ਪਾਠਕਾਂ ਵੱਲੋਂ ਸਵਾਲ
ਪਾਠਕਾਂ ਵੱਲੋਂ ਸਵਾਲ
ਉਤਪਤ 38:15, 16 ਅਨੁਸਾਰ, ਯਹੂਦਾਹ ਨੇ ਕਿਨ੍ਹਾਂ ਹਾਲਾਤਾਂ ਵਿਚ ਉਸ ਤੀਵੀਂ ਨਾਲ ਸਰੀਰਕ ਸੰਬੰਧ ਕਾਇਮ ਕੀਤੇ ਜਿਸ ਨੂੰ ਉਹ ਕੰਜਰੀ ਸਮਝਦਾ ਸੀ?
ਇਹ ਸੱਚ ਹੈ ਕਿ ਯਹੂਦਾਹ ਨੇ ਇਕ ਤੀਵੀਂ ਨੂੰ ਕੰਜਰੀ ਸਮਝ ਕੇ ਉਸ ਨਾਲ ਸਰੀਰਕ ਸੰਬੰਧ ਕਾਇਮ ਕੀਤੇ ਸਨ, ਪਰ ਉਹ ਅਸਲ ਵਿਚ ਕੰਜਰੀ ਨਹੀਂ ਸੀ। ਆਓ ਆਪਾਂ ਉਤਪਤ ਦੇ 38ਵੇਂ ਅਧਿਆਇ ਵਿੱਚੋਂ ਦੇਖੀਏ ਕਿ ਉਦੋਂ ਅਸਲ ਵਿਚ ਕੀ ਹੋਇਆ ਸੀ।
ਯਹੂਦਾਹ ਦਾ ਪਲੌਠਾ ਪੁੱਤਰ ਤਾਮਾਰ ਨਾਂ ਦੀ ਤੀਵੀਂ ਨਾਲ ਵਿਆਹਿਆ ਹੋਇਆ ਸੀ, ਪਰ ਉਹ ਬੱਚੇ ਜੰਮਣ ਤੋਂ ਪਹਿਲਾਂ ਹੀ ਮਾਰਿਆ ਗਿਆ ਕਿਉਂਕਿ ਉਹ “ਯਹੋਵਾਹ ਦੀਆਂ ਅੱਖਾਂ ਵਿੱਚ ਬਦ ਸੀ।” (ਉਤਪਤ 38:7) ਉਨ੍ਹੀਂ ਦਿਨੀਂ ਇਸਰਾਏਲੀਆਂ ਵਿਚ ਚਾਦਰ ਪਾਉਣ ਦੀ ਰੀਤ ਪ੍ਰਚਲਿਤ ਸੀ। ਇਸ ਰੀਤ ਅਨੁਸਾਰ ਜਦੋਂ ਇਕ ਆਦਮੀ ਬੇਔਲਾਦ ਮਰਦਾ ਸੀ, ਤਾਂ ਉਸ ਦੇ ਭਰਾ ਨੇ ਉਸ ਦੀ ਵਿਧਵਾ ਨੂੰ ਵਿਆਹ ਕੇ ਆਪਣੇ ਭਰਾ ਲਈ ਵਾਰਸ ਪੈਦਾ ਕਰਨਾ ਸੀ। ਪਰ ਯਹੂਦਾਹ ਦੇ ਦੂਜੇ ਪੁੱਤਰ ਓਨਾਨ ਨੇ ਆਪਣਾ ਇਹ ਫ਼ਰਜ਼ ਪੂਰਾ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਲਈ ਰੱਬੀ ਮਾਰ ਪੈਣ ਕਰਕੇ ਉਹ ਮਰ ਗਿਆ। ਇਸ ਤੋਂ ਬਾਅਦ, ਯਹੂਦਾਹ ਨੇ ਆਪਣੀ ਨੂੰਹ ਤਾਮਾਰ ਨੂੰ ਇਹ ਕਹਿ ਕੇ ਉਸ ਦੇ ਮਾਪੀਂ ਭੇਜ ਦਿੱਤਾ ਕਿ ਜਦੋਂ ਯਹੂਦਾਹ ਦਾ ਤੀਜਾ ਪੁੱਤਰ ਸ਼ੇਲਾਹ ਵੱਡਾ ਹੋ ਜਾਵੇਗਾ, ਤਾਂ ਉਹ ਉਸ ਨਾਲ ਤਾਮਾਰ ਦਾ ਵਿਆਹ ਕਰਾ ਦੇਵੇਗਾ। ਕਈ ਸਾਲ ਬੀਤ ਗਏ ਅਤੇ ਸ਼ੇਲਾਹ ਵੱਡਾ ਹੋ ਗਿਆ। ਪਰ ਯਹੂਦਾਹ ਨੇ ਉਸ ਦਾ ਵਿਆਹ ਤਾਮਾਰ ਨਾਲ ਨਾ ਕਰਾਇਆ। ਇਸ ਲਈ, ਯਹੂਦਾਹ ਦੀ ਪਤਨੀ ਦੀ ਮੌਤ ਹੋਣ ਮਗਰੋਂ, ਤਾਮਾਰ ਨੇ ਆਪਣੇ ਇਸਰਾਏਲੀ ਸਹੁਰੇ ਯਹੂਦਾਹ ਤੋਂ ਇਕ ਸੰਤਾਨ ਪੈਦਾ ਕਰਨ ਦੀ ਵਿਓਂਤ ਘੜੀ। ਉਸ ਨੇ ਕੰਜਰੀ ਦਾ ਭੇਸ ਧਾਰ ਲਿਆ ਅਤੇ ਉਸ ਰਾਹ ਉੱਤੇ ਬੈਠ ਗਈ ਜਿੱਥੋਂ ਉਹ ਜਾਣਦੀ ਸੀ ਕਿ ਯਹੂਦਾਹ ਨੇ ਲੰਘਣਾ ਸੀ।
ਯਹੂਦਾਹ ਨੇ ਤਾਮਾਰ ਦੀ ਅਸਲੀਅਤ ਨੂੰ ਨਾ ਪਛਾਣਦੇ ਹੋਏ ਉਸ ਨਾਲ ਸਰੀਰਕ ਸੰਬੰਧ ਬਣਾਏ। ਇਸ ਦੇ ਬਦਲੇ ਤਾਮਾਰ ਨੇ ਬੜੀ ਚਤੁਰਾਈ ਨਾਲ ਯਹੂਦਾਹ ਤੋਂ ਕਈ ਚੀਜ਼ਾਂ ਜਾਮਨੀ ਵਜੋਂ ਲੈ ਲਈਆਂ ਅਤੇ ਇਨ੍ਹਾਂ ਦੀ ਮਦਦ ਨਾਲ ਉਸ ਨੇ ਬਾਅਦ ਵਿਚ ਇਹ ਸਾਬਤ ਕੀਤਾ ਕਿ ਉਸ ਦੇ ਗਰਭ ਵਿਚ ਪਲ ਰਿਹਾ ਬੱਚਾ ਯਹੂਦਾਹ ਦਾ ਹੀ ਸੀ। ਜਦੋਂ ਸੱਚਾਈ ਸਾਮ੍ਹਣੇ ਆਈ, ਤਾਂ ਯਹੂਦਾਹ ਨੇ ਤਾਮਾਰ ਨੂੰ ਦੋਸ਼ੀ ਕਰਾਰ ਦੇਣ ਦੀ ਬਜਾਇ ਇਹ ਕਹਿ ਕੇ ਆਪਣੀ ਗ਼ਲਤੀ ਕਬੂਲ ਕੀਤੀ: “ਉਹ ਮੈਥੋਂ ਧਰਮੀ ਹੈ ਕਿਉਂਜੋ ਮੈਂ ਉਸ ਨੂੰ ਆਪਣੇ ਪੁੱਤ੍ਰ ਸ਼ੇਲਾਹ ਨੂੰ ਨਹੀਂ ਦਿੱਤਾ।” ਬਾਈਬਲ ਅੱਗੇ ਦੱਸਦੀ ਹੈ ਕਿ ਉਸ ਨੇ ਫਿਰ ਦੁਬਾਰਾ ਤਾਮਾਰ ਨਾਲ ‘ਸੰਗ ਨਹੀਂ ਕੀਤਾ’।—ਉਤਪਤ 38:26.
ਯਹੂਦਾਹ ਨੇ ਆਪਣੇ ਪੁੱਤਰ ਸ਼ੇਲਾਹ ਦਾ ਵਿਆਹ ਤਾਮਾਰ ਨਾਲ ਕਰਾਉਣ ਦਾ ਵਾਅਦਾ ਕੀਤਾ ਸੀ। ਉਸ ਨੇ ਆਪਣਾ ਵਾਅਦਾ ਪੂਰਾ ਨਾ ਕਰ ਕੇ ਬਹੁਤ ਗ਼ਲਤ ਕੀਤਾ। ਇਸ ਤੋਂ ਇਲਾਵਾ, ਉਸ ਨੇ ਇਕ ਤੀਵੀਂ ਨਾਲ ਸਰੀਰਕ ਸੰਬੰਧ ਬਣਾਏ ਜਿਸ ਨੂੰ ਉਹ ਕੰਜਰੀ ਸਮਝਦਾ ਸੀ। ਇਹ ਪਰਮੇਸ਼ੁਰ ਦੇ ਅਸੂਲ ਦੇ ਖ਼ਿਲਾਫ਼ ਸੀ ਕਿਉਂਕਿ ਯਹੋਵਾਹ ਦੇ ਮਕਸਦ ਅਨੁਸਾਰ ਸਿਰਫ਼ ਪਤੀ-ਪਤਨੀ ਨੂੰ ਹੀ ਸਰੀਰਕ ਸੰਬੰਧ ਰੱਖਣੇ ਚਾਹੀਦੇ ਸਨ। (ਉਤਪਤ 2:24) ਪਰ ਹਕੀਕਤ ਤਾਂ ਇਹ ਹੈ ਕਿ ਯਹੂਦਾਹ ਨੇ ਕਿਸੇ ਕੰਜਰੀ ਨਾਲ ਸਹਿਵਾਸ ਨਹੀਂ ਕੀਤਾ, ਸਗੋਂ ਉਸ ਨੇ ਅਣਜਾਣੇ ਵਿਚ ਆਪਣੇ ਪੁੱਤਰ ਸ਼ੇਲਾਹ ਦੀ ਥਾਂ ਲੈ ਕੇ ਤਾਮਾਰ ਉੱਤੇ ਚਾਦਰ ਪਾਈ ਸੀ। ਇਸ ਤਰ੍ਹਾਂ, ਤਾਮਾਰ ਦੇ ਜੋ ਪੁੱਤਰ ਜੰਮਿਆ, ਉਹ ਯਹੂਦਾਹ ਦਾ ਕਾਨੂੰਨੀ ਵਾਰਸ ਬਣਿਆ।
ਤਾਮਾਰ ਨੇ ਵੀ ਕੋਈ ਅਨੈਤਿਕ ਕੰਮ ਨਹੀਂ ਕੀਤਾ ਸੀ। ਉਸ ਦੇ ਜੌੜੇ ਪੁੱਤਰਾਂ ਨੂੰ ਵਿਭਚਾਰ ਦੇ ਪੁੱਤਰ ਨਹੀਂ ਕਿਹਾ ਗਿਆ। ਸਾਲਾਂ ਬਾਅਦ ਜਦੋਂ ਬੈਤਲਹਮ ਦੇ ਰਹਿਣ ਵਾਲੇ ਬੋਅਜ਼ ਨਾਂ ਦੇ ਆਦਮੀ ਨੇ ਮੋਆਬਣ ਰੂਥ ਉੱਤੇ ਚਾਦਰ ਪਾਈ, ਤਾਂ ਉਦੋਂ ਬੈਤਲਹਮ ਦੇ ਬਜ਼ੁਰਗਾਂ ਨੇ ਤਾਮਾਰ ਦੇ ਪੁੱਤਰ ਫਾਰਸ ਦੀ ਸਿਫ਼ਤ ਕਰਦੇ ਹੋਏ ਬੋਅਜ਼ ਨੂੰ ਕਿਹਾ ਸੀ: “ਤੇਰਾ ਟੱਬਰ ਜੋ ਯਹੋਵਾਹ ਤੈਨੂੰ ਇਸ ਛੋਕਰੀ ਕੋਲੋਂ ਦੇਵੇਗਾ ਫਾਰਸ ਦੇ ਟੱਬਰ ਵਰਗਾ ਹੋਵੇ ਜਿਹ ਨੂੰ ਤਾਮਾਰ ਯਹੂਦਾਹ ਦੇ ਲਈ ਜਣੀ।” (ਰੂਥ 4:12) ਬਾਅਦ ਵਿਚ, ਫਾਰਸ ਦਾ ਨਾਂ ਯਿਸੂ ਮਸੀਹ ਦੇ ਵੱਡ-ਵਡੇਰਿਆਂ ਦੀ ਸੂਚੀ ਵਿਚ ਵੀ ਸ਼ਾਮਲ ਕੀਤਾ ਗਿਆ ਸੀ।—ਮੱਤੀ 1:1-3; ਲੂਕਾ 3:23-33.