Skip to content

Skip to table of contents

ਯਹੋਵਾਹ ਨੇ ਪਿਆਰ ਨਾਲ ਮੇਰੀ ਦੇਖ-ਭਾਲ ਕੀਤੀ

ਯਹੋਵਾਹ ਨੇ ਪਿਆਰ ਨਾਲ ਮੇਰੀ ਦੇਖ-ਭਾਲ ਕੀਤੀ

ਜੀਵਨੀ

ਯਹੋਵਾਹ ਨੇ ਪਿਆਰ ਨਾਲ ਮੇਰੀ ਦੇਖ-ਭਾਲ ਕੀਤੀ

ਫੇ ਕਿੰਗ ਦੀ ਜ਼ਬਾਨੀ

ਮੇਰੇ ਮਾਪੇ ਬਹੁਤ ਚੰਗੇ ਸਨ, ਪਰ ਹੋਰਨਾਂ ਲੋਕਾਂ ਵਾਂਗ ਉਹ ਕਿਸੇ ਧਰਮ ਨੂੰ ਨਹੀਂ ਮੰਨਦੇ ਸਨ। ਮੇਰੀ ਮਾਂ ਕਿਹਾ ਕਰਦੀ ਸੀ: “ਮੈਂ ਮੰਨਦੀ ਹਾਂ ਕਿ ਰੱਬ ਹੈ, ਨਹੀਂ ਤਾਂ ਫੁੱਲ ਕਿੱਥੋਂ ਆਏ ਅਤੇ ਦਰਖ਼ਤ ਕਿਸ ਨੇ ਬਣਾਏ?” ਪਰ ਉਹ ਇਸ ਤੋਂ ਜ਼ਿਆਦਾ ਕੁਝ ਨਹੀਂ ਮੰਨਦੇ ਸਨ।

ਮੈਂ ਸਿਰਫ਼ 11 ਸਾਲਾਂ ਦੀ ਸੀ ਜਦੋਂ 1939 ਵਿਚ ਪਿਤਾ ਜੀ ਗੁਜ਼ਰ ਗਏ। ਮੈਂ ਆਪਣੀ ਮਾਂ ਨਾਲ ਮੈਨਚੈੱਸਟਰ ਸ਼ਹਿਰ ਦੇ ਨੇੜੇ ਸਟੋਕਪੋਰਟ ਵਿਚ ਰਹਿੰਦੀ ਸੀ। ਮੈਂ ਹਮੇਸ਼ਾ ਆਪਣੇ ਕਰਤਾਰ ਬਾਰੇ ਹੋਰ ਜਾਣਨਾ ਚਾਹੁੰਦੀ ਸੀ ਅਤੇ ਭਾਵੇਂ ਕਿ ਮੈਂ ਬਾਈਬਲ ਬਾਰੇ ਕੁਝ ਨਹੀਂ ਜਾਣਦੀ ਸੀ, ਫਿਰ ਵੀ ਮੈਂ ਉਸ ਦਾ ਆਦਰ ਕਰਦੀ ਸੀ। ਇਸ ਲਈ ਮੈਂ ਚਰਚ ਜਾ ਕੇ ਦੇਖਣਾ ਚਾਹੁੰਦੀ ਸੀ ਕਿ ਉੱਥੇ ਕੀ ਹੁੰਦਾ ਸੀ।

ਹਾਲਾਂਕਿ ਚਰਚ ਵਿਚ ਪੂਜਾ-ਪਾਠ ਦਾ ਮੇਰੇ ਤੇ ਕੋਈ ਅਸਰ ਨਹੀਂ ਪਿਆ, ਪਰ ਜਦੋਂ ਇੰਜੀਲਾਂ ਪੜ੍ਹੀਆਂ ਜਾਂਦੀਆਂ ਸਨ, ਤਾਂ ਯਿਸੂ ਦੇ ਸ਼ਬਦਾਂ ਨੇ ਮੇਰਾ ਮਨ ਜਿੱਤ ਲਿਆ। ਮੈਨੂੰ ਪੱਕਾ ਯਕੀਨ ਹੋ ਗਿਆ ਕਿ ਬਾਈਬਲ ਦੀਆਂ ਗੱਲਾਂ ਸੱਚੀਆਂ ਹਨ। ਉਸ ਸਮੇਂ ਬਾਰੇ ਸੋਚਦੀ ਹੋਈ ਮੈਂ ਹੈਰਾਨ ਹੁੰਦੀ ਹਾਂ ਕਿ ਮੈਂ ਆਪ ਬਾਈਬਲ ਕਿਉਂ ਨਹੀਂ ਪੜ੍ਹੀ। ਬਾਅਦ ਵਿਚ ਵੀ ਜਦੋਂ ਇਕ ਸਹੇਲੀ ਨੇ ਮੈਨੂੰ ਬਾਈਬਲ ਦਾ “ਨਵਾਂ ਨੇਮ” ਪੜ੍ਹਨ ਲਈ ਦਿੱਤਾ, ਤਾਂ ਮੈਂ ਉਦੋਂ ਵੀ ਉਸ ਨੂੰ ਨਾ ਪੜ੍ਹਿਆ।

ਸਾਲ 1950 ਵਿਚ ਕੋਰੀਆ ਵਿਚ ਲੜਾਈ ਨੇ ਮੇਰੇ ਮਨ ਵਿਚ ਕਈ ਸਵਾਲ ਖੜ੍ਹੇ ਕੀਤੇ। ਕੀ ਦੂਸਰੇ ਵਿਸ਼ਵ ਯੁੱਧ ਦੀ ਤਰ੍ਹਾਂ ਇਹ ਲੜਾਈ ਵੀ ਸਾਰੀ ਦੁਨੀਆਂ ਵਿਚ ਫੈਲਰ ਜਾਵੇਗੀ? ਜੇ ਇਸ ਤਰ੍ਹਾਂ ਹੋਇਆ, ਤਾਂ ਮੈਂ ਯਿਸੂ ਦੇ ਹੁਕਮ ਨੂੰ ਕਿੱਦਾਂ ਮੰਨ ਸਕਦੀ ਸੀ ਕਿ ਤੁਸੀਂ ਆਪਣੇ ਦੁਸ਼ਮਣਾਂ ਨਾਲ ਪਿਆਰ ਕਰੋ? ਕੀ ਇਸ ਦਾ ਮਤਲਬ ਸੀ ਕਿ ਲੋਕ ਮੇਰੇ ਦੇਸ਼ ਉੱਤੇ ਚੜ੍ਹਾਈ ਕਰਨ ਅਤੇ ਮੈਂ ਉਨ੍ਹਾਂ ਨੂੰ ਰੋਕਣ ਲਈ ਕੁਝ ਨਾ ਕਰਾਂ? ਜੇ ਇਸ ਤਰ੍ਹਾਂ ਹੋਵੇ, ਤਾਂ ਕੀ ਮੈਂ ਆਪਣੇ ਦੇਸ਼ ਪ੍ਰਤੀ ਆਪਣਾ ਫ਼ਰਜ਼ ਨਿਭਾ ਰਹੀ ਹੋਵਾਂਗੀ? ਆਪਣੇ ਇਨ੍ਹਾਂ ਵਿਚਾਰਾਂ ਕਰਕੇ ਮੈਂ ਪਰੇਸ਼ਾਨੀ ਵਿਚ ਪੈ ਗਈ ਸੀ, ਫਿਰ ਵੀ ਮੈਂ ਇਹੀ ਮੰਨਦੀ ਸੀ ਕਿ ਮੇਰੇ ਹਰ ਸਵਾਲ ਦਾ ਜਵਾਬ ਬਾਈਬਲ ਵਿਚ ਸੀ। ਪਰ ਮੈਨੂੰ ਇਹ ਨਹੀਂ ਪਤਾ ਸੀ ਕਿ ਮੈਂ ਇਹ ਜਵਾਬ ਕਿੱਦਾਂ ਲੱਭਾ।

ਆਸਟ੍ਰੇਲੀਆ ਵਿਚ ਸੱਚਾਈ ਦੀ ਖੋਜ

ਸਾਲ 1954 ਵਿਚ ਮੈਂ ਆਪਣੇ ਮਾਂ ਜੀ ਨਾਲ ਆਸਟ੍ਰੇਲੀਆ ਵਿਚ ਰਹਿਣ ਦਾ ਫ਼ੈਸਲਾ ਕੀਤਾ ਜਿੱਥੇ ਮੇਰੀ ਭੈਣ ਜੀਨ ਰਹਿੰਦੀ ਸੀ। ਜੀਨ ਜਾਣਦੀ ਸੀ ਕਿ ਮੈਂ ਬਾਈਬਲ ਵਿਚ ਦਿਲਚਸਪੀ ਲੈਂਦੀ ਸੀ ਅਤੇ ਚਰਚ ਜਾਂਦੀ ਸੀ। ਇਸ ਲਈ ਉਸ ਨੇ ਯਹੋਵਾਹ ਦੇ ਗਵਾਹਾਂ ਨੂੰ ਮੇਰੇ ਨਾਲ ਗੱਲ ਕਰਨ ਲਈ ਕਿਹਾ। ਉਹ ਉਨ੍ਹਾਂ ਬਾਰੇ ਮੇਰੀ ਰਾਇ ਜਾਣਨਾ ਚਾਹੁੰਦੀ ਸੀ। ਉਸ ਨੇ ਕਿਹਾ: “ਮੈਨੂੰ ਪਤਾ ਨਹੀਂ ਕਿ ਉਨ੍ਹਾਂ ਦੀਆਂ ਗੱਲਾਂ ਸੱਚੀਆਂ ਹਨ ਜਾਂ ਨਹੀਂ, ਪਰ ਇੰਨਾ ਤਾਂ ਹੈ ਕਿ ਉਹ ਤੁਹਾਨੂੰ ਗੱਲਾਂ ਸਮਝਾਉਣ ਦੀ ਕੋਸ਼ਿਸ਼ ਕਰਦੇ ਹਨ, ਚਰਚ ਦੇ ਪਾਦਰੀ ਕੋਸ਼ਿਸ਼ ਵੀ ਨਹੀਂ ਕਰਦੇ।”

ਮੇਰੀ ਭੈਣ ਦੇ ਕਹਿਣ ਤੇ ਬਿਲ ਤੇ ਲਿੰਡਾ ਸ਼ਨਾਇਡਰ ਮੈਨੂੰ ਮਿਲਣ ਆਏ। ਉਨ੍ਹਾਂ ਦੀ ਉਮਰ 70 ਦੇ ਕਰੀਬ ਸੀ ਅਤੇ ਉਹ ਕਈ ਸਾਲਾਂ ਤੋਂ ਯਹੋਵਾਹ ਦੇ ਗਵਾਹ ਸਨ। ਉਹ ਦੋਵੇਂ ਬੜੇ ਖ਼ੁਸ਼ ਮਿਜ਼ਾਜ ਇਨਸਾਨ ਸਨ। ਉਨ੍ਹਾਂ ਨੇ ਐਡੀਲੇਡ ਸ਼ਹਿਰ ਵਿਚ ਯਹੋਵਾਹ ਦੇ ਗਵਾਹਾਂ ਦੇ ਰੇਡੀਓ ਸਟੇਸ਼ਨ ਵਿਚ ਕੰਮ ਕੀਤਾ ਸੀ ਅਤੇ ਦੂਸਰੇ ਵਿਸ਼ਵ ਯੁੱਧ ਦੌਰਾਨ ਪ੍ਰਚਾਰ ਕਰਨ ਤੇ ਪਾਬੰਦੀ ਲੱਗੀ ਹੋਣ ਦੇ ਬਾਵਜੂਦ ਉਹ ਪੂਰੇ ਸਮੇਂ ਦੇ ਪ੍ਰਚਾਰਕ ਬਣੇ ਸਨ। ਭਾਵੇਂ ਕਿ ਮੈਨੂੰ ਉਨ੍ਹਾਂ ਤੋਂ ਬਹੁਤ ਮਦਦ ਮਿਲੀ, ਫਿਰ ਵੀ ਮੈਂ ਵੱਖਰੇ ਮਜ਼ਹਬਾਂ ਦੀ ਜਾਂਚ ਕਰਦੀ ਰਹੀ।

ਮੇਰੇ ਨਾਲ ਕੰਮ ਕਰਨ ਵਾਲੀ ਮੇਰੀ ਇਕ ਸਹੇਲੀ ਮੈਨੂੰ ਬਿਲੀ ਗ੍ਰੇਅਮ ਨਾਂ ਦੇ ਧਰਮ-ਪ੍ਰਚਾਰਕ ਦੀ ਇਕ ਸਭਾ ਵਿਚ ਲੈ ਗਈ। ਸਭਾ ਤੋਂ ਬਾਅਦ ਕੁਝ ਲੋਕ ਇਕ ਪਾਦਰੀ ਨੂੰ ਮਿਲੇ ਜਿਸ ਨੇ ਸਾਨੂੰ ਸਵਾਲ ਪੁੱਛਣ ਦਾ ਮੌਕਾ ਦਿੱਤਾ। ਮੈਂ ਉਹ ਸਵਾਲ ਪੁੱਛਿਆ ਜੋ ਮੈਨੂੰ ਪਰੇਸ਼ਾਨ ਕਰ ਰਿਹਾ ਸੀ: “ਤੁਸੀਂ ਮਸੀਹੀ ਹੋ ਕੇ ਆਪਣੇ ਦੁਸ਼ਮਣਾਂ ਨਾਲ ਪਿਆਰ ਕਿਵੇਂ ਕਰ ਸਕਦੇ ਹੋ ਜਦੋਂ ਤੁਸੀਂ ਲੜਾਈ ਵਿਚ ਜਾ ਕੇ ਉਨ੍ਹਾਂ ਨੂੰ ਮਾਰ ਦਿੰਦੇ ਹੋ?” ਇਸ ਸਵਾਲ ਨਾਲ ਇਕਦਮ ਹੰਗਾਮਾ ਖੜ੍ਹਾ ਹੋ ਗਿਆ, ਲੱਗਦਾ ਸੀ ਕਿ ਬਾਕੀ ਸਾਰੇ ਲੋਕਾਂ ਦੇ ਮਨਾਂ ਵਿਚ ਵੀ ਇਹੋ ਸਵਾਲ ਸੀ! ਅਖ਼ੀਰ ਵਿਚ ਪਾਦਰੀ ਨੇ ਕਿਹਾ: “ਮੈਂ ਇਸ ਦਾ ਜਵਾਬ ਨਹੀਂ ਜਾਣਦਾ, ਮੈਂ ਆਪ ਇਸ ਦਾ ਜਵਾਬ ਲੱਭਣ ਦੀ ਕੋਸ਼ਿਸ਼ ਕਰ ਰਿਹਾ ਹਾਂ।”

ਬਿਲ ਤੇ ਲਿੰਡਾ ਨਾਲ ਮੇਰੀ ਬਾਈਬਲ ਸਟੱਡੀ ਬਾਕਾਇਦਾ ਚੱਲ ਰਹੀ ਸੀ ਅਤੇ ਸਤੰਬਰ 1958 ਵਿਚ ਮੈਂ ਬਪਤਿਸਮਾ ਲੈ ਲਿਆ। ਮੈਂ ਵੀ ਬਿਲ ਤੇ ਲਿੰਡਾ ਦੀ ਚੰਗੀ ਮਿਸਾਲ ਉੱਤੇ ਚੱਲਣਾ ਚਾਹੁੰਦੀ ਸੀ, ਇਸ ਲਈ ਅਗਲੇ ਸਾਲ ਦੇ ਅਗਸਤ ਮਹੀਨੇ ਵਿਚ ਮੈਂ ਨਿਯਮਿਤ ਪਾਇਨੀਅਰ ਬਣ ਗਈ। ਇਸ ਤੋਂ ਅੱਠ ਮਹੀਨੇ ਬਾਅਦ ਮੈਨੂੰ ਸਪੈਸ਼ਲ ਪਾਇਨੀਅਰ ਬਣਨ ਦਾ ਸੱਦਾ ਦਿੱਤਾ ਗਿਆ। ਮੈਂ ਇਹ ਜਾਣ ਕੇ ਬਹੁਤ ਖ਼ੁਸ਼ ਹੋਈ ਕਿ ਮੇਰੀ ਭੈਣ ਜੀਨ ਵੀ ਬਪਤਿਸਮਾ ਲੈ ਕੇ ਯਹੋਵਾਹ ਦੀ ਇਕ ਗਵਾਹ ਬਣ ਚੁੱਕੀ ਸੀ।

ਹੋਰ ਸੇਵਾ ਕਰਨ ਦਾ ਮੌਕਾ

ਮੈਂ ਸਿਡਨੀ ਸ਼ਹਿਰ ਦੀ ਇਕ ਕਲੀਸਿਯਾ ਵਿਚ ਜਾਂਦੀ ਸੀ ਅਤੇ ਕਾਫ਼ੀ ਲੋਕਾਂ ਨਾਲ ਬਾਈਬਲ ਸਟੱਡੀ ਕਰ ਰਹੀ ਸੀ। ਇਕ ਦਿਨ ਮੈਨੂੰ ਇਕ ਆਦਮੀ ਮਿਲਿਆ ਜੋ ਚਰਚ ਆਫ਼ ਇੰਗਲੈਂਡ ਦਾ ਪਾਦਰੀ ਹੁੰਦਾ ਸੀ। ਮੈਂ ਉਸ ਨੂੰ ਪੁੱਛਿਆ ਕਿ ਦੁਨੀਆਂ ਦੇ ਅੰਤ ਬਾਰੇ ਚਰਚ ਦੀ ਕੀ ਸਿੱਖਿਆ ਹੈ। ਭਾਵੇਂ ਉਸ ਨੇ 50 ਸਾਲਾਂ ਤਕ ਚਰਚ ਦੀ ਸਿੱਖਿਆ ਦਿੱਤੀ ਸੀ, ਉਸ ਦੇ ਜਵਾਬ ਤੋਂ ਮੈਂ ਹੱਕੀ-ਬੱਕੀ ਰਹਿ ਗਈ। ਉਸ ਨੇ ਕਿਹਾ: “ਮੈਨੂੰ ਇਸ ਦਾ ਜਵਾਬ ਦੇਣ ਲਈ ਸਮਾਂ ਕੱਢ ਕੇ ਖੋਜ ਕਰਨੀ ਪਵੇਗੀ ਕਿਉਂਕਿ ਮੈਂ ਯਹੋਵਾਹ ਦੇ ਗਵਾਹਾਂ ਵਾਂਗ ਬਾਈਬਲ ਨੂੰ ਚੰਗੀ ਤਰ੍ਹਾਂ ਨਹੀਂ ਜਾਣਦਾ।”

ਇਸ ਤੋਂ ਥੋੜ੍ਹੀ ਦੇਰ ਬਾਅਦ, ਸੰਸਥਾ ਨੇ ਪਾਕਿਸਤਾਨ ਵਿਚ ਸੇਵਾ ਕਰਨ ਦਾ ਸੱਦਾ ਦਿੱਤਾ। ਮੈਂ ਅਰਜ਼ੀ ਭਰ ਦਿੱਤੀ, ਪਰ ਮੈਨੂੰ ਇਹ ਨਹੀਂ ਪਤਾ ਸੀ ਕਿ ਇਹ ਸੱਦਾ ਕੁਆਰੀਆਂ ਭੈਣਾਂ ਨੂੰ ਨਹੀਂ, ਪਰ ਕੁਆਰੇ ਭਰਾਵਾਂ ਜਾਂ ਵਿਆਹੁਤਾ ਜੋੜਿਆਂ ਨੂੰ ਦਿੱਤਾ ਗਿਆ ਸੀ। ਪਰ ਮੇਰੀ ਅਰਜ਼ੀ ਬਰੁਕਲਿਨ ਨੂੰ ਭੇਜੀ ਗਈ, ਕਿਉਂਕਿ ਬਾਅਦ ਵਿਚ ਮੈਨੂੰ ਚਿੱਠੀ ਮਿਲੀ ਕਿ ਜੇ ਮੈਂ ਚਾਹਾਂ, ਤਾਂ ਬੰਬਈ (ਹੁਣ ਮੁੰਬਈ) ਵਿਚ ਜਾ ਕੇ ਸੇਵਾ ਕਰ ਸਕਦੀ ਸੀ। ਇਹ 1962 ਦੀ ਗੱਲ ਹੈ। ਮੈਂ ਬੰਬਈ ਜਾਣ ਦਾ ਫ਼ੈਸਲਾ ਕੀਤਾ ਅਤੇ ਡੇਢ ਸਾਲ ਤਕ ਉੱਥੇ ਰਹੀ ਤੇ ਫਿਰ ਇਲਾਹਾਬਾਦ ਚਲੀ ਗਈ।

ਮੈਂ ਹਿੰਦੀ ਸਿੱਖਣ ਵੱਲ ਧਿਆਨ ਲਾਇਆ। ਹਿੰਦੀ ਸਿੱਖਣੀ ਇੰਨੀ ਮੁਸ਼ਕਲ ਨਹੀਂ ਸੀ ਕਿਉਂਕਿ ਹਿੰਦੀ ਬੋਲਣ ਤੇ ਲਿਖਣ ਵਿਚ ਜ਼ਿਆਦਾ ਫ਼ਰਕ ਨਹੀਂ ਹੈ। ਪਰ ਮੈਂ ਨਿਰਾਸ਼ ਹੋ ਜਾਂਦੀ ਸੀ ਜਦੋਂ ਲੋਕ ਮੈਨੂੰ ਟੁੱਟੀ-ਫੁੱਟੀ ਹਿੰਦੀ ਬੋਲਣ ਦੀ ਬਜਾਇ ਅੰਗ੍ਰੇਜ਼ੀ ਬੋਲਣ ਲਈ ਕਹਿੰਦੇ ਸਨ। ਫਿਰ ਵੀ, ਇਹ ਦੇਸ਼ ਰੰਗੀਨ ਸੀ ਜਿੱਥੇ ਮੈਨੂੰ ਨਵੀਆਂ-ਨਵੀਆਂ ਚੁਣੌਤੀਆਂ ਦਾ ਸਾਮ੍ਹਣਾ ਕਰਨਾ ਪਿਆ। ਮੈਂ ਆਸਟ੍ਰੇਲੀਆ ਤੋਂ ਆਏ ਭੈਣਾਂ-ਭਰਾਵਾਂ ਨਾਲ ਮੇਲ-ਜੋਲ ਰੱਖ ਕੇ ਵੀ ਬਹੁਤ ਖ਼ੁਸ਼ ਸੀ।

ਜਵਾਨੀ ਵਿਚ ਮੈਂ ਸ਼ਾਦੀ ਕਰਨ ਬਾਰੇ ਸੋਚਿਆ ਸੀ, ਪਰ ਬਪਤਿਸਮਾ ਲੈਣ ਤੋਂ ਬਾਅਦ ਮੈਂ ਯਹੋਵਾਹ ਦੀ ਸੇਵਾ ਵਿਚ ਇੰਨੀ ਰੁੱਝ ਗਈ ਸੀ ਕਿ ਮੈਂ ਇਸ ਬਾਰੇ ਫਿਰ ਕਦੀ ਸੋਚਿਆ ਨਹੀਂ। ਲੇਕਿਨ ਹੁਣ ਮੈਨੂੰ ਇਕ ਸਾਥੀ ਦੀ ਜ਼ਰੂਰਤ ਮਹਿਸੂਸ ਹੋਣ ਲੱਗੀ। ਮੈਂ ਵਿਦੇਸ਼ ਵਿਚ ਆਪਣੀ ਸੇਵਾ ਨਹੀਂ ਛੱਡਣੀ ਚਾਹੁੰਦੀ ਸੀ, ਇਸ ਲਈ ਮੈਂ ਇਸ ਬਾਰੇ ਯਹੋਵਾਹ ਨੂੰ ਪ੍ਰਾਰਥਨਾ ਕੀਤੀ ਅਤੇ ਇਹ ਮਾਮਲਾ ਉਸ ਦੇ ਹੱਥਾਂ ਵਿਚ ਛੱਡ ਦਿੱਤਾ।

ਵੱਡੀ ਮਿਹਰ

ਉਸ ਵੇਲੇ ਐਡਵਿਨ ਸਕਿਨਰ ਭਾਰਤ ਵਿਚ ਪ੍ਰਚਾਰ ਦੇ ਕੰਮ ਦੀ ਨਿਗਰਾਨੀ ਕਰ ਰਹੇ ਸਨ। ਉਹ 1946 ਵਿਚ ਵਾਚਟਾਵਰ ਬਾਈਬਲ ਸਕੂਲ ਆਫ਼ ਗਿਲਿਅਡ ਦੀ ਅੱਠਵੀਂ ਕਲਾਸ ਤੋਂ ਗ੍ਰੈਜੂਏਟ ਹੋਏ ਸਨ। ਉਨ੍ਹਾਂ ਦੀ ਕਲਾਸ ਵਿਚ ਹੈਰਲਡ ਕਿੰਗ ਅਤੇ ਸਟੈਨਲੀ ਜੋਨਜ਼ ਨਾਂ ਦੇ ਦੋ ਵਫ਼ਾਦਾਰ ਭਰਾ ਵੀ ਸਨ ਜੋ ਉਸ ਵੇਲੇ ਚੀਨ ਵਿਚ ਸੇਵਾ ਕਰ ਰਹੇ ਸਨ। * ਸਾਲ 1958 ਵਿਚ ਸ਼ੰਘਾਈ ਵਿਚ ਪ੍ਰਚਾਰ ਕਰਨ ਕਰਕੇ ਹੈਰਲਡ ਅਤੇ ਸਟੈਨਲੀ ਨੂੰ ਕਾਲ ਕੋਠੜੀ ਵਿਚ ਬੰਦ ਕੀਤਾ ਗਿਆ। ਜਦੋਂ 1963 ਵਿਚ ਹੈਰਲਡ ਨੂੰ ਰਿਹਾ ਕੀਤਾ ਗਿਆ, ਤਾਂ ਐਡਵਿਨ ਨੇ ਉਸ ਨੂੰ ਚਿੱਠੀ ਲਿਖੀ। ਹੈਰਲਡ ਨੇ ਅਮਰੀਕਾ ਅਤੇ ਇੰਗਲੈਂਡ ਤੋਂ ਹਾਂਗ ਕਾਂਗ ਵਾਪਸ ਆ ਕੇ ਉਸ ਦੀ ਚਿੱਠੀ ਦਾ ਜਵਾਬ ਦਿੱਤਾ। ਇਸ ਚਿੱਠੀ ਵਿਚ ਉਸ ਨੇ ਇਹ ਵੀ ਕਿਹਾ ਕਿ ਉਹ ਵਿਆਹ ਕਰਾਉਣਾ ਚਾਹੁੰਦਾ ਸੀ। ਉਸ ਨੇ ਐਡਵਿਨ ਨੂੰ ਦੱਸਿਆ ਕਿ ਜੇਲ੍ਹ ਵਿਚ ਉਸ ਨੇ ਇਸ ਗੱਲ ਬਾਰੇ ਪ੍ਰਾਰਥਨਾ ਕੀਤੀ ਸੀ ਅਤੇ ਉਹ ਜਾਣਨਾ ਚਾਹੁੰਦਾ ਸੀ ਜੇ ਐਡਵਿਨ ਕਿਸੇ ਭੈਣ ਨੂੰ ਜਾਣਦਾ ਸੀ ਜਿਸ ਨਾਲ ਉਹ ਵਿਆਹ ਕਰ ਸਕਦਾ ਸੀ।

ਭਾਰਤ ਵਿਚ ਰਿਸ਼ਤੇ ਵਿਚੋਲਿਆਂ ਰਾਹੀਂ ਕੀਤੇ ਜਾਂਦੇ ਹਨ ਅਤੇ ਐਡਵਿਨ ਨੂੰ ਕਈ ਵਾਰ ਮੁੰਡਾ-ਕੁੜੀ ਲੱਭਣ ਕਿਹਾ ਜਾਂਦਾ ਸੀ, ਪਰ ਉਹ ਹਮੇਸ਼ਾ ਇਨਕਾਰ ਕਰਦਾ ਸੀ। ਇਸ ਲਈ ਉਸ ਨੇ ਹੈਰਲਡ ਦੀ ਚਿੱਠੀ ਰੂਥ ਮਕੇ ਨੂੰ ਦਿੱਤੀ ਜਿਸ ਦਾ ਪਤੀ ਹੋਮਰ ਸਫ਼ਰੀ ਨਿਗਾਹਬਾਨ ਸੀ। ਅਖ਼ੀਰ ਵਿਚ ਰੂਥ ਨੇ ਮੈਨੂੰ ਚਿੱਠੀ ਲਿਖ ਕੇ ਦੱਸਿਆ ਕਿ ਇਕ ਮਿਸ਼ਨਰੀ ਜੋ ਕਈ ਸਾਲਾਂ ਤੋਂ ਸੱਚਾਈ ਵਿਚ ਸੀ, ਵਿਆਹ ਵਾਸਤੇ ਕੁੜੀ ਲੱਭ ਰਿਹਾ ਸੀ। ਉਸ ਨੇ ਪੁੱਛਿਆ ਕਿ ਕੀ ਮੈਂ ਉਸ ਨੂੰ ਚਿੱਠੀ ਲਿਖਣਾ ਚਾਹੇਂਗੀ? ਉਸ ਨੇ ਉਸ ਭਰਾ ਬਾਰੇ ਮੈਨੂੰ ਹੋਰ ਕੁਝ ਨਹੀਂ ਦੱਸਿਆ।

ਯਹੋਵਾਹ ਤੋਂ ਇਲਾਵਾ ਜੀਵਨ-ਸਾਥੀ ਲਈ ਮੇਰੀ ਪ੍ਰਾਰਥਨਾ ਬਾਰੇ ਕੋਈ ਵੀ ਨਹੀਂ ਜਾਣਦਾ ਸੀ। ਪਹਿਲਾਂ-ਪਹਿਲ ਮੈਂ ਚਿੱਠੀ ਨਾ ਲਿਖਣੀ ਚਾਹੀ। ਪਰ ਮੈਂ ਸੋਚਿਆ ਕਿ ਯਹੋਵਾਹ ਹਮੇਸ਼ਾ ਸਾਡੀਆਂ ਪ੍ਰਾਰਥਨਾਵਾਂ ਦਾ ਜਵਾਬ ਉਸ ਤਰ੍ਹਾਂ ਨਹੀਂ ਦਿੰਦਾ ਜਿੱਦਾਂ ਅਸੀਂ ਆਸ ਰੱਖਦੇ ਹਾਂ। ਇਸ ਲਈ ਮੈਂ ਰੂਥ ਨੂੰ ਲਿਖ ਕੇ ਕਿਹਾ ਕਿ ਉਹ ਉਸ ਭਰਾ ਨੂੰ ਚਿੱਠੀ ਲਿਖਣ ਲਈ ਕਹਿ ਸਕਦੀ ਸੀ, ਪਰ ਇਸ ਦਾ ਇਹ ਮਤਲਬ ਨਹੀਂ ਕਿ ਮੈਂ ਵਿਆਹ ਲਈ ਹਾਂ ਕਰ ਰਹੀ ਸੀ। ਹੈਰਲਡ ਨੇ ਅਗਲਾ ਖਤ ਮੈਨੂੰ ਲਿਖਿਆ।

ਚੀਨ ਵਿਚ ਜੇਲ੍ਹ ਤੋਂ ਰਿਹਾ ਹੋਣ ਤੋਂ ਬਾਅਦ ਹੈਰਲਡ ਦੀ ਕਹਾਣੀ ਅਤੇ ਉਸ ਦੀਆਂ ਤਸਵੀਰਾਂ ਕਈ ਅਖ਼ਬਾਰਾਂ ਅਤੇ ਰਸਾਲਿਆਂ ਵਿਚ ਛਾਪੀਆਂ ਗਈਆਂ। ਉਹ ਪੂਰੀ ਦੁਨੀਆਂ ਵਿਚ ਮਸ਼ਹੂਰ ਹੋ ਗਿਆ ਸੀ। ਪਰ ਯਹੋਵਾਹ ਪ੍ਰਤੀ ਉਸ ਦੀ ਵਫ਼ਾਦਾਰੀ ਨੇ ਮੈਨੂੰ ਜ਼ਿਆਦਾ ਪ੍ਰਭਾਵਿਤ ਕੀਤਾ। ਅਸੀਂ ਪੰਜ ਮਹੀਨਿਆਂ ਤਕ ਇਕ-ਦੂਜੇ ਨੂੰ ਚਿੱਠੀਆਂ ਲਿਖਦੇ ਰਹੇ ਅਤੇ ਫਿਰ ਮੈਂ ਹਾਂਗ ਕਾਂਗ ਚਲੀ ਗਈ। ਸਾਡਾ ਵਿਆਹ 5 ਅਕਤੂਬਰ 1965 ਨੂੰ ਹੋਇਆ।

ਅਸੀਂ ਦੋਨੋਂ ਆਪਣੀ ਸੇਵਕਾਈ ਨੂੰ ਪਹਿਲ ਦੇਣਾ ਚਾਹੁੰਦੇ ਸੀ ਅਤੇ ਵੱਡੀ ਉਮਰ ਹੋਣ ਕਰਕੇ ਸਾਨੂੰ ਹੋਰ ਕਿਸੇ ਚੀਜ਼ ਨਾਲੋਂ ਇਕ-ਦੂਜੇ ਦੇ ਸਾਥ ਦੀ ਲੋੜ ਸੀ। ਮੈਂ ਹੈਰਲਡ ਨੂੰ ਬਹੁਤ ਪਿਆਰ ਕਰਨ ਲੱਗੀ। ਮੈਂ ਦੇਖਿਆ ਕਿ ਉਹ ਲੋਕਾਂ ਦਾ ਬੜੇ ਪਿਆਰ ਨਾਲ ਖ਼ਿਆਲ ਰੱਖਦਾ ਸੀ ਅਤੇ ਜ਼ਿੰਦਗੀ ਦੀਆਂ ਮੁਸ਼ਕਲਾਂ ਦਾ ਸੋਚ-ਸਮਝ ਕੇ ਸਾਮ੍ਹਣਾ ਕਰਦਾ ਸੀ। ਇਸ ਕਰਕੇ ਮੈਂ ਉਸ ਦੀ ਬਹੁਤ ਇੱਜ਼ਤ ਕਰਨ ਲੱਗੀ। ਅਸੀਂ 27 ਸਾਲ ਖ਼ੁਸ਼ੀਆਂ ਭਰੇ ਵਿਆਹੁਤਾ ਜੀਵਨ ਨੂੰ ਮਾਣਿਆ ਤੇ ਸਾਨੂੰ ਯਹੋਵਾਹ ਤੋਂ ਬਹੁਤ ਬਰਕਤਾਂ ਮਿਲੀਆਂ।

ਚੀਨੀ ਲੋਕ ਬੜੇ ਮਿਹਨਤੀ ਹਨ ਅਤੇ ਮੈਨੂੰ ਉਹ ਬਹੁਤ ਚੰਗੇ ਲੱਗਦੇ ਹਨ। ਹਾਂਗ ਕਾਂਗ ਵਿਚ ਕੈਂਟਨੀਸ ਭਾਸ਼ਾ ਬੋਲੀ ਜਾਂਦੀ ਹੈ ਅਤੇ ਮੈਂਦਾਰਿਨ ਭਾਸ਼ਾ ਸਿੱਖਣ ਨਾਲੋਂ ਕਾਫ਼ੀ ਔਖੀ ਹੈ। ਸ਼ੁਰੂ ਵਿਚ ਹੈਰਲਡ ਅਤੇ ਮੈਂ ਯਹੋਵਾਹ ਦੇ ਗਵਾਹਾਂ ਦੇ ਬ੍ਰਾਂਚ ਆਫ਼ਿਸ ਵਿਚ ਮਿਸ਼ਨਰੀ ਘਰ ਵਿਚ ਰਹਿੰਦੇ ਸੀ ਅਤੇ ਬਾਅਦ ਵਿਚ ਅਸੀਂ ਵੱਖੋ-ਵੱਖਰੇ ਇਲਾਕਿਆਂ ਵਿਚ ਸੇਵਾ ਕੀਤੀ। ਅਸੀਂ ਬਹੁਤ ਖ਼ੁਸ਼ ਸੀ, ਪਰ 1976 ਵਿਚ ਮੇਰੀ ਸਿਹਤ ਬਹੁਤ ਖ਼ਰਾਬ ਹੋ ਗਈ।

ਮਾੜੀ ਸਿਹਤ

ਕੁਝ ਮਹੀਨਿਆਂ ਤੋਂ ਮੇਰਾ ਲਹੂ ਵਗ ਰਿਹਾ ਸੀ ਜਿਸ ਕਰਕੇ ਮੇਰੇ ਸਰੀਰ ਵਿਚ ਲਹੂ ਕਾਫ਼ੀ ਘੱਟ ਗਿਆ ਸੀ। ਮੈਨੂੰ ਓਪਰੇਸ਼ਨ ਦੀ ਲੋੜ ਸੀ, ਪਰ ਹਸਪਤਾਲ ਦੇ ਡਾਕਟਰਾਂ ਨੇ ਕਿਹਾ ਕਿ ਉਹ ਲਹੂ ਚੜ੍ਹਾਉਣ ਤੋਂ ਬਿਨਾਂ ਮੇਰਾ ਓਪਰੇਸ਼ਨ ਨਹੀਂ ਕਰਨਗੇ ਕਿਉਂਕਿ ਮੈਂ ਬਿਨਾਂ ਲਹੂ ਦੇ ਜ਼ਰੂਰ ਮਰ ਜਾਵਾਂਗੀ। ਇਕ ਦਿਨ ਜਦੋਂ ਡਾਕਟਰ ਮੇਰੀ ਹਾਲਤ ਬਾਰੇ ਗੱਲ ਕਰ ਰਹੇ ਸਨ, ਨਰਸਾਂ ਨੇ ਮੇਰਾ ਮਨ ਬਦਲਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਕਿਹਾ ਕਿ ਮੈਨੂੰ ਕੋਈ ਹੱਕ ਨਹੀਂ ਸੀ ਕਿ ਮੈਂ ਆਪਣੀ ਜਾਨ ਲੈ ਲਵਾਂ। ਉਸ ਦਿਨ ਡਾਕਟਰਾਂ ਨੇ 12 ਮਰੀਜ਼ਾਂ ਦੇ ਓਪਰੇਸ਼ਨ ਕਰਨੇ ਸਨ, ਇਨ੍ਹਾਂ ਵਿੱਚੋਂ 10 ਗਰਭਪਾਤ ਦੇ ਓਪਰੇਸ਼ਨ ਸਨ। ਪਰ ਮੈਂ ਧਿਆਨ ਦਿੱਤਾ ਕਿ ਉਨ੍ਹਾਂ ਮਾਵਾਂ ਨੂੰ ਤਾਂ ਆਪਣੇ ਬੱਚਿਆਂ ਦੀਆਂ ਜਾਨਾਂ ਲੈਣ ਤੋਂ ਰੋਕਣ ਲਈ ਕੁਝ ਨਹੀਂ ਕਿਹਾ ਜਾ ਰਿਹਾ ਸੀ।

ਅਖ਼ੀਰ ਵਿਚ ਹੈਰਲਡ ਨੇ ਇਹ ਲਿਖ ਕੇ ਦੇ ਦਿੱਤਾ ਕਿ ਡਾਕਟਰ ਮੇਰੀ ਮੌਤ ਦੇ ਜ਼ਿੰਮੇਵਾਰ ਨਹੀਂ ਹੋਣਗੇ। ਇਸ ਤੋਂ ਬਾਅਦ ਡਾਕਟਰ ਓਪਰੇਸ਼ਨ ਕਰਨ ਲਈ ਰਾਜ਼ੀ ਹੋ ਗਏ। ਮੈਨੂੰ ਓਪਰੇਸ਼ਨ ਕਮਰੇ ਵਿਚ ਲਿਜਾਇਆ ਗਿਆ। ਪਰ ਆਖ਼ਰੀ ਪਲ ਤੇ ਇਕ ਡਾਕਟਰ ਮੁਕਰ ਗਿਆ ਅਤੇ ਮੈਨੂੰ ਘਰ ਭੇਜ ਦਿੱਤਾ ਗਿਆ।

ਫਿਰ ਅਸੀਂ ਇਕ ਹੋਰ ਡਾਕਟਰ ਦੇ ਕੋਲ ਗਏ। ਉਸ ਨੇ ਦੇਖਿਆ ਕਿ ਮੇਰੀ ਹਾਲਤ ਕਾਫ਼ੀ ਗੰਭੀਰ ਸੀ, ਇਸ ਲਈ ਉਸ ਨੇ ਕਿਹਾ ਕਿ ਜੇ ਅਸੀਂ ਕਿਸੇ ਨੂੰ ਨਾ ਦੱਸੀਏ ਕਿ ਉਸ ਨੇ ਸਾਡੇ ਤੋਂ ਕਿੰਨੇ ਪੈਸੇ ਲਏ ਸਨ, ਤਾਂ ਉਹ ਥੋੜ੍ਹੇ ਪੈਸਿਆਂ ਵਿਚ ਓਪਰੇਸ਼ਨ ਕਰਨ ਲਈ ਤਿਆਰ ਸੀ। ਉਸ ਨੇ ਬਿਨਾਂ ਲਹੂ ਦੇ ਕਾਮਯਾਬੀ ਨਾਲ ਓਪਰੇਸ਼ਨ ਕੀਤਾ। ਇਸ ਔਖੀ ਘੜੀ ਵਿਚ ਸਾਨੂੰ ਪੂਰਾ-ਪੂਰਾ ਅਹਿਸਾਸ ਸੀ ਕਿ ਖ਼ਾਸ ਕਰਕੇ ਯਹੋਵਾਹ ਨੇ ਪਿਆਰ ਨਾਲ ਸਾਡੀ ਦੇਖ-ਭਾਲ ਕੀਤੀ।

ਫਿਰ 1992 ਵਿਚ ਹੈਰਲਡ ਬਹੁਤ ਬੀਮਾਰ ਹੋ ਗਿਆ ਤੇ ਉਸ ਦੇ ਠੀਕ ਹੋਣ ਦੀ ਕੋਈ ਉਮੀਦ ਨਹੀਂ ਸੀ। ਅਸੀਂ ਬ੍ਰਾਂਚ ਆਫ਼ਿਸ ਵਿਚ ਰਹਿਣ ਲੱਗ ਪਏ ਅਤੇ ਉੱਥੇ ਸਾਡੀ ਦੋਹਾਂ ਦੀ ਪਿਆਰ ਨਾਲ ਦੇਖ-ਭਾਲ ਕੀਤੀ ਗਈ। ਮੇਰੇ ਪਿਆਰੇ ਪਤੀ 1993 ਵਿਚ ਗੁਜ਼ਰ ਗਏ। ਉਨ੍ਹਾਂ ਦੀ ਉਮਰ 81 ਸਾਲਾਂ ਦੀ ਸੀ।

ਇੰਗਲੈਂਡ ਵਾਪਸ ਆਉਣਾ

ਹਾਂਗ ਕਾਂਗ ਦੇ ਬੈਥਲ ਪਰਿਵਾਰ ਦੀ ਇਕ ਮੈਂਬਰ ਹੋਣ ਦੇ ਨਾਤੇ ਮੈਂ ਬਹੁਤ ਖ਼ੁਸ਼ ਸੀ, ਪਰ ਉੱਥੇ ਗਰਮੀ ਸਹਿਣੀ ਮੇਰੇ ਲਈ ਬਹੁਤ ਔਖੀ ਹੋ ਰਹੀ ਸੀ। ਫਿਰ ਬਰੁਕਲਿਨ ਵਿਚ ਮੁੱਖ ਦਫ਼ਤਰ ਤੋਂ ਇਕ ਚਿੱਠੀ ਆਈ। ਉਸ ਵਿਚ ਲਿਖਿਆ ਸੀ ਕਿ ਆਪਣੀ ਸਿਹਤ ਕਰਕੇ ਜੇ ਮੈਂ ਚਾਹਾਂ, ਤਾਂ ਕਿਸੇ ਹੋਰ ਬ੍ਰਾਂਚ ਆਫ਼ਿਸ ਵਿਚ ਜਾ ਕੇ ਰਹਿ ਸਕਦੀ ਹਾਂ ਜਿੱਥੇ ਮੇਰੀ ਜ਼ਿਆਦਾ ਚੰਗੀ ਤਰ੍ਹਾਂ ਦੇਖ-ਭਾਲ ਕੀਤੀ ਜਾ ਸਕੇ। ਇਸ ਲਈ ਸਾਲ 2000 ਵਿਚ ਮੈਂ ਇੰਗਲੈਂਡ ਵਾਪਸ ਆ ਗਈ ਅਤੇ ਲੰਡਨ ਦੇ ਬੈਥਲ ਪਰਿਵਾਰ ਦੀ ਮੈਂਬਰ ਬਣ ਗਈ। ਮੇਰੇ ਲਈ ਇਹ ਬਹੁਤ ਹੀ ਵਧੀਆ ਸਾਬਤ ਹੋਇਆ! ਮੇਰਾ ਨਿੱਘਾ ਸੁਆਗਤ ਕੀਤਾ ਗਿਆ ਅਤੇ ਮੈਂ ਕਈ ਵੱਖਰੇ-ਵੱਖਰੇ ਕੰਮ ਕਰ ਕੇ ਖ਼ੁਸ਼ ਹੁੰਦੀ ਹਾਂ। ਇਨ੍ਹਾਂ ਵਿੱਚੋਂ ਇਕ ਹੈ, ਬੈਥਲ ਵਿਚ ਲਾਇਬ੍ਰੇਰੀ ਦੀਆਂ 2000 ਪੁਸਤਕਾਂ ਦੀ ਦੇਖ-ਭਾਲ ਕਰਨੀ।

ਮੈਂ ਲੰਡਨ ਵਿਚ ਚੀਨੀ ਭਾਸ਼ਾ ਦੀ ਕਲੀਸਿਯਾ ਵਿਚ ਜਾਂਦੀ ਹਾਂ। ਅੱਜ-ਕੱਲ੍ਹ ਬਹੁਤ ਘੱਟ ਲੋਕ ਹਾਂਗ ਕਾਂਗ ਤੋਂ ਆਉਂਦੇ ਹਨ, ਪਰ ਚੀਨ ਤੋਂ ਜ਼ਿਆਦਾ ਲੋਕ ਆਉਂਦੇ ਹਨ। ਉਹ ਮੈਂਦਾਰਿਨ ਭਾਸ਼ਾ ਬੋਲਦੇ ਹਨ ਅਤੇ ਇਸ ਕਰਕੇ ਪ੍ਰਚਾਰ ਕਰਨ ਵਿਚ ਕਾਫ਼ੀ ਮੁਸ਼ਕਲ ਆਉਂਦੀ ਹੈ। ਇੰਗਲੈਂਡ ਵਿਚ ਰਿਪੋਰਟਾਂ ਤੋਂ ਪਤਾ ਲੱਗਦਾ ਹੈ ਕਿ ਚੀਨ ਤੋਂ ਕਈ ਵਿਦਿਆਰਥੀ ਆ ਰਹੇ ਹਨ ਅਤੇ ਉਨ੍ਹਾਂ ਨਾਲ ਬਾਈਬਲ ਦੀ ਸਟੱਡੀ ਕੀਤੀ ਜਾ ਰਹੀ ਹੈ। ਉਹ ਮਿਹਨਤੀ ਲੋਕ ਹਨ ਜੋ ਬਾਈਬਲ ਦੀ ਸੱਚਾਈ ਦਾ ਬੜਾ ਆਦਰ ਕਰਦੇ ਹਨ। ਉਨ੍ਹਾਂ ਦੀ ਮਦਦ ਕਰ ਕੇ ਮੈਨੂੰ ਬਹੁਤ ਖ਼ੁਸ਼ੀ ਮਿਲਦੀ ਹੈ।

ਮੈਂ ਆਪਣੇ ਕਮਰੇ ਵਿਚ ਬੈਠ ਕੇ ਕਈ ਵਾਰ ਸੋਚਦੀ ਹਾਂ ਕਿ ਮੈਂ ਕਿੰਨੀ ਚੰਗੀ ਜ਼ਿੰਦਗੀ ਬਤੀਤ ਕੀਤੀ ਹੈ ਤੇ ਯਹੋਵਾਹ ਨੇ ਮੇਰੇ ਨਾਲ ਕਿੰਨਾ ਪਿਆਰ ਕੀਤਾ ਹੈ! ਉਸ ਦਾ ਪਿਆਰ ਉਸ ਦੇ ਹਰ ਕੰਮ ਵਿਚ ਨਜ਼ਰ ਆਉਂਦਾ ਹੈ, ਖ਼ਾਸ ਕਰਕੇ ਆਪਣੇ ਸੇਵਕਾਂ ਦੀ ਦੇਖ-ਭਾਲ ਕਰਨ ਵੇਲੇ। ਮੈਂ ਯਹੋਵਾਹ ਦੇ ਪਿਆਰ ਲਈ ਬਹੁਤ ਸ਼ੁਕਰਗੁਜ਼ਾਰ ਹਾਂ ਕਿਉਂਕਿ ਮੈਂ ਜਾਣਦੀ ਹਾਂ ਕਿ ਉਸ ਨੂੰ ਮੇਰਾ ਫ਼ਿਕਰ ਹੈ।—1 ਪਤਰਸ 5:6, 7.

[ਫੁਟਨੋਟ]

^ ਪੈਰਾ 19 ਇਨ੍ਹਾਂ ਦੋਹਾਂ ਮਿਸ਼ਨਰੀਆਂ ਦੀਆਂ ਕਹਾਣੀਆਂ ਅੰਗ੍ਰੇਜ਼ੀ ਦੇ ਪਹਿਰਾਬੁਰਜ 15 ਜੁਲਾਈ 1963, ਸਫ਼ਿਆਂ 437-42 ਤੇ ਅਤੇ 15 ਦਸੰਬਰ 1965 ਸਫ਼ਿਆਂ 756-67 ਤੇ ਮਿਲਦੀਆਂ ਹਨ।

[ਸਫ਼ੇ 24 ਉੱਤੇ ਤਸਵੀਰ]

ਜਦੋਂ ਮੈਂ ਭਾਰਤ ਵਿਚ ਸੀ

[ਸਫ਼ੇ 25 ਉੱਤੇ ਤਸਵੀਰ]

ਹੈਰੋਲਡ ਕਿੰਗ 1963 ਵਿਚ ਅਤੇ 1950 ਦੇ ਦਹਾਕੇ ਦੌਰਾਨ ਚੀਨ ਵਿਚ

[ਸਫ਼ੇ 26 ਉੱਤੇ ਤਸਵੀਰ]

ਹਾਂਗ ਕਾਂਗ ਵਿਚ 5 ਅਕਤੂਬਰ 1965 ਨੂੰ ਸਾਡਾ ਵਿਆਹ ਦਾ ਦਿਨ

[ਸਫ਼ੇ 26 ਉੱਤੇ ਤਸਵੀਰ]

ਹਾਂਗ ਕਾਂਗ ਵਿਚ ਬੈਥਲ ਪਰਿਵਾਰ ਦੇ ਮੈਂਬਰਾਂ ਨਾਲ, ਗੱਭੇ ਲਿਓਂਗ ਜੋੜਾ, ਸੱਜੇ ਪਾਸੇ ਗੈਨਵੇ ਜੋੜਾ