Skip to content

Skip to table of contents

ਇਨਸਾਨਾਂ ਦੀ ਨਹੀਂ ਪਰਮੇਸ਼ੁਰ ਦੀ ਵਡਿਆਈ ਕਰੋ

ਇਨਸਾਨਾਂ ਦੀ ਨਹੀਂ ਪਰਮੇਸ਼ੁਰ ਦੀ ਵਡਿਆਈ ਕਰੋ

ਇਨਸਾਨਾਂ ਦੀ ਨਹੀਂ ਪਰਮੇਸ਼ੁਰ ਦੀ ਵਡਿਆਈ ਕਰੋ

ਹਾਲ ਹੀ ਦੇ ਮਹੀਨਿਆਂ ਦੌਰਾਨ ਪੂਰੀ ਦੁਨੀਆਂ ਵਿਚ ਯਹੋਵਾਹ ਦੇ ਗਵਾਹਾਂ ਨੇ “ਪਰਮੇਸ਼ੁਰ ਦੀ ਵਡਿਆਈ ਕਰੋ” ਨਾਮਕ ਜ਼ਿਲ੍ਹਾ ਸੰਮੇਲਨਾਂ ਦਾ ਆਨੰਦ ਮਾਣਿਆ। ਇਨ੍ਹਾਂ ਸੰਮੇਲਨਾਂ ਵਿਚ ਧਾਰਮਿਕਤਾ ਦੇ ਪ੍ਰੇਮੀਆਂ ਨੇ ਪਰਮੇਸ਼ੁਰ ਦੀ ਵਡਿਆਈ ਕਰਨੀ ਸਿੱਖੀ। ਆਓ ਆਪਾਂ ਸੰਮੇਲਨ ਵਿਚ ਪੇਸ਼ ਕੀਤੇ ਗਏ ਪ੍ਰੋਗ੍ਰਾਮ ਉੱਤੇ ਮੁੜ ਨਜ਼ਰ ਮਾਰੀਏ।

ਇਹ ਪ੍ਰੋਗ੍ਰਾਮ ਬਾਈਬਲ ਉੱਤੇ ਆਧਾਰਿਤ ਸੀ। ਜ਼ਿਆਦਾਤਰ ਸੰਮੇਲਨ ਤਿੰਨ ਦਿਨਾਂ ਦੇ ਸਨ, ਪਰ ਖ਼ਾਸ ਅੰਤਰਰਾਸ਼ਟਰੀ ਸੰਮੇਲਨ ਚਾਰ ਦਿਨਾਂ ਤਕ ਚੱਲੇ। ਹਾਜ਼ਰੀਨਾਂ ਨੇ ਕੁੱਲ ਮਿਲਾ ਕੇ 30 ਤੋਂ ਜ਼ਿਆਦਾ ਬਾਈਬਲ-ਆਧਾਰਿਤ ਪੇਸ਼ਕਾਰੀਆਂ ਦਾ ਆਨੰਦ ਮਾਣਿਆ। ਇਨ੍ਹਾਂ ਪੇਸ਼ਕਾਰੀਆਂ ਵਿਚ ਅਧਿਆਤਮਿਕ ਚੀਜ਼ਾਂ ਪ੍ਰਤੀ ਸਾਡੀ ਕਦਰ ਨੂੰ ਵਧਾਉਣ ਵਾਲੇ ਭਾਸ਼ਣ, ਨਿਹਚਾ ਮਜ਼ਬੂਤ ਕਰਨ ਵਾਲੇ ਤਜਰਬੇ ਅਤੇ ਬਾਈਬਲ ਸਿਧਾਂਤਾਂ ਨੂੰ ਲਾਗੂ ਕਰਨ ਦੇ ਫ਼ਾਇਦਿਆਂ ਨੂੰ ਉਜਾਗਰ ਕਰਨ ਵਾਲੇ ਪ੍ਰਦਰਸ਼ਨ ਸ਼ਾਮਲ ਸਨ। ਇਕ ਡਰਾਮਾ ਵੀ ਪੇਸ਼ ਕੀਤਾ ਗਿਆ ਸੀ ਜਿਸ ਵਿਚ ਦਿਖਾਇਆ ਗਿਆ ਸੀ ਕਿ ਪਹਿਲੀ ਸਦੀ ਦੇ ਮਸੀਹੀਆਂ ਨੂੰ ਕਿਹੜੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪਿਆ ਸੀ। ਜੇ ਤੁਸੀਂ ਇਸ ਸੰਮੇਲਨ ਵਿਚ ਹਾਜ਼ਰ ਹੋਏ ਸੀ, ਤਾਂ ਸਾਨੂੰ ਯਕੀਨ ਹੈ ਕਿ ਤੁਸੀਂ ਇਸ ਦਾ ਜ਼ਰੂਰ ਆਨੰਦ ਮਾਣਿਆ ਹੋਣਾ। ਕਿਉਂ ਨਾ ਇਸ ਲੇਖ ਨੂੰ ਪੜ੍ਹਨ ਦੇ ਨਾਲ-ਨਾਲ ਤੁਸੀਂ ਆਪਣੇ ਨੋਟਸ ਵੀ ਦੇਖੋ? ਇਸ ਤਰ੍ਹਾਂ ਕਰਨ ਨਾਲ ਤੁਸੀਂ ਸੰਮੇਲਨ ਵਿਚ ਸਿੱਖੀਆਂ ਸੋਹਣੀਆਂ ਗੱਲਾਂ ਨੂੰ ਮੁੜ ਤਾਜ਼ਾ ਕਰ ਸਕੋਗੇ।

ਪਹਿਲੇ ਦਿਨ ਦਾ ਵਿਸ਼ਾ: ‘ਯਹੋਵਾਹ, ਤੂੰ ਮਹਿਮਾ ਲੈਣ ਦੇ ਜੋਗ ਹੈਂ’

ਪ੍ਰੋਗ੍ਰਾਮ ਗੀਤ ਅਤੇ ਪ੍ਰਾਰਥਨਾ ਨਾਲ ਸ਼ੁਰੂ ਕੀਤਾ ਗਿਆ ਸੀ। ਇਸ ਮਗਰੋਂ, ਪਹਿਲੇ ਭਾਸ਼ਣਕਾਰ ਨੇ ਸਾਰੇ ਹਾਜ਼ਰ ਲੋਕਾਂ ਦਾ ਨਿੱਘਾ ਸੁਆਗਤ ਕਰਦੇ ਹੋਏ “ਪਰਮੇਸ਼ੁਰ ਦੀ ਵਡਿਆਈ ਕਰਨ ਲਈ ਹਾਜ਼ਰ” ਨਾਮਕ ਭਾਸ਼ਣ ਦਿੱਤਾ। ਪਰਕਾਸ਼ ਦੀ ਪੋਥੀ 4:11 ਦਾ ਹਵਾਲਾ ਦਿੰਦੇ ਹੋਏ ਭਾਸ਼ਣਕਾਰ ਨੇ ਸੰਮੇਲਨ ਦੇ ਮੁੱਖ ਵਿਸ਼ੇ ਉੱਤੇ ਜ਼ੋਰ ਦਿੱਤਾ ਅਤੇ ਸਮਝਾਇਆ ਕਿ ਇਹ ਸੰਮੇਲਨ ਆਯੋਜਿਤ ਕਰਨ ਦਾ ਕੀ ਕਾਰਨ ਸੀ। ਫਿਰ ਉਸ ਨੇ ਦੱਸਿਆ ਕਿ ਪਰਮੇਸ਼ੁਰ ਦੀ ਵਡਿਆਈ ਕਰਨ ਦਾ ਕੀ ਮਤਲਬ ਹੈ। ਜ਼ਬੂਰਾਂ ਦੀ ਪੋਥੀ ਵਿੱਚੋਂ ਹਵਾਲੇ ਦੇ ਕੇ ਉਸ ਨੇ ਸਮਝਾਇਆ ਕਿ ਪਰਮੇਸ਼ੁਰ ਦੀ ਵਡਿਆਈ ਕਰਨ ਦਾ ਮਤਲਬ ਹੈ ਉਸ ਅੱਗੇ ‘ਮੱਥਾ ਟੇਕਣਾ’ ਯਾਨੀ ਉਸ ਦੀ ਭਗਤੀ ਕਰਨੀ, ਉਸ ਦਾ “ਧੰਨਵਾਦ” ਕਰਨਾ ਅਤੇ ਉਸ ਦੀ “ਉਸਤਤ” ਕਰਨੀ।—ਜ਼ਬੂਰਾਂ ਦੀ ਪੋਥੀ 95:6; 100:4, 5; 111:1, 2.

ਅਗਲੇ ਭਾਸ਼ਣ ਦਾ ਵਿਸ਼ਾ ਸੀ: “ਧੰਨ ਉਹ ਜੋ ਪਰਮੇਸ਼ੁਰ ਦੀ ਵਡਿਆਈ ਕਰਦੇ ਹਨ।” ਭਾਸ਼ਣਕਾਰ ਨੇ ਇਕ ਦਿਲਚਸਪ ਗੱਲ ਕਹੀ। ਪੂਰੀ ਧਰਤੀ ਉੱਤੇ 234 ਦੇਸ਼ਾਂ ਵਿਚ 60 ਲੱਖ ਤੋਂ ਜ਼ਿਆਦਾ ਯਹੋਵਾਹ ਦੇ ਗਵਾਹ ਹਨ। ਇਸ ਲਈ ਇਹ ਕਹਿਣਾ ਸਹੀ ਹੋਵੇਗਾ ਕਿ ਯਹੋਵਾਹ ਦੀ ਵਡਿਆਈ ਕਰਨ ਵਾਲਿਆਂ ਉੱਤੇ ਸੂਰਜ ਕਦੇ ਵੀ ਨਹੀਂ ਡੁੱਬਦਾ। (ਪਰਕਾਸ਼ ਦੀ ਪੋਥੀ 7:15) ਭਾਸ਼ਣਕਾਰ ਨੇ ਕਈ ਮਸੀਹੀ ਭੈਣ-ਭਰਾਵਾਂ ਦੀ ਇੰਟਰਵਿਊ ਲਈ ਜੋ ਵੱਖ-ਵੱਖ ਪ੍ਰਕਾਰ ਦੀ ਪੂਰੇ ਸਮੇਂ ਦੀ ਸੇਵਕਾਈ ਕਰ ਰਹੇ ਹਨ। ਉਨ੍ਹਾਂ ਦੇ ਤਜਰਬੇ ਸੁਣ ਕੇ ਸਾਰਿਆਂ ਨੂੰ ਬਹੁਤ ਉਤਸ਼ਾਹ ਮਿਲਿਆ।

ਅਗਲੇ ਭਾਸ਼ਣ ਦਾ ਵਿਸ਼ਾ ਸੀ: “ਸ੍ਰਿਸ਼ਟੀ ਪਰਮੇਸ਼ੁਰ ਦੀ ਮਹਿਮਾ ਕਰਦੀ ਹੈ।” ਖ਼ਾਮੋਸ਼ ਹੋਣ ਦੇ ਬਾਵਜੂਦ, ਆਕਾਸ਼ ਪਰਮੇਸ਼ੁਰ ਦੀ ਮਹਾਨਤਾ ਦੀ ਵਡਿਆਈ ਕਰਦਾ ਹੈ। ਇਹ ਸਾਨੂੰ ਅਹਿਸਾਸ ਦਿਲਾਉਂਦਾ ਹੈ ਕਿ ਯਹੋਵਾਹ ਕਿੰਨੇ ਪਿਆਰ ਨਾਲ ਸਾਡੀਆਂ ਲੋੜਾਂ ਪੂਰੀਆਂ ਕਰਦਾ ਹੈ। ਭਾਸ਼ਣ ਵਿਚ ਇਸ ਗੱਲ ਨੂੰ ਉਦਾਹਰਣਾਂ ਦੇ ਕੇ ਚੰਗੀ ਤਰ੍ਹਾਂ ਸਮਝਾਇਆ ਗਿਆ ਸੀ।—ਯਸਾਯਾਹ 40:26.

ਅਤਿਆਚਾਰ, ਵਿਰੋਧ, ਦੁਨਿਆਵੀ ਪ੍ਰਭਾਵ ਅਤੇ ਪਾਪੀ ਝੁਕਾਅ ਸੱਚੇ ਮਸੀਹੀਆਂ ਲਈ ਖਰਿਆਈ ਦੇ ਰਾਹ ਉੱਤੇ ਚੱਲਣਾ ਮੁਸ਼ਕਲ ਬਣਾ ਦਿੰਦੇ ਹਨ। ਇਸ ਲਈ ਹਾਜ਼ਰੀਨ ਨੇ “ਖਰੀ ਚਾਲ ਚੱਲੋ” ਨਾਮਕ ਭਾਸ਼ਣ ਨੂੰ ਬਹੁਤ ਧਿਆਨ ਨਾਲ ਸੁਣਿਆ। ਭਾਸ਼ਣਕਾਰ ਨੇ 26ਵੇਂ ਜ਼ਬੂਰ ਦੀ ਆਇਤ-ਬ-ਆਇਤ ਚਰਚਾ ਕੀਤੀ। ਉਸ ਨੇ ਸਕੂਲ ਵਿਚ ਪੜ੍ਹਦੇ ਇਕ ਗਵਾਹ ਦੀ ਇੰਟਰਵਿਊ ਲਈ ਜੋ ਆਪਣੇ ਨੈਤਿਕ ਮਿਆਰ ਉੱਤੇ ਪੱਕਾ ਰਿਹਾ। ਭਾਸ਼ਣਕਾਰ ਨੇ ਇਕ ਹੋਰ ਗਵਾਹ ਦੀ ਵੀ ਇੰਟਰਵਿਊ ਲਈ ਜੋ ਪਹਿਲਾਂ ਕਿਸੇ ਇਤਰਾਜ਼ਯੋਗ ਮਨੋਰੰਜਨ ਵਿਚ ਬਹੁਤ ਸਮਾਂ ਬਰਬਾਦ ਕਰਦਾ ਸੀ, ਪਰ ਫਿਰ ਉਸ ਨੇ ਆਪਣੀ ਕਮਜ਼ੋਰੀ ਉੱਤੇ ਕਾਬੂ ਪਾਉਣ ਲਈ ਕੁਝ ਜ਼ਰੂਰੀ ਕਦਮ ਚੁੱਕੇ।

ਸਵੇਰ ਦਾ ਪ੍ਰੋਗ੍ਰਾਮ ਖ਼ਾਸ ਭਾਸ਼ਣ ਨਾਲ ਖ਼ਤਮ ਹੋਇਆ ਜਿਸ ਦਾ ਵਿਸ਼ਾ ਸੀ: “ਮਹਿਮਾ ਦੇ ਦਰਸ਼ਣ ਸਾਨੂੰ ਹੌਸਲਾ ਦਿੰਦੇ ਹਨ!” ਭਾਸ਼ਣਕਾਰ ਨੇ ਦਾਨੀਏਲ ਨਬੀ, ਯੂਹੰਨਾ ਰਸੂਲ ਤੇ ਪਤਰਸ ਦੀਆਂ ਮਿਸਾਲਾਂ ਦਿੱਤੀਆਂ ਜਿਨ੍ਹਾਂ ਨੇ ਪਰਮੇਸ਼ੁਰ ਦੇ ਮਸੀਹਾਈ ਰਾਜ ਦੀ ਸਥਾਪਨਾ ਅਤੇ ਇਸ ਰਾਜ ਦੁਆਰਾ ਕੀਤੀ ਜਾਣ ਵਾਲੀ ਕਾਰਵਾਈ ਸੰਬੰਧੀ ਸ਼ਾਨਦਾਰ ਦਰਸ਼ਣ ਦੇਖੇ ਸਨ। ਇਨ੍ਹਾਂ ਭਵਿੱਖ-ਸੂਚਕ ਦਰਸ਼ਣਾਂ ਦੁਆਰਾ ਉਨ੍ਹਾਂ ਦੀ ਨਿਹਚਾ ਮਜ਼ਬੂਤ ਹੋਈ। ਅੱਜ ਕੁਝ ਮਸੀਹੀ ਸ਼ਾਇਦ ਉਸ ਸਬੂਤ ਨੂੰ ਭੁੱਲ ਗਏ ਹਨ ਜੋ ਦਿਖਾਉਂਦਾ ਹੈ ਕਿ ਅਸੀਂ ਅੰਤ ਦੇ ਦਿਨਾਂ ਵਿਚ ਜੀ ਰਹੇ ਹਾਂ। ਅਜਿਹੇ ਮਸੀਹੀਆਂ ਬਾਰੇ ਭਾਸ਼ਣਕਾਰ ਨੇ ਕਿਹਾ: “ਅਸੀਂ ਸੱਚੇ ਦਿਲੋਂ ਉਮੀਦ ਕਰਦੇ ਹਾਂ ਕਿ ਉਹ ਮਸੀਹ ਦੀ ਮੌਜੂਦਗੀ ਦੀ ਅਸਲੀਅਤ ਵੱਲ ਫਿਰ ਤੋਂ ਧਿਆਨ ਦੇਣਗੇ ਅਤੇ ਰੂਹਾਨੀ ਤੌਰ ਤੇ ਮਜ਼ਬੂਤ ਹੋਣ ਵਿਚ ਮਦਦ ਹਾਸਲ ਕਰਨਗੇ।”

ਦੁਪਹਿਰ ਦਾ ਪ੍ਰੋਗ੍ਰਾਮ “ਯਹੋਵਾਹ ਦੀ ਮਹਿਮਾ ਹਲੀਮ ਲੋਕਾਂ ਉੱਤੇ ਪ੍ਰਗਟ” ਨਾਮਕ ਭਾਸ਼ਣ ਨਾਲ ਸ਼ੁਰੂ ਹੋਇਆ। ਭਾਸ਼ਣਕਾਰ ਨੇ ਦਿਖਾਇਆ ਕਿ ਹਲੀਮ ਹੋਣ ਦੇ ਮਾਮਲੇ ਵਿਚ ਸਾਡੇ ਕੋਲ ਯਹੋਵਾਹ ਦੀ ਉੱਤਮ ਮਿਸਾਲ ਹੈ। ਪੂਰੇ ਵਿਸ਼ਵ ਵਿਚ ਸਰਬਸ਼ਕਤੀਮਾਨ ਹੋਣ ਦੇ ਬਾਵਜੂਦ ਵੀ ਉਹ ਹਲੀਮ ਹੈ। (ਜ਼ਬੂਰਾਂ ਦੀ ਪੋਥੀ 18:35) ਯਹੋਵਾਹ ਹਲੀਮ ਲੋਕਾਂ ਨੂੰ ਕਿਰਪਾ ਦੀ ਨਜ਼ਰ ਨਾਲ ਦੇਖਦਾ ਹੈ। ਉਹ ਉਨ੍ਹਾਂ ਲੋਕਾਂ ਦਾ ਵਿਰੋਧ ਕਰਦਾ ਹੈ ਜੋ ਆਪਣੇ ਦਰਜੇ ਦੇ ਵਿਅਕਤੀਆਂ ਜਾਂ ਆਪਣੇ ਨਾਲੋਂ ਉੱਚੀ ਪਦਵੀ ਦੇ ਲੋਕਾਂ ਅੱਗੇ ਹਲੀਮ ਬਣਦੇ ਹਨ, ਪਰ ਆਪਣੇ ਨਾਲੋਂ ਨੀਵੇਂ ਦਰਜੇ ਦੇ ਲੋਕਾਂ ਨਾਲ ਕਠੋਰਤਾ ਨਾਲ ਪੇਸ਼ ਆਉਂਦੇ ਹਨ।—ਜ਼ਬੂਰਾਂ ਦੀ ਪੋਥੀ 138:6.

ਇਸ ਤੋਂ ਬਾਅਦ ਇਕ ਭਾਸ਼ਣ-ਲੜੀ ਪੇਸ਼ ਕੀਤੀ ਗਈ ਜਿਸ ਦਾ ਮੁੱਖ ਵਿਸ਼ਾ ਸੀ: “ਆਮੋਸ ਦੀ ਭਵਿੱਖਬਾਣੀ—ਸਾਡੇ ਦਿਨਾਂ ਵਿਚ ਇਸ ਦੀ ਅਹਿਮੀਅਤ।” ਪਹਿਲੇ ਭਾਸ਼ਣਕਾਰ ਨੇ ਆਮੋਸ ਦੀ ਉਦਾਹਰਣ ਵੱਲ ਧਿਆਨ ਖਿੱਚਦੇ ਹੋਏ ਸਾਨੂੰ ਚੇਤੇ ਕਰਾਇਆ ਕਿ ਲੋਕਾਂ ਨੂੰ ਯਹੋਵਾਹ ਦੇ ਆਉਣ ਵਾਲੇ ਨਿਆਂ ਦੇ ਦਿਨ ਬਾਰੇ ਚੇਤਾਵਨੀ ਦੇਣੀ ਸਾਡਾ ਫ਼ਰਜ਼ ਹੈ। ਉਸ ਦੇ ਭਾਸ਼ਣ ਦਾ ਵਿਸ਼ਾ ਸੀ: “ਦਲੇਰੀ ਨਾਲ ਪਰਮੇਸ਼ੁਰ ਦੇ ਬਚਨ ਦਾ ਪ੍ਰਚਾਰ ਕਰੋ।” ਦੂਸਰੇ ਭਾਸ਼ਣਕਾਰ ਨੇ ਇਸ ਵਿਸ਼ੇ ਤੇ ਗੱਲ ਕੀਤੀ: “ਦੁਸ਼ਟ ਲੋਕਾਂ ਵਿਰੁੱਧ ਪਰਮੇਸ਼ੁਰੀ ਨਿਆਂ।” ਉਸ ਨੇ ਇਹ ਸਵਾਲ ਕੀਤਾ ਸੀ ਕਿ “ਕੀ ਯਹੋਵਾਹ ਇਸ ਧਰਤੀ ਉੱਤੇ ਹੋ ਰਹੀ ਬੁਰਾਈ ਅਤੇ ਦੁੱਖ-ਦਰਦ ਨੂੰ ਕਦੇ ਮਿਟਾਵੇਗਾ?” ਫਿਰ ਉਸ ਨੇ ਸਮਝਾਇਆ ਕਿ ਜਿਨ੍ਹਾਂ ਨੂੰ ਪਰਮੇਸ਼ੁਰ ਸਜ਼ਾ ਦਿੰਦਾ ਹੈ, ਉਹ ਹਮੇਸ਼ਾ ਇਸ ਸਜ਼ਾ ਦੇ ਲਾਇਕ ਹੁੰਦੇ ਹਨ, ਇਸ ਸਜ਼ਾ ਤੋਂ ਬਚਿਆ ਨਹੀਂ ਜਾ ਸਕਦਾ ਅਤੇ ਯਹੋਵਾਹ ਸਿਰਫ਼ ਦੁਸ਼ਟਾਂ ਨੂੰ ਸਜ਼ਾ ਦਿੰਦਾ ਹੈ। ਭਾਸ਼ਣ-ਲੜੀ ਦੇ ਆਖ਼ਰੀ ਭਾਸ਼ਣਕਾਰ ਨੇ ਇਸ ਵਿਸ਼ੇ ਤੇ ਚਾਨਣਾ ਪਾਇਆ: “ਯਹੋਵਾਹ ਦਿਲਾਂ ਨੂੰ ਜਾਂਚਦਾ ਹੈ।” ਜਿਹੜੇ ਲੋਕ ਯਹੋਵਾਹ ਨੂੰ ਖ਼ੁਸ਼ ਕਰਨਾ ਚਾਹੁੰਦੇ ਹਨ, ਉਹ ਆਮੋਸ 5:15 ਦੀ ਤਾਕੀਦ ਨੂੰ ਜ਼ਰੂਰ ਮੰਨਣਗੇ: “ਬਦੀ ਤੋਂ ਘਿਣ ਕਰੋ, ਨੇਕੀ ਨੂੰ ਪਿਆਰ ਕਰੋ।”

ਸ਼ਰਾਬ ਜਿਵੇਂ ਵਾਈਨ ਇਨਸਾਨ ਦੇ ਦਿਲ ਨੂੰ ਖ਼ੁਸ਼ ਕਰਦੀ ਹੈ। ਪਰ ਲੋਕਾਂ ਨੂੰ ਹੱਦੋਂ ਵੱਧ ਪੀਣ ਦੀ ਆਦਤ ਪੈ ਸਕਦੀ ਹੈ। “ਸ਼ਰਾਬ ਦੀ ਕੁਵਰਤੋਂ ਕਰਨ ਤੋਂ ਬਚੋ” ਨਾਮਕ ਭਾਸ਼ਣ ਵਿਚ ਭਾਸ਼ਣਕਾਰ ਨੇ ਦਿਖਾਇਆ ਕਿ ਭਾਵੇਂ ਕੁਝ ਲੋਕਾਂ ਨੂੰ ਜ਼ਿਆਦਾ ਸ਼ਰਾਬ ਪੀਣ ਦੇ ਬਾਵਜੂਦ ਨਸ਼ਾ ਨਹੀਂ ਚੜ੍ਹਦਾ, ਪਰ ਫਿਰ ਵੀ ਇਸ ਤਰ੍ਹਾਂ ਕਰਨ ਨਾਲ ਸਰੀਰਕ ਅਤੇ ਰੂਹਾਨੀ ਤੌਰ ਤੇ ਕਈ ਖ਼ਤਰੇ ਪੈਦਾ ਹੋ ਸਕਦੇ ਹਨ। ਉਸ ਨੇ ਸਾਰਿਆਂ ਨੂੰ ਹਮੇਸ਼ਾ ਇਹ ਸਿਧਾਂਤ ਚੇਤੇ ਰੱਖਣ ਲਈ ਕਿਹਾ: ਕੁਝ ਲੋਕ ਜ਼ਿਆਦਾ ਪੀ ਕੇ ਵੀ ਸੁਰਤ ਵਿਚ ਰਹਿੰਦੇ ਹਨ ਜਦੋਂ ਕਿ ਕਈਆਂ ਨੂੰ ਥੋੜ੍ਹੀ ਪੀ ਕੇ ਹੀ ਨਸ਼ਾ ਚੜ੍ਹ ਜਾਂਦਾ ਹੈ। ਇਸ ਲਈ ਜਿੰਨੀ ਸ਼ਰਾਬ ਦਾ ਤੁਹਾਡੀ “ਦਨਾਈ ਅਤੇ ਸੋਝੀ” ਉੱਤੇ ਅਸਰ ਪੈਂਦਾ ਹੈ, ਉਹ ਤੁਹਾਡੇ ਲਈ ਹੱਦੋਂ ਵੱਧ ਹੈ।—ਕਹਾਉਤਾਂ 3:21, 22.

ਅਸੀਂ ਭੈੜੇ ਸਮਿਆਂ ਵਿਚ ਜੀ ਰਹੇ ਹਾਂ, ਇਸ ਲਈ ਅਗਲਾ ਭਾਸ਼ਣ “ਯਹੋਵਾਹ ‘ਦੁਖ ਦੇ ਸਮੇਂ ਸਾਡਾ ਗੜ੍ਹ ਹੈ’” ਸੁਣ ਕੇ ਸਾਰਿਆਂ ਨੂੰ ਬਹੁਤ ਹੌਸਲਾ ਮਿਲਿਆ। ਪ੍ਰਾਰਥਨਾ, ਪਵਿੱਤਰ ਆਤਮਾ ਅਤੇ ਸਾਡੇ ਮਸੀਹੀ ਭੈਣ-ਭਰਾ ਸਾਨੂੰ ਇਨ੍ਹਾਂ ਮੁਸ਼ਕਲ ਸਮਿਆਂ ਨਾਲ ਸਿੱਝਣ ਦੀ ਤਾਕਤ ਦੇ ਸਕਦੇ ਹਨ।

ਪਹਿਲੇ ਦਿਨ ਦਾ ਆਖ਼ਰੀ ਭਾਸ਼ਣ ਸੀ: “‘ਚੰਗੀ ਧਰਤੀ’—ਫਿਰਦੌਸ ਦੀ ਝਲਕ।” ਇਸ ਭਾਸ਼ਣ ਦੇ ਅਖ਼ੀਰ ਵਿਚ ਭਾਸ਼ਣਕਾਰ ਨੇ ਚੰਗੀ ਧਰਤੀ ਦੇਖੋ (ਅੰਗ੍ਰੇਜ਼ੀ) ਨਾਮਕ ਨਵਾਂ ਬਰੋਸ਼ਰ ਰਿਲੀਸ ਕਰ ਕੇ ਸਾਰਿਆਂ ਨੂੰ ਖ਼ੁਸ਼ ਕਰ ਦਿੱਤਾ। ਇਹ ਬਰੋਸ਼ਰ ਬਾਈਬਲ ਵਿਚ ਦੱਸੀਆਂ ਥਾਵਾਂ ਦੇ ਨਕਸ਼ਿਆਂ ਨਾਲ ਭਰਿਆ ਪਿਆ ਹੈ।

ਦੂਜੇ ਦਿਨ ਦਾ ਵਿਸ਼ਾ: ‘ਕੌਮਾਂ ਦੇ ਵਿੱਚ ਉਹ ਦੇ ਪਰਤਾਪ ਦਾ ਵਰਨਣ ਕਰੋ’

ਦੈਨਿਕ ਪਾਠ ਦੀ ਚਰਚਾ ਕਰਨ ਮਗਰੋਂ ਸੰਮੇਲਨ ਦੀ ਦੂਸਰੀ ਭਾਸ਼ਣ-ਲੜੀ ਪੇਸ਼ ਕੀਤੀ ਗਈ ਜਿਸ ਦਾ ਵਿਸ਼ਾ ਸੀ: “ਸ਼ੀਸ਼ਿਆਂ ਦੀ ਤਰ੍ਹਾਂ ਯਹੋਵਾਹ ਦਾ ਤੇਜ ਪ੍ਰਗਟ ਕਰੋ।” ਪਹਿਲੇ ਭਾਸ਼ਣ ਵਿਚ “ਹਰ ਜਗ੍ਹਾ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰੋ” ਵਿਸ਼ੇ ਉੱਤੇ ਚਰਚਾ ਕੀਤੀ ਗਈ ਅਤੇ ਪ੍ਰਚਾਰ ਦੇ ਕੰਮ ਵਿਚ ਹੋਏ ਤਜਰਬਿਆਂ ਦੇ ਪ੍ਰਦਰਸ਼ਨ ਪੇਸ਼ ਕੀਤੇ ਗਏ ਸਨ। ਦੂਸਰੇ ਭਾਸ਼ਣ ਦਾ ਵਿਸ਼ਾ ਸੀ: “ਅੰਨ੍ਹਿਆਂ ਸਾਮ੍ਹਣਿਓਂ ਪਰਦਾ ਹਟਾਉਣਾ।” ਇਸ ਵਿਚ ਪੁਨਰ-ਮੁਲਾਕਾਤ ਕਰਨ ਦਾ ਪ੍ਰਦਰਸ਼ਨ ਕੀਤਾ ਗਿਆ ਸੀ। ਇਸ ਲੜੀ ਦਾ ਆਖ਼ਰੀ ਭਾਸ਼ਣ ਸੀ: “ਸੇਵਕਾਈ ਵਿਚ ਪੂਰੀ ਤਰ੍ਹਾਂ ਪਰਮੇਸ਼ੁਰ ਦਾ ਤੇਜ ਪ੍ਰਗਟ ਕਰੋ।” ਇਸ ਵਿਚ ਕਈ ਭੈਣ-ਭਰਾਵਾਂ ਦੀ ਇੰਟਰਵਿਊ ਲਈ ਗਈ ਜਿਨ੍ਹਾਂ ਨੇ ਸੇਵਕਾਈ ਵਿਚ ਹੋਏ ਆਪਣੇ ਦਿਲਚਸਪ ਤਜਰਬੇ ਸੁਣਾਏ।

ਪ੍ਰੋਗ੍ਰਾਮ ਦਾ ਅਗਲਾ ਭਾਸ਼ਣ ਸੀ, “ਬਿਨਾਂ ਕਾਰਨ ਸਾਡੇ ਨਾਲ ਨਫ਼ਰਤ ਕੀਤੀ ਗਈ।” ਇਸ ਵਿਚ ਕਈ ਵਫ਼ਾਦਾਰ ਭੈਣ-ਭਰਾਵਾਂ ਦੀ ਇੰਟਰਵਿਊ ਲਈ ਗਈ ਜਿਨ੍ਹਾਂ ਨੇ ਪਰਮੇਸ਼ੁਰ ਦੀ ਤਾਕਤ ਨਾਲ ਵਿਰੋਧ ਦਾ ਡੱਟ ਕੇ ਸਾਮ੍ਹਣਾ ਕੀਤਾ।

ਬਪਤਿਸਮੇ ਸੰਬੰਧੀ ਭਾਸ਼ਣ ਸਾਡੇ ਹਰ ਸੰਮੇਲਨ ਦੀ ਖ਼ਾਸੀਅਤ ਰਿਹਾ ਹੈ ਅਤੇ ਸਾਰੇ ਇਸ ਨੂੰ ਉਤਸ਼ਾਹ ਨਾਲ ਸੁਣਦੇ ਹਨ। ਭਾਸ਼ਣ ਮਗਰੋਂ ਬਪਤਿਸਮਾ ਲੈਣ ਵਾਲੇ ਉਮੀਦਵਾਰਾਂ ਨੂੰ ਪਾਣੀ ਵਿਚ ਪੂਰੀ ਤਰ੍ਹਾਂ ਡੁਬਕੀ ਦੇ ਕੇ ਬਪਤਿਸਮਾ ਦਿੱਤਾ ਜਾਂਦਾ ਹੈ। ਇਹ ਦਿਖਾਉਂਦਾ ਹੈ ਕਿ ਉਹ ਹੁਣ ਯਹੋਵਾਹ ਨੂੰ ਪੂਰੀ ਤਰ੍ਹਾਂ ਸਮਰਪਿਤ ਹਨ। ਇਸ ਲਈ, ਇਸ ਭਾਸ਼ਣ ਦਾ ਵਿਸ਼ਾ ਬਹੁਤ ਹੀ ਢੁਕਵਾਂ ਸੀ: “ਸਮਰਪਣ ਦਾ ਵਾਅਦਾ ਪੂਰਾ ਕਰ ਕੇ ਪਰਮੇਸ਼ੁਰ ਦੀ ਵਡਿਆਈ ਕਰੋ।”

ਦੁਪਹਿਰ ਦੇ ਪ੍ਰੋਗ੍ਰਾਮ ਦੇ ਪਹਿਲੇ ਭਾਸ਼ਣ ਵਿਚ ਸਾਰਿਆਂ ਨੂੰ ਆਪਣੀ ਜਾਂਚ ਕਰਨ ਦੀ ਪ੍ਰੇਰਣਾ ਦਿੱਤੀ ਗਈ ਸੀ। ਇਸ ਭਾਸ਼ਣ ਦਾ ਵਿਸ਼ਾ ਸੀ: “ਵਡਿਆਈ ਬਾਰੇ ਮਸੀਹ ਵਰਗਾ ਨਜ਼ਰੀਆ ਅਪਣਾਓ।” ਭਾਸ਼ਣਕਾਰ ਨੇ ਇਕ ਦਿਲਚਸਪ ਟਿੱਪਣੀ ਕੀਤੀ: ਮਸੀਹ ਦੀ ਨਿਮਰਤਾ ਦੀ ਰੀਸ ਕਰ ਕੇ ਸਾਡੀ ਸ਼ਾਨ ਵਧਦੀ ਹੈ। ਮਸੀਹੀਆਂ ਨੂੰ ਦੂਸਰਿਆਂ ਉੱਤੇ ਰੋਹਬ ਜਮਾਉਣ ਦੀ ਲਾਲਸਾ ਨਾਲ ਜ਼ਿੰਮੇਵਾਰੀ ਵਾਲੀ ਪਦਵੀ ਹਾਸਲ ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਉਹ ਆਪਣੇ ਆਪ ਤੋਂ ਪੁੱਛ ਸਕਦਾ ਹੈ, ‘ਕੀ ਮੈਂ ਅਜਿਹੇ ਕੰਮ ਕਰਨ ਲਈ ਤਿਆਰ ਹਾਂ ਜੋ ਸ਼ਾਇਦ ਦੂਸਰਿਆਂ ਨੂੰ ਨਜ਼ਰ ਵੀ ਨਹੀਂ ਆਉਣਗੇ?’

ਕੀ ਤੁਸੀਂ ਕਦੇ ਥਕਾਵਟ ਮਹਿਸੂਸ ਕਰਦੇ ਹੋ? ਤੁਸੀਂ ਜ਼ਰੂਰ ਕਰਦੇ ਹੋਵੋਗੇ। ਇਸੇ ਲਈ ਸਾਰਿਆਂ ਨੇ ਅਗਲੇ ਭਾਸ਼ਣ ਦੀ ਬਹੁਤ ਕਦਰ ਕੀਤੀ ਜਿਸ ਦਾ ਵਿਸ਼ਾ ਸੀ: “ਥੱਕੇ ਹੋਏ ਜ਼ਰੂਰ ਪਰ ਅੱਕੇ ਹੋਏ ਨਹੀਂ।” ਭਾਸ਼ਣਕਾਰ ਨੇ ਬਹੁਤ ਸਾਲਾਂ ਤੋਂ ਯਹੋਵਾਹ ਦੀ ਸੇਵਾ ਕਰ ਰਹੇ ਗਵਾਹਾਂ ਦੀ ਇੰਟਰਵਿਊ ਲਈ ਜਿਨ੍ਹਾਂ ਦੇ ਤਜਰਬਿਆਂ ਤੋਂ ਸਾਫ਼ ਪਤਾ ਚੱਲਦਾ ਹੈ ਕਿ ਯਹੋਵਾਹ ਸਾਨੂੰ ਆਪਣੀ ‘ਆਤਮਾ ਦੇ ਰਾਹੀਂ ਬਲਵੰਤ ਬਣਾ’ ਸਕਦਾ ਹੈ।—ਅਫ਼ਸੀਆਂ 3:16.

ਜਨਮ ਤੋਂ ਹੀ ਸਾਰੇ ਸੁਆਰਥੀ ਹੁੰਦੇ ਹਨ, ਇਸ ਲਈ ਸਾਨੂੰ ਖੁੱਲ੍ਹ-ਦਿਲੀ ਦਾ ਗੁਣ ਸਿੱਖਣਾ ਪੈਂਦਾ ਹੈ। “‘ਦਾਨ ਕਰਨ ਵਿੱਚ ਸਖ਼ੀ ਅਤੇ ਵੰਡਣ ਨੂੰ ਤਿਆਰ’ ਹੋਵੋ” ਨਾਮਕ ਭਾਸ਼ਣ ਵਿਚ ਇਸੇ ਗੱਲ ਉੱਤੇ ਜ਼ੋਰ ਦਿੱਤਾ ਗਿਆ ਸੀ। ਉਸ ਵਿਚ ਇਹ ਸਵਾਲ ਪੁੱਛਿਆ ਗਿਆ ਸੀ: “ਕੀ ਅਸੀਂ ਉਨ੍ਹਾਂ ਭੈਣਾਂ-ਭਰਾਵਾਂ ਲਈ ਇਕ-ਦੋ ਮਿੰਟ ਕੱਢਣ ਲਈ ਤਿਆਰ ਹਾਂ ਜਿਹੜੇ ਸਿਆਣੇ, ਬੀਮਾਰ, ਨਿਰਾਸ਼ ਜਾਂ ਇਕੱਲੇ ਹਨ?”

“‘ਪਰਾਇਆਂ ਦੀ ਅਵਾਜ਼’ ਤੋਂ ਬਚੋ” ਨਾਮਕ ਭਾਸ਼ਣ ਨੇ ਸਾਰਿਆਂ ਦਾ ਧਿਆਨ ਖਿੱਚਿਆ। ਇਸ ਵਿਚ ਯਿਸੂ ਦੇ ਚੇਲਿਆਂ ਦੀ ਤੁਲਨਾ ਉਨ੍ਹਾਂ ਭੇਡਾਂ ਨਾਲ ਕੀਤੀ ਗਈ ਜੋ ਸਿਰਫ਼ ‘ਅੱਛੇ ਅਯਾਲੀ’ ਯਿਸੂ ਮਸੀਹ ਦੀ ਹੀ ਆਵਾਜ਼ ਸੁਣਦੀਆਂ ਹਨ। ਉਹ ਸ਼ਤਾਨ ਦੇ ਪ੍ਰਭਾਵ ਹੇਠ ਬੋਲਦੇ “ਪਰਾਇਆਂ ਦੀ ਅਵਾਜ਼” ਨਹੀਂ ਸੁਣਦੀਆਂ।—ਯੂਹੰਨਾ 10:5, 14, 27.

ਜੇ ਗਾਇਕ-ਮੰਡਲੀ ਸੁਰ ਨਾਲ ਸੁਰ ਮਿਲਾ ਕੇ ਗਾਵੇ, ਤਾਂ ਹੀ ਸਰੋਤੇ ਗੀਤ ਦੇ ਬੋਲ ਸਮਝ ਸਕਣਗੇ। ਇਸੇ ਤਰ੍ਹਾਂ, ਪਰਮੇਸ਼ੁਰ ਦੀ ਵਡਿਆਈ ਕਰਨ ਲਈ ਜ਼ਰੂਰੀ ਹੈ ਕਿ ਸੰਸਾਰ ਭਰ ਵਿਚ ਸੱਚੇ ਉਪਾਸਕ ਇਕ ਹੋ ਕੇ ਕੰਮ ਕਰਨ। ਇਸ ਲਈ, “‘ਇੱਕ ਜ਼ਬਾਨ ਨਾਲ’ ਪਰਮੇਸ਼ੁਰ ਦੀ ਵਡਿਆਈ ਕਰੋ” ਨਾਮਕ ਭਾਸ਼ਣ ਵਿਚ ਦੱਸਿਆ ਗਿਆ ਸੀ ਕਿ ਅਸੀਂ ਕਿਵੇਂ ‘ਸਾਫ਼ ਬੋਲੀ’ ਬੋਲ ਸਕਦੇ ਹਾਂ ਅਤੇ “ਇੱਕ ਮਨ ਹੋ ਕੇ” ਯਹੋਵਾਹ ਦੀ ਸੇਵਾ ਕਰ ਸਕਦੇ ਹਾਂ।—ਸਫ਼ਨਯਾਹ 3:9.

ਜਿਨ੍ਹਾਂ ਮਾਪਿਆਂ ਦੇ ਛੋਟੇ-ਛੋਟੇ ਬੱਚੇ ਹਨ, ਉਹ ਸੰਮੇਲਨ ਦੇ ਦੂਸਰੇ ਦਿਨ ਦਾ ਆਖ਼ਰੀ ਭਾਸ਼ਣ ਸੁਣ ਕੇ ਬਹੁਤ ਖ਼ੁਸ਼ ਹੋਏ ਜਿਸ ਦਾ ਵਿਸ਼ਾ ਸੀ: “ਸਾਡੇ ਬੱਚੇ—ਇਕ ਅਨਮੋਲ ਵਿਰਾਸਤ।” ਇਸ ਭਾਸ਼ਣ ਦੌਰਾਨ 256 ਸਫ਼ਿਆਂ ਵਾਲੀ ਇਕ ਨਵੀਂ ਕਿਤਾਬ ਦੀ ਰਿਲੀਸ ਨੇ ਸਾਰਿਆਂ ਦੇ ਜੀਅ ਨੂੰ ਖ਼ੁਸ਼ ਕਰ ਦਿੱਤਾ। ਮਹਾਨ ਸਿੱਖਿਅਕ ਤੋਂ ਸਿੱਖੋ (ਅੰਗ੍ਰੇਜ਼ੀ) ਨਾਮਕ ਇਸ ਕਿਤਾਬ ਦੀ ਮਦਦ ਨਾਲ ਮਾਪੇ ਹੁਣ ਪਰਮੇਸ਼ੁਰ ਵੱਲੋਂ ਉਨ੍ਹਾਂ ਨੂੰ ਮਿਲੀ ਦਾਤ ਯਾਨੀ ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਦੇ ਸਕਣਗੇ।

ਤੀਜੇ ਦਿਨ ਦਾ ਵਿਸ਼ਾ: “ਸੱਭੋ ਕੁਝ ਪਰਮੇਸ਼ੁਰ ਦੀ ਵਡਿਆਈ ਲਈ ਕਰੋ”

ਸੰਮੇਲਨ ਦੇ ਆਖ਼ਰੀ ਦਿਨ ਨੂੰ ਅਧਿਆਤਮਿਕ ਵਿਚਾਰ ਨਾਲ ਸ਼ੁਰੂ ਕਰਨ ਲਈ ਦੈਨਿਕ ਪਾਠ ਦੀ ਚਰਚਾ ਕੀਤੀ ਗਈ। ਇਸ ਮਗਰੋਂ, ਪਹਿਲੇ ਕੁਝ ਭਾਸ਼ਣਾਂ ਵਿਚ ਪਰਿਵਾਰਾਂ ਵੱਲ ਖ਼ਾਸ ਧਿਆਨ ਦਿੱਤਾ ਗਿਆ। ਪਹਿਲੇ ਭਾਸ਼ਣ ਦਾ ਵਿਸ਼ਾ ਸੀ: “ਮਾਪਿਓ, ਆਪਣੇ ਪਰਿਵਾਰ ਨੂੰ ਮਜ਼ਬੂਤ ਕਰੋ।” ਆਪਣੇ ਪਰਿਵਾਰ ਦੀਆਂ ਭੌਤਿਕ ਲੋੜਾਂ ਪੂਰੀਆਂ ਕਰਨ ਦੀ ਜ਼ਿੰਮੇਵਾਰੀ ਬਾਰੇ ਦੱਸਣ ਤੋਂ ਬਾਅਦ, ਭਾਸ਼ਣਕਾਰ ਨੇ ਦਿਖਾਇਆ ਕਿ ਮਾਪਿਆਂ ਦੀ ਮੁੱਖ ਜ਼ਿੰਮੇਵਾਰੀ ਆਪਣੇ ਬੱਚਿਆਂ ਦੀਆਂ ਰੂਹਾਨੀ ਲੋੜਾਂ ਨੂੰ ਪੂਰਾ ਕਰਨਾ ਹੈ।

ਅਗਲੇ ਭਾਸ਼ਣਕਾਰ ਨੇ ਨੌਜਵਾਨਾਂ ਨੂੰ ਸੰਬੋਧਨ ਕਰਦੇ ਹੋਏ “ਨੌਜਵਾਨ ਯਹੋਵਾਹ ਦੀ ਕਿਵੇਂ ਮਹਿਮਾ ਕਰ ਰਹੇ ਹਨ” ਵਿਸ਼ੇ ਉੱਤੇ ਚਰਚਾ ਕੀਤੀ। ਉਸ ਨੇ ਨੌਜਵਾਨਾਂ ਦੀ ਤੁਲਨਾ “ਤ੍ਰੇਲ” ਨਾਲ ਕੀਤੀ ਕਿਉਂਕਿ ਨੌਜਵਾਨਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਅਤੇ ਉਨ੍ਹਾਂ ਦੀ ਜਵਾਨੀ ਤੇ ਜੋਸ਼ ਨੂੰ ਦੇਖ ਕੇ ਦੂਸਰਿਆਂ ਨੂੰ ਤਾਜ਼ਗੀ ਮਿਲਦੀ ਹੈ। ਵੱਡੇ ਉਨ੍ਹਾਂ ਨਾਲ ਮਿਲ ਕੇ ਯਹੋਵਾਹ ਦੀ ਸੇਵਾ ਕਰਨ ਵਿਚ ਬਹੁਤ ਖ਼ੁਸ਼ੀ ਮਹਿਸੂਸ ਕਰਦੇ ਹਨ। (ਜ਼ਬੂਰਾਂ ਦੀ ਪੋਥੀ 110:3) ਇਸ ਭਾਸ਼ਣ ਦੇ ਅਖ਼ੀਰ ਵਿਚ ਕਈ ਮਿਸਾਲੀ ਨੌਜਵਾਨਾਂ ਨੇ ਬਹੁਤ ਸੋਹਣੀਆਂ ਇੰਟਰਵਿਊਆਂ ਦਿੱਤੀਆਂ।

ਡਰਾਮੇ ਹਮੇਸ਼ਾ ਸਾਡੇ ਜ਼ਿਲ੍ਹਾ ਸੰਮੇਲਨਾਂ ਦੀ ਵਿਸ਼ੇਸ਼ਤਾ ਰਹੇ ਹਨ ਅਤੇ ਇਸ ਸੰਮੇਲਨ ਵਿਚ ਵੀ ਇਕ ਡਰਾਮਾ ਪੇਸ਼ ਕੀਤਾ ਗਿਆ ਸੀ। ਡਰਾਮੇ ਦਾ ਵਿਸ਼ਾ ਸੀ: “ਵਿਰੋਧ ਦੇ ਬਾਵਜੂਦ ਦਲੇਰੀ ਨਾਲ ਪ੍ਰਚਾਰ ਕਰਨਾ।” ਇਹ ਡਰਾਮਾ ਪਹਿਲੀ ਸਦੀ ਦੇ ਯਿਸੂ ਦੇ ਚੇਲਿਆਂ ਉੱਤੇ ਆਧਾਰਿਤ ਸੀ। ਇਸ ਨੇ ਨਾ ਕੇਵਲ ਲੋਕਾਂ ਦਾ ਮਨੋਰੰਜਨ ਕੀਤਾ, ਸਗੋਂ ਉਨ੍ਹਾਂ ਨੂੰ ਚੰਗੀ ਸਿੱਖਿਆ ਵੀ ਦਿੱਤੀ। ਡਰਾਮੇ ਤੋਂ ਬਾਅਦ ਦਿੱਤੇ ਗਏ ਭਾਸ਼ਣ “ਬਿਨਾਂ ਹਟੇ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰੋ” ਵਿਚ ਭਾਸ਼ਣਕਾਰ ਨੇ ਡਰਾਮੇ ਦੀਆਂ ਖ਼ਾਸ-ਖ਼ਾਸ ਗੱਲਾਂ ਨੂੰ ਮੁੜ ਦੁਹਰਾਇਆ।

ਸੰਮੇਲਨ ਵਿਚ ਆਏ ਸਾਰੇ ਲੋਕ ਐਤਵਾਰ ਦੇ ਪ੍ਰੋਗ੍ਰਾਮ ਦੇ ਖ਼ਾਸ ਪਬਲਿਕ ਭਾਸ਼ਣ ਨੂੰ ਸੁਣਨ ਲਈ ਉਤਾਵਲੇ ਸਨ। ਇਸ ਭਾਸ਼ਣ ਦਾ ਵਿਸ਼ਾ ਸੀ: “ਅੱਜ ਪਰਮੇਸ਼ੁਰ ਦੀ ਵਡਿਆਈ ਕੌਣ ਕਰ ਰਹੇ ਹਨ?” ਭਾਸ਼ਣਕਾਰ ਨੇ ਸਬੂਤ ਦੇ ਕੇ ਸਾਬਤ ਕੀਤਾ ਕਿ ਆਮ ਤੌਰ ਤੇ ਵਿਗਿਆਨੀਆਂ ਤੇ ਧਾਰਮਿਕ ਆਗੂਆਂ ਨੇ ਪਰਮੇਸ਼ੁਰ ਦੀ ਵਡਿਆਈ ਨਹੀਂ ਕੀਤੀ ਹੈ। ਅੱਜ ਸਿਰਫ਼ ਯਹੋਵਾਹ ਦੇ ਸੇਵਕ ਹੀ ਉਸ ਬਾਰੇ ਸੱਚਾਈ ਲੋਕਾਂ ਨੂੰ ਦੱਸ ਕੇ ਅਤੇ ਸਿਖਾ ਕੇ ਪਰਮੇਸ਼ੁਰ ਦੇ ਨਾਂ ਦੀ ਵਡਿਆਈ ਕਰ ਰਹੇ ਹਨ।

ਪਬਲਿਕ ਭਾਸ਼ਣ ਤੋਂ ਬਾਅਦ ਪਹਿਰਾਬੁਰਜ ਰਸਾਲੇ ਵਿੱਚੋਂ ਉਸ ਹਫ਼ਤੇ ਦੇ ਅਧਿਐਨ ਲੇਖ ਦਾ ਸਾਰ ਦਿੱਤਾ ਗਿਆ ਸੀ। ਫਿਰ ਸੰਮੇਲਨ ਦਾ ਆਖ਼ਰੀ ਭਾਸ਼ਣ ਦਿੱਤਾ ਗਿਆ ਜਿਸ ਦਾ ਵਿਸ਼ਾ ਸੀ: “ਯਹੋਵਾਹ ਦੀ ਵਡਿਆਈ ਲਈ ‘ਬਹੁਤਾ ਫਲ ਦਿਓ।’” ਇਸ ਭਾਸ਼ਣ ਦੌਰਾਨ ਭਾਸ਼ਣਕਾਰ ਨੇ ਇਕ ਮਤਾ ਪੇਸ਼ ਕੀਤਾ। ਇਸ ਵਿਚ ਵੱਖ-ਵੱਖ ਤਰੀਕਿਆਂ ਨਾਲ ਸ੍ਰਿਸ਼ਟੀਕਰਤਾ ਯਹੋਵਾਹ ਦੀ ਵਡਿਆਈ ਕਰਨ ਸੰਬੰਧੀ ਦਸ ਨੁਕਤੇ ਦਿੱਤੇ ਗਏ ਸਨ। ਸਾਰੇ ਹਾਜ਼ਰੀਨਾਂ ਨੇ ਇਸ ਮਤੇ ਨੂੰ ਅਪਣਾਉਂਦੇ ਹੋਏ ਉੱਚੀ ਆਵਾਜ਼ ਨਾਲ “ਹਾਂ” ਕਿਹਾ ਸੀ ਅਤੇ ਦੁਨੀਆਂ ਭਰ ਵਿਚ ਹੋਏ ਹਰ ਸੰਮੇਲਨ ਵਿਚ ਹਾਜ਼ਰ ਲੋਕਾਂ ਨੇ ਇਸੇ ਤਰ੍ਹਾਂ ਕੀਤਾ ਸੀ।

ਜਦੋਂ ਇਹ ਸੰਮੇਲਨ ਸਮਾਪਤ ਹੋਇਆ, ਤਾਂ ਸਾਰਿਆਂ ਦੇ ਕੰਨਾਂ ਵਿਚ “ਪਰਮੇਸ਼ੁਰ ਦੀ ਵਡਿਆਈ ਕਰੋ” ਸ਼ਬਦ ਗੂੰਜ ਰਹੇ ਸਨ। ਯਹੋਵਾਹ ਦੀ ਪਵਿੱਤਰ ਆਤਮਾ ਅਤੇ ਸੰਗਠਨ ਦੀ ਮਦਦ ਨਾਲ ਆਓ ਆਪਾਂ ਸਾਰੇ ਹਮੇਸ਼ਾ ਪਰਮੇਸ਼ੁਰ ਦੀ ਵਡਿਆਈ ਕਰਦੇ ਰਹੀਏ, ਨਾ ਕਿ ਇਨਸਾਨਾਂ ਦੀ।

[ਡੱਬੀ/ਸਫ਼ੇ 23 ਉੱਤੇ ਤਸਵੀਰ]

ਅੰਤਰਰਾਸ਼ਟਰੀ ਸੰਮੇਲਨ

ਉੱਤਰੀ ਤੇ ਦੱਖਣੀ ਅਮਰੀਕਾ, ਅਫ਼ਰੀਕਾ, ਆਸਟ੍ਰੇਲੀਆ, ਏਸ਼ੀਆ, ਅਤੇ ਯੂਰਪ ਵਿਚ ਚਾਰ ਦਿਨਾਂ ਦੇ ਅੰਤਰਰਾਸ਼ਟਰੀ ਸੰਮੇਲਨ ਹੋਏ ਸਨ। ਦੁਨੀਆਂ ਭਰ ਦੇ ਕਈ ਯਹੋਵਾਹ ਦੇ ਗਵਾਹਾਂ ਨੂੰ ਇਨ੍ਹਾਂ ਇਕੱਠਾਂ ਵਿਚ ਸ਼ਾਮਲ ਹੋਣ ਦੇ ਸੱਦੇ ਦਿੱਤੇ ਗਏ ਸਨ। ਇਸ ਤਰੀਕੇ ਨਾਲ ਮਹਿਮਾਨਾਂ ਅਤੇ ਮੇਜ਼ਬਾਨਾਂ ‘ਦੋਹਾਂ ਦੀ ਨਿਸ਼ਾ ਹੋਈ।’ (ਰੋਮੀਆਂ 1:12) ਕੁਝ ਪੁਰਾਣੇ ਮਿੱਤਰ ਕਈ ਸਾਲਾਂ ਬਾਅਦ ਮਿਲੇ ਅਤੇ ਕਈਆਂ ਨੇ ਨਵੇਂ ਦੋਸਤ ਵੀ ਬਣਾਏ। ਅੰਤਰਰਾਸ਼ਟਰੀ ਸੰਮੇਲਨਾਂ ਵਿਚ ਇਕ ਖ਼ਾਸ ਪ੍ਰੋਗ੍ਰਾਮ ਪੇਸ਼ ਕੀਤਾ ਗਿਆ ਸੀ ਜਿਸ ਦਾ ਵਿਸ਼ਾ ਸੀ: “ਦੂਸਰੇ ਦੇਸ਼ਾਂ ਤੋਂ ਰਿਪੋਰਟਾਂ।”

[ਡੱਬੀ/ਸਫ਼ੇ 25 ਉੱਤੇ ਤਸਵੀਰ]

ਪਰਮੇਸ਼ੁਰ ਦੀ ਵਡਿਆਈ ਕਰਨ ਵਾਲੀਆਂ ਨਵੀਆਂ ਕਿਤਾਬਾਂ

“ਪਰਮੇਸ਼ੁਰ ਦੀ ਵਡਿਆਈ ਕਰੋ” ਜ਼ਿਲ੍ਹਾ ਸੰਮੇਲਨਾਂ ਵਿਚ ਦੋ ਨਵੇਂ ਪ੍ਰਕਾਸ਼ਨ ਰਿਲੀਸ ਕੀਤੇ ਗਏ ਸਨ। ਚੰਗੀ ਧਰਤੀ ਦੇਖੋ (ਅੰਗ੍ਰੇਜ਼ੀ) ਨਾਮਕ ਬਾਈਬਲ ਐਟਲਸ ਵਿਚ 36 ਸਫ਼ੇ ਹਨ। ਇਸ ਵਿਚ ਉਨ੍ਹਾਂ ਥਾਵਾਂ ਦੇ ਰੰਗੀਨ ਨਕਸ਼ੇ ਅਤੇ ਤਸਵੀਰਾਂ ਹਨ ਜਿਨ੍ਹਾਂ ਦਾ ਜ਼ਿਕਰ ਬਾਈਬਲ ਵਿਚ ਆਉਂਦਾ ਹੈ। ਅੱਸ਼ੂਰ, ਬਾਬਲ, ਮਾਦੀ-ਫ਼ਾਰਸ, ਯੂਨਾਨ ਅਤੇ ਰੋਮ ਦੇ ਸਾਮਰਾਜਾਂ ਦੇ ਪਸਾਰ ਦੇ ਨਕਸ਼ੇ ਵੀ ਦਿੱਤੇ ਹੋਏ ਹਨ। ਇਸ ਤੋਂ ਇਲਾਵਾ, ਕੁਝ ਨਕਸ਼ੇ ਦਿਖਾਉਂਦੇ ਹਨ ਕਿ ਯਿਸੂ ਆਪਣੀ ਸੇਵਕਾਈ ਦੌਰਾਨ ਕਿੱਥੇ-ਕਿੱਥੇ ਗਿਆ ਸੀ ਅਤੇ ਮਸੀਹੀ ਧਰਮ ਦਾ ਕਿੱਥੇ ਤਕ ਪਸਾਰ ਹੋਇਆ ਸੀ।

ਮਹਾਨ ਸਿੱਖਿਅਕ ਤੋਂ ਸਿੱਖੋ (ਅੰਗ੍ਰੇਜ਼ੀ) 256 ਸਫ਼ਿਆਂ ਵਾਲੀ ਕਿਤਾਬ ਹੈ ਜਿਸ ਵਿਚ ਤਕਰੀਬਨ 230 ਤਸਵੀਰਾਂ ਹਨ। ਮਾਪੇ ਆਪਣੇ ਛੋਟੇ ਬੱਚਿਆਂ ਨਾਲ ਬੈਠ ਕੇ ਇਨ੍ਹਾਂ ਤਸਵੀਰਾਂ ਦਾ ਆਨੰਦ ਮਾਣ ਸਕਦੇ ਹਨ ਅਤੇ ਕਿਤਾਬ ਵਿਚ ਦਿੱਤੇ ਗਏ ਸਿੱਖਿਆਦਾਇਕ ਸਵਾਲਾਂ ਉੱਤੇ ਚਰਚਾ ਕਰ ਸਕਦੇ ਹਨ। ਸ਼ਤਾਨ ਸਾਡੇ ਬੱਚਿਆਂ ਨੂੰ ਆਪਣਾ ਨਿਸ਼ਾਨਾ ਬਣਾ ਰਿਹਾ ਹੈ ਅਤੇ ਉਹ ਉਨ੍ਹਾਂ ਦੇ ਨੇਕ ਚਾਲ-ਚਲਣ ਨੂੰ ਵਿਗਾੜਨ ਤੇ ਤੁਲਿਆ ਹੋਇਆ ਹੈ। ਇਹ ਕਿਤਾਬ ਉਸ ਦੇ ਇਸ ਹਮਲੇ ਦਾ ਮੂੰਹ-ਤੋੜ ਜਵਾਬ ਹੈ।

[ਸਫ਼ੇ 23 ਉੱਤੇ ਤਸਵੀਰ]

ਮਿਸ਼ਨਰੀਆਂ ਨੇ ਆਪਣੇ ਸੋਹਣੇ ਤਜਰਬੇ ਸੁਣਾ ਕੇ ਸਾਰਿਆਂ ਦੀ ਨਿਹਚਾ ਮਜ਼ਬੂਤ ਕੀਤੀ

[ਸਫ਼ੇ 24 ਉੱਤੇ ਤਸਵੀਰ]

“ਪਰਮੇਸ਼ੁਰ ਦੀ ਵਡਿਆਈ ਕਰੋ” ਸੰਮੇਲਨਾਂ ਵਿਚ ਕਈਆਂ ਨੇ ਬਪਤਿਸਮਾ ਲਿਆ

[ਸਫ਼ੇ 24 ਉੱਤੇ ਤਸਵੀਰ]

ਨਿਆਣੇ-ਸਿਆਣੇ ਸਾਰਿਆਂ ਨੇ ਡਰਾਮੇ ਦਾ ਆਨੰਦ ਮਾਣਿਆ