵਾਲੀਆਂ ਗੇਮਾਂ ਬਹੁਤ ਪਸੰਦ ਸਨ। ਉਸ ਨੇ 1 ਅਪ੍ਰੈਲ 2000 ਦੇ ਦਿਨ ਆਪਣੇ ਹੀਰੋ ਦੇ ਗੁੱਸੇ ਦੀ ਨਕਲ ਕਰਦੇ ਹੋਏ ਆਪਣੇ ਪਿਤਾ, ਆਪਣੀ ਮਾਂ ਅਤੇ ਆਪਣੀ ਛੋਟੀ ਭੈਣ ਨੂੰ ਕਤਲ ਕਰ ਦਿੱਤਾ। ਕਿਸ ਚੀਜ਼ ਨਾਲ? ਉਸੇ ਜਪਾਨੀ ਤਲਵਾਰ ਨਾਲ ਜੋ ਉਸ ਦੇ ਪਿਤਾ ਨੇ ਉਸ ਨੂੰ ਦਿੱਤੀ ਸੀ। ਹੋਸੇ ਨੇ ਪੁਲਸ ਨੂੰ ਦੱਸਿਆ: “ਮੈਂ ਦੁਨੀਆਂ ਵਿਚ ਇਕੱਲਾ ਹੋਣਾ ਚਾਹੁੰਦਾ ਸੀ; ਮੈਂ ਨਹੀਂ ਚਾਹੁੰਦਾ ਸੀ ਕਿ ਮੇਰੇ ਮਾਂ-ਬਾਪ ਮੈਨੂੰ ਲੱਭਦੇ ਫਿਰਨ।”

ਹਿੰਸਕ ਮਨੋਰੰਜਨ ਬਾਰੇ ਗੱਲ ਕਰਦੇ ਹੋਏ ਡੇਵ ਗਰੋਸਮਨ ਨਾਂ ਦੇ ਮਿਲਟਰੀ ਅਫ਼ਸਰ ਅਤੇ ਲੇਖਕ ਨੇ ਕਿਹਾ: “ਅਸੀਂ ਇੰਨੇ ਕਠੋਰ ਤੇ ਬੇਰਹਿਮ ਬਣਦੇ ਜਾ ਰਹੇ ਹਾਂ ਕਿ ਹੁਣ ਕਿਸੇ ਨੂੰ ਦੁੱਖ-ਦਰਦ ਸਹਿੰਦੇ ਹੋਏ ਦੇਖ ਕੇ ਦੁਖੀ ਹੋਣ ਦੀ ਬਜਾਇ ਅਸੀਂ ਖ਼ੁਸ਼ ਹੁੰਦੇ ਹਾਂ। ਇਹ ਸਾਡੇ ਲਈ ਮਨੋਰੰਜਨ ਬਣ ਗਿਆ ਹੈ। ਅਸੀਂ ਕਤਲ ਕਰਨਾ ਸਿੱਖ ਰਹੇ ਹਾਂ ਤੇ ਇਹ ਸਾਨੂੰ ਚੰਗਾ ਲੱਗ ਰਿਹਾ ਹੈ।”

ਆਲਹਾਜੀ ਅਤੇ ਹੋਸੇ ਦੋਹਾਂ ਨੇ ਕਤਲ ਕਰਨਾ ਸਿੱਖਿਆ ਹੈ। ਇਹ ਨੌਜਵਾਨ ਖ਼ੂਨੀ ਬਣਨਾ ਤਾਂ ਨਹੀਂ ਚਾਹੁੰਦੇ ਸਨ, ਪਰ ਇਨ੍ਹਾਂ ਨੂੰ ਮਿਲੀ ਅਲੱਗ-ਅਲੱਗ ਕਿਸਮ ਦੀ ਟ੍ਰੇਨਿੰਗ ਨੇ ਇਨ੍ਹਾਂ ਦੀ ਸੋਚਣੀ ਤੇ ਮਾਰੂ ਅਸਰ ਪਾਇਆ। ਅਜਿਹੀ ਟ੍ਰੇਨਿੰਗ ਭਾਵੇਂ ਬੱਚੇ ਲੈਣ ਜਾਂ ਬਾਲਗ, ਇਹ ਹਿੰਸਾ ਤੇ ਲੜਾਈ ਦਾ ਹੀ ਕਾਰਨ ਬਣਦੀ ਹੈ।

ਲੜਨ ਦੀ ਬਜਾਇ ਸ਼ਾਂਤੀ ਨਾਲ ਜੀਣਾ

ਜਦ ਤਕ ਲੋਕ ਜਾਨ ਲੈਣੀ ਸਿੱਖਦੇ ਰਹਿਣਗੇ, ਤਦ ਤਕ ਸ਼ਾਂਤੀ ਕਦੇ ਵੀ ਸਥਾਪਿਤ ਨਹੀਂ ਕੀਤੀ ਜਾ ਸਕੇਗੀ। ਅੱਜ ਤੋਂ 2,700 ਸਾਲ ਪਹਿਲਾਂ ਯਸਾਯਾਹ ਨਬੀ ਨੇ ਲਿਖਿਆ: ‘ਕਾਸ਼ ਕਿ ਤੂੰ ਪਰਮੇਸ਼ੁਰ ਦੇ ਹੁਕਮਾਂ ਨੂੰ ਮੰਨਦਾ! ਤਾਂ ਤੇਰੀ ਸ਼ਾਂਤੀ ਨਦੀ ਵਾਂਙੁ ਹੁੰਦੀ।’ (ਯਸਾਯਾਹ 48:17, 18) ਜਦ ਲੋਕ ਪਰਮੇਸ਼ੁਰ ਦੇ ਬਚਨ ਵਿੱਚੋਂ ਸਹੀ ਗਿਆਨ ਲੈਂਦੇ ਹਨ ਤੇ ਪਰਮੇਸ਼ੁਰ ਦੇ ਹੁਕਮਾਂ ਨੂੰ ਪਸੰਦ ਕਰਨਾ ਸਿੱਖਦੇ ਹਨ, ਤਾਂ ਉਨ੍ਹਾਂ ਨੂੰ ਹਿੰਸਾ ਤੇ ਲੜਾਈ ਨਾਲ ਘਿਰਣਾ ਹੋਣ ਲੱਗਦੀ ਹੈ। ਹੁਣ ਵੀ ਮਾਂ-ਬਾਪ ਧਿਆਨ ਰੱਖ ਸਕਦੇ ਹਨ ਕਿ ਉਨ੍ਹਾਂ ਦੇ ਬੱਚੇ ਅਜਿਹੀਆਂ ਗੇਮਾਂ ਨਾ ਖੇਡਣ ਜੋ ਉਨ੍ਹਾਂ ਨੂੰ ਹਿੰਸਕ ਬਣਨਾ ਸਿਖਾਉਂਦੀਆਂ ਹਨ। ਵੱਡੇ ਵੀ ਨਫ਼ਰਤ ਅਤੇ ਲਾਲਚ ਦੀਆਂ ਭਾਵਨਾਵਾਂ ਨੂੰ ਕਾਬੂ ਕਰਨਾ ਸਿੱਖ ਸਕਦੇ ਹਨ। ਯਹੋਵਾਹ ਦੇ ਗਵਾਹਾਂ ਨੇ ਵਾਰ-ਵਾਰ ਦੇਖਿਆ ਹੈ ਕਿ ਪਰਮੇਸ਼ੁਰ ਦੇ ਬਚਨ ਵਿਚ ਲੋਕਾਂ ਦੇ ਸੁਭਾਅ ਬਦਲਣ ਦੀ ਤਾਕਤ ਹੈ।—ਇਬਰਾਨੀਆਂ 4:12.

ਓਰਟੇਂਸਯੋ ਦੀ ਉਦਾਹਰਣ ਤੇ ਗੌਰ ਕਰੋ। ਇਸ ਨੌਜਵਾਨ ਨੂੰ ਮਜਬੂਰਨ ਫ਼ੌਜ ਵਿਚ ਭਰਤੀ ਕੀਤਾ ਗਿਆ ਸੀ। ਉਹ ਦੱਸਦਾ ਹੈ ਕਿ ਮਿਲਟਰੀ ਟ੍ਰੇਨਿੰਗ ਦੌਰਾਨ ਸਾਡੇ ਅੰਦਰ “ਬੇਰਹਿਮੀ ਨਾਲ ਲੋਕਾਂ ਦੀ ਜਾਨ ਲੈਣ ਦੀ ਇੱਛਾ ਪੈਦਾ ਕੀਤੀ ਗਈ।” ਓਰਟੇਂਸਯੋ ਨੇ ਅਫ਼ਰੀਕਾ ਦੀ ਇਕ ਲੰਬੇ ਸਮੇਂ ਤੋਂ ਚੱਲ ਰਹੀ ਘਰੇਲੂ ਜੰਗ ਵਿਚ ਲੜਾਈ ਲੜੀ। ਉਹ ਦੱਸਦਾ ਹੈ: “ਜੰਗ ਨੇ ਮੇਰੇ ਸੁਭਾਅ ਨੂੰ ਬਦਲਿਆ। ਅੱਜ ਵੀ ਮੈਨੂੰ ਯਾਦ ਹੈ ਕਿ ਮੈਂ ਕੀ-ਕੀ ਕੀਤਾ ਸੀ। ਮੇਰਾ ਦਿਲ ਬਹੁਤ ਖ਼ਰਾਬ ਹੁੰਦਾ ਹੈ ਕਿ ਮੈਨੂੰ ਇਹੋ ਜਿਹੇ ਭੈੜੇ ਕੰਮ ਕਰਨੇ ਪਏ।”

ਇਕ ਹੋਰ ਫ਼ੌਜੀ ਨੇ ਓਰਟੇਂਸਯੋ ਦੇ ਨਾਲ ਬਾਈਬਲ ਬਾਰੇ ਗੱਲ ਕੀਤੀ ਜੋ ਉਸ ਨੂੰ ਬਹੁਤ ਹੀ ਚੰਗੀ ਲੱਗੀ। ਉਸ ਨੇ ਜ਼ਬੂਰਾਂ ਦੀ ਪੋਥੀ 46:9 ਵਿਚ ਪਰਮੇਸ਼ੁਰ ਦਾ ਵਾਅਦਾ ਪੜ੍ਹਿਆ ਕਿ ਉਹ ਲੜਾਈਆਂ ਨੂੰ ਮੁਕਾਵੇਗਾ। ਇਸ ਦਾ ਉਸ ਤੇ ਡੂੰਘਾ ਅਸਰ ਪਿਆ। ਬਾਈਬਲ ਦੀ ਸਟੱਡੀ ਕਰਦੇ ਰਹਿਣ ਨਾਲ ਉਸ ਵਿਚ ਲੜਾਈ ਕਰਨ ਦੀ ਇੱਛਾ ਘੱਟਦੀ ਗਈ। ਕੁਝ ਹੀ ਸਮੇਂ ਵਿਚ ਉਸ ਨੂੰ ਅਤੇ ਉਸ ਦੇ ਦੋ ਸਾਥੀਆਂ ਨੂੰ ਫ਼ੌਜ ਵਿੱਚੋਂ ਕੱਢ ਦਿੱਤਾ ਗਿਆ ਅਤੇ ਉਨ੍ਹਾਂ ਨੇ ਯਹੋਵਾਹ ਪਰਮੇਸ਼ੁਰ ਨੂੰ ਉਸ ਦੀ ਮਰਜ਼ੀ ਪੂਰੀ ਕਰਨ ਲਈ ਆਪਣੀ ਜ਼ਿੰਦਗੀ ਸਮਰਪਿਤ ਕਰ ਦਿੱਤੀ। ਓਰਟੇਂਸਯੋ ਦੱਸਦਾ ਹੈ: “ਬਾਈਬਲ ਤੋਂ ਮੈਂ ਸਿੱਖਿਆ ਕਿ ਮੈਨੂੰ ਆਪਣੇ ਦੁਸ਼ਮਣਾਂ ਨਾਲ ਪਿਆਰ ਕਰਨਾ ਚਾਹੀਦਾ ਹੈ। ਮੈਂ ਸਿੱਖਿਆ ਕਿ ਜੰਗ ਵਿਚ ਲੜ ਕੇ ਮੈਂ ਯਹੋਵਾਹ ਖ਼ਿਲਾਫ਼ ਪਾਪ ਕਰ ਰਿਹਾ ਸੀ ਕਿਉਂਕਿ ਪਰਮੇਸ਼ੁਰ ਕਹਿੰਦਾ ਹੈ ਕਿ ਸਾਨੂੰ ਆਪਣੇ ਗੁਆਂਢੀ ਨੂੰ ਮਾਰਨਾ ਨਹੀਂ ਚਾਹੀਦਾ। ਗੁਆਂਢੀਆਂ ਨਾਲ ਪਿਆਰ ਕਰਨਾ ਸਿੱਖਣ ਲਈ ਮੈਨੂੰ ਆਪਣੀ ਸੋਚਣੀ ਬਦਲਣੀ ਪਈ ਅਤੇ ਲੋਕਾਂ ਨੂੰ ਆਪਣੇ ਦੁਸ਼ਮਣ ਸਮਝਣ ਤੋਂ ਆਪਣੇ ਆਪ ਨੂੰ ਵਰਜਣਾ ਪਿਆ।”

ਅਜਿਹੀਆਂ ਮਿਸਾਲਾਂ ਤੋਂ ਅਸੀਂ ਦੇਖ ਸਕਦੇ ਹਾਂ ਕਿ ਬਾਈਬਲ ਦੀ ਸਿੱਖਿਆ ਲੈ ਕੇ ਸ਼ਾਂਤੀ ਕਾਇਮ ਕਰਨੀ ਮੁਮਕਿਨ ਹੋ ਸਕਦੀ ਹੈ। ਇਸ ਤੋਂ ਸਾਨੂੰ ਹੈਰਾਨ ਨਹੀਂ ਹੋਣਾ ਚਾਹੀਦਾ। ਯਸਾਯਾਹ ਨਬੀ ਨੇ ਸਾਫ਼-ਸਾਫ਼ ਕਿਹਾ ਸੀ ਕਿ ਪਰਮੇਸ਼ੁਰ ਦੀ ਸਿੱਖਿਆ ਅਤੇ ਸ਼ਾਂਤੀ ਦਾ ਆਪਸ ਵਿਚ ਸੰਬੰਧ ਹੈ। ਉਸ ਨੇ ਭਵਿੱਖਬਾਣੀ ਕੀਤੀ ਸੀ: ‘ਤੇਰੇ ਸਾਰੇ ਪੁੱਤ੍ਰ ਯਹੋਵਾਹ ਵੱਲੋਂ ਸਿੱਖੇ ਹੋਏ ਹੋਣਗੇ, ਅਤੇ ਤੇਰੇ ਪੁੱਤ੍ਰਾਂ ਦੀ ਸ਼ਾਂਤੀ ਬਹੁਤ ਹੋਵੇਗੀ।’ (ਯਸਾਯਾਹ 54:13) ਇਸੇ ਨਬੀ ਨੇ ਅਜਿਹੇ ਸਮੇਂ ਬਾਰੇ ਲਿਖਿਆ ਜਦੋਂ ਸਾਰੀਆਂ ਕੌਮਾਂ ਦੇ ਲੋਕ ਯਹੋਵਾਹ ਦੀ ਪਵਿੱਤਰ ਭਗਤੀ ਕਰਨ ਲਈ ਆਉਣਗੇ। ਇਸ ਦਾ ਨਤੀਜਾ ਕੀ ਨਿਕਲੇਗਾ? ‘ਓਹ ਆਪਣੀਆਂ ਤਲਵਾਰਾਂ ਨੂੰ ਕੁੱਟ ਕੇ ਫਾਲੇ ਬਣਾਉਣਗੇ, ਅਤੇ ਆਪਣੇ ਬਰਛਿਆਂ ਨੂੰ ਦਾਤ। ਕੌਮ ਕੌਮ ਉੱਤੇ ਤਲਵਾਰ ਨਹੀਂ ਚੁੱਕੇਗੀ, ਅਤੇ ਓਹ ਫੇਰ ਕਦੀ ਵੀ ਲੜਾਈ ਨਾ ਸਿੱਖਣਗੇ।’ਯਸਾਯਾਹ 2:2-4.

ਇਸ ਭਵਿੱਖਬਾਣੀ ਦੀ ਪੂਰਤੀ ਵਿਚ ਯਹੋਵਾਹ ਦੇ ਗਵਾਹ ਸੰਸਾਰ ਭਰ ਵਿਚ ਲੋਕਾਂ ਨੂੰ ਸਿੱਖਿਆ ਦੇ ਰਹੇ ਹਨ ਜਿਸ ਦੀ ਮਦਦ ਨਾਲ ਲੱਖਾਂ ਲੋਕਾਂ ਨੇ ਨਫ਼ਰਤ ਦੀ ਭਾਵਨਾ ਤੇ ਕਾਬੂ ਪਾਉਣਾ ਸਿੱਖਿਆ ਹੈ ਜੋ ਕਿ ਮਨੁੱਖੀ ਜੰਗਾਂ ਦੀ ਜੜ੍ਹ ਹੈ।

ਸ਼ਾਂਤੀ ਦੀ ਗਾਰੰਟੀ

ਸਿੱਖਿਆ ਦੇਣ ਤੋਂ ਇਲਾਵਾ ਪਰਮੇਸ਼ੁਰ ਨੇ ਇਕ ਸਰਕਾਰ ਯਾਨੀ “ਰਾਜ” ਸਥਾਪਿਤ ਕੀਤਾ ਹੈ ਜੋ ਸੰਸਾਰ ਭਰ ਵਿਚ ਸ਼ਾਂਤੀ ਲਿਆਵੇਗਾ। ਧਿਆਨ ਦੇਣ ਵਾਲੀ ਗੱਲ ਹੈ ਕਿ ਬਾਈਬਲ ਵਿਚ ਪਰਮੇਸ਼ੁਰ ਦੇ ਚੁਣੇ ਹੋਏ ਹਾਕਮ, ਯਿਸੂ ਮਸੀਹ ਨੂੰ “ਸ਼ਾਂਤੀ ਦਾ ਰਾਜ ਕੁਮਾਰ” ਸੱਦਿਆ ਗਿਆ ਹੈ। ਉਸ ਬਾਰੇ ਅੱਗੇ ਕਿਹਾ ਗਿਆ ਹੈ ਕਿ “ਉਸ ਦੀ ਸ਼ਾਹੀ ਸ਼ਕਤੀ ਹਮੇਸ਼ਾ ਵੱਧਦੀ ਜਾਵੇਗੀ, ਅਤੇ ਉਸ ਦੇ ਰਾਜ ਵਿਚ ਹਮੇਸ਼ਾ ਸ਼ਾਂਤੀ ਰਹੇਗੀ।”—ਯਸਾਯਾਹ 9:6, 7, ਨਵਾਂ ਅਨੁਵਾਦ।

ਅਸੀਂ ਵਿਸ਼ਵਾਸ ਕਿਉਂ ਕਰ ਸਕਦੇ ਹਾਂ ਕਿ ਮਸੀਹ ਦਾ ਰਾਜ ਲੜਾਈਆਂ ਮੁਕਾਉਣ ਵਿਚ ਕਾਮਯਾਬ ਹੋਵੇਗਾ? ਯਸਾਯਾਹ ਨਬੀ ਨੇ ਅੱਗੇ ਕਿਹਾ: “ਸਰਵ ਸ਼ਕਤੀਮਾਨ ਪ੍ਰਭੂ [ਯਹੋਵਾਹ] ਆਪ ਇਹ ਸਭ ਕਰੇਗਾ।” (ਯਸਾਯਾਹ 9:7, ਨਵਾਂ ਅਨੁਵਾਦ) ਪਰਮੇਸ਼ੁਰ ਸ਼ਾਂਤੀ ਲਿਆਉਣੀ ਸਿਰਫ਼ ਚਾਹੁੰਦਾ ਹੀ ਨਹੀਂ, ਸਗੋਂ ਉਸ ਕੋਲ ਲਿਆਉਣ ਦੀ ਤਾਕਤ ਵੀ ਹੈ। ਯਿਸੂ ਨੂੰ ਇਸ ਵਾਅਦੇ ਤੇ ਪੂਰਾ ਯਕੀਨ ਹੈ। ਇਸੇ ਕਰਕੇ ਉਸ ਨੇ ਆਪਣੇ ਚੇਲਿਆਂ ਨੂੰ ਪਰਮੇਸ਼ੁਰ ਦੇ ਰਾਜ ਲਈ ਅਤੇ ਪਰਮੇਸ਼ੁਰ ਦੀ ਮਰਜ਼ੀ ਜ਼ਮੀਨ ਉੱਤੇ ਪੂਰੀ ਹੋਣ ਲਈ ਪ੍ਰਾਰਥਨਾ ਕਰਨੀ ਸਿਖਾਈ ਸੀ। (ਮੱਤੀ 6:9, 10) ਜਦ ਇਸ ਪ੍ਰਾਰਥਨਾ ਦਾ ਜਵਾਬ ਸਾਨੂੰ ਮਿਲੇਗਾ, ਤਾਂ ਫਿਰ ਮੁੜ ਕਦੇ ਵੀ ਧਰਤੀ ਦੇ ਕਿਸੇ ਕੋਨੇ ਵਿਚ ਲੜਾਈ ਨਹੀਂ ਹੋਵੇਗੀ।

[ਫੁਟਨੋਟ]

^ ਪੈਰਾ 6 ਆਖ਼ਰੀ ਦਿਨਾਂ ਦੀਆਂ ਨਿਸ਼ਾਨੀਆਂ ਦੇ ਸਬੂਤ ਦੀ ਜਾਂਚ ਕਰਨ ਵਾਸਤੇ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ ਕਿਤਾਬ ਦਾ 11ਵਾਂ ਅਧਿਆਇ ਦੇਖੋ।

[ਸਫ਼ੇ 7 ਉੱਤੇ ਤਸਵੀਰ]

ਬਾਈਬਲ ਦੀ ਸਿੱਖਿਆ ਸ਼ਾਂਤੀ ਨਾਲ ਜੀਣਾ ਸਿਖਾਉਂਦੀ ਹੈ