ਕੀ ਧਰਮ ਮਨੁੱਖਜਾਤੀ ਦੀਆਂ ਸਮੱਸਿਆਵਾਂ ਦੀ ਜੜ੍ਹ ਹਨ?
ਕੀ ਧਰਮ ਮਨੁੱਖਜਾਤੀ ਦੀਆਂ ਸਮੱਸਿਆਵਾਂ ਦੀ ਜੜ੍ਹ ਹਨ?
“ਧਰਮ ਲੋਕਾਂ ਨੂੰ ਆਪਸ ਵਿਚ ਲੜਾਉਂਦੇ ਹਨ। ਇਹ ਨਸ਼ੇ ਵਾਂਗ ਲੋਕਾਂ ਦੀ ਜ਼ਮੀਰ ਸੁੰਨ ਕਰ ਦਿੰਦੇ ਹਨ ਅਤੇ ਇਹ ਉਨ੍ਹਾਂ ਦੇ ਮਨਾਂ ਨੂੰ ਝੂਠੀਆਂ ਉਮੀਦਾਂ ਨਾਲ ਭਰਦੇ ਹਨ। . . . ਇਹ ਲੋਕਾਂ ਨੂੰ ਤੰਗ-ਦਿਲ ਵਾਲੇ ਤੇ ਵਹਿਮੀ ਬਣਾਉਂਦੇ ਹਨ ਅਤੇ ਉਨ੍ਹਾਂ ਵਿਚ ਨਫ਼ਰਤ ਤੇ ਡਰ ਫੈਲਾਉਂਦੇ ਹਨ।” ਇਹ ਟਿੱਪਣੀ ਲਿਖਣ ਵਾਲੇ ਸਾਬਕਾ ਮੈਥੋਡਿਸਟ ਮਿਸ਼ਨਰੀ ਨੇ ਅੱਗੇ ਕਿਹਾ: “ਇਹ ਇਲਜ਼ਾਮ ਸਹੀ ਹਨ। ਬੁਰੇ ਧਰਮ ਵੀ ਹਨ ਤੇ ਚੰਗੇ ਵੀ।”
ਕਈ ਸ਼ਾਇਦ ਕਹਿਣ ਕਿ ‘ਇਸ ਤਰ੍ਹਾਂ ਕਹਿਣਾ ਠੀਕ ਨਹੀਂ ਹੈ।’ ਪਰ ਇਤਿਹਾਸ ਨੂੰ ਕੌਣ ਝੁਠਲਾ ਸਕਦਾ ਹੈ? ‘ਰੱਬ ਜਾਂ ਕਿਸੇ ਕਰਾਮਾਤੀ ਸ਼ਕਤੀ ਦੀ ਸੇਵਾ ਅਤੇ ਭਗਤੀ ਕਰਨ’ ਨੂੰ ਧਰਮ ਦਾ ਨਾਂ ਦਿੱਤਾ ਜਾਂਦਾ ਹੈ। ਪਰ ਜੇ ਅਸੀਂ ਧਰਮਾਂ ਦਾ ਇਤਿਹਾਸ ਦੇਖੀਏ, ਤਾਂ ਰੌਂਗਟੇ ਖੜ੍ਹੇ ਹੋ ਜਾਂਦੇ ਹਨ। ਧਰਮਾਂ ਨੂੰ ਚਾਹੀਦਾ ਹੈ ਕਿ ਉਹ ਲੋਕਾਂ ਨੂੰ ਚੰਗੇ ਕੰਮ ਕਰਨ ਲਈ ਉਭਾਰਨ। ਪਰ ਇਹ ਅਕਸਰ ਲੜਾਈ-ਝਗੜੇ, ਪੱਖਪਾਤ ਅਤੇ ਨਫ਼ਰਤ ਨੂੰ ਉਕਸਾਉਂਦੇ ਹਨ। ਧਰਮ ਇਸ ਤਰ੍ਹਾਂ ਕਿਉਂ ਕਰਦੇ ਹਨ?
‘ਚਾਨਣ ਦਾ ਦੂਤ’ ਧੋਖਾ ਦਿੰਦਾ ਹੈ
ਬਾਈਬਲ ਅਨੁਸਾਰ ਇਸ ਸਵਾਲ ਦਾ ਜਵਾਬ ਬਹੁਤ ਆਸਾਨ ਹੈ। ਸ਼ਤਾਨ ਨੇ ਆਪਣੇ ਆਪ ਨੂੰ “ਚਾਨਣ ਦੇ ਦੂਤ” 2 ਕੁਰਿੰਥੀਆਂ 11:14) ਯੂਹੰਨਾ ਰਸੂਲ ਨੇ ਦੱਸਿਆ ਕਿ ਸ਼ਤਾਨ ਦਾ ਲੋਕਾਂ ਉੱਤੇ ਇੰਨਾ ਜ਼ਿਆਦਾ ਪ੍ਰਭਾਵ ਹੈ ਕਿ ‘ਸਾਰਾ ਸੰਸਾਰ ਉਸ ਦੁਸ਼ਟ ਦੇ ਵੱਸ ਵਿੱਚ ਪਿਆ ਹੋਇਆ ਹੈ।’ (1 ਯੂਹੰਨਾ 5:19) ਯੂਹੰਨਾ ਜਾਣਦਾ ਸੀ ਕਿ ਸ਼ਤਾਨ “ਸਾਰੇ ਜਗਤ ਨੂੰ ਭਰਮਾਉਂਦਾ” ਹੈ।—ਪਰਕਾਸ਼ ਦੀ ਪੋਥੀ 12:9.
ਦੇ ਰੂਪ ਵਿਚ ਪ੍ਰਗਟਾ ਕੇ ਕਰੋੜਾਂ ਹੀ ਲੋਕਾਂ ਨੂੰ ਪਰਮੇਸ਼ੁਰ ਦੀਆਂ ਸਿੱਖਿਆਵਾਂ ਉੱਤੇ ਚੱਲਣ ਦੀ ਬਜਾਇ ਆਪਣੀਆਂ ਸਿੱਖਿਆਵਾਂ ਉੱਤੇ ਚੱਲਣ ਲਈ ਭਰਮਾਇਆ ਹੈ। (ਇਸ ਦੇ ਨਤੀਜੇ ਕੀ ਨਿਕਲੇ ਹਨ? ਸ਼ਤਾਨ ਨੇ ਅਜਿਹੇ ਧਰਮ ਸ਼ੁਰੂ ਕੀਤੇ ਹਨ ਜੋ ਦੇਖਣ ਨੂੰ ਪਵਿੱਤਰ ਲੱਗਦੇ ਹਨ। ਉਨ੍ਹਾਂ ਨੇ ਧਾਰਮਿਕਤਾ ਦਾ ਭੇਸ ਧਾਰਿਆ ਹੋਇਆ ਹੈ, ਪਰ ਉਨ੍ਹਾਂ ਦੇ ਬੁਰੇ ਕੰਮ ਉਨ੍ਹਾਂ ਦੀ ਅਸਲੀਅਤ ਜ਼ਾਹਰ ਕਰਦੇ ਹਨ। (2 ਤਿਮੋਥਿਉਸ 3:5; ਮੱਤੀ 7:15-20) ਧਰਮ ਲੋਕਾਂ ਦੀਆਂ ਸਮੱਸਿਆਵਾਂ ਸੁਲਝਾਉਣ ਦੀ ਬਜਾਇ ਇਨ੍ਹਾਂ ਨੂੰ ਹੋਰ ਉਲਝਾਉਂਦੇ ਹਨ।
ਪਰ ਜਲਦਬਾਜ਼ੀ ਵਿਚ ਇਹ ਸਿੱਟਾ ਨਾ ਕੱਢੋ ਕਿ ਇਹ ਗੱਲ ਗ਼ਲਤ ਜਾਂ ਬੇਤੁਕੀ ਹੈ। ਯਾਦ ਰੱਖੋ ਕਿ ਧੋਖਾ ਖਾਣ ਵਾਲਾ ਇਸ ਗੱਲ ਤੋਂ ਅਣਜਾਣ ਹੁੰਦਾ ਹੈ ਕਿ ਉਸ ਨੇ ਧੋਖਾ ਖਾਧਾ ਹੈ। ਪੌਲੁਸ ਰਸੂਲ ਨੇ ਇਸ ਅਣਜਾਣਪੁਣੇ ਦੀ ਮਿਸਾਲ ਦਿੰਦੇ ਹੋਏ ਲਿਖਿਆ ਸੀ: “ਜਿਹੜੀਆਂ ਵਸਤਾਂ ਪਰਾਈਆਂ ਕੌਮਾਂ ਚੜ੍ਹਾਉਂਦੀਆਂ ਹਨ ਸੋ ਭੂਤਾਂ ਲਈ ਚੜ੍ਹਾਉਂਦੀਆਂ ਹਨ, ਪਰਮੇਸ਼ੁਰ ਲਈ ਨਹੀਂ।” (1 ਕੁਰਿੰਥੀਆਂ 10:20) ਉਸ ਜ਼ਮਾਨੇ ਦੇ ਲੋਕਾਂ ਨੂੰ ਸ਼ਾਇਦ ਇਹ ਜਾਣ ਕੇ ਧੱਕਾ ਲੱਗਾ ਹੋਵੇਗਾ ਕਿ ਉਹ ਭੂਤਾਂ ਦੀ ਭਗਤੀ ਕਰ ਰਹੇ ਸਨ। ਉਹ ਸੋਚਦੇ ਸਨ ਕਿ ਉਹ ਚੰਗੇ ਦੇਵੀ-ਦੇਵਤਿਆਂ ਦੀ ਪੂਜਾ ਕਰ ਰਹੇ ਸਨ। ਪਰ ਅਸਲ ਵਿਚ ਉਨ੍ਹਾਂ ਨੂੰ ‘ਸੁਰਗੀ ਥਾਵਾਂ ਦੇ ਦੁਸ਼ਟ ਆਤਮਿਆਂ’ ਨੇ ਧੋਖੇ ਵਿਚ ਰੱਖਿਆ ਹੋਇਆ ਸੀ ਜੋ ਮਨੁੱਖਜਾਤੀ ਨੂੰ ਭਰਮਾਉਣ ਲਈ ਸ਼ਤਾਨ ਦਾ ਸਾਥ ਦਿੰਦੇ ਹਨ।—ਅਫ਼ਸੀਆਂ 6:12.
ਮਿਸਾਲ ਲਈ ਆਓ ਆਪਾਂ ਦੇਖੀਏ ਕਿ ਸ਼ਤਾਨ ਉਨ੍ਹਾਂ ਮਸੀਹੀਆਂ ਨੂੰ ਭਰਮਾਉਣ ਵਿਚ ਕਿਵੇਂ ਕਾਮਯਾਬ ਹੋਇਆ ਸੀ ਜਿਨ੍ਹਾਂ ਨੇ ਯੂਹੰਨਾ ਰਸੂਲ ਦੀ ਚੇਤਾਵਨੀ ਵੱਲ ਕੋਈ ਧਿਆਨ ਨਹੀਂ ਦਿੱਤਾ ਕਿ ਉਹ ਦੁਸ਼ਟ ਆਤਮਾਵਾਂ ਦੇ ਬੁਰੇ ਪ੍ਰਭਾਵਾਂ ਤੋਂ ਬਚਣ।—1 ਕੁਰਿੰਥੀਆਂ 10:12.
ਯਿਸੂ ਨੇ ਪਰਮੇਸ਼ੁਰ ਦੀ ਸਿੱਖਿਆ ਦਿੱਤੀ
ਯਿਸੂ ਨੇ ਕਿਹਾ ਸੀ: “ਮੇਰੀ ਸਿੱਖਿਆ ਮੇਰੀ ਆਪਣੀ ਨਹੀਂ ਸਗੋਂ ਉਹ ਦੀ ਹੈ ਜਿਨ੍ਹ ਮੈਨੂੰ ਘੱਲਿਆ।” (ਯੂਹੰਨਾ 7:16) ਜੀ ਹਾਂ, ਯਿਸੂ ਨੇ ਜੋ ਵੀ ਸਿਖਾਇਆ, ਉਹ ਸਰਬਸ਼ਕਤੀਮਾਨ ਪਰਮੇਸ਼ੁਰ ਵੱਲੋਂ ਸੀ। ਇਸੇ ਕਰਕੇ ਯਿਸੂ ਦੀ ਗੱਲ ਸੁਣਨ ਵਾਲੇ ਲੋਕਾਂ ਉੱਤੇ ਉਸ ਦੀਆਂ ਸਿੱਖਿਆਵਾਂ ਦਾ ਬਹੁਤ ਚੰਗਾ ਅਸਰ ਪਿਆ। ਯਿਸੂ ਦੀਆਂ ਸਿੱਖਿਆਵਾਂ ਨੇ ‘ਲੋਕਾਂ ਦੀ ਜ਼ਮੀਰ ਨੂੰ ਸੁੰਨ ਨਹੀਂ ਕੀਤਾ ਜਾਂ ਉਨ੍ਹਾਂ ਦੇ ਮਨਾਂ ਨੂੰ ਝੂਠੀਆਂ ਉਮੀਦਾਂ ਨਾਲ ਨਹੀਂ ਭਰਿਆ।’ ਸ਼ਤਾਨ ਦੇ ਧੋਖੇ ਵਿਚ ਆਉਣ ਕਰਕੇ ਇਸ ਦੁਨੀਆਂ ਦੀ “ਬੁੱਧ ਅਨ੍ਹੇਰੀ ਹੋਈ ਹੋਈ ਹੈ,” ਪਰ ਯਿਸੂ ਦੀਆਂ ਸਿੱਖਿਆਵਾਂ ਨੇ ਲੋਕਾਂ ਨੂੰ ਦੁਨੀਆਂ ਦੇ ਝੂਠੇ ਧਾਰਮਿਕ ਵਿਸ਼ਵਾਸਾਂ ਅਤੇ ਮਨੁੱਖੀ ਫ਼ਲਸਫ਼ਿਆਂ ਤੋਂ ਆਜ਼ਾਦ ਕੀਤਾ ਹੈ।—ਅਫ਼ਸੀਆਂ 4:18; ਮੱਤੀ 15:14; ਯੂਹੰਨਾ 8:31, 32.
ਸੱਚੇ ਮਸੀਹੀ ਸਿਰਫ਼ ਆਪਣੀ ਭਗਤੀ ਤੋਂ ਹੀ ਨਹੀਂ, ਸਗੋਂ ਆਪਣੀ ਨਿਹਚਾ ਤੋਂ ਵੀ ਪਛਾਣੇ ਜਾਂਦੇ ਹਨ। ਉਨ੍ਹਾਂ ਦੀ ਨਿਹਚਾ ਤੋਂ ਪਰਮੇਸ਼ੁਰ ਦੀ ਪਵਿੱਤਰ ਆਤਮਾ ਦੇ ਸ਼ਾਨਦਾਰ ਗੁਣ ਝਲਕਦੇ ਹਨ। (ਗਲਾਤੀਆਂ 5:22, 23; ਯਾਕੂਬ 1:22; 2:26) ਇਨ੍ਹਾਂ ਗੁਣਾਂ ਵਿੱਚੋਂ ਸਭ ਤੋਂ ਮਹਾਨ ਗੁਣ ਹੈ ਪਿਆਰ ਜਿਸ ਤੋਂ ਸੱਚੇ ਮਸੀਹੀਆਂ ਨੂੰ ਪਛਾਣਿਆ ਜਾ ਸਕਦਾ ਹੈ—ਯੂਹੰਨਾ 13:34, 35.
ਪਰ ਜ਼ਰਾ ਇਸ ਗੱਲ ਤੇ ਗੌਰ ਕਰੋ: ਜਦੋਂ ਮਸੀਹੀ ਕਲੀਸਿਯਾ ਬਣੀ ਸੀ, ਉਦੋਂ ਯਿਸੂ ਅਤੇ ਉਸ ਦੇ ਰਸੂਲਾਂ ਨੇ ਇਹ ਆਸ ਨਹੀਂ ਰੱਖੀ ਸੀ ਕਿ ਇਹ ਕਲੀਸਿਯਾ ਉਸੇ ਤਰ੍ਹਾਂ ਚੱਲਦੀ ਰਹੇਗੀ ਜਿਸ ਤਰ੍ਹਾਂ ਇਹ ਸ਼ੁਰੂ ਵਿਚ ਸੀ। ਉਹ ਜਾਣਦੇ ਸਨ ਕਿ ਕਲੀਸਿਯਾ ਵਿਚ ਧਰਮ-ਤਿਆਗੀ ਉੱਠਣਗੇ ਅਤੇ ਸੱਚਾ ਧਰਮ ਕੁਝ ਸਮੇਂ ਲਈ ਅਲੋਪ ਹੋ ਜਾਵੇਗਾ।
ਕੁਝ ਸਮੇਂ ਲਈ ਸੱਚੇ ਧਰਮ ਦਾ ਅਲੋਪ ਹੋਣਾ
ਯਿਸੂ ਨੇ ਕਣਕ ਅਤੇ ਜੰਗਲੀ ਬੂਟੀ ਦਾ ਦ੍ਰਿਸ਼ਟਾਂਤ ਦੇ ਕੇ ਦਿਖਾਇਆ ਸੀ ਕਿ ਸੱਚਾ ਧਰਮ ਕੁਝ ਸਮੇਂ ਲਈ ਅਲੋਪ ਹੋ ਜਾਵੇਗਾ। ਇਹ ਦ੍ਰਿਸ਼ਟਾਂਤ ਤੁਸੀਂ ਮੱਤੀ 13:24-30, 36-43 ਵਿਚ ਆਪੇ ਪੜ੍ਹ ਸਕਦੇ ਹੋ। ਯਿਸੂ ਨੇ ਖੇਤ ਵਿਚ ਕਣਕ ਦਾ “ਚੰਗਾ ਬੀ ਬੀਜਿਆ” ਸੀ ਜੋ ਉਸ ਦੇ ਵਫ਼ਾਦਾਰ ਚੇਲਿਆਂ ਨੂੰ ਦਰਸਾਉਂਦਾ ਹੈ ਜਿਨ੍ਹਾਂ ਨਾਲ ਪਹਿਲੀ ਮਸੀਹੀ ਕਲੀਸਿਯਾ ਬਣੀ ਸੀ। ਉਸ ਨੇ ਚੇਤਾਵਨੀ ਦਿੱਤੀ ਸੀ ਕਿ ਅਖ਼ੀਰ ਵਿਚ “ਵੈਰੀ” ਯਾਨੀ ਸ਼ਤਾਨ ਆ ਕੇ ਕਣਕ ਦੇ ਖੇਤ ਵਿਚ “ਜੰਗਲੀ ਬੂਟੀ” ਬੀਜ ਦੇਵੇਗਾ। ਇਹ ਜੰਗਲੀ ਬੂਟੀ ਉਨ੍ਹਾਂ ਲੋਕਾਂ ਨੂੰ ਦਰਸਾਉਂਦੀ ਸੀ ਜੋ ਯਿਸੂ ਮਸੀਹ ਨੂੰ ਮੰਨਣ ਦਾ ਦਾਅਵਾ ਤਾਂ ਕਰਦੇ ਸਨ, ਪਰ ਉਸ ਦੀਆਂ ਸਿੱਖਿਆਵਾਂ ਉੱਤੇ ਨਹੀਂ ਚੱਲਦੇ ਸਨ।
ਯਿਸੂ ਦੇ ਰਸੂਲਾਂ ਦੀ ਮੌਤ ਤੋਂ ਤੁਰੰਤ ਬਾਅਦ ਅਜਿਹੇ ਲੋਕ ਉੱਠ ਖੜ੍ਹੇ ਹੋਏ ਜੋ “ਜੰਗਲੀ ਬੂਟੀ” ਸਾਬਤ ਹੋਏ। ਇਨ੍ਹਾਂ ਲੋਕਾਂ ਨੇ “ਯਹੋਵਾਹ ਦੇ ਬਚਨ” ਦੀ ਬਜਾਇ ਗ਼ਲਤ ਸਿੱਖਿਆਵਾਂ ਨੂੰ ਪਸੰਦ ਕੀਤਾ ਸੀ। (ਯਿਰਮਿਯਾਹ 8:8, 9; ਰਸੂਲਾਂ ਦੇ ਕਰਤੱਬ 20:29, 30) ਇਸ ਦੇ ਨਤੀਜੇ ਵਜੋਂ, ਦੁਨੀਆਂ ਵਿਚ ਭ੍ਰਿਸ਼ਟ ਅਤੇ ਨਕਲੀ ਮਸੀਹੀ ਧਰਮ ਉੱਭਰ ਕੇ ਸਾਮ੍ਹਣੇ ਆਇਆ। ਬਾਈਬਲ ਦੱਸਦੀ ਹੈ ਕਿ ਇਸ ਧਰਮ ਉੱਤੇ ਉਸ “ਕੁਧਰਮੀ” ਯਾਨੀ ਭ੍ਰਿਸ਼ਟ ਪਾਦਰੀ ਵਰਗ ਦਾ ਕਬਜ਼ਾ ਸੀ ਜੋ “ਕੁਧਰਮ ਦੇ ਹਰ ਪਰਕਾਰ ਦੇ ਛਲ” ਕਰਨ ਵਿਚ ਰੁੱਝਿਆ ਹੋਇਆ ਸੀ। (2 ਥੱਸਲੁਨੀਕੀਆਂ 2:6-10) ਯਿਸੂ ਨੇ ਦੱਸਿਆ ਸੀ ਕਿ ਇਹ ਸਥਿਤੀ “ਜੁਗ ਦੇ ਅੰਤ ਦੇ ਸਮੇ” ਵਿਚ ਬਦਲ ਜਾਵੇਗੀ। ਕਣਕ ਯਾਨੀ ਸੱਚੇ ਮਸੀਹੀਆਂ ਨੂੰ ਇਕੱਠਾ ਕਰ ਲਿਆ ਜਾਵੇਗਾ ਅਤੇ “ਜੰਗਲੀ ਬੂਟੀ” ਯਾਨੀ ਨਕਲੀ ਮਸੀਹੀਆਂ ਨੂੰ ਨਾਸ਼ ਕਰ ਦਿੱਤਾ ਜਾਵੇਗਾ।
ਇਹ ਉਹੀ ਨਕਲੀ ਈਸਾਈ ਧਰਮ ਹੈ ਜੋ “ਸਦੀਆਂ ਤੋਂ ਹੋ ਰਹੇ ਯੁੱਧਾਂ ਅਤੇ ਖ਼ੂਨ-ਖ਼ਰਾਬੇ” ਲਈ ਜ਼ਿੰਮੇਵਾਰ ਹੈ। ਇਸ ਨੇ ਸਦੀਆਂ ਤੋਂ ਈਸਾਈ-ਜਗਤ ਨੂੰ ਅਧਿਆਤਮਿਕ ਹਨੇਰੇ ਵਿਚ ਰੱਖਿਆ ਹੈ। ਪਤਰਸ ਰਸੂਲ ਇਨ੍ਹਾਂ ਗੱਲਾਂ ਅਤੇ ਧਰਮ ਦੇ ਨਾਂ ਤੇ ਕੀਤੇ ਜਾਂਦੇ ਹੋਰ ਬਦਚਲਣ ਅਤੇ ਹਿੰਸਾ ਦੇ ਕੰਮਾਂ ਬਾਰੇ ਪਹਿਲਾਂ ਹੀ ਜਾਣਦਾ ਸੀ। ਇਸ ਲਈ ਉਸ ਨੇ ਠੀਕ ਹੀ ਕਿਹਾ ਸੀ ਕਿ “ਉਨ੍ਹਾਂ [ਝੂਠੇ ਮਸੀਹੀਆਂ] ਦੇ ਕਾਰਨ ਸਚਿਅਈ ਦੇ ਮਾਰਗ ਦੀ ਬਦਨਾਮੀ ਕੀਤੀ ਜਾਵੇਗੀ।”—2 ਪਤਰਸ 2:1, 2.
“ਕ੍ਰੋਧ ਤੇ ਨਫ਼ਰਤ ਦੀ ਸਿੱਖਿਆ”
ਧਰਮ ਨੂੰ ਬਦਨਾਮ ਕਰਨ ਲਈ ਸਿਰਫ਼ ਈਸਾਈ-ਜਗਤ ਹੀ ਜ਼ਿੰਮੇਵਾਰ ਨਹੀਂ ਹੈ। ਮਿਸਾਲ ਲਈ, ਸਾਬਕਾ ਨਨ ਕੈਰਨ ਆਰਮਸਟਰੌਂਗ ਕਹਿੰਦੀ ਹੈ ਕਿ ਜ਼ਰਾ ਉਨ੍ਹਾਂ ਹਠ-ਧਰਮੀਆਂ ਜਾਂ ਕੱਟੜ ਲੋਕਾਂ ਬਾਰੇ ਸੋਚੋ ਜੋ ‘ਹਰ ਧਰਮ’ ਨੇ ਪੈਦਾ ਕੀਤੇ ਹਨ। ਉਹ ਅੱਗੇ ਕਹਿੰਦੀ ਹੈ ਕਿ ਕਿਸੇ ਧਰਮ ਨੂੰ ਪਰਖਣ ਲਈ ਸਭ ਤੋਂ ਵਧੀਆ ਤਰੀਕਾ ਹੈ ਉਸ ਧਰਮ ਦੇ ਲੋਕਾਂ ਵੱਲ ਦੇਖਣਾ ਕਿ ਉਹ ਦੂਜਿਆਂ ਨਾਲ ‘ਹਮਦਰਦੀ’ ਨਾਲ ਪੇਸ਼ ਆਉਂਦੇ ਹਨ ਜਾਂ ਨਹੀਂ। ਕੱਟੜਪੰਥੀ ਧਰਮਾਂ ਦਾ ਇਸ ਸੰਬੰਧੀ ਕੀ ਰਿਕਾਰਡ ਰਿਹਾ ਹੈ? ਉਹ ਲਿਖਦੀ ਹੈ: “ਕੱਟੜਪੰਥੀ ਧਰਮ, ਭਾਵੇਂ ਯਹੂਦੀ, ਈਸਾਈ ਜਾਂ ਮੁਸਲਿਮ ਹੋਵੇ, ਇਸ ਪਰੀਖਿਆ ਵਿਚ ਅਸਫ਼ਲ ਰਹੇ ਹਨ। ਇਨ੍ਹਾਂ ਨੇ ਕ੍ਰੋਧ ਤੇ ਨਫ਼ਰਤ ਦੀ ਸਿੱਖਿਆ ਦਿੱਤੀ ਹੈ।” ਪਰ ਕੀ ਸਿਰਫ਼ “ਕੱਟੜਪੰਥੀ” ਧਰਮ ਹੀ ਇਸ ਪਰੀਖਿਆ ਵਿਚ ਅਸਫ਼ਲ ਹੋਏ ਹਨ ਅਤੇ ਇਨ੍ਹਾਂ ਨੇ “ਕ੍ਰੋਧ ਤੇ ਨਫ਼ਰਤ ਦੀ ਸਿੱਖਿਆ ਦਿੱਤੀ ਹੈ”? ਇਤਿਹਾਸ ਦੱਸਦਾ ਹੈ ਕਿ ਹੋਰਨਾਂ ਧਰਮਾਂ ਨੇ ਵੀ ਇਸ ਤਰ੍ਹਾਂ ਕੀਤਾ ਹੈ।
ਦਰਅਸਲ, ਸ਼ਤਾਨ ਨੇ ਝੂਠੇ ਧਰਮਾਂ ਦਾ ਇਕ ਵਿਸ਼ਵ ਸਾਮਰਾਜ ਖੜ੍ਹਾ ਕੀਤਾ ਹੋਇਆ ਹੈ ਜੋ ਗੁੱਸੇ ਅਤੇ ਨਫ਼ਰਤ ਨੂੰ ਭੜਕਾਉਣ ਤੇ ਬੇਹਿਸਾਬ ਲਹੂ ਵਹਾਉਣ ਲਈ ਜ਼ਿੰਮੇਵਾਰ ਹੈ। ਬਾਈਬਲ ਇਸ ਸਾਮਰਾਜ ਨੂੰ ‘ਬਾਬੁਲ ਵੱਡੀ ਨਗਰੀ, ਧਰਤੀ ਦੀਆਂ ਘਿਣਾਉਣੀਆਂ ਵਸਤਾਂ ਦੀ ਮਾਂ’ ਕਹਿੰਦੀ ਹੈ ਅਤੇ ਇਸ ਨੂੰ ਕੰਜਰੀ ਦਾ ਨਾਂ ਦਿੱਤਾ ਹੈ ਜੋ ਵਹਿਸ਼ੀ ਦਰਿੰਦੇ ਵਰਗੀ ਰਾਜਨੀਤੀ ਦੀ ਕੁਰਸੀ ਉੱਤੇ ਬੈਠੀ ਹੋਈ ਹੈ। ਧਿਆਨ ਦੇਣ ਵਾਲੀ ਗੱਲ ਹੈ ਕਿ ਇਹ ਝੂਠੇ ਧਰਮਾਂ ਦਾ ਸਾਮਰਾਜ ‘ਓਹਨਾਂ ਸਭਨਾਂ ਦੇ ਲਹੂ’ ਦਾ ਦੋਸ਼ੀ ਹੈ “ਜਿਹੜੇ ਧਰਤੀ ਉੱਤੇ ਕੋਹੇ ਗਏ ਸਨ।”—ਪਰਕਾਸ਼ ਦੀ ਪੋਥੀ 17:4-6; 18:24.
ਸਾਰੇ ਲੋਕਾਂ ਨੇ ਧੋਖਾ ਨਹੀਂ ਖਾਧਾ
ਇਤਿਹਾਸ ਇਸ ਗੱਲ ਦੀ ਗਵਾਹੀ ਦਿੰਦਾ ਹੈ ਕਿ ਸਾਰੇ ਲੋਕਾਂ ਨੇ ਧੋਖਾ ਨਹੀਂ ਖਾਧਾ। ਪਹਿਲੇ ਲੇਖ ਵਿਚ ਜ਼ਿਕਰ ਕੀਤਾ ਗਿਆ ਲੇਖਕ ਮੈਲਵਿਨ ਬ੍ਰੈਗ ਕਹਿੰਦਾ ਹੈ ਕਿ ਸਭ ਤੋਂ ਭੈੜੇ ਸਮਿਆਂ ਵਿਚ ਵੀ “ਕਈ ਚੰਗੇ ਲੋਕਾਂ ਨੇ ਬੁਰੇ ਲੋਕਾਂ ਵਿਚ ਰਹਿੰਦਿਆਂ ਹੋਇਆਂ ਨੇਕ ਕੰਮ ਕੀਤੇ।” ਸੱਚੇ ਮਸੀਹੀ “ਆਤਮਾ ਅਰ ਸਚਿਆਈ ਨਾਲ [ਪਰਮੇਸ਼ੁਰ] ਦੀ ਭਗਤੀ” ਕਰਦੇ ਰਹੇ। (ਯੂਹੰਨਾ 4:21-24) ਈਸਾਈ ਧਰਮ ਦੇ ਇਤਿਹਾਸ ਦੀ ਇਕ ਕਿਤਾਬ ਅਨੁਸਾਰ ਉਨ੍ਹਾਂ ਨੇ ਦੁਨੀਆਂ ਦੇ ਝੂਠੇ ਧਰਮਾਂ ਨਾਲ ਕੋਈ ਵਾਸਤਾ ਨਹੀਂ ਰੱਖਿਆ ਕਿਉਂਕਿ ਇਨ੍ਹਾਂ ਧਰਮਾਂ ਨੇ “ਫ਼ੌਜੀ ਤਾਕਤ ਦੀ ਹਿਮਾਇਤ” ਕਰ ਕੇ ਵਿਭਚਾਰ ਕੀਤਾ ਸੀ। ਉਨ੍ਹਾਂ ਨੇ ਚਰਚ ਅਤੇ ਸਰਕਾਰ ਦਾ ਸਾਥ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਕਿਉਂਕਿ ਇਤਿਹਾਸ ਦਿਖਾਉਂਦਾ ਹੈ ਕਿ ਚਰਚ ਅਤੇ ਸਰਕਾਰ ਦਾ “ਮੇਲ ਸ਼ਤਾਨ ਦਾ ਪ੍ਰਬੰਧ ਹੈ ਨਾ ਕਿ ਨਾਸਰਤ ਦੇ ਕਿਸੇ ਯਿਸੂ ਦਾ।”
ਹਾਲ ਹੀ ਦੇ ਸਮਿਆਂ ਵਿਚ ਯਹੋਵਾਹ ਦੇ ਗਵਾਹਾਂ ਨੇ ਚੰਗੇ ਕੰਮ ਕਰ ਕੇ ਕਾਫ਼ੀ ਮਸ਼ਹੂਰੀ ਖੱਟੀ ਹੈ। ਉਹ ਝੂਠੇ ਧਰਮਾਂ ਤੋਂ ਦੂਰ ਰਹਿਣ ਲਈ ਪਰਮੇਸ਼ੁਰ ਦੇ ਬਚਨ ਬਾਈਬਲ ਨੂੰ ਆਪਣੇ ਵਿਸ਼ਵਾਸਾਂ ਅਤੇ ਕੰਮਾਂ ਦਾ ਆਧਾਰ ਮੰਨਦੇ ਹਨ। (2 ਤਿਮੋਥਿਉਸ 3:16, 17) ਉਨ੍ਹਾਂ ਨੇ ਪਹਿਲੀ ਸਦੀ ਦੇ ਮਸੀਹੀਆਂ ਦੀ ਤਰ੍ਹਾਂ ‘ਜਗਤ ਦੇ ਨਾ ਹੋਣ’ ਬਾਰੇ ਯਿਸੂ ਦੇ ਹੁਕਮ ਨੂੰ ਮੰਨਿਆ ਹੈ। (ਯੂਹੰਨਾ 15:17-19; 17:14-16) ਮਿਸਾਲ ਲਈ, ਨਾਜ਼ੀ ਜਰਮਨੀ ਵਿਚ ਉਨ੍ਹਾਂ ਨੇ ਮਸੀਹੀ ਸਿਧਾਂਤਾਂ ਨੂੰ ਤੋੜਨ ਤੋਂ ਇਨਕਾਰ ਕਰ ਦਿੱਤਾ ਜਿਸ ਕਰਕੇ ਨਾਜ਼ੀ ਸਰਕਾਰ ਉਨ੍ਹਾਂ ਨੂੰ ਪਸੰਦ ਨਹੀਂ ਕਰਦੀ ਸੀ। ਹਿਟਲਰ ਉਨ੍ਹਾਂ ਨੂੰ ਨਫ਼ਰਤ ਕਰਦਾ ਸੀ। ਇਕ ਪਾਠ-ਪੁਸਤਕ ਦੱਸਦੀ ਹੈ: “ਯਹੋਵਾਹ ਦੇ ਗਵਾਹਾਂ ਨੇ . . . ਕਿਸੇ ਵੀ ਹਾਲਤ ਵਿਚ ਹਥਿਆਰ ਨਾ ਚੁੱਕਣ ਬਾਰੇ ਬਾਈਬਲ ਦੀ ਸਿੱਖਿਆ ਨੂੰ ਮੰਨਿਆ। ਉਨ੍ਹਾਂ ਨੇ ਫ਼ੌਜੀ ਸੇਵਾ ਕਰਨ ਜਾਂ ਨਾਜ਼ੀਆਂ ਨਾਲ ਕੋਈ ਵੀ ਵਾਸਤਾ ਰੱਖਣ ਤੋਂ ਇਨਕਾਰ ਕਰ ਦਿੱਤਾ। ਬਦਲੇ ਵਿਚ ਐੱਸ. ਐੱਸ. ਅਫ਼ਸਰਾਂ ਨੇ ਯਹੋਵਾਹ ਦੇ ਗਵਾਹਾਂ ਦੇ ਪੂਰੇ ਦੇ ਪੂਰੇ ਪਰਿਵਾਰਾਂ ਨੂੰ ਜੇਲ੍ਹਾਂ ਵਿਚ ਬੰਦ ਕਰ ਦਿੱਤਾ। [ਜਰਮਨੀ ਵਿਚ] ਯਹੋਵਾਹ ਦੇ ਗਵਾਹਾਂ ਦੀ ਕੁੱਲ ਗਿਣਤੀ ਦੇ ਤੀਜੇ ਹਿੱਸੇ ਨੂੰ ਨਜ਼ਰਬੰਦੀ ਕੈਂਪਾਂ ਵਿਚ ਕਤਲ ਕਰ ਦਿੱਤਾ ਗਿਆ।”
ਵੱਖ-ਵੱਖ ਧਰਮਾਂ ਦੇ ਹੋਰਨਾਂ ਦਲੇਰ ਵਿਅਕਤੀਆਂ ਨੇ ਵੀ ਆਪਣੇ ਵਿਸ਼ਵਾਸਾਂ ਦੀ ਖ਼ਾਤਰ ਦੁੱਖ ਝੱਲੇ ਹਨ। ਪਰ ਯਹੋਵਾਹ ਦੇ ਗਵਾਹਾਂ ਨੇ ਇਕ ਸਮੂਹ ਦੇ ਤੌਰ ਤੇ ਆਪਣੇ ਧਰਮ ਦੀ ਖ਼ਾਤਰ ਦੁੱਖ ਝੱਲੇ। ਜ਼ਿਆਦਾਤਰ ਗਵਾਹ ਬਾਈਬਲ ਦੇ ਇਸ ਮੁੱਖ ਸਿਧਾਂਤ ਤੇ ਦ੍ਰਿੜ੍ਹ ਰਹੇ: “ਮਨੁੱਖਾਂ ਦੇ ਹੁਕਮ ਨਾਲੋਂ ਪਰਮੇਸ਼ੁਰ ਦਾ ਹੁਕਮ ਮੰਨਣਾ ਜਰੂਰੀ ਹੈ।”—ਰਸੂਲਾਂ ਦੇ ਕਰਤੱਬ 5:29; ਮਰਕੁਸ 12:17.
ਸਮੱਸਿਆ ਦੀ ਜੜ੍ਹ
ਇਹ ਗੱਲ ਪੂਰੀ ਤਰ੍ਹਾਂ ਸਹੀ ਨਹੀਂ ਹੈ ਕਿ ਧਰਮ ਮਨੁੱਖਜਾਤੀ ਦੀਆਂ ਸਮੱਸਿਆਵਾਂ ਦੀ ਜੜ੍ਹ ਹਨ। ਇਨ੍ਹਾਂ ਸਮੱਸਿਆਵਾਂ ਦੀ ਜੜ੍ਹ ਹੈ ਝੂਠਾ ਧਰਮ। ਪਰ ਪਰਮੇਸ਼ੁਰ ਬਹੁਤ ਜਲਦੀ ਸਾਰੇ ਝੂਠੇ ਧਰਮਾਂ ਨੂੰ ਮਿਟਾਉਣ ਜਾ ਰਿਹਾ ਹੈ। (ਪਰਕਾਸ਼ ਦੀ ਪੋਥੀ 17:16, 17; 18:21) ਉਹ ਇਨਸਾਫ਼ ਅਤੇ ਧਾਰਮਿਕਤਾ ਨੂੰ ਪਸੰਦ ਕਰਨ ਵਾਲੇ ਲੋਕਾਂ ਨੂੰ ਹੁਕਮ ਦਿੰਦਾ ਹੈ: “ਹੇ ਮੇਰੀ ਪਰਜਾ, ਉਹ ਦੇ [ਬਾਬੁਲ ਮਹਾਨ ਯਾਨੀ ਝੂਠੇ ਧਰਮਾਂ ਦੇ ਵਿਸ਼ਵ ਸਾਮਰਾਜ] ਵਿੱਚੋਂ ਨਿੱਕਲ ਆਓ! ਮਤੇ ਤੁਸੀਂ ਉਹ ਦਿਆਂ ਪਾਪਾਂ ਦੇ ਭਾਗੀ ਬਣੋ, ਮਤੇ ਤੁਸੀਂ ਉਹ ਦੀਆਂ ਬਵਾਂ ਵਿੱਚ ਸਾਂਝੀ ਹੋਵੋ! ਉਹ ਦੇ ਪਾਪ ਤਾਂ ਅਕਾਸ਼ ਨੂੰ ਅੱਪੜ ਪਏ ਹਨ, ਅਤੇ ਪਰਮੇਸ਼ੁਰ ਨੇ ਉਹ ਦੇ ਕੁਧਰਮ ਚੇਤੇ ਕੀਤੇ ਹਨ।” (ਪਰਕਾਸ਼ ਦੀ ਪੋਥੀ 18:4, 5) ਜੀ ਹਾਂ, ਪਰਮੇਸ਼ੁਰ ਅਜਿਹੇ ਧਰਮ ਤੋਂ ਬਹੁਤ ਨਾਰਾਜ਼ ਹੁੰਦਾ ਹੈ ਜੋ ‘ਲੋਕਾਂ ਨੂੰ ਆਪਸ ਵਿਚ ਲੜਾਉਂਦਾ ਹੈ, ਉਨ੍ਹਾਂ ਦੀ ਜ਼ਮੀਰ ਨੂੰ ਸੁੰਨ ਕਰਦਾ ਹੈ, ਉਨ੍ਹਾਂ ਦੇ ਮਨਾਂ ਨੂੰ ਝੂਠੀਆਂ ਉਮੀਦਾਂ ਨਾਲ ਭਰਦਾ ਹੈ, ਉਨ੍ਹਾਂ ਨੂੰ ਤੰਗ-ਦਿਲੇ ਅਤੇ ਵਹਿਮੀ ਬਣਾਉਂਦਾ ਹੈ ਅਤੇ ਉਨ੍ਹਾਂ ਵਿਚ ਨਫ਼ਰਤ ਤੇ ਡਰ ਫੈਲਾਉਂਦਾ ਹੈ।’
ਹੁਣ ਪਰਮੇਸ਼ੁਰ ਉਨ੍ਹਾਂ ਲੋਕਾਂ ਨੂੰ ਸੱਚੇ ਧਰਮ ਵਿਚ ਇਕੱਠੇ ਕਰ ਰਿਹਾ ਹੈ ਜੋ ਸੱਚਾਈ ਨੂੰ ਪਸੰਦ ਕਰਦੇ ਹਨ। ਇਹ ਧਰਮ ਪਿਆਰ ਕਰਨ ਵਾਲੇ, ਇਨਸਾਫ਼-ਪਸੰਦ ਅਤੇ ਦਿਆਲੂ ਸ੍ਰਿਸ਼ਟੀਕਰਤਾ ਦੇ ਸਿਧਾਂਤਾਂ ਤੇ ਸਿੱਖਿਆਵਾਂ ਉੱਤੇ ਚੱਲਦਾ ਹੈ। (ਮੀਕਾਹ 4:1, 2; ਸਫ਼ਨਯਾਹ 3:8, 9; ਮੱਤੀ 13:30) ਤੁਸੀਂ ਵੀ ਇਸ ਧਰਮ ਵਿਚ ਆ ਸਕਦੇ ਹੋ। ਜੇ ਤੁਸੀਂ ਸੱਚੇ ਧਰਮ ਨੂੰ ਪਛਾਣਨ ਬਾਰੇ ਹੋਰ ਜਾਣਕਾਰੀ ਲੈਣੀ ਚਾਹੁੰਦੇ ਹੋ, ਤਾਂ ਬਿਨਾਂ ਝਿਜਕੇ ਇਸ ਰਸਾਲੇ ਦੇ ਪ੍ਰਕਾਸ਼ਕਾਂ ਨੂੰ ਲਿਖੋ ਜਾਂ ਮਦਦ ਲਈ ਯਹੋਵਾਹ ਦੇ ਕਿਸੇ ਗਵਾਹ ਨੂੰ ਪੁੱਛੋ।
[ਸਫ਼ੇ 7 ਉੱਤੇ ਤਸਵੀਰ]
ਸਾਰੇ ਪਿਛੋਕੜਾਂ ਦੇ ਲੋਕਾਂ ਨੂੰ ਸੱਚੇ ਧਰਮ ਵਿਚ ਖ਼ੁਸ਼ੀ ਮਿਲੀ ਹੈ