“ਆਪਣੇ ਦਿਲ ਦੀ ਵੱਡੀ ਚੌਕਸੀ ਕਰੋ ਅਤੇ ਸ਼ੁੱਧ ਰਹੋ”
“ਆਪਣੇ ਦਿਲ ਦੀ ਵੱਡੀ ਚੌਕਸੀ ਕਰੋ ਅਤੇ ਸ਼ੁੱਧ ਰਹੋ”
“ਆਪਣੇ ਮਨ ਦੀ ਵੱਡੀ ਚੌਕਸੀ ਕਰ, ਕਿਉਂ ਜੋ ਜੀਉਣ ਦੀਆਂ ਧਾਰਾਂ ਓਸੇ ਤੋਂ ਨਿੱਕਲਦੀਆਂ ਹਨ!”—ਕਹਾਉਤਾਂ 4:23.
1-3. (ੳ) ਲੋਕਾਂ ਦੇ ਕਿਹੋ-ਜਿਹੇ ਕੰਮਾਂ ਤੋਂ ਪਤਾ ਲੱਗਦਾ ਹੈ ਕਿ ਉਹ ਨੈਤਿਕ ਸ਼ੁੱਧਤਾ ਦੀ ਬਿਲਕੁਲ ਕਦਰ ਨਹੀਂ ਕਰਦੇ? ਉਦਾਹਰਣ ਦੇ ਕੇ ਸਮਝਾਓ। (ਅ) ਨੈਤਿਕ ਸ਼ੁੱਧਤਾ ਦੀ ਅਹਿਮੀਅਤ ਉੱਤੇ ਵਿਚਾਰ ਕਰਨਾ ਕਿਉਂ ਜ਼ਰੂਰੀ ਹੈ?
ਆਲੀਸ਼ਾਨ ਘਰ ਵਿਚ ਲੱਗੀ ਉਹ ਪੁਰਾਣੀ ਜਿਹੀ ਪੇਂਟਿੰਗ ਬਿਲਕੁਲ ਹੀ ਨਹੀਂ ਫੱਬਦੀ ਸੀ। ਇਸ ਦੇ ਮਾਲਕ ਲਈ ਇਹ ਪੇਂਟਿੰਗ ਕਿਸੇ ਕੰਮ ਦੀ ਵੀ ਨਹੀਂ ਸੀ। ਉਸ ਨੇ ਇਕ ਖੈਰਾਤੀ ਸੰਸਥਾ ਲਈ ਦਾਨ ਇਕੱਠਾ ਕਰਨ ਵਾਸਤੇ ਪੁਰਾਣੀਆਂ ਚੀਜ਼ਾਂ ਦੀ ਸੇਲ ਵਿਚ ਇਸ ਨੂੰ ਵੀ ਰੱਖ ਦਿੱਤਾ ਅਤੇ ਇਸ ਦੀ ਕੀਮਤ ਰੱਖੀ ਸਿਰਫ਼ 1,400 ਰੁਪਏ। ਕੁਝ ਸਾਲਾਂ ਬਾਅਦ ਇਸੇ ਪੇਂਟਿੰਗ ਦੀ ਕੀਮਤ ਲਾਈ ਗਈ ਲਗਭਗ 5 ਕਰੋੜ ਰੁਪਏ! ਜੀ ਹਾਂ, ਇਹ ਪੇਂਟਿੰਗ ਕਲਾ ਦਾ ਬੇਜੋੜ ਨਮੂਨਾ ਨਿਕਲੀ। ਜ਼ਰਾ ਸੋਚੋ ਕਿ ਇਸ ਦੇ ਪੁਰਾਣੇ ਮਾਲਕ ਤੇ ਕੀ ਬੀਤੀ ਹੋਵੇਗੀ ਜਿਸ ਨੇ ਇਸ ਕੀਮਤੀ ਚੀਜ਼ ਦੀ ਜ਼ਰਾ ਵੀ ਕਦਰ ਨਹੀਂ ਕੀਤੀ!
2 ਇਨਸਾਨ ਦੀ ਨੈਤਿਕ ਸ਼ੁੱਧਤਾ ਜਾਂ ਪਵਿੱਤਰਤਾ ਨਾਲ ਵੀ ਅੱਜ ਇਸੇ ਤਰ੍ਹਾਂ ਹੋ ਰਿਹਾ ਹੈ। ਅੱਜ ਲੋਕ ਨੈਤਿਕ ਸ਼ੁੱਧਤਾ ਦੀ ਬਿਲਕੁਲ ਕਦਰ ਨਹੀਂ ਕਰਦੇ। ਕੁਝ ਲੋਕ ਸਮਝਦੇ ਹਨ ਕਿ ਨੈਤਿਕ ਸ਼ੁੱਧਤਾ ਪੁਰਾਣੇ ਜ਼ਮਾਨੇ ਦੀ ਗੱਲ ਹੈ ਅਤੇ ਅੱਜ ਦੇ ਜੀਵਨ-ਢੰਗ ਵਿਚ ਬਿਲਕੁਲ ਫਿੱਟ ਨਹੀਂ ਹੁੰਦੀ। ਇਸ ਲਈ ਉਹ ਆਪਣੀ ਸ਼ੁੱਧਤਾ ਨੂੰ ਬਹੁਤ ਥੋੜ੍ਹੀ ਕੀਮਤ ਤੇ ਵੇਚ ਦਿੰਦੇ ਹਨ। ਕਈ ਲੋਕ ਕੁਝ ਪਲਾਂ ਦੀ ਕਾਮ-ਪੂਰਤੀ ਵਾਸਤੇ ਆਪਣੀ ਨੈਤਿਕ ਸ਼ੁੱਧਤਾ ਦੀ ਬਲੀ ਚਾੜ੍ਹ ਦਿੰਦੇ ਹਨ। ਕਈ ਲੋਕ ਆਪਣੇ ਦੋਸਤਾਂ ਜਾਂ ਦੂਸਰੇ ਮੁੰਡੇ-ਕੁੜੀਆਂ ਦੀ ਨਜ਼ਰ ਵਿਚ ਵੱਡੇ ਬਣਨ ਲਈ ਇਸ ਦੀ ਬਲੀ ਚਾੜ੍ਹ ਦਿੰਦੇ ਹਨ।—ਕਹਾਉਤਾਂ 13:20.
3 ਜ਼ਿਆਦਾਤਰ ਲੋਕਾਂ ਨੂੰ ਨੈਤਿਕਤਾ ਦੀ ਬਲੀ ਚੜ੍ਹਾਉਣ ਤੋਂ ਬਹੁਤ ਦੇਰ ਬਾਅਦ ਪਤਾ ਲੱਗਦਾ ਹੈ ਕਿ ਨੈਤਿਕ ਸ਼ੁੱਧਤਾ ਕਿੰਨੀ ਅਨਮੋਲ ਹੈ! ਇਹ ਨੁਕਸਾਨ ਅਕਸਰ ਬੜਾ ਦਰਦਨਾਕ ਹੁੰਦਾ ਹੈ। ਬਾਈਬਲ ਕਹਿੰਦੀ ਹੈ ਕਿ ਵਿਭਚਾਰ ਦਾ ਅਸਰ ਜ਼ਹਿਰ ਵਾਂਗ ਜਾਂ ‘ਨਾਗ ਦਾਉਣੇ ਵਰਗਾ ਕੌੜਾ’ ਹੁੰਦਾ ਹੈ। (ਕਹਾਉਤਾਂ 5:3, 4) ਦੁਨੀਆਂ ਦੇ ਅਨੈਤਿਕ ਮਾਹੌਲ ਨੂੰ ਦੇਖਦੇ ਹੋਏ ਤੁਸੀਂ ਆਪਣੀ ਨੈਤਿਕ ਸ਼ੁੱਧਤਾ ਨੂੰ ਕਿਵੇਂ ਬਚਾਈ ਰੱਖ ਸਕਦੇ ਹੋ? ਅਸੀਂ ਇਸ ਸੰਬੰਧੀ ਮੁੱਖ ਤੌਰ ਤੇ ਤਿੰਨ ਗੱਲਾਂ ਉੱਤੇ ਵਿਚਾਰ ਕਰਾਂਗੇ।
ਆਪਣੇ ਦਿਲ ਦੀ ਚੌਕਸੀ ਕਰੋ
4. ਲਾਖਣਿਕ ਦਿਲ ਕੀ ਹੈ ਅਤੇ ਸਾਨੂੰ ਇਸ ਦੀ ਚੌਕਸੀ ਕਿਉਂ ਕਰਨੀ ਚਾਹੀਦੀ ਹੈ?
4 ਆਪਣੀ ਨੈਤਿਕ ਸ਼ੁੱਧਤਾ ਨੂੰ ਬਚਾਈ ਰੱਖਣ ਲਈ ਆਪਣੇ ਦਿਲ ਦੀ ਰਾਖੀ ਕਰਨੀ ਬਹੁਤ ਜ਼ਰੂਰੀ ਹੈ। ਬਾਈਬਲ ਕਹਿੰਦੀ ਹੈ: “ਆਪਣੇ ਮਨ ਦੀ ਵੱਡੀ ਚੌਕਸੀ ਕਰ, ਕਿਉਂ ਜੋ ਜੀਉਣ ਦੀਆਂ ਧਾਰਾਂ ਓਸੇ ਤੋਂ ਨਿੱਕਲਦੀਆਂ ਹਨ!” (ਕਹਾਉਤਾਂ 4:23) ਇੱਥੇ ਕਿਸ “ਮਨ” ਜਾਂ ਦਿਲ ਦੀ ਗੱਲ ਕੀਤੀ ਗਈ ਹੈ? ਇੱਥੇ ਸਾਡੇ ਸਰੀਰ ਵਿਚ ਧੜਕਦੇ ਮਾਸ ਦੇ ਦਿਲ ਦੀ ਗੱਲ ਨਹੀਂ ਕੀਤੀ ਗਈ। ਇਹ ਲਾਖਣਿਕ ਦਿਲ ਹੈ ਜਿਸ ਦਾ ਮਤਲਬ ਹੈ ਤੁਹਾਡੀਆਂ ਸੋਚਾਂ, ਭਾਵਨਾਵਾਂ ਅਤੇ ਮਨੋਰਥ। ਬਾਈਬਲ ਕਹਿੰਦੀ ਹੈ: “ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਆਪਣੇ ਸਾਰੇ ਮਨ, ਆਪਣੀ ਸਾਰੀ ਜਾਨ ਅਤੇ ਆਪਣੇ ਸਾਰੇ ਜ਼ੋਰ ਨਾਲ ਪਿਆਰ ਕਰੋ।” (ਟੇਢੇ ਟਾਈਪ ਸਾਡੇ।) (ਬਿਵਸਥਾ ਸਾਰ 6:5) ਯਿਸੂ ਨੇ ਇਸ ਹੁਕਮ ਨੂੰ ਸਾਰਿਆਂ ਹੁਕਮਾਂ ਨਾਲੋਂ ਵੱਡਾ ਹੁਕਮ ਕਿਹਾ ਸੀ। (ਮਰਕੁਸ 12:29, 30) ਇਸ ਤੋਂ ਪਤਾ ਲੱਗਦਾ ਹੈ ਕਿ ਸਾਡਾ ਦਿਲ ਬਹੁਤ ਹੀ ਅਨਮੋਲ ਹੈ ਜਿਸ ਕਰਕੇ ਇਸ ਦੀ ਚੌਕਸੀ ਕੀਤੀ ਜਾਣੀ ਚਾਹੀਦੀ ਹੈ।
5. ਦਿਲ ਅਨਮੋਲ ਹੋਣ ਦੇ ਨਾਲ-ਨਾਲ ਖ਼ਤਰਨਾਕ ਕਿਵੇਂ ਸਾਬਤ ਹੋ ਸਕਦਾ ਹੈ?
5 ਪਰ ਬਾਈਬਲ ਇਹ ਵੀ ਕਹਿੰਦੀ ਹੈ ਕਿ “ਦਿਲ ਸਭ ਚੀਜ਼ਾਂ ਨਾਲੋਂ ਧੋਖੇਬਾਜ਼ ਹੈ, ਉਹ ਪੁੱਜ ਕੇ ਖਰਾਬ ਹੈ।” (ਯਿਰਮਿਯਾਹ 17:9) ਦਿਲ ਕਿਵੇਂ ਧੋਖੇਬਾਜ਼ ਜਾਂ ਸਾਡੇ ਲਈ ਖ਼ਤਰਨਾਕ ਸਾਬਤ ਹੋ ਸਕਦਾ ਹੈ? ਇਸ ਨੂੰ ਸਮਝਣ ਲਈ ਕਾਰ ਦੀ ਉਦਾਹਰਣ ਲਓ। ਇਹ ਇਕ ਬਹੁਤ ਹੀ ਵਧੀਆ ਸਾਧਨ ਹੈ ਅਤੇ ਮੁਸੀਬਤ ਵਿਚ ਜਾਨ ਵੀ ਬਚਾ ਸਕਦੀ ਹੈ। ਪਰ ਜੇ ਡ੍ਰਾਈਵਰ ਕਾਰ ਨੂੰ ਕੰਟ੍ਰੋਲ ਨਹੀਂ ਕਰਦਾ ਤੇ ਸਟੇਅਰਿੰਗ ਚੰਗੀ ਤਰ੍ਹਾਂ ਨਹੀਂ ਸੰਭਾਲਦਾ, ਤਾਂ ਇਹੀ ਕਾਰ ਜਾਨਲੇਵਾ ਸਾਬਤ ਹੋ ਸਕਦੀ ਹੈ। ਇਸੇ ਤਰ੍ਹਾਂ ਜੇ ਤੁਸੀਂ ਆਪਣੇ ਦਿਲ ਦੀ ਚੌਕਸੀ ਨਹੀਂ ਕਰਦੇ, ਤਾਂ ਤੁਸੀਂ ਆਪਣੀ ਹਰ ਅੰਦਰੂਨੀ ਇੱਛਾ ਅਤੇ ਉਤੇਜਨਾ ਦੇ ਗ਼ੁਲਾਮ ਬਣ ਜਾਓਗੇ ਅਤੇ ਤੁਹਾਡੀ ਜ਼ਿੰਦਗੀ ਬਰਬਾਦ ਹੋ ਜਾਵੇਗੀ। ਪਰਮੇਸ਼ੁਰ ਦਾ ਬਚਨ ਕਹਿੰਦਾ ਹੈ: “ਜਿਹੜਾ ਆਪਣੇ ਆਪ ਉੱਤੇ ਹੀ ਭਰੋਸਾ ਰੱਖਦਾ ਹੈ ਉਹ ਮੂਰਖ ਹੈ, ਪਰ ਜੋ ਮੱਤ ਨਾਲ ਤੁਰਦਾ ਹੈ ਉਹ ਛੁਡਾਇਆ ਜਾਵੇਗਾ।” (ਕਹਾਉਤਾਂ 28:26) ਜਿਵੇਂ ਇਕ ਯਾਤਰੀ ਕਾਰ ਵਿਚ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਸੜਕ ਦਾ ਨਕਸ਼ਾ ਦੇਖਦਾ ਹੈ, ਉਸੇ ਤਰ੍ਹਾਂ ਜੇ ਤੁਸੀਂ ਪਰਮੇਸ਼ੁਰ ਦੇ ਬਚਨ ਅਨੁਸਾਰ ਚੱਲੋਗੇ, ਤਾਂ ਤੁਸੀਂ ਸਮਝਦਾਰੀ ਨਾਲ ਚੱਲ ਕੇ ਬਰਬਾਦੀ ਤੋਂ ਬਚ ਜਾਵੋਗੇ।—ਜ਼ਬੂਰਾਂ ਦੀ ਪੋਥੀ 119:105.
6, 7. (ੳ) ਪਵਿੱਤਰਤਾ ਕੀ ਹੈ ਅਤੇ ਯਹੋਵਾਹ ਦੇ ਸੇਵਕਾਂ ਲਈ ਪਵਿੱਤਰ ਰਹਿਣਾ ਕਿਉਂ ਜ਼ਰੂਰੀ ਹੈ? (ਅ) ਕਿਸ ਗੱਲ ਤੋਂ ਪਤਾ ਲੱਗਦਾ ਹੈ ਕਿ ਨਾਮੁਕੰਮਲ ਇਨਸਾਨ ਯਹੋਵਾਹ ਦੀ ਪਵਿੱਤਰਤਾ ਨੂੰ ਪ੍ਰਤਿਬਿੰਬਤ ਕਰ ਸਕਦੇ ਹਨ?
6 ਸਾਡਾ ਦਿਲ ਕੁਦਰਤੀ ਤੌਰ ਤੇ ਸਾਨੂੰ ਨੈਤਿਕ ਸ਼ੁੱਧਤਾ ਰੱਖਣ ਲਈ ਨਹੀਂ ਪ੍ਰੇਰਦਾ। ਇਸ ਤਰ੍ਹਾਂ ਕਰਨ ਲਈ ਸਾਨੂੰ ਇਸ ਨੂੰ ਸਿਖਾਉਣਾ ਪਵੇਗਾ। ਸਿਖਾਉਣ ਦਾ ਇਕ ਤਰੀਕਾ ਹੈ ਨੈਤਿਕ ਸ਼ੁੱਧਤਾ ਦੀ ਅਸਲੀ ਕੀਮਤ ਉੱਤੇ ਸੋਚ-ਵਿਚਾਰ ਕਰਨਾ। ਇਸ ਗੁਣ ਦਾ ਪਵਿੱਤਰਤਾ ਨਾਲ ਬਹੁਤ ਹੀ ਨਜ਼ਦੀਕੀ ਸੰਬੰਧ ਹੈ ਜੋ ਪਾਪ ਤੋਂ ਦੂਰ ਰਹਿਣ ਅਤੇ ਸੁੱਚਤਾ ਨੂੰ ਸੰਕੇਤ ਕਰਦਾ ਹੈ। ਪਵਿੱਤਰਤਾ ਬਹੁਤ ਹੀ ਅਨਮੋਲ ਗੁਣ ਹੈ ਅਤੇ ਇਹ ਯਹੋਵਾਹ ਪਰਮੇਸ਼ੁਰ ਦੇ ਸੁਭਾਅ ਦਾ ਅਟੁੱਟ ਹਿੱਸਾ ਹੈ। ਬਾਈਬਲ ਵਿਚ ਸੈਂਕੜੇ ਆਇਤਾਂ ਵਿਚ ਕਿਹਾ ਗਿਆ ਹੈ ਕਿ ਯਹੋਵਾਹ ਪਵਿੱਤਰ ਹੈ। ਅਸਲ ਵਿਚ ਬਾਈਬਲ ਕਹਿੰਦੀ ਹੈ ਕਿ “ਯਹੋਵਾਹ ਲਈ ਪਵਿੱਤ੍ਰਤਾਈ” ਹੈ। (ਕੂਚ 28:36) ਪਰ, ਇਸ ਅਨਮੋਲ ਗੁਣ ਦਾ ਨਾਮੁਕੰਮਲ ਇਨਸਾਨਾਂ ਨਾਲ ਕੀ ਸੰਬੰਧ ਹੈ?
7 ਆਪਣੇ ਬਚਨ ਵਿਚ ਯਹੋਵਾਹ ਸਾਨੂੰ ਦੱਸਦਾ ਹੈ: “ਤੁਸੀਂ ਪਵਿੱਤਰ ਬਣੋ ਇਸ ਲਈ ਜੋ ਮੈਂ ਪਵਿੱਤਰ ਹਾਂ।” (1 ਪਤਰਸ 1:16) ਜੀ ਹਾਂ, ਯਹੋਵਾਹ ਦੀ ਪਵਿੱਤਰਤਾ ਦੀ ਨਕਲ ਕਰ ਕੇ ਅਸੀਂ ਉਸ ਦੇ ਸਾਮ੍ਹਣੇ ਸਾਫ਼ ਅਤੇ ਨੈਤਿਕ ਤੌਰ ਤੇ ਸ਼ੁੱਧ ਹੋ ਸਕਦੇ ਹਾਂ। ਇਸ ਲਈ ਜਦੋਂ ਅਸੀਂ ਗ਼ਲਤ ਅਤੇ ਭ੍ਰਿਸ਼ਟ ਕੰਮਾਂ ਤੋਂ ਦੂਰ ਰਹਿੰਦੇ ਹਾਂ, ਤਾਂ ਸਾਨੂੰ ਅੱਤ ਮਹਾਨ ਪਰਮੇਸ਼ੁਰ ਦੇ ਇਸ ਸੋਹਣੇ ਗੁਣ ਨੂੰ ਪ੍ਰਦਰਸ਼ਿਤ ਕਰਨ ਦਾ ਮੌਕਾ ਮਿਲਦਾ ਹੈ ਅਤੇ ਇਹ ਸਾਡੇ ਲਈ ਇਕ ਸਨਮਾਨ ਹੈ। (ਅਫ਼ਸੀਆਂ 5:1) ਸਾਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਅਸੀਂ ਪਵਿੱਤਰ ਨਹੀਂ ਬਣ ਸਕਦੇ। ਯਹੋਵਾਹ ਬੁੱਧੀਮਾਨ ਪਰਮੇਸ਼ੁਰ ਹੈ ਜੋ ਕਦੇ ਵੀ ਸਾਡੇ ਤੋਂ ਉਨ੍ਹਾਂ ਗੱਲਾਂ ਦੀ ਆਸ ਨਹੀਂ ਰੱਖੇਗਾ ਜੋ ਅਸੀਂ ਨਹੀਂ ਕਰ ਸਕਦੇ। (ਜ਼ਬੂਰਾਂ ਦੀ ਪੋਥੀ 103:13, 14; ਯਾਕੂਬ 3:17) ਇਹ ਸੱਚ ਹੈ ਕਿ ਅਧਿਆਤਮਿਕ ਅਤੇ ਨੈਤਿਕ ਤੌਰ ਤੇ ਸ਼ੁੱਧ ਰਹਿਣ ਲਈ ਜਤਨ ਕਰਨ ਦੀ ਲੋੜ ਹੈ। ਪਰ ਪੌਲੁਸ ਨੇ ‘ਸਾਦਗੀ ਅਤੇ ਪਵਿੱਤਰਤਾਈ ਜੋ ਮਸੀਹ ਦੀ ਵੱਲ ਹੈ’ ਯਾਨੀ ਜੋ ਮਸੀਹ ਲਈ ਹੋਣੀ ਚਾਹੀਦੀ ਹੈ, ਬਾਰੇ ਜ਼ਿਕਰ ਕੀਤਾ ਸੀ। (2 ਕੁਰਿੰਥੀਆਂ 11:3) ਕੀ ਸਾਨੂੰ ਮਸੀਹ ਅਤੇ ਉਸ ਦੇ ਪਿਤਾ ਲਈ ਨੈਤਿਕ ਤੌਰ ਤੇ ਸ਼ੁੱਧ ਰਹਿਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ? ਆਖ਼ਰਕਾਰ ਉਨ੍ਹਾਂ ਨੇ ਸਾਡੇ ਨਾਲ ਇੰਨਾ ਪਿਆਰ ਕੀਤਾ ਹੈ ਕਿ ਅਸੀਂ ਕਦੀ ਵੀ ਉਨ੍ਹਾਂ ਦੇ ਇਸ ਅਹਿਸਾਨ ਦਾ ਬਦਲਾ ਨਹੀਂ ਚੁਕਾ ਸਕਦੇ। (ਯੂਹੰਨਾ 3:16; 15:13) ਨੈਤਿਕ ਤੌਰ ਤੇ ਸ਼ੁੱਧ ਜ਼ਿੰਦਗੀ ਜੀ ਕੇ ਸਾਨੂੰ ਆਪਣੀ ਸ਼ੁਕਰਗੁਜ਼ਾਰੀ ਦਿਖਾਉਣ ਦਾ ਮੌਕਾ ਮਿਲਦਾ ਹੈ। ਆਪਣੀ ਨੈਤਿਕ ਸ਼ੁੱਧਤਾ ਨੂੰ ਇਸ ਤਰ੍ਹਾਂ ਵਿਚਾਰਨ ਨਾਲ ਅਸੀਂ ਇਸ ਦੀ ਕਦਰ ਕਰਾਂਗੇ ਅਤੇ ਆਪਣੇ ਦਿਲ ਦੀ ਚੌਕਸੀ ਕਰਾਂਗੇ।
8. (ੳ) ਸਾਨੂੰ ਆਪਣੇ ਦਿਲ ਨੂੰ ਕਿਹੜੀਆਂ ਗੱਲਾਂ ਨਾਲ ਭਰਨਾ ਚਾਹੀਦਾ ਹੈ? (ਅ) ਸਾਡੀ ਗੱਲਬਾਤ ਸਾਡੇ ਬਾਰੇ ਕੀ ਦੱਸਦੀ ਹੈ?
8 ਅਸੀਂ ਆਪਣੇ ਦਿਲਾਂ-ਦਿਮਾਗ਼ਾਂ ਨੂੰ ਅਧਿਆਤਮਿਕ ਗੱਲਾਂ ਨਾਲ ਭਰ ਕੇ ਆਪਣੇ ਦਿਲ ਦੀ ਚੌਕਸੀ ਕਰ ਸਕਦੇ ਹਾਂ ਅਤੇ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਸੁਣਾਉਣ ਦੇ ਕੰਮ ਉੱਤੇ ਆਪਣਾ ਧਿਆਨ ਲਾਈ ਰੱਖ ਸਕਦੇ ਹਾਂ। (ਕੁਲੁੱਸੀਆਂ 3:2) ਸਾਡੀ ਗੱਲਬਾਤ ਤੋਂ ਪਤਾ ਲੱਗਣਾ ਚਾਹੀਦਾ ਹੈ ਕਿ ਸਾਡਾ ਧਿਆਨ ਇਸ ਉੱਤੇ ਹੈ। ਜੇ ਅਸੀਂ ਅਸ਼ਲੀਲ ਗੱਲਾਂ ਕਰਨ ਵਾਲਿਆਂ ਵਜੋਂ ਜਾਣੇ ਜਾਂਦੇ ਹਾਂ, ਤਾਂ ਇਸ ਤੋਂ ਪਤਾ ਲੱਗਦਾ ਹੈ ਕਿ ਸਾਡੇ ਦਿਲ ਵਿਚ ਕੀ ਹੈ। (ਲੂਕਾ 6:45) ਇਸ ਦੀ ਬਜਾਇ, ਆਓ ਆਪਾਂ ਅਧਿਆਤਮਿਕ ਅਤੇ ਹੌਸਲਾ ਦੇਣ ਵਾਲੀਆਂ ਗੱਲਾਂ ਕਰਨ ਦੀ ਆਦਤ ਪਾਈਏ। (ਅਫ਼ਸੀਆਂ 5:3) ਆਪਣੇ ਦਿਲ ਦੀ ਚੌਕਸੀ ਕਰਨ ਲਈ ਸਾਨੂੰ ਕੁਝ ਗੰਭੀਰ ਖ਼ਤਰਿਆਂ ਤੋਂ ਬਚਣਾ ਚਾਹੀਦਾ ਹੈ। ਆਓ ਆਪਾਂ ਦੋ ਖ਼ਤਰਿਆਂ ਬਾਰੇ ਗੱਲ ਕਰੀਏ।
ਹਰਾਮਕਾਰੀ ਤੋਂ ਭੱਜੋ
9-11. (ੳ) ਜਿਹੜੇ ਵਿਅਕਤੀ 1 ਕੁਰਿੰਥੀਆਂ 6:18 ਵਿਚ ਦਿੱਤੀ ਸਲਾਹ ਨੂੰ ਨਹੀਂ ਮੰਨਦੇ, ਉਨ੍ਹਾਂ ਦੀ ਵਿਭਚਾਰ ਕਰਨ ਦੀ ਸੰਭਾਵਨਾ ਕਿਉਂ ਬਣੀ ਰਹਿੰਦੀ ਹੈ? ਉਦਾਹਰਣ ਦੇ ਕੇ ਸਮਝਾਓ। (ਅ) ਜੇ ਅਸੀਂ ਹਰਾਮਕਾਰੀ ਤੋਂ ਭੱਜਣਾ ਚਾਹੁੰਦੇ ਹਾਂ, ਤਾਂ ਸਾਨੂੰ ਕਿਨ੍ਹਾਂ ਚੀਜ਼ਾਂ ਤੋਂ ਦੂਰ ਰਹਿਣਾ ਚਾਹੀਦਾ ਹੈ? (ੲ) ਵਫ਼ਾਦਾਰ ਅੱਯੂਬ ਨੇ ਸਾਡੇ ਸਾਮ੍ਹਣੇ ਕਿਹੜੀ ਚੰਗੀ ਮਿਸਾਲ ਰੱਖੀ?
9 ਯਹੋਵਾਹ ਨੇ ਪੌਲੁਸ ਰਸੂਲ ਨੂੰ ਕੁਝ ਸਲਾਹਾਂ ਲਿਖਣ ਲਈ ਪ੍ਰੇਰਿਆ ਜਿਨ੍ਹਾਂ ਤੋਂ ਬਹੁਤ ਸਾਰੇ ਮਸੀਹੀਆਂ ਨੂੰ ਆਪਣੇ ਦਿਲ ਦੀ ਚੌਕਸੀ ਕਰਨ ਅਤੇ ਸ਼ੁੱਧ ਰਹਿਣ ਵਿਚ ਮਦਦ ਮਿਲੀ ਹੈ। ਪੌਲੁਸ ਨੇ ਕਿਹਾ: “ਹਰਾਮਕਾਰੀ ਤੋਂ ਭੱਜੋ।” (1 ਕੁਰਿੰਥੀਆਂ 6:18) ਧਿਆਨ ਦਿਓ ਕਿ ਪੌਲੁਸ ਨੇ ਇੱਥੇ ਸਿਰਫ਼ ਇਹੀ ਨਹੀਂ ਕਿਹਾ ਕਿ “ਹਰਾਮਕਾਰੀ ਤੋਂ ਦੂਰ ਰਹੋ।” ਮਸੀਹੀਆਂ ਨੂੰ ਇਸ ਤੋਂ ਜ਼ਿਆਦਾ ਕਰਨ ਦੀ ਲੋੜ ਹੈ। ਉਨ੍ਹਾਂ ਨੂੰ ਅਨੈਤਿਕ ਕੰਮਾਂ ਤੋਂ ਦੂਰ ਭੱਜ ਜਾਣਾ ਚਾਹੀਦਾ ਹੈ, ਜਿਵੇਂ ਉਹ ਕਿਸੇ ਜਾਨਲੇਵਾ ਖ਼ਤਰੇ ਤੋਂ ਭੱਜਦੇ ਹਨ। ਜੇ ਅਸੀਂ ਇਸ ਸਲਾਹ ਨੂੰ ਨਹੀਂ ਮੰਨਦੇ, ਤਾਂ ਅਸੀਂ ਵਿਭਚਾਰ ਕਰਨ ਦੇ ਖ਼ਤਰੇ ਵਿਚ ਪੈ ਸਕਦੇ ਹਾਂ ਜਿਸ ਕਾਰਨ ਪਰਮੇਸ਼ੁਰ ਸਾਡੇ ਨਾਲ ਨਾਰਾਜ਼ ਹੋ ਜਾਵੇਗਾ।
10 ਉਦਾਹਰਣ ਲਈ, ਇਕ ਮਾਂ ਆਪਣੇ ਛੋਟੇ ਮੁੰਡੇ ਨੂੰ ਕਿਸੇ ਪਾਰਟੀ ਵਿਚ ਲੈ ਜਾਣ ਲਈ ਨਲਾ ਕੇ ਤਿਆਰ ਕਰਦੀ ਹੈ। ਮੁੰਡਾ ਆਪਣੀ ਮਾਂ ਤੋਂ ਬਾਹਰ ਖੇਡਣ ਦੀ ਇਜਾਜ਼ਤ ਮੰਗਦਾ ਹੈ। ਮਾਂ ਉਸ ਨੂੰ ਇਕ ਸ਼ਰਤ ਤੇ ਇਜਾਜ਼ਤ ਦਿੰਦੀ ਹੈ। ਉਹ ਕਹਿੰਦੀ ਹੈ: “ਚਿੱਕੜ ਦੇ ਲਾਗੇ ਨਾ ਖੇਡੀਂ। ਜੇ ਤੂੰ ਚਿੱਕੜ ਨਾਲ ਲਿਬੜਿਆ, ਤਾਂ ਤੇਰੀ ਖ਼ੈਰ ਨਹੀਂ।” ਪਰ ਕੁਝ ਮਿੰਟਾਂ ਬਾਅਦ ਉਹ ਦੇਖਦੀ ਹੈ ਕਿ ਮੁੰਡਾ ਆਪਣੇ ਪੈਰਾਂ ਭਾਰ ਚਿੱਕੜ ਲਾਗੇ ਬੈਠ ਕੇ ਖੇਡਦਾ ਹੈ। ਉਹ ਅਜੇ ਚਿੱਕੜ ਨਾਲ ਤਾਂ ਨਹੀਂ ਲਿਬੜਿਆ ਹੈ। ਫਿਰ ਵੀ ਉਹ ਚਿੱਕੜ ਦੇ ਲਾਗੇ ਨਾ ਜਾਣ ਦੀ ਆਪਣੀ ਮਾਂ ਦੀ ਗੱਲ ਨੂੰ ਨਜ਼ਰਅੰਦਾਜ਼ ਕਰ ਰਿਹਾ ਹੈ ਜਿਸ ਕਰਕੇ ਉਸ ਨੂੰ ਲਿਬੜਣ ਵਿਚ ਦੇਰ ਨਹੀਂ ਲੱਗੇਗੀ। (ਕਹਾਉਤਾਂ 22:15) ਬਹੁਤ ਸਾਰੇ ਨੌਜਵਾਨ ਅਤੇ ਬਾਲਗ ਵੀ ਇਸੇ ਤਰ੍ਹਾਂ ਦੀ ਗ਼ਲਤੀ ਕਰਦੇ ਹਨ, ਜਦ ਕਿ ਉਨ੍ਹਾਂ ਨੂੰ ਜ਼ਿਆਦਾ ਸਾਵਧਾਨ ਹੋਣਾ ਚਾਹੀਦਾ ਹੈ। ਉਹ ਗ਼ਲਤੀ ਕਿਵੇਂ ਕਰਦੇ ਹਨ?
11 ਇਨ੍ਹਾਂ ਸਮਿਆਂ ਵਿਚ ਬਹੁਤ ਸਾਰੇ ਲੋਕ “ਨੀਚ ਵਾਸਨਾਂ ਦੇ ਵੱਸ” ਵਿਚ ਪਏ ਹੋਏ ਹਨ। ਇਸ ਲਈ ਇਕ ਨਵਾਂ ਕਾਰੋਬਾਰ ਸ਼ੁਰੂ ਹੋਇਆ ਹੈ ਜੋ ਗ਼ਲਤ ਸਰੀਰਕ ਸੰਬੰਧਾਂ ਨੂੰ ਹੱਲਾਸ਼ੇਰੀ ਦੇ ਰਿਹਾ ਹੈ। (ਰੋਮੀਆਂ 1:26, 27) ਪੋਰਨੋਗ੍ਰਾਫੀ ਨੇ ਰਸਾਲਿਆਂ, ਵਿਡਿਓ ਟੇਪਾਂ ਅਤੇ ਇੰਟਰਨੈੱਟ ਉੱਤੇ ਆਪਣੀ ਪੱਕੀ ਥਾਂ ਬਣਾ ਲਈ ਹੈ। ਜਿਹੜੇ ਲੋਕ ਆਪਣੇ ਦਿਲਾਂ-ਦਿਮਾਗ਼ਾਂ ਨੂੰ ਅਸ਼ਲੀਲ ਤਸਵੀਰਾਂ ਨਾਲ ਭਰਦੇ ਹਨ, ਉਹ ਹਰਾਮਕਾਰੀ ਤੋਂ ਭੱਜ ਨਹੀਂ ਰਹੇ। ਉਹ ਬਾਈਬਲ ਦੀ ਚੇਤਾਵਨੀ ਨੂੰ ਨਜ਼ਰਅੰਦਾਜ਼ ਕਰ ਰਹੇ ਹਨ ਅਤੇ ਹਰਾਮਕਾਰੀ ਦੇ ਚਿੱਕੜ ਲਾਗੇ ਖੇਡਦੇ ਹਨ। ਆਪਣੇ ਦਿਲ ਦੀ ਚੌਕਸੀ ਕਰਨ ਦੀ ਬਜਾਇ ਉਹ ਅਸ਼ਲੀਲ ਤਸਵੀਰਾਂ ਨਾਲ ਇਸ ਨੂੰ ਨੁਕਸਾਨ ਪਹੁੰਚਾ ਰਹੇ ਹਨ। ਇਹ ਤਸਵੀਰਾਂ ਸਾਲਾਂ ਬੱਧੀ ਸਾਡੇ ਮਨਾਂ ਵਿਚ ਘੁੰਮਦੀਆਂ ਰਹਿੰਦੀਆਂ ਹਨ। (ਕਹਾਉਤਾਂ 6:27) ਆਓ ਆਪਾਂ ਵਫ਼ਾਦਾਰ ਅੱਯੂਬ ਤੋਂ ਸਬਕ ਸਿੱਖੀਏ ਜਿਸ ਨੇ ਆਪਣੀਆਂ ਅੱਖਾਂ ਨਾਲ ਇਕ ਨੇਮ ਬੰਨ੍ਹਿਆ ਸੀ ਕਿ ਉਹ ਕਿਸੇ ਵੀ ਗ਼ਲਤ ਚੀਜ਼ ਤੇ ਆਪਣੀ ਨਜ਼ਰ ਨਹੀਂ ਟਿਕਾਵੇਗਾ। (ਅੱਯੂਬ 31:1) ਸਾਡੇ ਲਈ ਕਿੰਨੀ ਵਧੀਆ ਉਦਾਹਰਣ!
12. ਮੁੰਡਾ-ਕੁੜੀ ਵਿਆਹ ਤੋਂ ਪਹਿਲਾਂ ਮਿਲਣ-ਗਿਲਣ ਵੇਲੇ ਕਿਵੇਂ ‘ਹਰਾਮਕਾਰੀ ਤੋਂ ਭੱਜ’ ਸਕਦੇ ਹਨ?
12 ਜਦੋਂ ਇਕ ਮੁੰਡਾ-ਕੁੜੀ ਵਿਆਹ ਕਰਾਉਣ ਤੋਂ ਪਹਿਲਾਂ ਇਕ-ਦੂਜੇ ਯਾਕੂਬ 5:14, 15) ਪਰ ਜ਼ਿਆਦਾਤਰ ਮਸੀਹੀ ਜੋੜੇ ਸਮਝਦਾਰੀ ਵਰਤਦੇ ਹੋਏ ਅਜਿਹੀਆਂ ਗ਼ਲਤੀਆਂ ਨਹੀਂ ਕਰਦੇ। (ਕਹਾਉਤਾਂ 22:3) ਉਹ ਹੱਦ ਵਿਚ ਰਹਿ ਕੇ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਹਨ। ਉਹ ਵਿਆਹ ਤੋਂ ਪਹਿਲਾਂ ਇਕੱਲੇ ਕਿਸੇ ਸੁੰਨਸਾਨ ਥਾਂ ਤੇ ਨਹੀਂ ਜਾਂਦੇ ਅਤੇ ਮਿਲਣ-ਗਿਲਣ ਵੇਲੇ ਆਪਣੇ ਨਾਲ ਕਿਸੇ ਤੀਜੇ ਵਿਅਕਤੀ ਨੂੰ ਰੱਖਦੇ ਹਨ।
ਨੂੰ ਜਾਣਨ ਲਈ ਮਿਲਦੇ-ਗਿਲਦੇ ਹਨ, ਤਾਂ ਉਸ ਵੇਲੇ ਖ਼ਾਸ ਤੌਰ ਤੇ ‘ਹਰਾਮਕਾਰੀ ਤੋਂ ਭੱਜਣ’ ਦੀ ਲੋੜ ਹੁੰਦੀ ਹੈ। ਇਹ ਸਮਾਂ ਖ਼ੁਸ਼ੀਆਂ ਅਤੇ ਉਮੀਦਾਂ ਨਾਲ ਭਰਿਆ ਸਮਾਂ ਹੋਣਾ ਚਾਹੀਦਾ ਹੈ। ਪਰ ਕੁਝ ਨੌਜਵਾਨ ਜੋੜੇ ਵਿਭਚਾਰ ਕਰ ਕੇ ਇਨ੍ਹਾਂ ਖ਼ੁਸ਼ੀਆਂ ਅਤੇ ਉਮੀਦਾਂ ਉੱਤੇ ਪਾਣੀ ਫੇਰ ਦਿੰਦੇ ਹਨ। ਇਸ ਕਰਕੇ ਉਹ ਸੁਖੀ ਵਿਆਹੁਤਾ ਜ਼ਿੰਦਗੀ ਲਈ ਚੰਗੀ ਨੀਂਹ ਨਹੀਂ ਧਰ ਪਾਉਂਦੇ। ਉਨ੍ਹਾਂ ਦੇ ਰਿਸ਼ਤੇ ਦੀ ਨੀਂਹ ਸੱਚੇ ਪਿਆਰ, ਆਤਮ-ਸੰਜਮ ਅਤੇ ਯਹੋਵਾਹ ਪਰਮੇਸ਼ੁਰ ਪ੍ਰਤੀ ਆਗਿਆਕਾਰਤਾ ਉੱਤੇ ਨਹੀਂ ਰੱਖੀ ਹੁੰਦੀ। ਇਕ ਮਸੀਹੀ ਜੋੜੇ ਨੇ ਇਹ ਗ਼ਲਤੀ ਕੀਤੀ। ਵਿਆਹ ਤੋਂ ਬਾਅਦ ਪਤਨੀ ਨੇ ਇਹ ਗੱਲ ਮੰਨੀ ਕਿ ਉਸ ਦੀ ਜ਼ਮੀਰ ਹਮੇਸ਼ਾ ਉਸ ਨੂੰ ਸਤਾਉਂਦੀ ਰਹੀ, ਇੱਥੋਂ ਤਕ ਕਿ ਉਸ ਨੂੰ ਆਪਣੇ ਵਿਆਹ ਦੇ ਦਿਨ ਦਾ ਵੀ ਚਾਅ ਨਾ ਰਿਹਾ। ਉਸ ਨੇ ਮੰਨਿਆ: “ਮੈਂ ਯਹੋਵਾਹ ਤੋਂ ਵਾਰ-ਵਾਰ ਮਾਫ਼ੀ ਮੰਗੀ। ਭਾਵੇਂ ਇਸ ਗੱਲ ਨੂੰ ਸੱਤ ਸਾਲ ਹੋ ਗਏ ਹਨ, ਫਿਰ ਵੀ ਮੇਰੀ ਜ਼ਮੀਰ ਮੈਨੂੰ ਦੋਸ਼ੀ ਠਹਿਰਾਉਂਦੀ ਹੈ।” ਅਜਿਹੇ ਗੰਭੀਰ ਪਾਪ ਕਰਨ ਵਾਲਿਆਂ ਲਈ ਮਸੀਹੀ ਬਜ਼ੁਰਗਾਂ ਤੋਂ ਮਦਦ ਲੈਣੀ ਬਹੁਤ ਜ਼ਰੂਰੀ ਹੈ। (13. ਮਸੀਹੀਆਂ ਨੂੰ ਯਹੋਵਾਹ ਦੀ ਸੇਵਾ ਨਾ ਕਰਨ ਵਾਲੇ ਵਿਅਕਤੀ ਨਾਲ ਰੋਮਾਂਟਿਕ ਰਿਸ਼ਤਾ ਕਿਉਂ ਨਹੀਂ ਜੋੜਨਾ ਚਾਹੀਦਾ?
13 ਜਿਹੜੇ ਮਸੀਹੀ ਉਨ੍ਹਾਂ ਵਿਅਕਤੀਆਂ ਨਾਲ ਰੋਮਾਂਟਿਕ ਰਿਸ਼ਤਾ ਜੋੜਦੇ ਹਨ ਜੋ ਯਹੋਵਾਹ ਦੀ ਸੇਵਾ ਨਹੀਂ ਕਰਦੇ, ਉਨ੍ਹਾਂ ਨੂੰ ਗੰਭੀਰ ਸਮੱਸਿਆਵਾਂ ਦਾ ਸਾਮ੍ਹਣਾ ਕਰਨਾ ਪੈ ਸਕਦਾ ਹੈ। ਉਦਾਹਰਣ ਲਈ, ਤੁਸੀਂ ਉਸ ਵਿਅਕਤੀ ਨਾਲ ਕਿਵੇਂ ਰਿਸ਼ਤਾ ਜੋੜ ਸਕਦੇ ਹੋ ਜੋ ਯਹੋਵਾਹ ਪਰਮੇਸ਼ੁਰ ਨੂੰ ਪਿਆਰ ਨਹੀਂ ਕਰਦਾ? ਇਹ ਬਹੁਤ ਜ਼ਰੂਰੀ ਹੈ ਕਿ ਮਸੀਹੀ ਸਿਰਫ਼ ਉਨ੍ਹਾਂ ਨਾਲ ਹੀ ਮਿਲਣ-ਗਿਲਣ ਜਿਹੜੇ ਯਹੋਵਾਹ ਨੂੰ ਪਿਆਰ ਕਰਦੇ ਹਨ ਅਤੇ ਨੈਤਿਕ ਸ਼ੁੱਧਤਾ ਦੇ ਉਸ ਦੇ ਅਸੂਲਾਂ ਦੀ ਕਦਰ ਕਰਦੇ ਹਨ। ਪਰਮੇਸ਼ੁਰ ਦਾ ਬਚਨ ਸਾਨੂੰ ਸਲਾਹ ਦਿੰਦਾ ਹੈ: “ਤੁਸੀਂ ਬੇਪਰਤੀਤਿਆਂ ਨਾਲ ਅਣਸਾਵੇਂ ਨਾ ਜੁੱਤੋ ਕਿਉਂ ਜੋ ਧਰਮ ਅਤੇ ਕੁਧਰਮ ਵਿੱਚ ਕੀ ਸਾਂਝ ਹੈ? ਯਾ ਚਾਨਣ ਦਾ ਅਨ੍ਹੇਰੇ ਨਾਲ ਕੀ ਮੇਲ ਹੈ?”—2 ਕੁਰਿੰਥੀਆਂ 6:14.
14, 15. (ੳ) “ਹਰਾਮਕਾਰੀ” ਬਾਰੇ ਕੁਝ ਲੋਕਾਂ ਨੇ ਕਿਹੜਾ ਗ਼ਲਤ ਵਿਚਾਰ ਅਪਣਾਇਆ ਹੋਇਆ ਹੈ? (ਅ) “ਹਰਾਮਕਾਰੀ” ਵਿਚ ਕਿਸ ਤਰ੍ਹਾਂ ਦੇ ਕੰਮ ਸ਼ਾਮਲ ਹਨ ਅਤੇ ਮਸੀਹੀ ਕਿਵੇਂ ‘ਹਰਾਮਕਾਰੀ ਤੋਂ ਭੱਜ’ ਸਕਦੇ ਹਨ?
14 ਹਰਾਮਕਾਰੀ ਤੋਂ ਭੱਜਣ ਲਈ ਇਸ ਬਾਰੇ ਜਾਣਕਾਰੀ ਹੋਣੀ ਵੀ ਬਹੁਤ ਜ਼ਰੂਰੀ ਹੈ। ਜੇ ਅਸੀਂ ਜਾਣਦੇ ਨਹੀਂ ਕਿ ਹਰਾਮਕਾਰੀ ਅਸਲ ਵਿਚ ਕੀ ਹੈ, ਤਾਂ ਇਸ ਤੋਂ ਅਸੀਂ ਭੱਜ ਨਹੀਂ ਸਕਦੇ। ਅੱਜ ਦੁਨੀਆਂ ਵਿਚ ਕੁਝ ਲੋਕ “ਹਰਾਮਕਾਰੀ” ਦਾ ਗ਼ਲਤ ਮਤਲਬ ਲੈਂਦੇ ਹਨ। ਉਹ ਸੋਚਦੇ ਹਨ ਕਿ ਉਹ ਵਿਆਹ ਕਰਾਏ ਬਿਨਾਂ ਅਤੇ ਸੰਭੋਗ ਕੀਤੇ ਬਿਨਾਂ ਦੂਸਰੇ ਤਰੀਕਿਆਂ ਨਾਲ ਆਪਣੀ ਕਾਮ-ਵਾਸ਼ਨਾ ਪੂਰੀ ਕਰ ਸਕਦੇ ਹਨ। ਕੁਝ ਮੰਨੀਆਂ-ਪ੍ਰਮੰਨੀਆਂ ਸਿਹਤ ਸੰਸਥਾਵਾਂ ਨੇ ਵੀ ਕਿਸ਼ੋਰ ਉਮਰ ਵਿਚ ਗਰਭਵਤੀ ਕੁੜੀਆਂ ਦੀ ਗਿਣਤੀ ਘਟਾਉਣ ਵਾਸਤੇ ਨੌਜਵਾਨਾਂ ਨੂੰ ਅਜਿਹੇ ਗ਼ੈਰ-ਕੁਦਰਤੀ ਤਰੀਕਿਆਂ ਨਾਲ ਕਾਮ-ਪੂਰਤੀ ਕਰਨ ਦੀ ਸਲਾਹ ਦਿੱਤੀ ਹੈ ਜਿਸ ਨਾਲ ਕੁੜੀ ਗਰਭਵਤੀ ਨਾ ਹੋਵੇ। ਇਹ ਸਲਾਹ ਬਹੁਤ ਹੀ ਗ਼ਲਤ ਹੈ। ਅਜਿਹੇ ਗ਼ੈਰ-ਕੁਦਰਤੀ ਤਰੀਕਿਆਂ ਨਾਲ ਕਾਮ-ਪੂਰਤੀ ਕਰ ਕੇ ਨੌਜਵਾਨ ਨੈਤਿਕ ਤੌਰ ਤੇ ਸ਼ੁੱਧ ਨਹੀਂ ਰਹਿਣਗੇ ਭਾਵੇਂ ਕਿ ਕੁੜੀ ਗਰਭਵਤੀ ਨਾ ਵੀ ਹੋਵੇ। ਇਸ ਤੋਂ ਇਲਾਵਾ “ਹਰਾਮਕਾਰੀ” ਦਾ ਮਤਲਬ ਸਿਰਫ਼ ਸੰਭੋਗ ਤਕ ਹੀ ਸੀਮਿਤ ਨਹੀਂ ਹੈ।
15 “ਹਰਾਮਕਾਰੀ” ਅਨੁਵਾਦ ਕੀਤੇ ਗਏ ਯੂਨਾਨੀ ਸ਼ਬਦ ਪੋਰਨੀਆ ਦਾ ਮਤਲਬ ਬਹੁਤ ਵਿਸ਼ਾਲ ਹੈ। ਹਰਾਮਕਾਰੀ ਕਰਨ ਦਾ ਮਤਲਬ ਹੈ ਦੋ ਵਿਅਕਤੀਆਂ ਦੁਆਰਾ, ਜੋ ਪਤੀ-ਪਤਨੀ ਨਹੀਂ ਹਨ, ਸਰੀਰਕ ਸੰਬੰਧ ਕਾਇਮ ਕਰਨੇ ਅਤੇ ਗੁਪਤ ਅੰਗਾਂ ਦੀ ਗ਼ਲਤ ਵਰਤੋਂ ਕਰਨੀ। ਪੋਰਨੀਆ ਵਿਚ ਅਜਿਹੇ ਕੰਮ ਕਰਨੇ ਸ਼ਾਮਲ ਹਨ ਜਿਹੜੇ ਆਮ ਤੌਰ ਤੇ ਵੇਸਵਾ-ਗਮਨੀ ਨਾਲ ਸੰਬੰਧ ਰੱਖਦੇ ਹਨ, ਜਿਵੇਂ ਕਿ ਮੌਖਿਕ ਸੰਭੋਗ ਅਤੇ ਗੁਦਾ-ਸੰਭੋਗ ਕਰਨਾ (oral and anal sex) ਤੇ ਦੂਸਰੇ ਵਿਅਕਤੀ ਦੇ ਗੁਪਤ ਅੰਗਾਂ ਨੂੰ ਪਲੋਸਣਾ। ਜਿਹੜੇ ਲੋਕ ਸੋਚਦੇ ਹਨ ਕਿ ਇਸ ਤਰ੍ਹਾਂ ਦੇ ਕੰਮ ਕਰਨੇ 2 ਤਿਮੋਥਿਉਸ 2:26) ਇਸ ਤੋਂ ਇਲਾਵਾ, ਨੈਤਿਕ ਸ਼ੁੱਧਤਾ ਨੂੰ ਕਾਇਮ ਰੱਖਣ ਲਈ ਸਿਰਫ਼ ਉਨ੍ਹਾਂ ਕੰਮਾਂ ਤੋਂ ਦੂਰ ਰਹਿਣਾ ਹੀ ਕਾਫ਼ੀ ਨਹੀਂ ਹੈ ਜਿਹੜੇ ਹਰਾਮਕਾਰੀ ਵਿਚ ਸ਼ਾਮਲ ਹਨ। ‘ਹਰਾਮਕਾਰੀ ਤੋਂ ਭੱਜਣ’ ਲਈ ਸਾਨੂੰ ਹਰ ਤਰ੍ਹਾਂ ਦੀ ਲਿੰਗੀ ਅਸ਼ੁੱਧਤਾ ਅਤੇ ਮਾੜੇ ਚਾਲ-ਚਲਣ ਤੋਂ ਦੂਰ ਰਹਿਣ ਦੀ ਲੋੜ ਹੈ ਜਿਨ੍ਹਾਂ ਵਿਚ ਪੈ ਕੇ ਇਕ ਵਿਅਕਤੀ ਹਰਾਮਕਾਰੀ ਕਰ ਸਕਦਾ ਹੈ। (ਅਫ਼ਸੀਆਂ 4:19) ਇਸ ਤਰ੍ਹਾਂ ਅਸੀਂ ਆਪਣੀ ਨੈਤਿਕ ਸ਼ੁੱਧਤਾ ਬਣਾਈ ਰੱਖਾਂਗੇ।
“ਹਰਾਮਕਾਰੀ” ਨਹੀਂ ਹੈ, ਉਹ ਆਪਣੇ ਆਪ ਨੂੰ ਹੀ ਧੋਖਾ ਦਿੰਦੇ ਹਨ। ਇਸ ਤਰ੍ਹਾਂ ਕਰ ਕੇ ਉਹ ਸ਼ਤਾਨ ਦੀ ਫਾਹੀ ਵਿਚ ਫੱਸ ਰਹੇ ਹਨ। (ਅੱਖ-ਮਟੱਕਾ ਕਰਨ ਦੇ ਖ਼ਤਰਿਆਂ ਤੋਂ ਬਚੋ
16. ਰੋਮਾਂਸ ਸਿਰਫ਼ ਕਿਨ੍ਹਾਂ ਲੋਕਾਂ ਵਿਚਕਾਰ ਜਾਇਜ਼ ਹੈ? ਬਾਈਬਲ ਵਿੱਚੋਂ ਇਸ ਦੀ ਉਦਾਹਰਣ ਦਿਓ।
16 ਜੇ ਅਸੀਂ ਆਪਣੀ ਨੈਤਿਕ ਸ਼ੁੱਧਤਾ ਨੂੰ ਬਣਾਈ ਰੱਖਣਾ ਚਾਹੁੰਦੇ ਹਾਂ, ਤਾਂ ਸਾਨੂੰ ਅੱਖ-ਮਟੱਕਾ ਜਾਂ ਫਲਰਟ ਕਰਨ ਦੇ ਫੰਦੇ ਤੋਂ ਵੀ ਬਚਣ ਦੀ ਲੋੜ ਹੈ। ਕੁਝ ਲੋਕ ਕਹਿੰਦੇ ਹਨ ਕਿ ਫਲਰਟ ਕਰਨ ਵਿਚ ਕੋਈ ਬੁਰਾਈ ਨਹੀਂ ਹੈ ਜਾਂ ਮੁੰਡਾ-ਕੁੜੀ ਫਲਰਟ ਕਰ ਕੇ ਥੋੜ੍ਹਾ ਹੱਸ-ਖੇਡ ਲੈਂਦੇ ਹਨ। ਇਹ ਸੱਚ ਹੈ ਕਿ ਰੋਮਾਂਸ ਕਰਨ ਵਿਚ ਕੋਈ ਬੁਰਾਈ ਨਹੀਂ ਹੈ। ਇਸਹਾਕ ਤੇ ਰਿਬਕਾਹ ਨੂੰ “ਕਲੋਲ” ਕਰਦੇ ਦੇਖਿਆ ਗਿਆ ਸੀ ਅਤੇ ਦੇਖਣ ਵਾਲਿਆਂ ਨੂੰ ਪਤਾ ਸੀ ਕਿ ਉਹ ਦੋਵੇਂ ਭੈਣ-ਭਰਾ ਨਹੀਂ ਸਨ। (ਉਤਪਤ 26:7-9) ਪਰ ਉਹ ਪਤੀ-ਪਤਨੀ ਸਨ। ਉਨ੍ਹਾਂ ਦਾ ਆਪਸ ਵਿਚ ਕਲੋਲਾਂ ਕਰਨਾ ਜਾਇਜ਼ ਸੀ। ਪਰ ਫਲਰਟ ਕਰਨਾ ਜਾਇਜ਼ ਨਹੀਂ ਹੈ।
17. ਫਲਰਟ ਕਰਨ ਦਾ ਕੀ ਮਤਲਬ ਹੈ ਅਤੇ ਇਸ ਸਮੱਸਿਆ ਨੂੰ ਕਿਵੇਂ ਹੱਲ ਕੀਤਾ ਜਾ ਸਕਦਾ ਹੈ?
17 ਫਲਰਟ ਕਰਨ ਦਾ ਮਤਲਬ ਹੈ ਕਿਸੇ ਕੁੜੀ ਜਾਂ ਮੁੰਡੇ ਵੱਲ ਰੋਮਾਂਟਿਕ ਇਸ਼ਾਰੇਬਾਜ਼ੀ ਕਰਨੀ ਜਦ ਕਿ ਉਸ ਨਾਲ ਵਿਆਹ ਕਰਾਉਣ ਦਾ ਗੰਭੀਰ ਇਰਾਦਾ ਨਾ ਹੋਣਾ। ਇਨਸਾਨੀ ਸੁਭਾਅ ਨੂੰ ਸਮਝਣਾ ਬਹੁਤ ਔਖਾ ਹੈ, ਇਸ ਲਈ ਫਲਰਟ ਕਰਨ ਦੇ ਅਣਗਿਣਤ ਤਰੀਕੇ ਹਨ ਜਿਨ੍ਹਾਂ ਵਿੱਚੋਂ ਕੁਝ ਤਰੀਕੇ ਬਹੁਤ ਹੀ ਗੁੱਝੇ ਹੁੰਦੇ ਹਨ। (ਕਹਾਉਤਾਂ 30:18, 19) ਇਨ੍ਹਾਂ ਵਿੱਚੋਂ ਹਰ ਇਕ ਤਰੀਕੇ ਨੂੰ ਠੀਕ ਜਾਂ ਗ਼ਲਤ ਠਹਿਰਾਉਣ ਲਈ ਨਿਯਮ ਬਣਾਉਣੇ ਬਹੁਤ ਹੀ ਔਖੇ ਹਨ। ਇਸ ਦੀ ਬਜਾਇ, ਸਾਨੂੰ ਈਮਾਨਦਾਰੀ ਨਾਲ ਆਪਣੀ ਪਰਖ ਕਰਨ ਅਤੇ ਬਾਈਬਲ ਦੇ ਅਸੂਲਾਂ ਉੱਤੇ ਚੱਲਣ ਦੀ ਲੋੜ ਹੈ।
18. ਕੁਝ ਲੋਕ ਫਲਰਟ ਕਿਉਂ ਕਰਦੇ ਹਨ ਅਤੇ ਫਲਰਟ ਕਰਨਾ ਗ਼ਲਤ ਕਿਉਂ ਹੈ?
18 ਈਮਾਨਦਾਰੀ ਨਾਲ ਆਪਣੀ ਪਰਖ ਕਰਨ ਤੇ ਸਾਡੇ ਵਿੱਚੋਂ ਜ਼ਿਆਦਾਤਰ ਇਹ ਗੱਲ ਸਵੀਕਾਰ ਕਰਨਗੇ ਕਿ ਜੇ ਸਾਨੂੰ ਪਤਾ ਲੱਗਦਾ ਹੈ ਕਿ ਕੋਈ ਮੁੰਡਾ ਜਾਂ ਕੁੜੀ ਸਾਡੇ ਵਿਚ ਦਿਲਚਸਪੀ ਰੱਖਦੀ ਹੈ, ਤਾਂ ਸਾਨੂੰ ਬਹੁਤ ਖ਼ੁਸ਼ੀ ਹੁੰਦੀ ਹੈ। ਇਸ ਤਰ੍ਹਾਂ ਮਹਿਸੂਸ ਕਰਨਾ ਕੁਦਰਤੀ ਹੈ। ਪਰ ਕੀ ਅਸੀਂ ਦੂਸਰਿਆਂ ਵਿਚ ਅਜਿਹੀ ਦਿਲਚਸਪੀ ਪੈਦਾ ਕਰਨ ਲਈ ਫਲਰਟ ਕਰਦੇ ਹਾਂ ਤਾਂਕਿ ਸਾਡੇ ਹਉਮੈ ਵਿਚ ਥੋੜ੍ਹਾ ਵਾਧਾ ਹੋਵੇ? ਜੇ ਹਾਂ, ਤਾਂ ਕੀ ਅਸੀਂ ਸੋਚਿਆ ਹੈ ਕਿ ਇਸ ਨਾਲ ਦੂਸਰੇ ਵਿਅਕਤੀ ਨੂੰ ਕਿੰਨਾ ਦੁੱਖ ਹੋ ਸਕਦਾ ਹੈ? ਉਦਾਹਰਣ ਲਈ, ਕਹਾਉਤਾਂ 13:12 ਕਹਿੰਦਾ ਹੈ: “ਆਸ ਦੀ ਢਿੱਲ ਦਿਲ ਨੂੰ ਬਿਮਾਰ ਕਰਦੀ ਹੈ।” ਜੇ ਅਸੀਂ ਜਾਣ-ਬੁੱਝ ਕੇ ਕਿਸੇ ਨਾਲ ਫਲਰਟ ਕਰਦੇ ਹਾਂ, ਤਾਂ ਸਾਨੂੰ ਸ਼ਾਇਦ ਪਤਾ ਨਾ ਹੋਵੇ ਕਿ ਦੂਸਰੇ ਵਿਅਕਤੀ ਤੇ ਇਸ ਦਾ ਕੀ ਅਸਰ ਪੈ ਰਿਹਾ ਹੈ। ਉਹ ਸ਼ਾਇਦ ਇਹ ਆਸ ਲਾ ਬੈਠੇ ਕਿ ਤੁਸੀਂ ਉਸ ਨਾਲ ਵਿਆਹ ਕਰੋਗੇ। ਇਸ ਤਰ੍ਹਾਂ ਨਾ ਹੋਣ ਤੇ ਉਸ ਦਾ ਦਿਲ ਟੁੱਟ ਸਕਦਾ ਹੈ। (ਕਹਾਉਤਾਂ 18:14) ਦੂਸਰਿਆਂ ਦੀਆਂ ਭਾਵਨਾਵਾਂ ਨਾਲ ਖੇਡਣ ਨਾਲ ਤੁਸੀਂ ਜਾਣ-ਬੁੱਝ ਕੇ ਉਸ ਤੇ ਜ਼ੁਲਮ ਕਰਦੇ ਹੋ।
19. ਫਲਰਟ ਕਰਨ ਨਾਲ ਵਿਆਹੁਤਾ ਜੀਵਨ ਉੱਤੇ ਕਿਹੜਾ ਮਾੜਾ ਅਸਰ ਪੈ ਸਕਦਾ ਹੈ?
19 ਖ਼ਾਸ ਤੌਰ ਤੇ ਵਿਆਹੇ ਲੋਕਾਂ ਨੂੰ ਫਲਰਟ ਕਰਨ ਤੋਂ ਦੂਰ ਰਹਿਣਾ ਚਾਹੀਦਾ ਹੈ। ਕਿਸੇ ਵਿਆਹੇ ਵਿਅਕਤੀ ਵਿਚ ਰੋਮਾਂਟਿਕ ਦਿਲਚਸਪੀ ਲੈਣੀ ਜਾਂ ਫਿਰ ਵਿਆਹੇ ਵਿਅਕਤੀ ਵੱਲੋਂ ਕਿਸੇ ਪਰਾਏ ਮਰਦ ਜਾਂ ਔਰਤ ਵਿਚ ਰੋਮਾਂਟਿਕ ਦਿਲਚਸਪੀ ਲੈਣੀ ਗ਼ਲਤ ਹੈ। ਦੁੱਖ ਦੀ ਗੱਲ ਹੈ ਕਿ ਕੁਝ ਮਸੀਹੀਆਂ ਨੇ ਇਹ ਗ਼ਲਤਫ਼ਹਿਮੀ ਪਾਲ ਰੱਖੀ ਹੈ ਕਿ ਆਪਣੇ ਵਿਆਹੁਤਾ ਸਾਥੀ ਨੂੰ ਛੱਡ ਦੂਸਰੇ ਮੁੰਡੇ-ਕੁੜੀਆਂ ਵਿਚ ਰੋਮਾਂਟਿਕ ਦਿਲਚਸਪੀ ਲੈਣੀ ਠੀਕ ਹੈ। ਕੁਝ ਆਪਣੇ ਦਿਲ ਦੀਆਂ ਗੱਲਾਂ ਆਪਣੇ ਜੀਵਨ ਸਾਥੀ ਨੂੰ ਨਾ ਦੱਸ ਕੇ ਆਪਣੇ ਅਜਿਹੇ ਕਿਸੇ “ਦੋਸਤ” ਨੂੰ ਦੱਸਦੇ ਹਨ। ਇਸ ਤਰ੍ਹਾਂ ਦੀ ਦੋਸਤੀ ਆਸਾਨੀ ਨਾਲ ਮੁਹੱਬਤ ਵਿਚ ਬਦਲ ਸਕਦੀ ਹੈ ਜਿਸ ਕਰਕੇ ਉਸ ਦਾ ਆਪਣੇ ਵਿਆਹੁਤਾ ਸਾਥੀ ਨਾਲ ਰਿਸ਼ਤਾ ਕਮਜ਼ੋਰ ਹੋ ਜਾਂਦਾ ਹੈ ਜਾਂ ਫਿਰ ਵਿਆਹ ਟੁੱਟ ਜਾਂਦਾ ਹੈ। ਵਿਆਹੇ ਲੋਕ ਵਿਭਚਾਰ ਬਾਰੇ ਯਿਸੂ ਦੀ ਇਸ ਵਧੀਆ ਸਲਾਹ ਨੂੰ ਯਾਦ ਰੱਖਦੇ ਹਨ ਕਿ ਵਿਭਚਾਰ ਕਰਨ ਦਾ ਵਿਚਾਰ ਪਹਿਲਾਂ ਦਿਲ ਵਿਚ ਪੈਦਾ ਹੁੰਦਾ ਹੈ। (ਮੱਤੀ 5:28) ਤਾਂ ਫਿਰ, ਆਓ ਆਪਾਂ ਆਪਣੇ ਦਿਲ ਦੀ ਚੌਕਸੀ ਕਰੀਏ ਅਤੇ ਅਜਿਹੀਆਂ ਗ਼ਲਤੀਆਂ ਨਾ ਕਰੀਏ ਜਿਨ੍ਹਾਂ ਦੇ ਗੰਭੀਰ ਨਤੀਜੇ ਨਿਕਲ ਸਕਦੇ ਹਨ।
20. ਸਾਨੂੰ ਆਪਣੀ ਨੈਤਿਕ ਸ਼ੁੱਧਤਾ ਸੰਬੰਧੀ ਕੀ ਦ੍ਰਿੜ੍ਹ ਇਰਾਦਾ ਕਰਨਾ ਚਾਹੀਦਾ ਹੈ?
20 ਇਹ ਸੱਚ ਹੈ ਕਿ ਅੱਜ ਇਸ ਬਦਕਾਰ ਦੁਨੀਆਂ ਵਿਚ ਨੈਤਿਕ ਤੌਰ ਤੇ ਸ਼ੁੱਧ ਰਹਿਣਾ ਸੌਖੀ ਗੱਲ ਨਹੀਂ ਹੈ। ਪਰ ਯਾਦ ਰੱਖੋ ਕਿ ਨੈਤਿਕ ਸ਼ੁੱਧਤਾ ਨੂੰ ਕਾਇਮ ਰੱਖਣਾ ਇਸ ਨੂੰ ਗੁਆ ਕੇ ਮੁੜ ਪ੍ਰਾਪਤ ਕਰਨ ਨਾਲੋਂ ਕਿਤੇ ਜ਼ਿਆਦਾ ਸੌਖਾ ਹੈ। ਬੇਸ਼ੱਕ ਯਹੋਵਾਹ “ਅੱਤ ਦਿਆਲੂ ਹੈ” ਅਤੇ ਸੱਚੇ ਦਿਲੋਂ ਤੋਬਾ ਕਰਨ ਵਾਲੇ ਪਾਪੀਆਂ ਨੂੰ ਮਾਫ਼ ਕਰ ਕੇ ਉਨ੍ਹਾਂ ਨੂੰ ਸ਼ੁੱਧ ਕਰ ਸਕਦਾ ਹੈ। (ਯਸਾਯਾਹ 55:7) ਪਰ ਜਿਹੜੇ ਲੋਕ ਅਨੈਤਿਕ ਕੰਮ ਕਰ ਬੈਠਦੇ ਹਨ, ਯਹੋਵਾਹ ਉਨ੍ਹਾਂ ਨੂੰ ਉਨ੍ਹਾਂ ਦੇ ਗ਼ਲਤ ਕੰਮਾਂ ਦੇ ਨਤੀਜੇ ਭੁਗਤਣ ਤੋਂ ਨਹੀਂ ਬਚਾਉਂਦਾ। ਇਨ੍ਹਾਂ ਦਾ ਅਸਰ ਸ਼ਾਇਦ ਕਈ ਸਾਲਾਂ ਤਕ ਰਹੇ ਜਾਂ ਫਿਰ ਪੂਰੀ ਜ਼ਿੰਦਗੀ ਰਹੇ। (2 ਸਮੂਏਲ 12:9-12) ਜੀ ਹਾਂ, ਆਪਣੇ ਦਿਲ ਦੀ ਵੱਡੀ ਚੌਕਸੀ ਕਰ ਕੇ ਨੈਤਿਕ ਤੌਰ ਤੇ ਸ਼ੁੱਧ ਰਹੋ। ਯਹੋਵਾਹ ਪਰਮੇਸ਼ੁਰ ਦੇ ਸਾਮ੍ਹਣੇ ਆਪਣੀ ਨੈਤਿਕ ਸ਼ੁੱਧਤਾ ਨੂੰ ਇਕ ਕੀਮਤੀ ਖ਼ਜ਼ਾਨਾ ਸਮਝੋ ਅਤੇ ਇਸ ਨੂੰ ਕਦੇ ਹੱਥੋਂ ਨਾ ਜਾਣ ਦਿਓ!
ਤੁਸੀਂ ਕੀ ਜਵਾਬ ਦਿਓਗੇ?
• ਨੈਤਿਕ ਸ਼ੁੱਧਤਾ ਕੀ ਹੈ ਅਤੇ ਇਹ ਕਿਉਂ ਇੰਨੀ ਅਨਮੋਲ ਹੈ?
• ਅਸੀਂ ਆਪਣੇ ਦਿਲ ਦੀ ਚੌਕਸੀ ਕਿਵੇਂ ਕਰ ਸਕਦੇ ਹਾਂ?
• ਹਰਾਮਕਾਰੀ ਤੋਂ ਭੱਜਣ ਦਾ ਕੀ ਮਤਲਬ ਹੈ?
• ਸਾਨੂੰ ਫਲਰਟ ਕਿਉਂ ਨਹੀਂ ਕਰਨਾ ਚਾਹੀਦਾ?
[ਸਵਾਲ]
[ਸਫ਼ੇ 11 ਉੱਤੇ ਤਸਵੀਰ]
ਕਾਰ ਖ਼ਤਰਨਾਕ ਸਾਬਤ ਹੋ ਸਕਦੀ ਹੈ ਜੇ ਇਸ ਨੂੰ ਚੰਗੀ ਤਰ੍ਹਾਂ ਨਾ ਚਲਾਇਆ ਜਾਵੇ
[ਸਫ਼ੇ 12 ਉੱਤੇ ਤਸਵੀਰ]
ਕੀ ਹੋ ਸਕਦਾ ਹੈ ਜੇ ਅਸੀਂ ਚੇਤਾਵਨੀਆਂ ਨੂੰ ਨਜ਼ਰਅੰਦਾਜ਼ ਕਰਦੇ ਹਾਂ?
[ਸਫ਼ੇ 13 ਉੱਤੇ ਤਸਵੀਰ]
ਵਿਆਹ ਤੋਂ ਪਹਿਲਾਂ ਇਕ-ਦੂਜੇ ਨੂੰ ਜਾਣਨ ਲਈ ਮੁੰਡੇ-ਕੁੜੀ ਦੇ ਮਿਲਣ ਦਾ ਸਮਾਂ ਖ਼ੁਸ਼ੀਆਂ ਭਰਿਆ ਹੁੰਦਾ ਹੈ ਜੇ ਉਹ ਨੈਤਿਕ ਤੌਰ ਤੇ ਸ਼ੁੱਧ ਰਹਿਣ; ਇਸ ਨਾਲ ਪਰਮੇਸ਼ੁਰ ਦਾ ਆਦਰ ਹੁੰਦਾ ਹੈ