Skip to content

Skip to table of contents

ਤੁਸੀਂ ਕਿਸ ਦੇ ਵਾਅਦਿਆਂ ਉੱਤੇ ਭਰੋਸਾ ਰੱਖ ਸਕਦੇ ਹੋ?

ਤੁਸੀਂ ਕਿਸ ਦੇ ਵਾਅਦਿਆਂ ਉੱਤੇ ਭਰੋਸਾ ਰੱਖ ਸਕਦੇ ਹੋ?

ਤੁਸੀਂ ਕਿਸ ਦੇ ਵਾਅਦਿਆਂ ਉੱਤੇ ਭਰੋਸਾ ਰੱਖ ਸਕਦੇ ਹੋ?

“ਉਸ ਵਾਂਗ ਉਸ ਦੇ ਵਾਅਦੇ ਵੀ ਬਹੁਤ ਵੱਡੇ-ਵੱਡੇ ਸਨ; ਪਰ ਉਸ ਵਾਂਗ ਹੀ ਉਸ ਦੇ ਵਾਅਦੇ ਵੀ ਖੋਖਲੇ ਨਿਕਲੇ।”—ਰਾਜਾ ਹੈਨਰੀ ਅੱਠਵਾਂ ਨਾਮਕ ਵਿਲਿਅਮ ਸ਼ੇਕਸਪੀਅਰ ਦਾ ਨਾਟਕ।

ਸ਼ੇਕਸਪੀਅਰ ਨੇ ਜਿਨ੍ਹਾਂ ਵੱਡੇ-ਵੱਡੇ ਵਾਅਦਿਆਂ ਦਾ ਜ਼ਿਕਰ ਕੀਤਾ ਸੀ, ਉਹ ਅੰਗ੍ਰੇਜ਼ ਪ੍ਰਧਾਨ ਪਾਦਰੀ ਟੌਮਸ ਵੁਲਜ਼ੀ ਨੇ ਕੀਤੇ ਸਨ। ਇਹ ਪਾਦਰੀ 16ਵੀਂ ਸਦੀ ਦੌਰਾਨ ਇੰਗਲੈਂਡ ਵਿਚ ਰਾਜਨੀਤਿਕ ਤੌਰ ਤੇ ਬਹੁਤ ਤਾਕਤਵਰ ਸੀ। ਕੁਝ ਲੋਕ ਕਹਿਣਗੇ ਕਿ ਸ਼ੇਕਸਪੀਅਰ ਦੀ ਇਹ ਗੱਲ ਅੱਜ ਕੀਤੇ ਜਾਂਦੇ ਬਹੁਤ ਸਾਰੇ ਵਾਅਦਿਆਂ ਬਾਰੇ ਵੀ ਸੱਚ ਹੈ। ਨੇਤਾ ਅਕਸਰ ਲੋਕਾਂ ਨਾਲ ਬਹੁਤ ਸਾਰੇ ਵਾਅਦੇ ਕਰਦੇ ਹਨ, ਪਰ ਬਹੁਤ ਹੀ ਘੱਟ ਵਾਅਦੇ ਪੂਰੇ ਕੀਤੇ ਜਾਂਦੇ ਹਨ। ਇਸ ਕਰਕੇ ਅਸੀਂ ਸਮਝ ਸਕਦੇ ਹਾਂ ਕਿ ਅੱਜ-ਕੱਲ੍ਹ ਜ਼ਿਆਦਾਤਰ ਲੋਕ ਕਿਸੇ ਵੀ ਵਾਅਦੇ ਉੱਤੇ ਭਰੋਸਾ ਕਿਉਂ ਨਹੀਂ ਰੱਖਦੇ।

ਨਿਰਾਸ਼ਾ ਤੋਂ ਸਿਵਾਇ ਹੋਰ ਕੁਝ ਨਹੀਂ

ਬੋਸਨੀਆ ਦੇ ਸ਼ਹਿਰ ਸ੍ਰੀਬ੍ਰਨੀਤਸਾ ਦੀ ਹੀ ਮਿਸਾਲ ਲੈ ਲਓ। ਬਾਲਕਨ ਦੇਸ਼ਾਂ ਵਿਚ 1990 ਦੇ ਦਹਾਕੇ ਦੌਰਾਨ ਹੋਈ ਭਿਆਨਕ ਲੜਾਈ ਦੌਰਾਨ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਨੇ ਇਸ ਸ਼ਹਿਰ ਨੂੰ “ਸੁਰੱਖਿਅਤ ਇਲਾਕਾ” ਐਲਾਨਿਆ ਸੀ। ਲੋਕਾਂ ਨੇ ਸੰਯੁਕਤ ਰਾਸ਼ਟਰ ਦੇ ਮੈਂਬਰ ਦੇਸ਼ਾਂ ਦੀ ਇਸ ਗੱਲ ਤੇ ਭਰੋਸਾ ਕੀਤਾ, ਖ਼ਾਸ ਕਰਕੇ ਸ੍ਰੀਬ੍ਰਨੀਤਸਾ ਦੇ ਮੁਸਲਮਾਨ ਸ਼ਰਨਾਰਥੀਆਂ ਨੇ। ਪਰ ਇਸ ਸ਼ਹਿਰ ਨੂੰ ਸੁਰੱਖਿਅਤ ਰੱਖਣ ਦਾ ਇਹ ਵਾਅਦਾ ਬਿਲਕੁਲ ਖੋਖਲਾ ਨਿਕਲਿਆ। (ਜ਼ਬੂਰਾਂ ਦੀ ਪੋਥੀ 146:3) ਜੁਲਾਈ 1995 ਵਿਚ ਹਮਲਾਵਰ ਫ਼ੌਜਾਂ ਨੇ ਸੰਯੁਕਤ ਰਾਸ਼ਟਰ ਦੀਆਂ ਫ਼ੌਜਾਂ ਨੂੰ ਪਛਾੜ ਕੇ ਇਸ ਸ਼ਹਿਰ ਉੱਤੇ ਕਬਜ਼ਾ ਕਰ ਲਿਆ। ਛੇ ਹਜ਼ਾਰ ਤੋਂ ਜ਼ਿਆਦਾ ਮੁਸਲਮਾਨ ਗਾਇਬ ਹੋ ਗਏ ਅਤੇ ਤਕਰੀਬਨ 1,200 ਮੁਸਲਮਾਨਾਂ ਨੂੰ ਮਾਰ ਦਿੱਤਾ ਗਿਆ।

ਅੱਜ ਜ਼ਿੰਦਗੀ ਦਾ ਹਰ ਪਹਿਲੂ ਟੁੱਟੇ ਵਾਅਦਿਆਂ ਨਾਲ ਭਰਿਆ ਹੋਇਆ ਹੈ। ਲੋਕ ਮਹਿਸੂਸ ਕਰਦੇ ਹਨ ਕਿ “ਬਹੁਤ ਸਾਰੀ ਝੂਠੀ ਅਤੇ ਕੁਰਾਹੇ ਪਾਉਣ ਵਾਲੀ ਇਸ਼ਤਿਹਾਰਬਾਜ਼ੀ” ਰਾਹੀਂ ਉਨ੍ਹਾਂ ਨੂੰ ਧੋਖਾ ਦਿੱਤਾ ਗਿਆ ਹੈ। ਉਹ “ਅਣਗਿਣਤ ਰਾਜਨੀਤਿਕ ਆਗੂਆਂ ਦੇ ਫੋਕੇ ਵਾਅਦਿਆਂ” ਤੋਂ ਵੀ ਨਿਰਾਸ਼ ਹੋ ਚੁੱਕੇ ਹਨ। (ਦ ਨਿਊ ਐਨਸਾਈਕਲੋਪੀਡੀਆ ਬ੍ਰਿਟੈਨਿਕਾ, ਜਿਲਦ 15, ਸਫ਼ਾ 37) ਧਾਰਮਿਕ ਆਗੂ ਲੋਕਾਂ ਦੀ ਦੇਖ-ਭਾਲ ਕਰਨ ਦਾ ਵਾਅਦਾ ਤਾਂ ਕਰਦੇ ਹਨ, ਪਰ ਉਹ ਉਨ੍ਹਾਂ ਨਾਲ ਬਹੁਤ ਹੀ ਘਟੀਆ ਤਰੀਕੇ ਨਾਲ ਸਲੂਕ ਕਰ ਕੇ ਉਨ੍ਹਾਂ ਦੇ ਵਿਸ਼ਵਾਸ ਦਾ ਗਲਾ ਘੁੱਟ ਦਿੰਦੇ ਹਨ। ਲੋਕ ਅਕਸਰ ਅਧਿਆਪਕਾਂ ਅਤੇ ਡਾਕਟਰਾਂ ਨੂੰ ਦਇਆ ਅਤੇ ਭਲਾਈ ਦੀ ਮੂਰਤ ਸਮਝਦੇ ਹਨ। ਪਰ ਇਨ੍ਹਾਂ ਖੇਤਰਾਂ ਵਿਚ ਵੀ ਕੁਝ ਲੋਕਾਂ ਨੇ ਦੂਸਰਿਆਂ ਦੇ ਭਰੋਸੇ ਨੂੰ ਤੋੜ ਕੇ ਲੋਕਾਂ ਦਾ ਫ਼ਾਇਦਾ ਉਠਾਇਆ ਹੈ ਜਾਂ ਫਿਰ ਉਨ੍ਹਾਂ ਦਾ ਕਤਲ ਕੀਤਾ ਹੈ। ਇਸੇ ਕਰਕੇ ਬਾਈਬਲ ਸਾਨੂੰ ਚੇਤਾਵਨੀ ਦਿੰਦੀ ਹੈ ਕਿ ਅਸੀਂ ਹਰ ਗੱਲ ਉੱਤੇ ਵਿਸ਼ਵਾਸ ਨਾ ਕਰੀਏ।—ਕਹਾਉਤਾਂ 14:15.

ਵਾਅਦੇ ਜੋ ਪੂਰੇ ਕੀਤੇ ਜਾਣਗੇ

ਇਹ ਸੱਚ ਹੈ ਕਿ ਬਹੁਤ ਸਾਰੇ ਲੋਕ ਆਪਣੇ ਵਾਅਦੇ ਪੂਰੇ ਕਰਦੇ ਹਨ, ਭਾਵੇਂ ਕਈ ਵਾਰ ਉਨ੍ਹਾਂ ਨੂੰ ਘਾਟਾ ਵੀ ਸਹਿਣਾ ਪੈਂਦਾ ਹੈ। (ਜ਼ਬੂਰਾਂ ਦੀ ਪੋਥੀ 15:4) ਉਨ੍ਹਾਂ ਦਾ ਵਚਨ ਹੀ ਉਨ੍ਹਾਂ ਦੀ ਗਾਰੰਟੀ ਹੁੰਦਾ ਹੈ ਅਤੇ ਉਹ ਇਸ ਨੂੰ ਪੂਰਾ ਕਰਦੇ ਹਨ। ਕਈ ਲੋਕ ਆਪਣੇ ਵਾਅਦਿਆਂ ਨੂੰ ਨਿਭਾਉਣਾ ਤਾਂ ਚਾਹੁੰਦੇ ਹਨ ਅਤੇ ਉਹ ਆਪਣੇ ਵਾਅਦੇ ਨਿਭਾਉਣ ਲਈ ਕੁਝ ਵੀ ਕਰਨ ਨੂੰ ਤਿਆਰ ਹੁੰਦੇ ਹਨ, ਪਰ ਉਹ ਨਿਭਾ ਨਹੀਂ ਪਾਉਂਦੇ। ਹਾਲਾਤ ਨੇਕ ਤੋਂ ਨੇਕ ਇਰਾਦਿਆਂ ਉੱਤੇ ਪਾਣੀ ਫੇਰ ਸਕਦੇ ਹਨ।—ਉਪਦੇਸ਼ਕ ਦੀ ਪੋਥੀ 9:11.

ਕਾਰਨ ਜੋ ਵੀ ਹੋਵੇ, ਪਰ ਹਕੀਕਤ ਇਹ ਹੈ ਕਿ ਬਹੁਤ ਸਾਰੇ ਲੋਕਾਂ ਲਈ ਕਿਸੇ ਦੇ ਵੀ ਵਾਅਦੇ ਉੱਤੇ ਭਰੋਸਾ ਕਰਨਾ ਮੁਸ਼ਕਲ ਹੋ ਗਿਆ ਹੈ। ਇਸ ਲਈ ਇਹ ਸਵਾਲ ਖੜ੍ਹਾ ਹੁੰਦਾ ਹੈ: ਕੀ ਕੋਈ ਹੈ ਜਿਸ ਦੇ ਵਾਅਦਿਆਂ ਉੱਤੇ ਅਸੀਂ ਭਰੋਸਾ ਰੱਖ ਸਕਦੇ ਹਾਂ? ਜੀ ਹਾਂ, ਅਸੀਂ ਉਨ੍ਹਾਂ ਵਾਅਦਿਆਂ ਉੱਤੇ ਭਰੋਸਾ ਰੱਖ ਸਕਦੇ ਹਾਂ ਜੋ ਪਰਮੇਸ਼ੁਰ ਦੇ ਬਚਨ ਬਾਈਬਲ ਵਿਚ ਦਰਜ ਹਨ। ਕਿਉਂ ਨਾ ਤੁਸੀਂ ਇਸ ਸੰਬੰਧੀ ਅਗਲਾ ਲੇਖ ਪੜ੍ਹੋ। ਲੱਖਾਂ ਲੋਕਾਂ ਵਾਂਗ ਤੁਹਾਨੂੰ ਵੀ ਸ਼ਾਇਦ ਯਕੀਨ ਹੋ ਜਾਵੇ ਕਿ ਅਸੀਂ ਪਰਮੇਸ਼ੁਰ ਦੇ ਵਾਅਦਿਆਂ ਉੱਤੇ ਭਰੋਸਾ ਰੱਖ ਸਕਦੇ ਹਾਂ।

[ਸਫ਼ੇ 3 ਉੱਤੇ ਤਸਵੀਰ]

AP Photo/Amel Emric