Skip to content

Skip to table of contents

“ਯਹੋਵਾਹ ਦੇ ਰੁੱਖ ਤ੍ਰਿਪਤ ਰਹਿੰਦੇ” ਹਨ

“ਯਹੋਵਾਹ ਦੇ ਰੁੱਖ ਤ੍ਰਿਪਤ ਰਹਿੰਦੇ” ਹਨ

ਯਹੋਵਾਹ ਦੀ ਸ੍ਰਿਸ਼ਟੀ ਦੀ ਸ਼ਾਨ

“ਯਹੋਵਾਹ ਦੇ ਰੁੱਖ ਤ੍ਰਿਪਤ ਰਹਿੰਦੇ” ਹਨ

ਕੀ ਤੁਸੀਂ ਕਦੀ ਵੱਡੇ-ਵੱਡੇ ਦਰਖ਼ਤਾਂ ਦੇ ਝੁੰਡਾਂ ਵਿੱਚੋਂ ਦੀ ਸੂਰਜ ਦੀਆਂ ਕਿਰਨਾਂ ਛਣ ਕੇ ਆਉਂਦੀਆਂ ਦੇਖੀਆਂ ਹਨ? ਕੀ ਤੁਸੀਂ ਕਦੇ ਪੱਤਿਆਂ ਨਾਲ ਖਹਿ ਕੇ ਲੰਘਦੀ ਹਵਾ ਦੀ ਸਰਸਰਾਹਟ ਸੁਣੀ ਹੈ?—ਯਸਾਯਾਹ 7:2.

ਦੁਨੀਆਂ ਦੇ ਕਈ ਇਲਾਕਿਆਂ ਵਿਚ ਸਾਲ ਦੇ ਕੁਝ ਮਹੀਨਿਆਂ ਦੌਰਾਨ ਵੱਖੋ-ਵੱਖਰੇ ਦਰਖ਼ਤਾਂ ਦੇ ਪੱਤੇ ਸ਼ੋਖ਼ ਲਾਲ, ਸੰਤਰੀ, ਪੀਲੇ ਅਤੇ ਦੂਸਰੇ ਰੰਗਾਂ ਵਿਚ ਰੰਗੇ ਜਾਂਦੇ ਹਨ। ਇਸ ਤਰ੍ਹਾਂ ਜੰਗਲ ਤਰ੍ਹਾਂ-ਤਰ੍ਹਾਂ ਦੇ ਰੰਗਾਂ ਨਾਲ ਭਰ ਜਾਂਦਾ ਹੈ। ਇਸ ਲਈ ਇਹ ਕਹਿਣਾ ਬਿਲਕੁਲ ਢੁਕਵਾਂ ਹੈ: “ਪਹਾੜ ਖੁਲ੍ਹ ਕੇ ਜੈ ਜੈ ਕਾਰ ਕਰਨ, ਬਣ ਅਤੇ ਉਹ ਦੇ ਸਾਰੇ ਰੁੱਖ।”—ਯਸਾਯਾਹ 44:23. *

ਧਰਤੀ ਦਾ ਇਕ-ਤਿਹਾਈ ਜ਼ਮੀਨੀ ਹਿੱਸਾ ਜੰਗਲਾਂ ਨੇ ਘੇਰਿਆ ਹੋਇਆ ਹੈ। ਜੰਗਲ ਅਤੇ ਇਸ ਵਿਚ ਵੱਸਦੇ ਜੀਵ-ਜੰਤੂ ਆਪਣੇ ਸਿਰਜਣਹਾਰ ਯਹੋਵਾਹ ਪਰਮੇਸ਼ੁਰ ਦੀ ਬਹੁਤ ਵਧੀਆ ਤਰੀਕੇ ਨਾਲ ਮਹਿਮਾ ਕਰਦੇ ਹਨ। ਜ਼ਬੂਰਾਂ ਦੇ ਲਿਖਾਰੀ ਨੇ ਗੀਤ ਗਾਉਂਦੇ ਹੋਏ ਕਿਹਾ: ‘ਫਲਦਾਰ ਬਿਰਛ ਤੇ ਸਾਰੇ ਦਿਆਰ ਯਹੋਵਾਹ ਦੀ ਉਸਤਤ ਕਰਨ!’—ਜ਼ਬੂਰਾਂ ਦੀ ਪੋਥੀ 148:7-9.

ਸਾਡੇ ਆਲੇ-ਦੁਆਲੇ ਦੇ ਰੁੱਖ (ਅੰਗ੍ਰੇਜ਼ੀ) ਨਾਮਕ ਕਿਤਾਬ ਕਹਿੰਦੀ ਹੈ: “ਦਰਖ਼ਤ ਇਨਸਾਨ ਦੀ ਹੋਂਦ ਲਈ ਬਹੁਤ ਜ਼ਰੂਰੀ ਹਨ। ਇਹ ਉਸ ਦੀਆਂ ਲੋੜਾਂ ਪੂਰੀਆਂ ਕਰਦੇ ਹਨ ਅਤੇ ਉਸ ਦੀ ਜ਼ਿੰਦਗੀ ਵਿਚ ਖ਼ੂਬਸੂਰਤੀ ਭਰਦੇ ਹਨ।” ਜੰਗਲ ਪਾਣੀ ਨੂੰ ਸਾਫ਼ ਕਰਦੇ ਹਨ ਅਤੇ ਇਸ ਨੂੰ ਸੰਭਾਲ ਕੇ ਰੱਖਦੇ ਹਨ। ਦਰਖ਼ਤ ਹਵਾ ਨੂੰ ਵੀ ਸਾਫ਼ ਕਰਦੇ ਹਨ। ਪ੍ਰਕਾਸ਼-ਸੰਸ਼ਲੇਸ਼ਣ ਪ੍ਰਕ੍ਰਿਆ ਦੇ ਜ਼ਰੀਏ ਪੱਤੇ ਕਾਰਬਨ ਡਾਈਆਕਸਾਈਡ, ਪਾਣੀ, ਖਣਿਜ ਪਦਾਰਥਾਂ ਅਤੇ ਸੂਰਜ ਦੀ ਰੌਸ਼ਨੀ ਨੂੰ ਪੌਸ਼ਟਿਕ ਤੱਤਾਂ ਅਤੇ ਆਕਸੀਜਨ ਵਿਚ ਬਦਲਦੇ ਹਨ।

ਜੰਗਲ ਖ਼ੂਬਸੂਰਤੀ ਅਤੇ ਡੀਜ਼ਾਈਨ ਦੀ ਬਿਹਤਰੀਨ ਮਿਸਾਲ ਹਨ। ਉੱਚੇ-ਉੱਚੇ ਦਰਖ਼ਤ ਜੰਗਲ ਦੀ ਸ਼ਾਨ ਵਧਾਉਂਦੇ ਹਨ। ਫਰਨ ਘਾਹ, ਕਾਈ, ਅਣਗਿਣਤ ਵੇਲਾਂ, ਝਾੜੀਆਂ ਅਤੇ ਜੜੀ-ਬੂਟੀਆਂ ਵੀ ਜੰਗਲਾਂ ਵਿਚ ਹੁੰਦੀਆਂ ਹਨ। ਇਹ ਸਾਰੇ ਬੂਟੇ ਦਰਖ਼ਤਾਂ ਦੁਆਰਾ ਪੈਦਾ ਕੀਤੇ ਮਾਹੌਲ ਉੱਤੇ ਨਿਰਭਰ ਕਰਦੇ ਹਨ ਅਤੇ ਇਨ੍ਹਾਂ ਦੀ ਛਾਂ ਵਿਚ ਵਧਦੇ ਹਨ ਅਤੇ ਜੰਗਲਾਂ ਵਿਚ ਪਾਈ ਜਾਂਦੀ ਨਮੀ ਨੂੰ ਸੋਖਦੇ ਹਨ।

ਕੁਝ ਜੰਗਲਾਂ ਵਿਚ ਪਤਝੜ ਦੇ ਮੌਸਮ ਦੌਰਾਨ ਇਕ ਏਕੜ ਰਕਬੇ ਵਿਚ ਇਕ ਕਰੋੜ ਤਕ ਪੱਤੇ ਝੜਦੇ ਹਨ। ਇਨ੍ਹਾਂ ਪੱਤਿਆਂ ਦਾ ਕੀ ਬਣਦਾ ਹੈ? ਕੀੜੇ-ਮਕੌੜੇ, ਉੱਲੀ, ਸੂੰਡੀਆਂ ਅਤੇ ਦੂਸਰੇ ਜੀਵ ਇਨ੍ਹਾਂ ਪੱਤਿਆਂ ਨੂੰ ਖਾਦ ਵਿਚ ਬਦਲ ਦਿੰਦੇ ਹਨ ਜੋ ਕਿ ਜ਼ਮੀਨ ਨੂੰ ਉਪਜਾਊ ਬਣਾਉਣ ਲਈ ਬਹੁਤ ਜ਼ਰੂਰੀ ਹਨ। ਜੀ ਹਾਂ, ਇਹ ਖ਼ਾਮੋਸ਼ ਕਾਮੇ ਨਵੇਂ ਰੁੱਖਾਂ ਲਈ ਜ਼ਮੀਨ ਤਿਆਰ ਕਰਦੇ ਹਨ ਅਤੇ ਕੁਝ ਵੀ ਬੇਕਾਰ ਨਹੀਂ ਜਾਣ ਦਿੰਦੇ।

ਮਰੇ ਪੱਤਿਆਂ ਹੇਠ ਜ਼ਮੀਨ ਉੱਤੇ ਬਹੁਤ ਸਾਰੇ ਜੀਵ-ਜੰਤੂ ਪਲਦੇ ਹਨ। ਜੰਗਲ (ਅੰਗ੍ਰੇਜ਼ੀ) ਕਿਤਾਬ ਅਨੁਸਾਰ, ‘30 ਵਰਗ ਸੈਂਟੀਮੀਟਰ ਦੇ ਘੇਰੇ ਵਿਚ ਅਤੇ 2.5 ਸੈਂਟੀਮੀਟਰ ਡੂੰਘੀ ਜ਼ਮੀਨ ਦੇ ਅੰਦਰ 1,350 ਜੀਵ-ਜੰਤੂ ਪਾਏ ਜਾ ਸਕਦੇ ਹਨ। ਇਸ ਗਿਣਤੀ ਵਿਚ ਮਿੱਟੀ ਵਿਚ ਪਾਏ ਜਾਂਦੇ ਅਰਬਾਂ-ਖਰਬਾਂ ਸੂਖਮ-ਦਰਸ਼ੀ ਜੀਵ ਸ਼ਾਮਲ ਨਹੀਂ ਹਨ।’ ਇਸ ਤੋਂ ਇਲਾਵਾ, ਜੰਗਲ ਵਿਚ ਰੀਂਗਣ ਵਾਲੇ ਜੀਵ, ਪੰਛੀ, ਕੀੜੇ-ਮਕੌੜੇ ਅਤੇ ਥਣਧਾਰੀ ਜੀਵ ਹੁੰਦੇ ਹਨ। ਇਨ੍ਹਾਂ ਵੱਖੋ-ਵੱਖਰੇ ਸੁੰਦਰ ਜੀਵ-ਜੰਤੂਆਂ ਲਈ ਕਿਸ ਦੀ ਮਹਿਮਾ ਹੋਣੀ ਚਾਹੀਦੀ ਹੈ? ਇਨ੍ਹਾਂ ਦਾ ਸਿਰਜਣਹਾਰ ਬਿਲਕੁਲ ਸਹੀ ਕਹਿੰਦਾ ਹੈ: “ਜੰਗਲ ਦੇ ਸਾਰੇ ਦਰਿੰਦੇ ਮੇਰੇ ਹਨ, ਨਾਲੇ ਹਜ਼ਾਰਾਂ ਪਹਾੜਾਂ ਦੇ ਡੰਗਰ।”—ਜ਼ਬੂਰਾਂ ਦੀ ਪੋਥੀ 50:10.

ਸਿਰਜਣਹਾਰ ਨੇ ਕੁਝ ਜਾਨਵਰਾਂ ਵਿਚ ਸਰਦੀਆਂ ਦੇ ਠੰਢੇ-ਠਾਰ ਮੌਸਮ ਦੌਰਾਨ ਲੰਬੇ ਸਮੇਂ ਤਕ ਸੁੱਤੇ ਰਹਿਣ ਅਤੇ ਭੋਜਨ ਤੋਂ ਬਿਨਾਂ ਗੁਜ਼ਾਰਾ ਕਰਨ ਦੀ ਯੋਗਤਾ ਪਾਈ ਹੈ। ਪਰ ਸਾਰੇ ਜਾਨਵਰ ਸਰਦੀਆਂ ਦੌਰਾਨ ਨਹੀਂ ਸੌਂਦੇ। ਠੰਢ ਵਿਚ ਵੀ ਤੁਸੀਂ ਹਿਰਨਾਂ ਦੇ ਝੁੰਡ ਦੇਖ ਸਕਦੇ ਹੋ। ਹਿਰਨ ਨਾ ਤਾਂ ਸੌਂ ਕੇ ਸਰਦੀਆਂ ਲੰਘਾਉਂਦੇ ਹਨ ਅਤੇ ਨਾ ਹੀ ਸਰਦੀਆਂ ਵਾਸਤੇ ਭੋਜਨ ਇਕੱਠਾ ਕਰ ਕੇ ਰੱਖਦੇ ਹਨ, ਪਰ ਉਹ ਕੋਮਲ ਟਾਹਣੀਆਂ ਅਤੇ ਡੋਡੀਆਂ ਦੇ ਸਹਾਰੇ ਜੀਉਂਦੇ ਹਨ, ਜਿਵੇਂ ਕਿ ਤੁਸੀਂ ਜਰਮਨੀ ਵਿਚ ਲਈ ਗਈ ਇਸ ਤਸਵੀਰ ਵਿਚ ਦੇਖ ਸਕਦੇ ਹੋ।

ਬਾਈਬਲ ਵਿਚ ਬਹੁਤ ਸਾਰੇ ਰੁੱਖਾਂ ਬਾਰੇ ਗੱਲ ਕੀਤੀ ਗਈ ਹੈ। ਇਕ ਗਿਣਤੀ ਅਨੁਸਾਰ ਬਾਈਬਲ ਵਿਚ ਤਕਰੀਬਨ 130 ਵੱਖੋ-ਵੱਖਰੇ ਪੌਦਿਆਂ ਦਾ ਜ਼ਿਕਰ ਕੀਤਾ ਗਿਆ ਹੈ ਜਿਸ ਵਿਚ 30 ਕਿਸਮ ਦੇ ਦਰਖ਼ਤ ਸ਼ਾਮਲ ਹਨ। ਇਸ ਬਾਰੇ ਬਨਸਪਤੀ-ਵਿਗਿਆਨੀ ਮਾਈਕਲ ਜ਼ੋਹਾਰੀ ਕਹਿੰਦਾ ਹੈ: “ਜ਼ਿੰਦਗੀ ਦੇ ਵੱਖਰੇ-ਵੱਖਰੇ ਪਹਿਲੂਆਂ ਨਾਲ ਜੁੜੇ ਜਿੰਨੇ ਪੇੜ-ਪੌਦਿਆਂ ਦਾ ਜ਼ਿਕਰ ਬਾਈਬਲ ਵਿਚ ਕੀਤਾ ਗਿਆ ਹੈ, ਉੱਨਾ ਹੋਰ ਕਿਸੇ ਵੀ ਆਮ ਕਿਤਾਬ ਵਿਚ ਨਹੀਂ ਕੀਤਾ ਗਿਆ ਹੈ।”

ਦਰਖ਼ਤ ਅਤੇ ਜੰਗਲ ਸਾਡੇ ਸਿਰਜਣਹਾਰ ਵੱਲੋਂ ਇਕ ਸ਼ਾਨਦਾਰ ਤੋਹਫ਼ਾ ਹਨ। ਇਹ ਉਸ ਦੇ ਪਿਆਰ ਦਾ ਸਬੂਤ ਹਨ। ਜੇ ਤੁਸੀਂ ਕਦੀ ਜੰਗਲ ਵਿਚ ਸਮਾਂ ਬਿਤਾਇਆ ਹੈ, ਤਾਂ ਤੁਸੀਂ ਜ਼ਰੂਰ ਜ਼ਬੂਰਾਂ ਦੇ ਲਿਖਾਰੀ ਦੀ ਇਸ ਗੱਲ ਨਾਲ ਸਹਿਮਤ ਹੋਵੋਗੇ: “ਯਹੋਵਾਹ ਦੇ ਰੁੱਖ ਤ੍ਰਿਪਤ ਰਹਿੰਦੇ, ਲਬਾਨੋਨ ਦੇ ਦਿਆਰ ਜਿਹੜੇ ਉਸ ਨੇ ਲਾਏ, ਜਿੱਥੇ ਚਿੜੀਆਂ ਆਪਣੇ ਆਹਲਣੇ ਬਣਾਉਂਦੀਆਂ ਹਨ।”—ਜ਼ਬੂਰਾਂ ਦੀ ਪੋਥੀ 104:16, 17.

[ਫੁਟਨੋਟ]

^ ਪੈਰਾ 4 ਯਹੋਵਾਹ ਦੇ ਗਵਾਹਾਂ ਦੁਆਰਾ ਛਾਪਿਆ ਗਿਆ ਕਲੰਡਰ 2004, ਜਨਵਰੀ/ਫਰਵਰੀ ਦੇਖੋ।

[ਡੱਬੀ/ਸਫ਼ੇ 9 ਉੱਤੇ ਤਸਵੀਰ]

ਮੱਧ ਪੂਰਬ ਵਿਚ ਪਾਏ ਜਾਣ ਵਾਲੇ ਵੱਡੇ-ਵੱਡੇ ਫਲਦਾਰ ਦਰਖ਼ਤਾਂ ਵਿੱਚੋਂ ਇਕ ਹੈ ਬਦਾਮ ਦਾ ਰੁੱਖ। ਸਾਲ ਦੇ ਸ਼ੁਰੂ ਵਿਚ, ਇਸ ਦਰਖ਼ਤ ਦੇ ਫੁੱਲ ਦੂਸਰੇ ਜ਼ਿਆਦਾਤਰ ਦਰਖ਼ਤਾਂ ਤੋਂ ਬਹੁਤ ਸਮਾਂ ਪਹਿਲਾਂ ਖਿੜਦੇ ਹਨ। ਪੁਰਾਣੀ ਇਬਰਾਨੀ ਭਾਸ਼ਾ ਵਿਚ ਬਦਾਮ ਦੇ ਰੁੱਖ ਨੂੰ ਨੀਂਦ ਤੋਂ ਜਾਗਣ ਵਾਲਾ ਦਰਖ਼ਤ ਕਿਹਾ ਗਿਆ ਹੈ ਕਿਉਂਕਿ ਇਸ ਦੇ ਫੁੱਲ ਦੂਸਰੇ ਦਰਖ਼ਤਾਂ ਨਾਲੋਂ ਪਹਿਲਾਂ ਖਿੜ ਜਾਂਦੇ ਹਨ। ਬਦਾਮ ਦੇ ਦਰਖ਼ਤ ਨੂੰ ਗੁਲਾਬੀ ਜਾਂ ਚਿੱਟੇ ਰੰਗ ਦੇ ਫੁੱਲ ਲੱਗਦੇ ਹਨ।—ਉਪਦੇਸ਼ਕ ਦੀ ਪੋਥੀ 12:5.

ਤਕਰੀਬਨ 9,000 ਵੱਖੋ-ਵੱਖਰੀ ਕਿਸਮ ਦੇ ਪੰਛੀਆਂ ਵਿੱਚੋਂ 5,000 ਨੂੰ ਗਾਉਣ ਵਾਲੇ ਪੰਛੀ ਕਿਹਾ ਗਿਆ ਹੈ। ਉਨ੍ਹਾਂ ਦੇ ਗਾਣੇ ਸੰਘਣੇ ਜੰਗਲ ਦੀ ਖ਼ਾਮੋਸ਼ੀ ਨੂੰ ਤੋੜਦੇ ਹਨ। (ਜ਼ਬੂਰਾਂ ਦੀ ਪੋਥੀ 104:12) ਉਦਾਹਰਣ ਲਈ, ਸੌਂਗ ਸਪੈਰੋ ਨਾਂ ਦੀ ਚਿੜੀ ਦੀ ਆਵਾਜ਼ ਬਹੁਤ ਹੀ ਮਨਮੋਹਕ ਹੈ। ਛੋਟੇ ਪੰਛੀ ਮੋਰਨਿੰਗ ਵਾਰਬਲਰ (ਜਿਸ ਦੀ ਇੱਥੇ ਤਸਵੀਰ ਦਿੱਤੀ ਗਈ ਹੈ) ਵੀ ਗਾਉਣ ਵਾਲੇ ਪੰਛੀ ਹੁੰਦੇ ਹਨ ਅਤੇ ਇਹ ਸਲੇਟੀ, ਪੀਲੇ ਅਤੇ ਹਰੇ ਜ਼ੈਤੂਨੀ ਰੰਗ ਦੇ ਹੁੰਦੇ ਹਨ।—ਜ਼ਬੂਰਾਂ ਦੀ ਪੋਥੀ 148:1, 10.

[ਸਫ਼ੇ 9 ਉੱਤੇ ਤਸਵੀਰ]

ਨੋਰਮੰਡੀ, ਫਰਾਂਸ ਵਿਚ ਜੰਗਲ