Skip to content

Skip to table of contents

ਯਹੋਵਾਹ ਦੀ ਮਹਾਨਤਾ ਅਸੀਮ ਹੈ

ਯਹੋਵਾਹ ਦੀ ਮਹਾਨਤਾ ਅਸੀਮ ਹੈ

ਯਹੋਵਾਹ ਦੀ ਮਹਾਨਤਾ ਅਸੀਮ ਹੈ

“ਯਹੋਵਾਹ ਮਹਾਨ ਹੈ, ਅਤੇ ਅੱਤ ਉਸਤਤ ਜੋਗ ਹੈ, ਅਤੇ ਉਹ ਦੀ ਮਹਾਨਤਾ ਅਗੰਮ ਹੈ।”—ਜ਼ਬੂਰਾਂ ਦੀ ਪੋਥੀ 145:3.

1, 2. ਦਾਊਦ ਕਿਸ ਤਰ੍ਹਾਂ ਦਾ ਇਨਸਾਨ ਸੀ ਅਤੇ ਉਹ ਪਰਮੇਸ਼ੁਰ ਦੀ ਤੁਲਨਾ ਵਿਚ ਆਪਣੇ ਆਪ ਨੂੰ ਕਿਵੇਂ ਸਮਝਦਾ ਸੀ?

ਜ਼ਬੂਰ 145 ਦਾ ਲਿਖਾਰੀ ਦਾਊਦ, ਪ੍ਰਾਚੀਨ ਇਸਰਾਏਲ ਦਾ ਦੂਜਾ ਰਾਜਾ ਸੀ। ਉਸ ਨੇ ਛੋਟੀ ਉਮਰ ਵਿਚ ਹੀ ਇਕ ਹਥਿਆਰਬੰਦ ਦੈਂਤ ਦਾ ਸਾਮ੍ਹਣਾ ਕਰ ਕੇ ਉਸ ਨੂੰ ਮਾਰ ਦਿੱਤਾ ਸੀ। ਇਕ ਯੋਧਾ ਰਾਜਾ ਹੋਣ ਦੇ ਨਾਤੇ, ਉਸ ਨੇ ਆਪਣੇ ਬਹੁਤ ਸਾਰੇ ਦੁਸ਼ਮਣਾਂ ਨੂੰ ਹਾਰ ਦਾ ਮੂੰਹ ਦਿਖਾਇਆ। ਉਸ ਦੇ ਮਰਨ ਤੋਂ ਬਾਅਦ ਵੀ ਲੋਕ ਉਸ ਨੂੰ ਯਾਦ ਕਰਦੇ ਸਨ। ਅੱਜ ਵੀ ਕਈ ਲੋਕ ਉਸ ਬਾਰੇ ਕੁਝ ਹੱਦ ਤਕ ਜਾਣਦੇ ਹਨ।

2 ਇੰਨੀਆਂ ਕਾਮਯਾਬੀਆਂ ਹਾਸਲ ਕਰਨ ਦੇ ਬਾਵਜੂਦ, ਦਾਊਦ ਨਿਮਰ ਸੁਭਾਅ ਦਾ ਇਨਸਾਨ ਸੀ। ਯਹੋਵਾਹ ਬਾਰੇ ਉਸ ਨੇ ਗਾਇਆ: “ਜਦ ਮੈਂ ਤੇਰੇ ਅਕਾਸ਼ ਨੂੰ ਵੇਖਦਾ ਹਾਂ, ਜਿਹੜਾ ਤੇਰੀ ਦਸਤਕਾਰੀ ਹੈ, ਨਾਲੇ ਚੰਦ ਅਰ ਤਾਰਿਆਂ ਨੂੰ ਜਿਹੜੇ ਤੈਂ ਕਾਇਮ ਕੀਤੇ ਹਨ, ਤਾਂ ਇਨਸਾਨ ਕੀ ਹੈ, ਜੋ ਤੂੰ ਉਸ ਨੂੰ ਚੇਤੇ ਵਿੱਚ ਲਿਆਵੇਂ, ਅਤੇ ਆਦਮੀ ਜਾਇਆ ਕੀ, ਜੋ ਤੂੰ ਉਸ ਦੀ ਸੁੱਧ ਲਵੇਂ?” (ਜ਼ਬੂਰਾਂ ਦੀ ਪੋਥੀ 8:3, 4) ਆਪਣੇ ਆਪ ਨੂੰ ਮਹਾਨ ਸਮਝਣ ਦੀ ਬਜਾਇ, ਦਾਊਦ ਨੇ ਆਪਣੇ ਸਾਰੇ ਦੁਸ਼ਮਣਾਂ ਤੋਂ ਆਪਣੇ ਬਚਾਅ ਦਾ ਸਿਹਰਾ ਯਹੋਵਾਹ ਨੂੰ ਦਿੱਤਾ ਤੇ ਉਸ ਬਾਰੇ ਕਿਹਾ: “ਤੈਂ ਆਪਣੇ ਬਚਾਓ ਦੀ ਢਾਲ ਮੈਨੂੰ ਦਿੱਤੀ ਹੈ, ਅਤੇ ਤੇਰੀ ਨਰਮਾਈ ਨੇ ਮੈਨੂੰ ਵਡਿਆਇਆ ਹੈ।” (2 ਸਮੂਏਲ 22:1, 2, 36) ਯਹੋਵਾਹ ਪਾਪੀਆਂ ਤੇ ਦਇਆ ਕਰ ਕੇ ਆਪਣੀ ਨਿਮਰਤਾ ਦਾ ਸਬੂਤ ਦਿੰਦਾ ਹੈ। ਦਾਊਦ ਵੀ ਪਰਮੇਸ਼ੁਰ ਦੀ ਮਿਹਰ ਹਾਸਲ ਕਰ ਕੇ ਉਸ ਦਾ ਬਹੁਤ ਸ਼ੁਕਰਗੁਜ਼ਾਰ ਸੀ।

‘ਮੈਂ ਆਪਣੇ ਪਰਮੇਸ਼ੁਰ ਤੇ ਪਾਤਸ਼ਾਹ ਨੂੰ ਸਲਾਹਾਂਗਾ’

3. (ੳ) ਆਪਣੀ ਪਾਤਸ਼ਾਹੀ ਬਾਰੇ ਦਾਊਦ ਦਾ ਕੀ ਨਜ਼ਰੀਆ ਸੀ? (ਅ) ਦਾਊਦ ਕਿਸ ਹੱਦ ਤਕ ਯਹੋਵਾਹ ਦੀ ਉਸਤਤ ਕਰਨੀ ਚਾਹੁੰਦਾ ਸੀ?

3 ਹਾਲਾਂਕਿ ਦਾਊਦ ਨੂੰ ਪਰਮੇਸ਼ੁਰ ਨੇ ਰਾਜਾ ਠਹਿਰਾਇਆ ਸੀ, ਪਰ ਦਾਊਦ ਯਹੋਵਾਹ ਨੂੰ ਇਸਰਾਏਲ ਦਾ ਅਸਲੀ ਪਾਤਸ਼ਾਹ ਸਮਝਦਾ ਸੀ। ਦਾਊਦ ਨੇ ਕਿਹਾ: “ਹੇ ਯਹੋਵਾਹ, ਰਾਜ ਤੇਰਾ ਹੀ ਹੈ, ਤੂੰ ਸਭਨਾਂ ਦੇ ਸਿਰ ਉੱਤੇ ਅੱਤ ਉਚੇ ਤੋਂ ਉੱਚਾ ਹੈਂ।” (1 ਇਤਹਾਸ 29:11) ਦਾਊਦ ਸੱਚ-ਮੁੱਚ ਪਰਮੇਸ਼ੁਰ ਨੂੰ ਆਪਣਾ ਹਾਕਮ ਮੰਨਦਾ ਸੀ। ਉਸ ਨੇ ਗਾਇਆ: “ਹੇ ਮੇਰੇ ਪਰਮੇਸ਼ੁਰ, ਹੇ ਪਾਤਸ਼ਾਹ, ਮੈਂ ਤੈਨੂੰ ਸਲਾਹਾਂਗਾ, ਤੇਰੇ ਨਾਮ ਨੂੰ ਜੁੱਗੋ ਜੁੱਗ ਮੁਬਾਰਕ ਆਖਾਂਗਾ! ਮੈਂ ਤੈਨੂੰ ਦਿਨੋ ਦਿਨ ਮੁਬਾਰਕ ਆਖਾਂਗਾ, ਅਤੇ ਜੁੱਗੋ ਜੁੱਗ ਤੇਰੇ ਨਾਮ ਦੀ ਉਸਤਤ ਕਰਾਂਗਾ!” (ਜ਼ਬੂਰਾਂ ਦੀ ਪੋਥੀ 145:1, 2) ਦਾਊਦ ਹਰ ਰੋਜ਼ ਅਤੇ ਹਮੇਸ਼ਾ ਲਈ ਯਹੋਵਾਹ ਪਰਮੇਸ਼ੁਰ ਦੀ ਉਸਤਤ ਕਰਨੀ ਚਾਹੁੰਦਾ ਸੀ।

4. ਜ਼ਬੂਰ 145 ਕਿਹੜੇ ਝੂਠੇ ਦਾਅਵਿਆਂ ਦਾ ਪਰਦਾਫ਼ਾਸ਼ ਕਰਦਾ ਹੈ?

4 ਸ਼ਤਾਨ ਦਾਅਵਾ ਕਰਦਾ ਹੈ ਕਿ ਪਰਮੇਸ਼ੁਰ ਸੁਆਰਥੀ ਹਾਕਮ ਹੈ ਜੋ ਆਪਣੇ ਲੋਕਾਂ ਉੱਤੇ ਕਈ ਪਾਬੰਦੀਆਂ ਲਾਉਂਦਾ ਹੈ। (ਉਤਪਤ 3:1-5) ਜ਼ਬੂਰ 145 ਸ਼ਤਾਨ ਦੇ ਇਸ ਝੂਠੇ ਦਾਅਵੇ ਦਾ ਜ਼ਬਰਦਸਤ ਜਵਾਬ ਦਿੰਦਾ ਹੈ। ਇਹ ਜ਼ਬੂਰ ਸ਼ਤਾਨ ਦੇ ਇਸ ਝੂਠ ਦਾ ਵੀ ਪਰਦਾਫ਼ਾਸ਼ ਕਰਦਾ ਹੈ ਕਿ ਲੋਕ ਪਰਮੇਸ਼ੁਰ ਦਾ ਕਹਿਣਾ ਪਿਆਰ ਕਰਕੇ ਨਹੀਂ, ਬਲਕਿ ਆਪਣੇ ਸੁਆਰਥ ਕਰਕੇ ਮੰਨਦੇ ਹਨ। (ਅੱਯੂਬ 1:9-11; 2:4, 5) ਦਾਊਦ ਵਾਂਗ ਅੱਜ ਸੱਚੇ ਮਸੀਹੀ ਵੀ ਸ਼ਤਾਨ ਦੇ ਝੂਠੇ ਇਲਜ਼ਾਮਾਂ ਦਾ ਜਵਾਬ ਦੇ ਰਹੇ ਹਨ। ਉਹ ਪਰਮੇਸ਼ੁਰ ਦੀ ਹਕੂਮਤ ਅਧੀਨ ਸਦਾ ਦੀ ਜ਼ਿੰਦਗੀ ਦੀ ਆਪਣੀ ਉਮੀਦ ਨੂੰ ਬਹੁਤ ਕੀਮਤੀ ਸਮਝਦੇ ਹਨ ਕਿਉਂਕਿ ਉਹ ਹਮੇਸ਼ਾ-ਹਮੇਸ਼ਾ ਲਈ ਯਹੋਵਾਹ ਦੀ ਉਸਤਤ ਕਰਨੀ ਚਾਹੁੰਦੇ ਹਨ। ਅੱਜ ਲੱਖਾਂ ਹੀ ਲੋਕ ਯਹੋਵਾਹ ਦੀ ਉਸਤਤ ਕਰ ਰਹੇ ਹਨ। ਉਹ ਯਿਸੂ ਦੀ ਕੁਰਬਾਨੀ ਵਿਚ ਨਿਹਚਾ ਕਰਦੇ ਹਨ ਅਤੇ ਯਹੋਵਾਹ ਨਾਲ ਆਪਣੇ ਪਿਆਰ ਦੀ ਖ਼ਾਤਰ ਉਸ ਦੀ ਸੇਵਾ ਕਰਦੇ ਹਨ।—ਰੋਮੀਆਂ 5:8; 1 ਯੂਹੰਨਾ 5:3.

5, 6. ਯਹੋਵਾਹ ਨੂੰ ਮੁਬਾਰਕ ਆਖਣ ਅਤੇ ਉਸ ਦੀ ਉਸਤਤ ਕਰਨ ਦੇ ਸਾਡੇ ਕੋਲ ਕਿਹੜੇ ਮੌਕੇ ਹਨ?

5 ਯਹੋਵਾਹ ਦੇ ਸੇਵਕ ਹੋਣ ਦੇ ਨਾਤੇ, ਅਜਿਹੇ ਮੌਕਿਆਂ ਬਾਰੇ ਸੋਚੋ ਜਿਨ੍ਹਾਂ ਦੁਆਰਾ ਅਸੀਂ ਯਹੋਵਾਹ ਦੀ ਉਸਤਤ ਕਰ ਸਕਦੇ ਹਾਂ। ਜਦੋਂ ਅਸੀਂ ਉਸ ਦੇ ਬਚਨ ਵਿੱਚੋਂ ਦਿਲ ਛੋਹ ਦੇਣ ਵਾਲੀ ਕੋਈ ਗੱਲ ਪੜ੍ਹਦੇ ਹਾਂ, ਤਾਂ ਅਸੀਂ ਪ੍ਰਾਰਥਨਾ ਕਰ ਕੇ ਉਸ ਦਾ ਧੰਨਵਾਦ ਕਰ ਸਕਦੇ ਹਾਂ। ਅਸੀਂ ਉਦੋਂ ਵੀ ਪਰਮੇਸ਼ੁਰ ਦੀ ਉਸਤਤ ਤੇ ਧੰਨਵਾਦ ਕਰ ਸਕਦੇ ਹਾਂ ਜਦੋਂ ਅਸੀਂ ਪਰਮੇਸ਼ੁਰ ਦੇ ਆਪਣੇ ਲੋਕਾਂ ਨਾਲ ਕੀਤੇ ਵਰਤਾਅ ਤੋਂ ਪ੍ਰਭਾਵਿਤ ਹੁੰਦੇ ਹਾਂ ਜਾਂ ਜਦੋਂ ਅਸੀਂ ਉਸ ਦੀ ਸ਼ਾਨਦਾਰ ਸ੍ਰਿਸ਼ਟੀ ਤੇ ਅਸਚਰਜ ਹੁੰਦੇ ਹਾਂ। ਜਦੋਂ ਅਸੀਂ ਮਸੀਹੀ ਸਭਾਵਾਂ ਵਿਚ ਜਾਂ ਆਮ ਗੱਲਬਾਤ ਦੌਰਾਨ ਭੈਣਾਂ-ਭਰਾਵਾਂ ਨਾਲ ਉਸ ਦੇ ਮਕਸਦ ਬਾਰੇ ਚਰਚਾ ਕਰਦੇ ਹਾਂ, ਤਾਂ ਅਸੀਂ ਯਹੋਵਾਹ ਨੂੰ ਮੁਬਾਰਕ ਆਖਦੇ ਹਾਂ। ਅਸਲ ਵਿਚ, ਪਰਮੇਸ਼ੁਰ ਦੇ ਰਾਜ ਦੇ ਸੰਬੰਧ ਵਿਚ ਕੀਤੇ ਸਾਡੇ ਸਾਰੇ ‘ਸ਼ੁਭ ਕਰਮਾਂ’ ਦੁਆਰਾ ਯਹੋਵਾਹ ਦੀ ਵਡਿਆਈ ਹੁੰਦੀ ਹੈ।—ਮੱਤੀ 5:16.

6 ਯਹੋਵਾਹ ਦੇ ਲੋਕਾਂ ਦਾ ਇਕ ਸ਼ੁਭ ਕੰਮ ਹੈ ਗ਼ਰੀਬ ਦੇਸ਼ਾਂ ਵਿਚ ਕਿੰਗਡਮ ਹਾਲ ਅਤੇ ਅਸੈਂਬਲੀ ਹਾਲ ਬਣਾਉਣੇ ਜਿਨ੍ਹਾਂ ਵਿਚ ਸੱਚੀ ਭਗਤੀ ਕੀਤੀ ਜਾਂਦੀ ਹੈ। ਇਹ ਹਾਲ ਦੂਸਰੇ ਦੇਸ਼ਾਂ ਦੇ ਭੈਣਾਂ-ਭਰਾਵਾਂ ਦੁਆਰਾ ਦਿੱਤੇ ਪੈਸਿਆਂ ਨਾਲ ਬਣਾਏ ਜਾਂਦੇ ਹਨ। ਇਸ ਤੋਂ ਇਲਾਵਾ, ਕੁਝ ਮਸੀਹੀ ਆਪਣੀ ਇੱਛਾ ਨਾਲ ਉਸਾਰੀ ਦੇ ਕੰਮ ਵਿਚ ਮਦਦ ਕਰਨ ਲਈ ਇਨ੍ਹਾਂ ਦੇਸ਼ਾਂ ਨੂੰ ਜਾਂਦੇ ਹਨ। ਪਰ ਸਭ ਤੋਂ ਸ਼ੁਭ ਕੰਮ ਹੈ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰ ਕੇ ਯਹੋਵਾਹ ਦੀ ਵਡਿਆਈ ਕਰਨੀ। (ਮੱਤੀ 24:14) ਜ਼ਬੂਰ 145 ਦੀਆਂ ਅਗਲੀਆਂ ਆਇਤਾਂ ਦੱਸਦੀਆਂ ਹਨ ਕਿ ਦਾਊਦ ਨੇ ਪਰਮੇਸ਼ੁਰ ਦੀ ਪਾਤਸ਼ਾਹੀ ਦੀ ਮਹਾਨਤਾ ਨੂੰ ਪਛਾਣਿਆ ਤੇ ਉਸ ਦੀ ਵਡਿਆਈ ਕੀਤੀ। (ਜ਼ਬੂਰਾਂ ਦੀ ਪੋਥੀ 145:11, 12) ਦਾਊਦ ਵਾਂਗ ਕੀ ਤੁਸੀਂ ਵੀ ਮੰਨਦੇ ਹੋ ਕਿ ਪਰਮੇਸ਼ੁਰ ਹੀ ਸਭ ਤੋਂ ਵਧੀਆ ਹਾਕਮ ਹੈ? ਕੀ ਤੁਸੀਂ ਉਸ ਦੇ ਰਾਜ ਬਾਰੇ ਦੂਜਿਆਂ ਨਾਲ ਬਾਕਾਇਦਾ ਗੱਲ ਕਰਦੇ ਹੋ?

ਪਰਮੇਸ਼ੁਰ ਦੀ ਮਹਾਨਤਾ ਦੀਆਂ ਮਿਸਾਲਾਂ

7. ਯਹੋਵਾਹ ਦੀ ਉਸਤਤ ਕਰਨ ਦਾ ਇਕ ਵੱਡਾ ਕਾਰਨ ਦੱਸੋ।

7ਜ਼ਬੂਰਾਂ ਦੀ ਪੋਥੀ 145:3 ਤੋਂ ਸਾਨੂੰ ਯਹੋਵਾਹ ਦੀ ਉਸਤਤ ਕਰਨ ਦਾ ਇਕ ਵੱਡਾ ਕਾਰਨ ਮਿਲਦਾ ਹੈ। ਦਾਊਦ ਨੇ ਗਾਇਆ: “ਯਹੋਵਾਹ ਮਹਾਨ ਹੈ, ਅਤੇ ਅੱਤ ਉਸਤਤ ਜੋਗ ਹੈ, ਅਤੇ ਉਹ ਦੀ ਮਹਾਨਤਾ ਅਗੰਮ ਹੈ।” ਯਹੋਵਾਹ ਦੀ ਮਹਾਨਤਾ ਅਸੀਮ ਹੈ। ਇਨਸਾਨ ਉਸ ਦੀ ਮਹਾਨਤਾ ਦੀ ਨਾ ਹੀ ਪੂਰੀ ਤਰ੍ਹਾਂ ਖੋਜ ਕਰ ਸਕਦੇ, ਨਾ ਹੀ ਸਮਝ ਸਕਦੇ ਅਤੇ ਨਾ ਹੀ ਮਾਪ ਸਕਦੇ ਹਨ। ਪਰ ਯਹੋਵਾਹ ਦੀ ਅਸੀਮ ਮਹਾਨਤਾ ਦੀਆਂ ਮਿਸਾਲਾਂ ਉੱਤੇ ਗੌਰ ਕਰ ਕੇ ਸਾਨੂੰ ਫ਼ਾਇਦਾ ਜ਼ਰੂਰ ਹੋਵੇਗਾ।

8. ਬ੍ਰਹਿਮੰਡ ਯਹੋਵਾਹ ਦੀ ਮਹਾਨਤਾ ਅਤੇ ਸ਼ਕਤੀ ਬਾਰੇ ਕੀ ਜ਼ਾਹਰ ਕਰਦਾ ਹੈ?

8 ਕਲਪਨਾ ਕਰੋ ਕਿ ਤੁਸੀਂ ਸ਼ਹਿਰ ਦੀ ਜਗਮਗਾਉਂਦੀ ਰੌਸ਼ਨੀ ਤੋਂ ਬਹੁਤ ਦੂਰ ਜਾ ਕੇ ਤਾਰਿਆਂ ਨਾਲ ਭਰੇ ਆਕਾਸ਼ ਨੂੰ ਦੇਖ ਰਹੇ ਹੋ। ਕੀ ਤੁਸੀਂ ਅਜਿਹਾ ਨਜ਼ਾਰਾ ਦੇਖ ਕੇ ਹੈਰਾਨ ਨਹੀਂ ਹੋਵੋਗੇ? ਕੀ ਇਨ੍ਹਾਂ ਆਕਾਸ਼ੀ ਪਿੰਡਾਂ ਨੂੰ ਰਚਣ ਵਿਚ ਯਹੋਵਾਹ ਦੀ ਮਹਾਨਤਾ ਨੂੰ ਦੇਖ ਕੇ ਤੁਸੀਂ ਉਸ ਦੀ ਉਸਤਤ ਕਰਨ ਲਈ ਪ੍ਰੇਰਿਤ ਨਹੀਂ ਹੋਵੋਗੇ? ਪਰ ਤੁਸੀਂ ਤਾਂ ਇਕ ਗਲੈਕਸੀ ਦੇ ਅਣਗਿਣਤ ਤਾਰਿਆਂ ਦੇ ਸਿਰਫ਼ ਇਕ ਛੋਟੇ ਜਿਹੇ ਹਿੱਸੇ ਨੂੰ ਹੀ ਦੇਖਿਆ ਹੈ। ਧਰਤੀ ਵੀ ਇਸ ਗਲੈਕਸੀ ਦਾ ਇਕ ਹਿੱਸਾ ਹੈ। ਇਸ ਤੋਂ ਇਲਾਵਾ, ਇਕ ਅੰਦਾਜ਼ੇ ਮੁਤਾਬਕ ਬ੍ਰਹਿਮੰਡ ਵਿਚ ਇਕ ਖਰਬ ਨਾਲੋਂ ਜ਼ਿਆਦਾ ਗਲੈਕਸੀਆਂ ਹਨ ਜਿਨ੍ਹਾਂ ਵਿੱਚੋਂ ਸਿਰਫ਼ ਤਿੰਨ ਗਲੈਕਸੀਆਂ ਨੂੰ ਦੂਰਬੀਨ ਤੋਂ ਬਿਨਾਂ ਦੇਖਿਆ ਜਾ ਸਕਦਾ ਹੈ। ਦਰਅਸਲ, ਅਣਗਿਣਤ ਤਾਰਿਆਂ ਅਤੇ ਗਲੈਕਸੀਆਂ ਨਾਲ ਬਣਿਆ ਵਿਸ਼ਾਲ ਬ੍ਰਹਿਮੰਡ ਯਹੋਵਾਹ ਦੀ ਸ੍ਰਿਸ਼ਟ ਕਰਨ ਦੀ ਸ਼ਕਤੀ ਅਤੇ ਉਸ ਦੀ ਅਸੀਮ ਮਹਾਨਤਾ ਦਾ ਸਬੂਤ ਦਿੰਦਾ ਹੈ।—ਯਸਾਯਾਹ 40:26.

9, 10. (ੳ) ਯਿਸੂ ਮਸੀਹ ਦੇ ਸੰਬੰਧ ਵਿਚ ਯਹੋਵਾਹ ਦੀ ਮਹਾਨਤਾ ਦੇ ਕਿਹੜੇ ਪਹਿਲੂ ਜ਼ਾਹਰ ਕੀਤੇ ਗਏ ਹਨ? (ਅ) ਯਿਸੂ ਦੇ ਦੁਬਾਰਾ ਜੀਉਂਦੇ ਕੀਤੇ ਜਾਣ ਦਾ ਸਾਡੀ ਨਿਹਚਾ ਤੇ ਕੀ ਅਸਰ ਪੈਣਾ ਚਾਹੀਦਾ ਹੈ?

9 ਯਿਸੂ ਮਸੀਹ ਦੇ ਸੰਬੰਧ ਵਿਚ ਯਹੋਵਾਹ ਦੀ ਮਹਾਨਤਾ ਦੇ ਦੂਸਰੇ ਪਹਿਲੂਆਂ ਤੇ ਗੌਰ ਕਰੋ। ਯਹੋਵਾਹ ਨੇ ਆਪਣੇ ਪੁੱਤਰ ਨੂੰ ਸ੍ਰਿਸ਼ਟ ਕਰ ਕੇ ਜੁਗਾਂ ਤਕ ਉਸ ਨੂੰ “ਰਾਜ ਮਿਸਤਰੀ” ਦੇ ਤੌਰ ਤੇ ਵਰਤਣ ਦੁਆਰਾ ਆਪਣੀ ਮਹਾਨਤਾ ਦਿਖਾਈ। (ਕਹਾਉਤਾਂ 8:22-31) ਯਹੋਵਾਹ ਦਾ ਗਹਿਰਾ ਪਿਆਰ ਉਦੋਂ ਜ਼ਾਹਰ ਹੋਇਆ ਜਦੋਂ ਉਸ ਨੇ ਮਨੁੱਖਜਾਤੀ ਲਈ ਆਪਣੇ ਇਕਲੌਤੇ ਪੁੱਤਰ ਨੂੰ ਕੁਰਬਾਨੀ ਵਜੋਂ ਦੇ ਦਿੱਤਾ। (ਮੱਤੀ 20:28; ਯੂਹੰਨਾ 3:16; 1 ਯੂਹੰਨਾ 2:1, 2) ਫਿਰ ਮਨੁੱਖੀ ਸਮਝ ਤੋਂ ਬਿਲਕੁਲ ਪਰੇ, ਯਹੋਵਾਹ ਨੇ ਯਿਸੂ ਨੂੰ ਮਹਿਮਾਵਾਨ ਅਤੇ ਅਵਿਨਾਸ਼ੀ ਆਤਮਿਕ ਸਰੀਰ ਦੇ ਰੂਪ ਵਿਚ ਜੀਉਂਦਾ ਕੀਤਾ।—1 ਪਤਰਸ 3:18.

10 ਯਿਸੂ ਦੇ ਦੁਬਾਰਾ ਜੀਉਂਦੇ ਕੀਤੇ ਜਾਣ ਨਾਲ ਕਈ ਮਹੱਤਵਪੂਰਣ ਪਹਿਲੂ ਜੁੜੇ ਹੋਏ ਹਨ ਜਿਨ੍ਹਾਂ ਤੋਂ ਯਹੋਵਾਹ ਦੀ ਅਸੀਮ ਮਹਾਨਤਾ ਜ਼ਾਹਰ ਹੁੰਦੀ ਹੈ। ਪਰਮੇਸ਼ੁਰ ਨੇ ਯਿਸੂ ਦੀ ਯਾਦਾਸ਼ਤ ਨੂੰ ਵਾਪਸ ਲਿਆਂਦਾ ਹੋਵੇਗਾ ਜਿਸ ਨਾਲ ਉਹ ਯਾਦ ਕਰ ਸਕਿਆ ਕਿ ਦਿੱਸਣ ਵਾਲੀਆਂ ਤੇ ਨਾ ਦਿੱਸਣ ਵਾਲੀਆਂ ਚੀਜ਼ਾਂ ਨੂੰ ਸ੍ਰਿਸ਼ਟ ਕਰਨ ਵਿਚ ਕੀ-ਕੀ ਸ਼ਾਮਲ ਸੀ। (ਕੁਲੁੱਸੀਆਂ 1:15, 16) ਇਨ੍ਹਾਂ ਚੀਜ਼ਾਂ ਵਿਚ ਆਤਮਿਕ ਪ੍ਰਾਣੀ, ਬ੍ਰਹਿਮੰਡ, ਧਰਤੀ ਅਤੇ ਧਰਤੀ ਉੱਤੇ ਹਰ ਤਰ੍ਹਾਂ ਦਾ ਜੀਵਨ ਸ਼ਾਮਲ ਹੈ। ਇਸ ਤੋਂ ਇਲਾਵਾ, ਯਹੋਵਾਹ ਨੇ ਆਪਣੇ ਪੁੱਤਰ ਨੂੰ ਯਾਦ ਕਰਾਇਆ ਕਿ ਉਸ ਦੇ ਧਰਤੀ ਉੱਤੇ ਆਉਣ ਤੋਂ ਪਹਿਲਾਂ ਸਵਰਗ ਵਿਚ ਅਤੇ ਧਰਤੀ ਉੱਤੇ ਕਿਸ ਤਰ੍ਹਾਂ ਦੀ ਜ਼ਿੰਦਗੀ ਸੀ ਅਤੇ ਕੀ-ਕੀ ਹੋਇਆ ਸੀ। ਇਸ ਤੋਂ ਬਾਅਦ, ਯਹੋਵਾਹ ਨੇ ਇਹ ਵੀ ਯਾਦ ਕਰਾਇਆ ਕਿ ਯਿਸੂ ਨੇ ਮੁਕੰਮਲ ਇਨਸਾਨ ਦੇ ਤੌਰ ਤੇ ਕਿਸ ਤਰ੍ਹਾਂ ਦੀ ਜ਼ਿੰਦਗੀ ਬਤੀਤ ਕੀਤੀ ਸੀ। ਜੀ ਹਾਂ, ਯਿਸੂ ਨੂੰ ਦੁਬਾਰਾ ਜੀਉਂਦਾ ਕਰ ਕੇ ਯਹੋਵਾਹ ਨੇ ਆਪਣੀ ਅਸੀਮ ਮਹਾਨਤਾ ਜ਼ਾਹਰ ਕੀਤੀ। ਇਹ ਮਹਾਨ ਕੰਮ ਇਸ ਗੱਲ ਦੀ ਗਾਰੰਟੀ ਹੈ ਕਿ ਦੂਸਰਿਆਂ ਨੂੰ ਦੁਬਾਰਾ ਜੀਉਂਦਾ ਕਰਨਾ ਮੁਮਕਿਨ ਹੈ। ਇਸ ਨਾਲ ਸਾਡੀ ਨਿਹਚਾ ਪੱਕੀ ਹੋਣੀ ਚਾਹੀਦੀ ਹੈ ਕਿ ਪਰਮੇਸ਼ੁਰ ਕਰੋੜਾਂ ਹੀ ਮਰੇ ਹੋਏ ਲੋਕਾਂ ਨੂੰ ਦੁਬਾਰਾ ਜੀਉਂਦਾ ਕਰੇਗਾ ਜੋ ਉਸ ਦੀ ਯਾਦਾਸ਼ਤ ਵਿਚ ਹਨ।—ਯੂਹੰਨਾ 5:28, 29; ਰਸੂਲਾਂ ਦੇ ਕਰਤੱਬ 17:31.

ਅਸਚਰਜ ਅਤੇ ਸ਼ਕਤੀਸ਼ਾਲੀ ਕੰਮ

11. ਯਹੋਵਾਹ ਨੇ ਪੰਤੇਕੁਸਤ 33 ਸਾ.ਯੁ. ਨੂੰ ਕਿਹੜਾ ਮਹਾਨ ਕੰਮ ਕੀਤਾ ਸੀ?

11 ਯਿਸੂ ਨੂੰ ਦੁਬਾਰਾ ਜੀਉਂਦਾ ਕਰਨ ਤੋਂ ਬਾਅਦ ਯਹੋਵਾਹ ਨੇ ਹੋਰ ਵੀ ਕਈ ਮਹਾਨ ਅਤੇ ਅਸਚਰਜ ਕੰਮ ਕੀਤੇ ਹਨ। (ਜ਼ਬੂਰਾਂ ਦੀ ਪੋਥੀ 40:5) ਪੰਤੇਕੁਸਤ 33 ਸਾ.ਯੁ. ਨੂੰ ਯਹੋਵਾਹ ਇਕ ਨਵੀਂ ਕੌਮ “ਪਰਮੇਸ਼ੁਰ ਦੇ ਇਸਰਾਏਲ” ਨੂੰ ਹੋਂਦ ਵਿਚ ਲਿਆਇਆ ਜਿਸ ਦੇ ਮੈਂਬਰ ਪਵਿੱਤਰ ਆਤਮਾ ਨਾਲ ਮਸਹ ਕੀਤੇ ਹੋਏ ਮਸੀਹੀ ਸਨ। (ਗਲਾਤੀਆਂ 6:16) ਪਹਿਲੀ ਸਦੀ ਵਿਚ ਇਸ ਨਵੀਂ ਅਧਿਆਤਮਿਕ ਕੌਮ ਦੇ ਮੈਂਬਰਾਂ ਦੀ ਗਿਣਤੀ ਬਹੁਤ ਵਧਦੀ ਗਈ। ਯਿਸੂ ਦੇ ਰਸੂਲਾਂ ਦੇ ਮਰਨ ਤੋਂ ਬਾਅਦ, ਬਹੁਤ ਸਾਰੇ ਮਸੀਹੀਆਂ ਨੇ ਸੱਚੇ ਧਰਮ ਨੂੰ ਛੱਡ ਦਿੱਤਾ ਜਿਸ ਕਰਕੇ ਈਸਾਈ-ਜਗਤ ਪੈਦਾ ਹੋਇਆ। ਇਸ ਦੇ ਬਾਵਜੂਦ, ਆਪਣਾ ਮਕਸਦ ਪੂਰਾ ਕਰਨ ਲਈ ਯਹੋਵਾਹ ਅਸਚਰਜ ਕੰਮ ਕਰਦਾ ਰਿਹਾ।

12. ਦੁਨੀਆਂ ਭਰ ਦੀਆਂ ਸਾਰੀਆਂ ਮੁੱਖ ਭਾਸ਼ਾਵਾਂ ਵਿਚ ਬਾਈਬਲ ਦਾ ਉਪਲਬਧ ਹੋਣਾ ਕਿਸ ਗੱਲ ਦਾ ਸਬੂਤ ਹੈ?

12 ਮਿਸਾਲ ਲਈ, ਪੂਰੀ ਬਾਈਬਲ ਨੂੰ ਹੁਣ ਤਕ ਸਾਂਭ ਕੇ ਰੱਖਿਆ ਗਿਆ ਹੈ ਅਤੇ ਅੱਜ ਦੁਨੀਆਂ ਭਰ ਦੀਆਂ ਸਾਰੀਆਂ ਮੁੱਖ ਭਾਸ਼ਾਵਾਂ ਵਿਚ ਇਸ ਦਾ ਅਨੁਵਾਦ ਕੀਤਾ ਗਿਆ ਹੈ। ਬਾਈਬਲ ਦਾ ਅਨੁਵਾਦ ਕਰਨ ਲਈ ਬਹੁਤ ਸਾਰੇ ਮੁਸ਼ਕਲ ਹਾਲਾਤਾਂ ਵਿੱਚੋਂ ਗੁਜ਼ਰਨਾ ਪਿਆ ਅਤੇ ਪਰਮੇਸ਼ੁਰ ਦੇ ਦੁਸ਼ਮਣਾਂ ਦੇ ਹੱਥੋਂ ਮੌਤ ਦਾ ਸਾਮ੍ਹਣਾ ਵੀ ਕਰਨਾ ਪਿਆ। ਇਸ ਲਈ, ਜੇ ਮਹਾਨ ਪਰਮੇਸ਼ੁਰ ਯਹੋਵਾਹ ਦੀ ਇੱਛਾ ਨਾ ਹੁੰਦੀ, ਤਾਂ ਅੱਜ 2,000 ਤੋਂ ਜ਼ਿਆਦਾ ਭਾਸ਼ਾਵਾਂ ਵਿਚ ਬਾਈਬਲ ਦਾ ਅਨੁਵਾਦ ਕਰਨਾ ਨਾਮੁਮਕਿਨ ਹੁੰਦਾ।

13. ਸਾਲ 1914 ਤੋਂ ਯਹੋਵਾਹ ਨੇ ਆਪਣੇ ਰਾਜ ਦੇ ਮਕਸਦਾਂ ਸੰਬੰਧੀ ਆਪਣੀ ਮਹਾਨਤਾ ਕਿਵੇਂ ਜ਼ਾਹਰ ਕੀਤੀ ਹੈ?

13 ਯਹੋਵਾਹ ਨੇ ਆਪਣੇ ਰਾਜ ਦੇ ਮਕਸਦਾਂ ਸੰਬੰਧੀ ਵੀ ਆਪਣੀ ਮਹਾਨਤਾ ਜ਼ਾਹਰ ਕੀਤੀ ਹੈ। ਮਿਸਾਲ ਲਈ, 1914 ਵਿਚ ਉਸ ਨੇ ਆਪਣੇ ਪੁੱਤਰ ਯਿਸੂ ਮਸੀਹ ਨੂੰ ਸਵਰਗ ਵਿਚ ਰਾਜਾ ਨਿਯੁਕਤ ਕੀਤਾ। ਉਸ ਤੋਂ ਜਲਦੀ ਬਾਅਦ, ਯਿਸੂ ਨੇ ਸ਼ਤਾਨ ਤੇ ਉਸ ਦੇ ਸਾਥੀਆਂ ਖ਼ਿਲਾਫ਼ ਕਦਮ ਚੁੱਕਿਆ। ਉਨ੍ਹਾਂ ਨੂੰ ਸਵਰਗ ਤੋਂ ਧਰਤੀ ਉੱਤੇ ਸੁੱਟ ਦਿੱਤਾ ਗਿਆ ਅਤੇ ਉਹ ਬਹੁਤ ਜਲਦੀ ਅਥਾਹ ਕੁੰਡ ਵਿਚ ਸੁੱਟੇ ਜਾਣਗੇ। (ਪਰਕਾਸ਼ ਦੀ ਪੋਥੀ 12:9-12; 20:1-3) ਸਾਲ 1914 ਤੋਂ ਯਿਸੂ ਦੇ ਮਸਹ ਕੀਤੇ ਹੋਏ ਚੇਲਿਆਂ ਨੇ ਘੋਰ ਸਤਾਹਟਾਂ ਦਾ ਸਾਮ੍ਹਣਾ ਕੀਤਾ ਹੈ। ਪਰ ਯਹੋਵਾਹ ਨੇ ਉਨ੍ਹਾਂ ਨੂੰ ਮਸੀਹ ਦੀ ਮੌਜੂਦਗੀ ਦੇ ਇਸ ਸਮੇਂ ਦੌਰਾਨ ਸੰਭਾਲੀ ਰੱਖਿਆ ਹੈ।—ਮੱਤੀ 24:3; ਪਰਕਾਸ਼ ਦੀ ਪੋਥੀ 12:17.

14. ਸਾਲ 1919 ਵਿਚ ਯਹੋਵਾਹ ਨੇ ਕਿਹੜਾ ਅਸਚਰਜ ਕੰਮ ਕੀਤਾ ਅਤੇ ਇਸ ਕੰਮ ਨਾਲ ਕਿਹੜਾ ਮਕਸਦ ਪੂਰਾ ਹੋਇਆ?

14 ਸਾਲ 1919 ਵਿਚ ਯਹੋਵਾਹ ਨੇ ਇਕ ਅਸਚਰਜ ਕੰਮ ਕੀਤਾ ਜਿਸ ਤੋਂ ਉਸ ਦੀ ਮਹਾਨਤਾ ਜ਼ਾਹਰ ਹੋਈ। ਉਸ ਨੇ ਯਿਸੂ ਦੇ ਮਸਹ ਕੀਤੇ ਹੋਏ ਚੇਲਿਆਂ ਵਿਚ ਨਵਾਂ ਜੋਸ਼ ਭਰਿਆ ਜੋ ਕੁਝ ਸਮੇਂ ਲਈ ਅਧਿਆਤਮਿਕ ਤੌਰ ਤੇ ਠੰਢੇ ਪੈ ਗਏ ਸਨ। (ਪਰਕਾਸ਼ ਦੀ ਪੋਥੀ 11:3-11) ਉਦੋਂ ਤੋਂ ਮਸਹ ਕੀਤੇ ਹੋਏ ਮਸੀਹੀ ਜੋਸ਼ ਨਾਲ ਸਵਰਗ ਵਿਚ ਸਥਾਪਿਤ ਹੋਏ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰ ਰਹੇ ਹਨ। ਇਸ ਤੋਂ ਇਲਾਵਾ, 1,44,000 ਮੈਂਬਰਾਂ ਦੀ ਗਿਣਤੀ ਪੂਰੀ ਕਰਨ ਲਈ ਹੋਰਨਾਂ ਮਸਹ ਕੀਤੇ ਹੋਏ ਮਸੀਹੀਆਂ ਨੂੰ ਇਕੱਠਾ ਕੀਤਾ ਗਿਆ ਹੈ। (ਪਰਕਾਸ਼ ਦੀ ਪੋਥੀ 14:1-3) ਮਸੀਹ ਦੇ ਇਨ੍ਹਾਂ ਮਸਹ ਕੀਤੇ ਹੋਏ ਚੇਲਿਆਂ ਦੇ ਜ਼ਰੀਏ ਯਹੋਵਾਹ ਨੇ “ਨਵੀਂ ਧਰਤੀ” ਯਾਨੀ ਇਕ ਧਰਮੀ ਮਨੁੱਖੀ ਸਮਾਜ ਦੀ ਨੀਂਹ ਧਰੀ। (ਪਰਕਾਸ਼ ਦੀ ਪੋਥੀ 21:1) ਪਰ ਇਸ “ਨਵੀਂ ਧਰਤੀ” ਨੂੰ ਕੀ ਹੋਵੇਗਾ ਜਦ ਵਫ਼ਾਦਾਰ ਮਸਹ ਕੀਤੇ ਹੋਏ ਸਾਰੇ ਚੇਲੇ ਸਵਰਗ ਚਲੇ ਜਾਣਗੇ?

15. ਮਸਹ ਕੀਤੇ ਹੋਏ ਮਸੀਹੀਆਂ ਨੇ ਕਿਹੜਾ ਕੰਮ ਅੱਗੇ ਵਧਾਇਆ ਹੈ ਤੇ ਇਸ ਦੇ ਕਿਹੜੇ ਨਤੀਜੇ ਨਿਕਲੇ ਹਨ?

15 ਸਾਲ 1935 ਵਿਚ ਪਹਿਰਾਬੁਰਜ ਦੇ 1 ਅਗਸਤ ਅਤੇ 15 ਅਗਸਤ ਦੇ ਅੰਕਾਂ ਵਿਚ ਪਰਕਾਸ਼ ਦੀ ਪੋਥੀ ਦੇ 7ਵੇਂ ਅਧਿਆਇ ਵਿਚ ਦੱਸੀ “ਵੱਡੀ ਭੀੜ” ਬਾਰੇ ਖ਼ਾਸ ਲੇਖ ਛਾਪੇ ਗਏ ਸਨ। ਮਸਹ ਕੀਤੇ ਹੋਏ ਮਸੀਹੀਆਂ ਨੇ ਜੋਸ਼ ਨਾਲ ਸਾਰੀਆਂ ਕੌਮਾਂ, ਗੋਤਾਂ ਅਤੇ ਭਾਸ਼ਾਵਾਂ ਵਿੱਚੋਂ ਲੋਕਾਂ ਨੂੰ ਲੱਭਣਾ ਸ਼ੁਰੂ ਕਰ ਦਿੱਤਾ ਤਾਂਕਿ ਉਹ ਵੀ ਉਨ੍ਹਾਂ ਨਾਲ ਮਿਲ ਕੇ ਪਰਮੇਸ਼ੁਰ ਦੀ ਸੇਵਾ ਕਰ ਸਕਣ। ਇਹ “ਵੱਡੀ ਭੀੜ” ਆਉਣ ਵਾਲੀ “ਵੱਡੀ ਬਿਪਤਾ” ਵਿੱਚੋਂ ਬਚ ਨਿਕਲੇਗੀ ਅਤੇ “ਨਵੀਂ ਧਰਤੀ” ਦੇ ਮੈਂਬਰਾਂ ਵਜੋਂ ਹਮੇਸ਼ਾ ਲਈ ਫਿਰਦੌਸ ਵਿਚ ਜੀਉਂਦੀ ਰਹੇਗੀ। (ਪਰਕਾਸ਼ ਦੀ ਪੋਥੀ 7:9-14) ਮਸਹ ਕੀਤੇ ਹੋਏ ਮਸੀਹੀਆਂ ਦੁਆਰਾ ਪ੍ਰਚਾਰ ਕਰਨ ਅਤੇ ਚੇਲੇ ਬਣਾਉਣ ਦਾ ਕੰਮ ਅੱਗੇ ਵਧਾਉਣ ਨਾਲ ਅੱਜ 60 ਲੱਖ ਨਾਲੋਂ ਜ਼ਿਆਦਾ ਲੋਕ ਫਿਰਦੌਸ ਵਿਚ ਸਦਾ ਦੀ ਜ਼ਿੰਦਗੀ ਜੀਉਣ ਦੀ ਉਮੀਦ ਰੱਖਦੇ ਹਨ। ਸ਼ਤਾਨ ਅਤੇ ਉਸ ਦੇ ਦੁਸ਼ਟ ਸੰਸਾਰ ਦੁਆਰਾ ਕੀਤੇ ਵਿਰੋਧ ਦੇ ਬਾਵਜੂਦ, ਇਸ ਵਾਧੇ ਦਾ ਸਿਹਰਾ ਕਿਸ ਨੂੰ ਜਾਂਦਾ ਹੈ? (1 ਯੂਹੰਨਾ 5:19) ਸਿਰਫ਼ ਯਹੋਵਾਹ ਹੀ ਆਪਣੀ ਪਵਿੱਤਰ ਆਤਮਾ ਦੇ ਜ਼ਰੀਏ ਇਹ ਸਭ ਕੁਝ ਕਰ ਸਕਦਾ ਹੈ।—ਯਸਾਯਾਹ 60:22; ਜ਼ਕਰਯਾਹ 4:6.

ਯਹੋਵਾਹ ਦੇ ਤੇਜਵਾਨ ਪਰਤਾਪ ਦੀ ਸ਼ਾਨ

16. ਇਨਸਾਨ ‘ਯਹੋਵਾਹ ਦੇ ਤੇਜਵਾਨ ਪਰਤਾਪ ਦੀ ਸ਼ਾਨ’ ਨੂੰ ਅੱਖੀਂ ਦੇਖ ਕਿਉਂ ਨਹੀਂ ਸਕਦੇ?

16 ਯਹੋਵਾਹ ਦੇ ਸਾਰੇ ਅਸਚਰਜ ਅਤੇ ਸ਼ਕਤੀਸ਼ਾਲੀ ਕੰਮਾਂ ਨੂੰ ਕਦੇ ਵੀ ਭੁਲਾਇਆ ਨਹੀਂ ਜਾਵੇਗਾ। ਦਾਊਦ ਨੇ ਲਿਖਿਆ: “ਇੱਕ ਪੀੜ੍ਹੀ ਦੂਜੀ ਪੀੜ੍ਹੀ ਨੂੰ ਤੇਰੀ ਕਾਰ ਦਾ ਜਸ ਸੁਣਾਏਗੀ, ਅਤੇ ਓਹ ਤੇਰੀਆਂ ਕੁਦਰਤਾਂ ਦੱਸਣਗੇ। ਮੈਂ ਤੇਰੇ ਤੇਜਵਾਨ ਪਰਤਾਪ ਦੀ ਸ਼ਾਨ ਦਾ, ਅਤੇ ਤੇਰੇ ਅਚਰਜ ਕੰਮਾਂ ਦਾ ਧਿਆਨ ਕਰਾਂਗਾ। ਓਹ ਤੇਰੇ ਭਿਆਣਕ ਕੰਮਾਂ ਦੀ ਸਮਰੱਥਾ ਦਾ ਪਰਚਾਰ ਕਰਨਗੇ, ਅਤੇ ਮੈਂ ਤੇਰੀ ਮਹਾਨਤਾ ਦਾ ਵਰਨਣ ਕਰਾਂਗਾ।” (ਜ਼ਬੂਰਾਂ ਦੀ ਪੋਥੀ 145:4-6) ਪਰ ਦਾਊਦ ਯਹੋਵਾਹ ਦੇ ਤੇਜਵਾਨ ਪਰਤਾਪ ਬਾਰੇ ਕਿੰਨਾ ਕੁ ਜਾਣ ਸਕਦਾ ਸੀ ਕਿਉਂਕਿ “ਪਰਮੇਸ਼ੁਰ ਆਤਮਾ ਹੈ” ਅਤੇ ਉਸ ਨੂੰ ਕੋਈ ਇਨਸਾਨ ਦੇਖ ਨਹੀਂ ਸਕਦਾ?—ਯੂਹੰਨਾ 1:18; 4:24.

17, 18. ਦਾਊਦ ਨੇ ‘ਯਹੋਵਾਹ ਦੇ ਤੇਜਵਾਨ ਪਰਤਾਪ ਦੀ ਸ਼ਾਨ’ ਪ੍ਰਤੀ ਆਪਣੀ ਕਦਰਦਾਨੀ ਨੂੰ ਕਿਵੇਂ ਵਧਾਇਆ ਸੀ?

17 ਹਾਲਾਂਕਿ ਦਾਊਦ ਪਰਮੇਸ਼ੁਰ ਨੂੰ ਦੇਖ ਨਹੀਂ ਸਕਦਾ ਸੀ, ਪਰ ਉਹ ਯਹੋਵਾਹ ਦੀ ਸ਼ਾਨ ਲਈ ਆਪਣੀ ਕਦਰ ਜ਼ਰੂਰ ਵਧਾ ਸਕਦਾ ਸੀ। ਮਿਸਾਲ ਲਈ, ਉਹ ਸ਼ਾਸਤਰਾਂ ਵਿੱਚੋਂ ਪਰਮੇਸ਼ੁਰ ਦੇ ਸ਼ਕਤੀਸ਼ਾਲੀ ਕੰਮਾਂ ਬਾਰੇ ਪੜ੍ਹ ਸਕਦਾ ਸੀ, ਜਿਵੇਂ ਕਿ ਜਲ-ਪਰਲੋ ਦੁਆਰਾ ਬੁਰੇ ਸੰਸਾਰ ਦੇ ਨਾਸ਼ ਬਾਰੇ। ਦਾਊਦ ਜਾਣਦਾ ਸੀ ਕਿ ਪਰਮੇਸ਼ੁਰ ਨੇ ਕਿਵੇਂ ਇਸਰਾਏਲੀਆਂ ਨੂੰ ਮਿਸਰ ਦੀ ਗ਼ੁਲਾਮੀ ਵਿੱਚੋਂ ਛੁਡਾ ਕੇ ਮਿਸਰ ਦੇ ਝੂਠੇ ਦੇਵਤਿਆਂ ਨੂੰ ਬੇਇੱਜ਼ਤ ਕੀਤਾ ਸੀ। ਇਹ ਘਟਨਾਵਾਂ ਯਹੋਵਾਹ ਦੀ ਸ਼ਾਨ ਅਤੇ ਮਹਾਨਤਾ ਦਾ ਸਬੂਤ ਦਿੰਦੀਆਂ ਹਨ।

18 ਦਾਊਦ ਨੇ ਸ਼ਾਸਤਰਾਂ ਨੂੰ ਪੜ੍ਹਨ ਦੇ ਨਾਲ-ਨਾਲ ਇਨ੍ਹਾਂ ਉੱਤੇ ਮਨਨ ਕਰ ਕੇ ਵੀ ਪਰਮੇਸ਼ੁਰ ਦੀ ਸ਼ਾਨ ਪ੍ਰਤੀ ਆਪਣੀ ਕਦਰਦਾਨੀ ਨੂੰ ਵਧਾਇਆ ਹੋਵੇਗਾ। ਮਿਸਾਲ ਲਈ, ਉਸ ਨੇ ਸ਼ਾਇਦ ਮਨਨ ਕੀਤਾ ਹੋਵੇਗਾ ਕਿ ਜਦੋਂ ਯਹੋਵਾਹ ਨੇ ਇਸਰਾਏਲ ਨੂੰ ਬਿਵਸਥਾ ਦਿੱਤੀ ਸੀ, ਤਾਂ ਉਸ ਵੇਲੇ ਕੀ-ਕੀ ਹੋਇਆ ਸੀ। ਉਸ ਵੇਲੇ ਗਰਜਾਂ ਹੋਈਆਂ, ਲਿਸ਼ਕਾਂ ਪਈਆਂ, ਕਾਲਾ ਬੱਦਲ ਪਹਾੜ ਉੱਤੇ ਛਾ ਗਿਆ ਅਤੇ ਤੁਰ੍ਹੀ ਦੀ ਉੱਚੀ ਆਵਾਜ਼ ਸੁਣਾਈ ਦਿੱਤੀ ਸੀ। ਸੀਨਈ ਪਹਾੜ ਕੰਬ ਗਿਆ ਤੇ ਉਸ ਤੋਂ ਧੂੰਆਂ ਨਿਕਲਦਾ ਸੀ। ਪਹਾੜ ਹੇਠਾਂ ਖੜ੍ਹੇ ਇਸਰਾਏਲੀਆਂ ਨੇ ਅੱਗ ਅਤੇ ਬੱਦਲ ਵਿੱਚੋਂ ਦੀ ਯਹੋਵਾਹ ਦੇ ਦੂਤ ਰਾਹੀਂ “ਦਸ ਹੁਕਮ” ਸੁਣੇ। (ਬਿਵਸਥਾ ਸਾਰ 4:32-36; 5:22-24; 10:4; ਕੂਚ 19:16-20; ਰਸੂਲਾਂ ਦੇ ਕਰਤੱਬ 7:38, 53) ਇਹ ਯਹੋਵਾਹ ਦੀ ਸ਼ਾਨ ਦੇ ਕਿੰਨੇ ਅਸਚਰਜ-ਭਰੇ ਪ੍ਰਗਟਾਵੇ ਸਨ! ਪਰਮੇਸ਼ੁਰ ਦੇ ਬਚਨ ਦੇ ਪ੍ਰੇਮੀ ਇਨ੍ਹਾਂ ਗੱਲਾਂ ਤੇ ਮਨਨ ਕਰ ਕੇ ‘ਯਹੋਵਾਹ ਦੇ ਤੇਜਵਾਨ ਪਰਤਾਪ ਦੀ ਸ਼ਾਨ’ ਤੋਂ ਪ੍ਰਭਾਵਿਤ ਹੋਏ ਬਿਨਾਂ ਨਹੀਂ ਰਹਿੰਦੇ। ਅੱਜ ਸਾਡੇ ਕੋਲ ਪੂਰੀ ਬਾਈਬਲ ਹੈ ਜਿਸ ਵਿਚ ਵੱਖੋ-ਵੱਖਰੇ ਸ਼ਾਨਦਾਰ ਦਰਸ਼ਣਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ। ਇਹ ਦਰਸ਼ਣ ਵੀ ਸਾਨੂੰ ਯਹੋਵਾਹ ਦੀ ਮਹਾਨਤਾ ਨਾਲ ਪ੍ਰਭਾਵਿਤ ਕਰਦੇ ਹਨ।—ਹਿਜ਼ਕੀਏਲ 1:26-28; ਦਾਨੀਏਲ 7:9, 10; ਪਰਕਾਸ਼ ਦੀ ਪੋਥੀ, ਅਧਿਆਇ 4.

19. ਕਿਹੜੀ ਗੱਲ ਯਹੋਵਾਹ ਦੀ ਸ਼ਾਨ ਲਈ ਸਾਡੀ ਕਦਰਦਾਨੀ ਵਧਾਵੇਗੀ?

19 ਦਾਊਦ ਇਕ ਹੋਰ ਤਰੀਕੇ ਨਾਲ ਵੀ ਪਰਮੇਸ਼ੁਰ ਦੀ ਸ਼ਾਨ ਤੋਂ ਪ੍ਰਭਾਵਿਤ ਹੋਇਆ ਹੋਵੇਗਾ। ਉਹ ਬਿਵਸਥਾ ਨੂੰ ਪੜ੍ਹਦਾ ਸੀ ਜੋ ਪਰਮੇਸ਼ੁਰ ਨੇ ਇਸਰਾਏਲੀਆਂ ਨੂੰ ਦਿੱਤੀ ਸੀ। (ਬਿਵਸਥਾ ਸਾਰ 17:18-20; ਜ਼ਬੂਰਾਂ ਦੀ ਪੋਥੀ 19:7-11) ਯਹੋਵਾਹ ਦੀ ਬਿਵਸਥਾ ਤੇ ਚੱਲਣ ਨਾਲ ਇਸਰਾਏਲੀ ਕੌਮ ਦਾ ਮਾਣ ਵਧਿਆ ਅਤੇ ਉਹ ਦੂਜੇ ਲੋਕਾਂ ਤੋਂ ਅਲੱਗ ਨਜ਼ਰ ਆਉਂਦੀ ਸੀ। (ਬਿਵਸਥਾ ਸਾਰ 4:6-8) ਦਾਊਦ ਵਾਂਗ ਅਸੀਂ ਵੀ ਬਾਕਾਇਦਾ ਬਾਈਬਲ ਪੜ੍ਹਨ, ਉਸ ਦਾ ਲਗਨ ਨਾਲ ਅਧਿਐਨ ਕਰਨ ਅਤੇ ਉਸ ਉੱਤੇ ਗਹਿਰਾਈ ਨਾਲ ਮਨਨ ਕਰਨ ਦੁਆਰਾ ਯਹੋਵਾਹ ਦੀ ਸ਼ਾਨ ਲਈ ਆਪਣੀ ਕਦਰਦਾਨੀ ਵਧਾ ਸਕਦੇ ਹਾਂ।

ਯਹੋਵਾਹ ਦੇ ਨੈਤਿਕ ਗੁਣ ਕਿੰਨੇ ਸ਼ਾਨਦਾਰ ਹਨ!

20, 21. (ੳ) ਜ਼ਬੂਰਾਂ ਦੀ ਪੋਥੀ 145:7-9 ਵਿਚ ਕਿਹੜੇ ਗੁਣਾਂ ਕਰਕੇ ਯਹੋਵਾਹ ਦੀ ਮਹਾਨਤਾ ਦੀ ਵਡਿਆਈ ਕੀਤੀ ਗਈ ਹੈ? (ਅ) ਇਨ੍ਹਾਂ ਆਇਤਾਂ ਵਿਚ ਦੱਸੇ ਗੁਣਾਂ ਦਾ ਉਨ੍ਹਾਂ ਸਾਰਿਆਂ ਤੇ ਕੀ ਅਸਰ ਪੈਂਦਾ ਹੈ ਜੋ ਪਰਮੇਸ਼ੁਰ ਨੂੰ ਪਿਆਰ ਕਰਦੇ ਹਨ?

20 ਅਸੀਂ ਦੇਖਿਆ ਹੈ ਕਿ ਜ਼ਬੂਰ 145 ਦੀਆਂ ਪਹਿਲੀਆਂ ਛੇ ਆਇਤਾਂ ਵਿਚ ਯਹੋਵਾਹ ਦੀ ਅਸੀਮ ਮਹਾਨਤਾ ਨਾਲ ਸੰਬੰਧਿਤ ਕੰਮਾਂ ਬਾਰੇ ਜ਼ਿਕਰ ਕੀਤਾ ਗਿਆ ਹੈ। ਇਨ੍ਹਾਂ ਆਇਤਾਂ ਤੋਂ ਸਾਨੂੰ ਉਸ ਦੀ ਉਸਤਤ ਕਰਨ ਦੇ ਵਧੀਆ ਕਾਰਨ ਮਿਲਦੇ ਹਨ। ਸੱਤਵੀਂ ਤੋਂ ਨੌਵੀਂ ਆਇਤ ਵਿਚ ਪਰਮੇਸ਼ੁਰ ਦੇ ਨੈਤਿਕ ਗੁਣਾਂ ਕਰਕੇ ਉਸ ਦੀ ਮਹਾਨਤਾ ਦੀ ਵਡਿਆਈ ਕੀਤੀ ਗਈ ਹੈ। ਦਾਊਦ ਨੇ ਗਾਇਆ: “ਓਹ ਤੇਰੀ ਬਹੁਤੀ ਭਲਿਆਈ ਨੂੰ ਚੇਤੇ ਕਰ ਕੇ ਉੱਬਲ ਉੱਠਣਗੇ, ਅਤੇ ਓਹ ਤੇਰੇ ਧਰਮ ਦਾ ਜੈਕਾਰਾ ਗਜਾਉਣਗੇ। ਯਹੋਵਾਹ ਦਯਾਲੂ ਤੇ ਕਿਰਪਾਲੂ ਹੈ, ਕ੍ਰੋਧ ਵਿੱਚ ਧੀਰਜਵਾਨ ਅਤੇ ਦਯਾ ਵਿੱਚ ਮਹਾਨ। ਯਹੋਵਾਹ ਸਭਨਾਂ ਦੇ ਲਈ ਭਲਾ ਹੈ, ਅਤੇ ਉਹ ਦੀਆਂ ਰਹਮਤਾਂ ਉਹ ਦੇ ਸਾਰੇ ਕੰਮਾਂ ਉੱਤੇ ਹਨ।”

21 ਇਨ੍ਹਾਂ ਆਇਤਾਂ ਵਿਚ ਦਾਊਦ ਪਹਿਲਾਂ ਯਹੋਵਾਹ ਦੀ ਭਲਾਈ ਅਤੇ ਧਾਰਮਿਕਤਾ ਦੇ ਗੁਣਾਂ ਬਾਰੇ ਗੱਲ ਕਰਦਾ ਹੈ ਜਿਨ੍ਹਾਂ ਬਾਰੇ ਸ਼ਤਾਨ ਨੇ ਸਵਾਲ ਖੜ੍ਹਾ ਕੀਤਾ ਸੀ। ਇਨ੍ਹਾਂ ਗੁਣਾਂ ਦਾ ਉਨ੍ਹਾਂ ਸਾਰਿਆਂ ਉੱਤੇ ਕੀ ਅਸਰ ਪੈਂਦਾ ਹੈ ਜੋ ਪਰਮੇਸ਼ੁਰ ਨੂੰ ਪਿਆਰ ਕਰਦੇ ਹਨ ਅਤੇ ਉਸ ਦੀ ਹਕੂਮਤ ਦੇ ਅਧੀਨ ਹੁੰਦੇ ਹਨ? ਯਹੋਵਾਹ ਦੀ ਭਲਾਈ ਅਤੇ ਹਕੂਮਤ ਕਰਨ ਦੇ ਉਸ ਦੇ ਧਰਮੀ ਤਰੀਕੇ ਤੋਂ ਉਸ ਦੇ ਸੇਵਕਾਂ ਨੂੰ ਇੰਨੀ ਖ਼ੁਸ਼ੀ ਹੁੰਦੀ ਹੈ ਕਿ ਉਹ ਉਸ ਦੀ ਉਸਤਤ ਕੀਤੇ ਬਗੈਰ ਨਹੀਂ ਰਹਿ ਸਕਦੇ। ਇਸ ਤੋਂ ਇਲਾਵਾ, ਯਹੋਵਾਹ “ਸਭਨਾਂ” ਨਾਲ ਭਲਾਈ ਕਰਦਾ ਹੈ। ਉਮੀਦ ਹੈ ਕਿ ਇਸ ਕਾਰਨ ਹੋਰ ਬਹੁਤ ਸਾਰੇ ਲੋਕਾਂ ਨੂੰ ਤੋਬਾ ਕਰਨ ਅਤੇ ਬਿਨਾਂ ਦੇਰ ਕੀਤਿਆਂ ਸੱਚੇ ਪਰਮੇਸ਼ੁਰ ਦੇ ਸੇਵਕ ਬਣਨ ਵਿਚ ਮਦਦ ਮਿਲੇਗੀ।—ਰਸੂਲਾਂ ਦੇ ਕਰਤੱਬ 14:15-17.

22. ਯਹੋਵਾਹ ਆਪਣੇ ਸੇਵਕਾਂ ਨਾਲ ਕਿਵੇਂ ਪੇਸ਼ ਆਉਂਦਾ ਹੈ?

22 ਦਾਊਦ ਨੇ ਉਨ੍ਹਾਂ ਗੁਣਾਂ ਦੀ ਵੀ ਕਦਰ ਕੀਤੀ ਸੀ ਜਿਨ੍ਹਾਂ ਦਾ ਪਰਮੇਸ਼ੁਰ ਨੇ ਆਪ “[ਮੂਸਾ] ਦੇ ਅੱਗੋਂ ਲੰਘ ਕੇ ਐਉਂ ਪਰਚਾਰ ਕੀਤਾ, ਯਹੋਵਾਹ, ਯਹੋਵਾਹ ਦਿਆਲੂ ਅਤੇ ਕਿਰਪਾਲੂ ਪਰਮੇਸ਼ੁਰ ਹੈ ਕਰੋਧ ਵਿੱਚ ਧੀਰਜੀ ਅਰ ਭਲਿਆਈ ਅਤੇ ਸਚਿਆਈ ਨਾਲ ਭਰਪੂਰ ਹੈ।” (ਕੂਚ 34:6) ਇਸ ਕਰਕੇ ਦਾਊਦ ਕਹਿ ਸਕਿਆ: “ਯਹੋਵਾਹ ਦਯਾਲੂ ਤੇ ਕਿਰਪਾਲੂ ਹੈ, ਕ੍ਰੋਧ ਵਿੱਚ ਧੀਰਜਵਾਨ ਅਤੇ ਦਯਾ ਵਿੱਚ ਮਹਾਨ।” ਇਹ ਸੱਚ ਹੈ ਕਿ ਯਹੋਵਾਹ ਬਹੁਤ ਮਹਾਨ ਹੈ, ਪਰ ਉਹ ਆਪਣੇ ਸੇਵਕਾਂ ਨਾਲ ਦਇਆ ਨਾਲ ਪੇਸ਼ ਆ ਕੇ ਉਨ੍ਹਾਂ ਦਾ ਆਦਰ ਕਰਦਾ ਹੈ। ਉਹ ਬਹੁਤ ਕਿਰਪਾਲੂ ਵੀ ਹੈ ਜਿਸ ਕਰਕੇ ਉਹ ਤੋਬਾ ਕਰਨ ਵਾਲੇ ਪਾਪੀਆਂ ਨੂੰ ਯਿਸੂ ਦੀ ਕੁਰਬਾਨੀ ਦੇ ਆਧਾਰ ਤੇ ਮਾਫ਼ ਕਰਨ ਲਈ ਤਿਆਰ ਰਹਿੰਦਾ ਹੈ। ਉਹ ਗੁੱਸੇ ਵਿਚ ਧੀਰਜੀ ਹੈ ਕਿਉਂਕਿ ਉਹ ਆਪਣੇ ਸੇਵਕਾਂ ਨੂੰ ਉਨ੍ਹਾਂ ਕਮਜ਼ੋਰੀਆਂ ਉੱਤੇ ਕਾਬੂ ਪਾਉਣ ਦਾ ਮੌਕਾ ਦਿੰਦਾ ਹੈ ਜੋ ਉਨ੍ਹਾਂ ਨੂੰ ਧਾਰਮਿਕਤਾ ਦੇ ਨਵੇਂ ਸੰਸਾਰ ਵਿਚ ਜਾਣ ਤੋਂ ਰੋਕ ਸਕਦੀਆਂ ਹਨ।—2 ਪਤਰਸ 3:9, 13, 14.

23. ਅਗਲੇ ਲੇਖ ਵਿਚ ਅਸੀਂ ਕਿਸ ਗੁਣ ਬਾਰੇ ਚਰਚਾ ਕਰਾਂਗੇ?

23 ਦਾਊਦ ਨੇ ਪਰਮੇਸ਼ੁਰ ਦੀ ਇਸ ਲਈ ਵਡਿਆਈ ਕੀਤੀ ਸੀ ਕਿਉਂਕਿ ਉਹ ਆਪਣੇ ਪਿਆਰ ਦੀ ਖ਼ਾਤਰ ਵਫ਼ਾਦਾਰ ਰਹਿੰਦਾ ਹੈ। ਅਸਲ ਵਿਚ, ਜ਼ਬੂਰ 145 ਦੀਆਂ ਬਾਕੀ ਆਇਤਾਂ ਦਿਖਾਉਂਦੀਆਂ ਹਨ ਕਿ ਯਹੋਵਾਹ ਕਿਵੇਂ ਇਸ ਗੁਣ ਨੂੰ ਪ੍ਰਗਟ ਕਰਦਾ ਹੈ ਅਤੇ ਉਸ ਦੇ ਸੇਵਕਾਂ ਉੱਤੇ ਇਸ ਗੁਣ ਦਾ ਕੀ ਅਸਰ ਪੈਂਦਾ ਹੈ। ਇਨ੍ਹਾਂ ਗੱਲਾਂ ਦੀ ਚਰਚਾ ਅਗਲੇ ਲੇਖ ਵਿਚ ਕੀਤੀ ਜਾਵੇਗੀ।

ਤੁਸੀਂ ਕਿਵੇਂ ਜਵਾਬ ਦਿਓਗੇ?

• ਯਹੋਵਾਹ ਦੀ “ਦਿਨੋ ਦਿਨ” ਉਸਤਤ ਕਰਨ ਦੇ ਸਾਡੇ ਕੋਲ ਕਿਹੜੇ ਮੌਕੇ ਹਨ?

• ਕਿਹੜੀਆਂ ਮਿਸਾਲਾਂ ਦਿਖਾਉਂਦੀਆਂ ਹਨ ਕਿ ਯਹੋਵਾਹ ਦੀ ਮਹਾਨਤਾ ਅਸੀਮ ਹੈ?

• ਅਸੀਂ ਯਹੋਵਾਹ ਦੀ ਮਹਿਮਾਵਾਨ ਸ਼ਾਨ ਲਈ ਆਪਣੀ ਕਦਰਦਾਨੀ ਕਿਵੇਂ ਵਧਾ ਸਕਦੇ ਹਾਂ?

[ਸਵਾਲ]

[ਸਫ਼ੇ 10 ਉੱਤੇ ਤਸਵੀਰ]

ਬ੍ਰਹਿਮੰਡ ਵਿਚ ਗਲੈਕਸੀਆਂ ਯਹੋਵਾਹ ਦੀ ਮਹਾਨਤਾ ਦਾ ਸਬੂਤ ਦਿੰਦੀਆਂ ਹਨ

[ਕ੍ਰੈਡਿਟ ਲਾਈਨ]

Courtesy of Anglo-Australian Observatory, hotograph by David Malin

[ਸਫ਼ੇ 12 ਉੱਤੇ ਤਸਵੀਰ]

ਯਿਸੂ ਮਸੀਹ ਦੇ ਸੰਬੰਧ ਵਿਚ ਯਹੋਵਾਹ ਦੀ ਮਹਾਨਤਾ ਦਾ ਸਬੂਤ ਕਿਵੇਂ ਮਿਲਦਾ ਹੈ?

[ਸਫ਼ੇ 13 ਉੱਤੇ ਤਸਵੀਰ]

ਜਦੋਂ ਇਸਰਾਏਲੀਆਂ ਨੂੰ ਸੀਨਈ ਪਹਾੜ ਉੱਤੇ ਬਿਵਸਥਾ ਦਿੱਤੀ ਗਈ, ਤਾਂ ਉਨ੍ਹਾਂ ਨੇ ਯਹੋਵਾਹ ਦੀ ਮਹਿਮਾਵਾਨ ਸ਼ਾਨ ਨੂੰ ਦੇਖਿਆ ਸੀ