Skip to content

Skip to table of contents

ਧਾਰਮਿਕ ਰੁਚੀ ਦਾ ਤੁਹਾਡੀ ਸਿਹਤ ਨਾਲ ਸੰਬੰਧ

ਧਾਰਮਿਕ ਰੁਚੀ ਦਾ ਤੁਹਾਡੀ ਸਿਹਤ ਨਾਲ ਸੰਬੰਧ

ਧਾਰਮਿਕ ਰੁਚੀ ਦਾ ਤੁਹਾਡੀ ਸਿਹਤ ਨਾਲ ਸੰਬੰਧ

ਤੁਸੀਂ ਸ਼ਾਇਦ ਆਪਣੀ ਸਿਹਤ ਦੀ ਦੇਖ-ਰੇਖ ਵਿਚ ਕਾਫ਼ੀ ਸਮਾਂ ਗੁਜ਼ਾਰਦੇ ਹੋ। ਹਰ ਰੋਜ਼ ਤੁਸੀਂ ਅੱਠ ਕੁ ਘੰਟੇ ਸੌਣ ਵਿਚ, ਕਈ ਘੰਟੇ ਭੋਜਨ ਤਿਆਰ ਕਰਨ ਤੇ ਖਾਣ ਵਿਚ ਅਤੇ ਸ਼ਾਇਦ ਅੱਠ ਕੁ ਘੰਟੇ ਰੋਜ਼ੀ-ਰੋਟੀ ਕਮਾਉਣ ਵਿਚ ਗੁਜ਼ਾਰਦੇ ਹੋ। ਬੀਮਾਰ ਹੋਣ ਵੇਲੇ ਤੁਸੀਂ ਸ਼ਾਇਦ ਡਾਕਟਰ ਕੋਲ ਜਾਣ ਅਤੇ ਦਵਾ-ਦਾਰੂ ਕਰਨ ਲਈ ਸਮਾਂ ਤੇ ਪੈਸਾ ਖ਼ਰਚਦੇ ਹੋ। ਤੁਸੀਂ ਆਪਣੇ ਆਪ ਨੂੰ ਸਿਹਤਮੰਦ ਰੱਖਣ ਵਾਸਤੇ ਨਹਾਉਂਦੇ-ਧੋਂਦੇ, ਘਰ ਦੀ ਸਫ਼ਾਈ ਕਰਦੇ ਅਤੇ ਸ਼ਾਇਦ ਕਸਰਤ ਵੀ ਕਰਦੇ ਹੋ।

ਪਰ ਤੰਦਰੁਸਤ ਰਹਿਣ ਵਾਸਤੇ ਸਿਰਫ਼ ਆਪਣੇ ਜਿਸਮ ਦੀ ਦੇਖ-ਭਾਲ ਕਰਨੀ ਕਾਫ਼ੀ ਨਹੀਂ ਹੈ। ਇਸ ਤੋਂ ਇਲਾਵਾ ਇਕ ਹੋਰ ਚੀਜ਼ ਵੀ ਜ਼ਰੂਰੀ ਹੈ ਜਿਸ ਦਾ ਤੁਹਾਡੀ ਸਿਹਤ ਤੇ ਬਹੁਤ ਵੱਡਾ ਅਸਰ ਪੈਂਦਾ ਹੈ। ਡਾਕਟਰੀ ਰਿਸਰਚ ਨੇ ਦਿਖਾਇਆ ਹੈ ਕਿ ਰੱਬ ਵੱਲ ਧਿਆਨ ਲਗਾਉਣ ਜਾਂ ਨਾ ਲਗਾਉਣ ਦਾ ਤੁਹਾਡੀ ਸਿਹਤ ਤੇ ਪ੍ਰਭਾਵ ਪੈਂਦਾ ਹੈ। ਜੀ ਹਾਂ, ਤੁਹਾਡੀ ਜਿਸਮਾਨੀ ਸਿਹਤ ਅਤੇ ਰੂਹਾਨੀ ਸਿਹਤ ਦਾ ਆਪਸ ਵਿਚ ਡੂੰਘਾ ਸੰਬੰਧ ਹੈ।

ਰੂਹਾਨੀਅਤ ਦਾ ਚੰਗਾ ਅਸਰ

ਮੈਲਬੋਰਨ, ਆਸਟ੍ਰੇਲੀਆ ਦੀ ਯੂਨੀਵਰਸਿਟੀ ਦਾ ਪ੍ਰੋਫ਼ੈਸਰ ਹੈਡਲੀ ਜੀ. ਪੀਚ ਕਹਿੰਦਾ ਹੈ: ‘ਡਾਕਟਰੀ ਰਿਸਰਚ ਤੋਂ ਪਤਾ ਲੱਗਾ ਹੈ ਕਿ ਜਿਹੜੇ ਲੋਕ ਰੂਹਾਨੀ ਗੱਲਾਂ ਵਿਚ ਦਿਲਚਸਪੀ ਰੱਖਦੇ ਹਨ, ਉਹ ਜਿਸਮਾਨੀ ਤੌਰ ਤੇ ਜ਼ਿਆਦਾ ਤੰਦਰੁਸਤ ਰਹਿੰਦੇ ਹਨ।’ ਇਸ ਰਿਸਰਚ ਦੇ ਨਤੀਜਿਆਂ ਉੱਤੇ ਟਿੱਪਣੀ ਕਰਦੇ ਹੋਏ, ਮੈਡੀਕਲ ਜਰਨਲ ਆਫ਼ ਆਸਟ੍ਰੇਲੀਆ (ਐੱਮ.ਜੇ.ਏ.) ਰਸਾਲਾ ਦੱਸਦਾ ਹੈ: ‘ਦੂਸਰੇ ਲੋਕਾਂ ਦੀ ਤੁਲਨਾ ਵਿਚ ਧਾਰਮਿਕ ਲੋਕਾਂ ਵਿਚ ਹਾਈ ਬਲੱਡ ਪ੍ਰੈਸ਼ਰ, ਕਲੈਸਟਰੋਲ ਅਤੇ ਕੈਂਸਰ ਦੀ ਸਮੱਸਿਆ ਘੱਟ ਹੁੰਦੀ ਹੈ।’

ਅਮਰੀਕਾ ਦੀ ਯੂਨੀਵਰਸਿਟੀ ਆਫ਼ ਕੈਲੇਫ਼ੋਰਨੀਆ ਨੇ ਸਾਲ 2002 ਵਿਚ 6,545 ਲੋਕਾਂ ਦਾ ਜਾਇਜ਼ਾ ਲਿਆ ਜਿਸ ਤੋਂ ਪਤਾ ਲੱਗਾ ਸੀ ਕਿ ‘ਜਿਹੜੇ ਲੋਕ ਹਰ ਹਫ਼ਤੇ ਕਿਸੇ ਜਗ੍ਹਾ ਪੂਜਾ ਕਰਨ ਜਾਂਦੇ ਹਨ, ਉਹ ਗ਼ੈਰ-ਧਾਰਮਿਕ ਲੋਕਾਂ ਦੇ ਮੁਕਾਬਲੇ ਵਿਚ ਜ਼ਿਆਦਾ ਦੇਰ ਜ਼ਿੰਦਾ ਰਹਿੰਦੇ ਹਨ।’ ਇਸ ਜਾਇਜ਼ੇ ਦੇ ਮੁੱਖ ਲੇਖਕ ਨੇ ਕਿਹਾ: “ਇਨ੍ਹਾਂ ਲੋਕਾਂ ਦੀ ਨਿੱਜੀ ਰਹਿਣੀ-ਬਹਿਣੀ ਜਾਂ ਆਦਤਾਂ (ਜਿਵੇਂ ਸਿਗਰਟਾਂ ਪੀਣ ਜਾਂ ਕਸਰਤ ਕਰਨ) ਦੇ ਬਾਵਜੂਦ, ਧਾਰਮਿਕ ਅਤੇ ਗ਼ੈਰ-ਧਾਰਮਿਕ ਲੋਕਾਂ ਦੀ ਸਿਹਤ ਵਿਚ ਫ਼ਰਕ ਸਾਫ਼ ਨਜ਼ਰ ਆਉਂਦਾ ਸੀ।”

ਧਾਰਮਿਕ ਗੱਲਾਂ ਵਿਚ ਦਿਲਚਸਪੀ ਰੱਖਣ ਦੇ ਦੂਸਰੇ ਫ਼ਾਇਦਿਆਂ ਬਾਰੇ ਐੱਮ.ਜੇ.ਏ. ਰਸਾਲੇ ਦਾ ਇਹ ਕਹਿਣਾ ਹੈ: ‘ਆਸਟ੍ਰੇਲੀਆ ਵਿਚ ਕੀਤੇ ਗਏ ਅਧਿਐਨਾਂ ਤੋਂ ਪਤਾ ਲੱਗਦਾ ਹੈ ਕਿ ਧਾਰਮਿਕ ਗੱਲਾਂ ਵਿਚ ਦਿਲਚਸਪੀ ਲੈਣ ਵਾਲੇ ਲੋਕਾਂ ਦੇ ਵਿਆਹ ਜ਼ਿਆਦਾ ਮਜ਼ਬੂਤ ਹੁੰਦੇ ਹਨ। ਉਹ ਨਸ਼ੇਬਾਜ਼ੀ ਅਤੇ ਖ਼ੁਦਕਸ਼ੀ ਦਾ ਘੱਟ ਸਹਾਰਾ ਲੈਂਦੇ ਹਨ। ਉਹ ਇੰਨੇ ਪਰੇਸ਼ਾਨ ਜਾਂ ਉਦਾਸ ਨਹੀਂ ਹੁੰਦੇ ਅਤੇ ਉਹ ਅਕਸਰ ਦੂਸਰਿਆਂ ਦੀ ਮਦਦ ਕਰਨ ਲਈ ਤਿਆਰ ਰਹਿੰਦੇ ਹਨ।’ ਇਸ ਤੋਂ ਇਲਾਵਾ ਬਰਤਾਨੀਆ ਦੇ ਬੀ.ਐੱਮ.ਜੇ. (ਜੋ ਪਹਿਲਾਂ ਦ ਬ੍ਰਿਟਿਸ਼ ਮੈਡੀਕਲ ਜਰਨਲ ਸੱਦਿਆ ਜਾਂਦਾ ਸੀ) ਰਸਾਲੇ ਵਿਚ ਦੱਸਿਆ ਗਿਆ ਹੈ ਕਿ ‘ਰੂਹਾਨੀ ਗੱਲਾਂ ਵਿਚ ਦਿਲਚਸਪੀ ਲੈਣ ਵਾਲੇ ਲੋਕ ਆਪਣੇ ਕਿਸੇ ਪਿਆਰੇ ਦੀ ਮੌਤ ਦੇ ਸਦਮੇ ਨੂੰ ਦੂਸਰਿਆਂ ਨਾਲੋਂ ਬਿਹਤਰ ਤਰੀਕੇ ਨਾਲ ਸਹਿ ਲੈਂਦੇ ਹਨ।’

ਅਸਲੀ ਰੂਹਾਨੀਅਤ ਕੀ ਹੈ? ਇਸ ਬਾਰੇ ਲੋਕਾਂ ਦੇ ਕਈ ਖ਼ਿਆਲ ਹਨ। ਪਰ ਇਸ ਵਿਚ ਕੋਈ ਸ਼ੱਕ ਨਹੀਂ ਕਿ ਰੂਹਾਨੀਅਤ ਤੁਹਾਡੇ ਤਨ-ਮਨ ਦੀ ਤੰਦਰੁਸਤੀ ਲਈ ਬਹੁਤ ਜ਼ਰੂਰੀ ਹੈ। ਇਹ ਗੱਲ ਯਿਸੂ ਦੇ ਇਨ੍ਹਾਂ ਲਫ਼ਜ਼ਾਂ ਤੋਂ ਵੀ ਦੇਖੀ ਜਾ ਸਕਦੀ ਹੈ ਜੋ ਉਸ ਨੇ ਤਕਰੀਬਨ 2,000 ਸਾਲ ਪਹਿਲਾਂ ਕਹੇ ਸਨ: “ਧੰਨ ਉਹ ਲੋਕ ਹਨ, ਜਿਹੜੇ ਆਪਣੀ ਆਤਮਕ ਲੋੜ ਨੂੰ ਜਾਣਦੇ ਹਨ।” (ਮੱਤੀ 5:3, ਪਵਿੱਤਰ ਬਾਈਬਲ ਨਵਾਂ ਅਨੁਵਾਦ) ਅਸੀਂ ਦੇਖਿਆ ਹੈ ਕਿ ਧਾਰਮਿਕ ਰੁਚੀ ਅਤੇ ਤੁਹਾਡੀ ਸਿਹਤ ਦਾ ਆਪਸ ਵਿਚ ਡੂੰਘਾ ਸੰਬੰਧ ਹੈ। ਤਾਂ ਫਿਰ ਇਹ ਸਵਾਲ ਪੁੱਛਣੇ ਅਕਲਮੰਦੀ ਦੀ ਗੱਲ ਹੈ: ‘ਮੈਨੂੰ ਰੂਹਾਨੀ ਸੇਧ ਕਿੱਥੋਂ ਮਿਲ ਸਕਦੀ ਹੈ? ਧਾਰਮਿਕ ਰੁਚੀ ਰੱਖਣ ਵਿਚ ਕੀ-ਕੀ ਸ਼ਾਮਲ ਹੈ?’