Skip to content

Skip to table of contents

“ਦੁਨੀਆਂ ਦੇ ਗੱਭੇ” ਇਕ ਸੰਮੇਲਨ

“ਦੁਨੀਆਂ ਦੇ ਗੱਭੇ” ਇਕ ਸੰਮੇਲਨ

ਦੁਨੀਆਂ ਦੇ ਗੱਭੇ” ਇਕ ਸੰਮੇਲਨ

“ਟੇ ਪੀਟੋ ਓ ਟੇ ਹੇਨੂਆ।” ਕੀ ਤੁਸੀਂ ਕਦੇ ਇਹ ਸ਼ਬਦ ਸੁਣੇ ਹਨ? ਈਸਟਰ ਟਾਪੂ ਉੱਤੇ ਬੋਲੀ ਜਾਂਦੀ ਰਾਪਾ ਨੂਈ ਭਾਸ਼ਾ ਵਿਚ ਇਨ੍ਹਾਂ ਸ਼ਬਦਾਂ ਦਾ ਮਤਲਬ ਹੈ, “ਦੁਨੀਆਂ ਦੇ ਗੱਭੇ।” ਕੁਝ ਸਮਾਂ ਪਹਿਲਾਂ ਇਸ ਟਾਪੂ ਉੱਤੇ ਇਕ ਸੰਮੇਲਨ ਹੋਇਆ ਸੀ। ਇਸ ਵਿਚ ਕਿਹੜੀ ਖ਼ਾਸ ਗੱਲ ਸੀ?

ਈਸਟਰ ਟਾਪੂ ਨੂੰ ਰਾਪਾ ਨੂਈ ਵੀ ਕਿਹਾ ਜਾਂਦਾ ਹੈ। ਇਹ ਟਾਪੂ ਇਕ ਬਹੁਤ ਹੀ ਅਸਚਰਜ ਤੇ ਅਨੋਖੀ ਥਾਂ ਹੈ ਜੋ ਬਾਕੀ ਦੁਨੀਆਂ ਤੋਂ ਦੂਰ ਦੱਖਣੀ ਸ਼ਾਂਤ ਮਹਾਂਸਾਗਰ ਵਿਚ ਸਥਿਤ ਹੈ। ਇਹ ਸੈਂਟੀਆਗੋ, ਚਿੱਲੀ ਤੋਂ 3,790 ਕਿਲੋਮੀਟਰ ਦੂਰ ਹੈ। ਇਸ ਦੂਰ-ਦੁਰਾਡੇ ਟਾਪੂ ਨੂੰ 9 ਸਤੰਬਰ 1888 ਵਿਚ ਚਿੱਲੀ ਦਾ ਸਿਆਸੀ ਸੂਬਾ ਕਰਾਰ ਦਿੱਤਾ ਗਿਆ ਸੀ।

ਤਿਕੋਣੇ ਆਕਾਰ ਵਾਲੇ ਇਸ ਟਾਪੂ ਦਾ ਖੇਤਰਫਲ ਲਗਭਗ 170 ਵਰਗ ਕਿਲੋਮੀਟਰ ਹੈ। ਸ਼ਾਂਤ ਮਹਾਂਸਾਗਰ ਦੇ ਬਾਕੀ ਕਈ ਟਾਪੂਆਂ ਵਾਂਗ, ਇਹ ਟਾਪੂ ਵੀ ਸਾਗਰ ਵਿਚ ਖੜ੍ਹੇ ਵਿਸ਼ਾਲ ਪਹਾੜਾਂ ਦੀਆਂ ਟੀਸੀਆਂ ਉੱਤੇ ਸਥਿਤ ਹੈ। ਅਸਲ ਵਿਚ ਇਹ ਤਿੰਨ ਸ਼ਾਂਤ ਜਵਾਲਾਮੁਖੀ ਪਹਾੜਾਂ ਨੂੰ ਮਿਲਾ ਕੇ ਬਣਿਆ ਹੈ। ਇਸ ਟਾਪੂ ਨੂੰ ਸੁਰੱਖਿਅਤ ਰੱਖਣ ਲਈ ਇਸ ਨੂੰ ਇਕ ਇਤਿਹਾਸਕ ਜਗ੍ਹਾ ਕਰਾਰ ਦਿੱਤਾ ਗਿਆ ਹੈ। ਇਹ ਖ਼ਾਸਕਰ ਪੱਥਰ ਦੀਆਂ ਬਣੀਆਂ ਹੈਰਾਨੀਜਨਕ ਮੂਰਤਾਂ ਲਈ ਮਸ਼ਹੂਰ ਹੈ ਜਿਨ੍ਹਾਂ ਨੂੰ ਮੋਈ ਕਿਹਾ ਜਾਂਦਾ ਹੈ। *

ਈਸਟਰ ਟਾਪੂ ਆਪਣੇ ਮਨਮੋਹਕ ਨਜ਼ਾਰਿਆਂ ਅਤੇ ਇਤਿਹਾਸਕ ਥਾਵਾਂ ਤੋਂ ਇਲਾਵਾ ਕਈ ਪ੍ਰਕਾਰ ਦੇ ਫਲ-ਸਬਜ਼ੀਆਂ ਲਈ ਵੀ ਮਸ਼ਹੂਰ ਹੈ। ਇੱਥੇ ਅਨਾਨਾਸ, ਐਵੋਕਾਡੋ, ਪਪੀਤਾ ਅਤੇ ਨੌਂ ਕਿਸਮ ਦੇ ਕੇਲੇ ਮਿਲਦੇ ਹਨ। ਇਸ ਤੋਂ ਇਲਾਵਾ, ਇਸ ਟਾਪੂ ਦੇ ਵਾਸੀ ਕਈ ਕਿਸਮ ਦੀਆਂ ਮੱਛੀਆਂ ਅਤੇ ਹੋਰ ਸਮੁੰਦਰੀ ਭੋਜਨ ਦਾ ਵੀ ਮਜ਼ਾ ਲੈਂਦੇ ਹਨ।

ਈਸਟਰ ਟਾਪੂ ਦਾ ਮੌਸਮ ਬਹੁਤ ਹੀ ਸੁਹਾਵਣਾ ਹੈ। ਇੱਥੇ ਬਾਕਾਇਦਾ ਮੀਂਹ ਪੈਂਦਾ ਹੈ ਜਿਸ ਮਗਰੋਂ ਆਸਮਾਨ ਵਿਚ ਅਕਸਰ ਸਤਰੰਗੀ ਪੀਂਘ ਨਜ਼ਰ ਆਉਂਦੀ ਹੈ। ਸਿੱਟੇ ਵਜੋਂ ਸੈਲਾਨੀ ਸਾਫ਼ ਹਵਾ ਅਤੇ ਸੋਹਣੇ ਨਜ਼ਾਰਿਆਂ ਦਾ ਆਨੰਦ ਮਾਣ ਸਕਦੇ ਹਨ। ਇਸ ਸਮੇਂ ਈਸਟਰ ਟਾਪੂ ਦੀ ਜਨਸੰਖਿਆ ਲਗਭਗ 3,800 ਹੈ। ਇਸ ਟਾਪੂ ਤੇ ਆ ਕੇ ਵੱਸਣ ਵਾਲੇ ਪਹਿਲੇ ਲੋਕ ਪੌਲੀਨੀਸ਼ੀਅਨ ਸਨ ਅਤੇ ਉਨ੍ਹਾਂ ਦੀ ਸੰਤਾਨ ਅੱਜ ਵੀ ਇਸ ਟਾਪੂ ਉੱਤੇ ਰਹਿੰਦੀ ਹੈ। ਉਨ੍ਹਾਂ ਤੋਂ ਇਲਾਵਾ ਇੱਥੇ ਯੂਰਪੀ, ਚਿੱਲੀਅਨ ਅਤੇ ਹੋਰ ਨਸਲ ਦੇ ਲੋਕ ਵੀ ਰਹਿੰਦੇ ਹਨ। ਯੂਰਪ ਤੇ ਏਸ਼ੀਆ ਤੋਂ ਸੈਂਕੜੇ ਲੋਕ ਸੈਰ-ਸਪਾਟੇ ਲਈ ਇੱਥੇ ਆਉਂਦੇ ਹਨ ਅਤੇ ਟੂਰਿਜ਼ਮ ਹੀ ਈਸਟਰ ਟਾਪੂ ਦੀ ਆਮਦਨ ਦਾ ਮੁੱਖ ਸਾਧਨ ਹੈ।

ਟਾਪੂ ਉੱਤੇ ਰਾਜ ਦੀ ਖ਼ੁਸ਼ ਖ਼ਬਰੀ ਪਹੁੰਚੀ

ਯਹੋਵਾਹ ਦੇ ਗਵਾਹਾਂ ਦੀ 1982 ਯੀਅਰ ਬੁੱਕ (ਅੰਗ੍ਰੇਜ਼ੀ) ਵਿਚ ਇਹ ਰਿਪੋਰਟ ਦਿੱਤੀ ਗਈ ਸੀ: “ਕੁਝ ਸਮੇਂ ਤਕ ਈਸਟਰ ਟਾਪੂ ਉੱਤੇ ਇੱਕੋ-ਇਕ ਪ੍ਰਕਾਸ਼ਕ ਸੀ। [ਚਿੱਲੀ ਦੇ] ਸ਼ਾਖ਼ਾ ਦਫ਼ਤਰ ਵਿਚ ਰਹਿ ਰਹੀ ਇਕ ਮਿਸ਼ਨਰੀ ਭੈਣ ਚਿੱਠੀਆਂ ਰਾਹੀਂ ਉਸ ਦੀ ਹੌਸਲਾ-ਅਫ਼ਜ਼ਾਈ ਕਰਦੀ ਸੀ। ਹੁਣ ਉਹ ਪ੍ਰਕਾਸ਼ਕ ਟਾਪੂ ਛੱਡ ਕੇ ਚਿੱਲੀ ਵਾਪਸ ਆ ਗਈ ਹੈ, ਪਰ ਉਸ ਟਾਪੂ ਉੱਤੇ ਅਜੇ ਵੀ ਕਈ ਲੋਕ ਪਹਿਰਾਬੁਰਜ ਰਸਾਲਾ ਡਾਕ ਰਾਹੀਂ ਮੰਗਵਾਉਂਦੇ ਹਨ। ਅਪ੍ਰੈਲ 1980 ਵਿਚ ਸਾਨੂੰ ਉਦੋਂ ਬੜੀ ਹੈਰਾਨੀ ਹੋਈ ਜਦੋਂ ਈਸਟਰ ਟਾਪੂ ਤੋਂ ਇਕ ਆਦਮੀ ਨੇ ਇਹ ਪੁੱਛਣ ਲਈ ਸਾਨੂੰ ਫ਼ੋਨ ਕੀਤਾ ਕਿ ਮਸੀਹ ਦੀ ਮੌਤ ਦੀ ਯਾਦਗਾਰ ਕਿਹੜੇ ਦਿਨ ਮਨਾਈ ਜਾਣੀ ਸੀ। ਉਸੇ ਸਾਲ, ਵਾਲਪੈਰੇਜ਼ੋ ਸ਼ਹਿਰ ਦਾ ਰਹਿਣ ਵਾਲਾ ਇਕ ਵਿਆਹੁਤਾ ਜੋੜਾ ਈਸਟਰ ਟਾਪੂ ਤੇ ਜਾ ਕੇ ਰਹਿਣ ਲੱਗਾ। ਉਹ ਪਤੀ-ਪਤਨੀ ਹੁਣ ਕਈ ਲੋਕਾਂ ਨਾਲ ਬਾਈਬਲ ਅਧਿਐਨ ਕਰ ਰਹੇ ਹਨ। ਅਪ੍ਰੈਲ 1981 ਵਿਚ ਇਸ ਟਾਪੂ ਉੱਤੇ ਪਹਿਲੀ ਵਾਰ ਮਸੀਹ ਦੀ ਮੌਤ ਦੀ ਯਾਦਗਾਰ ਮਨਾਈ ਗਈ ਜਿਸ ਵਿਚ 13 ਲੋਕ ਮੌਜੂਦ ਸਨ। ਸਾਨੂੰ ਇਹ ਜਾਣ ਕੇ ਬਹੁਤ ਖ਼ੁਸ਼ੀ ਹੋਈ ਕਿ ਇਸ ਦੂਰ-ਦੁਰਾਡੇ ਟਾਪੂ ਉੱਤੇ ਵੀ ‘ਖ਼ੁਸ਼ ਖ਼ਬਰੀ’ ਪਹੁੰਚ ਗਈ ਹੈ!”

ਬਾਅਦ ਵਿਚ 30 ਜਨਵਰੀ 1991 ਨੂੰ ਚਿੱਲੀ ਦੇ ਸ਼ਾਖ਼ਾ ਦਫ਼ਤਰ ਨੇ ਇਕ ਵਿਸ਼ੇਸ਼ ਪਾਇਨੀਅਰ ਜੋੜੇ, ਡਾਰਯੋ ਅਤੇ ਵਿਨੀ ਫ਼ਰਨੈਂਡਸ ਨੂੰ ਈਸਟਰ ਟਾਪੂ ਤੇ ਘੱਲਿਆ। ਭਰਾ ਫ਼ਰਨੈਂਡਸ ਚੇਤੇ ਕਰਦਾ ਹੈ: “ਹਵਾਈ-ਜਹਾਜ਼ ਵਿਚ ਪੰਜ ਘੰਟੇ ਸਫ਼ਰ ਕਰ ਕੇ ਅਸੀਂ ਧਰਤੀ ਦੇ ਇਸ ਦੂਰ-ਦੁਰਾਡੇ ਇਲਾਕੇ ਵਿਚ ਪਹੁੰਚੇ ਜਿਸ ਦੇ ਸਭਿਆਚਾਰ ਤੋਂ ਅਸੀਂ ਬਿਲਕੁਲ ਅਣਜਾਣ ਸਾਂ।” ਉੱਥੇ ਉਸ ਸਮੇਂ ਟਾਪੂ ਦਾ ਹੀ ਰਹਿਣ ਵਾਲਾ ਇਕ ਭਰਾ ਸੀ ਅਤੇ ਹਾਲ ਹੀ ਵਿਚ ਇਕ ਭੈਣ ਆਪਣੇ ਦੋ ਬੱਚਿਆਂ ਨਾਲ ਉਸ ਟਾਪੂ ਤੇ ਰਹਿਣ ਲਈ ਆਈ ਸੀ। ਉਨ੍ਹਾਂ ਦੀ ਮਦਦ ਨਾਲ ਭਰਾ ਫ਼ਰਨੈਂਡਸ ਨੇ ਤੁਰੰਤ ਸਭਾਵਾਂ ਅਤੇ ਪ੍ਰਚਾਰ ਦੇ ਕੰਮ ਦਾ ਇੰਤਜ਼ਾਮ ਕੀਤਾ। ਯਹੋਵਾਹ ਦੀ ਬਰਕਤ ਨਾਲ ਉਨ੍ਹਾਂ ਦੀ ਮਿਹਨਤ ਫਲ ਲਿਆਈ। ਕਈ ਲੋਕਾਂ ਨੇ ਆਪਣੇ ਪਰਿਵਾਰ ਦੇ ਵਿਰੋਧ, ਧਾਰਮਿਕ ਦਬਾਵਾਂ ਅਤੇ ਗ਼ਲਤ ਜੀਵਨ-ਢੰਗ ਨੂੰ ਬਦਲਣ ਦੀ ਔਖਿਆਈ ਦੇ ਬਾਵਜੂਦ ਸੱਚਾਈ ਨੂੰ ਸਵੀਕਾਰ ਕੀਤਾ। ਜਦੋਂ ਡਾਰਯੋ ਅਤੇ ਵਿਨੀ ਫ਼ਰਨੈਂਡਸ ਦੇ ਮੁੰਡਾ ਹੋਇਆ, ਤਾਂ ਮੁੰਡੇ ਦੀ ਪਰਵਰਿਸ਼ ਕਰਨ ਲਈ ਉਨ੍ਹਾਂ ਨੂੰ ਪਾਇਨੀਅਰੀ ਛੱਡਣੀ ਪਈ। ਉਨ੍ਹਾਂ ਨੇ ਈਸਟਰ ਟਾਪੂ ਤੇ ਹੀ ਰਹਿਣ ਦਾ ਫ਼ੈਸਲਾ ਕੀਤਾ। ਅੱਜ ਉੱਥੇ 32 ਭੈਣ-ਭਰਾ ਹਨ ਜੋ ਬੜੀ ਖ਼ੁਸ਼ੀ ਨਾਲ ਰਾਜ ਦਾ ਪ੍ਰਚਾਰ ਕਰ ਰਹੇ ਹਨ। ਇਨ੍ਹਾਂ ਵਿਚ ਕਈ ਭੈਣ-ਭਰਾ ਰਾਪਾ ਨੂਈ ਦੇ ਮੂਲ ਨਿਵਾਸੀ ਹਨ। ਦੂਸਰੇ ਭੈਣ-ਭਰਾ ਹੋਰਨਾਂ ਥਾਵਾਂ ਤੋਂ ਆ ਕੇ ਇੱਥੇ ਵਸ ਗਏ ਹਨ ਜਾਂ ਇਹ ਉਹ ਪ੍ਰਕਾਸ਼ਕ ਹਨ ਜੋ ਖ਼ਾਸਕਰ ਪ੍ਰਚਾਰ ਦੇ ਕੰਮ ਵਿਚ ਮਦਦ ਕਰਨ ਲਈ ਇੱਥੇ ਆਏ ਹਨ।

ਸਰਕਟ ਸੰਮੇਲਨ ਦੀਆਂ ਤਿਆਰੀਆਂ

ਦੱਖਣੀ ਅਮਰੀਕਾ ਮਹਾਂਦੀਪ ਤੋਂ ਕੋਹਾਂ ਦੂਰ ਹੋਣ ਕਰਕੇ ਈਸਟਰ ਟਾਪੂ ਦੇ ਭੈਣ-ਭਰਾਵਾਂ ਲਈ ਸੰਮੇਲਨਾਂ ਵਿਚ ਜਾਣਾ ਮੁਮਕਿਨ ਨਹੀਂ ਸੀ। ਇਸ ਲਈ, ਸਾਲ ਵਿਚ ਤਿੰਨ ਵਾਰ ਇੱਥੇ ਦੀ ਕਲੀਸਿਯਾ ਨੂੰ ਖ਼ਾਸ ਸੰਮੇਲਨ ਦਿਨ, ਸਰਕਟ ਸੰਮੇਲਨ ਅਤੇ ਜ਼ਿਲ੍ਹਾ ਸੰਮੇਲਨ ਪ੍ਰੋਗ੍ਰਾਮਾਂ ਦੀਆਂ ਵਿਡਿਓ ਟੇਪਾਂ ਭੇਜੀਆਂ ਜਾਂਦੀਆਂ ਸਨ। ਪਰ ਸਾਲ 2000 ਦੇ ਅਖ਼ੀਰ ਵਿਚ ਚਿੱਲੀ ਦੀ ਬ੍ਰਾਂਚ ਕਮੇਟੀ ਨੇ ਈਸਟਰ ਟਾਪੂ ਉੱਤੇ ਪਹਿਲਾ ਸੰਮੇਲਨ ਕਰਨ ਬਾਰੇ ਵਿਚਾਰ ਕੀਤਾ। ਅੰਤ ਵਿਚ ਇਹ ਫ਼ੈਸਲਾ ਕੀਤਾ ਗਿਆ ਕਿ ਨਵੰਬਰ 2001 ਵਿਚ ਟਾਪੂ ਉੱਤੇ ਸਰਕਟ ਸੰਮੇਲਨ ਕੀਤਾ ਜਾਵੇਗਾ। ਚਿੱਲੀ ਦੇ ਵੱਖ-ਵੱਖ ਹਿੱਸਿਆਂ ਤੋਂ ਕੁਝ ਭੈਣ-ਭਰਾਵਾਂ ਨੂੰ ਇਸ ਸੰਮੇਲਨ ਵਿਚ ਜਾਣ ਦਾ ਸੱਦਾ ਦਿੱਤਾ ਗਿਆ ਸੀ। ਹਵਾਈ-ਜਹਾਜ਼ ਦੀ ਸਮਾਂ-ਸਾਰਣੀ ਕਰਕੇ ਇਹ ਸੰਮੇਲਨ ਐਤਵਾਰ ਅਤੇ ਸੋਮਵਾਰ ਨੂੰ ਰੱਖਿਆ ਗਿਆ ਸੀ।

ਦੱਖਣੀ ਅਮਰੀਕਾ ਤੋਂ 33 ਭੈਣ-ਭਰਾਵਾਂ ਨੂੰ ਇਸ ਸੰਮੇਲਨ ਵਿਚ ਆਉਣ ਦਾ ਸੱਦਾ ਮਿਲਿਆ ਸੀ। ਉਹ ਇਸ ਦੂਰ-ਦੁਰੇਡੇ ਟਾਪੂ ਉੱਤੇ ਹੋਣ ਵਾਲੇ ਪਹਿਲੇ ਸੰਮੇਲਨ ਵਿਚ ਜਾਣ ਲਈ ਬੜੇ ਉਤਸੁਕ ਸਨ। ਜਦੋਂ ਉਹ ਲੰਬੀ ਉਡਾਣ ਮਗਰੋਂ ਟਾਪੂ ਤੇ ਪਹੁੰਚੇ, ਤਾਂ ਉੱਥੇ ਦੇ ਭੈਣ-ਭਰਾ ਉਨ੍ਹਾਂ ਦਾ ਸੁਆਗਤ ਕਰਨ ਲਈ ਤਿਆਰ ਖੜ੍ਹੇ ਸਨ। ਇਨ੍ਹਾਂ ਭੈਣ-ਭਰਾਵਾਂ ਨੇ ਟਾਪੂ ਦੇ ਰਿਵਾਜ ਅਨੁਸਾਰ ਫੁੱਲਾਂ ਦੀਆਂ ਪੱਤੀਆਂ ਦੇ ਬਣੇ ਹਾਰਾਂ ਨਾਲ ਮਹਿਮਾਨਾਂ ਦਾ ਸੁਆਗਤ ਕੀਤਾ। ਮਹਿਮਾਨਾਂ ਨੂੰ ਉਨ੍ਹਾਂ ਦੇ ਰਹਿਣ ਦੀ ਥਾਂ ਤੇ ਲਿਜਾਇਆ ਗਿਆ ਜਿਸ ਮਗਰੋਂ ਉਨ੍ਹਾਂ ਨੇ ਟਾਪੂ ਦੀ ਥੋੜ੍ਹੀ-ਬਹੁਤ ਸੈਰ ਵੀ ਕੀਤੀ। ਬਾਅਦ ਵਿਚ ਉਨ੍ਹਾਂ ਸਾਰੇ ਭੈਣ-ਭਰਾਵਾਂ ਦੀ ਕਿੰਗਡਮ ਹਾਲ ਵਿਚ ਇਕ ਮੀਟਿੰਗ ਹੋਈ ਜਿਨ੍ਹਾਂ ਨੇ ਸੰਮੇਲਨ ਦੇ ਪ੍ਰੋਗ੍ਰਾਮ ਵਿਚ ਹਿੱਸਾ ਲੈਣਾ ਸੀ।

ਇਕ ਪਾਦਰੀ ਵੱਲੋਂ ਸੰਮੇਲਨ ਦੀ ਮਸ਼ਹੂਰੀ

ਕਾਰ ਵਿਚ ਸੰਮੇਲਨ ਲਈ ਜਾਂਦੇ ਸਮੇਂ ਮਹਿਮਾਨ ਭੈਣ-ਭਰਾਵਾਂ ਨੇ ਰੇਡੀਓ ਤੇ ਇਕ ਸਥਾਨਕ ਪਾਦਰੀ ਨੂੰ ਉਨ੍ਹਾਂ ਬਾਰੇ ਗੱਲ ਕਰਦੇ ਸੁਣਿਆ। ਉਸ ਨੇ ਕਿਹਾ ਕਿ ਦੱਖਣੀ ਅਮਰੀਕਾ ਤੋਂ ਕੁਝ ਸੈਲਾਨੀ ਆਏ ਹੋਏ ਹਨ ਜੋ ਲੋਕਾਂ ਦੇ ਘਰਾਂ ਨੂੰ ਜਾ-ਜਾ ਕੇ ਉਨ੍ਹਾਂ ਨੂੰ ਦੁਨੀਆਂ ਦੇ ਅੰਤ ਬਾਰੇ ਪ੍ਰਚਾਰ ਕਰਨਗੇ। ਭਾਵੇਂ ਕਿ ਉਹ ਆਪਣੇ ਚਰਚ ਦੇ ਮੈਂਬਰਾਂ ਨੂੰ ਗਵਾਹਾਂ ਦੀ ਗੱਲ ਨਾ ਸੁਣਨ ਦੀ ਤਾਕੀਦ ਕਰ ਰਿਹਾ ਸੀ, ਪਰ ਉਸ ਦੀ ਘੋਸ਼ਣਾ ਨੇ ਇਸ ਗੱਲ ਦੀ ਮਸ਼ਹੂਰੀ ਕਰ ਦਿੱਤੀ ਕਿ ਯਹੋਵਾਹ ਦੇ ਗਵਾਹਾਂ ਦਾ ਇਕ ਵੱਡਾ ਗਰੁੱਪ ਟਾਪੂ ਉੱਤੇ ਆਇਆ ਹੋਇਆ ਸੀ। ਟਾਪੂ ਦੇ ਵਾਸੀਆਂ ਦੀ ਜਿਗਿਆਸਾ ਜਾਗ ਉੱਠੀ। ਅਗਲੇ ਕੁਝ ਦਿਨਾਂ ਦੌਰਾਨ, ਯਹੋਵਾਹ ਦੇ ਗਵਾਹਾਂ ਨੇ ਬੜੇ ਪਿਆਰ ਅਤੇ ਸਮਝਦਾਰੀ ਨਾਲ ਲੋਕਾਂ ਨੂੰ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਸੁਣਾਈ।

ਸੰਮੇਲਨ ਦੀ ਸ਼ੁਰੂਆਤ

ਐਤਵਾਰ ਸਵੇਰ ਨੂੰ ਸੰਮੇਲਨ ਦੇ ਪਹਿਲੇ ਦਿਨ ਤੇ ਕਈ ਸਥਾਨਕ ਭਰਾ ਕਿੰਗਡਮ ਹਾਲ ਦੇ ਬਾਹਰ ਖੜ੍ਹੇ ਹੋ ਕੇ “ਇਓਰਾਨਾ ਕੋਏ!” ਮਤਲਬ “ਜੀ ਆਇਆਂ ਨੂੰ!” ਸ਼ਬਦਾਂ ਨਾਲ ਬਾਹਰੋਂ ਆਏ ਭੈਣ-ਭਰਾਵਾਂ ਦਾ ਸੁਆਗਤ ਕਰ ਰਹੇ ਸਨ। ਕੁਝ ਭੈਣਾਂ ਨੇ ਟਾਪੂ ਦਾ ਰਵਾਇਤੀ ਲਿਬਾਸ ਪਹਿਨਿਆ ਅਤੇ ਪੌਲੀਨੀਸ਼ੀਅਨ ਤੌਰ-ਤਰੀਕੇ ਅਨੁਸਾਰ ਵਾਲਾਂ ਨੂੰ ਸੋਹਣੇ-ਸੋਹਣੇ ਫੁੱਲਾਂ ਨਾਲ ਸ਼ਿੰਗਾਰਿਆ ਹੋਇਆ ਸੀ।

ਕੁਝ ਸਮੇਂ ਲਈ ਸੰਗੀਤ ਦਾ ਆਨੰਦ ਲੈਣ ਤੋਂ ਬਾਅਦ, ਪ੍ਰੋਗ੍ਰਾਮ ਨੂੰ ਇਕ ਗੀਤ ਨਾਲ ਸ਼ੁਰੂ ਕੀਤਾ ਗਿਆ। ਸੈਂਕੜੇ ਭੈਣ-ਭਰਾਵਾਂ ਨੇ ਮਿਲ ਕੇ ਪੂਰੇ ਜੋਸ਼ ਨਾਲ “ਇਸਥਿਰ ਅਤੇ ਅਡੋਲ ਹੋਵੋ” ਨਾਮਕ ਗੀਤ ਗਾਇਆ। ਇਹ ਪਹਿਲੀ ਵਾਰ ਸੀ ਕਿ ਇਸ ਟਾਪੂ ਉੱਤੇ ਇੰਨੇ ਸਾਰੇ ਲੋਕ ਮਿਲ ਕੇ ਗਾ ਰਹੇ ਸਨ। ਟਾਪੂ ਦੇ ਭੈਣ-ਭਰਾਵਾਂ ਦੀਆਂ ਅੱਖਾਂ ਭਰ ਆਈਆਂ ਜਦੋਂ ਚੇਅਰਮੈਨ ਨੇ ਉਨ੍ਹਾਂ ਦੀ ਰਾਪਾ ਨੂਈ ਭਾਸ਼ਾ ਵਿਚ ਸਾਰਿਆਂ ਨੂੰ ਜੀ ਆਇਆਂ ਕਿਹਾ। ਦੁਪਹਿਰ ਦੇ ਇੰਟਰਵਲ ਦੌਰਾਨ ਤਿੰਨ ਨਵੇਂ ਗਵਾਹਾਂ ਨੇ ਪਾਣੀ ਵਿਚ ਬਪਤਿਸਮਾ ਲੈ ਕੇ ਆਪਣੇ ਸਮਰਪਣ ਦਾ ਸਬੂਤ ਦਿੱਤਾ। ਪਹਿਲੇ ਦਿਨ ਦੇ ਪ੍ਰੋਗ੍ਰਾਮ ਦੇ ਅਖ਼ੀਰ ਵਿਚ ਸਾਰੇ ਭੈਣ-ਭਰਾਵਾਂ ਦੇ ਦਿਲ ਯਹੋਵਾਹ ਲਈ ਅਤੇ ਇਕ-ਦੂਸਰੇ ਲਈ ਪਿਆਰ ਨਾਲ ਭਰੇ ਹੋਏ ਸਨ।—1 ਪਤਰਸ 5:9.

ਸਵੇਰ ਵੇਲੇ ਘਰ-ਘਰ ਦੀ ਸੇਵਕਾਈ

ਖ਼ਾਸ ਹਾਲਾਤਾਂ ਕਰਕੇ ਸੰਮੇਲਨ ਦੇ ਦੂਸਰੇ ਦਿਨ ਦਾ ਪ੍ਰੋਗ੍ਰਾਮ ਦੁਪਹਿਰ ਵੇਲੇ ਸ਼ੁਰੂ ਹੋਣਾ ਸੀ। ਇਸ ਲਈ ਭੈਣ-ਭਰਾਵਾਂ ਨੇ ਮੌਕੇ ਦਾ ਫ਼ਾਇਦਾ ਉਠਾਉਂਦੇ ਹੋਏ ਸਵੇਰ ਨੂੰ ਘਰ-ਘਰ ਪ੍ਰਚਾਰ ਕਰਨ ਦਾ ਫ਼ੈਸਲਾ ਕੀਤਾ। ਉਨ੍ਹਾਂ ਨੂੰ ਕਿਹੜੇ ਤਜਰਬੇ ਹੋਏ?

ਅੱਠ ਬੱਚਿਆਂ ਦੀ ਇਕ ਬਜ਼ੁਰਗ ਮਾਂ ਨੇ ਗਵਾਹਾਂ ਨੂੰ ਕਿਹਾ ਕਿ ਉਹ ਉਨ੍ਹਾਂ ਨਾਲ ਗੱਲ ਨਹੀਂ ਕਰਨੀ ਚਾਹੁੰਦੀ ਕਿਉਂਕਿ ਉਹ ਕੈਥੋਲਿਕ ਸੀ। ਪਰ ਜਦੋਂ ਗਵਾਹਾਂ ਨੇ ਉਸ ਨੂੰ ਦੱਸਿਆ ਕਿ ਉਹ ਨਸ਼ਿਆਂ ਅਤੇ ਪਰਿਵਾਰਕ ਉਲਝਣਾਂ ਵਰਗੀਆਂ ਆਮ ਸਮੱਸਿਆਵਾਂ ਬਾਰੇ ਗੱਲ ਕਰਨੀ ਚਾਹੁੰਦੇ ਸਨ, ਤਾਂ ਤੀਵੀਂ ਸੁਣਨ ਲਈ ਤਿਆਰ ਹੋ ਗਈ।

ਇਕ ਗਵਾਹ ਜੋੜੇ ਨੂੰ ਇਕ ਬਜ਼ੁਰਗ ਤੀਵੀਂ ਮਿਲੀ ਜੋ ਸ਼ੁਰੂ ਵਿਚ ਉਨ੍ਹਾਂ ਨਾਲ ਬੜੇ ਰੁੱਖੇ ਤਰੀਕੇ ਨਾਲ ਪੇਸ਼ ਆਈ। ਉਸ ਨੇ ਉਨ੍ਹਾਂ ਨੂੰ ਕਿਹਾ ਕਿ ਉਨ੍ਹਾਂ ਨੂੰ ਦੱਖਣੀ ਅਮਰੀਕਾ ਦੇ ਲੋਕਾਂ ਨੂੰ ਪ੍ਰਚਾਰ ਕਰਨਾ ਚਾਹੀਦਾ ਸੀ ਜੋ ਦੂਸਰਿਆਂ ਉੱਤੇ ਅਤਿਆਚਾਰ ਢਾਹੁੰਦੇ ਸਨ। ਜੋੜੇ ਨੇ ਉਸ ਨੂੰ ਦੱਸਿਆ ਕਿ ਉਹ ‘ਰਾਜ ਦੀ ਖ਼ੁਸ਼ ਖ਼ਬਰੀ’ ਸਾਰਿਆਂ ਨੂੰ ਸੁਣਾਉਂਦੇ ਸਨ ਅਤੇ ਉਹ ਇਸ ਟਾਪੂ ਤੇ ਇਕ ਸੰਮੇਲਨ ਲਈ ਆਏ ਸਨ ਜਿਸ ਵਿਚ ਸਾਰਿਆਂ ਨੂੰ ਪਰਮੇਸ਼ੁਰ ਨੂੰ ਪਿਆਰ ਕਰਨ ਦੀ ਪ੍ਰੇਰਣਾ ਦਿੱਤੀ ਜਾਵੇਗੀ। (ਮੱਤੀ 24:14) ਫਿਰ ਜੋੜੇ ਨੇ ਉਸ ਨੂੰ ਇਕ ਅਜਿਹੀ ਦੁਨੀਆਂ ਬਾਰੇ ਦੱਸਿਆ ਜਿਸ ਵਿਚ ਨਾ ਮੌਤ ਤੇ ਨਾ ਬੀਮਾਰੀਆਂ ਹੋਣਗੀਆਂ, ਸਗੋਂ ਸਾਰੇ ਲੋਕ ਇਸ ਟਾਪੂ ਵਰਗੇ ਸੁੰਦਰ ਵਾਤਾਵਰਣ ਵਿਚ ਲੰਬੀ ਉਮਰ ਅਤੇ ਖ਼ੁਸ਼ੀਆਂ ਭਰੀ ਜ਼ਿੰਦਗੀ ਦਾ ਆਨੰਦ ਮਾਣਨਗੇ। ਜਦੋਂ ਉਨ੍ਹਾਂ ਨੇ ਟਾਪੂ ਦੇ ਸਦੀਆਂ ਤੋਂ ਖੜ੍ਹੇ ਜਵਾਲਾਮੁਖੀ ਪਹਾੜਾਂ ਦੀ ਉਦਾਹਰਣ ਦਿੱਤੀ, ਤਾਂ ਉਹ ਤੀਵੀਂ ਸੋਚਾਂ ਵਿਚ ਪੈ ਗਈ। ਫਿਰ ਉਸ ਨੇ ਜਾਣਨਾ ਚਾਹਿਆ ਕਿ ਇਨਸਾਨ ਦੀ ਜ਼ਿੰਦਗੀ ਇੰਨੀ ਛੋਟੀ ਕਿਉਂ ਹੈ। ਜਵਾਬ ਵਿਚ ਜੋੜੇ ਨੇ ਉਸ ਨੂੰ ਬਾਈਬਲ ਵਿੱਚੋਂ ਜ਼ਬੂਰਾਂ ਦੀ ਪੋਥੀ 90:10 ਦਿਖਾਇਆ ਜਿਸ ਨੂੰ ਪੜ੍ਹ ਕੇ ਉਹ ਬਹੁਤ ਹੈਰਾਨ ਹੋਈ।

ਇੰਨੇ ਵਿਚ ਗਵਾਹਾਂ ਨੇ ਨਾਲ ਦੇ ਘਰੋਂ ਚਿਲਾਉਣ ਦੀ ਆਵਾਜ਼ ਸੁਣੀ। ਗਵਾਹ ਸਥਾਨਕ ਭਾਸ਼ਾ ਤੋਂ ਅਣਜਾਣ ਸਨ, ਇਸ ਲਈ ਤੀਵੀਂ ਨੇ ਉਨ੍ਹਾਂ ਨੂੰ ਦੱਸਿਆ ਕਿ ਗੁਆਂਢੀ ਉਨ੍ਹਾਂ ਨੂੰ ਗਾਲਾਂ ਕੱਢ ਰਹੇ ਸਨ ਅਤੇ ਉਨ੍ਹਾਂ ਨੂੰ ਆਪਣੇ ਘਰ ਆਉਣ ਤੋਂ ਮਨ੍ਹਾ ਕਰ ਰਹੇ ਸਨ। ਸਾਂਝਾ ਪਰਿਵਾਰ ਹੋਣ ਕਰਕੇ ਇਹ ਤੀਵੀਂ ਆਪਣੇ ਪਰਿਵਾਰ ਦੀ ਨੂਆ ਯਾਨੀ ਸਭ ਤੋਂ ਵੱਡੀ ਕੁੜੀ ਸੀ। ਪਿਉ ਦੀ ਮੌਤ ਮਗਰੋਂ ਪਰਿਵਾਰ ਦਾ ਭਲਾ-ਬੁਰਾ ਸੋਚਣਾ ਉਸੇ ਦੀ ਜ਼ਿੰਮੇਵਾਰੀ ਸੀ। ਉਸ ਨੇ ਆਪਣੇ ਰਿਸ਼ਤੇਦਾਰਾਂ ਅੱਗੇ ਰਾਪਾ ਨੂਈ ਭਾਸ਼ਾ ਵਿਚ ਗਵਾਹਾਂ ਦੀ ਤਰਫ਼ਦਾਰੀ ਕੀਤੀ ਅਤੇ ਉਨ੍ਹਾਂ ਦੇ ਕੁਝ ਪ੍ਰਕਾਸ਼ਨ ਵੀ ਲਏ। ਬਾਅਦ ਵਿਚ ਉਸੇ ਹਫ਼ਤੇ ਇਕ ਦਿਨ ਉਹ ਆਪਣੇ ਭਰਾ ਨਾਲ ਕਾਰ ਵਿਚ ਕਿੱਧਰੇ ਜਾ ਰਹੀ ਸੀ ਜਦੋਂ ਉਸ ਨੂੰ ਕੁਝ ਗਵਾਹ ਨਜ਼ਰ ਆਏ। ਉਸ ਨੇ ਆਪਣੇ ਭਰਾ ਨੂੰ ਕਾਰ ਰੋਕਣ ਲਈ ਕਿਹਾ ਅਤੇ ਉਸ ਦੇ ਭਰਾ ਦੀ ਨਾਰਾਜ਼ਗੀ ਦੇ ਬਾਵਜੂਦ ਉਸ ਨੇ ਭਰਾਵਾਂ ਨੂੰ ਅਲਵਿਦਾ ਕਿਹਾ ਅਤੇ ਦੁਆ ਕੀਤੀ ਕਿ ਉਨ੍ਹਾਂ ਨੂੰ ਆਪਣੀ ਸੇਵਕਾਈ ਵਿਚ ਕਾਮਯਾਬੀ ਮਿਲੇ।

ਭਾਵੇਂ ਕਿ ਟਾਪੂ ਦੇ ਕੁਝ ਲੋਕ ਯਹੋਵਾਹ ਦੇ ਗਵਾਹਾਂ ਦੇ ਸੰਦੇਸ਼ ਨੂੰ ਸੁਣਨ ਲਈ ਪਹਿਲਾਂ-ਪਹਿਲ ਤਿਆਰ ਨਹੀਂ ਸਨ, ਪਰ ਬਾਹਰੋਂ ਆਏ ਗਵਾਹਾਂ ਲਈ ਇਹ ਗੱਲ ਸਪੱਸ਼ਟ ਸੀ ਕਿ ਰਾਪਾ ਨੂਈ ਟਾਪੂ ਦੇ ਲੋਕ ਆਮ ਤੌਰ ਤੇ ਬਹੁਤ ਹੀ ਦਿਆਲੂ ਅਤੇ ਦੋਸਤਾਨਾ ਸੁਭਾਅ ਦੇ ਲੋਕ ਸਨ। ਜ਼ਿਆਦਾਤਰ ਲੋਕਾਂ ਨੇ ਰਾਜ ਦੀ ਖ਼ੁਸ਼ ਖ਼ਬਰੀ ਨੂੰ ਬੜੇ ਚਾਹ ਨਾਲ ਸੁਣਿਆ। ਇਹ ਧਿਆਨ ਦੇਣ ਯੋਗ ਗੱਲ ਹੈ ਕਿ ਟਾਪੂ ਉੱਤੇ ਬਪਤਿਸਮਾ ਲੈਣ ਵਾਲੇ 20 ਗਵਾਹਾਂ ਵਿੱਚੋਂ 6 ਗਵਾਹ ਟਾਪੂ ਦੇ ਮੂਲ ਵਾਸੀ ਹਨ। ਇਨ੍ਹਾਂ ਵਿੱਚੋਂ ਇਕ ਭਰਾ ਨੇ ਪਹਿਲੀ ਵਾਰ ਬਾਈਬਲ ਦੀ ਸੱਚਾਈ ਉਦੋਂ ਸੁਣੀ ਸੀ ਜਦੋਂ ਗਵਾਹ ਉਸ ਦੀ ਪਤਨੀ ਨਾਲ ਬਾਈਬਲ ਦਾ ਅਧਿਐਨ ਕਰਦੇ ਸਨ ਅਤੇ ਉਹ ਨਾਲ ਦੇ ਕਮਰੇ ਵਿਚ ਬੈਠ ਕੇ ਉਨ੍ਹਾਂ ਦੀਆਂ ਗੱਲਾਂ ਸੁਣਦਾ ਸੀ। ਹੁਣ ਉਹ ਅਤੇ ਉਸ ਦੀ ਪਤਨੀ ਦੋਨਾਂ ਨੇ ਬਪਤਿਸਮਾ ਲੈ ਲਿਆ ਹੈ ਅਤੇ ਭਰਾ ਕਲੀਸਿਯਾ ਵਿਚ ਸਹਾਇਕ ਸੇਵਕ ਹੈ।

ਦੂਸਰੇ ਦਿਨ ਦਾ ਅਧਿਆਤਮਿਕ ਪ੍ਰੋਗ੍ਰਾਮ

ਸੰਮੇਲਨ ਦੇ ਦੂਸਰੇ ਦਿਨ ਦਾ ਪ੍ਰੋਗ੍ਰਾਮ ਦੁਪਹਿਰ ਨੂੰ ਸ਼ੁਰੂ ਹੋਇਆ। ਹਾਜ਼ਰੀਨ ਵਿਚ 32 ਸਥਾਨਕ ਭੈਣ-ਭਰਾ, 33 ਮਹਿਮਾਨ ਗਵਾਹ ਅਤੇ ਟਾਪੂ ਦੇ ਕੁਝ ਹੋਰ ਲੋਕ ਵੀ ਮੌਜੂਦ ਸਨ। ਲਗਭਗ ਇਕ ਸੌ ਲੋਕਾਂ ਨੇ ਪ੍ਰੋਗ੍ਰਾਮ ਦਾ ਅਤੇ ਖ਼ਾਸਕਰ ਪਬਲਿਕ ਭਾਸ਼ਣ ਦਾ ਆਨੰਦ ਮਾਣਿਆ ਜਿਸ ਦਾ ਵਿਸ਼ਾ ਸੀ “ਪਿਆਰ ਅਤੇ ਨਿਹਚਾ ਨਾਲ ਸੰਸਾਰ ਉੱਤੇ ਫ਼ਤਹ।” ਸੰਮੇਲਨ ਵਿਚ ਆਏ ਸਾਰੇ ਲੋਕਾਂ ਨੇ ਆਪਣੀ ਅੱਖੀਂ ਦੇਖਿਆ ਕਿ ਯਹੋਵਾਹ ਦੇ ਲੋਕਾਂ ਵਿਚ ਸੱਚਾ ਪਿਆਰ ਸੀ, ਭਾਵੇਂ ਕਿ ਉਹ ਵੱਖ-ਵੱਖ ਪਿਛੋਕੜਾਂ ਤੋਂ ਆਏ ਸਨ।—ਯੂਹੰਨਾ 13:35.

ਸਰਕਟ ਸੰਮੇਲਨ ਵੇਲੇ, ਸਰਕਟ ਤੇ ਜ਼ਿਲ੍ਹਾ ਨਿਗਾਹਬਾਨਾਂ ਨੇ ਪਾਇਨੀਅਰ ਸੇਵਕਾਂ ਨਾਲ ਖ਼ਾਸ ਮੀਟਿੰਗ ਕੀਤੀ। ਟਾਪੂ ਦੇ ਤਿੰਨ ਨਿਯਮਿਤ ਪਾਇਨੀਅਰਾਂ ਤੋਂ ਇਲਾਵਾ ਬਾਹਰੋਂ ਆਏ ਨਿਯਮਿਤ ਜਾਂ ਵਿਸ਼ੇਸ਼ ਪਾਇਨੀਅਰ ਭੈਣ-ਭਰਾ ਵੀ ਇਸ ਮੀਟਿੰਗ ਵਿਚ ਬੈਠੇ ਸਨ। ਸਾਰਿਆਂ ਨੂੰ ਇਸ ਮੀਟਿੰਗ ਤੋਂ ਬਹੁਤ ਉਤਸ਼ਾਹ ਮਿਲਿਆ।

ਕੁਝ ਸਥਾਨਕ ਭਰਾ ਗਾਈਡ ਵਜੋਂ ਕੰਮ ਕਰ ਕੇ ਰੋਜ਼ੀ-ਰੋਟੀ ਕਮਾਉਂਦੇ ਹਨ। ਸੰਮੇਲਨ ਖ਼ਤਮ ਹੋਣ ਤੋਂ ਅਗਲੇ ਦਿਨ ਇਨ੍ਹਾਂ ਭਰਾਵਾਂ ਨੇ ਮਹਿਮਾਨ ਭੈਣ-ਭਰਾਵਾਂ ਨੂੰ ਟਾਪੂ ਦੀ ਸੈਰ ਕਰਵਾਈ। ਉਹ ਉਸ ਥਾਂ ਗਏ ਜਿੱਥੇ ਪਹਿਲਾਂ ਮੋਈ ਨਾਂ ਦੀਆਂ ਵਿਸ਼ਾਲ ਮੂਰਤਾਂ ਬਣਾਈਆਂ ਜਾਂਦੀਆਂ ਸਨ। ਉਨ੍ਹਾਂ ਨੂੰ ਜਵਾਲਾਮੁਖੀ ਪਹਾੜਾਂ ਦੀ ਵੀ ਸੈਰ ਕਰਵਾਈ ਗਈ ਜਿੱਥੇ ਪੁਰਾਣੇ ਸਮਿਆਂ ਵਿਚ ਲੋਕ ਮੁਕਾਬਲਿਆਂ ਵਿਚ ਹਿੱਸਾ ਲੈਂਦੇ ਸਨ। * ਇਸ ਤੋਂ ਇਲਾਵਾ, ਭਰਾ ਆਨਾਕੈਨਾ ਨਾਂ ਦੇ ਸਮੁੰਦਰੀ ਤਟ ਉੱਤੇ ਵੀ ਗਏ ਜਿੱਥੇ ਰੇਤ ਸੁਨਹਿਰੇ ਰੰਗ ਦੀ ਹੈ। ਇਸ ਟਾਪੂ ਨੂੰ ਵਸਾਉਣ ਵਾਲੇ ਲੋਕਾਂ ਦਾ ਪਹਿਲਾ ਜਹਾਜ਼ ਇਸੇ ਤਟ ਤੇ ਪਹੁੰਚਿਆ ਸੀ।

ਮਹਿਮਾਨ ਭੈਣ-ਭਰਾਵਾਂ ਦਾ ਸਾਥ ਮਾਣਨ ਦਾ ਆਖ਼ਰੀ ਮੌਕਾ ਕਲੀਸਿਯਾ ਪੁਸਤਕ ਅਧਿਐਨ ਸੀ। ਸਭਾ ਤੋਂ ਬਾਅਦ, ਸਥਾਨਕ ਭਰਾਵਾਂ ਨੇ ਮਹਿਮਾਨਾਂ ਲਈ ਇਕ ਦਾਅਵਤ ਤਿਆਰ ਕੀਤੀ ਜਿਸ ਮਗਰੋਂ ਉਨ੍ਹਾਂ ਨੇ ਰਵਾਇਤੀ ਪੁਸ਼ਾਕਾਂ ਵਿਚ ਲੋਕ ਨਾਚ ਕਰ ਕੇ ਮਹਿਮਾਨਾਂ ਦਾ ਜੀਅ ਬਹਿਲਾਇਆ। ਹਰ ਕੋਈ ਇਸ ਗੱਲ ਨਾਲ ਸਹਿਮਤ ਸੀ ਕਿ ਰਾਪਾ ਨੂਈ ਟਾਪੂ ਉੱਤੇ ਸੰਮੇਲਨ ਕਰਨ ਲਈ ਉਨ੍ਹਾਂ ਨੂੰ ਜੋ ਵੀ ਕੁਰਬਾਨੀ ਕਰਨੀ ਪਈ, ਉਸ ਨਾਲੋਂ ਕਿਤੇ ਜ਼ਿਆਦਾ ਉਨ੍ਹਾਂ ਨੂੰ ਬਰਕਤਾਂ ਮਿਲੀਆਂ ਸਨ।

ਈਸਟਰ ਟਾਪੂ ਦੇ ਭੈਣਾਂ-ਭਰਾਵਾਂ ਨਾਲ ਹਫ਼ਤਾ ਬਿਤਾ ਕੇ ਮਹਿਮਾਨ ਉਨ੍ਹਾਂ ਨਾਲ ਇੰਨੇ ਘੁਲ-ਮਿਲ ਗਏ ਸਨ ਕਿ ਅਖ਼ੀਰ ਵਿਚ ਅਲਵਿਦਾ ਕਹਿਣਾ ਬਹੁਤ ਹੀ ਔਖਾ ਸੀ। ਉਹ ਆਪਣੇ ਨਵੇਂ ਦੋਸਤਾਂ ਨੂੰ ਅਤੇ ਮਿਲੀ ਹੌਸਲਾ-ਅਫ਼ਜ਼ਾਈ ਨੂੰ ਕਦੇ ਨਹੀਂ ਭੁਲਾ ਸਕਣਗੇ। ਹਵਾਈ ਅੱਡੇ ਤੇ, ਸਥਾਨਕ ਭਰਾਵਾਂ ਨੇ ਮਹਿਮਾਨਾਂ ਦੇ ਗਲਾਂ ਵਿਚ ਘੋਗਿਆਂ ਦੇ ਹਾਰ ਪਾਏ ਜੋ ਉਨ੍ਹਾਂ ਨੇ ਆਪ ਬਣਾਏ ਸਨ।

ਅਲਵਿਦਾ ਕਹਿਣ ਵੇਲੇ ਮਹਿਮਾਨਾਂ ਨੇ ਵਾਅਦਾ ਕੀਤਾ: “ਈਓਰਾਨਾ! ਆਉ ਹੇ ਹੋਕੀ ਮਾਈ ਈ ਰਾਪਾ ਨੂਈ ਈਈ,” ਜਿਸ ਦਾ ਮਤਲਬ ਹੈ: “ਅਲਵਿਦਾ, ਰਾਪਾ ਨੂਈ! ਮੈਂ ਦੁਬਾਰਾ ਜ਼ਰੂਰ ਆਵਾਂਗਾ।” ਜੀ ਹਾਂ, ਇਹ ਭੈਣ-ਭਰਾ ਆਪਣੇ ਨਵੇਂ ਦੋਸਤਾਂ ਅਤੇ ਅਧਿਆਤਮਿਕ ਪਰਿਵਾਰ ਦੇ ਮੈਂਬਰਾਂ ਨੂੰ ਦੁਬਾਰਾ ਮਿਲਣ ਲਈ ਤਰਸ ਰਹੇ ਸਨ ਜੋ ਇਸ ਦੂਰ-ਦੁਰਾਡੇ, ਅਨੋਖੇ ਤੇ ਸੋਹਣੇ ਈਸਟਰ ਟਾਪੂ ਉੱਤੇ ਰਹਿੰਦੇ ਹਨ!

[ਫੁਟਨੋਟ]

^ ਪੈਰਾ 4 ਯਹੋਵਾਹ ਦੇ ਗਵਾਹਾਂ ਦੁਆਰਾ ਛਾਪੇ ਜਾਂਦੇ ਜਾਗਰੂਕ ਬਣੋ! ਰਸਾਲੇ ਦਾ ਜੁਲਾਈ-ਸਤੰਬਰ 2000 ਦਾ ਅੰਕ ਦੇਖੋ।

^ ਪੈਰਾ 27 ਰਾਨੋ ਰਾਰਾਕੂ ਜਵਾਲਾਮੁਖੀ ਪਹਾੜ ਦੀ ਟੀਸੀ ਉੱਤੇ ਬਹੁਤ ਸਾਰੇ ਸ਼ਿਲਾ-ਲੇਖ ਪਾਏ ਜਾਂਦੇ ਹਨ। ਪੁਰਾਣੇ ਸਮਿਆਂ ਵਿਚ, ਇਸ ਟਾਪੂ ਦੇ ਹਾਕਮ ਬਣਨ ਦੇ ਚਾਹਵਾਨ ਲੋਕ ਇਸ ਥਾਂ ਤੋਂ ਆਪਣਾ ਮੁਕਾਬਲਾ ਸ਼ੁਰੂ ਕਰਦੇ ਸਨ। ਉਨ੍ਹਾਂ ਨੇ ਚਟਾਨ ਤੋਂ ਹੇਠਾਂ ਉਤਰਨਾ ਸੀ ਅਤੇ ਤੈਰ ਕੇ ਕਿਸੇ ਨੇੜਲੇ ਛੋਟੇ ਟਾਪੂ ਤੇ ਜਾਣਾ ਸੀ। ਟਾਪੂ ਤੇ ਪਹੁੰਚ ਕੇ ਉਨ੍ਹਾਂ ਨੇ ਇਕ ਸਥਾਨਕ ਪੰਛੀ ਦਾ ਆਂਡਾ ਲੈਣਾ ਸੀ ਅਤੇ ਫਿਰ ਤੈਰਦੇ ਹੋਏ ਵਾਪਸ ਮੁੱਖ ਟਾਪੂ ਉੱਤੇ ਆਉਣਾ ਸੀ। ਫਿਰ ਆਂਡੇ ਨੂੰ ਤੋੜੇ ਬਗੈਰ ਉਨ੍ਹਾਂ ਨੇ ਚਟਾਨ ਚੜ੍ਹ ਕੇ ਵਾਪਸ ਉਸੇ ਥਾਂ ਪਹੁੰਚਣਾ ਸੀ ਜਿੱਥੋਂ ਮੁਕਾਬਲਾ ਸ਼ੁਰੂ ਹੋਇਆ ਸੀ।

[ਸਫ਼ੇ 24 ਉੱਤੇ ਡੱਬੀ]

ਈਸਟਰ ਟਾਪੂ ਉੱਤੇ ਗਵਾਹੀ ਦੇਣੀ

ਇਸ ਸ਼ਾਨਦਾਰ ਸੰਮੇਲਨ ਤੋਂ ਲਗਭਗ ਦੋ ਸਾਲ ਪਹਿਲਾਂ ਇਕ ਸਰਕਟ ਨਿਗਾਹਬਾਨ ਅਤੇ ਉਸ ਦੀ ਪਤਨੀ ਨੂੰ ਕਈ ਵਧੀਆ ਤਜਰਬੇ ਹੋਏ ਸਨ ਜਦੋਂ ਉਨ੍ਹਾਂ ਨੇ ਇਸ ਟਾਪੂ ਦਾ ਦੌਰਾ ਕੀਤਾ ਸੀ। ਮਿਸਾਲ ਲਈ, ਜਿਹੜੀ ਭੈਣ ਉਨ੍ਹਾਂ ਨੂੰ ਹਵਾਈ ਅੱਡੇ ਤੋਂ ਲੈਣ ਆਈ ਸੀ, ਉਸ ਨੇ ਉਨ੍ਹਾਂ ਨੂੰ ਚੇਤੇ ਕਰਾਇਆ ਕਿ ਉਨ੍ਹਾਂ ਨੇ ਹੀ ਲਗਭਗ 16 ਸਾਲ ਪਹਿਲਾਂ ਦੱਖਣੀ ਚਿੱਲੀ ਵਿਚ ਉਸ ਨਾਲ ਬਾਈਬਲ ਦਾ ਅਧਿਐਨ ਕੀਤਾ ਸੀ। ਬਾਅਦ ਵਿਚ ਉਹ ਰਾਪਾ ਨੂਈ ਟਾਪੂ ਉੱਤੇ ਰਹਿਣ ਲਈ ਆ ਗਈ ਅਤੇ ਇੱਥੇ ਹੀ ਉਸ ਨੇ ਬਪਤਿਸਮਾ ਲਿਆ ਸੀ।

ਉਨ੍ਹਾਂ ਨਾਲ ਇਕ ਮਜ਼ੇਦਾਰ ਗੱਲ ਵੀ ਹੋਈ: ਇਕ ਦੁਕਾਨਦਾਰ ਨੇ ਉਨ੍ਹਾਂ ਕੋਲੋਂ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਨਿਊ ਵਰਲਡ ਟ੍ਰਾਂਸਲੇਸ਼ਨ ਬਾਈਬਲ ਅਤੇ ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ ਕਿਤਾਬ ਲਈ। ਜਦੋਂ ਉਹ ਉਸ ਕੋਲ ਦੁਬਾਰਾ ਗਏ, ਤਾਂ ਦੁਕਾਨਦਾਰ ਨੇ ਦੱਸਿਆ ਕਿ ਉਹ ਇਹ ਬਾਈਬਲ ਪੜ੍ਹ ਨਹੀਂ ਸਕਿਆ ਸੀ। ਉਨ੍ਹਾਂ ਨੇ ਉਸ ਨੂੰ ਸਪੇਨੀ ਭਾਸ਼ਾ ਵਿਚ ਬਾਈਬਲ ਦੇਣ ਦੀ ਬਜਾਇ ਗ਼ਲਤੀ ਨਾਲ ਫਰਾਂਸੀਸੀ ਭਾਸ਼ਾ ਵਿਚ ਬਾਈਬਲ ਦੇ ਦਿੱਤੀ ਸੀ! ਭਰਾ ਨੇ ਜਲਦੀ ਨਾਲ ਉਸ ਨੂੰ ਸਪੇਨੀ ਭਾਸ਼ਾ ਵਿਚ ਬਾਈਬਲ ਦੇ ਦਿੱਤੀ। ਆਪਣੀ ਭਾਸ਼ਾ ਵਿਚ ਬਾਈਬਲ ਪੜ੍ਹ ਕੇ ਅਤੇ ਸਥਾਨਕ ਗਵਾਹਾਂ ਦੀ ਮਦਦ ਨਾਲ ਇਸ ਦੁਕਾਨਦਾਰ ਨੂੰ ਅਹਿਸਾਸ ਹੋਇਆ ਕਿ ਬਾਈਬਲ ਨੂੰ ਸਮਝਣਾ ਇੰਨਾ ਔਖਾ ਵੀ ਨਹੀਂ ਸੀ।

[ਸਫ਼ੇ 22 ਉੱਤੇ ਤਸਵੀਰ]

ਈਸਟਰ ਟਾਪੂ

[ਸਫ਼ੇ 22 ਉੱਤੇ ਤਸਵੀਰ]

ਚਿੱਲੀ

[ਸਫ਼ੇ 23 ਉੱਤੇ ਤਸਵੀਰ]

ਸਰਕਟ ਸੰਮੇਲਨ ਵਿਚ ਬਪਤਿਸਮਾ ਲੈਣ ਵਾਲੇ ਦੋ ਵਿਅਕਤੀ

[ਸਫ਼ੇ 25 ਉੱਤੇ ਤਸਵੀਰ]

ਰਾਨੋ ਰਾਰਾਕੂ ਜਵਾਲਾਮੁਖੀ ਦੀ ਢਲਾਣ; ਡੱਬੀ: ਗਵਾਯਾਬਾ ਨਾਂ ਦਾ ਜੰਗਲੀ ਫਲ ਇਸ ਟਾਪੂ ਉੱਤੇ ਆਮ ਉੱਗਦਾ ਹੈ