Skip to content

Skip to table of contents

“ਸੰਸਾਰ ਦਾ ਰੰਗ ਢੰਗ ਬੀਤਦਾ ਜਾਂਦਾ ਹੈ”

“ਸੰਸਾਰ ਦਾ ਰੰਗ ਢੰਗ ਬੀਤਦਾ ਜਾਂਦਾ ਹੈ”

“ਸੰਸਾਰ ਦਾ ਰੰਗ ਢੰਗ ਬੀਤਦਾ ਜਾਂਦਾ ਹੈ”

ਹੇ ਭਰਾਵੋ, ਮੈਂ ਇਹ ਆਖਦਾ ਹਾਂ ਜੋ ਸਮਾ ਘਟਾਇਆ ਗਿਆ ਹੈ।”1 ਕੁਰਿੰਥੀਆਂ 7:29.

1, 2. ਤੁਸੀਂ ਆਪਣੀ ਜ਼ਿੰਦਗੀ ਦੌਰਾਨ ਕਿਹੋ ਜਿਹੀਆਂ ਤਬਦੀਲੀਆਂ ਦੇਖੀਆਂ ਹਨ?

ਕੀ ਤੁਸੀਂ ਦੱਸ ਸਕਦੇ ਹੋ ਕਿ ਤੁਸੀਂ ਆਪਣੀ ਜ਼ਿੰਦਗੀ ਦੌਰਾਨ ਕਿਹੋ ਜਿਹੀਆਂ ਤਬਦੀਲੀਆਂ ਦੇਖੀਆਂ ਹਨ? ਮਿਸਾਲ ਲਈ, ਡਾਕਟਰੀ ਵਿਗਿਆਨ ਵਿਚ ਕਾਫ਼ੀ ਤਰੱਕੀ ਹੋਈ ਹੈ। ਇਸ ਕਾਰਨ ਕਈ ਦੇਸ਼ਾਂ ਵਿਚ ਲੋਕ ਹੁਣ 70 ਸਾਲਾਂ ਤੋਂ ਵੱਧ ਉਮਰ ਤਕ ਜੀਉਂਦੇ ਰਹਿੰਦੇ ਹਨ ਜਦ ਕਿ 20ਵੀਂ ਸਦੀ ਦੀ ਸ਼ੁਰੂਆਤ ਵਿਚ ਲੋਕ 50 ਸਾਲਾਂ ਤਕ ਹੀ ਜੀਉਂਦੇ ਰਹਿੰਦੇ ਸਨ। ਜ਼ਰਾ ਸੋਚੋ ਕਿ ਰੇਡੀਓ, ਟੈਲੀਵਿਯਨ, ਮੋਬਾਇਲ ਫ਼ੋਨ ਅਤੇ ਫ਼ੈਕਸ ਮਸ਼ੀਨਾਂ ਇਸਤੇਮਾਲ ਕਰਨ ਨਾਲ ਸਾਨੂੰ ਕਿੰਨਾ ਫ਼ਾਇਦਾ ਹੋਇਆ ਹੈ। ਇਸ ਤੋਂ ਇਲਾਵਾ, ਪੜ੍ਹਾਈ-ਲਿਖਾਈ ਤੇ ਆਵਾਜਾਈ ਵਿਚ ਤਰੱਕੀ ਹੋਣ ਅਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਹੋਣ ਨਾਲ ਕਰੋੜਾਂ ਲੋਕਾਂ ਦੀਆਂ ਜ਼ਿੰਦਗੀਆਂ ਵਿਚ ਕਾਫ਼ੀ ਸੁਧਾਰ ਆਇਆ ਹੈ।

2 ਪਰ ਇਸ ਦਾ ਇਹ ਮਤਲਬ ਨਹੀਂ ਕਿ ਹਰ ਤਬਦੀਲੀ ਚੰਗੀ ਸਾਬਤ ਹੋਈ ਹੈ। ਕੁਝ ਤਬਦੀਲੀਆਂ ਅਜਿਹੀਆਂ ਹਨ ਜਿਨ੍ਹਾਂ ਦਾ ਦੁਨੀਆਂ ਉੱਤੇ ਬੁਰਾ ਅਸਰ ਪਿਆ ਹੈ। ਮਿਸਾਲ ਲਈ, ਅਪਰਾਧ, ਤਲਾਕ, ਨਸ਼ੇਬਾਜ਼ੀ, ਮਹਿੰਗਾਈ ਅਤੇ ਅੱਤਵਾਦ ਵਿਚ ਬਹੁਤ ਵਾਧਾ ਹੋਇਆ ਹੈ ਅਤੇ ਲੋਕਾਂ ਦਾ ਚਾਲ-ਚਲਣ ਵਿਗੜ ਗਿਆ ਹੈ। ਇਨ੍ਹਾਂ ਤਬਦੀਲੀਆਂ ਕਾਰਨ ਤੁਸੀਂ ਪੌਲੁਸ ਰਸੂਲ ਦੇ ਸ਼ਬਦਾਂ ਨਾਲ ਜ਼ਰੂਰ ਸਹਿਮਤ ਹੋਵੋਗੇ ਜੋ ਉਸ ਨੇ ਬਹੁਤ ਚਿਰ ਪਹਿਲਾਂ ਲਿਖੇ ਸਨ: “ਇਸ ਸੰਸਾਰ ਦਾ ਰੰਗ ਢੰਗ ਬੀਤਦਾ ਜਾਂਦਾ ਹੈ।”—1 ਕੁਰਿੰਥੀਆਂ 7:31.

3. ਪੌਲੁਸ ਦੇ ਇਹ ਕਹਿਣ ਦਾ ਕੀ ਮਤਲਬ ਸੀ ਕਿ “ਸੰਸਾਰ ਦਾ ਰੰਗ ਢੰਗ ਬੀਤਦਾ ਜਾਂਦਾ ਹੈ”?

3 ਜਦੋਂ ਪੌਲੁਸ ਨੇ ਇਹ ਸ਼ਬਦ ਲਿਖੇ ਸਨ, ਤਾਂ ਉਹ ਇਸ ਦੁਨੀਆਂ ਦੀ ਤੁਲਨਾ ਇਕ ਰੰਗ-ਮੰਚ ਨਾਲ ਕਰ ਰਿਹਾ ਸੀ। ਇਸ ਦੁਨੀਆਂ ਦੇ ਰਾਜਨੀਤਿਕ ਤੇ ਮਜ਼ਹਬੀ ਲੀਡਰ ਅਤੇ ਮਸ਼ਹੂਰ ਹਸਤੀਆਂ ਐਕਟਰ ਹਨ ਜੋ ਰੰਗ-ਮੰਚ ਉੱਤੇ ਆਪਣਾ ਰੋਲ ਅਦਾ ਕਰਦੇ ਹਨ ਅਤੇ ਫਿਰ ਦੂਸਰਿਆਂ ਲਈ ਮੰਚ ਛੱਡ ਜਾਂਦੇ ਹਨ। ਇਹ ਨਾਟਕ ਸਦੀਆਂ ਤੋਂ ਚੱਲਦਾ ਆਇਆ ਹੈ। ਪੁਰਾਣੇ ਜ਼ਮਾਨੇ ਵਿਚ ਇਕ ਰਾਜ-ਘਰਾਣਾ ਦਹਾਕਿਆਂ ਜਾਂ ਸਦੀਆਂ ਤਕ ਰਾਜ ਕਰਦਾ ਰਹਿੰਦਾ ਸੀ ਅਤੇ ਤਬਦੀਲੀਆਂ ਹੌਲੀ-ਹੌਲੀ ਹੁੰਦੀਆਂ ਸਨ। ਪਰ ਅੱਜ ਇਸ ਤਰ੍ਹਾਂ ਨਹੀਂ ਹੈ। ਅੱਜ ਤਾਂ ਪਲਾਂ ਵਿਚ ਹੀ ਕਿਸੇ ਲੀਡਰ ਦੇ ਕਤਲ ਕੀਤੇ ਜਾਣ ਨਾਲ ਇਤਿਹਾਸ ਇਕ ਨਵਾਂ ਮੋੜ ਲੈ ਸਕਦਾ ਹੈ। ਜੀ ਹਾਂ, ਇਨ੍ਹਾਂ ਹਲਚਲ ਮਚਾਉਣ ਵਾਲੇ ਸਮਿਆਂ ਵਿਚ ਅਸੀਂ ਇਹ ਨਹੀਂ ਜਾਣਦੇ ਕਿ ਕੱਲ੍ਹ ਨੂੰ ਕੀ ਹੋਵੇਗਾ।

4. (ੳ) ਮਸੀਹੀਆਂ ਨੂੰ ਦੁਨੀਆਂ ਵਿਚ ਹੋ ਰਹੀਆਂ ਘਟਨਾਵਾਂ ਬਾਰੇ ਕਿਹੜਾ ਨਜ਼ਰੀਆ ਰੱਖਣਾ ਚਾਹੀਦਾ ਹੈ? (ਅ) ਅਸੀਂ ਹੁਣ ਕਿਨ੍ਹਾਂ ਦੋ ਗੱਲਾਂ ਉੱਤੇ ਗੌਰ ਕਰਾਂਗੇ?

4 ਜੇ ਦੁਨੀਆਂ ਰੰਗ-ਮੰਚ ਹੈ ਅਤੇ ਉਸ ਦੇ ਲੀਡਰ ਐਕਟਰ ਹਨ, ਤਾਂ ਮਸੀਹੀ ਨਾਟਕ ਦੇ ਦਰਸ਼ਕ ਹਨ। * ਪਰ ਕਿਉਂਕਿ ਮਸੀਹੀ “ਜਗਤ ਦੇ ਨਹੀਂ ਹਨ,” ਇਸ ਲਈ ਉਹ ਨਾ ਤਾਂ ਇਸ ਨਾਟਕ ਅਤੇ ਨਾ ਹੀ ਐਕਟਰਾਂ ਵੱਲ ਜ਼ਿਆਦਾ ਧਿਆਨ ਦਿੰਦੇ ਹਨ। (ਯੂਹੰਨਾ 17:16) ਇਸ ਦੀ ਬਜਾਇ ਉਹ ਉਨ੍ਹਾਂ ਨਿਸ਼ਾਨੀਆਂ ਦੀ ਉਡੀਕ ਵਿਚ ਹਨ ਜਿਨ੍ਹਾਂ ਤੋਂ ਪਤਾ ਲੱਗੇਗਾ ਕਿ ਇਸ ਨਾਟਕ ਦਾ ਅੰਤ ਹੋਣ ਵਾਲਾ ਹੈ। ਉਹ ਜਾਣਦੇ ਹਨ ਕਿ ਇਸ ਦੁਨੀਆਂ ਦੇ ਭਿਆਨਕ ਅੰਤ ਤੋਂ ਬਾਅਦ ਹੀ ਯਹੋਵਾਹ ਇਕ ਨਵੀਂ ਦੁਨੀਆਂ ਲਿਆਵੇਗਾ। * ਆਓ ਆਪਾਂ ਦੋ ਗੱਲਾਂ ਉੱਤੇ ਗੌਰ ਕਰੀਏ ਜਿਨ੍ਹਾਂ ਤੋਂ ਸਬੂਤ ਮਿਲਦਾ ਹੈ ਕਿ ਅਸੀਂ ਅੰਤ ਦੇ ਦਿਨਾਂ ਵਿਚ ਜੀ ਰਹੇ ਹਾਂ ਅਤੇ ਨਵੀਂ ਦੁਨੀਆਂ ਨਜ਼ਦੀਕ ਹੈ। ਪਹਿਲੀ ਗੱਲ ਹੈ ਬਾਈਬਲ ਵਿਚ ਦੱਸੀਆਂ ਘਟਨਾਵਾਂ ਤੇ ਤਾਰੀਖ਼ਾਂ ਅਤੇ ਦੂਜੀ ਹੈ ਦੁਨੀਆਂ ਦੀ ਵਿਗੜ ਰਹੀ ਹਾਲਤ।—ਮੱਤੀ 24:21; 2 ਪਤਰਸ 3:13.

ਆਖ਼ਰ ਭੇਦ ਖੁੱਲ੍ਹ ਹੀ ਗਿਆ!

5. “ਪਰਾਈਆਂ ਕੌਮਾਂ ਦੇ ਸਮੇ” ਕੀ ਹਨ ਅਤੇ ਸਾਨੂੰ ਇਨ੍ਹਾਂ ਵਿਚ ਦਿਲਚਸਪੀ ਕਿਉਂ ਲੈਣੀ ਚਾਹੀਦੀ ਹੈ?

5 ਯਿਸੂ ਨੇ ਇਕ ਅਜਿਹੇ ਸਮੇਂ ਬਾਰੇ ਗੱਲ ਕੀਤੀ ਸੀ ਜਦੋਂ ਪਰਮੇਸ਼ੁਰ ਆਪ ਰਾਜ ਨਹੀਂ ਕਰੇਗਾ, ਸਗੋਂ ਦੁਨੀਆਂ ਦੇ ਲੀਡਰਾਂ ਨੂੰ ਰੰਗ-ਮੰਚ ਉੱਤੇ ਛਾ ਜਾਣ ਦੀ ਖੁੱਲ੍ਹੀ ਛੁੱਟੀ ਦੇਵੇਗਾ। ਯਿਸੂ ਨੇ ਇਸ ਸਮੇਂ ਨੂੰ “ਪਰਾਈਆਂ ਕੌਮਾਂ ਦੇ ਸਮੇ” ਕਿਹਾ ਸੀ। (ਲੂਕਾ 21:24) ਇਹ “ਸਮੇ” ਪੂਰੇ ਹੋ ਜਾਣ ਤੋਂ ਬਾਅਦ, ਪਰਮੇਸ਼ੁਰ ਦੇ ਸਵਰਗੀ ਰਾਜ ਨੇ ਸੱਤਾ ਵਿਚ ਆਉਣਾ ਸੀ ਜਿਸ ਦਾ ਰਾਜਾ ਯਿਸੂ ਹੋਣਾ ਸੀ। ਪਹਿਲਾਂ ਯਿਸੂ ਨੇ “ਆਪਣੇ ਵੈਰੀਆਂ ਦੇ ਵਿਚਕਾਰ” ਰਾਜ ਕਰਨਾ ਸੀ। (ਜ਼ਬੂਰਾਂ ਦੀ ਪੋਥੀ 110:2) ਫਿਰ ਦਾਨੀਏਲ 2:44 ਅਨੁਸਾਰ ਇਸ ਰਾਜ ਨੇ ਸਾਰੀਆਂ ਇਨਸਾਨੀ ਸਰਕਾਰਾਂ ਨੂੰ “ਚੂਰ ਚੂਰ ਕਰ ਕੇ ਸਤਿਆ ਨਾਸ” ਕਰਨਾ ਸੀ ਅਤੇ ਪਰਮੇਸ਼ੁਰ ਦੇ ਰਾਜ ਨੇ ਖ਼ੁਦ ਹਮੇਸ਼ਾ ਲਈ ਖੜ੍ਹਾ ਰਹਿਣਾ ਸੀ।

6. “ਪਰਾਈਆਂ ਕੌਮਾਂ ਦੇ ਸਮੇ” ਕਦੋਂ ਸ਼ੁਰੂ ਹੋਏ, ਕਿੰਨੇ ਲੰਬੇ ਸਨ ਅਤੇ ਉਨ੍ਹਾਂ ਦਾ ਅੰਤ ਕਦੋਂ ਹੋਇਆ ਸੀ?

6 “ਪਰਾਈਆਂ ਕੌਮਾਂ ਦੇ ਸਮੇ” ਕਦੋਂ ਪੂਰੇ ਹੋਣੇ ਸਨ ਅਤੇ ਪਰਮੇਸ਼ੁਰ ਦਾ ਰਾਜ ਕਦੋਂ ਸ਼ੁਰੂ ਹੋਣਾ ਸੀ? ਬਾਈਬਲ ਵਿਚ ਦੱਸੀਆਂ ਘਟਨਾਵਾਂ ਤੇ ਤਾਰੀਖ਼ਾਂ ਤੋਂ ਸਾਨੂੰ ਇਸ ਦਾ ਜਵਾਬ ਮਿਲਦਾ ਹੈ ਜਿਸ ਉੱਤੇ ‘ਓੜਕ ਦੇ ਵੇਲੇ ਤੀਕਰ ਮੋਹਰਾਂ ਲੱਗੀਆਂ ਹੋਈਆਂ’ ਸਨ। (ਦਾਨੀਏਲ 12:9) ਜਿੱਦਾਂ-ਜਿੱਦਾਂ ਇਹ ‘ਵੇਲਾ’ ਲਾਗੇ ਆਇਆ, ਯਹੋਵਾਹ ਨੇ ਉਨ੍ਹਾਂ ਨਿਮਰ ਲੋਕਾਂ ਨੂੰ ਇਸ ਦਾ ਜਵਾਬ ਦੇਣ ਲਈ ਕਦਮ ਚੁੱਕੇ ਜੋ ਬਾਈਬਲ ਵਿੱਚੋਂ ਇਨ੍ਹਾਂ ਗੱਲਾਂ ਦੀ ਖੋਜ ਕਰ ਰਹੇ ਸਨ। ਪਰਮੇਸ਼ੁਰ ਦੀ ਪਵਿੱਤਰ ਆਤਮਾ ਦੀ ਮਦਦ ਨਾਲ ਉਨ੍ਹਾਂ ਨੂੰ ਪਤਾ ਲੱਗਾ ਕਿ “ਪਰਾਈਆਂ ਕੌਮਾਂ ਦੇ ਸਮੇ” 607 ਸਾ.ਯੁ.ਪੂ. ਵਿਚ ਸ਼ੁਰੂ ਹੋਏ ਸਨ ਜਦੋਂ ਯਰੂਸ਼ਲਮ ਦਾ ਨਾਸ਼ ਕੀਤਾ ਗਿਆ ਸੀ ਅਤੇ ਇਹ “ਸਮੇ” 2,520 ਸਾਲ ਲੰਬੇ ਸਨ। ਇਸ ਤੋਂ ਉਨ੍ਹਾਂ ਨੇ ਹਿਸਾਬ ਲਾਇਆ ਕਿ ਇਹ ਸਮੇਂ 1914 ਵਿਚ ਖ਼ਤਮ ਹੋਏ। ਉਨ੍ਹਾਂ ਨੂੰ ਇਹ ਵੀ ਪਤਾ ਲੱਗਾ ਕਿ 1914 ਤੋਂ ਇਸ ਦੁਨੀਆਂ ਦੇ ਆਖ਼ਰੀ ਦਿਨ ਸ਼ੁਰੂ ਹੋ ਗਏ ਸਨ। ਬਾਈਬਲ ਦੇ ਵਿਦਿਆਰਥੀ ਹੋਣ ਦੇ ਨਾਤੇ, ਕੀ ਤੁਸੀਂ ਬਾਈਬਲ ਤੋਂ ਸਮਝਾ ਸਕਦੇ ਹੋ ਕਿ 1914 ਦੀ ਤਾਰੀਖ਼ ਕਿੱਦਾਂ ਪਤਾ ਕੀਤੀ ਜਾਂਦੀ ਹੈ? *

7. ਬਾਈਬਲ ਦੇ ਕਿਹੜੇ ਹਵਾਲੇ ਸਾਨੂੰ ਦਾਨੀਏਲ ਦੀ ਪੁਸਤਕ ਵਿਚ ਜ਼ਿਕਰ ਕੀਤੇ ਗਏ ਸੱਤ ਸਮਿਆਂ ਦੀ ਸ਼ੁਰੂਆਤ, ਲੰਬਾਈ ਤੇ ਉਨ੍ਹਾਂ ਦਾ ਅੰਤ ਪਤਾ ਕਰਨ ਵਿਚ ਮਦਦ ਦਿੰਦੇ ਹਨ?

7 ਸਮਿਆਂ ਬਾਰੇ ਇਕ ਭੇਦ ਦਾਨੀਏਲ ਦੀ ਪੁਸਤਕ ਵਿਚ ਛੁਪਿਆ ਹੋਇਆ ਹੈ। ਯਹੋਵਾਹ ਨੇ 607 ਸਾ.ਯੁ.ਪੂ. ਵਿਚ “ਪਰਾਈਆਂ ਕੌਮਾਂ ਦੇ ਸਮੇ” ਦੀ ਸ਼ੁਰੂਆਤ ਵਿਚ ਬਾਬਲ ਦੇ ਰਾਜਾ ਨਬੂਕਦਨੱਸਰ ਨੂੰ ਯਰੂਸ਼ਲਮ ਦਾ ਨਾਸ਼ ਕਰਨ ਲਈ ਵਰਤਿਆ ਸੀ ਅਤੇ ਉਸ ਨੇ ਇਸ ਰਾਜੇ ਰਾਹੀਂ ਦੱਸਿਆ ਕਿ ਕੌਮਾਂ ਪਰਮੇਸ਼ੁਰ ਦੇ ਦਖ਼ਲ ਦੇਣ ਤੋਂ ਬਿਨਾਂ ਸੱਤ ਸਮਿਆਂ ਤਕ ਰਾਜ ਕਰਨਗੀਆਂ। (ਹਿਜ਼ਕੀਏਲ 21:26, 27; ਦਾਨੀਏਲ 4:16, 23-25) ਇਹ ਸੱਤ ਸਮੇਂ ਕਿੰਨੇ ਲੰਬੇ ਹਨ? ਪਰਕਾਸ਼ ਦੀ ਪੋਥੀ 11:2, 3 ਅਤੇ 12:6, 14 ਮੁਤਾਬਕ ਸਾਢੇ ਤਿੰਨ ਸਮੇਂ 1,260 ਦਿਨ ਲੰਬੇ ਹਨ। ਇਸ ਲਈ ਸੱਤ ਸਮੇਂ ਇਸ ਦੀ ਦੁਗੁਣੀ ਗਿਣਤੀ ਹੈ, ਮਤਲਬ 2,520 ਦਿਨ। ਕੀ ਇੱਥੇ ਸਮਿਆਂ ਦਾ ਹਿਸਾਬ ਖ਼ਤਮ ਹੋ ਜਾਂਦਾ ਹੈ? ਨਹੀਂ, ਕਿਉਂਕਿ ਯਹੋਵਾਹ ਨੇ ਦਾਨੀਏਲ ਦੇ ਜ਼ਮਾਨੇ ਵਿਚ ਰਹਿਣ ਵਾਲੇ ਹਿਜ਼ਕੀਏਲ ਨਬੀ ਨੂੰ ਇਨ੍ਹਾਂ ਦਿਨਾਂ ਦੀ ਸਹੀ ਲੰਬਾਈ ਪਤਾ ਕਰਨ ਦਾ ਅਸੂਲ ਦਿੱਤਾ ਸੀ: ‘ਇੱਕ ਦਿਨ ਬਦਲੇ ਇੱਕ ਵਰ੍ਹਾ ਹੁੰਦਾ ਹੈ।’ (ਹਿਜ਼ਕੀਏਲ 4:6) ਇਸ ਦਾ ਮਤਲਬ ਹੈ ਕਿ ਇਹ ਸੱਤ ਸਮੇਂ 2,520 ਸਾਲ ਲੰਬੇ ਹੋਣਗੇ। ਸਾਲ 607 ਸਾ.ਯੁ.ਪੂ. ਨਾਲ ਸ਼ੁਰੂ ਕਰਦੇ ਹੋਏ ਜੇ ਅਸੀਂ 2,520 ਸਾਲ ਗਿਣੀਏ, ਤਾਂ ਸਾਨੂੰ ਪਤਾ ਲੱਗਦਾ ਹੈ ਕਿ ਪਰਾਈਆਂ ਕੌਮਾਂ ਦੇ ਸਮੇਂ 1914 ਵਿਚ ਖ਼ਤਮ ਹੋਏ ਸਨ।

“ਓੜਕ ਦੇ ਵੇਲੇ” ਦਾ ਪੱਕਾ ਸਬੂਤ

8. ਤੁਸੀਂ ਕਿਹੜੇ ਸਬੂਤ ਦੇ ਸਕਦੇ ਹੋ ਕਿ 1914 ਤੋਂ ਦੁਨੀਆਂ ਦੀ ਹਾਲਤ ਵਿਗੜ ਗਈ ਹੈ?

8 ਸਾਲ 1914 ਤੋਂ ਦੁਨੀਆਂ ਦੀ ਵਿਗੜਦੀ ਜਾ ਰਹੀ ਹਾਲਤ ਤੋਂ ਪਤਾ ਲੱਗਦਾ ਹੈ ਕਿ ਬਾਈਬਲ ਦੀਆਂ ਘਟਨਾਵਾਂ ਤੇ ਤਾਰੀਖ਼ਾਂ ਤੋਂ ਜੋ ਹਿਸਾਬ ਲਾਇਆ ਗਿਆ ਹੈ, ਉਹ ਬਿਲਕੁਲ ਸਹੀ ਹੈ। ਯਿਸੂ ਨੇ ਆਪ ਕਿਹਾ ਸੀ ਕਿ “ਜੁਗ ਦੇ ਅੰਤ” ਦੇ ਵੇਲੇ ਲੜਾਈਆਂ ਹੋਣਗੀਆਂ, ਕਾਲ ਅਤੇ ਮਹਾਂਮਾਰੀਆਂ ਪੈਣਗੀਆਂ। (ਮੱਤੀ 24:3-8; ਪਰਕਾਸ਼ ਦੀ ਪੋਥੀ 6:2-8) ਇਹ ਘਟਨਾਵਾਂ 1914 ਤੋਂ ਵਾਪਰ ਰਹੀਆਂ ਹਨ। ਪੌਲੁਸ ਰਸੂਲ ਨੇ ਵੀ ਇਸ ਸਮੇਂ ਬਾਰੇ ਗੱਲ ਕਰਦੇ ਹੋਏ ਦੱਸਿਆ ਸੀ ਕਿ ਲੋਕਾਂ ਦੇ ਸੁਭਾਅ ਕਿਸ ਤਰ੍ਹਾਂ ਦੇ ਹੋਣਗੇ। ਅਸੀਂ ਸਾਰਿਆਂ ਨੇ ਆਪਣੀ ਅੱਖੀਂ ਦੇਖਿਆ ਹੈ ਕਿ ਉਸ ਦੀਆਂ ਗੱਲਾਂ ਐਨ ਸਹੀ ਹਨ।—2 ਤਿਮੋਥਿਉਸ 3:1-5.

9. ਕੁਝ ਲੋਕਾਂ ਨੇ 1914 ਤੋਂ ਵਿਗੜਦੀ ਜਾ ਰਹੀ ਦੁਨੀਆਂ ਦੀ ਹਾਲਤ ਬਾਰੇ ਕੀ ਕਿਹਾ ਹੈ?

9 ਕੀ 1914 ਤੋਂ “ਸੰਸਾਰ ਦਾ ਰੰਗ ਢੰਗ” ਸੱਚ-ਮੁੱਚ ਬਦਲ ਗਿਆ ਹੈ? ਪ੍ਰੋਫ਼ੈਸਰ ਰੌਬਰਟ ਵੋਲ ਨੇ ਆਪਣੀ ਪੁਸਤਕ 1914 ਦੀ ਪੀੜ੍ਹੀ (ਅੰਗ੍ਰੇਜ਼ੀ) ਵਿਚ ਲਿਖਿਆ: “ਜਿਹੜੇ ਲੋਕ ਯੁੱਧ ਵਿੱਚੋਂ ਬਚ ਨਿਕਲੇ, ਉਹ ਕਦੇ ਵੀ ਇਸ ਭਾਵਨਾ ਤੋਂ ਮੁਕਤ ਨਹੀਂ ਹੋ ਸਕੇ ਕਿ ਅਗਸਤ 1914 ਵਿਚ ਇਕ ਸੰਸਾਰ ਦਾ ਅੰਤ ਹੋਇਆ ਅਤੇ ਦੂਸਰੇ ਦਾ ਆਰੰਭ ਹੋਇਆ ਸੀ।” ਇਸ ਗੱਲ ਨਾਲ ਸਹਿਮਤ ਹੁੰਦੇ ਹੋਏ ਵਿਸ਼ਵ ਸਿਹਤ ਸੰਗਠਨ ਦੇ ਮਾਨਸਿਕ ਸਿਹਤ ਨਿਰਦੇਸ਼ਕ ਨੇ ਲਿਖਿਆ: “ਅਸੀਂ ਅਜਿਹੇ ਸਮੇਂ ਵਿਚ ਜੀ ਰਹੇ ਹਾਂ ਜਿੱਥੇ ਤਬਦੀਲੀਆਂ ਇੰਨੀ ਜਲਦੀ ਹੁੰਦੀਆਂ ਹਨ ਕਿ ਲੋਕ ਪਰੇਸ਼ਾਨ ਹੋ ਜਾਂਦੇ ਹਨ ਅਤੇ ਉਨ੍ਹਾਂ ਦੇ ਮਨਾਂ ਉੱਤੇ ਬਹੁਤ ਬੋਝ ਪੈਂਦਾ ਹੈ। ਇੰਨੇ ਵੱਡੇ ਪੈਮਾਨੇ ਤੇ ਇਤਿਹਾਸ ਵਿਚ ਪਹਿਲਾਂ ਕਦੀ ਵੀ ਇਸ ਤਰ੍ਹਾਂ ਨਹੀਂ ਹੋਇਆ।” ਕੀ ਤੁਸੀਂ ਵੀ ਇਨ੍ਹਾਂ ਤਬਦੀਲੀਆਂ ਨੂੰ ਦੇਖ ਕੇ ਪਰੇਸ਼ਾਨ ਹੋਏ ਹੋ?

10. ਬਾਈਬਲ ਮੁਤਾਬਕ 1914 ਤੋਂ ਦੁਨੀਆਂ ਦੀ ਵਿਗੜਦੀ ਜਾ ਰਹੀ ਹਾਲਤ ਪਿੱਛੇ ਕੌਣ ਹੈ?

10 ਦੁਨੀਆਂ ਦੀ ਹਾਲਤ ਨੂੰ ਵਿਗਾੜਨ ਵਾਲਾ ਖਲਨਾਇਕ ਕੌਣ ਹੈ? ਪਰਕਾਸ਼ ਦੀ ਪੋਥੀ 12:7-9 ਵਿਚ ਸਾਨੂੰ ਉਸ ਖਲਨਾਇਕ ਬਾਰੇ ਦੱਸਿਆ ਜਾਂਦਾ ਹੈ: “ਸੁਰਗ ਵਿੱਚ ਜੁੱਧ ਹੋਇਆ। ਮਿਕਾਏਲ [ਯਿਸੂ ਮਸੀਹ] ਅਤੇ ਉਹ ਦੇ ਦੂਤ ਅਜਗਰ [ਸ਼ਤਾਨ] ਨਾਲ ਲੜਨ ਨੂੰ ਨਿੱਕਲੇ ਅਤੇ ਅਜਗਰ ਲੜਿਆ ਨਾਲੇ ਉਹ ਦੇ ਦੂਤ। ਪਰ ਏਹ ਪਰਬਲ ਨਾ ਹੋਏ ਅਤੇ ਨਾ ਸੁਰਗ ਵਿੱਚ ਏਹਨਾਂ ਨੂੰ ਥਾਂ ਫੇਰ ਮਿਲਿਆ। ਅਤੇ ਉਹ ਵੱਡਾ ਅਜਗਰ ਹੇਠਾਂ ਸੁੱਟਿਆ ਗਿਆ . . . ਜੋ ਸਾਰੇ ਜਗਤ ਨੂੰ ਭਰਮਾਉਂਦਾ ਹੈ।” ਇਸ ਤਰ੍ਹਾਂ ਸ਼ਤਾਨ ਹੀ ਸਾਰੇ ਪੁਆੜਿਆਂ ਦੀ ਜੜ੍ਹ ਹੈ ਅਤੇ 1914 ਵਿਚ ਉਸ ਨੂੰ ਸਵਰਗ ਵਿੱਚੋਂ ਕੱਢੇ ਜਾਣ ਦੇ ਨਤੀਜੇ ਬਾਰੇ ਬਾਈਬਲ ਵਿਚ ਲਿਖਿਆ ਹੈ: “ਧਰਤੀ ਅਤੇ ਸਮੁੰਦਰ ਨੂੰ ਹਾਇ! ਹਾਇ! ਇਸ ਲਈ ਜੋ ਸ਼ਤਾਨ ਤੁਹਾਡੇ ਕੋਲ ਉਤਰ ਆਇਆ ਹੈ ਅਤੇ ਉਹ ਨੂੰ ਵੱਡਾ ਕ੍ਰੋਧ ਹੈ ਕਿਉਂ ਜੋ ਉਹ ਜਾਣਦਾ ਹੈ ਭਈ ਮੇਰਾ ਸਮਾ ਥੋੜਾ ਹੀ ਰਹਿੰਦਾ ਹੈ।”—ਪਰਕਾਸ਼ ਦੀ ਪੋਥੀ 12:10, 12.

ਇਸ ਨਾਟਕ ਦੇ ਅੰਤ ਵਿਚ ਕੀ ਹੋਵੇਗਾ?

11. (ੳ) ਸ਼ਤਾਨ ‘ਸਾਰੇ ਜਗਤ ਨੂੰ ਭਰਮਾਉਣ’ ਲਈ ਕਿਹੜੇ ਤਰੀਕੇ ਵਰਤਦਾ ਹੈ? (ਅ) ਪੌਲੁਸ ਰਸੂਲ ਨੇ ਸ਼ਤਾਨ ਦੇ ਕਿਸ ਖ਼ਾਸ ਜਤਨ ਵੱਲ ਸਾਡਾ ਧਿਆਨ ਖਿੱਚਿਆ ਸੀ?

11 ਸ਼ਤਾਨ ਜਾਣਦਾ ਹੈ ਕਿ ਉਸ ਦਾ ਅੰਤ ਨੇੜੇ ਹੈ, ਇਸ ਲਈ 1914 ਤੋਂ ਉਹ ‘ਸਾਰੇ ਜਗਤ ਨੂੰ ਭਰਮਾਉਣ’ ਲਈ ਆਪਣਾ ਪੂਰਾ ਜ਼ੋਰ ਲਾ ਰਿਹਾ ਹੈ। ਸ਼ਤਾਨ ਧੋਖੇਬਾਜ਼ ਹੈ ਅਤੇ ਰੰਗ-ਮੰਚ ਪਿੱਛੇ ਚੋਰੀ-ਛੁਪੇ ਕੰਮ ਕਰਦਾ ਹੈ। ਉਹ ਦੁਨੀਆਂ ਦੇ ਲੀਡਰਾਂ ਅਤੇ ਮਸ਼ਹੂਰ ਹਸਤੀਆਂ ਨੂੰ ਐਕਟਰਾਂ ਵਜੋਂ ਇਸਤੇਮਾਲ ਕਰਦਾ ਹੈ। (2 ਤਿਮੋਥਿਉਸ 3:13; 1 ਯੂਹੰਨਾ 5:19) ਉਹ ਲੋਕਾਂ ਨੂੰ ਇਸ ਧੋਖੇ ਵਿਚ ਰੱਖਣਾ ਚਾਹੁੰਦਾ ਹੈ ਕਿ ਇਨਸਾਨਾਂ ਦੀਆਂ ਸਰਕਾਰਾਂ ਅਮਨ-ਚੈਨ ਲਿਆ ਸਕਦੀਆਂ ਹਨ। ਲੋਕ ਵੀ ਉਸ ਦੀਆਂ ਗੱਲਾਂ ਵਿਚ ਫਸ ਗਏ ਹਨ ਅਤੇ ਉਹ ਸਮਝਦੇ ਹਨ ਕਿ ਦੁਨੀਆਂ ਭਾਵੇਂ ਜਿੰਨੀ ਮਰਜ਼ੀ ਬੁਰੀ ਹੁੰਦੀ ਜਾਵੇ, ਫਿਰ ਵੀ ਸ਼ਾਂਤੀ ਜ਼ਰੂਰ ਕਾਇਮ ਹੋਵੇਗੀ। ਪੌਲੁਸ ਰਸੂਲ ਨੇ ਭਵਿੱਖਬਾਣੀ ਕੀਤੀ ਸੀ ਕਿ ਇਸ ਦੁਨੀਆਂ ਦੇ ਨਾਸ਼ ਤੋਂ ਪਹਿਲਾਂ ਸ਼ਤਾਨ ਇਕ ਝੂਠੀ ਅਫ਼ਵਾਹ ਫੈਲਾਵੇਗਾ। ਉਸ ਨੇ ਲਿਖਿਆ: “ਜਦ ਲੋਕ ਆਖਦੇ ਹੋਣਗੇ ਭਈ ਅਮਨ ਚੈਨ ਅਤੇ ਸੁਖ ਸਾਂਦ ਹੈ ਤਦ ਜਿਵੇਂ ਗਰਭਵੰਤੀ ਇਸਤ੍ਰੀ ਨੂੰ ਪੀੜਾਂ ਲੱਗਦੀਆਂ ਹਨ ਤਿਵੇਂ ਉਨ੍ਹਾਂ ਦਾ ਅਚਾਣਕ ਨਾਸ ਹੋ ਜਾਵੇਗਾ ਅਤੇ ਓਹ ਕਦੀ ਨਾ ਬਚਣਗੇ।”—1 ਥੱਸਲੁਨੀਕੀਆਂ 5:3; ਪਰਕਾਸ਼ ਦੀ ਪੋਥੀ 16:13.

12. ਸਾਡੇ ਸਮੇਂ ਵਿਚ ਸ਼ਾਂਤੀ ਲਿਆਉਣ ਲਈ ਕਿਹੋ ਜਿਹੇ ਜਤਨ ਕੀਤੇ ਗਏ ਹਨ?

12 ਹਾਲ ਹੀ ਦੇ ਸਾਲਾਂ ਵਿਚ ਨੇਤਾਵਾਂ ਨੇ ਆਪਣੀਆਂ ਵੱਖੋ-ਵੱਖਰੀਆਂ ਸਕੀਮਾਂ ਬਾਰੇ ਦੱਸਦਿਆਂ “ਅਮਨ ਚੈਨ ਅਤੇ ਸੁਖ ਸਾਂਦ” ਵਰਗੇ ਸ਼ਬਦ ਵਰਤੇ ਹਨ। ਉਨ੍ਹਾਂ ਨੇ 1986 ਨੂੰ ਅੰਤਰਰਾਸ਼ਟਰੀ ਸ਼ਾਂਤੀ ਦਾ ਸਾਲ ਐਲਾਨਿਆ ਸੀ, ਪਰ ਅਸੀਂ ਜਾਣਦੇ ਹਾਂ ਕਿ ਇਹ ਸਿਰਫ਼ ਨਾਂ ਬਣ ਕੇ ਹੀ ਰਹਿ ਗਿਆ। ਕੀ ਦੁਨੀਆਂ ਦੇ ਲੀਡਰਾਂ ਦੇ ਅਜਿਹੇ ਜਤਨ 1 ਥੱਸਲੁਨੀਕੀਆਂ 5:3 ਦੇ ਸ਼ਬਦਾਂ ਦੀ ਪੂਰਤੀ ਹੈ ਜਾਂ ਕੀ ਪੌਲੁਸ ਕਿਸੇ ਅਜਿਹੀ ਖ਼ਾਸ ਘਟਨਾ ਬਾਰੇ ਗੱਲ ਕਰ ਰਿਹਾ ਸੀ ਜੋ ਪੂਰੀ ਦੁਨੀਆਂ ਦਾ ਧਿਆਨ ਖਿੱਚ ਲਵੇਗੀ?

13. ਲੋਕ ਜਦੋਂ ਕਹਿੰਦੇ ਹੋਣਗੇ ਕਿ “ਅਮਨ ਚੈਨ ਅਤੇ ਸੁਖ ਸਾਂਦ” ਹੈ, ਉਸ ਤੋਂ ਬਾਅਦ ਪੌਲੁਸ ਨੇ ਅਚਾਨਕ ਨਾਸ਼ ਹੋਣ ਦੀ ਤੁਲਨਾ ਕਿਸ ਚੀਜ਼ ਨਾਲ ਕੀਤੀ ਅਤੇ ਅਸੀਂ ਇਸ ਤੋਂ ਕੀ ਸਿੱਖਦੇ ਹਾਂ?

13 ਅਸੀਂ ਬਾਈਬਲ ਦੀਆਂ ਭਵਿੱਖਬਾਣੀਆਂ ਦੀ ਪੂਰਤੀ ਹੋਣ ਤੋਂ ਬਾਅਦ ਜਾਂ ਪੂਰਤੀ ਵੇਲੇ ਹੀ ਉਨ੍ਹਾਂ ਨੂੰ ਪੂਰੀ ਤਰ੍ਹਾਂ ਸਮਝਦੇ ਹਾਂ, ਇਸ ਲਈ ਸਾਨੂੰ ਉਡੀਕ ਕਰ ਕੇ ਦੇਖਣਾ ਪਵੇਗਾ ਕਿ ਇਹ ਭਵਿੱਖਬਾਣੀ ਕਿਵੇਂ ਪੂਰੀ ਹੋਵੇਗੀ। ਪੌਲੁਸ ਨੇ ਕਿਹਾ ਸੀ ਕਿ ਜਦੋਂ ਲੋਕ ਕਹਿੰਦੇ ਹੋਣਗੇ ਕਿ “ਅਮਨ ਚੈਨ ਅਤੇ ਸੁਖ ਸਾਂਦ” ਹੈ, ਉਸ ਤੋਂ ਬਾਅਦ ਅਚਾਨਕ ਨਾਸ਼ ਆ ਜਾਵੇਗਾ। ਪਰ ਦਿਲਚਸਪੀ ਦੀ ਗੱਲ ਹੈ ਕਿ ਪੌਲੁਸ ਨੇ ਅਚਾਨਕ ਨਾਸ਼ ਹੋਣ ਦੀ ਤੁਲਨਾ ਇਕ ਗਰਭਵਤੀ ਔਰਤ ਦੀਆਂ ਪੀੜਾਂ ਨਾਲ ਕੀਤੀ ਸੀ। ਮਾਂ ਬਣਨ ਵਾਲੀ ਇਕ ਔਰਤ ਨੌਂ ਮਹੀਨਿਆਂ ਦੌਰਾਨ ਪੂਰੀ ਤਰ੍ਹਾਂ ਸਚੇਤ ਹੁੰਦੀ ਹੈ ਕਿ ਉਸ ਦੇ ਅੰਦਰ ਬੱਚਾ ਵਧ-ਫੁੱਲ ਰਿਹਾ ਹੈ। ਉਹ ਸ਼ਾਇਦ ਆਪਣੇ ਬੱਚੇ ਦੇ ਦਿਲ ਦੀ ਧੜਕਣ ਸੁਣ ਸਕਦੀ ਹੈ ਜਾਂ ਢਿੱਡ ਵਿਚ ਉਸ ਨੂੰ ਹਿਲਦਾ ਮਹਿਸੂਸ ਕਰਦੀ ਹੈ। ਬੱਚਾ ਸ਼ਾਇਦ ਉਸ ਨੂੰ ਲੱਤ ਵੀ ਮਾਰੇ। ਜਿੱਦਾਂ-ਜਿੱਦਾਂ ਸਮਾਂ ਬੀਤਦਾ ਜਾਂਦਾ ਹੈ, ਉਹ ਇਨ੍ਹਾਂ ਨਿਸ਼ਾਨੀਆਂ ਨੂੰ ਹੋਰ ਜ਼ਿਆਦਾ ਮਹਿਸੂਸ ਕਰਦੀ ਹੈ ਅਤੇ ਇਕ ਦਿਨ ਉਸ ਨੂੰ ਅਜਿਹੀ ਜ਼ੋਰਾਂ ਦੀ ਪੀੜ ਲੱਗਦੀ ਹੈ ਜਿਸ ਤੋਂ ਉਹ ਜਾਣ ਲੈਂਦੀ ਹੈ ਕਿ ਬੱਚੇ ਨੂੰ ਜਨਮ ਦੇਣ ਦਾ ਸਮਾਂ ਆ ਗਿਆ ਹੈ। ਇਸੇ ਤਰ੍ਹਾਂ, “ਅਮਨ ਚੈਨ ਅਤੇ ਸੁਖ ਸਾਂਦ” ਦੀ ਭਵਿੱਖਬਾਣੀ ਜਿੱਦਾਂ ਮਰਜ਼ੀ ਪੂਰੀ ਹੋਵੇ, ਪਰ ਇਸ ਤੋਂ ਬਾਅਦ ਅਚਾਨਕ ਹੀ ਇਸ ਦੁਸ਼ਟ ਦੁਨੀਆਂ ਦਾ ਨਾਸ਼ ਹੋ ਜਾਵੇਗਾ। ਉਸ ਨਾਸ਼ ਦੀ ਦੁਖਦਾਈ ਘੜੀ ਤੋਂ ਬਾਅਦ ਖ਼ੁਸ਼ੀਆਂ ਦੀ ਘੜੀ ਆਵੇਗੀ ਜਦੋਂ ਧਰਤੀ ਉੱਤੇ ਇਕ ਨਵਾਂ ਸੰਸਾਰ ਹੋਵੇਗਾ।

14. ਭਵਿੱਖ ਵਿਚ ਹੋਣ ਵਾਲੀਆਂ ਘਟਨਾਵਾਂ ਕਿਸ ਤਰਤੀਬ ਨਾਲ ਵਾਪਰਨਗੀਆਂ ਅਤੇ ਅਖ਼ੀਰ ਵਿਚ ਕੀ ਹੋਵੇਗਾ?

14 ਦਰਸ਼ਕ ਯਾਨੀ ਵਫ਼ਾਦਾਰ ਮਸੀਹੀ ਇਹ ਆ ਰਹੀ ਤਬਾਹੀ ਦੇਖ ਕੇ ਅਚੰਭੇ ਵਿਚ ਪੈ ਜਾਣਗੇ। ਪਹਿਲਾ, ਧਰਤੀ ਦੇ ਰਾਜੇ (ਸ਼ਤਾਨ ਦੀ ਦੁਨੀਆਂ ਦਾ ਰਾਜਨੀਤਿਕ ਹਿੱਸਾ) ਵੱਡੀ ਬਾਬੁਲ (ਦੁਨੀਆਂ ਦੇ ਮਜ਼ਹਬ) ਉੱਤੇ ਹਮਲਾ ਕਰਨਗੇ ਅਤੇ ਉਸ ਨੂੰ ਤਬਾਹ ਕਰ ਦੇਣਗੇ। (ਪਰਕਾਸ਼ ਦੀ ਪੋਥੀ 17:1, 15-18) ਫਿਰ ਇਸ ਕਹਾਣੀ ਵਿਚ ਇਕ ਨਵਾਂ ਮੋੜ ਆਵੇਗਾ। ਸ਼ਤਾਨ ਦੇ ਰਾਜ ਵਿਚ ਫੁੱਟ ਪੈ ਜਾਵੇਗੀ ਤੇ ਇਕ ਹਿੱਸਾ ਦੂਜੇ ਦੇ ਖ਼ਿਲਾਫ਼ ਕਦਮ ਚੁੱਕੇਗਾ ਅਤੇ ਸ਼ਤਾਨ ਇਸ ਨੂੰ ਰੋਕਣ ਲਈ ਕੁਝ ਨਹੀਂ ਕਰ ਸਕੇਗਾ। (ਮੱਤੀ 12:25, 26) ਯਹੋਵਾਹ ਧਰਤੀ ਦੇ ਰਾਜਿਆਂ ਦੇ ਦਿਲ ਵਿਚ ਇਹ ਪਾਵੇਗਾ ਕਿ ਉਹ ‘ਓਸ ਦੀ ਮਨਸ਼ਾ ਪੂਰੀ ਕਰਨ’ ਯਾਨੀ ਧਰਤੀ ਤੋਂ ਝੂਠੇ ਮਜ਼ਹਬ ਖ਼ਤਮ ਕਰਨ। ਜਦ ਝੂਠੇ ਮਜ਼ਹਬ ਖ਼ਤਮ ਹੋ ਜਾਣਗੇ, ਤਾਂ ਯਿਸੂ ਮਸੀਹ ਆਪਣੇ ਸਵਰਗੀ ਦੂਤਾਂ ਨਾਲ ਆਵੇਗਾ ਤੇ ਸ਼ਤਾਨ ਦੀ ਬਾਕੀ ਦੁਨੀਆਂ ਦਾ ਅੰਤ ਕਰ ਦੇਵੇਗਾ। ਸੋ ਨਾ ਹੀ ਵਪਾਰਕ ਹਿੱਸਾ ਤੇ ਨਾ ਹੀ ਰਾਜਨੀਤੀ ਬਚੇਗੀ। ਅਖ਼ੀਰ ਵਿਚ ਸ਼ਤਾਨ ਨੂੰ ਫੜਿਆ ਜਾਵੇਗਾ। ਇਸ ਦੇ ਨਾਲ ਹੀ ਰੰਗ-ਮੰਚ ਦਾ ਪਰਦਾ ਗਿਰਾਇਆ ਜਾਵੇਗਾ ਅਤੇ ਇਹ ਦੇਰ ਤੋਂ ਚੱਲਦਾ ਆ ਰਿਹਾ ਨਾਟਕ ਖ਼ਤਮ ਹੋ ਜਾਵੇਗਾ।—ਪਰਕਾਸ਼ ਦੀ ਪੋਥੀ 16:14-16; 19:11-21; 20:1-3.

15, 16. ਸਾਡੀ ਜ਼ਿੰਦਗੀ ਤੇ ਇਸ ਗੱਲ ਦਾ ਕੀ ਅਸਰ ਹੋਣਾ ਚਾਹੀਦਾ ਹੈ ਕਿ “ਸਮਾ ਘਟਾਇਆ ਗਿਆ ਹੈ”?

15 ਇਹ ਸਾਰੀਆਂ ਗੱਲਾਂ ਕਦੋਂ ਹੋਣਗੀਆਂ? ਅਸੀਂ ਉਸ ਦਿਨ ਅਤੇ ਘੜੀ ਨੂੰ ਨਹੀਂ ਜਾਣਦੇ। (ਮੱਤੀ 24:36) ਪਰ ਅਸੀਂ ਇੰਨਾ ਜਾਣਦੇ ਹਾਂ ਕਿ “ਸਮਾ ਘਟਾਇਆ ਗਿਆ ਹੈ।” (1 ਕੁਰਿੰਥੀਆਂ 7:29) ਇਸ ਲਈ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਬਾਕੀ ਰਹਿੰਦੇ ਸਮੇਂ ਨੂੰ ਸਮਝਦਾਰੀ ਨਾਲ ਇਸਤੇਮਾਲ ਕਰੀਏ। ਉਹ ਕਿਸ ਤਰ੍ਹਾਂ? ਜਿਵੇਂ ਪੌਲੁਸ ਰਸੂਲ ਨੇ ਸਮਝਾਇਆ ਸੀ ਕਿ ਸਾਨੂੰ “ਸਮੇਂ ਨੂੰ ਲਾਭਦਾਇਕ” ਕਰਨ ਦੀ ਲੋੜ ਹੈ, ਮਤਲਬ ਸਾਨੂੰ ਗ਼ੈਰ-ਜ਼ਰੂਰੀ ਕੰਮਾਂ ਦੀ ਬਜਾਇ ਜ਼ਰੂਰੀ ਕੰਮਾਂ ਲਈ ਸਮਾਂ ਕੱਢਣਾ ਚਾਹੀਦਾ ਹੈ। ਕਿਉਂ? “ਇਸ ਲਈ ਜੋ ਦਿਨ ਬੁਰੇ ਹਨ।” ਜੇ ਅਸੀਂ ‘ਸਮਝੀਏ ਭਈ ਯਹੋਵਾਹ ਦੀ ਕੀ ਇੱਛਿਆ ਹੈ,’ ਤਾਂ ਅਸੀਂ ਬਾਕੀ ਰਹਿੰਦੇ ਥੋੜ੍ਹੇ ਸਮੇਂ ਨੂੰ ਬਰਬਾਦ ਨਹੀਂ ਕਰਾਂਗੇ।—ਅਫ਼ਸੀਆਂ 5:15-17; 1 ਪਤਰਸ 4:1-4.

16 ਸਾਡੇ ਉੱਤੇ ਇਸ ਗੱਲ ਦਾ ਕੀ ਅਸਰ ਹੋਣਾ ਚਾਹੀਦਾ ਹੈ ਕਿ ਪੂਰੀ ਦੁਨੀਆਂ ਦਾ ਅੰਤ ਹੋਣ ਵਾਲਾ ਹੈ? ਪਤਰਸ ਰਸੂਲ ਨੇ ਸਾਨੂੰ ਵਧੀਆ ਸਲਾਹ ਦਿੱਤੀ: “ਜਦੋਂ ਏਹ ਸੱਭੇ ਵਸਤਾਂ ਇਉਂ ਢਲ ਜਾਣ ਵਾਲੀਆਂ ਹਨ ਤਾਂ ਤੁਹਾਨੂੰ ਹਰ ਪਰਕਾਰ ਦੇ ਪਵਿੱਤਰ ਚਲਣ ਅਤੇ ਭਗਤੀ ਵਿੱਚ ਕੇਹੋ ਜੇਹੇ ਹੋਣਾ ਚਾਹੀਦਾ ਹੈ?” (2 ਪਤਰਸ 3:11) ਪਤਰਸ ਦੀ ਚੰਗੀ ਸਲਾਹ ਅਨੁਸਾਰ ਸਾਨੂੰ ਦੋ ਗੱਲਾਂ ਵੱਲ ਧਿਆਨ ਦੇਣਾ ਚਾਹੀਦਾ ਹੈ। (1) ਸਾਡਾ ਚਾਲ-ਚਲਣ ਪਵਿੱਤਰ ਹੋਣਾ ਚਾਹੀਦਾ ਹੈ ਅਤੇ (2) ਸਾਨੂੰ ਯਹੋਵਾਹ ਦੀ ਭਗਤੀ ਹਮੇਸ਼ਾ ਸੱਚੇ ਦਿਲੋਂ ਕਰਨੀ ਚਾਹੀਦੀ ਹੈ ਕਿਉਂਕਿ ਅਸੀਂ ਉਸ ਨਾਲ ਪਿਆਰ ਕਰਦੇ ਹਾਂ।

17. ਵਫ਼ਾਦਾਰ ਮਸੀਹੀਆਂ ਨੂੰ ਸ਼ਤਾਨ ਦੇ ਕਿਨ੍ਹਾਂ ਫੰਦਿਆਂ ਤੋਂ ਖ਼ਬਰਦਾਰ ਰਹਿਣਾ ਚਾਹੀਦਾ ਹੈ?

17 ਜੇ ਅਸੀਂ ਪਰਮੇਸ਼ੁਰ ਨੂੰ ਪਿਆਰ ਕਰਦੇ ਹਾਂ, ਤਾਂ ਅਸੀਂ ਦੁਨੀਆਂ ਵੱਲ ਖਿੱਚੇ ਨਹੀਂ ਜਾਵਾਂਗੇ। ਸਾਨੂੰ ਪਤਾ ਹੈ ਕਿ ਇਸ ਦੁਨੀਆਂ ਦਾ ਕੀ ਹੋਣ ਵਾਲਾ ਹੈ, ਇਸ ਲਈ ਉਸ ਦੀ ਚਮਕ-ਦਮਕ ਅਤੇ ਮੌਜ-ਮਸਤੀ ਵੱਲ ਲੁਭਾਏ ਜਾਣਾ ਸਾਡੇ ਲਈ ਖ਼ਤਰਨਾਕ ਹੈ। ਭਾਵੇਂ ਕਿ ਅਸੀਂ ਇਸ ਦੁਨੀਆਂ ਵਿਚ ਰਹਿੰਦੇ ਹਾਂ ਅਤੇ ਕੰਮ ਕਰਦੇ ਹਾਂ, ਫਿਰ ਵੀ ਸਾਨੂੰ ਇਹ ਸਲਾਹ ਲਾਗੂ ਕਰਨੀ ਚਾਹੀਦੀ ਹੈ ਕਿ ਅਸੀਂ ਸੰਸਾਰ ਨੂੰ ਹੱਦੋਂ ਵੱਧ ਨਾ ਵਰਤੀਏ। (1 ਕੁਰਿੰਥੀਆਂ 7:31) ਦਰਅਸਲ, ਸਾਨੂੰ ਦੁਨੀਆਂ ਦੀਆਂ ਗੱਲਾਂ ਵਿਚ ਫਸਣ ਤੋਂ ਬਚਣ ਲਈ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਹ ਦੁਨੀਆਂ ਆਪਣੇ ਮਸਲਿਆਂ ਦਾ ਹੱਲ ਨਹੀਂ ਕਰ ਸਕਦੀ ਅਤੇ ਨਾ ਹੀ ਇਹ ਹਮੇਸ਼ਾ ਲਈ ਚੱਲਦੀ ਰਹੇਗੀ। ਅਸੀਂ ਇਹ ਭਰੋਸੇ ਨਾਲ ਕਿਉਂ ਕਹਿ ਸਕਦੇ ਹਾਂ? ਕਿਉਂਕਿ ਪਰਮੇਸ਼ੁਰ ਦਾ ਬਚਨ ਕਹਿੰਦਾ ਹੈ: “ਸੰਸਾਰ ਨਾਲੇ ਉਹ ਦੀ ਕਾਮਨਾ ਬੀਤਦੀ ਜਾਂਦੀ ਹੈ ਪਰ ਜਿਹੜਾ ਪਰਮੇਸ਼ੁਰ ਦੀ ਇੱਛਿਆ ਉੱਤੇ ਚੱਲਦਾ ਹੈ ਉਹ ਸਦਾ ਤੀਕ ਕਾਇਮ ਰਹਿੰਦਾ ਹੈ।”—1 ਯੂਹੰਨਾ 2:17.

ਵਧੀਆ ਸੀਨ ਤਾਂ ਅਜੇ ਆਉਣ ਵਾਲਾ ਹੈ!

18, 19. ਨਵੇਂ ਸੰਸਾਰ ਵਿਚ ਤੁਸੀਂ ਕਿਹੜੀਆਂ ਤਬਦੀਲੀਆਂ ਦੇਖਣੀਆਂ ਚਾਹੁੰਦੇ ਹੋ ਅਤੇ ਇਹ ਤਬਦੀਲੀਆਂ ਦੇਖ ਕੇ ਤੁਹਾਨੂੰ ਕਿੱਦਾਂ ਲੱਗੇਗਾ?

18 ਯਹੋਵਾਹ ਬਹੁਤ ਜਲਦੀ ਸ਼ਤਾਨ ਅਤੇ ਉਸ ਦੇ ਲੋਕਾਂ ਉੱਤੇ ਪਰਦਾ ਡੇਗ ਦੇਵੇਗਾ। ਇਸ ਤੋਂ ਬਾਅਦ ਪਰਮੇਸ਼ੁਰ ਦੀ ਬਰਕਤ ਨਾਲ ਇਸ ਦੁਨੀਆਂ ਦੀ ਤਬਾਹੀ ਵਿੱਚੋਂ ਬਚਣ ਵਾਲੇ ਵਫ਼ਾਦਾਰ ਲੋਕ ਵੱਡੀਆਂ ਤਬਦੀਲੀਆਂ ਲਿਆਉਣੀਆਂ ਸ਼ੁਰੂ ਕਰਨਗੇ ਜੋ ਹਮੇਸ਼ਾ ਲਈ ਕਾਇਮ ਰਹਿਣਗੀਆਂ। ਲੜਾਈਆਂ ਨਹੀਂ ਹੋਣਗੀਆਂ ਕਿਉਂਕਿ ਪਰਮੇਸ਼ੁਰ ‘ਲੜਾਈਆਂ ਨੂੰ ਮੁਕਾ ਦੇਵੇਗਾ।’ (ਜ਼ਬੂਰਾਂ ਦੀ ਪੋਥੀ 46:9) ਕਾਲ ਦੀ ਥਾਂ ‘ਧਰਤੀ ਉੱਤੇ ਬਹੁਤਾ ਅੰਨ ਹੋਵੇਗਾ।’ (ਜ਼ਬੂਰਾਂ ਦੀ ਪੋਥੀ 72:16) ਕੈਦਖ਼ਾਨੇ, ਪੁਲਸ ਸਟੇਸ਼ਨ, ਨਾਜਾਇਜ਼ ਲਿੰਗੀ ਸੰਬੰਧਾਂ ਕਾਰਨ ਲੱਗਣ ਵਾਲੇ ਰੋਗ, ਡ੍ਰੱਗਜ਼ ਵੇਚਣ ਵਾਲੇ, ਤਲਾਕ ਦਿਵਾਉਣ ਵਾਲੀਆਂ ਅਦਾਲਤਾਂ, ਦਿਵਾਲਾ ਕੱਢਣ ਵਾਲੀਆਂ ਕਾਨੂੰਨੀ ਕਾਰਵਾਈਆਂ ਅਤੇ ਆਤੰਕਵਾਦ ਵਰਗੀਆਂ ਚੀਜ਼ਾਂ ਨਹੀਂ ਹੋਣਗੀਆਂ।—ਜ਼ਬੂਰਾਂ ਦੀ ਪੋਥੀ 37:29; ਯਸਾਯਾਹ 33:24; ਪਰਕਾਸ਼ ਦੀ ਪੋਥੀ 21:3-5.

19 ਕਬਰਸਤਾਨ ਖਾਲੀ ਕੀਤੇ ਜਾਣਗੇ ਤੇ ਦੁਬਾਰਾ ਜੀਉਂਦੇ ਕੀਤੇ ਗਏ ਕਰੋੜਾਂ ਲੋਕ ਯਾਨੀ ਹੋਰ ਐਕਟਰ ਰੰਗ-ਮੰਚ ਰੂਪੀ ਧਰਤੀ ਉੱਤੇ ਵਾਪਸ ਆਉਣਗੇ। ਕਿੰਨੀ ਖ਼ੁਸ਼ੀ ਹੋਵੇਗੀ ਜਦੋਂ ਇਕ ਪੀੜ੍ਹੀ ਦੇ ਲੋਕ ਦੂਜੀ ਪੀੜ੍ਹੀ ਦੇ ਲੋਕਾਂ ਨੂੰ ਮਿਲਣਗੇ ਅਤੇ ਚਿਰਾਂ ਤੋਂ ਵਿਛੜੇ ਸਾਕ-ਸੰਬੰਧੀ ਇਕ-ਦੂਜੇ ਨੂੰ ਘੁੱਟ ਕੇ ਕਲਾਵੇ ਵਿਚ ਲੈਣਗੇ! ਅਖ਼ੀਰ ਵਿਚ ਸਾਰੇ ਇਨਸਾਨ ਯਹੋਵਾਹ ਦੀ ਭਗਤੀ ਕਰਦੇ ਹੋਣਗੇ। (ਪਰਕਾਸ਼ ਦੀ ਪੋਥੀ 5:13) ਜਦੋਂ ਇਹ ਤਬਦੀਲੀਆਂ ਹੋ ਜਾਣਗੀਆਂ, ਤਾਂ ਪਰਦਾ ਉਠਾਇਆ ਜਾਵੇਗਾ ਅਤੇ ਪੂਰੀ ਧਰਤੀ ਸੁੰਦਰ ਬਣੀ ਹੋਵੇਗੀ। ਇਹ ਸੀਨ ਦੇਖ ਕੇ ਤੁਹਾਨੂੰ ਕਿੱਦਾਂ ਲੱਗੇਗਾ? ਤੁਸੀਂ ਖ਼ੁਸ਼ੀ ਨਾਲ ਝੂਮ ਉੱਠੋਗੇ ਤੇ ਕਹੋਗੇ, ‘ਜਿਸ ਦਿਨ ਦਾ ਮੈਨੂੰ ਇੰਤਜ਼ਾਰ ਸੀ, ਉਹ ਦਿਨ ਆਖ਼ਰ ਆ ਹੀ ਗਿਆ!’

[ਫੁਟਨੋਟ]

^ ਪੈਰਾ 4 ਇਕ ਵੱਖਰੇ ਅਰਥ ਵਿਚ ਪੌਲੁਸ ਨੇ ਮਸਹ ਕੀਤੇ ਹੋਏ ਮਸੀਹੀਆਂ ਬਾਰੇ ਕਿਹਾ ਸੀ ਕਿ ਉਹ “ਜਗਤ ਅਤੇ ਦੂਤਾਂ ਅਤੇ ਮਨੁੱਖਾਂ ਦੇ ਲਈ ਇੱਕ ਤਮਾਸ਼ਾ” ਬਣੇ ਹੋਏ ਹਨ।—1 ਕੁਰਿੰਥੀਆਂ 4:9.

^ ਪੈਰਾ 4 ਮਿਸਾਲ ਲਈ, ਦਾਨੀਏਲ 11:40, 44, 45 ਵਿਚ ਜ਼ਿਕਰ ਕੀਤੇ ਗਏ ‘ਉੱਤਰ ਦੇ ਰਾਜੇ’ ਦੀ ਪਛਾਣ ਬਾਰੇ ਦਾਨੀਏਲ ਦੀ ਭਵਿੱਖਬਾਣੀ ਵੱਲ ਧਿਆਨ ਦਿਓ! ਪੁਸਤਕ ਦੇ ਸਫ਼ੇ 280-281 ਦੇਖੋ।

^ ਪੈਰਾ 6 ਬਾਈਬਲ ਵਿਚ ਲਿਖਿਆ ਗਿਆ ਹੈ ਕਿ ਯਰੂਸ਼ਲਮ ਦੇ ਨਾਸ਼ ਤੋਂ 70 ਸਾਲ ਬਾਅਦ ਗ਼ੁਲਾਮ ਯਹੂਦੀਆਂ ਨੇ 537 ਸਾ.ਯੁ.ਪੂ. ਵਿਚ ਯਰੂਸ਼ਲਮ ਵਾਪਸ ਆਉਣਾ ਸੀ। (ਯਿਰਮਿਯਾਹ 25:11, 12; ਦਾਨੀਏਲ 9:1-3) “ਪਰਾਈਆਂ ਕੌਮਾਂ ਦੇ ਸਮੇ” ਬਾਰੇ ਹੋਰ ਜਾਣਕਾਰੀ ਲੈਣ ਲਈ ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ ਪੁਸਤਕ ਦੇ 95ਵੇਂ ਤੋਂ 97ਵੇਂ ਸਫ਼ੇ ਦੇਖੋ ਜੋ ਯਹੋਵਾਹ ਦੇ ਗਵਾਹਾਂ ਦੁਆਰਾ ਪ੍ਰਕਾਸ਼ਿਤ ਕੀਤੀ ਗਈ ਹੈ।

ਤੁਸੀਂ ਕਿਸ ਤਰ੍ਹਾਂ ਜਵਾਬ ਦਿਓਗੇ?

• ਪੌਲੁਸ ਰਸੂਲ ਦੇ ਸ਼ਬਦ ਕਿ “ਸੰਸਾਰ ਦਾ ਰੰਗ ਢੰਗ ਬੀਤਦਾ ਜਾਂਦਾ ਹੈ” ਸਾਡੇ ਜ਼ਮਾਨੇ ਵਿਚ ਕਿਵੇਂ ਸੱਚੇ ਸਾਬਤ ਹੋਏ ਹਨ?

• ਬਾਈਬਲ ਵਿਚ ਦੱਸੀਆਂ ਘਟਨਾਵਾਂ ਤੇ ਤਾਰੀਖ਼ਾਂ ਤੋਂ ਸਾਨੂੰ ਕਿੱਦਾਂ ਪਤਾ ਲੱਗਦਾ ਹੈ ਕਿ “ਪਰਾਈਆਂ ਕੌਮਾਂ ਦੇ ਸਮੇ” ਕਦੋਂ ਖ਼ਤਮ ਹੋਏ ਸਨ?

• ਦੁਨੀਆਂ ਦੀ ਵਿਗੜਦੀ ਜਾ ਰਹੀ ਹਾਲਤ ਤੋਂ ਸਾਨੂੰ ਕਿਵੇਂ ਸਬੂਤ ਮਿਲਦਾ ਹੈ ਕਿ 1914 ਵਿਚ ‘ਓੜਕ ਦਾ ਵੇਲਾ’ ਸ਼ੁਰੂ ਹੋਇਆ ਸੀ?

• ਸਾਡੇ ਉੱਤੇ ਇਸ ਗੱਲ ਦਾ ਕੀ ਅਸਰ ਹੋਣਾ ਚਾਹੀਦਾ ਹੈ ਕਿ “ਸਮਾ ਘਟਾਇਆ ਗਿਆ ਹੈ”?

[ਸਵਾਲ]

[ਸਫ਼ੇ 20 ਉੱਤੇ ਤਸਵੀਰ]

ਆਖ਼ਰ ਭੇਦ ਖੁੱਲ੍ਹ ਹੀ ਗਿਆ!