Skip to content

Skip to table of contents

ਸੱਤ ਸਮੁੰਦਰ ਪਾਰ ਰੱਬ ਦਾ ਪ੍ਰਚਾਰ

ਸੱਤ ਸਮੁੰਦਰ ਪਾਰ ਰੱਬ ਦਾ ਪ੍ਰਚਾਰ

ਜੀਵਨੀ

ਸੱਤ ਸਮੁੰਦਰ ਪਾਰ ਰੱਬ ਦਾ ਪ੍ਰਚਾਰ

ਟੌਮ ਕੁੱਕ ਦੀ ਜ਼ਬਾਨੀ

ਬੰਦੂਕਾਂ ਦੀ ਆਵਾਜ਼ ਨੇ ਦੁਪਹਿਰ ਦੀ ਖਾਮੋਸ਼ੀ ਭੰਗ ਕਰ ਦਿੱਤੀ। ਸਾਡੇ ਬਗ਼ੀਚੇ ਵਿਚ ਗੋਲੀਆਂ ਦੀ ਬਰਸਾਤ ਹੋ ਰਹੀ ਸੀ। ਸਾਨੂੰ ਕੁਝ ਪਤਾ ਨਾ ਲੱਗੇ ਕਿ ਕੀ ਹੋ ਰਿਹਾ ਸੀ। ਫਿਰ, ਸਾਨੂੰ ਖ਼ਬਰ ਮਿਲੀ ਕਿ ਯੂਗਾਂਡਾ ਦੀ ਸਰਕਾਰ ਪਲਟਾ ਦਿੱਤੀ ਗਈ ਸੀ ਅਤੇ ਹੁਣ ਜਰਨੈਲ ਈਡੀ ਅਮੀਨ ਦਾ ਰਾਜ ਚੱਲ ਪਿਆ ਸੀ। ਇਹ 1971 ਦੀ ਗੱਲ ਹੈ।

ਮੈਂ ਤੇ ਮੇਰੀ ਪਤਨੀ ਐਨ ਇੰਗਲੈਂਡ ਦੀ ਸ਼ਾਂਤੀ ਤੋਂ ਦੂਰ ਅਫ਼ਰੀਕਾ ਦੇ ਇਸ ਖ਼ਤਰਨਾਕ ਇਲਾਕੇ ਵਿਚ ਕੀ ਕਰ ਰਹੇ ਸਾਂ? ਮੇਰੇ ਮਾਂ-ਬਾਪ ਨੇ ਮੇਰੇ ਅੰਦਰ ਦਲੇਰ ਬਣਨ ਦੀ ਹਿੰਮਤ ਪੈਦਾ ਕੀਤੀ, ਇਸ ਲਈ ਮੈਨੂੰ ਨਵੀਂ-ਨਵੀਂ ਜਗ੍ਹਾ ਜਾਣ ਦਾ ਬੜਾ ਸ਼ੌਕ ਹੈ। ਉਹ ਜੋਸ਼ ਨਾਲ ਰਾਜ ਦਾ ਪ੍ਰਚਾਰ ਕਰਦੇ ਹੁੰਦੇ ਸਨ ਤੇ ਮੈਂ ਉਨ੍ਹਾਂ ਦੀ ਮਿਸਾਲ ਦੇਖ ਕੇ ਉਨ੍ਹਾਂ ਵਰਗਾ ਬਣਨਾ ਚਾਹਿਆ।

ਮੈਨੂੰ ਉਹ ਦਿਨ ਅਜੇ ਵੀ ਯਾਦ ਹੈ ਜਦੋਂ ਪਹਿਲੀ ਵਾਰ ਮੇਰੇ ਮਾਂ-ਬਾਪ ਯਹੋਵਾਹ ਦੇ ਗਵਾਹਾਂ ਨੂੰ ਮਿਲੇ ਸਨ। ਅਗਸਤ 1946 ਦੇ ਉਸ ਦਿਨ ਕੜਾਕੇ ਦੀ ਗਰਮੀ ਸੀ ਤੇ ਮੈਨੂੰ ਲੱਗਦਾ ਸੀ ਕਿ ਮਾਤਾ ਜੀ ਤੇ ਪਿਤਾ ਜੀ ਦਰਵਾਜ਼ੇ ਤੇ ਉਨ੍ਹਾਂ ਦੋ ਮਹਿਮਾਨਾਂ ਨਾਲ ਗੱਲਾਂ ਕਰਨੋਂ ਹੀ ਨਹੀਂ ਹਟਣਗੇ। ਇਹ ਦੋ ਮਹਿਮਾਨ, ਫਰੇਜ਼ਰ ਬਰੈਡਬਰੀ ਤੇ ਮੇਮੀ ਸ਼ਰੀਵ, ਕਈ ਵਾਰ ਸਾਡੇ ਘਰ ਆਏ ਅਤੇ ਅਗਲੇ ਕੁਝ ਮਹੀਨਿਆਂ ਦੌਰਾਨ ਸਾਡੇ ਘਰ ਦਾ ਸਾਰਾ ਮਾਹੌਲ ਹੀ ਬਦਲ ਗਿਆ।

ਮੇਰੇ ਬਹਾਦਰ ਮਾਪਿਆਂ ਦੀ ਮਿਸਾਲ

ਸਾਡੇ ਪਿੰਡ ਦਾ ਨਾਂ ਸਪੌਂਡਨ ਸੀ। ਮੇਰੇ ਮਾਂ-ਬਾਪ ਆਂਢ-ਗੁਆਂਢ ਵਿਚ ਕਾਫ਼ੀ ਲੋਕ-ਸੇਵਾ ਕਰਦੇ ਹੁੰਦੇ ਸਨ। ਮਿਸਾਲ ਦੇ ਤੌਰ ਤੇ, ਬਾਈਬਲ ਦੀ ਸਟੱਡੀ ਕਰਨ ਤੋਂ ਕੁਝ ਹੀ ਸਮੇਂ ਪਹਿਲਾਂ ਸਾਡੇ ਘਰ ਦੀਆਂ ਦੀਵਾਰਾਂ ਪ੍ਰਦਾਨ ਮੰਤਰੀ ਵਿੰਸਟਨ ਚਰਚਿਲ ਦੀਆਂ ਤਸਵੀਰਾਂ ਨਾਲ ਸਜੀਆਂ ਹੋਈਆਂ ਸਨ। ਜੰਗ ਤੋਂ ਬਾਅਦ ਦੀ ਕੌਮੀ ਇਲੈਕਸ਼ਨ ਦੌਰਾਨ ਸਾਡੇ ਘਰ ਵਿਚ ਸੱਜੇ-ਪੱਖੀ ਸਿਆਸੀ ਪਾਰਟੀ ਦੇ ਮੈਂਬਰ ਇਕੱਠੇ ਹੋਇਆ ਕਰਦੇ ਸਨ। ਸਾਡਾ ਪਰਿਵਾਰ ਕਈ ਮਸ਼ਹੂਰ ਤੇ ਵੱਡੇ ਲੋਕਾਂ ਵਿਚ ਕਾਫ਼ੀ ਜਾਣਿਆ-ਪਛਾਣਿਆ ਸੀ। ਭਾਵੇਂ ਉਸ ਸਮੇਂ ਮੈਂ ਸਿਰਫ਼ ਨੌਂ ਸਾਲਾਂ ਦਾ ਸੀ, ਪਰ ਮੈਨੂੰ ਯਾਦ ਹੈ ਕਿ ਸਾਡੇ ਸਾਕ-ਸੰਬੰਧੀਆਂ ਨੂੰ ਯਕੀਨ ਨਹੀਂ ਸੀ ਆਉਂਦਾ ਕਿ ਅਸੀਂ ਯਹੋਵਾਹ ਦੇ ਗਵਾਹ ਬਣ ਰਹੇ ਸਾਂ।

ਜਿਨ੍ਹਾਂ ਭਰਾਵਾਂ ਨਾਲ ਅਸੀਂ ਸੰਗਤ ਕਰਦੇ ਸੀ, ਉਹ ਜੋਸ਼ ਤੇ ਨਿਡਰਤਾ ਨਾਲ ਪ੍ਰਚਾਰ ਕਰਦੇ ਸਨ। ਉਨ੍ਹਾਂ ਦੀ ਮਿਸਾਲ ਦੇਖ ਕਿ ਮੇਰੇ ਮਾਂ-ਬਾਪ ਨੇ ਵੀ ਪ੍ਰਚਾਰ ਕਰਨਾ ਚਾਹਿਆ। ਮੇਰੇ ਪਿਤਾ ਜੀ ਨੇ ਪਿੰਡ ਦੇ ਖ਼ਾਸ ਬਾਜ਼ਾਰ ਵਿਚ ਇਕ ਲਾਊਡਸਪੀਕਰ ਦੇ ਜ਼ਰੀਏ ਭਾਸ਼ਣ ਦੇਣੇ ਸ਼ੁਰੂ ਕਰ ਦਿੱਤੇ। ਭਾਸ਼ਣ ਦੌਰਾਨ ਅਸੀਂ ਬੱਚੇ ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲੇ ਆਪਣੇ ਮੋਹਰੇ ਫੜ ਕੇ ਲੋਕਾਂ ਸਾਮ੍ਹਣੇ ਖੜ੍ਹੇ ਹੁੰਦੇ ਸੀ। ਪਰ ਇਹ ਵੀ ਗੱਲ ਸੱਚ ਸੀ ਕਿ ਜਦੋਂ ਸਕੂਲੋਂ ਮੇਰਾ ਕੋਈ ਹਾਣੀ ਮੇਰੇ ਨਾਲ ਗੱਲ ਕਰਨ ਲਾਗੇ ਆਉਂਦਾ ਸੀ, ਤਾਂ ਮੈਂ ਸ਼ਰਮ ਤੇ ਘਬਰਾਹਟ ਦੇ ਮਾਰੇ ਮਰ ਜਾਣਾ ਚਾਹੁੰਦਾ ਸੀ।

ਮੇਰੇ ਮਾਂ-ਬਾਪ ਦੀ ਵਧੀਆ ਮਿਸਾਲ ਦੇਖ ਕੇ ਮੇਰੀ ਵੱਡੀ ਭੈਣ ਡੈਫਨੀ ਨੇ ਪਾਇਨੀਅਰੀ ਕਰਨੀ ਸ਼ੁਰੂ ਕੀਤੀ। ਫਿਰ 1955 ਵਿਚ ਉਹ ਵਾਚਟਾਵਰ ਬਾਈਬਲ ਸਕੂਲ ਆਫ਼ ਗਿਲਿਅਡ ਗਈ ਤੇ ਬਾਅਦ ਵਿਚ ਮਿਸ਼ਨਰੀ ਵਜੋਂ ਜਪਾਨ ਨੂੰ ਭੇਜੀ ਗਈ। * ਪਰ ਮੇਰੀ ਛੋਟੀ ਭੈਣ ਜ਼ੋਈ ਨੇ ਯਹੋਵਾਹ ਵੱਲੋਂ ਆਪਣਾ ਮੂੰਹ ਮੋੜ ਲਿਆ।

ਇਸ ਸਮੇਂ ਦੌਰਾਨ ਮੈਂ ਸਕੂਲ ਦੀ ਪੜ੍ਹਾਈ ਖ਼ਤਮ ਕਰ ਕੇ ਕਾਲਜ ਵਿਚ ਤਸਵੀਰਾਂ ਤੇ ਗ੍ਰਾਫੀ ਦੀ ਤਕਨੀਕ ਸਿੱਖਣੀ ਸ਼ੁਰੂ ਕਰ ਦਿੱਤੀ। ਉਨ੍ਹੀਂ ਦਿਨੀਂ ਮੇਰੇ ਸੰਗੀ ਵਿਦਿਆਰਥੀਆਂ ਵਿਚ ਫ਼ੌਜ ਵਿਚ ਭਰਤੀ ਕੀਤੇ ਜਾਣ ਬਾਰੇ ਕਾਫ਼ੀ ਬਹਿਸ ਚੱਲ ਰਹੀ ਸੀ। ਜਦ ਮੈਂ ਦੱਸਿਆ ਕਿ ਮੇਰੀ ਜ਼ਮੀਰ ਮੈਨੂੰ ਫ਼ੌਜ ਵਿਚ ਭਰਤੀ ਨਹੀਂ ਹੋਣ ਦੇਵੇਗੀ, ਤਾਂ ਉਨ੍ਹਾਂ ਸੋਚਿਆ ਮੈਂ ਮਜ਼ਾਕ ਕਰ ਰਿਹਾ ਹਾਂ। ਇਸ ਤਰ੍ਹਾਂ ਕੁਝ ਵਿਦਿਆਰਥੀਆਂ ਨਾਲ ਬਾਈਬਲ ਬਾਰੇ ਗੱਲ ਕਰਨ ਦੇ ਮੈਨੂੰ ਮੌਕੇ ਮਿਲੇ। ਕੁਝ ਹੀ ਸਮੇਂ ਬਾਅਦ ਮੈਨੂੰ ਫ਼ੌਜ ਵਿਚ ਭਰਤੀ ਹੋਣ ਤੋਂ ਇਨਕਾਰ ਕਰਨ ਲਈ 12 ਮਹੀਨਿਆਂ ਦੀ ਕੈਦ ਹੋ ਗਈ। ਐਨ ਮੇਰੀ ਇਕ ਸੰਗੀ ਵਿਦਿਆਰਥਣ ਸੀ ਜਿਸ ਨੇ ਬਾਈਬਲ ਦੇ ਸੰਦੇਸ਼ ਵਿਚ ਦਿਲਚਸਪੀ ਲਈ ਸੀ। ਬਾਅਦ ਵਿਚ ਉਹ ਮੇਰੀ ਪਤਨੀ ਬਣੀ। ਅੱਗੇ ਐਨ ਆਪ ਦੱਸੇਗੀ ਕਿ ਉਸ ਨੇ ਸੱਚਾਈ ਕਿਸ ਤਰ੍ਹਾਂ ਸਿੱਖੀ ਸੀ।

ਮੈਂ ਸੱਚਾਈ ਕਿਸ ਤਰ੍ਹਾਂ ਸਿੱਖੀ?

“ਮੇਰੇ ਮਾਤਾ-ਪਿਤਾ ਕਿਸੇ ਧਰਮ ਵਿਚ ਵਿਸ਼ਵਾਸ ਨਹੀਂ ਕਰਦੇ ਸਨ ਅਤੇ ਨਾ ਹੀ ਮੈਂ ਕਿਸੇ ਧਰਮ ਦੀ ਮੈਂਬਰ ਸੀ। ਫਿਰ ਵੀ, ਮੈਨੂੰ ਧਰਮ ਦੇ ਵਿਸ਼ੇ ਵਿਚ ਦਿਲਚਸਪੀ ਸੀ ਤੇ ਮੈਂ ਆਪਣੇ ਕਿਸੇ ਵੀ ਦੋਸਤ-ਮਿੱਤਰ ਨਾਲ ਚਰਚ ਚਲੀ ਜਾਂਦੀ ਸੀ। ਪਰ ਜਦ ਮੈਂ ਟੌਮ ਅਤੇ ਯਹੋਵਾਹ ਦੇ ਇਕ ਹੋਰ ਗਵਾਹ ਨੂੰ ਹੋਰਨਾਂ ਵਿਦਿਆਰਥੀਆਂ ਨਾਲ ਬਾਈਬਲ ਬਾਰੇ ਇੰਨੇ ਜੋਸ਼ ਨਾਲ ਗੱਲ ਕਰਦੇ ਸੁਣਿਆ, ਤਾਂ ਮੇਰੇ ਅੰਦਰ ਬਾਈਬਲ ਲਈ ਦਿਲਚਸਪੀ ਜਾਗੀ। ਜਦ ਉਨ੍ਹਾਂ ਦੋਹਾਂ ਨੂੰ ਫ਼ੌਜ ਵਿਚ ਭਰਤੀ ਹੋਣ ਤੋਂ ਇਨਕਾਰ ਕਰਨ ਲਈ ਕੈਦ ਭੇਜਿਆ ਗਿਆ, ਤਾਂ ਮੈਂ ਹੱਕੀ-ਬੱਕੀ ਰਹਿ ਗਈ।

“ਮੈਂ ਤੇ ਟੌਮ ਇਕ-ਦੂਸਰੇ ਨੂੰ ਚਿੱਠੀਆਂ ਲਿਖਦੇ ਰਹੇ ਤੇ ਬਾਈਬਲ ਵਿਚ ਮੇਰੀ ਦਿਲਚਸਪੀ ਵਧਦੀ ਗਈ। ਜਦ ਮੈਂ ਹੋਰ ਪੜ੍ਹਾਈ ਕਰਨ ਲਈ ਲੰਡਨ ਆਈ, ਤਾਂ ਮੈਂ ਮਿਉਰਿਅਲ ਆਲਬਰੈਖ਼ਟ ਨਾਲ ਬਾਈਬਲ ਸਟੱਡੀ ਕਰਨ ਲਈ ਰਾਜ਼ੀ ਹੋ ਗਈ। ਮਿਉਰਿਅਲ ਪਹਿਲਾਂ ਏਸਟੋਨੀਆ ਵਿਚ ਮਿਸ਼ਨਰੀ ਵਜੋਂ ਸੇਵਾ ਕਰ ਚੁੱਕੀ ਸੀ। ਉਸ ਨੇ ਅਤੇ ਉਸ ਦੀ ਮਾਂ ਨੇ ਮੈਨੂੰ ਬਹੁਤ ਹੌਸਲਾ ਦਿੱਤਾ। ਕੁਝ ਹੀ ਹਫ਼ਤਿਆਂ ਵਿਚ ਮੈਂ ਮੀਟਿੰਗਾਂ ਵਿਚ ਜਾਣ ਲੱਗ ਪਈ ਅਤੇ ਲੰਡਨ ਦੇ ਵਿਕਟੋਰੀਆ ਸਟੇਸ਼ਨ ਦੇ ਬਾਹਰ ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲੇ ਲੈ ਕੇ ਪ੍ਰਚਾਰ ਕਰਨ ਲੱਗ ਪਈ।

“ਲੰਡਨ ਦੇ ਦੱਖਣ ਵੱਲ ਮੈਂ ਸਦੱਕ ਕਲੀਸਿਯਾ ਵਿਚ ਜਾਇਆ ਕਰਦੀ ਸੀ। ਕਲੀਸਿਯਾ ਵਿਚ ਆਉਣ ਵਾਲੇ ਭੈਣ-ਭਰਾ ਕਈਆਂ ਮੁਲਕਾਂ ਤੋਂ ਸਨ ਅਤੇ ਕਈਆਂ ਕੋਲੋਂ ਮਸੀਂ-ਮਸੀਂ ਗੁਜ਼ਾਰਾ ਹੁੰਦਾ ਸੀ। ਭਾਵੇਂ ਮੈਂ ਅਜਨਬੀ ਸੀ, ਪਰ ਉਨ੍ਹਾਂ ਮੈਨੂੰ ਓਪਰਾ ਨਹੀਂ ਸਮਝਿਆ। ਉਨ੍ਹਾਂ ਭੈਣ-ਭਰਾਵਾਂ ਦੇ ਪਿਆਰ ਨੇ ਮੈਨੂੰ ਮੋਹ ਲਿਆ ਤੇ ਮੈਨੂੰ ਯਕੀਨ ਹੋ ਗਿਆ ਕਿ ਜੋ ਮੈਂ ਸਿੱਖ ਰਹੀ ਸੀ ਉਹ ਸੱਚ ਸੀ। ਤਾਂ ਫਿਰ 1960 ਵਿਚ ਮੈਂ ਬਪਤਿਸਮਾ ਲੈ ਲਿਆ।”

ਹਾਲਾਤ ਬਦਲ ਗਏ—ਨਿਸ਼ਾਨੇ ਨਹੀਂ ਬਦਲੇ

ਮੇਰੀ ਤੇ ਐਨ ਦੀ ਸ਼ਾਦੀ 1960 ਦੇ ਅਖ਼ੀਰ ਤਕ ਹੋ ਗਈ। ਅਸੀਂ ਦੋਵੇਂ ਪਰਦੇਸਾਂ ਵਿਚ ਮਿਸ਼ਨਰੀ ਸੇਵਾ ਕਰਨੀ ਚਾਹੁੰਦੇ ਸੀ। ਪਰ ਸਾਡੇ ਹਾਲਾਤ ਬਦਲ ਗਏ ਜਦੋਂ ਸਾਨੂੰ ਪਤਾ ਲੱਗਾ ਕਿ ਐਨ ਮਾਂ ਬਣਨ ਵਾਲੀ ਸੀ। ਸਾਡੀ ਬੇਟੀ ਸੈਰਾ ਦੇ ਜਨਮ ਤੋਂ ਬਾਅਦ ਮੈਂ ਤੇ ਐਨ ਅਜੇ ਵੀ ਕਿਸੇ ਅਜਿਹੇ ਮੁਲਕ ਵਿਚ ਜਾ ਕੇ ਪ੍ਰਚਾਰ ਕਰਨਾ ਚਾਹੁੰਦੇ ਸੀ ਜਿੱਥੇ ਯਹੋਵਾਹ ਦੇ ਬਹੁਤੇ ਗਵਾਹ ਨਹੀਂ ਸਨ। ਮੈਂ ਕਈਆਂ ਦੇਸ਼ਾਂ ਵਿਚ ਨੌਕਰੀ ਲਈ ਅਰਜ਼ੀਆਂ ਭਰੀਆਂ। ਆਖ਼ਰਕਾਰ ਮਈ 1966 ਵਿਚ ਯੂਗਾਂਡਾ ਦੇ ਪੜ੍ਹਾਈ-ਲਿਖਾਈ ਵਿਭਾਗ ਵਿਚ ਮੈਨੂੰ ਨੌਕਰੀ ਮਿਲ ਗਈ। ਪਰ ਇਸ ਸਮੇਂ ਤਕ ਐਨ ਫਿਰ ਤੋਂ ਮਾਂ ਬਣਨ ਵਾਲੀ ਸੀ। ਕਈਆਂ ਨੇ ਸਾਨੂੰ ਸਲਾਹ ਦਿੱਤੀ ਕਿ ਇਸ ਹਾਲਤ ਵਿਚ ਇੰਨੀ ਦੂਰ ਜਾਣਾ ਸ਼ਾਇਦ ਠੀਕ ਨਾ ਹੋਵੇ। ਅਸੀਂ ਆਪਣੇ ਡਾਕਟਰ ਨੂੰ ਪੁੱਛਿਆ ਤੇ ਉਸ ਨੇ ਕਿਹਾ: “ਜੇ ਤੁਸੀਂ ਜਾਣਾ ਹੀ ਹੈ, ਤਾਂ ਗਰਭ-ਅਵਸਥਾ ਦੇ ਸੱਤਵੇਂ ਮਹੀਨੇ ਤੋਂ ਪਹਿਲਾਂ-ਪਹਿਲਾਂ ਹੀ ਚਲੇ ਜਾਓ।” ਅਸੀਂ ਯੂਗਾਂਡਾ ਜਾਣ ਦੀ ਝਟਪਟ ਤਿਆਰੀ ਕਰ ਲਈ। ਇਸ ਦੇ ਨਤੀਜੇ ਵਜੋਂ ਸਾਡੇ ਮਾਂ-ਬਾਪ ਨੇ ਸਾਡੀ ਦੂਸਰੀ ਬੇਟੀ ਰੇਚਲ ਦਾ ਮੂੰਹ ਦੋ ਸਾਲ ਤਕ ਨਹੀਂ ਦੇਖਿਆ। ਉਨ੍ਹਾਂ ਨੇ ਆਪਣੇ ਦਿਲ ਤੇ ਪੱਥਰ ਰੱਖ ਕੇ ਇਹ ਵਿਛੋੜਾ ਝੱਲਿਆ। ਹੁਣ ਅਸੀਂ ਜਾਣਦੇ ਹਾਂ ਕਿ ਉਨ੍ਹਾਂ ਤੇ ਕੀ-ਕੀ ਬੀਤਿਆ ਹੋਵੇਗਾ ਕਿਉਂਕਿ ਹੁਣ ਅਸੀਂ ਆਪ ਨਾਨਾ-ਨਾਨੀ ਬਣੇ ਹਾਂ।

ਸਾਲ 1966 ਵਿਚ ਯੂਗਾਂਡਾ ਪਹੁੰਚ ਕੇ ਅਸੀਂ ਬਹੁਤ ਖ਼ੁਸ਼ ਵੀ ਸੀ ਤੇ ਕੁਝ-ਕੁਝ ਡਰਦੇ ਵੀ ਸੀ। ਹਵਾਈ ਜਹਾਜ਼ੋਂ ਉਤਰਦੇ ਹੀ ਪਹਿਲੀ ਗੱਲ ਅਸੀਂ ਦੇਖੀ ਕਿ ਸਭ ਕੁਝ ਬਹੁਤ ਹੀ ਰੰਗ-ਬਰੰਗਾ ਹੈ। ਸਾਡਾ ਪਹਿਲਾ ਘਰ ਈਗਾਂਗਾ ਨਾਂ ਦੇ ਛੋਟੇ ਜਿਹੇ ਸ਼ਹਿਰ ਨੇੜੇ ਸੀ। ਇਹ ਜਿੰਜਾ ਨਗਰ ਤੋਂ 50 ਕਿਲੋਮੀਟਰ ਦੂਰ ਸੀ ਜਿੱਥੋਂ ਦੀ ਨੀਲ ਦਰਿਆ ਵਗਣਾ ਸ਼ੁਰੂ ਹੁੰਦਾ ਹੈ। ਈਗਾਂਗਾ ਵਿਚ ਯਹੋਵਾਹ ਦੇ ਗਵਾਹ ਨਹੀਂ ਸਨ ਤੇ ਜਿੰਜਾ ਵਿਚ ਗਵਾਹਾਂ ਦਾ ਇਕ ਛੋਟਾ ਜਿਹਾ ਅੱਡਰਾ ਗਰੁੱਪ ਸੀ। ਉਸ ਗਰੁੱਪ ਵਿਚ ਦੋ ਮਿਸ਼ਨਰੀ ਜੋੜੇ ਵੀ ਸਨ, ਗਿਲਬਰਟ ਤੇ ਜੋਨ ਵੋਲਟਰਜ਼ ਅਤੇ ਸਟੀਵਨ ਤੇ ਬਾਬਰਾ ਹਾਰਡੀ। ਮੈਂ ਆਪਣੀ ਨੌਕਰੀ ਦੀ ਬਦਲੀ ਜਿੰਜਾ ਕਰਾ ਲਈ ਤਾਂਕਿ ਅਸੀਂ ਉਸ ਗਰੁੱਪ ਨਾਲ ਮਿਲ ਕੇ ਪ੍ਰਚਾਰ ਦਾ ਕੰਮ ਕਰ ਸਕੀਏ। ਰੇਚਲ ਦੇ ਜਨਮ ਤੋਂ ਥੋੜ੍ਹੀ ਹੀ ਦੇਰ ਬਾਅਦ ਅਸੀਂ ਜਿੰਜਾ ਰਹਿਣ ਵਾਸਤੇ ਚਲੇ ਗਏ। ਉੱਥੇ ਸਾਨੂੰ ਜੋਸ਼ੀਲੇ ਭੈਣਾਂ-ਭਰਾਵਾਂ ਨਾਲ ਮਿਲ ਕੇ ਪ੍ਰਚਾਰ ਕਰਨ ਦਾ ਬਹੁਤ ਮਜ਼ਾ ਆਇਆ ਤੇ ਅਸੀਂ ਉਸ ਛੋਟੇ ਜਿਹੇ ਗਰੁੱਪ ਨੂੰ ਯੂਗਾਂਡਾ ਦੀ ਦੂਜੀ ਕਲੀਸਿਯਾ ਬਣਦੇ ਦੇਖਿਆ।

ਆਪਣੇ ਪਰਿਵਾਰ ਨਾਲ ਪਰਦੇਸਾਂ ਵਿਚ ਸੇਵਾ

ਐਨ ਦਾ ਤਾਂ ਮੇਰਾ ਖ਼ਿਆਲ ਹੈ ਕਿ ਅਸੀਂ ਇਸ ਤੋਂ ਚੰਗੇ ਮਾਹੌਲ ਵਿਚ ਆਪਣੀਆਂ ਧੀਆਂ ਨੂੰ ਨਹੀਂ ਪਾਲ ਸਕਦੇ ਸੀ। ਅਸੀਂ ਵੱਖਰੇ-ਵੱਖਰੇ ਮੁਲਕਾਂ ਤੋਂ ਮਿਸ਼ਨਰੀਆਂ ਦੇ ਨਾਲ ਪ੍ਰਚਾਰ ਕਰ ਸਕੇ ਅਤੇ ਇਕ ਨਵੀਂ ਕਲੀਸਿਯਾ ਨੂੰ ਵੱਧਦੇ ਦੇਖ ਸਕੇ। ਯੂਗਾਂਡਾ ਦੇ ਆਪਣੇ ਭੈਣ-ਭਾਈਆਂ ਨਾਲ ਸੰਗਤ ਕਰਨੀ ਅਸੀਂ ਬਹੁਤ ਪਸੰਦ ਕਰਦੇ ਸੀ ਤੇ ਉਹ ਅਕਸਰ ਸਾਡੇ ਘਰ ਆਇਆ ਕਰਦੇ ਸਨ। ਸਟੈਨਲੀ ਤੇ ਏਸੀਨਾਲਾ ਮਾਕੂਮਬਾ ਨੇ ਸਾਨੂੰ ਬਹੁਤ ਹੌਸਲਾ ਦਿੱਤਾ।

ਪਰ ਸਾਨੂੰ ਸਿਰਫ਼ ਭੈਣ-ਭਰਾ ਹੀ ਨਹੀਂ ਮਿਲਣ ਆਉਂਦੇ ਸਨ, ਕਦੇ-ਕਦੇ ਤਰ੍ਹਾਂ-ਤਰ੍ਹਾਂ ਦੇ ਜੰਗਲੀ ਜਾਨਵਰ ਵੀ ਆ ਜਾਂਦੇ ਸਨ। ਨੀਲ ਦਰਿਆ ਵਿੱਚੋਂ ਦਰਿਆਈ ਘੋੜੇ ਰਾਤ ਨੂੰ ਨਿਕਲ ਕੇ ਸਾਡੇ ਘਰ ਵੱਲ ਨੂੰ ਆ ਜਾਂਦੇ ਸਨ। ਮੈਨੂੰ ਅਜੇ ਵੀ ਚੇਤੇ ਹੈ ਜਦ ਇਕ ਦਿਨ ਸਾਡੇ ਬਗ਼ੀਚੇ ਵਿਚ ਇਕ 6 ਮੀਟਰ ਲੰਮਾ ਅਜਗਰ ਸੱਪ ਆ ਗਿਆ ਸੀ। ਕਦੇ-ਕਦੇ ਅਸੀਂ ਆਪ ਜੰਗਲੀ ਜਾਨਵਰਾਂ ਨੂੰ ਦੇਖਣ ਖ਼ਾਸ ਇਲਾਕਿਆਂ ਵਿਚ ਜਾਂਦੇ ਸੀ ਜਿੱਥੇ ਸ਼ੇਰ ਤੇ ਹੋਰ ਜੰਗਲੀ ਜਾਨਵਰ ਆਜ਼ਾਦ ਤੁਰਦੇ-ਫਿਰਦੇ ਸਨ।

ਪ੍ਰਚਾਰ ਕਰਨ ਜਾਂਦੇ ਸਮੇਂ ਲੋਕ ਸਾਡੇ ਵੱਲ ਹੈਰਾਨੀ ਨਾਲ ਦੇਖਦੇ ਸੀ ਕਿਉਂਕਿ ਉਨ੍ਹਾਂ ਨੇ ਪਹਿਲਾਂ ਕਦੀ ਵੀ ਬੇਬੀ-ਬੱਘੀ ਨਹੀਂ ਦੇਖੀ ਸੀ। ਘਰ-ਘਰ ਜਾਂਦੇ ਸਮੇਂ ਸਾਡੇ ਆਲੇ-ਦੁਆਲੇ ਨਿਆਣਿਆਂ ਦੀ ਭੀੜ ਜਮ੍ਹਾ ਹੋ ਜਾਂਦੀ ਸੀ। ਲੋਕ ਸਾਡੇ ਵੱਲ ਮੁਸਕਰਾ ਕੇ ਦੇਖਦੇ ਅਤੇ ਫਿਰ ਸਾਡੀ ਗੋਰੀ ਬੱਚੀ ਨੂੰ ਹੱਥ ਲਾਉਂਦੇ ਸਨ। ਉਹ ਲੋਕ ਇੰਨੇ ਮਿਲਣਸਾਰ ਸਨ ਕਿ ਉਨ੍ਹਾਂ ਨੂੰ ਗਵਾਹੀ ਦੇਣ ਤੋਂ ਸਾਨੂੰ ਬਹੁਤ ਆਨੰਦ ਮਿਲਦਾ ਸੀ। ਉਨ੍ਹਾਂ ਨਾਲ ਬਾਈਬਲ ਦੀ ਸਟੱਡੀ ਸ਼ੁਰੂ ਕਰਨੀ ਇੰਨੀ ਆਸਾਨ ਸੀ ਕਿ ਅਸੀਂ ਸੋਚਿਆ ਸਾਰਿਆਂ ਨੇ ਹੀ ਸੱਚਾਈ ਵਿਚ ਆ ਜਾਣਾ ਹੈ। ਪਰ ਕਈਆਂ ਲਈ ਉਨ੍ਹਾਂ ਰੀਤਾਂ-ਰਿਵਾਜਾਂ ਨੂੰ ਛੱਡਣਾ ਮੁਸ਼ਕਲ ਸੀ ਜੋ ਬਾਈਬਲ ਦੇ ਵਿਰੁੱਧ ਸਨ। ਹੋਰਨਾਂ ਕਈਆਂ ਨੇ ਬਾਈਬਲ ਦੀਆਂ ਸਿੱਖਿਆਵਾਂ ਉੱਤੇ ਅਮਲ ਕਰਨਾ ਸਿੱਖਿਆ ਅਤੇ ਕਲੀਸਿਯਾ ਵਿਚ ਭੈਣਾਂ-ਭਰਾਵਾਂ ਦੀ ਗਿਣਤੀ ਵਧਦੀ ਗਈ। ਸਾਲ 1968 ਵਿਚ ਜਿੰਜਾ ਵਿਖੇ ਸਾਡਾ ਪਹਿਲਾ ਸਰਕਟ ਸੰਮੇਲਨ ਇਕ ਮਹੱਤਵਪੂਰਣ ਘਟਨਾ ਸੀ। ਸਾਨੂੰ ਅਜੇ ਵੀ ਯਾਦ ਹੈ ਜਦ ਨੀਲ ਦਰਿਆ ਵਿਚ ਉਨ੍ਹਾਂ ਕੁਝ ਲੋਕਾਂ ਨੇ ਬਪਤਿਸਮਾ ਲਿਆ ਜਿਨ੍ਹਾਂ ਨਾਲ ਅਸੀਂ ਬਾਈਬਲ ਦੀ ਸਟੱਡੀ ਕੀਤੀ ਸੀ। ਪਰ ਜਲਦੀ ਹੀ ਸਾਡੀ ਸ਼ਾਂਤੀ ਭੰਗ ਹੋਣ ਵਾਲੀ ਸੀ।

ਪਾਬੰਦੀ ਕਾਰਨ ਨਿਹਚਾ ਤੇ ਚੁਸਤੀ ਦੀ ਲੋੜ ਪਈ

ਸਾਲ 1971 ਵਿਚ ਜਰਨੈਲ ਈਡੀ ਅਮੀਨ ਨੇ ਦੇਸ਼ ਤੇ ਕਬਜ਼ਾ ਕਰ ਲਿਆ। ਜਿੰਜਾ ਵਿਚ ਹਫੜਾ-ਦਫੜੀ ਪੈ ਗਈ। ਇਸ ਸਮੇਂ ਦੌਰਾਨ ਜਦ ਅਸੀਂ ਆਪਣੇ ਬਗ਼ੀਚੇ ਵਿਚ ਬੈਠ ਕੇ ਚਾਹ ਦਾ ਕੱਪ ਪੀ ਰਹੇ ਸੀ, ਤਾਂ ਉਹ ਘਟਨਾ ਵਾਪਰੀ ਜਿਸ ਬਾਰੇ ਮੈਂ ਪਹਿਲਾਂ ਦੱਸਿਆ ਸੀ। ਅਗਲੇ ਦੋ ਸਾਲਾਂ ਦੌਰਾਨ ਸਾਰੇ ਏਸ਼ੀਆਈ ਲੋਕਾਂ ਨੂੰ ਦੇਸ਼ ਵਿੱਚੋਂ ਕੱਢ ਦਿੱਤਾ ਗਿਆ। ਵਿਦੇਸ਼ਾਂ ਤੋਂ ਆਏ ਜ਼ਿਆਦਾਤਰ ਲੋਕਾਂ ਨੇ ਵੀ ਵਾਪਸ ਜਾਣ ਦਾ ਫ਼ੈਸਲਾ ਕਰ ਲਿਆ। ਇਸ ਦੇ ਨਤੀਜੇ ਵਜੋਂ ਸਕੂਲਾਂ, ਹਸਪਤਾਲਾਂ ਤੇ ਕਲੀਨਿਕਾਂ ਨੂੰ ਕਾਫ਼ੀ ਨੁਕਸਾਨ ਹੋਇਆ। ਫਿਰ ਯਹੋਵਾਹ ਦੇ ਗਵਾਹਾਂ ਨੂੰ ਗ਼ੈਰ-ਕਾਨੂੰਨੀ ਕਰਾਰ ਦਿੱਤਾ ਗਿਆ। ਪੜ੍ਹਾਈ-ਲਿਖਾਈ ਦੇ ਵਿਭਾਗ ਨੂੰ ਸਾਡੀ ਚਿੰਤਾ ਸੀ, ਇਸ ਲਈ ਉਨ੍ਹਾਂ ਮੈਨੂੰ ਦੇਸ਼ ਦੀ ਰਾਜਧਾਨੀ ਯਾਨੀ ਕੰਪਾਲਾ ਨੌਕਰੀ ਦੇ ਦਿੱਤੀ। ਇਸ ਬਦਲੀ ਦੇ ਫ਼ਾਇਦੇ ਦੋ ਤਰੀਕਿਆਂ ਨਾਲ ਹੋਏ। ਕੰਪਾਲਾ ਵਿਚ ਅਸੀਂ ਇੰਨੇ ਜਾਣੇ-ਪਛਾਣੇ ਨਹੀਂ ਸੀ ਇਸ ਲਈ ਬਿਨਾਂ ਡਰੇ ਅਸੀਂ ਕੰਮ ਕਰ ਸਕਦੇ ਸੀ ਅਤੇ ਇਸ ਦੇ ਨਾਲ-ਨਾਲ ਕਲੀਸਿਯਾ ਤੇ ਪ੍ਰਚਾਰ ਦੇ ਕੰਮ ਵਿਚ ਵੀ ਬਹੁਤ ਕੁਝ ਕਰਨ ਵਾਲਾ ਸੀ।

ਬ੍ਰਾਈਅਨ ਤੇ ਮੈਰੀਅਨ ਵੌਲਿਸ ਦੇ ਹਾਲਾਤ ਵੀ ਸਾਡੇ ਵਰਗੇ ਸਨ। ਉਨ੍ਹਾਂ ਨੇ ਵੀ ਆਪਣੇ ਦੋ ਬੱਚਿਆਂ ਸਣੇ ਯੂਗਾਂਡਾ ਵਿਚ ਰਹਿਣ ਦਾ ਫ਼ੈਸਲਾ ਕੀਤਾ ਸੀ। ਅਸੀਂ ਇਕੱਠੇ ਕੰਪਾਲਾ ਦੀ ਕਲੀਸਿਯਾ ਵਿਚ ਸੀ ਤੇ ਉਸ ਮੁਸ਼ਕਲ ਸਮੇਂ ਦੌਰਾਨ ਅਸੀਂ ਉਨ੍ਹਾਂ ਦੇ ਸਾਥ ਲਈ ਬਹੁਤ ਸ਼ੁਕਰਗੁਜ਼ਾਰ ਸੀ। ਹੋਰਨਾਂ ਦੇਸ਼ਾਂ ਵਿਚ ਪਾਬੰਦੀ ਦੇ ਸਮੇਂ ਦੌਰਾਨ ਯਹੋਵਾਹ ਦੀ ਭਗਤੀ ਕਰਦੇ ਰਹਿਣ ਵਾਲੇ ਭੈਣ-ਭਰਾਵਾਂ ਬਾਰੇ ਪੜ੍ਹ ਕੇ ਸਾਨੂੰ ਖ਼ਾਸ ਕਰਕੇ ਹੌਸਲਾ ਮਿਲਿਆ। ਅਸੀਂ ਛੋਟੇ-ਛੋਟੇ ਸਮੂਹਾਂ ਵਿਚ ਮਿਲਦੇ ਰਹੇ ਤੇ ਮਹੀਨੇ ਵਿਚ ਇਕ ਵਾਰ ਅਸੀਂ ਏਨਟੇਬੀ ਸ਼ਹਿਰ ਦੇ ਬਨਸਪਤੀ ਬਾਗ਼ ਵਿਚ ਇਕੱਠੇ ਮਿਲਦੇ ਸੀ। ਇਨ੍ਹਾਂ ਮੌਕਿਆਂ ਨੂੰ ਗੁਪਤ ਰੱਖਣ ਵਾਸਤੇ ਅਸੀਂ ਇਨ੍ਹਾਂ ਨੂੰ ਪਾਰਟੀ ਦਾ ਕਰਾਰ ਦਿੰਦੇ ਸੀ ਜਿਸ ਤੋਂ ਸਾਡੀਆਂ ਕੁੜੀਆਂ ਬਹੁਤ ਖ਼ੁਸ਼ ਹੁੰਦੀਆਂ ਸਨ।

ਸਾਨੂੰ ਬੜੀ ਚੁਸਤੀ ਨਾਲ ਪ੍ਰਚਾਰ ਦਾ ਕੰਮ ਕਰਨਾ ਪੈਂਦਾ ਸੀ। ਯੂਗਾਂਡਾ ਦੇ ਲੋਕਾਂ ਦੇ ਘਰਾਂ ਵਿਚ ਗੋਰਿਆਂ ਨੂੰ ਆਉਂਦੇ-ਜਾਂਦੇ ਦੇਖ ਕੇ ਲੋਕਾਂ ਨੂੰ ਸ਼ੱਕ ਪੈ ਜਾਣਾ ਸੀ। ਇਸ ਲਈ ਅਸੀਂ ਘਰਾਂ ਵਿਚ ਜਾਣ ਦੀ ਬਜਾਇ ਦੁਕਾਨਾਂ ਅਤੇ ਕਾਲਜਾਂ ਤੇ ਸਕੂਲਾਂ ਦੇ ਕੈਮਪਸਾਂ ਵਿਚ ਪ੍ਰਚਾਰ ਕਰਨ ਜਾਂਦੇ ਸੀ। ਮੈਂ ਕਈ ਵਾਰ ਕਿਸੇ ਦੁਕਾਨ ਵਿਚ ਜਾ ਕੇ ਖੰਡ ਜਾਂ ਚਾਵਲ ਵਰਗੀ ਕੋਈ ਅਜਿਹੀ ਚੀਜ਼ ਮੰਗਦਾ ਸੀ ਜੋ ਮੈਨੂੰ ਪਤਾ ਸੀ ਕਿ ਨਹੀਂ ਮਿਲ ਸਕਦੀ। ਜੇ ਦੁਕਾਨਦਾਰ ਦੇਸ਼ ਦੀ ਮਾੜੀ ਹਾਲਤ ਬਾਰੇ ਗੱਲ ਕਰਨ ਲੱਗ ਪੈਂਦਾ, ਤਾਂ ਮੈਂ ਉਸ ਨੂੰ ਪਰਮੇਸ਼ੁਰ ਦੇ ਰਾਜ ਬਾਰੇ ਦੱਸਦਾ ਸੀ। ਇਸ ਤਰੀਕੇ ਨਾਲ ਮੈਂ ਕਈ ਵਾਰ ਰਾਜ ਦਾ ਸੰਦੇਸ਼ ਦੇ ਸਕਿਆ ਤੇ ਕਦੇ-ਕਦੇ ਮੈਂ ਸਿਰਫ਼ ਪਰਮੇਸ਼ੁਰ ਬਾਰੇ ਗੱਲ ਹੀ ਨਹੀਂ ਕਰ ਸਕਿਆ ਪਰ ਮੈਨੂੰ ਵੱਟੇ ਵਿਚ ਖੰਡ ਜਾਂ ਚਾਵਲ ਵੀ ਮਿਲ ਗਏ ਸਨ।

ਇਸ ਸਮੇਂ ਦੇ ਦੌਰਾਨ ਚਾਰਾਂ ਪਾਸੇ ਦਹਿਸ਼ਤ ਫੈਲ ਰਹੀ ਸੀ। ਯੂਗਾਂਡਾ ਤੇ ਬਰਤਾਨੀਆ ਦੇ ਆਪਸੀ ਸੰਬੰਧ ਵਿਗੜ ਰਹੇ ਸਨ ਜਿਸ ਕਾਰਨ ਮੈਨੂੰ ਉੱਥੋਂ ਨੌਕਰੀ ਤੋਂ ਜਵਾਬ ਮਿਲ ਗਿਆ। ਫਿਰ ਯੂਗਾਂਡਾ ਵਿਚ ਅੱਠ ਸਾਲ ਗੁਜ਼ਾਰਨ ਤੋਂ ਬਾਅਦ ਅਸੀਂ 1974 ਵਿਚ ਉੱਥੋਂ ਤੁਰ ਪਏ, ਪਰ ਅਸੀਂ ਅਜੇ ਵੀ ਪਰਦੇਸਾਂ ਵਿਚ ਮਿਸ਼ਨਰੀ ਸੇਵਾ ਕਰਨੀ ਚਾਹੁੰਦੇ ਸੀ।

ਨਿਊ ਗਿਨੀ ਵਿਚ ਸੇਵਾ

ਜਨਵਰੀ 1975 ਵਿਚ ਮੈਨੂੰ ਪਾਪੂਆ ਨਿਊ ਗਿਨੀ ਜਾ ਕੇ ਕੰਮ ਕਰਨ ਦਾ ਮੌਕਾ ਮਿਲਿਆ। ਅਗਲੇ ਅੱਠ ਸਾਲ ਅਸੀਂ ਸ਼ਾਂਤ ਮਹਾਂਸਾਗਰ ਦੇ ਇਸ ਕੋਣੇ ਵਿਚ ਗੁਜ਼ਾਰੇ। ਉੱਥੇ ਦੇ ਭੈਣ-ਭਰਾਵਾਂ ਨਾਲ ਰਲ ਕੇ ਪ੍ਰਚਾਰ ਦੇ ਕੰਮ ਵਿਚ ਹਿੱਸਾ ਲੈ ਕੇ ਸਾਨੂੰ ਬਹੁਤ ਹੀ ਮਜ਼ਾ ਆਇਆ।

ਸਾਡੇ ਪਰਿਵਾਰ ਲਈ ਪਾਪੂਆ ਨਿਊ ਗਿਨੀ ਦਾ ਸਮਾਂ ਬਾਈਬਲ ਦੇ ਡਰਾਮਿਆਂ ਦਾ ਸਮਾਂ ਸੀ। ਹਰ ਸਾਲ ਅਸੀਂ ਵੱਡੇ ਸੰਮੇਲਨ ਵਿਚ ਹੋਣ ਵਾਲੇ ਡਰਾਮੇ ਦੀ ਤਿਆਰੀ ਵਿਚ ਹਿੱਸਾ ਲੈਂਦੇ ਸੀ ਤੇ ਇਹ ਸਾਡੇ ਲਈ ਬਹੁਤ ਹੀ ਸੁਹਾਵਣਾ ਸਮਾਂ ਸੀ। ਸਾਡੇ ਵਰਗੇ ਕਈ ਹੋਰ ਪਰਿਵਾਰ ਸਨ ਜੋ ਯਹੋਵਾਹ ਦੀ ਭਗਤੀ ਕਰਨ ਵਿਚ ਲੱਗੇ ਹੋਏ ਸਨ। ਇਨ੍ਹਾਂ ਦੀ ਸੰਗਤ ਦਾ ਅਸੀਂ ਸਿਰਫ਼ ਆਨੰਦ ਹੀ ਨਹੀਂ ਲਿਆ, ਪਰ ਇਨ੍ਹਾਂ ਦਾ ਸਾਡੀਆਂ ਧੀਆਂ ਤੇ ਬਹੁਤ ਹੀ ਚੰਗਾ ਅਸਰ ਪਿਆ। ਸਾਡੀ ਵੱਡੀ ਲੜਕੀ ਸੈਰਾ ਦੀ ਸ਼ਾਦੀ ਰੇ ਸਮਿੱਥ ਨਾਲ ਹੋ ਗਈ ਜੋ ਕਿ ਸਪੈਸ਼ਲ ਪਾਇਨੀਅਰੀ ਕਰ ਰਿਹਾ ਸੀ। ਉਹ ਇਕ ਪਿੰਡ ਵਿਚ ਘਾਹ-ਫੂਸ ਦੀ ਬਣੀ ਝੌਂਪੜੀ ਵਿਚ ਰਹਿੰਦੇ ਸਨ ਤੇ ਉਨ੍ਹਾਂ ਦੋਹਾਂ ਨੇ ਇਰੀਆਨ ਜਾਇਆ (ਹੁਣ ਪਾਪੂਆ, ਇੰਡੋਨੇਸ਼ੀਆ ਦਾ ਇਕ ਸੂਬਾ) ਦੀ ਸਰਹੱਦ ਦੇ ਲਾਗੇ ਸਪੈਸ਼ਲ ਪਾਇਨੀਅਰੀ ਕੀਤੀ। ਸੈਰਾ ਕਹਿੰਦੀ ਹੈ ਕਿ ਉੱਥੇ ਰਹਿ ਕੇ ਪ੍ਰਚਾਰ ਦਾ ਕੰਮ ਕਰਨ ਨਾਲ ਉਸ ਨੂੰ ਸਭ ਤੋਂ ਵਧੀਆ ਸਿਖਲਾਈ ਮਿਲੀ।

ਬਦਲਦੇ ਹਾਲਾਤਾਂ ਦਾ ਸਾਮ੍ਹਣਾ

ਫਿਰ ਸਮਾਂ ਆਇਆ ਜਦੋਂ ਜ਼ਰੂਰਤ ਪਈ ਕਿ ਅਸੀਂ ਮੇਰੇ ਮਾਂ-ਬਾਪ ਦੀ ਦੇਖ-ਭਾਲ ਕਰੀਏ। ਇੰਗਲੈਂਡ ਵਾਪਸ ਜਾਣ ਦੀ ਬਜਾਇ ਅਸੀਂ ਉਨ੍ਹਾਂ ਨੂੰ ਆਪਣੇ ਕੋਲ ਬੁਲਾ ਲਿਆ ਤੇ 1983 ਵਿਚ ਅਸੀਂ ਸਾਰੇ ਆਸਟ੍ਰੇਲੀਆ ਰਹਿਣ ਚਲੇ ਗਏ। ਮਾਤਾ ਜੀ ਤੇ ਪਿਤਾ ਜੀ ਨੇ ਮੇਰੀ ਭੈਣ ਡੈਫਨੀ ਨਾਲ ਵੀ ਕੁਝ ਸਮਾਂ ਗੁਜ਼ਾਰਿਆ ਸੀ। ਉਨ੍ਹਾਂ ਦੀ ਮੌਤ ਤੋਂ ਬਾਅਦ ਮੈਂ ਤੇ ਐਨ ਨੇ ਪਾਇਨੀਅਰੀ ਕਰਨ ਦਾ ਫ਼ੈਸਲਾ ਕੀਤਾ ਜਿਸ ਦੇ ਨਤੀਜੇ ਵਜੋਂ ਮੈਨੂੰ ਅਜਿਹੀ ਜ਼ਿੰਮੇਵਾਰੀ ਮਿਲੀ ਜੋ ਮੇਰੇ ਲਈ ਕਾਫ਼ੀ ਮੁਸ਼ਕਲ ਸੀ।

ਸਾਨੂੰ ਪਾਇਨੀਅਰੀ ਕਰਦਿਆਂ ਨੂੰ ਅਜੇ ਬਹੁਤੀ ਦੇਰ ਨਹੀਂ ਹੋਈ ਸੀ ਜਦੋਂ ਮੈਨੂੰ ਸਰਕਟ ਕੰਮ ਕਰਨ ਦਾ ਸਨਮਾਨ ਮਿਲਿਆ। ਬਚਪਨ ਤੋਂ ਹੀ ਮੈਂ ਉਸ ਹਫ਼ਤੇ ਨੂੰ ਖ਼ਾਸ ਸਮਾਂ ਸਮਝਦਾ ਆਇਆ ਸੀ ਜਦੋਂ ਸਰਕਟ ਨਿਗਾਹਬਾਨ ਕਲੀਸਿਯਾ ਨੂੰ ਮਿਲਣ ਆਉਂਦਾ ਸੀ। ਹੁਣ ਮੈਂ ਖ਼ੁਦ ਸਰਕਟ ਨਿਗਾਹਬਾਨ ਬਣ ਗਿਆ ਸੀ। ਇਸ ਸਮੇਂ ਤਕ ਇਸ ਤੋਂ ਮੁਸ਼ਕਲ ਜ਼ਿੰਮੇਵਾਰੀ ਮੈਂ ਨਹੀਂ ਸੰਭਾਲੀ ਸੀ, ਪਰ ਯਹੋਵਾਹ ਨੇ ਵਾਰ-ਵਾਰ ਉਨ੍ਹਾਂ ਤਰੀਕਿਆਂ ਨਾਲ ਸਾਡੀ ਸਹਾਇਤਾ ਕੀਤੀ ਜਿਸ ਦਾ ਸਾਨੂੰ ਪਹਿਲਾਂ ਤਜਰਬਾ ਨਹੀਂ ਹੋਇਆ ਸੀ।

ਸਾਲ 1990 ਵਿਚ ਭਰਾ ਥੀਓਡੋਰ ਜੈਰਸ ਜ਼ੋਨ ਨਿਗਾਹਬਾਨ ਦੇ ਨਾਤੇ ਆਸਟ੍ਰੇਲੀਆ ਨੂੰ ਆਏ। ਅਸੀਂ ਉਨ੍ਹਾਂ ਨੂੰ ਪੁੱਛਿਆ ਕਿ ਉਨ੍ਹਾਂ ਦੇ ਖ਼ਿਆਲ ਵਿਚ ਕੀ ਸਾਡੀ ਉਮਰ ਬਾਹਰਲੇ ਮੁਲਕ ਜਾ ਕੇ ਸੇਵਾ ਕਰਨ ਲਈ ਬਹੁਤ ਸੀ। ਜਵਾਬ ਵਿਚ ਉਨ੍ਹਾਂ ਨੇ ਕਿਹਾ: “ਸੋਲਮਨ ਦੀਪ-ਸਮੂਹ ਬਾਰੇ ਤੁਹਾਡਾ ਕੀ ਖ਼ਿਆਲ ਹੈ?” ਆਖ਼ਰਕਾਰ ਜਦ ਮੈਂ ਤੇ ਐਨ 50 ਸਾਲ ਦੀ ਉਮਰ ਲੰਘ ਚੁੱਕੇ ਸੀ, ਤਾਂ ਸਾਨੂੰ ਅਸਲ ਵਿਚ ਪਹਿਲੀ ਵਾਰ ਮਿਸ਼ਨਰੀ ਸੇਵਾ ਕਰਨ ਦਾ ਮੌਕਾ ਮਿਲਿਆ।

ਸੋਲਮਨ ਦੀਪ-ਸਮੂਹ ਵਿਚ ਸੇਵਾ

ਇੱਥੇ ਆਇਆ ਨੂੰ ਸਾਨੂੰ ਦਸ ਤੋਂ ਜ਼ਿਆਦਾ ਸਾਲ ਹੋ ਚੁੱਕੇ ਹਨ। ਇਹ ਸਮਾਂ ਬਹੁਤ ਹੀ ਮਜ਼ੇਦਾਰ ਰਿਹਾ ਹੈ। ਇੱਥੇ ਪਹੁੰਚ ਕੇ ਮੈਂ ਜ਼ਿਲ੍ਹਾ ਨਿਗਾਹਬਾਨ ਵਜੋਂ ਜ਼ਿੰਮੇਵਾਰੀ ਸੰਭਾਲੀ। ਇਨ੍ਹਾਂ ਟਾਪੂਆਂ ਤੇ ਰਹਿੰਦੇ ਭੈਣ-ਭਰਾ ਬਹੁਤ ਹੀ ਨਰਮ ਸੁਭਾਅ ਦੇ ਲੋਕ ਹਨ ਤੇ ਇਨ੍ਹਾਂ ਸਾਡੀ ਬਹੁਤ ਹੀ ਆਓ-ਭਗਤ ਕੀਤੀ। ਸਾਨੂੰ ਇੱਥੇ ਦੀ ਸੋਲਮਨ ਦੀਪ-ਸਮੂਹ ਪਿਜਨ ਬੋਲੀ ਸਿੱਖਣੀ ਪਈ। ਇਸ ਭਾਸ਼ਾ ਵਿਚ ਬਹੁਤ ਹੀ ਘੱਟ ਸ਼ਬਦ ਹਨ ਅਤੇ ਸਾਰਿਆਂ ਨੇ ਬੜੇ ਸਬਰ ਨਾਲ ਮੇਰੀ ਗੱਲ ਸੁਣੀ ਜਦ ਮੈਂ ਪਹਿਲਾਂ-ਪਹਿਲਾਂ ਕੋਈ ਗੱਲ ਸਮਝਾਉਣ ਦੀ ਕੋਸ਼ਿਸ਼ ਕਰਦਾ ਹੁੰਦਾ ਸੀ।

ਸਾਡੇ ਇੱਥੇ ਪਹੁੰਚਣ ਤੋਂ ਕੁਝ ਹੀ ਸਮਾਂ ਬਾਅਦ ਵਿਰੋਧੀਆਂ ਨੇ ਯਹੋਵਾਹ ਦੇ ਗਵਾਹਾਂ ਨੂੰ ਆਪਣਾ ਸੰਮੇਲਨ ਭਵਨ ਵਰਤਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ। ਐਂਗਲੀਕਨ ਚਰਚ ਨੇ ਸਾਡੇ ਤੇ ਇਲਜ਼ਾਮ ਲਾਇਆ ਕਿ ਸਾਡੇ ਭਵਨ ਦਾ ਕੁਝ ਹਿੱਸਾ ਉਨ੍ਹਾਂ ਦੀ ਜ਼ਮੀਨ ਤੇ ਸੀ। ਅਦਾਲਤ ਨੇ ਉਨ੍ਹਾਂ ਦਾ ਪੱਖ ਲਿਆ, ਇਸ ਲਈ ਅਸੀਂ ਹਾਈਕੋਰਟ ਵਿਚ ਮਾਮਲਾ ਅਪੀਲ ਕੀਤਾ। ਹੁਣ ਫ਼ੈਸਲਾ ਕੀਤਾ ਜਾਣਾ ਸੀ ਕਿ ਸਾਨੂੰ ਆਪਣਾ ਨਵਾਂ 1,200 ਕੁਰਸੀਆਂ ਵਾਲਾ ਸੰਮੇਲਨ ਭਵਨ ਢਾਹ ਕੇ ਕਿਤੇ ਹੋਰ ਲੈ ਜਾਣਾ ਪੈਣਾ ਸੀ ਕਿ ਨਹੀਂ।

ਕੇਸ ਪੂਰਾ ਹਫ਼ਤਾ ਹਾਈਕੋਰਟ ਵਿਚ ਸੁਣਿਆ ਗਿਆ। ਵਿਰੋਧੀ ਘਮੰਡ ਨਾਲ ਸਾਡੇ ਖ਼ਿਲਾਫ਼ ਕੇਸ ਪੇਸ਼ ਕਰ ਰਹੇ ਸਨ। ਉਨ੍ਹਾਂ ਨੂੰ ਪੱਕਾ ਯਕੀਨ ਸੀ ਕਿ ਫ਼ੈਸਲਾ ਉਨ੍ਹਾਂ ਦੇ ਪੱਖ ਵਿਚ ਕੀਤਾ ਜਾਵੇਗਾ। ਪਰ ਫਿਰ ਨਿਉਜ਼ੀਲੈਂਡ ਤੋਂ ਆਏ ਭਰਾ ਵੌਰਨ ਕੈਥਕਾਰਟ ਨੇ ਸਾਡੇ ਵਕੀਲ ਵਜੋਂ ਵਿਰੋਧੀਆਂ ਦੀ ਇਕ-ਇਕ ਗੱਲ ਦਾ ਭੇਤ ਖੋਲ੍ਹ ਕੇ ਉਸ ਨੂੰ ਰੱਦ ਕਰ ਦਿੱਤਾ। ਸ਼ੁੱਕਰਵਾਰ ਤਕ ਕੇਸ ਦੀ ਖ਼ਬਰ ਦੂਰ-ਦੂਰ ਤਕ ਪਹੁੰਚ ਚੁੱਕੀ ਸੀ। ਇਸ ਦਿਨ ਕਚਹਿਰੀ ਚਰਚ ਦੇ ਵੱਡੇ-ਵੱਡੇ ਲੋਕਾਂ, ਸਰਕਾਰੀ ਅਫ਼ਸਰਾਂ ਅਤੇ ਸਾਡੇ ਮਸੀਹੀ ਭਰਾਵਾਂ ਨਾਲ ਭਰੀ ਹੋਈ ਸੀ। ਕਚਹਿਰੀ ਦੇ ਬਾਹਰ ਜਦ ਮੈਂ ਸਰਕਾਰੀ ਕਾਰਜਕ੍ਰਮ ਦੀ ਸੂਚਨਾ ਪੜ੍ਹੀ, ਤਾਂ ਮੈਨੂੰ ਪਤਾ ਸੀ ਕਿ ਵਿਰੋਧੀ ਗ਼ਲਤੀ ਕਰ ਬੈਠੇ ਸਨ। ਸੂਚਨਾ ਤੇ ਲਿਖਿਆ ਸੀ: “ਯਹੋਵਾਹ ਨਾਲ ਸੋਲਮਨ ਦੀਪ-ਸਮੂਹ ਦੀ ਸਰਕਾਰ ਅਤੇ ਮੈਲਾਨੀਸ਼ੀਆ ਦੇ ਚਰਚ ਦਾ ਮੁਕਾਬਲਾ।” ਜਿੱਤ ਸਾਡੀ ਹੋਈ।

ਪਰ ਇਨ੍ਹਾਂ ਸ਼ਾਂਤਮਈ ਟਾਪੂਆਂ ਦੀ ਸ਼ਾਂਤੀ ਵੀ ਬਹੁਤੀ ਦੇਰ ਨਹੀਂ ਰਹੀ। ਇਕ ਵਾਰ ਫਿਰ ਤੋਂ ਮੈਨੂੰ ਤੇ ਐਨ ਨੂੰ ਸੈਨਿਕ ਰਾਜ-ਪਲਟੇ ਦੀ ਵਹਿਸ਼ੀ ਹਫੜਾ-ਦਫੜੀ ਸਹਿਣੀ ਪਈ। ਨਸਲੀ ਦੁਸ਼ਮਣੀ ਦੇ ਕਾਰਨ ਘਰੇਲੂ ਜੰਗ ਛਿੜ ਪਈ। ਜੂਨ 5, 2000 ਦੇ ਦਿਨ ਸਰਕਾਰ ਹਰਾਈ ਗਈ ਤੇ ਰਾਜਧਾਨੀ ਹਥਿਆਰਬੰਦ ਫ਼ੌਜੀਆਂ ਦੇ ਕਬਜ਼ੇ ਵਿਚ ਆ ਗਈ। ਕਈਆਂ ਹਫ਼ਤਿਆਂ ਲਈ ਸਾਡਾ ਸੰਮੇਲਨ ਭਵਨ ਬੇਘਰੇ ਲੋਕਾਂ ਲਈ ਪਨਾਹ ਦੀ ਜਗ੍ਹਾ ਬਣ ਗਿਆ। ਇਹ ਦੇਖ ਕੇ ਅਧਿਕਾਰੀ ਹੈਰਾਨ ਸਨ ਕਿ ਵੱਖਰੀਆਂ ਨਸਲਾਂ ਦੇ ਲੋਕ ਇਕ ਦੂਏ ਦੇ ਦੁਸ਼ਮਣ ਹੋਣ ਦੇ ਬਾਵਜੂਦ ਸੰਮੇਲਨ ਭਵਨ ਵਿਚ ਇਕੱਠੇ ਸ਼ਾਂਤੀ ਨਾਲ ਰਹਿ ਰਹੇ ਸਨ। ਇਸ ਤੋਂ ਉਨ੍ਹਾਂ ਨੂੰ ਕਿੰਨੀ ਵਧੀਆ ਗਵਾਹੀ ਮਿਲੀ!

ਲੜਾਈ ਕਰਨ ਵਾਲਿਆਂ ਨੇ ਵੀ ਯਹੋਵਾਹ ਦੇ ਗਵਾਹਾਂ ਦੀ ਨਿਰਪੱਖਤਾ ਪਛਾਣੀ। ਇਸ ਦੇ ਨਤੀਜੇ ਵਜੋਂ ਅਸੀਂ ਇਕ ਕਮਾਂਡਰ ਤੋਂ ਇਜਾਜ਼ਤ ਲੈ ਕੇ ਆਪਣੇ ਭੈਣ-ਭਰਾਵਾਂ ਦੇ ਛੋਟੇ ਜਿਹੇ ਸਮੂਹ ਨੂੰ ਮਿਲਣ ਗਏ। ਇਹ ਭੈਣ-ਭਈ ਵਿਰੋਧੀ ਫ਼ੌਜ ਦੇ ਦੂਜੇ ਪਾਸੇ ਹੋਣ ਕਰਕੇ ਕੁਝ ਮਹੀਨਿਆਂ ਲਈ ਬਾਕੀਆਂ ਤੋਂ ਜੁਦਾ ਸਨ। ਅਸੀਂ ਇਕ ਟਰੱਕ ਨੂੰ ਆਪਣੇ ਸਾਹਿੱਤ ਤੇ ਹੋਰ ਜ਼ਰੂਰੀ ਚੀਜ਼ਾਂ ਨਾਲ ਭਰ ਕੇ ਉਨ੍ਹਾਂ ਤਕ ਪਹੁੰਚੇ। ਉਨ੍ਹਾਂ ਨੂੰ ਮਿਲ ਕੇ ਸਾਡੇ ਵਿੱਚੋਂ ਹਰੇਕ ਦੀਆਂ ਅੱਖਾਂ ਅੱਥਰੂਆਂ ਨਾਲ ਭਰ ਆਈਆਂ।

ਥੱਬਾ ਭਰ ਬਰਕਤਾਂ ਲਈ ਸ਼ੁਕਰਗੁਜ਼ਾਰ

ਜਦ ਅਸੀਂ ਆਪਣੀ ਬੀਤੀ ਜ਼ਿੰਦਗੀ ਬਾਰੇ ਸੋਚਦੇ ਹਾਂ, ਤਾਂ ਅਸੀਂ ਬਹੁਤ ਸਾਰੀਆਂ ਗੱਲਾਂ ਲਈ ਸ਼ੁਕਰਗੁਜ਼ਾਰ ਹਾਂ। ਸਾਡੀਆਂ ਦੋਵੇਂ ਧੀਆਂ ਤੇ ਜਵਾਈ ਰੇ ਤੇ ਜੌਨ ਵਫ਼ਾਦਾਰੀ ਨਾਲ ਯਹੋਵਾਹ ਦੀ ਭਗਤੀ ਕਰ ਰਹੇ ਹਨ। ਉਨ੍ਹਾਂ ਨੇ ਸਾਨੂੰ ਮਿਸ਼ਨਰੀ ਜ਼ਿੰਮੇਵਾਰੀ ਪੂਰੀ ਕਰਨ ਵਿਚ ਸਹਾਰਾ ਦਿੱਤਾ ਹੈ।

ਪਿਛਲੇ 12 ਸਾਲਾਂ ਤੋਂ ਮੈਂ ਤੇ ਐਨ ਸੋਲਮਨ ਦੀਪ-ਸਮੂਹ ਦੇ ਬ੍ਰਾਂਚ ਆਫਿਸ ਵਿਚ ਸੇਵਾ ਕਰ ਰਹੇ ਹਾਂ। ਇਸ ਸਮੇਂ ਦੌਰਾਨ ਅਸੀਂ ਯਹੋਵਾਹ ਦੇ ਗਵਾਹਾਂ ਦੀ ਗਿਣਤੀ ਦੁਗਣੀ ਹੁੰਦੀ ਦੇਖੀ ਹੈ। ਅੱਜ ਇੱਥੇ 1,800 ਤੋਂ ਜ਼ਿਆਦਾ ਗਵਾਹ ਹਨ। ਪਿੱਛੇ ਜੇਹੇ ਮੈਨੂੰ ਪੈਟਰਸਨ, ਨਿਊਯਾਰਕ ਵਿਚ ਬ੍ਰਾਂਚ ਕਮੇਟੀ ਦੇ ਮੈਂਬਰ ਵਜੋਂ ਸਕੂਲ ਜਾਣ ਦਾ ਸਨਮਾਨ ਮਿਲਿਆ। ਅਸੀਂ ਸੱਚ-ਮੁੱਚ ਕਹਿ ਸਕਦੇ ਹਾਂ ਕਿ ਸੱਤ ਸਮੁੰਦਰ ਪਾਰ ਕਰ ਕੇ ਪ੍ਰਚਾਰ ਕਰਨ ਵਿਚ ਸਾਨੂੰ ਬਰਕਤਾਂ ਹੀ ਬਰਕਤਾਂ ਮਿਲੀਆਂ ਹਨ।

[ਫੁਟਨੋਟ]

^ ਪੈਰਾ 10 15 ਜਨਵਰੀ 1977 ਦੇ ਅੰਗ੍ਰੇਜ਼ੀ ਪਹਿਰਾਬੁਰਜ ਵਿਚ “ਅਸੀਂ ਢਿੱਲ-ਮੱਠ ਨਹੀਂ ਕੀਤੀ” ਨਾਮਕ ਲੇਖ ਦੇਖੋ।

[ਸਫ਼ੇ 23 ਉੱਤੇ ਤਸਵੀਰ]

1960 ਵਿਚ ਸਾਡੀ ਸ਼ਾਦੀ ਦਾ ਦਿਨ

[ਸਫ਼ੇ 24 ਉੱਤੇ ਤਸਵੀਰ]

ਯੂਗਾਂਡਾ ਵਿਚ ਸਟੈਨਲੀ ਤੇ ਏਸੀਨਾਲਾ ਮਾਕੂਮਬਾ ਨੇ ਸਾਡੇ ਪਰਿਵਾਰ ਨੂੰ ਬਹੁਤ ਹੀ ਹੌਸਲਾ ਦਿੱਤਾ

[ਸਫ਼ੇ 24 ਉੱਤੇ ਤਸਵੀਰ]

ਸੈਰਾ ਗੁਆਂਢੀਆਂ ਦੀ ਝੌਂਪੜੀ ਵਿਚ ਜਾ ਰਹੀ ਹੈ

[ਸਫ਼ੇ 25 ਉੱਤੇ ਤਸਵੀਰ]

ਮੈਂ ਤਸਵੀਰਾਂ ਬਣਾ ਕੇ ਸੋਲਮਨ ਦੀਪ-ਸਮੂਹ ਦੇ ਲੋਕਾਂ ਨੂੰ ਸਿਖਾਉਂਦਾ ਸੀ

[ਸਫ਼ੇ 25 ਉੱਤੇ ਤਸਵੀਰ]

ਸੋਲਮਨ ਦੀਪ-ਸਮੂਹ ਵਿਚ ਇਕ ਅੱਡਰੀ ਕਲੀਸਿਯਾ ਦੇ ਭੈਣ-ਭਾਈਆਂ ਨਾਲ ਮਿਲਣਾ

[ਸਫ਼ੇ 26 ਉੱਤੇ ਤਸਵੀਰ]

ਅੱਜ ਸਾਡਾ ਪਰਿਵਾਰ