Skip to content

Skip to table of contents

ਦੁਖੀ ਲੋਕਾਂ ਲਈ ਦਿਲਾਸਾ

ਦੁਖੀ ਲੋਕਾਂ ਲਈ ਦਿਲਾਸਾ

ਦੁਖੀ ਲੋਕਾਂ ਲਈ ਦਿਲਾਸਾ

ਜਦੋਂ ਪੁਰਾਣੇ ਜ਼ਮਾਨੇ ਦੇ ਵਫ਼ਾਦਾਰ ਆਦਮੀ ਤੇ ਔਰਤਾਂ ਮੁਸੀਬਤਾਂ ਵਿਚ ਹੁੰਦੇ ਸਨ, ਤਾਂ ਉਹ ਅਗਵਾਈ ਲਈ ਪਰਮੇਸ਼ੁਰ ਨੂੰ ਦਿਲੋਂ ਪ੍ਰਾਰਥਨਾ ਕਰਦੇ ਸਨ। ਪਰ ਇਸ ਦੇ ਨਾਲ ਹੀ ਉਹ ਕਿਸੇ ਮੁਸੀਬਤ ਤੋਂ ਰਾਹਤ ਪਾਉਣ ਲਈ ਕਦਮ ਵੀ ਚੁੱਕਦੇ ਸਨ। ਕਈਆਂ ਨੇ ਅਤਿਆਚਾਰੀਆਂ ਤੋਂ ਬਚਣ ਲਈ ਚਤੁਰਾਈ ਵਰਤੀ ਸੀ। ਮਿਸਾਲ ਲਈ, ਦਾਊਦ ਨੇ ਯਹੋਵਾਹ ਨੂੰ ਪ੍ਰਾਰਥਨਾ ਕਰਨ ਦੇ ਨਾਲ-ਨਾਲ ਮੁਸੀਬਤ ਵੇਲੇ ਆਪਣੇ ਵੱਲੋਂ ਵੀ ਕੋਸ਼ਿਸ਼ ਕੀਤੀ ਸੀ ਜਿਸ ਕਰਕੇ ਉਹ ਮੁਸੀਬਤ ਦਾ ਸਾਮ੍ਹਣਾ ਕਰ ਸਕਿਆ। ਅੱਜ ਸਾਡੇ ਬਾਰੇ ਕੀ?

ਜਦੋਂ ਤੁਸੀਂ ਕਿਸੇ ਮੁਸੀਬਤ ਵਿਚ ਹੁੰਦੇ ਹੋ, ਤਾਂ ਜ਼ਾਹਰ ਹੈ ਕਿ ਤੁਸੀਂ ਵੀ ਆਪਣੀ ਸਮੱਸਿਆ ਨੂੰ ਸੁਲਝਾਉਣ ਲਈ ਕੁਝ ਕਦਮ ਚੁੱਕਦੇ ਹੋ। ਮਿਸਾਲ ਲਈ, ਜੇ ਤੁਸੀਂ ਬੇਰੁਜ਼ਗਾਰ ਹੋ, ਤਾਂ ਕੀ ਤੁਸੀਂ ਆਪਣਾ ਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਤੋਰਨ ਲਈ ਕਿਸੇ ਢੁਕਵੀਂ ਨੌਕਰੀ ਦੀ ਭਾਲ ਨਹੀਂ ਕਰਦੇ? (1 ਤਿਮੋਥਿਉਸ 5:8) ਜਾਂ ਜੇ ਤੁਹਾਨੂੰ ਕੋਈ ਬੀਮਾਰੀ ਹੈ, ਤਾਂ ਕੀ ਤੁਸੀਂ ਆਪਣਾ ਇਲਾਜ ਕਰਾਉਣ ਲਈ ਡਾਕਟਰ ਕੋਲ ਨਹੀਂ ਜਾਂਦੇ? ਯਿਸੂ ਕੋਲ ਹਰ ਤਰ੍ਹਾਂ ਦੀ ਬੀਮਾਰੀ ਠੀਕ ਕਰਨ ਦੀ ਤਾਕਤ ਸੀ। ਫਿਰ ਵੀ ਉਸ ਨੇ ਇਸ ਗੱਲ ਨੂੰ ਮੰਨਿਆ ਕਿ “ਰੋਗੀਆਂ ਨੂੰ ਹਕੀਮ ਦੀ ਲੋੜ ਹੈ।” (ਮੱਤੀ 9:12) ਹੋ ਸਕਦਾ ਕਿ ਤੁਹਾਨੂੰ ਹਰ ਦੁੱਖ-ਤਕਲੀਫ਼ ਤੋਂ ਛੁਟਕਾਰਾ ਨਾ ਮਿਲੇ। ਤੁਹਾਨੂੰ ਸ਼ਾਇਦ ਕੁਝ ਹੱਦ ਤਕ ਇਨ੍ਹਾਂ ਨੂੰ ਸਹਿਣਾ ਹੀ ਪਵੇਗਾ।

ਫਿਰ ਕਿਉਂ ਨਾ ਤੁਸੀਂ ਪ੍ਰਾਰਥਨਾ ਵਿਚ ਆਪਣੀ ਸਮੱਸਿਆ ਬਾਰੇ ਯਹੋਵਾਹ ਪਰਮੇਸ਼ੁਰ ਨੂੰ ਦੱਸੋ? ਮਿਸਾਲ ਲਈ, ਜਦੋਂ ਅਸੀਂ ਨੌਕਰੀ ਦੀ ਭਾਲ ਵਿਚ ਹੁੰਦੇ ਹਾਂ, ਤਾਂ ਅਸੀਂ ਪ੍ਰਾਰਥਨਾ ਕਰਨ ਦੇ ਨਾਲ-ਨਾਲ ਪਰਮੇਸ਼ੁਰ ਉੱਤੇ ਵੀ ਭਰੋਸਾ ਰੱਖਾਂਗੇ। ਅਸੀਂ ਪੈਸੇ ਦੇ ਲਾਲਚ ਵਿਚ ਆ ਕੇ ਕੋਈ ਅਜਿਹਾ ਕੰਮ ਸਵੀਕਾਰ ਨਹੀਂ ਕਰਾਂਗੇ ਜੋ ਬਾਈਬਲ ਦੇ ਸਿਧਾਂਤਾਂ ਦੇ ਉਲਟ ਹੋਵੇ। ਇਸ ਤਰ੍ਹਾਂ ਅਸੀਂ “ਨਿਹਚਾ ਦੇ ਰਾਹੋਂ ਘੁੱਥ” ਜਾਣ ਤੋਂ ਬਚਾਂਗੇ। (1 ਤਿਮੋਥਿਉਸ 6:10) ਦਰਅਸਲ ਅਸੀਂ ਨੌਕਰੀ, ਪਰਿਵਾਰ ਜਾਂ ਸਿਹਤ ਸਮੱਸਿਆਵਾਂ ਸੰਬੰਧੀ ਅਹਿਮ ਫ਼ੈਸਲੇ ਕਰਨ ਲੱਗਿਆਂ ਦਾਊਦ ਦੀ ਇਸ ਸਲਾਹ ਉੱਤੇ ਚੱਲ ਸਕਦੇ ਹਾਂ: “ਆਪਣਾ ਭਾਰ ਯਹੋਵਾਹ ਉੱਤੇ ਸੁੱਟ, ਅਤੇ ਉਹ ਤੈਨੂੰ ਸੰਭਾਲੇਗਾ, ਓਹ ਧਰਮੀ ਨੂੰ ਕਦੇ ਡੋਲਣ ਨਾ ਦੇਵੇਗਾ।”—ਜ਼ਬੂਰਾਂ ਦੀ ਪੋਥੀ 55:22.

ਦਿਲੋਂ ਪ੍ਰਾਰਥਨਾ ਕਰਨ ਨਾਲ ਅਸੀਂ ਆਪਣਾ ਮਾਨਸਿਕ ਸੰਤੁਲਨ ਵੀ ਬਣਾਈ ਰੱਖਾਂਗੇ ਤਾਂਕਿ ਸਾਡਾ ਦੁੱਖ ਸਾਡੇ ਉੱਤੇ ਹਾਵੀ ਨਾ ਹੋ ਜਾਵੇ। ਮਸੀਹੀ ਪੌਲੁਸ ਰਸੂਲ ਨੇ ਲਿਖਿਆ: “ਹਰ ਗੱਲ ਵਿੱਚ ਤੁਹਾਡੀਆਂ ਅਰਦਾਸਾਂ ਪ੍ਰਾਰਥਨਾ ਅਤੇ ਬੇਨਤੀ ਨਾਲ ਧੰਨਵਾਦ ਸਣੇ ਪਰਮੇਸ਼ੁਰ ਦੇ ਅੱਗੇ ਕੀਤੀਆਂ ਜਾਣ।” ਦਿਲੋਂ ਪ੍ਰਾਰਥਨਾ ਕਰਨ ਨਾਲ ਸਾਨੂੰ ਦਿਲਾਸਾ ਕਿਸ ਤਰ੍ਹਾਂ ਮਿਲਦਾ ਹੈ? “ਪਰਮੇਸ਼ੁਰ ਦੀ ਸ਼ਾਂਤੀ ਜੋ ਸਾਰੀ ਸਮਝ ਤੋਂ ਪਰੇ ਹੈ ਮਸੀਹ ਯਿਸੂ ਵਿੱਚ ਤੁਹਾਡਿਆਂ ਮਨਾਂ ਅਤੇ ਸੋਚਾਂ ਦੀ ਰਾਖੀ ਕਰੇਗੀ।” (ਫ਼ਿਲਿੱਪੀਆਂ 4:6, 7) ਪਰਮੇਸ਼ੁਰ ਦੀ ਸ਼ਾਂਤੀ ਜੋ “ਸਾਰੀ ਸਮਝ ਤੋਂ ਪਰੇ ਹੈ, ਸਾਨੂੰ ਮਜ਼ਬੂਤ ਬਣਾ ਸਕਦੀ ਹੈ ਜਦੋਂ ਅਸੀਂ ਜਜ਼ਬਾਤਾਂ ਦੇ ਬੋਝ ਥੱਲੇ ਦੱਬ ਜਾਂਦੇ ਹਾਂ। ਇਹ ‘ਸਾਡੇ ਮਨਾਂ ਅਤੇ ਸੋਚਾਂ ਦੀ ਰਾਖੀ’ ਕਰੇਗੀ। ਇਸ ਤਰ੍ਹਾਂ, ਅਸੀਂ ਜਲਦਬਾਜ਼ੀ ਤੇ ਨਾਸਮਝੀ ਨਾਲ ਕੋਈ ਕੰਮ ਨਹੀਂ ਕਰਾਂਗੇ ਜੋ ਸਾਡੀ ਸਮੱਸਿਆ ਨੂੰ ਹੋਰ ਵਧਾ ਸਕਦਾ ਹੈ।

ਪ੍ਰਾਰਥਨਾ ਸਾਡੇ ਹਾਲਾਤਾਂ ਨੂੰ ਨਵਾਂ ਮੋੜ ਵੀ ਦੇ ਸਕਦੀ ਹੈ। ਜਦੋਂ ਪੌਲੁਸ ਰਸੂਲ ਨੂੰ ਰੋਮ ਵਿਚ ਬੰਦੀ ਬਣਾ ਲਿਆ ਗਿਆ ਸੀ, ਤਾਂ ਉਸ ਨੇ ਨਿਮਰਤਾ ਨਾਲ ਭੈਣ-ਭਰਾਵਾਂ ਨੂੰ ਕਿਹਾ ਕਿ ਉਹ ਉਸ ਲਈ ਪ੍ਰਾਰਥਨਾ ਕਰਨ। ਪੌਲੁਸ ਨੇ ਉਨ੍ਹਾਂ ਨੂੰ ਇਹ ਬੇਨਤੀ ਕਿਉਂ ਕੀਤੀ ਸੀ? ਪੌਲੁਸ ਨੇ ਉਨ੍ਹਾਂ ਨੂੰ ਲਿਖਿਆ: “ਮੈਂ ਹੋਰ ਵੀ ਮਿੰਨਤ ਨਾਲ ਬੇਨਤੀ ਕਰਦਾ ਹਾਂ ਭਈ ਤੁਸੀਂ ਇਹ ਕਰੋ ਤਾਂ ਜੋ ਮੈਂ ਤੁਹਾਡੇ ਕੋਲ ਮੁੜ ਛੇਤੀ ਪੁਚਾਇਆ ਜਾਵਾਂ।” (ਇਬਰਾਨੀਆਂ 13:19) ਦੂਜੇ ਸ਼ਬਦਾਂ ਵਿਚ, ਪੌਲੁਸ ਜਾਣਦਾ ਸੀ ਕਿ ਉਸ ਦੇ ਭੈਣ-ਭਰਾਵਾਂ ਦੁਆਰਾ ਕੀਤੀਆਂ ਨਿਰੰਤਰ ਪ੍ਰਾਰਥਨਾਵਾਂ ਨੂੰ ਯਹੋਵਾਹ ਸੁਣੇਗਾ ਜਿਸ ਦਾ ਇਸ ਗੱਲ ਉੱਤੇ ਅਸਰ ਪੈ ਸਕਦਾ ਸੀ ਕਿ ਪੌਲੁਸ ਕਦੋਂ ਰਿਹਾ ਹੋਵੇਗਾ।—ਫਿਲੇਮੋਨ 22.

ਕੀ ਪ੍ਰਾਰਥਨਾ ਕਰਨ ਨਾਲ ਸਾਡੇ ਦੁੱਖਾਂ-ਤਕਲੀਫ਼ਾਂ ਦਾ ਅੰਜਾਮ ਬਦਲ ਸਕਦਾ ਹੈ? ਸ਼ਾਇਦ ਹਾਂ। ਪਰ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਯਹੋਵਾਹ ਪਰਮੇਸ਼ੁਰ ਸ਼ਾਇਦ ਉਸ ਤਰੀਕੇ ਨਾਲ ਜਵਾਬ ਨਾ ਦੇਵੇ ਜਿੱਦਾਂ ਅਸੀਂ ਚਾਹੁੰਦੇ ਹਾਂ। ਪੌਲੁਸ ਨੇ ਕਈ ਵਾਰੀ ਆਪਣੇ ‘ਸਰੀਰ ਵਿੱਚ ਇੱਕ ਕੰਡੇ’ ਬਾਰੇ ਪ੍ਰਾਰਥਨਾ ਕੀਤੀ ਸੀ। ਹੋ ਸਕਦਾ ਹੈ ਕਿ ਇਹ ਕੋਈ ਸਰੀਰਕ ਸਮੱਸਿਆ ਸੀ। ਪਰ ਪਰਮੇਸ਼ੁਰ ਨੇ ਇਸ ਸਮੱਸਿਆ ਨੂੰ ਹਟਾਉਣ ਦੀ ਬਜਾਇ ਪੌਲੁਸ ਨੂੰ ਕਿਹਾ: “ਮੇਰੀ ਕਿਰਪਾ ਹੀ ਤੇਰੇ ਲਈ ਬਥੇਰੀ ਹੈ ਕਿਉਂ ਜੋ ਮੇਰੀ ਸਮਰੱਥਾ ਨਿਰਬਲਤਾਈ ਵਿੱਚ ਪੂਰੀ ਹੁੰਦੀ ਹੈ।”—2 ਕੁਰਿੰਥੀਆਂ 12:7-9.

ਇਸ ਦਾ ਮਤਲਬ ਹੈ ਕਿ ਸ਼ਾਇਦ ਸਾਡੀ ਸਮੱਸਿਆ ਦਾ ਹੱਲ ਇਕਦਮ ਨਾ ਹੋਵੇ। ਪਰ ਉਸ ਵੇਲੇ ਸਾਡੇ ਕੋਲ ਇਹ ਸਾਬਤ ਕਰਨ ਦਾ ਮੌਕਾ ਹੋਵੇਗਾ ਕਿ ਅਸੀਂ ਆਪਣੇ ਸਵਰਗੀ ਪਿਤਾ ਉੱਤੇ ਭਰੋਸਾ ਰੱਖਦੇ ਹਾਂ। (ਯਾਕੂਬ 1:2-4) ਇਹ ਵੀ ਯਕੀਨ ਰੱਖੋ ਕਿ ਭਾਵੇਂ ਯਹੋਵਾਹ ਪਰਮੇਸ਼ੁਰ ਸਾਡੇ ਦੁੱਖਾਂ ਨੂੰ ਨਾ ਵੀ ਹਟਾਏ, ਤਾਂ ਵੀ ਉਹ ਸਾਡੇ ਲਈ ਦੁੱਖਾਂ ਨੂੰ ‘ਝੱਲਣ ਦਾ ਉਪਾਓ ਕੱਢ’ ਸਕਦਾ ਹੈ। (1 ਕੁਰਿੰਥੀਆਂ 10:13) ਯਾਦ ਰੱਖੋ ਕਿ ਯਹੋਵਾਹ “ਸਰਬ ਦਿਲਾਸੇ ਦਾ ਪਰਮੇਸ਼ੁਰ ਹੈ ਜੋ ਸਾਡੀਆਂ ਸਾਰੀਆਂ ਬਿਪਤਾਂ ਵਿੱਚ ਸਾਨੂੰ ਦਿਲਾਸਾ ਦਿੰਦਾ ਹੈ।” (2 ਕੁਰਿੰਥੀਆਂ 1:3, 4) ਪਰਮੇਸ਼ੁਰ ਸਾਨੂੰ ਦੁੱਖਾਂ ਨੂੰ ਸਹਿਣ ਦੀ ਤਾਕਤ ਦੇ ਸਕਦਾ ਹੈ। ਇਸ ਤੋਂ ਇਲਾਵਾ, ਸਾਡੇ ਕੋਲ ਹਮੇਸ਼ਾ ਜੀਉਂਦੇ ਰਹਿਣ ਦੀ ਵੀ ਉਮੀਦ ਹੈ।

ਪਰਮੇਸ਼ੁਰ ਦੇ ਬਚਨ ਬਾਈਬਲ ਵਿਚ ਵਾਅਦਾ ਕੀਤਾ ਗਿਆ ਹੈ ਕਿ ਯਹੋਵਾਹ ਇਨਸਾਨਾਂ ਦੀਆਂ ‘ਅੱਖੀਆਂ ਤੋਂ ਹਰੇਕ ਅੰਝੂ ਪੂੰਝੇਗਾ ਅਤੇ ਅਗਾਹਾਂ ਨੂੰ ਮੌਤ ਨਾ ਹੋਵੇਗੀ, ਨਾ ਅਗਾਹਾਂ ਨੂੰ ਸੋਗ ਨਾ ਰੋਣਾ ਨਾ ਦੁਖ ਹੋਵੇਗਾ।’ (ਪਰਕਾਸ਼ ਦੀ ਪੋਥੀ 21:3, 4) ਕੀ ਤੁਹਾਨੂੰ ਇਸ ਤਰ੍ਹਾਂ ਦੀ ਦੁਨੀਆਂ ਦੀ ਕਲਪਨਾ ਕਰਨੀ ਮੁਸ਼ਕਲ ਲੱਗਦੀ ਹੈ ਜਿੱਥੇ ਕੋਈ ਦੁੱਖ-ਤਕਲੀਫ਼ ਨਹੀਂ ਹੋਵੇਗੀ? ਜੇ ਤੁਸੀਂ ਹਮੇਸ਼ਾ ਦੁੱਖਾਂ-ਤਕਲੀਫ਼ਾਂ ਨਾਲ ਘਿਰੇ ਰਹਿੰਦੇ ਹੋ, ਤਾਂ ਸ਼ਾਇਦ ਅਜਿਹੀ ਸੋਹਣੀ ਦੁਨੀਆਂ ਦੀ ਕਲਪਨਾ ਕਰਨੀ ਤੁਹਾਨੂੰ ਮੁਸ਼ਕਲ ਲੱਗੇ। ਪਰ ਇਹ ਵਾਅਦਾ ਪਰਮੇਸ਼ੁਰ ਨੇ ਕੀਤਾ ਹੈ ਕਿ ਉਹ ਲੋਕਾਂ ਨੂੰ ਡਰ ਅਤੇ ਬਿਪਤਾਵਾਂ ਤੋਂ ਛੁਟਕਾਰਾ ਦਿਲਾਵੇਗਾ ਅਤੇ ਉਸ ਦਾ ਇਹ ਮਕਸਦ ਜ਼ਰੂਰ ਪੂਰਾ ਹੋਵੇਗਾ।—ਯਸਾਯਾਹ 55:10, 11.

[ਸਫ਼ੇ 9 ਉੱਤੇ ਤਸਵੀਰ]

ਨਿਰਾਸ਼ਾ ਤੋਂ ਰਾਹਤ ਤਕ