Skip to content

Skip to table of contents

ਵਾਅਦੇ ਜਿਨ੍ਹਾਂ ਉੱਤੇ ਤੁਸੀਂ ਭਰੋਸਾ ਰੱਖ ਸਕਦੇ ਹੋ

ਵਾਅਦੇ ਜਿਨ੍ਹਾਂ ਉੱਤੇ ਤੁਸੀਂ ਭਰੋਸਾ ਰੱਖ ਸਕਦੇ ਹੋ

ਵਾਅਦੇ ਜਿਨ੍ਹਾਂ ਉੱਤੇ ਤੁਸੀਂ ਭਰੋਸਾ ਰੱਖ ਸਕਦੇ ਹੋ

ਪਰਮੇਸ਼ੁਰ ਦਾ ਨਬੀ ਮੀਕਾਹ ਜਾਣਦਾ ਸੀ ਕਿ ਵਾਅਦੇ ਅਕਸਰ ਨਿਭਾਏ ਨਹੀਂ ਜਾਂਦੇ। ਉਸ ਦੇ ਜ਼ਮਾਨੇ ਵਿਚ ਜਿਗਰੀ ਦੋਸਤਾਂ ਉੱਤੇ ਵੀ ਭਰੋਸਾ ਨਹੀਂ ਰੱਖਿਆ ਜਾ ਸਕਦਾ ਸੀ ਕਿ ਉਹ ਹਮੇਸ਼ਾ ਆਪਣੇ ਵਾਅਦੇ ਨਿਭਾਉਣਗੇ। ਇਸ ਲਈ ਮੀਕਾਹ ਨਬੀ ਨੇ ਚੇਤਾਵਨੀ ਦਿੱਤੀ: “ਗੁਆਂਢੀ ਉੱਤੇ ਈਮਾਨ ਨਾ ਲਾਓ, ਮਿੱਤ੍ਰ ਉੱਤੇ ਭਰੋਸਾ ਨਾ ਰੱਖੋ, ਜੋ ਤੇਰੀ ਹਿੱਕ ਉੱਤੇ ਲੇਟਦੀ ਹੈ, ਉਸ ਤੋਂ ਵੀ ਆਪਣੇ ਮੂੰਹ ਦੇ ਦਰਵੱਜੇ ਦੀ ਰਾਖੀ ਕਰ।”—ਮੀਕਾਹ 7:5.

ਕੀ ਮੀਕਾਹ ਇਸ ਅਫ਼ਸੋਸਨਾਕ ਹਾਲਤ ਕਰਕੇ ਸਾਰੇ ਵਾਅਦਿਆਂ ਉੱਤੇ ਸ਼ੱਕ ਕਰਨ ਲੱਗ ਪਿਆ ਸੀ? ਨਹੀਂ! ਉਸ ਨੇ ਆਪਣੇ ਪਰਮੇਸ਼ੁਰ ਯਹੋਵਾਹ ਦੇ ਵਾਅਦਿਆਂ ਉੱਤੇ ਪੂਰਾ ਭਰੋਸਾ ਰੱਖਿਆ। ਮੀਕਾਹ ਨੇ ਲਿਖਿਆ: “ਮੈਂ ਯਹੋਵਾਹ ਨੂੰ ਤੱਕਾਂਗਾ, ਮੈਂ ਆਪਣੇ ਮੁਕਤੀ ਦਾਤੇ ਪਰਮੇਸ਼ੁਰ ਦੀ ਉਡੀਕ ਕਰਾਂਗਾ।”—ਮੀਕਾਹ 7:7.

ਮੀਕਾਹ ਨੂੰ ਇੰਨਾ ਭਰੋਸਾ ਕਿਉਂ ਸੀ? ਕਿਉਂਕਿ ਉਹ ਜਾਣਦਾ ਸੀ ਕਿ ਯਹੋਵਾਹ ਹਮੇਸ਼ਾ ਆਪਣੇ ਵਾਅਦੇ ਪੂਰੇ ਕਰਦਾ ਹੈ। ਯਹੋਵਾਹ ਨੇ ਮੀਕਾਹ ਦੇ ਦਾਦਿਆਂ-ਪੜਦਾਦਿਆਂ ਨਾਲ ਕੀਤੇ ਸਾਰੇ ਵਾਅਦੇ ਨਿਭਾਏ ਸਨ। (ਮੀਕਾਹ 7:20) ਆਪਣੇ ਵਾਅਦਿਆਂ ਪ੍ਰਤੀ ਯਹੋਵਾਹ ਦੀ ਇਸ ਵਫ਼ਾਦਾਰੀ ਕਰਕੇ ਮੀਕਾਹ ਨੂੰ ਪੂਰਾ ਭਰੋਸਾ ਸੀ ਕਿ ਯਹੋਵਾਹ ਭਵਿੱਖ ਸੰਬੰਧੀ ਆਪਣੇ ਵਾਅਦੇ ਵੀ ਜ਼ਰੂਰ ਪੂਰੇ ਕਰੇਗਾ।

“ਇੱਕ ਬਚਨ ਵੀ ਨਾ ਰਿਹਾ”

ਉਦਾਹਰਣ ਲਈ, ਮੀਕਾਹ ਜਾਣਦਾ ਸੀ ਕਿ ਯਹੋਵਾਹ ਨੇ ਇਸਰਾਏਲੀਆਂ ਨੂੰ ਮਿਸਰ ਦੀ ਗ਼ੁਲਾਮੀ ਤੋਂ ਛੁਡਾਇਆ ਸੀ। (ਮੀਕਾਹ 7:15) ਛੁੱਟਣ ਵਾਲਿਆਂ ਵਿਚ ਯਹੋਸ਼ੁਆ ਵੀ ਸੀ। ਉਸ ਨੇ ਇਸਰਾਏਲੀਆਂ ਨੂੰ ਪਰਮੇਸ਼ੁਰ ਦੇ ਸਾਰੇ ਵਾਅਦਿਆਂ ਉੱਤੇ ਭਰੋਸਾ ਰੱਖਣ ਲਈ ਪ੍ਰੇਰਿਆ। ਕਿਸ ਆਧਾਰ ਤੇ? ਯਹੋਸ਼ੁਆ ਨੇ ਉਨ੍ਹਾਂ ਨੂੰ ਯਾਦ ਕਰਾਇਆ: “ਤੁਸੀਂ ਆਪਣੇ ਸਾਰੇ ਮਨਾਂ ਵਿੱਚ ਅਤੇ ਆਪਣੀਆਂ ਸਾਰੀਆਂ ਜਾਨਾਂ ਵਿੱਚ ਜਾਣਦੇ ਹੋ ਭਈ ਏਹਨਾਂ ਸਾਰਿਆਂ ਚੰਗਿਆਂ ਬਚਨਾਂ ਵਿੱਚ ਇੱਕ ਬਚਨ ਵੀ ਨਾ ਰਹਿ ਗਿਆ ਜਿਹੜਾ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਡੇ ਵਿਖੇ ਬੋਲਿਆ। ਓਹ ਸਾਰੇ ਤੁਹਾਡੇ ਲਈ ਪੂਰੇ ਹੋਏ। ਓਹਨਾਂ ਵਿੱਚੋਂ ਇੱਕ ਬਚਨ ਵੀ ਨਾ ਰਿਹਾ।”—ਯਹੋਸ਼ੁਆ 23:14.

ਇਸਰਾਏਲੀ ਚੰਗੀ ਤਰ੍ਹਾਂ ਜਾਣਦੇ ਸਨ ਕਿ ਯਹੋਵਾਹ ਨੇ ਉਨ੍ਹਾਂ ਲਈ ਅਦਭੁਤ ਕੰਮ ਕੀਤੇ ਸਨ। ਉਸ ਨੇ ਉਨ੍ਹਾਂ ਦੇ ਵੱਡ-ਵਡੇਰੇ ਅਬਰਾਹਾਮ ਨਾਲ ਕੀਤਾ ਇਹ ਵਾਅਦਾ ਪੂਰਾ ਕੀਤਾ ਕਿ ਅਬਰਾਹਾਮ ਦੀ ਸੰਤਾਨ ਆਕਾਸ਼ ਦੇ ਤਾਰਿਆਂ ਵਾਂਗ ਅਣਗਿਣਤ ਹੋ ਜਾਵੇਗੀ ਅਤੇ ਉਹ ਕਨਾਨ ਦੇਸ਼ ਵਿਚ ਰਹੇਗੀ। ਯਹੋਵਾਹ ਨੇ ਅਬਰਾਹਾਮ ਨੂੰ ਇਹ ਵੀ ਦੱਸਿਆ ਸੀ ਕਿ ਉਸ ਦੀ ਸੰਤਾਨ 400 ਸਾਲ ਦੁੱਖ ਝੱਲੇਗੀ, ਪਰ “ਚੌਥੀ ਪੀੜ੍ਹੀ” ਵਿਚ ਉਹ ਕਨਾਨ ਫੇਰ ਮੁੜਨਗੇ। ਇਹ ਸਾਰੀਆਂ ਗੱਲਾਂ ਪੂਰੀਆਂ ਹੋਈਆਂ।—ਉਤਪਤ 15:5-16; ਕੂਚ 3:6-8.

ਯਾਕੂਬ ਦੇ ਪੁੱਤਰ ਯੂਸੁਫ਼ ਦੇ ਦਿਨਾਂ ਵਿਚ ਇਸਰਾਏਲੀਆਂ ਦਾ ਮਿਸਰ ਵਿਚ ਸੁਆਗਤ ਕੀਤਾ ਗਿਆ ਸੀ। ਬਾਅਦ ਵਿਚ ਮਿਸਰੀਆਂ ਨੇ ਉਨ੍ਹਾਂ ਨੂੰ ਗ਼ੁਲਾਮ ਬਣਾ ਕੇ ਜ਼ਬਰਦਸਤੀ ਉਨ੍ਹਾਂ ਤੋਂ ਮਜ਼ਦੂਰੀ ਕਰਵਾਈ। ਪਰ ਪਰਮੇਸ਼ੁਰ ਦੇ ਵਾਅਦੇ ਅਨੁਸਾਰ, ਮਿਸਰ ਵਿਚ ਆਉਣ ਤੋਂ ਤਕਰੀਬਨ ਚਾਰ ਪੀੜ੍ਹੀਆਂ ਬਾਅਦ ਅਬਰਾਹਾਮ ਦੀ ਸੰਤਾਨ ਨੂੰ ਮਿਸਰ ਦੀ ਗ਼ੁਲਾਮੀ ਤੋਂ ਛੁਡਾਇਆ ਗਿਆ। *

ਮਿਸਰ ਤੋਂ ਛੁੱਟਣ ਤੋਂ ਬਾਅਦ ਅਗਲੇ 40 ਸਾਲਾਂ ਦੌਰਾਨ ਇਸਰਾਏਲੀਆਂ ਨੂੰ ਇਹ ਦੇਖਣ ਦਾ ਮੌਕਾ ਮਿਲਿਆ ਕਿ ਯਹੋਵਾਹ ਹਮੇਸ਼ਾ ਆਪਣੇ ਵਾਅਦੇ ਪੂਰੇ ਕਰਦਾ ਹੈ। ਜਦੋਂ ਅਮਾਲੇਕੀਆਂ ਨੇ ਬਿਨਾਂ ਵਜ੍ਹਾ ਇਸਰਾਏਲੀਆਂ ਉੱਤੇ ਹਮਲਾ ਕੀਤਾ ਸੀ, ਤਾਂ ਪਰਮੇਸ਼ੁਰ ਆਪਣੇ ਲੋਕਾਂ ਲਈ ਲੜਿਆ ਤੇ ਉਸ ਨੇ ਉਨ੍ਹਾਂ ਨੂੰ ਬਚਾਇਆ। ਉਸ ਨੇ ਉਜਾੜ ਵਿਚ 40 ਸਾਲ ਦੌਰਾਨ ਉਨ੍ਹਾਂ ਦੀਆਂ ਲੋੜਾਂ ਪੂਰੀਆਂ ਕੀਤੀਆਂ ਅਤੇ ਉਨ੍ਹਾਂ ਨੂੰ ਵਾਅਦਾ ਕੀਤੇ ਹੋਏ ਦੇਸ਼ ਵਿਚ ਵਸਾਇਆ। ਅਬਰਾਹਾਮ ਦੀ ਸੰਤਾਨ ਨਾਲ ਯਹੋਵਾਹ ਦੇ ਵਰਤਾਅ ਉੱਤੇ ਮੁੜ ਵਿਚਾਰ ਕਰਦੇ ਹੋਏ ਯਹੋਸ਼ੁਆ ਨੇ ਪੂਰੇ ਭਰੋਸੇ ਨਾਲ ਕਿਹਾ: “ਉਨ੍ਹਾਂ ਸਾਰਿਆਂ ਚੰਗਿਆਂ ਬਚਨਾਂ ਵਿੱਚੋਂ ਜਿਹੜੇ ਯਹੋਵਾਹ ਨੇ ਇਸਰਾਏਲ ਦੇ ਘਰਾਣੇ ਨਾਲ ਕੀਤੇ ਇੱਕ ਬਚਨ ਵੀ ਰਹਿ ਨਾ ਗਿਆ, ਸਾਰੇ ਪੂਰੇ ਹੋਏ।”—ਯਹੋਸ਼ੁਆ 21:45.

ਪਰਮੇਸ਼ੁਰ ਦੇ ਵਾਅਦਿਆਂ ਉੱਤੇ ਭਰੋਸਾ ਰੱਖਣਾ ਸਿੱਖੋ

ਮੀਕਾਹ ਅਤੇ ਯਹੋਸ਼ੁਆ ਵਾਂਗ ਤੁਸੀਂ ਵੀ ਯਹੋਵਾਹ ਦੇ ਵਾਅਦਿਆਂ ਉੱਤੇ ਭਰੋਸਾ ਰੱਖਣਾ ਸਿੱਖ ਸਕਦੇ ਹੋ। ਉਹ ਕਿਵੇਂ? ਉਸੇ ਤਰੀਕੇ ਨਾਲ ਜਿਵੇਂ ਤੁਸੀਂ ਦੂਸਰੇ ਲੋਕਾਂ ਉੱਤੇ ਭਰੋਸਾ ਰੱਖਣਾ ਸਿੱਖਦੇ ਹੋ। ਤੁਸੀਂ ਉਨ੍ਹਾਂ ਬਾਰੇ ਜ਼ਿਆਦਾ ਤੋਂ ਜ਼ਿਆਦਾ ਜਾਣਨ ਦੀ ਕੋਸ਼ਿਸ਼ ਕਰਦੇ ਹੋ। ਉਦਾਹਰਣ ਲਈ, ਜਦੋਂ ਤੁਸੀਂ ਦੇਖਦੇ ਹੋ ਕਿ ਉਹ ਆਪਣੇ ਵਾਅਦੇ ਹਮੇਸ਼ਾ ਪੂਰੇ ਕਰਨ ਦੀ ਕੋਸ਼ਿਸ਼ ਕਰਦੇ ਹਨ, ਤਾਂ ਤੁਸੀਂ ਜਾਣ ਜਾਂਦੇ ਹੋ ਕਿ ਉਹ ਭਰੋਸੇ ਦੇ ਕਾਬਲ ਹਨ। ਤੁਸੀਂ ਉਨ੍ਹਾਂ ਨੂੰ ਜਿੰਨੀ ਚੰਗੀ ਤਰ੍ਹਾਂ ਜਾਣੋਗੇ, ਉਨ੍ਹਾਂ ਉੱਤੇ ਤੁਹਾਡਾ ਭਰੋਸਾ ਉੱਨਾ ਹੀ ਵਧੇਗਾ। ਪਰਮੇਸ਼ੁਰ ਦੇ ਵਾਅਦਿਆਂ ਉੱਤੇ ਭਰੋਸਾ ਰੱਖਣਾ ਸਿੱਖਣ ਲਈ ਵੀ ਇਸੇ ਤਰ੍ਹਾਂ ਕਰਨਾ ਜ਼ਰੂਰੀ ਹੈ।

ਪਰਮੇਸ਼ੁਰ ਨੂੰ ਜਾਣਨ ਦਾ ਇਕ ਤਰੀਕਾ ਹੈ ਉਸ ਦੀ ਸ੍ਰਿਸ਼ਟੀ ਅਤੇ ਇਸ ਨੂੰ ਚਲਾਉਣ ਵਾਲੇ ਨਿਯਮਾਂ ਉੱਤੇ ਗੌਰ ਕਰਨਾ। ਵਿਗਿਆਨੀਆਂ ਨੂੰ ਇਨ੍ਹਾਂ ਨਿਯਮਾਂ ਉੱਤੇ ਪੂਰਾ ਭਰੋਸਾ ਹੈ। ਮਿਸਾਲ ਲਈ, ਉਹ ਜਾਣਦੇ ਹਨ ਕਿ ਕੁਦਰਤੀ ਨਿਯਮਾਂ ਅਨੁਸਾਰ ਮਾਂ ਦੀ ਕੁੱਖ ਵਿਚ ਇਕ ਮਨੁੱਖੀ ਸੈੱਲ ਤੋਂ ਹੋਰ ਅਰਬਾਂ ਸੈੱਲ ਬਣਦੇ ਹਨ ਤੇ ਅਖ਼ੀਰ ਵਿਚ ਇਕ ਬੱਚੇ ਦਾ ਜਨਮ ਹੁੰਦਾ ਹੈ। ਇਹ ਨਿਯਮ ਬਦਲਦੇ ਨਹੀਂ ਹਨ, ਇਨ੍ਹਾਂ ਤੇ ਭਰੋਸਾ ਰੱਖਿਆ ਜਾ ਸਕਦਾ ਹੈ। ਤਾਂ ਫਿਰ, ਪੂਰੇ ਬ੍ਰਹਿਮੰਡ ਵਿਚ ਭੌਤਿਕ ਤੱਤਾਂ ਅਤੇ ਊਰਜਾ ਨੂੰ ਕੰਟ੍ਰੋਲ ਕਰਨ ਵਾਲੇ ਨਿਯਮਾਂ ਨੂੰ ਬਣਾਉਣ ਵਾਲਾ ਸਿਰਜਣਹਾਰ ਵੀ ਪੂਰੀ ਤਰ੍ਹਾਂ ਭਰੋਸੇਮੰਦ ਹੋਵੇਗਾ। ਇਸ ਲਈ ਤੁਸੀਂ ਉਸ ਦੇ ਵਾਅਦਿਆਂ ਉੱਤੇ ਪੂਰਾ ਭਰੋਸਾ ਰੱਖ ਸਕਦੇ ਹੋ, ਜਿਵੇਂ ਤੁਸੀਂ ਉਸ ਦੀ ਸ੍ਰਿਸ਼ਟੀ ਦੇ ਨਿਯਮਾਂ ਉੱਤੇ ਭਰੋਸਾ ਰੱਖਦੇ ਹੋ।—ਜ਼ਬੂਰਾਂ ਦੀ ਪੋਥੀ 139:14-16; ਯਸਾਯਾਹ 40:26; ਇਬਰਾਨੀਆਂ 3:4.

ਮੀਕਾਹ ਦੇ ਦਿਨਾਂ ਦੇ ਇਕ ਹੋਰ ਨਬੀ ਯਸਾਯਾਹ ਰਾਹੀਂ ਯਹੋਵਾਹ ਨੇ ਰੁੱਤਾਂ ਦੇ ਸਮੇਂ ਸਿਰ ਆਉਣ ਅਤੇ ਪਾਣੀ ਦੇ ਅਦਭੁਤ ਚੱਕਰ ਦੀ ਉਦਾਹਰਣ ਵਰਤ ਕੇ ਦਿਖਾਇਆ ਕਿ ਉਹ ਆਪਣੇ ਵਾਅਦੇ ਦਾ ਕਿੰਨਾ ਪੱਕਾ ਹੈ। ਹਰ ਸਾਲ ਬਰਸਾਤ ਦਾ ਮੌਸਮ ਆਉਂਦਾ ਸੀ। ਮੀਂਹ ਜ਼ਮੀਨ ਨੂੰ ਸਿੰਜਦਾ ਸੀ ਜਿਸ ਨਾਲ ਲੋਕਾਂ ਲਈ ਫ਼ਸਲ ਬੀਜਣੀ ਅਤੇ ਫਿਰ ਵਾਢੀ ਕਰਨੀ ਮੁਮਕਿਨ ਹੁੰਦੀ ਸੀ। ਇਸ ਬਾਰੇ ਯਹੋਵਾਹ ਨੇ ਕਿਹਾ: “ਜਿਵੇਂ ਤਾਂ ਵਰਖਾ ਅਤੇ ਬਰਫ਼ ਅਕਾਸ਼ ਤੋਂ ਪੈਂਦੀ ਹੈ, ਅਤੇ ਉੱਥੇ ਨੂੰ ਮੁੜ ਨਹੀਂ ਜਾਂਦੀ, ਸਗੋਂ ਧਰਤੀ ਨੂੰ ਸਿੰਜ ਕੇ ਉਸ ਨੂੰ ਜਮਾਉਂਦੀ ਅਤੇ ਖਿੜਾਉਂਦੀ ਹੈ, ਐਉਂ ਬੀਜਣ ਵਾਲੇ ਨੂੰ ਬੀ ਅਤੇ ਖਾਣ ਵਾਲੇ ਨੂੰ ਰੋਟੀ ਦਿੰਦੀ ਹੈ, ਤਿਵੇਂ ਮੇਰਾ ਬਚਨ ਹੋਵੇਗਾ ਜੋ ਮੇਰੇ ਮੂੰਹੋਂ ਨਿੱਕਲਦਾ ਹੈ, ਉਹ ਮੇਰੀ ਵੱਲ ਅਵਿਰਥਾ ਨਹੀਂ ਮੁੜੇਗਾ, ਪਰ ਜੋ ਮੈਂ ਠਾਣਿਆ ਉਸ ਨੂੰ ਪੂਰਾ ਕਰੇਗਾ, ਅਤੇ ਜਿਸ ਲਈ ਮੈਂ ਘੱਲਿਆ, ਉਸ ਵਿੱਚ ਸਫ਼ਲ ਹੋਏਗਾ।”—ਯਸਾਯਾਹ 55:10, 11.

ਫਿਰਦੌਸ ਸੰਬੰਧੀ ਪੱਕੇ ਵਾਅਦੇ

ਸ੍ਰਿਸ਼ਟੀ ਉੱਤੇ ਗੌਰ ਕਰਨ ਨਾਲ ਸਿਰਜਣਹਾਰ ਉੱਤੇ ਸਾਡਾ ਭਰੋਸਾ ਵਧ ਸਕਦਾ ਹੈ। ਪਰ ਸ੍ਰਿਸ਼ਟੀ ਸਾਨੂੰ ਉਨ੍ਹਾਂ ਵਾਅਦਿਆਂ ਬਾਰੇ ਨਹੀਂ ਦੱਸ ਸਕਦੀ ਜਿਹੜੇ ‘ਪਰਮੇਸ਼ੁਰ ਦੇ ਮੂੰਹੋਂ ਨਿੱਕਲੇ ਬਚਨ’ ਦਾ ਹਿੱਸਾ ਹਨ। ਪਰਮੇਸ਼ੁਰ ਦੇ ਵਾਅਦਿਆਂ ਉੱਤੇ ਭਰੋਸਾ ਰੱਖਣ ਲਈ ਤੁਹਾਨੂੰ ਬਾਈਬਲ ਵਿਚ ਦਰਜ ਧਰਤੀ ਲਈ ਪਰਮੇਸ਼ੁਰ ਦੇ ਮਕਸਦ ਅਤੇ ਮਨੁੱਖਜਾਤੀ ਨਾਲ ਉਸ ਦੇ ਸਲੂਕ ਬਾਰੇ ਜਾਣਨਾ ਪਵੇਗਾ।—2 ਤਿਮੋਥਿਉਸ 3:14-17.

ਮੀਕਾਹ ਨਬੀ ਨੂੰ ਯਹੋਵਾਹ ਦੇ ਵਾਅਦਿਆਂ ਉੱਤੇ ਪੂਰਾ ਭਰੋਸਾ ਸੀ ਭਾਵੇਂ ਉਸ ਕੋਲ ਪਰਮੇਸ਼ੁਰ ਦੇ ਬਚਨ ਦੀ ਪੂਰੀ ਕਿਤਾਬ ਨਹੀਂ ਸੀ। ਪਰ ਅੱਜ ਤੁਹਾਡੇ ਕੋਲ ਪੂਰੀ ਕਿਤਾਬ ਹੈ। ਤੁਸੀਂ ਬਾਈਬਲ ਪੜ੍ਹ ਕੇ ਅਤੇ ਇਸ ਉੱਤੇ ਮਨਨ ਕਰ ਕੇ ਪਰਮੇਸ਼ੁਰ ਦੇ ਵਾਅਦਿਆਂ ਉੱਤੇ ਭਰੋਸਾ ਰੱਖਣਾ ਸਿੱਖ ਸਕਦੇ ਹੋ। ਇਹ ਵਾਅਦੇ ਸਿਰਫ਼ ਅਬਰਾਹਾਮ ਦੇ ਖ਼ਾਨਦਾਨ ਨਾਲ ਹੀ ਨਹੀਂ ਕੀਤੇ ਗਏ, ਸਗੋਂ ਸਾਰੀ ਮਨੁੱਖਜਾਤੀ ਨਾਲ ਕੀਤੇ ਗਏ ਹਨ। ਅਬਰਾਹਾਮ ਨਾਲ ਯਹੋਵਾਹ ਨੇ ਵਾਅਦਾ ਕੀਤਾ: “ਤੇਰੀ ਅੰਸ ਵਿੱਚ ਧਰਤੀ ਦੀਆਂ ਸਾਰੀਆਂ ਕੌਮਾਂ ਬਰਕਤ ਪਾਉਣਗੀਆਂ ਕਿਉਂਜੋ ਤੈਂ ਮੇਰੇ ਬੋਲ ਨੂੰ ਸੁਣਿਆ ਹੈ।” (ਉਤਪਤ 22:18) ਅਬਰਾਹਾਮ ਦੀ “ਅੰਸ” ਜਾਂ ਸੰਤਾਨ ਮੁੱਖ ਤੌਰ ਤੇ ਮਸੀਹ ਯਿਸੂ ਹੈ।—ਗਲਾਤੀਆਂ 3:16.

ਯਿਸੂ ਮਸੀਹ ਰਾਹੀਂ ਯਹੋਵਾਹ ਇਸ ਗੱਲ ਦਾ ਧਿਆਨ ਰੱਖੇਗਾ ਕਿ ਸਾਰੇ ਆਗਿਆਕਾਰ ਇਨਸਾਨਾਂ ਨੂੰ ਬਰਕਤਾਂ ਮਿਲਣ। ਪਰਮੇਸ਼ੁਰ ਨੇ ਸਾਡੇ ਸਮੇਂ ਦੇ ਸੰਬੰਧ ਵਿਚ ਕੀ ਵਾਅਦਾ ਕੀਤਾ ਹੈ? ਮੀਕਾਹ 4:1, 2 ਵਿਚ ਇਸ ਦਾ ਜਵਾਬ ਮਿਲਦਾ ਹੈ: “ਆਖਰੀ ਦਿਨਾਂ ਵਿੱਚ ਇਉਂ ਹੋਵੇਗਾ ਕਿ ਯਹੋਵਾਹ ਦੇ ਭਵਨ ਦਾ ਪਰਬਤ ਪਹਾੜਾਂ ਦੇ ਸਿਰ ਤੇ ਕਾਇਮ ਕੀਤਾ ਜਾਵੇਗਾ, ਅਤੇ ਉਹ ਪਹਾੜੀਆਂ ਤੋਂ ਉੱਚਾ ਕੀਤਾ ਜਾਵੇਗਾ, ਅਤੇ ਉੱਮਤਾਂ ਉਸ ਦੀ ਵੱਲ ਵਗਣਗੀਆਂ। ਬਹੁਤੀਆਂ ਕੌਮਾਂ ਆਉਣਗੀਆਂ ਅਤੇ ਆਖਣਗੀਆਂ, ਆਓ, ਅਸੀਂ ਯਹੋਵਾਹ ਦੇ ਪਰਬਤ ਉੱਤੇ, ਯਾਕੂਬ ਦੇ ਪਰਮੇਸ਼ੁਰ ਦੇ ਭਵਨ ਨੂੰ ਚੜ੍ਹੀਏ, ਭਈ ਉਹ ਸਾਨੂੰ ਆਪਣੇ ਰਾਹ ਵਿਖਾਵੇ, ਅਤੇ ਅਸੀਂ ਉਹ ਦੇ ਮਾਰਗਾਂ ਵਿੱਚ ਚੱਲੀਏ।”

ਜਿਹੜੇ ਯਹੋਵਾਹ ਦੇ ਰਾਹਾਂ ਬਾਰੇ ਸਿੱਖਦੇ ਹਨ, ਉਹ ‘ਆਪਣੀਆਂ ਤਲਵਾਰਾਂ ਨੂੰ ਕੁੱਟ ਕੇ ਫਾਲੇ, ਅਤੇ ਆਪਣੇ ਬਰਛਿਆਂ ਨੂੰ ਦਾਤ ਬਣਾਉਂਦੇ ਹਨ।’ ਉਨ੍ਹਾਂ ਵਿੱਚੋਂ ਲੜਾਈ ਕਰਨ ਦਾ ਝੁਕਾਅ ਖ਼ਤਮ ਹੋ ਜਾਂਦਾ ਹੈ। ਜਲਦੀ ਹੀ ਉਹ ਸਮਾਂ ਆਵੇਗਾ ਜਦੋਂ ਧਰਤੀ ਧਰਮੀ ਲੋਕਾਂ ਨਾਲ ਭਰੀ ਹੋਵੇਗੀ ਅਤੇ ਕੋਈ ਵੀ ਉਨ੍ਹਾਂ ਨੂੰ ਨਹੀਂ ਡਰਾਵੇਗਾ। (ਮੀਕਾਹ 4:3, 4) ਜੀ ਹਾਂ, ਪਰਮੇਸ਼ੁਰ ਦਾ ਬਚਨ ਵਾਅਦਾ ਕਰਦਾ ਹੈ ਕਿ ਯਿਸੂ ਮਸੀਹ ਦੇ ਰਾਜ ਵਿਚ ਯਹੋਵਾਹ ਧਰਤੀ ਉੱਤੋਂ ਸਾਰੇ ਅਤਿਆਚਾਰੀਆਂ ਨੂੰ ਨਾਸ ਕਰ ਦੇਵੇਗਾ।—ਯਸਾਯਾਹ 11:6-9; ਦਾਨੀਏਲ 2:44; ਪਰਕਾਸ਼ ਦੀ ਪੋਥੀ 11:18.

ਪਰਮੇਸ਼ੁਰ ਦੇ ਖ਼ਿਲਾਫ਼ ਆਦਮ ਦੀ ਬਗਾਵਤ ਕਰਕੇ ਜਿਹੜੇ ਲੋਕ ਮਰੇ ਹਨ, ਉਨ੍ਹਾਂ ਨੂੰ ਵੀ ਮੁੜ ਜ਼ਿੰਦਾ ਕੀਤਾ ਜਾਵੇਗਾ। ਉਨ੍ਹਾਂ ਨੂੰ ਧਰਤੀ ਉੱਤੇ ਹਮੇਸ਼ਾ ਲਈ ਜੀਉਣ ਦਾ ਮੌਕਾ ਦਿੱਤਾ ਜਾਵੇਗਾ। (ਯੂਹੰਨਾ 5:28, 29) ਸ਼ਤਾਨ ਅਤੇ ਉਸ ਦੇ ਬਾਗ਼ੀ ਦੂਤਾਂ ਨੂੰ ਨਾਸ ਕੀਤਾ ਜਾਵੇਗਾ ਜੋ ਸਾਰੀ ਬੁਰਾਈ ਦੀ ਜੜ੍ਹ ਹਨ। ਯਿਸੂ ਦੀ ਕੁਰਬਾਨੀ ਦੇ ਰਾਹੀਂ ਆਦਮ ਦੇ ਪਾਪ ਦੇ ਸਾਰੇ ਪ੍ਰਭਾਵਾਂ ਨੂੰ ਹਮੇਸ਼ਾ-ਹਮੇਸ਼ਾ ਲਈ ਖ਼ਤਮ ਕਰ ਦਿੱਤਾ ਜਾਵੇਗਾ। (ਮੱਤੀ 20:28; ਰੋਮੀਆਂ 3:23, 24; 5:12; 6:23; ਪਰਕਾਸ਼ ਦੀ ਪੋਥੀ 20:1-3) ਫਿਰ ਆਗਿਆਕਾਰ ਇਨਸਾਨਾਂ ਦਾ ਭਵਿੱਖ ਕੀ ਹੋਵੇਗਾ? ਉਨ੍ਹਾਂ ਨੂੰ ਫਿਰਦੌਸ ਵਰਗੀ ਧਰਤੀ ਉੱਤੇ ਮੁਕੰਮਲ ਤੌਰ ਤੇ ਸਿਹਤਮੰਦ ਹੋ ਕੇ ਹਮੇਸ਼ਾ-ਹਮੇਸ਼ਾ ਜੀਉਣ ਦਾ ਮੌਕਾ ਮਿਲੇਗਾ।—ਜ਼ਬੂਰਾਂ ਦੀ ਪੋਥੀ 37:10, 11; ਪਰਕਾਸ਼ ਦੀ ਪੋਥੀ 21:3-5.

ਇਹ ਵਾਅਦੇ ਕਿੰਨੇ ਵਧੀਆ ਹਨ! ਪਰ ਕੀ ਤੁਸੀਂ ਇਨ੍ਹਾਂ ਤੇ ਭਰੋਸਾ ਰੱਖ ਸਕਦੇ ਹੋ? ਜੀ ਹਾਂ, ਤੁਸੀਂ ਜ਼ਰੂਰ ਭਰੋਸਾ ਰੱਖ ਸਕਦੇ ਹੋ। ਇਹ ਇਨਸਾਨ ਦੇ ਵਾਅਦੇ ਨਹੀਂ ਹਨ ਜੋ ਚੰਗੇ ਇਰਾਦਿਆਂ ਨਾਲ ਵਾਅਦੇ ਤਾਂ ਕਰਦੇ ਹਨ, ਪਰ ਉਨ੍ਹਾਂ ਕੋਲ ਆਪਣੇ ਵਾਅਦੇ ਨਿਭਾਉਣ ਦੀ ਤਾਕਤ ਨਹੀਂ ਹੁੰਦੀ। ਇਹ ਵਾਅਦੇ ਸਰਬਸ਼ਕਤੀਮਾਨ ਪਰਮੇਸ਼ੁਰ ਦੇ ਹਨ ਜੋ ਨਾ ਹੀ ਝੂਠ ਬੋਲ ਸਕਦਾ ਹੈ ਅਤੇ ਨਾ ਹੀ ਉਹ “ਆਪਣੇ ਵਾਇਦੇ ਦਾ ਮੱਠਾ” ਹੈ। (2 ਪਤਰਸ 3:9; ਇਬਰਾਨੀਆਂ 6:13-18) ਬਾਈਬਲ ਵਿਚ ਦਿੱਤੇ ਸਾਰੇ ਵਾਅਦਿਆਂ ਉੱਤੇ ਤੁਸੀਂ ਭਰੋਸਾ ਰੱਖ ਸਕਦੇ ਹੋ ਕਿਉਂਕਿ ਇਹ ਵਾਅਦੇ “ਯਹੋਵਾਹ ਸਚਿਆਈ ਦੇ ਪਰਮੇਸ਼ੁਰ” ਨੇ ਕੀਤੇ ਹਨ।—ਜ਼ਬੂਰਾਂ ਦੀ ਪੋਥੀ 31:5.

[ਫੁਟਨੋਟ]

^ ਪੈਰਾ 8 ਯਹੋਵਾਹ ਦੇ ਗਵਾਹਾਂ ਦੁਆਰਾ ਛਾਪਿਆ ਗਿਆ ਐਨਸਾਈਕਲੋਪੀਡੀਆ ਇਨਸਾਈਟ ਔਨ ਦ ਸਕ੍ਰਿਪਚਰਸ, ਜਿਲਦ 1, ਸਫ਼ੇ 911-12 ਦੇਖੋ।

[ਸਫ਼ੇ 6 ਉੱਤੇ ਸੁਰਖੀ]

“ਏਹਨਾਂ ਸਾਰਿਆਂ ਚੰਗਿਆਂ ਬਚਨਾਂ ਵਿੱਚ ਇੱਕ ਬਚਨ ਵੀ ਨਾ ਰਹਿ ਗਿਆ ਜਿਹੜਾ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਡੇ ਵਿਖੇ ਬੋਲਿਆ।”—ਯਹੋਸ਼ੁਆ 23:14

[ਸਫ਼ੇ 4 ਉੱਤੇ ਤਸਵੀਰ]

ਯਹੋਵਾਹ ਨੇ ਲਾਲ ਸਮੁੰਦਰ ਦੇ ਕੰਢੇ ਤੇ ਅਤੇ ਉਜਾੜ ਵਿਚ ਇਸਰਾਏਲੀਆਂ ਨਾਲ ਕੀਤੇ ਆਪਣੇ ਵਾਅਦੇ ਨਿਭਾਏ

[ਸਫ਼ੇ 7 ਉੱਤੇ ਤਸਵੀਰ]

ਯਹੋਵਾਹ ਨੇ ਅਬਰਾਹਾਮ ਨਾਲ ਕੀਤਾ ਵਾਅਦਾ ਨਿਭਾਇਆ। ਉਸ ਦੀ ਸੰਤਾਨ ਯਿਸੂ ਮਸੀਹ ਤੋਂ ਸਾਰੀ ਮਨੁੱਖਜਾਤੀ ਨੂੰ ਬਰਕਤਾਂ ਮਿਲਣਗੀਆਂ