Skip to content

Skip to table of contents

“ਪ੍ਰਭੁ ਜੀ ਸਾਨੂੰ ਪ੍ਰਾਰਥਨਾ ਕਰਨੀ ਸਿਖਾਲ”

“ਪ੍ਰਭੁ ਜੀ ਸਾਨੂੰ ਪ੍ਰਾਰਥਨਾ ਕਰਨੀ ਸਿਖਾਲ”

“ਪ੍ਰਭੁ ਜੀ ਸਾਨੂੰ ਪ੍ਰਾਰਥਨਾ ਕਰਨੀ ਸਿਖਾਲ”

“ਉਹ ਦੇ ਚੇਲਿਆਂ ਵਿੱਚੋਂ ਇੱਕ ਨੇ ਉਹ ਨੂੰ ਆਖਿਆ, ਪ੍ਰਭੁ ਜੀ ਸਾਨੂੰ ਪ੍ਰਾਰਥਨਾ ਕਰਨੀ ਸਿਖਾਲ।”—ਲੂਕਾ 11:1.

1. ਯਿਸੂ ਦੇ ਇਕ ਚੇਲੇ ਨੇ ਉਸ ਨੂੰ ਕਿਉਂ ਕਿਹਾ ਸੀ ਕਿ ਉਹ ਉਸ ਨੂੰ ਪ੍ਰਾਰਥਨਾ ਕਰਨੀ ਸਿਖਾਏ?

ਇਕ ਵਾਰ 32 ਸਾ.ਯੂ. ਵਿਚ ਯਿਸੂ ਦੇ ਇਕ ਚੇਲੇ ਨੇ ਉਸ ਨੂੰ ਪ੍ਰਾਰਥਨਾ ਕਰਦੇ ਦੇਖਿਆ। ਉਹ ਇਹ ਨਹੀਂ ਸੁਣ ਸਕਦਾ ਸੀ ਕਿ ਯਿਸੂ ਆਪਣੇ ਪਿਤਾ ਨੂੰ ਕੀ ਕਹਿ ਰਿਹਾ ਸੀ ਕਿਉਂਕਿ ਯਿਸੂ ਦਿਲ ਵਿਚ ਪ੍ਰਾਰਥਨਾ ਕਰ ਰਿਹਾ ਸੀ। ਪਰ ਜਦੋਂ ਯਿਸੂ ਪ੍ਰਾਰਥਨਾ ਕਰ ਹਟਿਆ, ਤਾਂ ਉਸ ਚੇਲੇ ਨੇ ਉਸ ਨੂੰ ਕਿਹਾ: “ਪ੍ਰਭੁ ਜੀ ਸਾਨੂੰ ਪ੍ਰਾਰਥਨਾ ਕਰਨੀ ਸਿਖਾਲ।” (ਲੂਕਾ 11:1) ਉਸ ਨੇ ਇਸ ਤਰ੍ਹਾਂ ਕਿਉਂ ਕਿਹਾ? ਪ੍ਰਾਰਥਨਾ ਕਰਨੀ ਤਾਂ ਯਹੂਦੀ ਧਰਮ ਅਤੇ ਸਭਿਆਚਾਰ ਦਾ ਇਕ ਅਟੁੱਟ ਹਿੱਸਾ ਸੀ। ਜ਼ਬੂਰਾਂ ਦੀ ਪੋਥੀ ਅਤੇ ਇਬਰਾਨੀ ਸ਼ਾਸਤਰ ਦੀਆਂ ਹੋਰ ਕਿਤਾਬਾਂ ਵਿਚ ਕਈ ਥਾਵਾਂ ਤੇ ਪ੍ਰਾਰਥਨਾਵਾਂ ਦਰਜ ਹਨ। ਤਾਂ ਫਿਰ ਯਿਸੂ ਦਾ ਚੇਲਾ ਕੋਈ ਨਵੀਂ ਗੱਲ ਸਿੱਖਣ ਬਾਰੇ ਨਹੀਂ ਕਹਿ ਰਿਹਾ ਸੀ, ਜਿਵੇਂ ਕਿ ਉਸ ਨੇ ਪਹਿਲਾਂ ਕਦੀ ਪ੍ਰਾਰਥਨਾ ਹੀ ਨਾ ਕੀਤੀ ਹੋਵੇ। ਇਸ ਵਿਚ ਕੋਈ ਸ਼ੱਕ ਨਹੀਂ ਕਿ ਉਹ ਕਪਟੀ ਯਹੂਦੀ ਆਗੂਆਂ ਦੀਆਂ ਪਖੰਡੀ ਪ੍ਰਾਰਥਨਾਵਾਂ ਤੋਂ ਜਾਣੂ ਸੀ। ਪਰ ਜਦੋਂ ਉਸ ਨੇ ਯਿਸੂ ਨੂੰ ਪ੍ਰਾਰਥਨਾ ਕਰਦੇ ਦੇਖਿਆ, ਤਾਂ ਉਸ ਨੂੰ ਜ਼ਰੂਰ ਅਹਿਸਾਸ ਹੋਇਆ ਹੋਣਾ ਕਿ ਯਿਸੂ ਦੀਆਂ ਪ੍ਰਾਰਥਨਾਵਾਂ ਅਤੇ ਦੂਸਰੇ ਧਾਰਮਿਕ ਆਗੂਆਂ ਦੀਆਂ ਪ੍ਰਾਰਥਨਾਵਾਂ ਵਿਚ ਬਹੁਤ ਵੱਡਾ ਫ਼ਰਕ ਸੀ।—ਮੱਤੀ 6:5-8.

2. (ੳ) ਕੀ ਯਿਸੂ ਨੇ ਆਦਰਸ਼ ਪ੍ਰਾਰਥਨਾ ਇਸ ਲਈ ਸਿਖਾਈ ਸੀ ਕਿ ਅਸੀਂ ਇਸ ਨੂੰ ਯਾਦ ਕਰ ਕੇ ਮੂੰਹ-ਜ਼ਬਾਨੀ ਦੁਹਰਾਈਏ? (ਅ) ਅਸੀਂ ਪ੍ਰਾਰਥਨਾ ਕਰਨੀ ਕਿਉਂ ਸਿੱਖਣੀ ਚਾਹੁੰਦੇ ਹਾਂ?

2 ਕੁਝ 18 ਮਹੀਨੇ ਪਹਿਲਾਂ ਯਿਸੂ ਨੇ ਆਪਣੇ ਪਹਾੜੀ ਉਪਦੇਸ਼ ਵਿਚ ਆਪਣੇ ਚੇਲਿਆਂ ਨੂੰ ਪ੍ਰਾਰਥਨਾ ਕਰਨ ਦਾ ਵਧੀਆ ਨਮੂਨਾ ਪੇਸ਼ ਕੀਤਾ ਸੀ ਜਿਸ ਉੱਤੇ ਉਹ ਆਪਣੀਆਂ ਪ੍ਰਾਰਥਨਾਵਾਂ ਆਧਾਰਿਤ ਕਰ ਸਕਦੇ ਸਨ। (ਮੱਤੀ 6:9-13) ਹੋ ਸਕਦਾ ਹੈ ਕਿ ਇਹ ਚੇਲਾ ਉਸ ਵੇਲੇ ਹਾਜ਼ਰ ਨਹੀਂ ਸੀ। ਇਸ ਲਈ ਯਿਸੂ ਨੇ ਉਸ ਆਦਰਸ਼ ਪ੍ਰਾਰਥਨਾ ਦੇ ਕੁਝ ਖ਼ਾਸ ਨੁਕਤੇ ਦੁਬਾਰਾ ਦੱਸੇ। ਦਿਲਚਸਪੀ ਦੀ ਗੱਲ ਹੈ ਕਿ ਉਸ ਨੇ ਐਨ ਉਹੀ ਸ਼ਬਦ ਨਹੀਂ ਵਰਤੇ ਜੋ ਉਸ ਨੇ ਪਹਿਲਾਂ ਵਰਤੇ ਸਨ। ਇਸ ਤੋਂ ਜ਼ਾਹਰ ਹੁੰਦਾ ਹੈ ਕਿ ਉਸ ਨੇ ਉਨ੍ਹਾਂ ਨੂੰ ਅਜਿਹੀ ਪ੍ਰਾਰਥਨਾ ਨਹੀਂ ਸਿਖਾਈ ਜਿਸ ਨੂੰ ਯਾਦ ਕਰ ਕੇ ਮੂੰਹ-ਜ਼ਬਾਨੀ ਦੁਹਰਾਇਆ ਜਾਣਾ ਸੀ। (ਲੂਕਾ 11:1-4) ਉਸ ਚੇਲੇ ਵਾਂਗ ਅਸੀਂ ਵੀ ਪ੍ਰਾਰਥਨਾ ਕਰਨੀ ਸਿੱਖਣੀ ਚਾਹੁੰਦੇ ਹਾਂ ਤਾਂਕਿ ਅਸੀਂ ਯਹੋਵਾਹ ਨਾਲ ਆਪਣੇ ਰਿਸ਼ਤੇ ਨੂੰ ਹੋਰ ਮਜ਼ਬੂਤ ਕਰ ਸਕੀਏ। ਇਸ ਲਈ ਆਓ ਆਪਾਂ ਮੱਤੀ ਦੀ ਇੰਜੀਲ ਵਿੱਚੋਂ ਆਦਰਸ਼ ਪ੍ਰਾਰਥਨਾ ਦੀ ਜਾਂਚ ਕਰੀਏ। ਇਸ ਵਿਚ ਸੱਤ ਬੇਨਤੀਆਂ ਸ਼ਾਮਲ ਹਨ। ਤਿੰਨ ਬੇਨਤੀਆਂ ਯਹੋਵਾਹ ਦੇ ਮਕਸਦਾਂ ਨਾਲ ਸੰਬੰਧ ਰੱਖਦੀਆਂ ਹਨ ਅਤੇ ਬਾਕੀ ਚਾਰ ਸਾਡੀਆਂ ਸਰੀਰਕ ਤੇ ਰੂਹਾਨੀ ਜ਼ਰੂਰਤਾਂ ਬਾਰੇ ਹਨ। ਇਸ ਲੇਖ ਵਿਚ ਅਸੀਂ ਪਹਿਲੀਆਂ ਤਿੰਨ ਬੇਨਤੀਆਂ ਵੱਲ ਧਿਆਨ ਦੇਵਾਂਗੇ।

ਸਾਡਾ ਪਿਤਾ ਸਾਨੂੰ ਪਿਆਰ ਕਰਦਾ ਹੈ

3, 4. ਯਹੋਵਾਹ ਨੂੰ ‘ਆਪਣਾ ਪਿਤਾ’ ਸੱਦਣ ਦਾ ਕੀ ਮਤਲਬ ਹੈ?

3 ਪ੍ਰਾਰਥਨਾ ਦੇ ਸ਼ੁਰੂ ਤੋਂ ਹੀ, ਯਿਸੂ ਨੇ ਦਿਖਾਇਆ ਸੀ ਕਿ ਸਾਡੀਆਂ ਪ੍ਰਾਰਥਨਾਵਾਂ ਤੋਂ ਇਹ ਗੱਲ ਸਪੱਸ਼ਟ ਹੋਣੀ ਚਾਹੀਦੀ ਹੈ ਕਿ ਯਹੋਵਾਹ ਨਾਲ ਸਾਡਾ ਗੂੜ੍ਹਾ ਰਿਸ਼ਤਾ ਹੈ ਅਤੇ ਅਸੀਂ ਉਸ ਦਾ ਬਹੁਤ ਆਦਰ ਕਰਦੇ ਹਾਂ। ਖ਼ਾਸ ਕਰਕੇ ਉਨ੍ਹਾਂ ਚੇਲਿਆਂ ਦੇ ਫ਼ਾਇਦੇ ਲਈ ਜਿਹੜੇ ਉਸ ਦੇ ਲਾਗੇ ਇਕੱਠੇ ਹੋਏ ਸਨ, ਯਿਸੂ ਨੇ ਕਿਹਾ ਕਿ ਉਨ੍ਹਾਂ ਨੂੰ “ਹੇ ਸਾਡੇ ਪਿਤਾ, ਜਿਹੜਾ ਸੁਰਗ ਵਿੱਚ ਹੈਂ” ਕਹਿ ਕੇ ਯਹੋਵਾਹ ਨੂੰ ਸੰਬੋਧਨ ਕਰਨਾ ਚਾਹੀਦਾ ਸੀ। (ਮੱਤੀ 6:9) ਇਕ ਵਿਦਵਾਨ ਦੇ ਮੁਤਾਬਕ, ਯਿਸੂ ਨੇ ਆਮ ਇਬਰਾਨੀ ਭਾਸ਼ਾ ਜਾਂ ਅਰਾਮੀ ਭਾਸ਼ਾ ਵਿਚ ਗੱਲ ਕਰਦੇ ਹੋਏ ਜਿਹੜਾ ਸ਼ਬਦ “ਪਿਤਾ” ਲਈ ਵਰਤਿਆ ਸੀ ਉਹ ਉਸ ਤਰ੍ਹਾਂ ਦਾ ਸ਼ਬਦ ਸੀ ਜੋ ਇਕ ਬੱਚਾ ਆਮ ਤੌਰ ਤੇ ਆਪਣੇ ਪਿਤਾ ਲਈ ਵਰਤੇਗਾ। ਯਹੋਵਾਹ ਨੂੰ ‘ਆਪਣਾ ਪਿਤਾ’ ਸੱਦ ਕੇ ਅਸੀਂ ਇਹ ਦਿਖਾਉਂਦੇ ਹਾਂ ਕਿ ਸਾਡਾ ਉਸ ਨਾਲ ਇਕ ਬਹੁਤ ਹੀ ਨਿੱਘਾ ਰਿਸ਼ਤਾ ਹੈ ਅਤੇ ਅਸੀਂ ਉਸ ਉੱਤੇ ਪੂਰਾ ਭਰੋਸਾ ਕਰਦੇ ਹਾਂ।

4‘ਸਾਡੇ ਪਿਤਾ’ ਕਹਿਣ ਰਾਹੀਂ ਅਸੀਂ ਇਹ ਵੀ ਕਬੂਲ ਕਰਦੇ ਹਾਂ ਕਿ ਅਸੀਂ ਇਕ ਵੱਡੇ ਪਰਿਵਾਰ ਦੇ ਮੈਂਬਰ ਹਾਂ ਜੋ ਯਹੋਵਾਹ ਨੂੰ ਆਪਣਾ ਸਿਰਜਣਹਾਰ ਮੰਨਦਾ ਹੈ। (ਯਸਾਯਾਹ 64:8; ਰਸੂਲਾਂ ਦੇ ਕਰਤੱਬ 17:24, 28) ਮਸਹ ਕੀਤੇ ਹੋਏ ਮਸੀਹੀ ‘ਪਰਮੇਸ਼ੁਰ ਦੇ ਪੁੱਤ੍ਰਾਂ’ ਵਜੋਂ ਅਪਣਾਏ ਗਏ ਹਨ ਅਤੇ ਉਹ ਪਰਮੇਸ਼ੁਰ ਨੂੰ “‘ਅੱਬਾ’, ਹੇ ਪਿਤਾ” ਪੁਕਾਰ ਕੇ ਬੁਲਾਉਂਦੇ ਹਨ। (ਰੋਮੀਆਂ 8:14, 15) ਲੱਖਾਂ ਹੀ ਲੋਕ ਇਨ੍ਹਾਂ ਦੇ ਵਫ਼ਾਦਾਰ ਸਾਥੀ ਬਣੇ ਹਨ। ਇਨ੍ਹਾਂ ਨੇ ਆਪਣੀਆਂ ਜ਼ਿੰਦਗੀਆਂ ਯਹੋਵਾਹ ਨੂੰ ਸਮਰਪਿਤ ਕਰ ਕੇ ਪਾਣੀ ਵਿਚ ਬਪਤਿਸਮਾ ਲਿਆ ਹੈ। ਬਾਈਬਲ ਵਿਚ ਇਨ੍ਹਾਂ ਨੂੰ ‘ਹੋਰ ਭੇਡਾਂ’ ਕਿਹਾ ਗਿਆ ਹੈ। ਇਹ ਭੈਣ-ਭਰਾ ਵੀ ਯਿਸੂ ਰਾਹੀਂ ਪ੍ਰਾਰਥਨਾ ਕਰਦੇ ਹੋਏ ਯਹੋਵਾਹ ਨੂੰ ‘ਆਪਣਾ ਪਿਤਾ’ ਸੱਦ ਸਕਦੇ ਹਨ। (ਯੂਹੰਨਾ 10:16; 14:6) ਅਸੀਂ ਬਾਕਾਇਦਾ ਆਪਣੇ ਸਵਰਗੀ ਪਿਤਾ ਨੂੰ ਪ੍ਰਾਰਥਨਾ ਕਰਦੇ ਹੋਏ ਉਸ ਦੀ ਉਸਤਤ ਅਤੇ ਉਸ ਦਾ ਧੰਨਵਾਦ ਕਰ ਸਕਦੇ ਹਾਂ ਕਿਉਂਕਿ ਉਹ ਸਾਡੇ ਨਾਲ ਬਹੁਤ ਭਲਾਈ ਕਰਦਾ ਹੈ। ਅਸੀਂ ਉਸ ਨੂੰ ਆਪਣੀਆਂ ਚਿੰਤਾਵਾਂ ਦੱਸ ਸਕਦੇ ਹਾਂ, ਇਸ ਗੱਲ ਵਿਚ ਪੂਰਾ ਯਕੀਨ ਕਰਦੇ ਹੋਏ ਕਿ ਉਹ ਸਾਡਾ ਫ਼ਿਕਰ ਕਰਦਾ ਹੈ।—ਫ਼ਿਲਿੱਪੀਆਂ 4:6, 7; 1 ਪਤਰਸ 5:6, 7.

ਯਹੋਵਾਹ ਦੇ ਨਾਂ ਲਈ ਪਿਆਰ

5. ਯਿਸੂ ਦੀ ਪ੍ਰਾਰਥਨਾ ਦੀ ਪਹਿਲੀ ਬੇਨਤੀ ਕੀ ਹੈ ਅਤੇ ਇਹ ਕਿਉਂ ਢੁਕਵੀਂ ਹੈ?

5 “ਤੇਰਾ ਨਾਮ ਪਾਕ ਮੰਨਿਆ ਜਾਵੇ।” (ਮੱਤੀ 6:9) ਇਹ ਪਹਿਲੀ ਬੇਨਤੀ ਹੈ ਜੋ ਸਭ ਤੋਂ ਮਹੱਤਵਪੂਰਣ ਗੱਲ ਵੱਲ ਸਾਡਾ ਧਿਆਨ ਖਿੱਚਦੀ ਹੈ। ਜੀ ਹਾਂ, ਸਾਡੇ ਲਈ ਯਹੋਵਾਹ ਦਾ ਨਾਂ ਅਤੇ ਇਸ ਨਾਂ ਨੂੰ ਉੱਚਾ ਕਰਨਾ ਸਭ ਤੋਂ ਜ਼ਰੂਰੀ ਗੱਲ ਹੋਣੀ ਚਾਹੀਦੀ ਹੈ। ਅਸੀਂ ਯਹੋਵਾਹ ਨਾਲ ਪਿਆਰ ਕਰਦੇ ਹਾਂ ਜਿਸ ਕਰਕੇ ਅਸੀਂ ਉਸ ਦੀ ਬਦਨਾਮੀ ਬਰਦਾਸ਼ਤ ਨਹੀਂ ਕਰ ਸਕਦੇ। ਜਦੋਂ ਸ਼ਤਾਨ ਨੇ ਬਗਾਵਤ ਕੀਤੀ ਤੇ ਉਸ ਨੇ ਆਦਮ ਤੇ ਹੱਵਾਹ ਨੂੰ ਭਰਮਾਇਆ ਸੀ, ਤਾਂ ਉਸ ਨੇ ਯਹੋਵਾਹ ਪਰਮੇਸ਼ੁਰ ਦੀ ਹਕੂਮਤ ਬਾਰੇ ਸਵਾਲ ਖੜ੍ਹਾ ਕਰ ਕੇ ਉਸ ਦਾ ਨਾਂ ਬਦਨਾਮ ਕੀਤਾ। (ਉਤਪਤ 3:1-6) ਇਸ ਤੋਂ ਇਲਾਵਾ, ਪਰਮੇਸ਼ੁਰ ਦੇ ਦਾਸ ਹੋਣ ਦਾ ਦਾਅਵਾ ਕਰਨ ਵਾਲੇ ਲੋਕ ਆਪਣੇ ਬੇਸ਼ਰਮ ਕੰਮਾਂ ਅਤੇ ਝੂਠੀਆਂ ਸਿੱਖਿਆਵਾਂ ਦੁਆਰਾ ਸਦੀਆਂ ਤੋਂ ਯਹੋਵਾਹ ਦੀ ਤੇ ਉਸ ਦੇ ਨਾਂ ਦੀ ਬਦਨਾਮੀ ਕਰਦੇ ਆਏ ਹਨ।

6. ਜੇ ਅਸੀਂ ਯਹੋਵਾਹ ਦੇ ਨਾਂ ਦੇ ਪਾਕ ਮੰਨੇ ਜਾਣ ਬਾਰੇ ਪ੍ਰਾਰਥਨਾ ਕਰਦੇ ਹਾਂ, ਤਾਂ ਅਸੀਂ ਕੀ ਨਹੀਂ ਕਰਾਂਗੇ?

6 ਜਦ ਅਸੀਂ ਇਸ ਤਰ੍ਹਾਂ ਯਹੋਵਾਹ ਦੇ ਨਾਂ ਬਾਰੇ ਪ੍ਰਾਰਥਨਾ ਕਰਦੇ ਹਾਂ, ਤਾਂ ਅਸੀਂ ਦਿਖਾਉਂਦੇ ਹਾਂ ਕਿ ਅਸੀਂ ਉਸ ਦੇ ਅਧਿਕਾਰ ਦੇ ਅਧੀਨ ਹੋਣਾ ਚਾਹੁੰਦੇ ਹਾਂ। ਯਹੋਵਾਹ ਚਾਹੁੰਦਾ ਹੈ ਕਿ ਪੂਰੇ ਵਿਸ਼ਵ ਵਿਚ ਸਾਰੇ ਪ੍ਰਾਣੀ ਖ਼ੁਸ਼ੀ ਤੇ ਰਜ਼ਾਮੰਦੀ ਨਾਲ ਉਸ ਦੇ ਰਾਜ ਨੂੰ ਕਬੂਲ ਕਰਨ ਅਤੇ ਉਸ ਨਾਲ ਤੇ ਉਸ ਦੇ ਨਾਂ ਨਾਲ ਪਿਆਰ ਕਰਨ। (1 ਇਤਹਾਸ 29:10-13; ਜ਼ਬੂਰਾਂ ਦੀ ਪੋਥੀ 8:1; 148:13) ਯਹੋਵਾਹ ਦੇ ਨਾਂ ਲਈ ਸਾਡਾ ਪਿਆਰ ਸਾਨੂੰ ਅਜਿਹਾ ਕੋਈ ਵੀ ਕੰਮ ਕਰਨ ਤੋਂ ਰੋਕੇਗਾ ਜਿਸ ਤੋਂ ਉਸ ਦੇ ਪਵਿੱਤਰ ਨਾਂ ਦੀ ਬਦਨਾਮੀ ਹੋ ਸਕਦੀ ਹੈ। (ਹਿਜ਼ਕੀਏਲ 36:20, 21; ਰੋਮੀਆਂ 2:21-24) ਵਿਸ਼ਵ ਦੀ ਸ਼ਾਂਤੀ ਇਸ ਗੱਲ ਤੇ ਨਿਰਭਰ ਕਰਦੀ ਹੈ ਕਿ ਯਹੋਵਾਹ ਦਾ ਨਾਂ ਪਵਿੱਤਰ ਕੀਤਾ ਜਾਵੇ ਅਤੇ ਸਾਰੇ ਖ਼ੁਸ਼ੀ-ਖ਼ੁਸ਼ੀ ਉਸ ਦੀ ਹਕੂਮਤ ਅਧੀਨ ਰਹਿਣ। ਇਸ ਲਈ ਇਹ ਬੇਨਤੀ ਕਰਨੀ ਕਿ “ਤੇਰਾ ਨਾਮ ਪਾਕ ਮੰਨਿਆ ਜਾਵੇ” ਇਸ ਗੱਲ ਦਾ ਸਬੂਤ ਹੈ ਕਿ ਅਸੀਂ ਪੂਰਾ ਭਰੋਸਾ ਰੱਖਦੇ ਹਾਂ ਕਿ ਯਹੋਵਾਹ ਦਾ ਮਕਸਦ ਜ਼ਰੂਰ ਪੂਰਾ ਹੋਵੇਗਾ।—ਹਿਜ਼ਕੀਏਲ 38:23.

ਉਹ ਰਾਜ ਜਿਸ ਲਈ ਅਸੀਂ ਪ੍ਰਾਰਥਨਾ ਕਰਦੇ ਹਾਂ

7, 8. (ੳ) ਯਿਸੂ ਨੇ ਸਾਨੂੰ ਕਿਸ ਰਾਜ ਲਈ ਪ੍ਰਾਰਥਨਾ ਕਰਨ ਲਈ ਕਿਹਾ ਸੀ? (ਅ) ਦਾਨੀਏਲ ਅਤੇ ਪਰਕਾਸ਼ ਦੀ ਪੋਥੀ ਵਿਚ ਅਸੀਂ ਇਸ ਰਾਜ ਬਾਰੇ ਕੀ ਸਿੱਖਦੇ ਹਾਂ?

7 ਯਿਸੂ ਦੀ ਆਦਰਸ਼ ਪ੍ਰਾਰਥਨਾ ਵਿਚ ਦੂਜੀ ਬੇਨਤੀ ਇਹ ਹੈ: “ਤੇਰਾ ਰਾਜ ਆਵੇ।” (ਮੱਤੀ 6:10) ਇਸ ਬੇਨਤੀ ਦਾ ਪਹਿਲੀ ਬੇਨਤੀ ਨਾਲ ਗਹਿਰਾ ਸੰਬੰਧ ਹੈ। ਯਹੋਵਾਹ ਆਪਣਾ ਪਵਿੱਤਰ ਨਾਂ ਆਪਣੇ ਸਵਰਗੀ ਰਾਜ ਰਾਹੀਂ ਉੱਚਾ ਕਰੇਗਾ ਜਿਸ ਦਾ ਰਾਜਾ ਉਸ ਦਾ ਆਪਣਾ ਪੁੱਤਰ ਯਿਸੂ ਮਸੀਹ ਹੈ। (ਜ਼ਬੂਰਾਂ ਦੀ ਪੋਥੀ 2:1-9) ਦਾਨੀਏਲ ਦੀ ਭਵਿੱਖਬਾਣੀ ਵਿਚ ਇਸ ਰਾਜ ਨੂੰ “ਇੱਕ ਪੱਥਰ” ਦੁਆਰਾ ਦਰਸਾਇਆ ਗਿਆ ਹੈ ਜੋ ਇਕ “ਪਹਾੜ” ਵਿੱਚੋਂ ਕੱਟਿਆ ਜਾਂਦਾ ਹੈ। (ਦਾਨੀਏਲ 2:34, 35, 44, 45) ਇਹ ਪਹਾੜ ਯਹੋਵਾਹ ਦੀ ਹਕੂਮਤ ਨੂੰ ਦਰਸਾਉਂਦਾ ਹੈ। ਇਸ ਲਈ ਪੱਥਰ ਯਾਨੀ ਉਸ ਦਾ ਰਾਜ ਉਸ ਦੀ ਹਕੂਮਤ ਦਾ ਇਕ ਨਵਾਂ ਰੂਪ ਹੈ। ਭਵਿੱਖਬਾਣੀ ਵਿਚ ਪੱਥਰ ‘ਇੱਕ ਵੱਡਾ ਪਹਾੜ ਬਣ ਕੇ ਸਾਰੀ ਧਰਤੀ ਨੂੰ ਭਰ ਦਿੰਦਾ’ ਹੈ ਜਿਸ ਦਾ ਮਤਲਬ ਹੈ ਕਿ ਪਰਮੇਸ਼ੁਰ ਦੀ ਮਸੀਹਾਈ ਸਰਕਾਰ ਪੂਰੀ ਧਰਤੀ ਉੱਤੇ ਰਾਜ ਕਰੇਗੀ।

8 ਪਰਮੇਸ਼ੁਰ ਦੇ ਰਾਜ ਵਿਚ ਯਿਸੂ ਦੇ 1,44,000 ਸਾਥੀ ਹਨ ਜੋ “ਮਨੁੱਖਾਂ ਵਿੱਚੋਂ ਮੁੱਲ ਲਏ ਗਏ” ਹਨ। ਉਹ ਉਸ ਨਾਲ ਰਾਜ ਕਰਨਗੇ ਅਤੇ ਜਾਜਕਾਂ ਵਜੋਂ ਸੇਵਾ ਕਰਨਗੇ। (ਪਰਕਾਸ਼ ਦੀ ਪੋਥੀ 5:9, 10; 14:1-4; 20:6) ਦਾਨੀਏਲ ਇਨ੍ਹਾਂ ਨੂੰ “ਅੱਤ ਮਹਾਨ ਦੇ ਸੰਤ” ਆਖਦਾ ਹੈ ਜਿਨ੍ਹਾਂ ਨੂੰ ‘ਸਾਰੇ ਅਕਾਸ਼ ਦੇ ਹੇਠਲੇ ਸਭਨਾਂ ਦੇਸਾਂ ਦੇ ਰਾਜਾਂ ਦਾ ਪਰਤਾਪ ਅਰ ਪਾਤਸ਼ਾਹੀ ਅਤੇ ਰਾਜ ਦਿੱਤੇ ਜਾਣਗੇ। ਉਨ੍ਹਾਂ ਦਾ ਰਾਜ ਇੱਕ ਸਦਾ ਦਾ ਰਾਜ ਹੈ ਅਤੇ ਸਾਰੀਆਂ ਪਾਤਸ਼ਾਹੀਆਂ ਉਨ੍ਹਾਂ ਦੀ ਉਪਾਸਨਾ ਕਰਨਗੀਆਂ ਅਤੇ ਆਗਿਆਕਾਰ ਹੋਣਗੀਆਂ।’ (ਦਾਨੀਏਲ 7:13, 14, 18, 27) ਯਿਸੂ ਨੇ ਆਪਣੇ ਚੇਲਿਆਂ ਨੂੰ ਇਸੇ ਸਵਰਗੀ ਰਾਜ ਲਈ ਪ੍ਰਾਰਥਨਾ ਕਰਨ ਲਈ ਕਿਹਾ ਸੀ।

ਅਸੀਂ ਰਾਜ ਦੇ ਆਉਣ ਲਈ ਪ੍ਰਾਰਥਨਾ ਕਿਉਂ ਕਰਦੇ ਹਾਂ?

9. ਅਜੇ ਵੀ ਪਰਮੇਸ਼ੁਰ ਦੇ ਰਾਜ ਦੇ ਆਉਣ ਲਈ ਪ੍ਰਾਰਥਨਾ ਕਰਨੀ ਕਿਉਂ ਢੁਕਵੀਂ ਹੈ?

9 ਆਪਣੀ ਪ੍ਰਾਰਥਨਾ ਵਿਚ ਯਿਸੂ ਨੇ ਕਿਹਾ ਸੀ ਕਿ ਸਾਨੂੰ ਪਰਮੇਸ਼ੁਰ ਦੇ ਰਾਜ ਦੇ ਆਉਣ ਲਈ ਪ੍ਰਾਰਥਨਾ ਕਰਨੀ ਚਾਹੀਦੀ ਹੈ। ਬਾਈਬਲ ਭਵਿੱਖਬਾਣੀ ਦੀ ਪੂਰਤੀ ਤੋਂ ਪਤਾ ਲੱਗਦਾ ਹੈ ਕਿ ਮਸੀਹ ਦਾ ਰਾਜ ਸਵਰਗ ਵਿਚ 1914 ਵਿਚ ਸਥਾਪਿਤ ਹੋ ਚੁੱਕਾ ਸੀ। * ਤਾਂ ਫਿਰ ਕੀ ਸਾਨੂੰ ਅਜੇ ਵੀ ਉਸ ਰਾਜ ਦੇ ‘ਆਉਣ’ ਲਈ ਪ੍ਰਾਰਥਨਾ ਕਰਨੀ ਚਾਹੀਦੀ ਹੈ? ਬਿਲਕੁਲ। ਦਾਨੀਏਲ ਦੀ ਭਵਿੱਖਬਾਣੀ ਵਿਚ ਮਸੀਹ ਦਾ ਰਾਜ ਇਕ ਪੱਥਰ ਦੁਆਰਾ ਦਰਸਾਇਆ ਗਿਆ ਹੈ ਅਤੇ ਮਨੁੱਖੀ ਸਰਕਾਰਾਂ ਇਕ ਵੱਡੀ ਮੂਰਤ ਦੁਆਰਾ ਦਰਸਾਈਆਂ ਗਈਆਂ ਹਨ। ਉਹ ਪੱਥਰ ਜਲਦੀ ਹੀ ਇਸ ਮੂਰਤ ਨਾਲ ਟਕਰਾ ਕੇ ਉਸ ਦਾ ਸੱਤਿਆਨਾਸ ਕਰੇਗਾ। ਦਾਨੀਏਲ ਦੀ ਭਵਿੱਖਬਾਣੀ ਅੱਗੇ ਕਹਿੰਦੀ ਹੈ: “ਉਹ ਦੀ ਹੁਕਮਰਾਨੀ ਦੂਜੇ ਲੋਕਾਂ ਲਈ ਛੱਡੀ ਨਾ ਜਾਵੇਗੀ ਸਗੋਂ ਉਹ ਏਹਨਾਂ ਸਾਰੀਆਂ ਪਾਤਸ਼ਾਹੀਆਂ ਨੂੰ ਚੂਰ ਚੂਰ ਕਰ ਕੇ ਸਤਿਆ ਨਾਸ ਕਰੇਗਾ ਪਰ ਆਪ ਸਦਾ ਤਾਈਂ ਖੜਾ ਰਹੇਗਾ।”—ਦਾਨੀਏਲ 2:44.

10. ਅਸੀਂ ਪਰਮੇਸ਼ੁਰ ਦੇ ਰਾਜ ਦੇ ਆਉਣ ਨੂੰ ਕਿਉਂ ਲੋਚਦੇ ਹਾਂ?

10 ਅਸੀਂ ਉਸ ਸਮੇਂ ਦੀ ਬਹੁਤ ਉਤਸ਼ਾਹ ਨਾਲ ਉਡੀਕ ਕਰਦੇ ਹਾਂ ਜਦੋਂ ਪਰਮੇਸ਼ੁਰ ਦਾ ਰਾਜ ਸ਼ਤਾਨ ਦੀ ਦੁਸ਼ਟ ਦੁਨੀਆਂ ਦੇ ਵਿਰੁੱਧ ਕਦਮ ਚੁੱਕੇਗਾ ਕਿਉਂਕਿ ਇਸ ਰਾਹੀਂ ਯਹੋਵਾਹ ਦਾ ਪਵਿੱਤਰ ਨਾਂ ਉੱਚਾ ਕੀਤਾ ਜਾਵੇਗਾ ਅਤੇ ਉਸ ਦੀ ਹਕੂਮਤ ਦੇ ਸਾਰੇ ਵਿਰੋਧੀ ਖ਼ਤਮ ਕੀਤੇ ਜਾਣਗੇ। ਅਸੀਂ ਦਿਲੋਂ ਪ੍ਰਾਰਥਨਾ ਕਰਦੇ ਹਾਂ: “ਤੇਰਾ ਰਾਜ ਆਵੇ” ਅਤੇ ਯੂਹੰਨਾ ਰਸੂਲ ਨਾਲ ਅਸੀਂ “ਆਮੀਨ। ਹੇ ਪ੍ਰਭੁ ਯਿਸੂ, ਆਓ” ਕਹਿੰਦੇ ਹਾਂ। (ਪਰਕਾਸ਼ ਦੀ ਪੋਥੀ 22:20) ਜੀ ਹਾਂ, ਸਾਡੀ ਪ੍ਰਾਰਥਨਾ ਹੈ ਕਿ ਯਿਸੂ ਯਹੋਵਾਹ ਦਾ ਨਾਂ ਪਵਿੱਤਰ ਕਰਨ ਅਤੇ ਉਸ ਦੀ ਹਕੂਮਤ ਨੂੰ ਸਹੀ ਸਿੱਧ ਕਰਨ ਲਈ ਆਵੇ, ਤਾਂਕਿ ਜ਼ਬੂਰਾਂ ਦੇ ਲਿਖਾਰੀ ਦੇ ਇਹ ਸ਼ਬਦ ਸੱਚ ਹੋਣ: “ਭਈ ਓਹ ਜਾਣਨ ਕਿ ਇਕੱਲਾ ਤੂੰ ਹੀ ਜਿਹ ਦਾ ਨਾਮ ਯਹੋਵਾਹ ਹੈ ਸਾਰੀ ਧਰਤੀ ਉੱਤੇ ਅੱਤ ਮਹਾਨ ਹੈਂ!”—ਜ਼ਬੂਰਾਂ ਦੀ ਪੋਥੀ 83:18.

‘ਤੇਰੀ ਮਰਜ਼ੀ ਪੂਰੀ ਹੋਵੇ’

11, 12. (ੳ) ਜਦੋਂ ਅਸੀਂ ਇਹ ਪ੍ਰਾਰਥਨਾ ਕਰਦੇ ਹਾਂ ਕਿ “ਤੇਰੀ ਮਰਜ਼ੀ ਜਿਹੀ ਸੁਰਗ ਵਿੱਚ ਪੂਰੀ ਹੁੰਦੀ ਹੈ ਜਮੀਨ ਉੱਤੇ ਵੀ ਹੋਵੇ,” ਤਾਂ ਅਸੀਂ ਕੀ ਮੰਗਦੇ ਹਾਂ? (ਅ) ਯਹੋਵਾਹ ਦੀ ਮਰਜ਼ੀ ਪੂਰੀ ਹੋਣ ਬਾਰੇ ਸਾਡੀਆਂ ਪ੍ਰਾਰਥਨਾਵਾਂ ਹੋਰ ਕੀ ਸੰਕੇਤ ਕਰਦੀਆਂ ਹਨ?

11 ਅੱਗੇ ਯਿਸੂ ਨੇ ਆਪਣੇ ਚੇਲਿਆਂ ਨੂੰ ਪ੍ਰਾਰਥਨਾ ਵਿਚ ਇਹ ਕਹਿਣ ਲਈ ਕਿਹਾ: “ਤੇਰੀ ਮਰਜ਼ੀ ਜਿਹੀ ਸੁਰਗ ਵਿੱਚ ਪੂਰੀ ਹੁੰਦੀ ਹੈ ਜਮੀਨ ਉੱਤੇ ਵੀ ਹੋਵੇ।” (ਮੱਤੀ 6:10) ਪੂਰਾ ਵਿਸ਼ਵ ਯਹੋਵਾਹ ਦੀ ਮਰਜ਼ੀ ਨਾਲ ਹੋਂਦ ਵਿਚ ਆਇਆ ਸੀ। ਸਵਰਗੀ ਪ੍ਰਾਣੀ ਜੈਕਾਰੇ ਗਜਾਉਂਦੇ ਹਨ: “ਹੇ ਸਾਡੇ ਪ੍ਰਭੁ ਅਤੇ ਸਾਡੇ ਪਰਮੇਸ਼ੁਰ, ਤੂੰ ਮਹਿਮਾ, ਮਾਣ, ਅਤੇ ਸਮਰੱਥਾ ਲੈਣ ਦੇ ਜੋਗ ਹੈਂ, ਤੈਂ ਜੋ ਸਾਰੀਆਂ ਵਸਤਾਂ ਰਚੀਆਂ, ਅਤੇ ਓਹ ਤੇਰੀ ਹੀ ਇੱਛਿਆ ਨਾਲ ਹੋਈਆਂ ਅਤੇ ਰਚੀਆਂ ਗਈਆਂ!” (ਪਰਕਾਸ਼ ਦੀ ਪੋਥੀ 4:11) ਯਹੋਵਾਹ ਨੇ ‘ਸੁਰਗ ਵਿੱਚ ਅਤੇ ਧਰਤੀ ਉੱਤੇ’ ਸਾਰੀਆਂ ਚੀਜ਼ਾਂ ਨੂੰ ਇਕ ਮਕਸਦ ਲਈ ਬਣਾਇਆ ਹੈ। (ਅਫ਼ਸੀਆਂ 1:8-10) ਜਦੋਂ ਅਸੀਂ ਇਹ ਪ੍ਰਾਰਥਨਾ ਕਰਦੇ ਹਾਂ ਕਿ ਪਰਮੇਸ਼ੁਰ ਦੀ ਮਰਜ਼ੀ ਪੂਰੀ ਹੋਵੇ, ਤਾਂ ਅਸਲ ਵਿਚ ਅਸੀਂ ਆਪਣੀ ਦਿਲੀ ਖ਼ਾਹਸ਼ ਜ਼ਾਹਰ ਕਰਦੇ ਹਾਂ ਕਿ ਪੂਰੇ ਵਿਸ਼ਵ ਵਿਚ ਪਰਮੇਸ਼ੁਰ ਆਪਣਾ ਮਕਸਦ ਪੂਰਾ ਕਰੇ।

12 ਇਸ ਪ੍ਰਾਰਥਨਾ ਰਾਹੀਂ ਅਸੀਂ ਇਹ ਵੀ ਦਿਖਾਉਂਦੇ ਹਾਂ ਕਿ ਅਸੀਂ ਯਹੋਵਾਹ ਦੀ ਮਰਜ਼ੀ ਮੁਤਾਬਕ ਆਪਣੀ ਜ਼ਿੰਦਗੀ ਜੀਣ ਲਈ ਤਿਆਰ ਹਾਂ। ਯਿਸੂ ਨੇ ਕਿਹਾ: “ਮੇਰਾ ਭੋਜਨ ਇਹੋ ਹੈ ਜੋ ਆਪਣੇ ਭੇਜਣ ਵਾਲੇ ਦੀ ਮਰਜ਼ੀ ਉੱਤੇ ਚੱਲਾਂ ਅਰ ਉਹ ਦਾ ਕੰਮ ਸੰਪੂਰਣ ਕਰਾਂ।” (ਯੂਹੰਨਾ 4:34) ਸੱਚੇ ਮਸੀਹੀ ਹੋਣ ਦੇ ਨਾਤੇ, ਅਸੀਂ ਵੀ ਯਿਸੂ ਵਾਂਗ ਪਰਮੇਸ਼ੁਰ ਦੀ ਮਰਜ਼ੀ ਪੂਰੀ ਕਰ ਕੇ ਬਹੁਤ ਖ਼ੁਸ਼ ਹੁੰਦੇ ਹਾਂ। ਯਹੋਵਾਹ ਅਤੇ ਉਸ ਦੇ ਪੁੱਤਰ ਲਈ ਸਾਡਾ ਪਿਆਰ ਸਾਨੂੰ ਪ੍ਰੇਰਿਤ ਕਰਦਾ ਹੈ ਕਿ ਅਸੀਂ “ਅਗਾਹਾਂ ਨੂੰ ਮਨੁੱਖਾਂ ਦੀਆਂ ਕਾਮਨਾਂ ਦੇ ਅਨੁਸਾਰ ਨਹੀਂ ਸਗੋਂ ਪਰਮੇਸ਼ੁਰ ਦੀ ਇੱਛਿਆ ਦੇ ਅਨੁਸਾਰ” ਚੱਲੀਏ। (1 ਪਤਰਸ 4:1, 2; 2 ਕੁਰਿੰਥੀਆਂ 5:14, 15) ਅਸੀਂ ਉਨ੍ਹਾਂ ਕੰਮਾਂ ਤੋਂ ਦੂਰ ਰਹਿਣਾ ਚਾਹੁੰਦਾ ਹਾਂ ਜੋ ਪਰਮੇਸ਼ੁਰ ਦੀ ਮਰਜ਼ੀ ਦੇ ਵਿਰੁੱਧ ਹਨ। (1 ਥੱਸਲੁਨੀਕੀਆਂ 4:3-5) ਇਹ ਕਰਨ ਲਈ ਜੇ ਅਸੀਂ ਸਮਾਂ ਕੱਢ ਕੇ ਬਾਈਬਲ ਦੀ ਪੜ੍ਹਾਈ ਕਰੀਏ ਤਾਂ ਅਸੀਂ ‘ਯਹੋਵਾਹ ਦੀ ਇੱਛਿਆ’ ਨੂੰ ਹੋਰ ਚੰਗੀ ਤਰ੍ਹਾਂ ਸਮਝ ਸਕਾਂਗੇ ਜਿਸ ਇੱਛਾ ਵਿਚ ‘ਰਾਜ ਦੀ ਖ਼ੁਸ਼ ਖ਼ਬਰੀ’ ਦਾ ਪ੍ਰਚਾਰ ਕਰਨਾ ਵੀ ਸ਼ਾਮਲ ਹੈ।—ਅਫ਼ਸੀਆਂ 5:15-17; ਮੱਤੀ 24:14.

ਸਵਰਗ ਵਿਚ ਯਹੋਵਾਹ ਦੀ ਮਰਜ਼ੀ

13. ਸ਼ਤਾਨ ਦੀ ਬਗਾਵਤ ਤੋਂ ਪਹਿਲਾਂ ਪਰਮੇਸ਼ੁਰ ਦੀ ਮਰਜ਼ੀ ਕਿਵੇਂ ਪੂਰੀ ਕੀਤੀ ਜਾ ਰਹੀ ਸੀ?

13 ਸ਼ਤਾਨ ਦੀ ਬਗਾਵਤ ਤੋਂ ਕਾਫ਼ੀ ਚਿਰ ਪਹਿਲਾਂ ਸਵਰਗ ਵਿਚ ਯਹੋਵਾਹ ਦੀ ਮਰਜ਼ੀ ਪੂਰੀ ਕੀਤੀ ਜਾ ਰਹੀ ਸੀ। ਕਹਾਉਤਾਂ ਦੀ ਪੋਥੀ ਵਿਚ ਪਰਮੇਸ਼ੁਰ ਦੇ ਜੇਠੇ ਪੁੱਤਰ ਨੂੰ ਬੁੱਧ ਵਜੋਂ ਦਰਸਾਇਆ ਗਿਆ ਹੈ। ਇਸ ਵਿਚ ਦੱਸਿਆ ਗਿਆ ਹੈ ਕਿ ਅਣਗਿਣਤ ਯੁਗਾਂ ਦੌਰਾਨ ਪਰਮੇਸ਼ੁਰ ਦਾ ਇਕਲੌਤਾ ਪੁੱਤਰ ਆਪਣੇ ਪਿਤਾ ਨਾਲ ਕੰਮ ਕਰ ਕੇ ਅਤੇ ਉਸ ਦੀ ਮਰਜ਼ੀ ਪੂਰੀ ਕਰ ਕੇ ਬਹੁਤ ਖ਼ੁਸ਼ ਸੀ। ਉਸ ਨੇ ਬਾਅਦ ਵਿਚ ਯਹੋਵਾਹ ਦੇ “ਰਾਜ ਮਿਸਤਰੀ” ਵਜੋਂ “ਅਕਾਸ਼ ਅਤੇ ਧਰਤੀ ਉਤਲੀਆਂ ਸਾਰੀਆਂ ਵਸਤਾਂ . . . ਨਾਲੇ ਦਿੱਸਣ ਵਾਲੀਆਂ, ਨਾਲੇ ਨਾ ਦਿੱਸਣ ਵਾਲੀਆਂ” ਚੀਜ਼ਾਂ ਦੀ ਸ੍ਰਿਸ਼ਟੀ ਕਰਨ ਵਿਚ ਯਹੋਵਾਹ ਦਾ ਹੱਥ ਵਟਾਇਆ। (ਕਹਾਉਤਾਂ 8:22-31; ਕੁਲੁੱਸੀਆਂ 1:15-17) ਯਹੋਵਾਹ ਨੇ ਯਿਸੂ ਨੂੰ ਆਪਣੇ ਸ਼ਬਦ ਯਾਨੀ ਬੁਲਾਰੇ ਵਜੋਂ ਵੀ ਇਸਤੇਮਾਲ ਕੀਤਾ।—ਯੂਹੰਨਾ 1:1-3.

14. ਅਸੀਂ ਜ਼ਬੂਰ 103 ਤੋਂ ਕਿਵੇਂ ਦੇਖ ਸਕਦੇ ਹਾਂ ਕਿ ਦੂਤ ਸਵਰਗ ਵਿਚ ਯਹੋਵਾਹ ਦੀ ਮਰਜ਼ੀ ਪੂਰੀ ਕਰਦੇ ਹਨ?

14 ਜ਼ਬੂਰਾਂ ਦਾ ਲਿਖਾਰੀ ਦਿਖਾਉਂਦਾ ਹੈ ਕਿ ਯਹੋਵਾਹ ਪੂਰੀ ਸ੍ਰਿਸ਼ਟੀ ਉੱਤੇ ਹਕੂਮਤ ਕਰਦਾ ਹੈ ਅਤੇ ਸਵਰਗੀ ਫ਼ਰਿਸ਼ਤੇ ਉਸ ਦਾ ਕਹਿਣਾ ਮੰਨਦੇ ਹਨ। ਅਸੀਂ ਪੜ੍ਹਦੇ ਹਾਂ: “ਯਹੋਵਾਹ ਨੇ ਆਪਣੀ ਰਾਜ ਗੱਦੀ ਸੁਰਗ ਵਿੱਚ ਕਾਇਮ ਕੀਤੀ ਹੈ, ਅਤੇ ਉਹ ਦੀ ਪਾਤਸ਼ਾਹੀ ਦਾ ਹੁਕਮ ਸਭਨਾਂ ਉੱਤੇ ਹੈ। ਹੇ ਉਹ ਦੇ ਦੂਤੋ, ਯਹੋਵਾਹ ਨੂੰ ਮੁਬਾਰਕ ਆਖੋ, ਤੁਸੀਂ ਜਿਹੜੇ ਸ਼ਕਤੀ ਵਿੱਚ ਬਲਵਾਨ ਹੋ, ਅਤੇ ਉਹ ਦਾ ਸ਼ਬਦ ਸੁਣ ਕੇ ਉਹ ਨੂੰ ਪੂਰਿਆਂ ਕਰਦੇ ਹੋ! ਹੇ ਉਹ ਦੀਓ ਸਾਰੀਓ ਸੈਨਾਵੋ, ਯਹੋਵਾਹ ਨੂੰ ਮੁਬਾਰਕ ਆਖੋ, ਤੁਸੀਂ ਜਿਹੜੇ ਉਹ ਦੇ ਸੇਵਕ ਹੋ ਤੇ ਉਹ ਦੀ ਮਰਜ਼ੀ ਨੂੰ ਪੂਰਿਆਂ ਕਰਦੇ ਹੋ! ਹੇ ਉਹ ਦੇ ਕਾਰਜੋ, ਉਹ ਦੀ ਪਾਤਸ਼ਾਹੀ ਦਿਆਂ ਸਾਰਿਆਂ ਥਾਂਵਾਂ ਵਿੱਚ, ਯਹੋਵਾਹ ਨੂੰ ਮੁਬਾਰਕ ਆਖੋ!”—ਜ਼ਬੂਰਾਂ ਦੀ ਪੋਥੀ 103:19-22.

15. ਯਿਸੂ ਦੇ ਰਾਜਾ ਬਣਨ ਨਾਲ ਸਵਰਗ ਵਿਚ ਪਰਮੇਸ਼ੁਰ ਦੀ ਮਰਜ਼ੀ ਕਿਵੇਂ ਪੂਰੀ ਹੋਈ ਸੀ?

15 ਅੱਯੂਬ ਦੀ ਪੋਥੀ ਮੁਤਾਬਕ ਸ਼ਤਾਨ ਆਪਣੀ ਬਗਾਵਤ ਤੋਂ ਬਾਅਦ ਵੀ ਸਵਰਗੀ ਦਰਬਾਰਾਂ ਵਿਚ ਆ-ਜਾ ਸਕਦਾ ਸੀ। (ਅੱਯੂਬ 1:6-12; 2:1-7) ਪਰ ਪਰਕਾਸ਼ ਦੀ ਪੋਥੀ ਵਿਚ ਦੱਸਿਆ ਗਿਆ ਹੈ ਕਿ ਬਾਅਦ ਵਿਚ ਸ਼ਤਾਨ ਅਤੇ ਹੋਰ ਦੁਸ਼ਟ ਦੂਤਾਂ ਨੂੰ ਸਵਰਗੋਂ ਕੱਢਿਆ ਜਾਣਾ ਸੀ। ਇਹ 1914 ਵਿਚ ਯਿਸੂ ਮਸੀਹ ਦੇ ਰਾਜਾ ਬਣਨ ਤੋਂ ਥੋੜ੍ਹੀ ਦੇਰ ਬਾਅਦ ਹੋਇਆ ਸੀ। ਉਸ ਸਮੇਂ ਤੋਂ ਉਹ ਬਾਗ਼ੀ ਫ਼ਰਿਸ਼ਤੇ ਪਰਮੇਸ਼ੁਰ ਦੇ ਹਜ਼ੂਰ ਨਹੀਂ ਆ ਸਕੇ। ਉਹ ਸਿਰਫ਼ ਧਰਤੀ ਉੱਤੇ ਆਪਣੇ ਕੰਮ-ਕਾਰ ਕਰ ਸਕਦੇ ਸਨ। (ਪਰਕਾਸ਼ ਦੀ ਪੋਥੀ 12:7-12) ਹੁਣ ਸਵਰਗ ਵਿਚ ਪਰਮੇਸ਼ੁਰ ਦੀ ਹਕੂਮਤ ਨੂੰ ਲਲਕਾਰਨ ਵਾਲਿਆਂ ਦੀ ਆਵਾਜ਼ ਨਹੀਂ ਸੁਣਾਈ ਦਿੰਦੀ, ਸਗੋਂ ਉਨ੍ਹਾਂ ਦੀਆਂ ਆਵਾਜ਼ਾਂ ਸੁਣੀਆਂ ਜਾਂਦੀਆਂ ਹਨ ਜੋ “ਲੇਲੇ” ਯਿਸੂ ਮਸੀਹ ਨੂੰ ਕਬੂਲ ਕਰਦੇ ਹਨ ਅਤੇ ਯਹੋਵਾਹ ਦੀ ਉਸਤਤ ਕਰਦੇ ਹਨ। (ਪਰਕਾਸ਼ ਦੀ ਪੋਥੀ 4:9-11) ਜੀ ਹਾਂ, ਯਹੋਵਾਹ ਦੀ ਮਰਜ਼ੀ ਸਵਰਗ ਵਿਚ ਪੂਰੀ ਕੀਤੀ ਜਾ ਰਹੀ ਹੈ।

ਧਰਤੀ ਲਈ ਪਰਮੇਸ਼ੁਰ ਦੀ ਮਰਜ਼ੀ

16. ਯਿਸੂ ਦੀ ਪ੍ਰਾਰਥਨਾ ਈਸਾਈ-ਜਗਤ ਦੀ ਕਿਹੜੀ ਸਿੱਖਿਆ ਨੂੰ ਨਕਾਰਦੀ ਹੈ?

16 ਈਸਾਈ-ਜਗਤ ਦੇ ਗਿਰਜੇ ਦਾਅਵਾ ਕਰਦੇ ਹਨ ਕਿ ਸਾਰੇ ਚੰਗੇ ਇਨਸਾਨ ਸਵਰਗ ਨੂੰ ਜਾਣਗੇ। ਉਹ ਧਰਤੀ ਦੇ ਸੰਬੰਧ ਵਿਚ ਪਰਮੇਸ਼ੁਰ ਦੇ ਮਕਸਦ ਬਾਰੇ ਕੁਝ ਨਹੀਂ ਦੱਸਦੇ। ਪਰ ਯਿਸੂ ਨੇ ਸਾਨੂੰ ਇਹ ਪ੍ਰਾਰਥਨਾ ਕਰਨੀ ਸਿਖਾਈ ਸੀ: “ਤੇਰਾ ਰਾਜ ਆਵੇ, ਤੇਰੀ ਮਰਜ਼ੀ ਜਿਹੀ ਸੁਰਗ ਵਿੱਚ ਪੂਰੀ ਹੁੰਦੀ ਹੈ ਜਮੀਨ ਉੱਤੇ ਵੀ ਹੋਵੇ।” (ਮੱਤੀ 6:10) ਅੱਜ ਧਰਤੀ ਉੱਤੇ ਲੋਕ ਹਿੰਸਾ, ਬੇਇਨਸਾਫ਼ੀਆਂ, ਬੀਮਾਰੀਆਂ ਅਤੇ ਮੌਤ ਦਾ ਦੁੱਖ ਭੋਗਦੇ ਹਨ। ਕੋਈ ਇਹ ਨਹੀਂ ਕਹਿ ਸਕਦਾ ਕਿ ਅੱਜ ਇਸ ਧਰਤੀ ਉੱਤੇ ਪਰਮੇਸ਼ੁਰ ਦੀ ਮਰਜ਼ੀ ਪੂਰੀ ਹੋ ਰਹੀ ਹੈ। ਇਸ ਲਈ ਸਾਨੂੰ ਪਤਰਸ ਰਸੂਲ ਦੁਆਰਾ ਦਰਜ ਕੀਤੇ ਵਾਅਦੇ ਅਨੁਸਾਰ ਦਿਲੋਂ ਪ੍ਰਾਰਥਨਾ ਕਰਨੀ ਚਾਹੀਦੀ ਹੈ ਕਿ ਪਰਮੇਸ਼ੁਰ ਦੀ ਮਰਜ਼ੀ ਧਰਤੀ ਉੱਤੇ ਪੂਰੀ ਕੀਤੀ ਜਾਵੇ: “ਅਸੀਂ ਨਵੇਂ ਅਕਾਸ਼ [ਮਸੀਹਾ ਦਾ ਸਵਰਗੀ ਰਾਜ] ਅਤੇ ਨਵੀਂ ਧਰਤੀ [ਧਰਮੀ ਇਨਸਾਨਾਂ ਦਾ ਸੰਸਾਰ] ਦੀ ਉਡੀਕ ਕਰਦੇ ਹਾਂ ਜਿਨ੍ਹਾਂ ਵਿੱਚ ਧਰਮ ਵੱਸਦਾ ਹੈ।”—2 ਪਤਰਸ 3:13.

17. ਧਰਤੀ ਲਈ ਪਰਮੇਸ਼ੁਰ ਦਾ ਮਕਸਦ ਕੀ ਹੈ?

17 ਯਹੋਵਾਹ ਨੇ ਇਹ ਧਰਤੀ ਐਵੇਂ ਨਹੀਂ ਬਣਾਈ, ਉਸ ਨੇ ਇਸ ਨੂੰ ਇਕ ਮਕਸਦ ਲਈ ਬਣਾਇਆ ਹੈ। ਉਸ ਨੇ ਯਸਾਯਾਹ ਨਬੀ ਦੇ ਜ਼ਰੀਏ ਲਿਖਵਾਇਆ: “ਯਹੋਵਾਹ ਜੋ ਅਕਾਸ਼ ਦਾ ਕਰਤਾ ਹੈ,—ਉਹ ਉਹੀ ਪਰਮੇਸ਼ੁਰ ਹੈ ਜਿਸ ਧਰਤੀ ਨੂੰ ਸਾਜਿਆ, ਜਿਸ ਉਹ ਨੂੰ ਬਣਾਇਆ ਅਤੇ ਕਾਇਮ ਕੀਤਾ,—ਉਹ ਨੇ ਉਸ ਨੂੰ ਬੇਡੌਲ ਨਹੀਂ ਉਤਪਤ ਕੀਤਾ, ਉਹ ਨੇ ਵੱਸਣ ਲਈ ਉਸ ਨੂੰ ਸਾਜਿਆ,—ਉਹ ਇਉਂ ਆਖਦਾ ਹੈ, ਮੈਂ ਹੀ ਯਹੋਵਾਹ ਹਾਂ, ਹੋਰ ਹੈ ਨਹੀਂ।” (ਯਸਾਯਾਹ 45:18) ਪਰਮੇਸ਼ੁਰ ਨੇ ਪਹਿਲੇ ਇਨਸਾਨੀ ਜੋੜੇ ਨੂੰ ਇਕ ਫਿਰਦੌਸ ਵਿਚ ਰੱਖ ਕੇ ਉਨ੍ਹਾਂ ਨੂੰ ਕਿਹਾ: “ਫਲੋ ਅਰ ਵਧੋ ਅਰ ਧਰਤੀ ਨੂੰ ਭਰ ਦਿਓ ਅਤੇ ਉਹ ਨੂੰ ਆਪਣੇ ਵੱਸ ਵਿੱਚ ਕਰੋ।” (ਉਤਪਤ 1:27, 28; 2:15) ਹਾਂ, ਇਸ ਤੋਂ ਪਰਮੇਸ਼ੁਰ ਦੇ ਮਕਸਦ ਬਾਰੇ ਸਾਫ਼ ਪਤਾ ਲੱਗਦਾ ਹੈ। ਉਹ ਚਾਹੁੰਦਾ ਹੈ ਕਿ ਪੂਰੀ ਧਰਤੀ ਮੁਕੰਮਲ ਅਤੇ ਧਰਮੀ ਇਨਸਾਨਾਂ ਨਾਲ ਭਰ ਜਾਵੇ ਜੋ ਸਾਰੇ-ਦੇ-ਸਾਰੇ ਖ਼ੁਸ਼ੀ ਨਾਲ ਉਸ ਦੀ ਹਕੂਮਤ ਨੂੰ ਕਬੂਲ ਕਰਨ ਅਤੇ ਸਦਾ ਲਈ ਫਿਰਦੌਸ ਵਿਚ ਵੱਸਣ।—ਜ਼ਬੂਰਾਂ ਦੀ ਪੋਥੀ 37:11, 29.

18, 19. (ੳ) ਧਰਤੀ ਉੱਤੇ ਪਰਮੇਸ਼ੁਰ ਦੀ ਮਰਜ਼ੀ ਮੁਕੰਮਲ ਤੌਰ ਤੇ ਪੂਰੀ ਹੋਣ ਤੋਂ ਪਹਿਲਾਂ ਕੀ ਕਰਨਾ ਜ਼ਰੂਰੀ ਹੋਵੇਗਾ? (ਅ) ਅਗਲੇ ਲੇਖ ਵਿਚ ਅਸੀਂ ਯਿਸੂ ਦੀ ਪ੍ਰਾਰਥਨਾ ਬਾਰੇ ਹੋਰ ਕੀ ਸਿੱਖਾਂਗੇ?

18 ਜਦ ਤਕ ਇਸ ਧਰਤੀ ਉੱਤੇ ਅਜਿਹੇ ਲੋਕ ਹਨ ਜੋ ਪਰਮੇਸ਼ੁਰ ਦੇ ਅਧੀਨ ਨਹੀਂ ਹੋਣਾ ਚਾਹੁੰਦੇ, ਉਦੋਂ ਤਕ ਇਸ ਧਰਤੀ ਪ੍ਰਤੀ ਯਹੋਵਾਹ ਦੀ ਮਰਜ਼ੀ ਪੂਰੀ ਨਹੀਂ ਹੋ ਸਕਦੀ। ਮਸੀਹ ਦੀ ਅਗਵਾਈ ਹੇਠ ਤਾਕਤਵਰ ਦੂਤਾਂ ਦੇ ਜ਼ਰੀਏ ਪਰਮੇਸ਼ੁਰ ‘ਓਹਨਾਂ ਦਾ ਨਾਸ ਕਰੇਗਾ ਜੋ ਧਰਤੀ ਦਾ ਨਾਸ ਕਰ ਰਹੇ ਹਨ।’ ਝੂਠੇ ਧਰਮ, ਭ੍ਰਿਸ਼ਟ ਰਾਜਨੀਤੀ, ਲਾਲਚੀ ਅਤੇ ਬੇਈਮਾਨ ਵਪਾਰੀ ਅਤੇ ਵਿਨਾਸ਼ਕਾਰੀ ਮਿਲਟਰੀ ਸਮੇਤ ਸ਼ਤਾਨ ਦੀ ਸਾਰੀ ਦੁਨੀਆਂ ਦਾ ਨਾਮੋ-ਨਿਸ਼ਾਨ ਮਿਟਾਇਆ ਜਾਵੇਗਾ। (ਪਰਕਾਸ਼ ਦੀ ਪੋਥੀ 11:18; 18:21; 19:1, 2, 11-18) ਯਹੋਵਾਹ ਦੀ ਹਕੂਮਤ ਨੂੰ ਸਹੀ ਸਿੱਧ ਕੀਤਾ ਜਾਵੇਗਾ ਅਤੇ ਉਸ ਦਾ ਨਾਂ ਉੱਚਾ ਕੀਤਾ ਜਾਵੇਗਾ। ਅਸੀਂ ਇਸੇ ਗੱਲ ਲਈ ਪ੍ਰਾਰਥਨਾ ਕਰਦੇ ਹਾਂ ਜਦੋਂ ਅਸੀਂ ਇਹ ਬੇਨਤੀ ਕਰਦੇ ਹਾਂ: “ਹੇ ਸਾਡੇ ਪਿਤਾ, ਜਿਹੜਾ ਸੁਰਗ ਵਿੱਚ ਹੈਂ, ਤੇਰਾ ਨਾਮ ਪਾਕ ਮੰਨਿਆ ਜਾਵੇ, ਤੇਰਾ ਰਾਜ ਆਵੇ, ਤੇਰੀ ਮਰਜ਼ੀ ਜਿਹੀ ਸੁਰਗ ਵਿੱਚ ਪੂਰੀ ਹੁੰਦੀ ਹੈ ਜਮੀਨ ਉੱਤੇ ਵੀ ਹੋਵੇ।”—ਮੱਤੀ 6:9, 10.

19 ਪਰ ਯਿਸੂ ਨੇ ਆਦਰਸ਼ ਪ੍ਰਾਰਥਨਾ ਵਿਚ ਇਹ ਵੀ ਸਿਖਾਇਆ ਸੀ ਕਿ ਅਸੀਂ ਨਿੱਜੀ ਮਾਮਲਿਆਂ ਬਾਰੇ ਵੀ ਪ੍ਰਾਰਥਨਾ ਕਰ ਸਕਦੇ ਹਾਂ। ਅਸੀਂ ਇਸ ਬਾਰੇ ਅਗਲੇ ਲੇਖ ਵਿਚ ਸਿੱਖਾਂਗੇ।

[ਫੁਟਨੋਟ]

ਇਨ੍ਹਾਂ ਸਵਾਲਾਂ ਉੱਤੇ ਗੌਰ ਕਰੋ

• ਯਹੋਵਾਹ ਨੂੰ ‘ਆਪਣਾ ਪਿਤਾ’ ਕਹਿਣਾ ਕਿਉਂ ਢੁਕਵਾਂ ਹੈ?

• ਯਹੋਵਾਹ ਦਾ ਨਾਂ ਪਾਕ ਮੰਨੇ ਜਾਣ ਬਾਰੇ ਪ੍ਰਾਰਥਨਾ ਕਰਨੀ ਕਿਉਂ ਸਭ ਤੋਂ ਜ਼ਰੂਰੀ ਗੱਲ ਹੈ?

• ਅਸੀਂ ਪਰਮੇਸ਼ੁਰ ਦੇ ਰਾਜ ਦੇ ਆਉਣ ਬਾਰੇ ਕਿਉਂ ਪ੍ਰਾਰਥਨਾ ਕਰਦੇ ਹਾਂ?

• ਜਦੋਂ ਅਸੀਂ ਪਰਮੇਸ਼ੁਰ ਦੀ ਮਰਜ਼ੀ ਜਿਵੇਂ ਸਵਰਗ ਵਿਚ ਪੂਰੀ ਹੁੰਦੀ ਹੈ ਧਰਤੀ ਉੱਤੇ ਵੀ ਹੋਣ ਬਾਰੇ ਪ੍ਰਾਰਥਨਾ ਕਰਦੇ ਹਾਂ, ਤਾਂ ਅਸੀਂ ਕੀ ਬੇਨਤੀ ਕਰ ਰਹੇ ਹੁੰਦੇ ਹਾਂ?

[ਸਵਾਲ]

[ਸਫ਼ੇ 9 ਉੱਤੇ ਤਸਵੀਰ]

ਯਿਸੂ ਦੀਆਂ ਪ੍ਰਾਰਥਨਾਵਾਂ ਫ਼ਰੀਸੀਆਂ ਦੀਆਂ ਪਖੰਡੀ ਪ੍ਰਾਰਥਨਾਵਾਂ ਤੋਂ ਬਹੁਤ ਵੱਖਰੀਆਂ ਸਨ

[ਸਫ਼ੇ 10 ਉੱਤੇ ਤਸਵੀਰ]

ਮਸੀਹੀ ਲੋਕ ਪਰਮੇਸ਼ੁਰ ਦੇ ਰਾਜ ਦੇ ਆਉਣ, ਉਸ ਦੇ ਨਾਂ ਦੇ ਪਵਿੱਤਰ ਕੀਤੇ ਜਾਣ ਅਤੇ ਉਸ ਦੀ ਮਰਜ਼ੀ ਪੂਰੀ ਹੋਣ ਬਾਰੇ ਪ੍ਰਾਰਥਨਾ ਕਰਦੇ ਹਨ