ਸ਼ੁੱਧ ਜ਼ਮੀਰ
ਸ਼ੁੱਧ ਜ਼ਮੀਰ
ਚਾਰਲਸ ਕੀਨੀਆ ਦੀ ਇਕ ਯੂਨੀਵਰਸਿਟੀ ਵਿਚ ਕੰਮ ਕਰਦਾ ਹੈ। ਇਕ ਦਿਨ ਕੰਮ ਤੋਂ ਬਾਅਦ ਘਰ ਵਾਪਸ ਜਾਂਦੇ ਹੋਏ ਉਸ ਦਾ ਮੋਬਾਇਲ ਫ਼ੋਨ ਗੁਆਚ ਗਿਆ। ਕੀਨੀਆ ਵਿਚ ਇਹ ਬਹੁਤ ਮਹਿੰਗੇ ਹਨ ਅਤੇ ਇਸ ਲਈ ਸਾਰਿਆਂ ਕੋਲ ਨਹੀਂ ਹੁੰਦੇ।
ਚਾਰਲਸ ਨੇ ਕਿਹਾ, “ਮੈਨੂੰ ਨਹੀਂ ਲੱਗਦਾ ਸੀ ਕਿ ਇਹ ਫ਼ੋਨ ਮੈਨੂੰ ਵਾਪਸ ਕੀਤਾ ਜਾਵੇਗਾ।” ਪਰ, ਕੁਝ ਹੀ ਦਿਨ ਬਾਅਦ ਕੀਨੀਆ ਵਿਚ ਯਹੋਵਾਹ ਦੇ ਗਵਾਹਾਂ ਦੀ ਬ੍ਰਾਂਚ ਆਫ਼ਿਸ ਤੋਂ ਕਿਸੇ ਨੇ ਉਸ ਨੂੰ ਟੈਲੀਫ਼ੋਨ ਕੀਤਾ। ਚਾਰਲਸ ਬੜਾ ਹੈਰਾਨ ਹੋਇਆ। ਉਸ ਨੂੰ ਯਕੀਨ ਹੀ ਨਹੀਂ ਆਇਆ ਜਦੋਂ ਉਸ ਨੇ ਕਿਹਾ ਕਿ ਉਹ ਆਣ ਕੇ ਆਪਣਾ ਮੋਬਾਇਲ ਫ਼ੋਨ ਲੈ ਜਾਵੇ! ਇਸ ਤਰ੍ਹਾਂ ਹੋਇਆ ਕਿ ਯਹੋਵਾਹ ਦੇ ਗਵਾਹਾਂ ਦਾ ਇਕ ਪ੍ਰਚਾਰਕ ਚਾਰਲਸ ਦੇ ਨਾਲ ਸਫ਼ਰ ਕਰ ਰਿਹਾ ਸੀ ਅਤੇ ਉਸ ਨੂੰ ਇਹ ਫ਼ੋਨ ਲੱਭ ਪਿਆ। ਇਸ ਫ਼ੋਨ ਦੇ ਮਾਲਕ ਨੂੰ ਲੱਭਣ ਲਈ ਇਹ ਪ੍ਰਚਾਰਕ ਫ਼ੋਨ ਬ੍ਰਾਂਚ ਆਫ਼ਿਸ ਨੂੰ ਲੈ ਗਿਆ। ਉੱਥੇ ਸੇਵਾ ਕਰਨ ਵਾਲਿਆਂ ਨੇ ਨੰਬਰ ਦੇਖ ਕੇ ਅਖ਼ੀਰ ਵਿਚ ਚਾਰਲਸ ਨੂੰ ਟੈਲੀਫ਼ੋਨ ਕੀਤਾ।
ਚਾਰਲਸ ਨੇ ਬ੍ਰਾਂਚ ਆਫ਼ਿਸ ਵਿਚ ਸੇਵਾ ਕਰਨ ਵਾਲਿਆਂ ਨੂੰ ਚਿੱਠੀ ਲਿਖੀ: “ਮੈਂ ਇਸ ਗੱਲ ਲਈ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਬਹੁਤ ਮਿਹਨਤ ਕਰ ਕੇ ਮੇਰੇ ਨਾਲ ਸੰਪਰਕ ਕੀਤਾ। ਮੈਂ ਖ਼ਾਸਕਰ ਉਨ੍ਹਾਂ ਲੋਕਾਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਜਿਨ੍ਹਾਂ ਨੇ ਮੇਰਾ ਮੋਬਾਇਲ ਫ਼ੋਨ ਲੱਭਿਆ, ਪਤਾ ਕੀਤਾ ਕਿ ਇਹ ਮੇਰਾ ਹੈ ਅਤੇ ਮੈਨੂੰ ਵਾਪਸ ਕੀਤਾ। ਅੱਜ-ਕੱਲ੍ਹ ਕੌਣ ਇੰਨਾ ਈਮਾਨਦਾਰ ਹੈ? ਪਰ ਇਸ ਗੱਲ ਤੋਂ ਮੈਨੂੰ ਹੌਸਲਾ ਮਿਲਦਾ ਹੈ ਕਿ ਅੱਜ ਵੀ ਯਹੋਵਾਹ ਪਰਮੇਸ਼ੁਰ ਦੇ ਸੱਚੇ ਗਵਾਹ ਹਨ।”
ਯਹੋਵਾਹ ਦੇ ਗਵਾਹ ਹਰ ਥਾਂ ਆਪਣੀ ਈਮਾਨਦਾਰੀ ਅਤੇ ਨੇਕੀ ਲਈ ਜਾਣੇ ਜਾਂਦੇ ਹਨ। ਉਹ ਪੌਲੁਸ ਰਸੂਲ ਦੀ ਰੀਸ ਕਰਦੇ ਹਨ ਜਿਸ ਨੇ ਕਿਹਾ: “ਸਾਨੂੰ ਨਿਹਚਾ ਹੈ ਭਈ ਸਾਡਾ ਅੰਤਹਕਰਨ ਸ਼ੁੱਧ ਹੈ ਅਤੇ ਅਸੀਂ ਸਾਰੀਆਂ ਗੱਲਾਂ ਵਿੱਚ ਨੇਕੀ ਨਾਲ ਉਮਰ ਬਤੀਤ ਕਰਨੀ ਚਾਹੁੰਦੇ ਹਾਂ।” (ਇਬਰਾਨੀਆਂ 13:18; 1 ਕੁਰਿੰਥੀਆਂ 10:33) ਉਨ੍ਹਾਂ ਨੂੰ ਪਤਾ ਹੈ ਕਿ ਉਨ੍ਹਾਂ ਦੇ ਨੇਕ ਚਾਲ-ਚਲਣ ਕਰਕੇ ਯਹੋਵਾਹ ਪਰਮੇਸ਼ੁਰ ਦੀ ਵਡਿਆਈ ਹੁੰਦੀ ਹੈ। ਯਿਸੂ ਨੇ ਕਿਹਾ ਸੀ: “ਇਸੇ ਤਰਾਂ ਤੁਹਾਡਾ ਚਾਨਣ ਮਨੁੱਖਾਂ ਦੇ ਸਾਹਮਣੇ ਚਮਕੇ ਤਾਂ ਜੋ ਓਹ ਤੁਹਾਡੇ ਸ਼ੁਭ ਕਰਮ ਵੇਖ ਕੇ ਤੁਹਾਡੇ ਪਿਤਾ ਦੀ ਜਿਹੜਾ ਸੁਰਗ ਵਿੱਚ ਹੈ ਵਡਿਆਈ ਕਰਨ।”—ਮੱਤੀ 5:16.