Skip to content

Skip to table of contents

ਧਰਮ—ਚੰਗਾ ਅਸਰ ਪਾਉਂਦੇ ਹਨ ਜਾਂ ਬੁਰਾ?

ਧਰਮ—ਚੰਗਾ ਅਸਰ ਪਾਉਂਦੇ ਹਨ ਜਾਂ ਬੁਰਾ?

ਧਰਮ—ਚੰਗਾ ਅਸਰ ਪਾਉਂਦੇ ਹਨ ਜਾਂ ਬੁਰਾ?

“ਮੈਂ ਈਸਾਈ ਧਰਮ ਦਾ ਕਰਜ਼ਦਾਰ ਹਾਂ ਤੇ ਮੇਰੇ ਖ਼ਿਆਲ ਵਿਚ ਇਹ ਦੁਨੀਆਂ ਵੀ ਪਿਛਲੇ 2000 ਸਾਲ ਤੋਂ ਈਸਾਈ ਧਰਮ ਦੀ ਕਰਜ਼ਦਾਰ ਹੈ,” ਈਸਾਈ ਧਰਮ ਦੇ ਇਤਿਹਾਸ ਦੀ ਇਕ ਕਿਤਾਬ ਦੇ ਮੁਖਬੰਧ ਵਿਚ ਇਹ ਲਿਖਿਆ ਗਿਆ ਹੈ।

“ਈਸਾਈ ਧਰਮ” ਦੀ ਤਾਰੀਫ਼ ਵਿਚ ਇਹ ਸ਼ਬਦ ਅੰਗ੍ਰੇਜ਼ ਲੇਖਕ ਅਤੇ ਟੀ. ਵੀ. ਦੇ ਪ੍ਰਸਾਰਕ ਮੈਲਵਿਨ ਬ੍ਰੈਗ ਨੇ ਕਹੇ ਸਨ। ਉਸ ਦੇ ਇਨ੍ਹਾਂ ਸ਼ਬਦਾਂ ਤੋਂ ਦੁਨੀਆਂ ਦੇ ਕਰੋੜਾਂ ਲੋਕਾਂ ਦੇ ਜਜ਼ਬਾਤ ਜ਼ਾਹਰ ਹੁੰਦੇ ਹਨ ਜੋ ਆਪਣੇ ਆਪ ਨੂੰ ਆਪਣੇ ਧਰਮ ਦੇ ਕਰਜ਼ਦਾਰ ਸਮਝਦੇ ਹਨ ਅਤੇ ਉਸ ਪ੍ਰਤੀ ਵਫ਼ਾਦਾਰ ਰਹਿੰਦੇ ਹਨ। ਉਹ ਮੰਨਦੇ ਹਨ ਕਿ ਧਰਮ ਦਾ ਉਨ੍ਹਾਂ ਦੀਆਂ ਜ਼ਿੰਦਗੀਆਂ ਉੱਤੇ ਬਹੁਤ ਚੰਗਾ ਅਸਰ ਪਿਆ ਹੈ। ਉਦਾਹਰਣ ਲਈ, ਇਕ ਲਿਖਾਰੀ ਕਹਿੰਦਾ ਹੈ ਕਿ ਇਸਲਾਮ ਧਰਮ ਨੇ ‘ਆਪਣੀਆਂ ਕਾਮਯਾਬੀਆਂ ਨਾਲ ਸਾਰੀ ਦੁਨੀਆਂ ਨੂੰ ਫ਼ਾਇਦਾ ਪਹੁੰਚਾਇਆ ਹੈ।’

ਧਰਮਾਂ ਦਾ ਅਸਰ ਚੰਗਾ ਹੈ ਜਾਂ ਬੁਰਾ?

ਪਰ ਬ੍ਰੈਗ ਦੇ ਅਗਲੇ ਸ਼ਬਦ ਇਕ ਗੰਭੀਰ ਸਵਾਲ ਖੜ੍ਹਾ ਕਰਦੇ ਹਨ: ਕੀ ਧਰਮ ਦਾ ਸੱਚ-ਮੁੱਚ ਚੰਗਾ ਅਸਰ ਪਿਆ ਹੈ? ਉਹ ਅੱਗੇ ਕਹਿੰਦਾ ਹੈ: “ਮੈਂ ਈਸਾਈ ਧਰਮ ਤੋਂ ਇਕ ਗੱਲ ਪੁੱਛਣੀ ਚਾਹੁੰਦਾ ਹਾਂ।” ਕਿਹੜੀ ਗੱਲ? ਉਹ ਪੁੱਛਦਾ ਹੈ: ‘ਲੋਕ ਇੰਨੇ ਕੱਟੜ ਕਿਉਂ ਹਨ, ਕਿਉਂ ਇੰਨੀ ਬੁਰਾਈ ਫੈਲੀ ਹੋਈ ਹੈ, ਲੋਕ ਇਕ-ਦੂਜੇ ਤੇ ਅਤਿਆਚਾਰ ਕਿਉਂ ਕਰਦੇ ਹਨ ਅਤੇ ਚਿਰਾਂ ਤੋਂ ਦੁਨੀਆਂ ਵਿਚ ਜੋ ਕੁਝ ਹੋ ਰਿਹਾ ਹੈ, ਲੋਕ ਉਸ ਨੂੰ ਦੇਖ ਕੇ ਵੀ ਅਣਜਾਣ ਕਿਉਂ ਬਣਦੇ ਹਨ?’

ਕਈ ਲੋਕ ਕਹਿਣਗੇ ਕਿ ਕੱਟੜਤਾ, ਬੁਰਾਈ, ਅਤਿਆਚਾਰ ਅਤੇ ਜਾਣ-ਬੁੱਝ ਕੇ ਅਣਜਾਣ ਬਣਨ ਵਰਗੀਆਂ ਗੱਲਾਂ ਤਾਂ ਦੁਨੀਆਂ ਦੇ ਧਰਮਾਂ ਵਿਚ ਸਦੀਆਂ ਤੋਂ ਹੁੰਦੀਆਂ ਆ ਰਹੀਆਂ ਹਨ। ਉਨ੍ਹਾਂ ਦੇ ਵਿਚਾਰ ਅਨੁਸਾਰ ਧਰਮ ਸਿਰਫ਼ ਦਿਖਾਵੇ ਲਈ ਹੀ ਲੋਕਾਂ ਦੀ ਮਦਦ ਕਰਦੇ ਹਨ। ਪਰ ਹਕੀਕਤ ਤਾਂ ਇਹ ਹੈ ਕਿ ਇਹ ਨੇਕੀ ਅਤੇ ਪਵਿੱਤਰਤਾ ਦੇ ਸਾਏ ਹੇਠ ਮੱਕਾਰੀ ਦੇ ਕੰਮ ਕਰਦੇ ਅਤੇ ਝੂਠ ਬੋਲਦੇ ਹਨ। (ਮੱਤੀ 23:27, 28) ਇਕ ਐਨਸਾਈਕਲੋਪੀਡੀਆ ਕਹਿੰਦਾ ਹੈ: ‘ਕਿਤਾਬਾਂ-ਰਸਾਲਿਆਂ ਵਿਚ ਆਮ ਹੀ ਦੱਸਿਆ ਜਾਂਦਾ ਹੈ ਕਿ ਧਰਮ ਲੋਕਾਂ ਲਈ ਬਹੁਤ ਅਹਿਮੀਅਤ ਰੱਖਦੇ ਹਨ, ਪਰ ਇਤਿਹਾਸ ਇਸ ਗੱਲ ਨੂੰ ਪੂਰੀ ਤਰ੍ਹਾਂ ਝੂਠਾ ਸਾਬਤ ਕਰਦਾ ਹੈ।’

ਤੁਸੀਂ ਅੱਜ ਕੋਈ ਵੀ ਅਖ਼ਬਾਰ ਦੇਖ ਲਓ। ਤੁਸੀਂ ਇਨ੍ਹਾਂ ਵਿਚ ਬਹੁਤ ਸਾਰੇ ਧਾਰਮਿਕ ਆਗੂਆਂ ਦੀਆਂ ਮਿਸਾਲਾਂ ਦੇਖੋਗੇ ਜੋ ਪਿਆਰ, ਸ਼ਾਂਤੀ ਅਤੇ ਦਇਆ ਦੀਆਂ ਗੱਲਾਂ ਕਰਦੇ ਹਨ। ਪਰ ਇਹੀ ਆਗੂ ਨਫ਼ਰਤ ਦੀ ਅੱਗ ਭੜਕਾਉਂਦੇ ਹਨ ਅਤੇ ਆਪਣੀਆਂ ਵਹਿਸ਼ੀ ਲੜਾਈਆਂ ਨੂੰ ਜਾਇਜ਼ ਠਹਿਰਾਉਣ ਲਈ ਰੱਬ ਦਾ ਨਾਂ ਵਰਤਦੇ ਹਨ। ਇਸ ਲਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਬਹੁਤ ਸਾਰੇ ਲੋਕ ਕਹਿੰਦੇ ਹਨ ਕਿ ਧਰਮਾਂ ਦਾ ਜ਼ਿੰਦਗੀ ਉੱਤੇ ਅਕਸਰ ਬੁਰਾ ਅਸਰ ਪੈਂਦਾ ਹੈ!

ਚੰਗਾ ਨਹੀਂ ਹੋਵੇਗਾ ਜੇ ਧਰਮ ਹੀ ਨਾ ਹੋਣ?

ਕੁਝ ਲੋਕਾਂ ਨੇ ਤਾਂ ਅੰਗ੍ਰੇਜ਼ੀ ਫ਼ਿਲਾਸਫ਼ਰ ਬਰਟਰੈਂਡ ਰਸਲ ਵਾਂਗ ਸਿੱਟਾ ਕੱਢਿਆ ਹੈ ਕਿ ਚੰਗਾ ਹੋਵੇਗਾ ਜੇ “ਹਰ ਕਿਸਮ ਦੇ ਧਰਮ ਨੂੰ ਖ਼ਤਮ ਕਰ ਦਿੱਤਾ ਜਾਵੇ।” ਉਨ੍ਹਾਂ ਦੇ ਵਿਚਾਰ ਅਨੁਸਾਰ ਧਰਮ ਦਾ ਖ਼ਾਤਮਾ ਹੀ ਇਨਸਾਨਾਂ ਦੀਆਂ ਸਾਰੀਆਂ ਮੁਸ਼ਕਲਾਂ ਦਾ ਇੱਕੋ-ਇਕ ਹੱਲ ਹੈ। ਪਰ ਅਜਿਹੇ ਲੋਕ ਸ਼ਾਇਦ ਇਹ ਗੱਲ ਭੁੱਲ ਜਾਣਾ ਚਾਹੁਣ ਕਿ ਧਰਮ ਨੂੰ ਤਿਆਗਣ ਵਾਲੇ ਲੋਕ ਹੋਰਨਾਂ ਵਿਚ ਉੱਨੀ ਹੀ ਘਿਰਣਾ ਅਤੇ ਕੱਟੜਤਾ ਪੈਦਾ ਕਰ ਸਕਦੇ ਹਨ ਜਿੰਨੀ ਧਰਮ ਨੂੰ ਮੰਨਣ ਵਾਲੇ ਲੋਕ ਕਰਦੇ ਹਨ। ਧਰਮ ਬਾਰੇ ਲਿਖਣ ਵਾਲੀ ਲੇਖਕਾ ਕੈਰਨ ਆਰਮਸਟਰੌਂਗ ਨੇ ਆਪਣੀ ਇਕ ਕਿਤਾਬ ਵਿਚ ਲਿਖਿਆ: ‘ਨਾਜ਼ੀਆਂ ਦੁਆਰਾ ਇੰਨੇ ਸਾਰੇ ਯਹੂਦੀਆਂ ਨੂੰ ਮੌਤ ਦੇ ਘਾਟ ਉਤਾਰੇ ਜਾਣ ਤੋਂ ਘੱਟੋ-ਘੱਟ ਇਹ ਸਾਬਤ ਹੋਇਆ ਹੈ ਕਿ ਧਰਮ ਨੂੰ ਤਿਆਗਣਾ ਧਰਮ ਯੁੱਧ ਜਿੰਨਾ ਹੀ ਖ਼ਤਰਨਾਕ ਹੈ।’

ਤਾਂ ਫਿਰ ਸਵਾਲ ਇਹ ਖੜ੍ਹਾ ਹੁੰਦਾ ਹੈ: ਕੀ ਧਰਮ ਸਾਡੇ ਉੱਤੇ ਸੱਚੀਂ ਚੰਗਾ ਅਸਰ ਪਾਉਂਦੇ ਹਨ ਜਾਂ ਕੀ ਇਹ ਮਨੁੱਖਜਾਤੀ ਦੀਆਂ ਸਮੱਸਿਆਵਾਂ ਦੀ ਜੜ੍ਹ ਹਨ? ਕੀ ਇਨ੍ਹਾਂ ਸਮੱਸਿਆਵਾਂ ਦਾ ਇੱਕੋ-ਇਕ ਹੱਲ ਇਹੀ ਹੈ ਕਿ ਸਾਰੇ ਧਰਮਾਂ ਨੂੰ ਖ਼ਤਮ ਕਰ ਦਿੱਤਾ ਜਾਵੇ? ਅਗਲੇ ਲੇਖ ਵਿਚ ਦੇਖੋ ਕਿ ਇਸ ਬਾਰੇ ਬਾਈਬਲ ਕੀ ਕਹਿੰਦੀ ਹੈ। ਜਵਾਬ ਜਾਣ ਕੇ ਤੁਸੀਂ ਸ਼ਾਇਦ ਹੈਰਾਨ ਹੋਵੋ।