Skip to content

Skip to table of contents

ਧੋਖੇਬਾਜ਼ੀ ਤੋਂ ਖ਼ਬਰਦਾਰ ਰਹੋ

ਧੋਖੇਬਾਜ਼ੀ ਤੋਂ ਖ਼ਬਰਦਾਰ ਰਹੋ

ਧੋਖੇਬਾਜ਼ੀ ਤੋਂ ਖ਼ਬਰਦਾਰ ਰਹੋ

“ਵੇਖਣਾ ਕਿਤੇ ਕੋਈ . . . ਲਾਗ ਲਪੇਟ ਨਾਲ ਤੁਹਾਨੂੰ ਲੁੱਟ ਨਾ ਲਵੇ।”—ਕੁਲੁੱਸੀਆਂ 2:8.

1-3. (ੳ) ਕਿਹੜੀਆਂ ਉਦਾਹਰਣਾਂ ਤੋਂ ਪਤਾ ਲੱਗਦਾ ਹੈ ਕਿ ਅੱਜ ਤਕਰੀਬਨ ਹਰ ਗੱਲ ਵਿਚ ਧੋਖਾ ਕੀਤਾ ਜਾਂਦਾ ਹੈ? (ਅ) ਦੁਨੀਆਂ ਵਿਚ ਫੈਲੀ ਧੋਖੇਬਾਜ਼ੀ ਨੂੰ ਦੇਖ ਕੇ ਸਾਨੂੰ ਹੈਰਾਨ ਕਿਉਂ ਨਹੀਂ ਹੋਣਾ ਚਾਹੀਦਾ?

ਕੁਝ ਸਾਲ ਪਹਿਲਾਂ ਕਾਨੂੰਨ ਦੇ ਇਕ ਪ੍ਰੋਫ਼ੈਸਰ ਨੇ ਇਕ ਸਰਵੇ ਕੀਤਾ। ਸਰਵੇ ਵਿਚ ਉਸ ਨੇ ਵਕੀਲਾਂ ਤੋਂ ਇਹ ਸਵਾਲ ਪੁੱਛਿਆ: “ਜਿਨ੍ਹਾਂ ਲੋਕਾਂ ਦੇ ਤੁਸੀਂ ਮੁਕੱਦਮੇ ਲੜ ਰਹੇ ਹੋ, ਉਨ੍ਹਾਂ ਵਿੱਚੋਂ ਕਿੰਨਿਆਂ ਨੇ ਤੁਹਾਡੇ ਨਾਲ ਝੂਠ ਨਹੀਂ ਬੋਲਿਆ?” ਉਸ ਨੂੰ ਇਸ ਦਾ ਜਵਾਬ ਕੀ ਮਿਲਿਆ? ਉਹ ਦੱਸਦਾ ਹੈ: “ਹਜ਼ਾਰਾਂ ਵਕੀਲਾਂ ਵਿੱਚੋਂ ਕੇਵਲ ਇਕ ਵਕੀਲ ਅਜਿਹਾ ਸੀ ਜਿਸ ਦੇ ਮੁਵੱਕਲ ਨੇ ਉਸ ਨਾਲ ਝੂਠ ਨਹੀਂ ਬੋਲਿਆ।” ਕਿਉਂ? “ਕਿਉਂਕਿ ਉਸ ਵਕੀਲ ਨੇ ਅਜੇ ਨਵਾਂ-ਨਵਾਂ ਕੰਮ ਸ਼ੁਰੂ ਕੀਤਾ ਸੀ ਅਤੇ ਉਸ ਨੇ ਅਜੇ ਤਕ ਆਪਣੇ ਕਿਸੇ ਮੁਵੱਕਲ ਨਾਲ ਗੱਲ ਨਹੀਂ ਕੀਤੀ ਸੀ।” ਇਸ ਤਜਰਬੇ ਤੋਂ ਇਕ ਕੌੜੇ ਸੱਚ ਬਾਰੇ ਪਤਾ ਲੱਗਦਾ ਹੈ—ਝੂਠ ਅਤੇ ਧੋਖੇਬਾਜ਼ੀ ਦਾ ਅੱਜ ਪੂਰੀ ਦੁਨੀਆਂ ਵਿਚ ਬੋਲਬਾਲਾ ਹੈ।

2 ਧੋਖੇਬਾਜ਼ੀ ਕਰਨ ਦੇ ਬਹੁਤ ਸਾਰੇ ਤਰੀਕੇ ਹਨ ਅਤੇ ਅੱਜ ਤਕਰੀਬਨ ਹਰ ਗੱਲ ਵਿਚ ਧੋਖਾ ਕੀਤਾ ਜਾਂਦਾ ਹੈ। ਅਖ਼ਬਾਰਾਂ-ਰਸਾਲਿਆਂ ਵਗੈਰਾ ਵਿਚ ਇਸ ਦੀਆਂ ਅਣਗਿਣਤ ਉਦਾਹਰਣਾਂ ਮਿਲਦੀਆਂ ਹਨ—ਰਾਜਨੀਤਿਕ ਨੇਤਾ ਆਪਣੇ ਕੰਮਾਂ ਬਾਰੇ ਝੂਠ ਬੋਲਦੇ ਹਨ, ਅਕਾਊਂਟੈਂਟ ਅਤੇ ਵਕੀਲ ਕਾਰਪੋਰੇਸ਼ਨ ਦੇ ਲਾਭਾਂ ਨੂੰ ਵਧਾ-ਚੜ੍ਹਾ ਕੇ ਦੱਸਦੇ ਹਨ, ਇਸ਼ਤਿਹਾਰਬਾਜ਼ੀ ਰਾਹੀਂ ਲੋਕਾਂ ਨੂੰ ਗੁਮਰਾਹ ਕੀਤਾ ਜਾਂਦਾ ਹੈ, ਲੋਕ ਬੀਮਾ ਕੰਪਨੀਆਂ ਨੂੰ ਧੋਖਾ ਦਿੰਦੇ ਹਨ। ਧਾਰਮਿਕ ਆਗੂ ਵੀ ਲੋਕਾਂ ਨਾਲ ਧੋਖਾ ਕਰਦੇ ਹਨ। ਪਾਦਰੀ ਵਰਗ ਆਤਮਾ ਦੀ ਅਮਰਤਾ, ਨਰਕ ਦੀ ਅੱਗ ਅਤੇ ਤ੍ਰਿਏਕਵਾਦ ਵਰਗੀਆਂ ਝੂਠੀਆਂ ਸਿੱਖਿਆਵਾਂ ਰਾਹੀਂ ਲੋਕਾਂ ਨੂੰ ਗੁਮਰਾਹ ਕਰਦਾ ਹੈ।—2 ਤਿਮੋਥਿਉਸ 4:3, 4.

3 ਕੀ ਸਾਨੂੰ ਧੋਖੇਬਾਜ਼ੀ ਦੇਖ ਕੇ ਹੈਰਾਨ ਹੋਣਾ ਚਾਹੀਦਾ ਹੈ? ਨਹੀਂ। “ਅੰਤ ਦਿਆਂ ਦਿਨਾਂ” ਬਾਰੇ ਬਾਈਬਲ ਨੇ ਚੇਤਾਵਨੀ ਦਿੱਤੀ: “ਦੁਸ਼ਟ ਮਨੁੱਖ ਅਤੇ ਛਲੀਏ ਧੋਖਾ ਦਿੰਦੇ ਅਤੇ ਧੋਖਾ ਖਾਂਦੇ ਬੁਰੇ ਤੋਂ ਬੁਰੇ ਹੁੰਦੇ ਜਾਣਗੇ।” (2 ਤਿਮੋਥਿਉਸ 3:1, 13) ਮਸੀਹੀ ਹੋਣ ਦੇ ਨਾਤੇ, ਸਾਨੂੰ ਗੁਮਰਾਹ ਕਰਨ ਵਾਲੇ ਵਿਚਾਰਾਂ ਤੋਂ ਖ਼ਬਰਦਾਰ ਰਹਿਣਾ ਚਾਹੀਦਾ ਹੈ ਜੋ ਸਾਨੂੰ ਸੱਚਾਈ ਤੋਂ ਦੂਰ ਲੈ ਜਾ ਸਕਦੇ ਹਨ। ਸਾਡੇ ਮਨਾਂ ਵਿਚ ਦੋ ਸਵਾਲਾਂ ਦਾ ਆਉਣਾ ਸੁਭਾਵਕ ਹੈ: ਅੱਜ ਕਿਉਂ ਧੋਖੇਬਾਜ਼ੀ ਦਾ ਬੋਲਬਾਲਾ ਹੈ? ਅਤੇ ਅਸੀਂ ਧੋਖਾ ਖਾਣ ਤੋਂ ਕਿਵੇਂ ਬਚ ਸਕਦੇ ਹਾਂ?

ਅੱਜ ਕਿਉਂ ਧੋਖੇਬਾਜ਼ੀ ਦਾ ਬੋਲਬਾਲਾ ਹੈ?

4. ਬਾਈਬਲ ਦੁਨੀਆਂ ਵਿਚ ਫੈਲੀ ਧੋਖੇਬਾਜ਼ੀ ਦਾ ਕੀ ਕਾਰਨ ਦੱਸਦੀ ਹੈ?

4 ਬਾਈਬਲ ਸਾਫ਼-ਸਾਫ਼ ਸਮਝਾਉਂਦੀ ਹੈ ਕਿ ਅੱਜ ਦੁਨੀਆਂ ਵਿਚ ਇੰਨੀ ਧੋਖੇਬਾਜ਼ੀ ਕਿਉਂ ਹੈ। ਯੂਹੰਨਾ ਰਸੂਲ ਨੇ ਲਿਖਿਆ ਸੀ ਕਿ “ਸਾਰਾ ਸੰਸਾਰ ਉਸ ਦੁਸ਼ਟ ਦੇ ਵੱਸ ਵਿੱਚ ਪਿਆ ਹੋਇਆ ਹੈ।” (1 ਯੂਹੰਨਾ 5:19) ਇਹ “ਦੁਸ਼ਟ” ਸ਼ਤਾਨ ਹੈ। ਉਸ ਬਾਰੇ ਯਿਸੂ ਨੇ ਕਿਹਾ ਸੀ: ‘ਉਹ ਸਚਿਆਈ ਉੱਤੇ ਟਿਕਿਆ ਨਾ ਰਿਹਾ ਕਿਉਂਕਿ ਉਸ ਵਿੱਚ ਸਚਿਆਈ ਹੈ ਨਹੀਂ। ਜਦ ਉਹ ਝੂਠ ਬੋਲਦਾ ਹੈ ਤਾਂ ਉਹ ਆਪਣੀਆਂ ਹੀ ਹੱਕਦਾ ਹੈ ਕਿਉਂਕਿ ਉਹ ਝੂਠਾ ਹੈ ਅਤੇ ਝੂਠ ਦਾ ਪਤੰਦਰ ਹੈ।’ ਸ਼ਤਾਨ ਦੇ ਵੱਸ ਵਿਚ ਹੋਣ ਕਰਕੇ ਇਹ ਸੰਸਾਰ ਵੀ ਉਸ ਵਾਂਗ ਧੋਖੇਬਾਜ਼ੀ ਤੇ ਹੋਰ ਗ਼ਲਤ ਕੰਮ ਕਰਦਾ ਹੈ।—ਯੂਹੰਨਾ 8:44; 14:30; ਅਫ਼ਸੀਆਂ 2:1-3.

5. ਸ਼ਤਾਨ ਨੇ ਲੋਕਾਂ ਨੂੰ ਧੋਖਾ ਦੇਣ ਦੀਆਂ ਕਾਰਵਾਈਆਂ ਕਿਵੇਂ ਹੋਰ ਤੇਜ਼ ਕਰ ਦਿੱਤੀਆਂ ਹਨ ਅਤੇ ਉਹ ਕਿਨ੍ਹਾਂ ਲੋਕਾਂ ਨੂੰ ਖ਼ਾਸ ਤੌਰ ਤੇ ਆਪਣਾ ਨਿਸ਼ਾਨਾ ਬਣਾਉਂਦਾ ਹੈ?

5 ਇਨ੍ਹਾਂ ਅੰਤ ਦੇ ਦਿਨਾਂ ਵਿਚ ਸ਼ਤਾਨ ਨੇ ਲੋਕਾਂ ਨੂੰ ਧੋਖਾ ਦੇਣ ਦੀਆਂ ਕਾਰਵਾਈਆਂ ਹੋਰ ਤੇਜ਼ ਕਰ ਦਿੱਤੀਆਂ ਹਨ। ਉਸ ਨੂੰ ਧਰਤੀ ਉੱਤੇ ਸੁੱਟ ਦਿੱਤਾ ਗਿਆ ਹੈ। ਉਹ ਜਾਣਦਾ ਹੈ ਕਿ ਉਸ ਦਾ ਸਮਾਂ ਥੋੜ੍ਹਾ ਹੀ ਰਹਿੰਦਾ ਹੈ ਜਿਸ ਕਰਕੇ ਉਸ ਨੂੰ “ਵੱਡਾ ਕ੍ਰੋਧ” ਹੈ। ਉਸ ਨੇ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਆਪਣੇ ਨਾਲ ਲੈ ਕੇ ਡੁੱਬਣ ਦਾ ਇਰਾਦਾ ਕੀਤਾ ਹੋਇਆ ਹੈ, ਇਸ ਲਈ ਉਹ “ਸਾਰੇ ਜਗਤ ਨੂੰ ਭਰਮਾਉਂਦਾ ਹੈ।” (ਪਰਕਾਸ਼ ਦੀ ਪੋਥੀ 12:9, 12) ਇੱਦਾਂ ਨਹੀਂ ਹੈ ਕਿ ਸ਼ਤਾਨ ਕਦੀ-ਕਦਾਈਂ ਲੋਕਾਂ ਨੂੰ ਧੋਖਾ ਦਿੰਦਾ ਹੈ। ਇਸ ਦੀ ਬਜਾਇ, ਉਹ ਦੁਨੀਆਂ ਨੂੰ ਗੁਮਰਾਹ ਕਰਨ ਵਿਚ ਦਿਨ-ਰਾਤ ਲੱਗਾ ਰਹਿੰਦਾ ਹੈ। * ਉਹ ਅਵਿਸ਼ਵਾਸੀਆਂ ਦੇ ਮਨਾਂ ਤੇ ਪਰਦਾ ਪਾਉਣ ਅਤੇ ਉਨ੍ਹਾਂ ਨੂੰ ਪਰਮੇਸ਼ੁਰ ਤੋਂ ਦੂਰ ਲੈ ਜਾਣ ਲਈ ਹਰ ਤਰ੍ਹਾਂ ਦੀ ਚਲਾਕੀ ਤੇ ਛਲ ਵਰਤਦਾ ਹੈ। (2 ਕੁਰਿੰਥੀਆਂ 4:4) ਇਹ ਹੰਢਿਆ ਹੋਇਆ ਧੋਖੇਬਾਜ਼ ਖ਼ਾਸ ਤੌਰ ਤੇ ਉਨ੍ਹਾਂ ਲੋਕਾਂ ਨੂੰ ਖਾ ਜਾਣਾ ਚਾਹੁੰਦਾ ਹੈ ਜੋ ਪਰਮੇਸ਼ੁਰ ਦੀ “ਆਤਮਾ ਅਤੇ ਸਚਿਆਈ ਨਾਲ ਭਗਤੀ” ਕਰਦੇ ਹਨ। (ਯੂਹੰਨਾ 4:24; 1 ਪਤਰਸ 5:8) ਇਹ ਕਦੀ ਨਾ ਭੁੱਲੋ ਕਿ ਸ਼ਤਾਨ ਨੇ ਦਾਅਵਾ ਕੀਤਾ ਸੀ: ‘ਮੈਂ ਕਿਸੇ ਨੂੰ ਵੀ ਪਰਮੇਸ਼ੁਰ ਤੋਂ ਦੂਰ ਲੈ ਜਾ ਸਕਦਾ ਹਾਂ।’ (ਅੱਯੂਬ 1:9-12) ਆਓ ਆਪਾਂ ਸ਼ਤਾਨ ਦੇ ਕੁਝ “ਛਲ ਛਿੱਦ੍ਰਾਂ” ਉੱਤੇ ਚਰਚਾ ਕਰੀਏ ਅਤੇ ਦੇਖੀਏ ਕਿ ਅਸੀਂ ਇਨ੍ਹਾਂ ਤੋਂ ਕਿਵੇਂ ਬਚ ਸਕਦੇ ਹਾਂ।—ਅਫ਼ਸੀਆਂ 6:11.

ਧਰਮ-ਤਿਆਗੀਆਂ ਦੇ ਧੋਖੇ ਤੋਂ ਖ਼ਬਰਦਾਰ ਰਹੋ

6, 7. (ੳ) ਧਰਮ-ਤਿਆਗੀ ਕੀ ਦਾਅਵਾ ਕਰਦੇ ਹਨ? (ਅ) ਬਾਈਬਲ ਵਿਚ ਧਰਮ-ਤਿਆਗੀਆਂ ਦੇ ਮਨੋਰਥਾਂ ਬਾਰੇ ਕਿਹੜੀ ਸਪੱਸ਼ਟ ਜਾਣਕਾਰੀ ਦਿੱਤੀ ਗਈ ਹੈ?

6 ਸ਼ਤਾਨ ਨੇ ਪਰਮੇਸ਼ੁਰ ਦੇ ਸੇਵਕਾਂ ਨੂੰ ਗੁਮਰਾਹ ਕਰਨ ਲਈ ਅਕਸਰ ਧਰਮ-ਤਿਆਗੀਆਂ ਨੂੰ ਇਸਤੇਮਾਲ ਕੀਤਾ ਹੈ। (ਮੱਤੀ 13:36-39) ਧਰਮ-ਤਿਆਗੀ ਲੋਕ ਯਹੋਵਾਹ ਦੀ ਭਗਤੀ ਕਰਨ ਅਤੇ ਬਾਈਬਲ ਵਿਚ ਵਿਸ਼ਵਾਸ ਰੱਖਣ ਦਾ ਦਾਅਵਾ ਕਰਦੇ ਹਨ, ਪਰ ਉਹ ਧਰਤੀ ਉੱਤੇ ਯਹੋਵਾਹ ਦੇ ਸੰਗਠਨ ਵਿਚ ਸ਼ਾਮਲ ਨਹੀਂ ਹੋਣਾ ਚਾਹੁੰਦੇ। ਕੁਝ ਧਰਮ-ਤਿਆਗੀ ‘ਵੱਡੀ ਬਾਬੁਲ’ ਯਾਨੀ ਝੂਠੇ ਧਰਮ ਦੇ ਸਾਮਰਾਜ ਦੀਆਂ ਉਨ੍ਹਾਂ ਸਿੱਖਿਆਵਾਂ ਨੂੰ ਦੁਬਾਰਾ ਮੰਨਣ ਲੱਗ ਪੈਂਦੇ ਹਨ ਜੋ ਪਰਮੇਸ਼ੁਰ ਨੂੰ ਅਪਮਾਨਿਤ ਕਰਦੀਆਂ ਹਨ। (ਪਰਕਾਸ਼ ਦੀ ਪੋਥੀ 17:5; 2 ਪਤਰਸ 2:19-22) ਪਰਮੇਸ਼ੁਰ ਦੀ ਪ੍ਰੇਰਣਾ ਨਾਲ ਬਾਈਬਲ ਦੇ ਲਿਖਾਰੀਆਂ ਨੇ ਧਰਮ-ਤਿਆਗੀਆਂ ਦੇ ਮਨੋਰਥਾਂ ਅਤੇ ਉਨ੍ਹਾਂ ਦੀਆਂ ਚਾਲਾਂ ਦਾ ਪਰਦਾ ਫ਼ਾਸ਼ ਕਰਨ ਲਈ ਸਖ਼ਤ ਸ਼ਬਦ ਵਰਤੇ ਹਨ।

7 ਇਹ ਧਰਮ-ਤਿਆਗੀ ਕੀ ਚਾਹੁੰਦੇ ਹਨ? ਜਿਸ ਧਰਮ ਨੂੰ ਪਹਿਲਾਂ ਉਹ ਸੱਚ ਮੰਨਦੇ ਸਨ, ਉਸ ਧਰਮ ਨੂੰ ਛੱਡ ਕੇ ਜ਼ਿਆਦਾਤਰ ਧਰਮ-ਤਿਆਗੀਆਂ ਨੂੰ ਤਸੱਲੀ ਨਹੀਂ ਹੁੰਦੀ। ਅਕਸਰ ਉਹ ਦੂਸਰਿਆਂ ਨੂੰ ਵੀ ਆਪਣੇ ਨਾਲ ਲੈ ਜਾਣਾ ਚਾਹੁੰਦੇ ਹਨ। ਯਹੋਵਾਹ ਨੂੰ ਛੱਡਣ ਮਗਰੋਂ ਆਪਣੇ ਚੇਲੇ ਆਪ ਬਣਾਉਣ ਦੀ ਬਜਾਇ, ਬਹੁਤ ਸਾਰੇ ਧਰਮ-ਤਿਆਗੀ “[ਮਸੀਹ ਦੇ] ਚੇਲਿਆਂ ਨੂੰ ਆਪਣੀ ਵੱਲ ਖਿੱਚ ਲੈ ਜਾਣ” ਦੀ ਕੋਸ਼ਿਸ਼ ਕਰਦੇ ਹਨ। (ਰਸੂਲਾਂ ਦੇ ਕਰਤੱਬ 20:29, 30) ਝੂਠੇ ਸਿੱਖਿਅਕਾਂ ਬਾਰੇ ਪੌਲੁਸ ਰਸੂਲ ਨੇ ਇਹ ਗੰਭੀਰ ਚੇਤਾਵਨੀ ਦਿੱਤੀ: ‘ਵੇਖਣਾ ਕਿਤੇ ਕੋਈ ਤੁਹਾਨੂੰ ਲੁੱਟ ਨਾ ਲਵੇ।’ (ਕੁਲੁੱਸੀਆਂ 2:8) ਕੀ ਇਸ ਤੋਂ ਪਤਾ ਨਹੀਂ ਲੱਗਦਾ ਕਿ ਬਹੁਤ ਸਾਰੇ ਧਰਮ-ਤਿਆਗੀ ਕੀ ਕਰਨ ਦੀ ਕੋਸ਼ਿਸ਼ ਕਰ ਰਹੇ ਹਨ? ਜਿਵੇਂ ਇਕ ਅਗਵਾਕਾਰ ਕਿਸੇ ਬੇਖ਼ਬਰ ਵਿਅਕਤੀ ਨੂੰ ਅਗਵਾ ਕਰ ਕੇ ਉਸ ਦੇ ਪਰਿਵਾਰ ਤੋਂ ਦੂਰ ਲੈ ਜਾਂਦਾ ਹੈ, ਉਸੇ ਤਰ੍ਹਾਂ ਧਰਮ-ਤਿਆਗੀ ਕਲੀਸਿਯਾ ਦੇ ਉਨ੍ਹਾਂ ਮੈਂਬਰਾਂ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਹਨ ਜਿਹੜੇ ਉਨ੍ਹਾਂ ਦੀਆਂ ਗੱਲਾਂ ਨੂੰ ਸੱਚ ਮੰਨ ਲੈਂਦੇ ਹਨ।

8. ਧਰਮ-ਤਿਆਗੀ ਆਪਣੇ ਮਕਸਦ ਵਿਚ ਕਾਮਯਾਬ ਹੋਣ ਲਈ ਕਿਹੜੀਆਂ ਚਾਲਾਂ ਵਰਤਦੇ ਹਨ?

8 ਧਰਮ-ਤਿਆਗੀ ਆਪਣੇ ਮਕਸਦ ਵਿਚ ਕਾਮਯਾਬ ਹੋਣ ਲਈ ਕਿਹੜੀਆਂ ਚਾਲਾਂ ਵਰਤਦੇ ਹਨ? ਉਹ ਅਕਸਰ ਸੱਚਾਈ ਨੂੰ ਤੋੜ-ਮਰੋੜ ਕੇ, ਅੱਧੀ ਗੱਲ ਸੱਚ ਦੱਸ ਕੇ ਜਾਂ ਫਿਰ ਨਿਰਾ ਝੂਠ ਬੋਲ ਕੇ ਮਸੀਹੀਆਂ ਨੂੰ ਭਰਮਾਉਂਦੇ ਹਨ। ਯਿਸੂ ਨੇ ਅਜਿਹੇ ਲੋਕਾਂ ਬਾਰੇ ਦੱਸਿਆ ਸੀ ਜੋ ਉਸ ਦੇ ਚੇਲਿਆਂ ਉੱਤੇ ‘ਹਰੇਕ ਬੁਰੀ ਗੱਲ ਝੂਠ ਮੂਠ ਲਾਉਣਗੇ।’ (ਮੱਤੀ 5:11) ਅਜਿਹੇ ਖੁਣਸੀ ਵਿਰੋਧੀ ਦੂਸਰਿਆਂ ਨੂੰ ਧੋਖਾ ਦੇਣ ਲਈ ਜਾਣ-ਬੁੱਝ ਕੇ ਝੂਠੀਆਂ ਗੱਲਾਂ ਦੱਸਣਗੇ। ਪਤਰਸ ਰਸੂਲ ਨੇ ਵੀ ਧਰਮ-ਤਿਆਗੀਆਂ ਤੋਂ ਖ਼ਬਰਦਾਰ ਕੀਤਾ ਜਿਹੜੇ ਆਪਣੇ ਮਕਸਦ ਵਿਚ ਕਾਮਯਾਬ ਹੋਣ ਲਈ “ਬਣਾਉਟ ਦੀਆਂ ਗੱਲਾਂ” ਕਰਦੇ ਹਨ, “ਧੋਖਾ” ਦੇਣ ਵਾਲੀਆਂ ਸਿੱਖਿਆਵਾਂ ਫੈਲਾਉਂਦੇ ਹਨ ਅਤੇ ‘ਹੋਰਨਾਂ ਲਿਖਤਾਂ ਨੂੰ ਭੀ ਮਰੋੜਦੇ ਹਨ।’ (2 ਪਤਰਸ 2:3, 13, ਪਵਿੱਤਰ ਬਾਈਬਲ ਨਵਾਂ ਅਨੁਵਾਦ; 3:16) ਦੁੱਖ ਦੀ ਗੱਲ ਹੈ ਕਿ ਧਰਮ-ਤਿਆਗੀ ‘ਕਈਆਂ ਦੀ ਨਿਹਚਾ ਨੂੰ ਵਿਗਾੜਨ’ ਵਿਚ ਕਾਮਯਾਬ ਹੋ ਜਾਂਦੇ ਹਨ।—2 ਤਿਮੋਥਿਉਸ 2:18.

9, 10. (ੳ) ਅਸੀਂ ਧਰਮ-ਤਿਆਗੀਆਂ ਦੇ ਧੋਖੇ ਵਿਚ ਆਉਣ ਤੋਂ ਕਿਵੇਂ ਬਚ ਸਕਦੇ ਹਾਂ? (ਅ) ਜੇ ਪਰਮੇਸ਼ੁਰ ਦੇ ਮਕਸਦ ਬਾਰੇ ਸਾਡੀ ਸਮਝ ਵਿਚ ਕੁਝ ਸੁਧਾਰ ਕਰਨ ਦੀ ਲੋੜ ਪੈਂਦੀ ਹੈ, ਤਾਂ ਸਾਨੂੰ ਪਰੇਸ਼ਾਨ ਕਿਉਂ ਨਹੀਂ ਹੋਣਾ ਚਾਹੀਦਾ?

9 ਅਸੀਂ ਧਰਮ-ਤਿਆਗੀਆਂ ਦੇ ਧੋਖੇ ਵਿਚ ਆਉਣ ਤੋਂ ਕਿਵੇਂ ਬਚ ਸਕਦੇ ਹਾਂ? ਪਰਮੇਸ਼ੁਰ ਦੇ ਬਚਨ ਦੀ ਸਲਾਹ ਉੱਤੇ ਚੱਲ ਕੇ ਜੋ ਕਹਿੰਦਾ ਹੈ: “ਤੁਸੀਂ ਓਹਨਾਂ ਦੀ ਤਾੜ ਰੱਖੋ ਜਿਹੜੇ ਉਸ ਸਿੱਖਿਆ ਦੇ ਵਿਰੁੱਧ ਜੋ ਤੁਹਾਨੂੰ ਮਿਲੀ ਹੈ ਫੁੱਟ ਪਾਉਂਦੇ ਅਤੇ ਠੋਕਰ ਖੁਆਉਂਦੇ ਹਨ ਅਤੇ ਓਹਨਾਂ ਤੋਂ ਲਾਂਭੇ ਰਹੋ।” (ਰੋਮੀਆਂ 16:17) ਉਹ ਆਪਣੀਆਂ ਗੱਲਾਂ-ਬਾਤਾਂ, ਕਿਤਾਬਾਂ-ਰਸਾਲਿਆਂ ਜਾਂ ਇੰਟਰਨੈੱਟ ਰਾਹੀਂ ਆਪਣੀਆਂ ਗ਼ਲਤ ਦਲੀਲਾਂ ਪੇਸ਼ ਕਰਦੇ ਹਨ। ਅਸੀਂ ਉਨ੍ਹਾਂ ਦੀਆਂ ਦਲੀਲਾਂ ਨੂੰ ਨਕਾਰ ਕੇ “ਓਹਨਾਂ ਤੋਂ ਲਾਂਭੇ” ਰਹਿ ਸਕਦੇ ਹਾਂ। ਸਾਨੂੰ ਇਸ ਤਰ੍ਹਾਂ ਕਿਉਂ ਕਰਨਾ ਚਾਹੀਦਾ ਹੈ? ਇਸ ਦਾ ਮੁੱਖ ਕਾਰਨ ਹੈ ਕਿ ਪਰਮੇਸ਼ੁਰ ਦਾ ਬਚਨ ਸਾਨੂੰ ਇਸ ਤਰ੍ਹਾਂ ਕਰਨ ਲਈ ਕਹਿੰਦਾ ਹੈ ਤੇ ਸਾਨੂੰ ਭਰੋਸਾ ਹੈ ਕਿ ਯਹੋਵਾਹ ਹਮੇਸ਼ਾ ਸਾਡਾ ਭਲਾ ਚਾਹੁੰਦਾ ਹੈ।—ਯਸਾਯਾਹ 48:17, 18.

10 ਦੂਸਰਾ, ਅਸੀਂ ਪਰਮੇਸ਼ੁਰ ਦੇ ਸੰਗਠਨ ਨਾਲ ਪਿਆਰ ਕਰਦੇ ਹਾਂ ਕਿਉਂਕਿ ਇਹ ਸਾਨੂੰ ਅਨਮੋਲ ਸੱਚਾਈਆਂ ਸਿਖਾਉਂਦਾ ਹੈ ਜਿਨ੍ਹਾਂ ਦੀ ਮਦਦ ਨਾਲ ਅਸੀਂ ਵੱਡੀ ਬਾਬੁਲ ਵਿੱਚੋਂ ਨਿਕਲ ਪਾਏ ਹਾਂ। ਅਸੀਂ ਇਹ ਵੀ ਮੰਨਦੇ ਹਾਂ ਕਿ ਸਾਨੂੰ ਪਰਮੇਸ਼ੁਰ ਦੇ ਮਕਸਦ ਦਾ ਪੂਰਾ ਗਿਆਨ ਨਹੀਂ ਹੈ; ਸਮੇਂ ਦੇ ਬੀਤਣ ਨਾਲ ਇਸ ਸੰਬੰਧੀ ਸਾਡੀ ਸਮਝ ਵਿਚ ਕਾਫ਼ੀ ਸੁਧਾਰ ਕੀਤਾ ਗਿਆ ਹੈ। ਵਫ਼ਾਦਾਰ ਮਸੀਹੀ ਅਜਿਹੇ ਸੁਧਾਰਾਂ ਲਈ ਯਹੋਵਾਹ ਤੇ ਭਰੋਸਾ ਰੱਖਦੇ ਹਨ। (ਕਹਾਉਤਾਂ 4:18) ਇਸ ਦੇ ਨਾਲ-ਨਾਲ ਅਸੀਂ ਪਰਮੇਸ਼ੁਰ ਵੱਲੋਂ ਵਰਤੇ ਜਾਂਦੇ ਸੰਗਠਨ ਨੂੰ ਕਦੀ ਨਹੀਂ ਛੱਡਾਂਗੇ ਕਿਉਂਕਿ ਅਸੀਂ ਦੇਖ ਸਕਦੇ ਹਾਂ ਕਿ ਉਸ ਦੀ ਬਰਕਤ ਇਸ ਸੰਗਠਨ ਉੱਤੇ ਹੈ।—ਰਸੂਲਾਂ ਦੇ ਕਰਤੱਬ 6:7; 1 ਕੁਰਿੰਥੀਆਂ 3:6.

ਆਪਣੇ ਆਪ ਨੂੰ ਧੋਖਾ ਦੇਣ ਤੋਂ ਬਚੋ

11. ਨਾਮੁਕੰਮਲ ਇਨਸਾਨ ਆਪਣੇ ਆਪ ਨੂੰ ਧੋਖਾ ਦੇਣ ਦਾ ਝੁਕਾਅ ਕਿਉਂ ਰੱਖਦੇ ਹਨ?

11 ਆਪਣੇ ਆਪ ਨੂੰ ਧੋਖਾ ਦੇਣਾ ਨਾਮੁਕੰਮਲ ਇਨਸਾਨਾਂ ਦੀ ਕਮਜ਼ੋਰੀ ਹੈ ਜਿਸ ਦਾ ਸ਼ਤਾਨ ਪੂਰਾ ਫ਼ਾਇਦਾ ਲੈਂਦਾ ਹੈ। ਯਿਰਮਿਯਾਹ 17:9 ਕਹਿੰਦਾ ਹੈ: “ਦਿਲ ਸਭ ਚੀਜ਼ਾਂ ਨਾਲੋਂ ਧੋਖੇਬਾਜ਼ ਹੈ, ਉਹ ਪੁੱਜ ਕੇ ਖਰਾਬ ਹੈ।” ਅਤੇ ਯਾਕੂਬ ਨੇ ਲਿਖਿਆ: “ਹਰ ਕੋਈ ਤਦੇ ਪਰਤਾਇਆ ਜਾਂਦਾ ਹੈ ਜਦੋਂ ਆਪਣੀ ਹੀ ਕਾਮਨਾ ਨਾਲ ਲੁਭਾਇਆ ਅਤੇ ਭੁਚਲਾਇਆ ਜਾਂਦਾ ਹੈ।” (ਯਾਕੂਬ 1:14) ਜੇ ਸਾਡਾ ਦਿਲ ਬਹਿਕ ਜਾਂਦਾ ਹੈ, ਤਾਂ ਇਹ ਸਾਨੂੰ ਪਾਪ ਕਰਨ ਲਈ ਭਰਮਾ ਸਕਦਾ ਹੈ। ਆਪਣੇ ਦਿਲ ਦੇ ਧੋਖੇ ਵਿਚ ਆ ਜਾਣ ਕਰਕੇ ਅਸੀਂ ਸ਼ਾਇਦ ਪਾਪ ਵੱਲ ਖਿੱਚੇ ਜਾਈਏ ਤੇ ਸੋਚੀਏ ਕਿ ਇਸ ਨਾਲ ਸਾਨੂੰ ਕੋਈ ਨੁਕਸਾਨ ਨਹੀਂ ਹੋਵੇਗਾ। ਇਸ ਤਰ੍ਹਾਂ ਕਰਨਾ ਆਪਣੇ ਆਪ ਨੂੰ ਧੋਖਾ ਦੇਣ ਦੇ ਬਰਾਬਰ ਹੈ ਕਿਉਂਕਿ ਪਾਪ ਦੇ ਰਾਹ ਉੱਤੇ ਚੱਲਣ ਨਾਲ ਅੰਤ ਵਿਚ ਬਰਬਾਦੀ ਹੀ ਹੋਵੇਗੀ।—ਰੋਮੀਆਂ 8:6.

12. ਅਸੀਂ ਕਿਨ੍ਹਾਂ ਤਰੀਕਿਆਂ ਨਾਲ ਆਪਣੇ ਆਪ ਨੂੰ ਧੋਖਾ ਦੇ ਸਕਦੇ ਹਾਂ?

12 ਅਸੀਂ ਆਸਾਨੀ ਨਾਲ ਆਪਣੇ ਆਪ ਨੂੰ ਧੋਖਾ ਦੇ ਸਕਦੇ ਹਾਂ। ਸਾਡਾ ਦਿਲ ਸਾਨੂੰ ਸ਼ਾਇਦ ਕਹੇ ਕਿ ਅਸੀਂ ਗੰਭੀਰ ਪਾਪ ਜਾਣ-ਬੁੱਝ ਕੇ ਨਹੀਂ ਕੀਤਾ ਜਾਂ ਇਹ ਸਾਡਾ ਕਸੂਰ ਨਹੀਂ ਹੈ ਕਿ ਸਾਡੇ ਵਿਚ ਕੋਈ ਗੰਭੀਰ ਕਮਜ਼ੋਰੀ ਹੈ। (1 ਸਮੂਏਲ 15:13-15, 20, 21) ਸਾਡਾ ਧੋਖੇਬਾਜ਼ ਦਿਲ ਸਾਡੇ ਇਤਰਾਜ਼ਯੋਗ ਚਾਲ-ਚਲਣ ਨੂੰ ਚੰਗਾ ਸਾਬਤ ਕਰਨ ਲਈ ਵੀ ਦਲੀਲਾਂ ਦੇ ਸਕਦਾ ਹੈ। ਉਦਾਹਰਣ ਲਈ ਮਨੋਰੰਜਨ ਨੂੰ ਲਓ। ਕੁਝ ਤਰ੍ਹਾਂ ਦੇ ਮਨੋਰੰਜਨ ਕਰਨ ਨਾਲ ਸਾਨੂੰ ਫ਼ਾਇਦਾ ਤੇ ਖ਼ੁਸ਼ੀ ਹੁੰਦੀ ਹੈ। ਪਰ ਫ਼ਿਲਮਾਂ, ਟੈਲੀਵਿਯਨ ਪ੍ਰੋਗ੍ਰਾਮਾਂ ਅਤੇ ਇੰਟਰਨੈੱਟ ਰਾਹੀਂ ਇਹ ਸੰਸਾਰ ਜ਼ਿਆਦਾਤਰ ਜੋ ਵੀ ਮਨੋਰੰਜਨ ਪੇਸ਼ ਕਰਦਾ ਹੈ, ਉਹ ਬਹੁਤ ਹੀ ਗੰਦਾ ਅਤੇ ਅਸ਼ਲੀਲ ਹੁੰਦਾ ਹੈ। ਆਪਣੇ ਆਪ ਨੂੰ ਇਹ ਯਕੀਨ ਦਿਵਾਉਣਾ ਬਹੁਤ ਆਸਾਨ ਹੈ ਕਿ ਇਸ ਤਰ੍ਹਾਂ ਦਾ ਕੁਝ ਦੇਖਣ ਨਾਲ ਸਾਨੂੰ ਕੋਈ ਨੁਕਸਾਨ ਨਹੀਂ ਹੋਵੇਗਾ। ਕੁਝ ਲੋਕ ਇਹ ਦਲੀਲ ਦਿੰਦੇ ਹਨ, “ਇਸ ਦਾ ਮੇਰੀ ਜ਼ਮੀਰ ਉੱਤੇ ਕੋਈ ਅਸਰ ਨਹੀਂ ਪੈਂਦਾ, ਇਸ ਲਈ ਇਸ ਤਰ੍ਹਾਂ ਦਾ ਮਨੋਰੰਜਨ ਕਰਨ ਵਿਚ ਕੀ ਬੁਰਾਈ ਹੈ?” ਪਰ ਅਜਿਹੇ ਲੋਕ ਅਜਿਹੀਆਂ ਦਲੀਲਾਂ ਰਾਹੀਂ ‘ਆਪਣੇ ਆਪ ਨੂੰ ਧੋਖਾ ਦਿੰਦੇ ਹਨ।’—ਯਾਕੂਬ 1:22.

13, 14. (ੳ) ਬਾਈਬਲ ਦੀ ਕਿਹੜੀ ਉਦਾਹਰਣ ਤੋਂ ਪਤਾ ਲੱਗਦਾ ਹੈ ਕਿ ਸਾਡੀ ਜ਼ਮੀਰ ਸਾਨੂੰ ਹਮੇਸ਼ਾ ਸਹੀ ਰਾਹ ਨਹੀਂ ਦਿਖਾਉਂਦੀ? (ਅ) ਅਸੀਂ ਆਪਣੇ ਆਪ ਨੂੰ ਧੋਖਾ ਦੇਣ ਤੋਂ ਕਿੱਦਾਂ ਬਚ ਸਕਦੇ ਹਾਂ?

13 ਅਸੀਂ ਆਪਣੇ ਆਪ ਨੂੰ ਧੋਖਾ ਦੇਣ ਤੋਂ ਕਿਵੇਂ ਬਚ ਸਕਦੇ ਹਾਂ? ਪਹਿਲੀ ਗੱਲ ਤਾਂ ਸਾਨੂੰ ਇਹ ਯਾਦ ਰੱਖਣੀ ਚਾਹੀਦੀ ਹੈ ਕਿ ਇਨਸਾਨੀ ਜ਼ਮੀਰ ਉੱਤੇ ਹਮੇਸ਼ਾ ਭਰੋਸਾ ਨਹੀਂ ਕੀਤਾ ਜਾ ਸਕਦਾ। ਪੌਲੁਸ ਦੀ ਉਦਾਹਰਣ ਉੱਤੇ ਵਿਚਾਰ ਕਰੋ। ਮਸੀਹੀ ਬਣਨ ਤੋਂ ਪਹਿਲਾਂ ਉਹ ਮਸੀਹ ਦੇ ਚੇਲਿਆਂ ਨੂੰ ਸਤਾਇਆ ਕਰਦਾ ਸੀ। (ਰਸੂਲਾਂ ਦੇ ਕਰਤੱਬ 9:1, 2) ਉਸ ਸਮੇਂ ਉਸ ਦੀ ਜ਼ਮੀਰ ਨੇ ਉਸ ਨੂੰ ਸ਼ਾਇਦ ਇਸ ਕੰਮ ਲਈ ਨਾ ਕੋਸਿਆ ਹੋਵੇ। ਇਸ ਤੋਂ ਪਤਾ ਲੱਗਦਾ ਹੈ ਕਿ ਉਸ ਦੀ ਜ਼ਮੀਰ ਸਹੀ ਤਰੀਕੇ ਨਾਲ ਕੰਮ ਨਹੀਂ ਕਰ ਰਹੀ ਸੀ। ਪੌਲੁਸ ਨੇ ਕਿਹਾ: “ਮੈਂ ਇਹ ਬੇਪਰਤੀਤੀ ਵਿੱਚ ਅਣਜਾਣਪੁਣੇ ਨਾਲ ਕੀਤਾ।” (1 ਤਿਮੋਥਿਉਸ 1:13) ਇਸ ਲਈ, ਜੇ ਕੋਈ ਮਨੋਰੰਜਨ ਸਾਡੀ ਜ਼ਮੀਰ ਨੂੰ ਪਰੇਸ਼ਾਨ ਨਹੀਂ ਕਰਦਾ, ਤਾਂ ਇਸ ਦਾ ਮਤਲਬ ਇਹ ਨਹੀਂ ਕਿ ਅਸੀਂ ਜੋ ਕਰ ਰਹੇ ਹਾਂ, ਉਹ ਸਹੀ ਹੈ। ਪਰਮੇਸ਼ੁਰ ਦੇ ਬਚਨ ਦੀ ਮਦਦ ਨਾਲ ਸਹੀ ਤਰੀਕੇ ਨਾਲ ਸਿਖਾਈ ਗਈ ਜ਼ਮੀਰ ਹੀ ਸਾਨੂੰ ਸਹੀ ਰਸਤਾ ਦਿਖਾ ਸਕਦੀ ਹੈ।

14 ਜੇ ਅਸੀਂ ਆਪਣੇ ਆਪ ਨੂੰ ਧੋਖਾ ਦੇਣ ਤੋਂ ਬਚਣਾ ਹੈ, ਤਾਂ ਸਾਨੂੰ ਅੱਗੇ ਦੱਸੇ ਕੁਝ ਸੁਝਾਅ ਯਾਦ ਰੱਖਣੇ ਹੋਣਗੇ। ਪ੍ਰਾਰਥਨਾ ਕਰਦੇ ਹੋਏ ਆਪਣੀ ਜਾਂਚ ਕਰੋ। (ਜ਼ਬੂਰਾਂ ਦੀ ਪੋਥੀ 26:2; 2 ਕੁਰਿੰਥੀਆਂ 13:5) ਈਮਾਨਦਾਰੀ ਨਾਲ ਆਪਣੀ ਜਾਂਚ ਕਰਨ ਤੇ ਤੁਹਾਨੂੰ ਪਤਾ ਲੱਗ ਸਕਦਾ ਹੈ ਕਿ ਤੁਹਾਨੂੰ ਆਪਣੇ ਨਜ਼ਰੀਏ ਜਾਂ ਹੋਰ ਗੱਲਾਂ ਵਿਚ ਸੁਧਾਰ ਕਰਨ ਦੀ ਲੋੜ ਹੈ। ਦੂਸਰਿਆਂ ਦੀ ਗੱਲ ਸੁਣੋ। (ਯਾਕੂਬ 1:19) ਆਪਣੀ ਜਾਂਚ ਕਰਦੇ ਵੇਲੇ ਅਸੀਂ ਸ਼ਾਇਦ ਇੰਨੇ ਈਮਾਨਦਾਰ ਨਾ ਹੋਈਏ, ਇਸ ਲਈ ਪਰਿਪੱਕ ਮਸੀਹੀਆਂ ਦੀ ਗੱਲ ਸੁਣਨੀ ਅਕਲਮੰਦੀ ਦੀ ਗੱਲ ਹੈ। ਜੇ ਤੁਸੀਂ ਕੋਈ ਅਜਿਹਾ ਫ਼ੈਸਲਾ ਜਾਂ ਕੰਮ ਕਰਦੇ ਹੋ ਜੋ ਕਿ ਸਮਝਦਾਰ ਤੇ ਪਰਿਪੱਕ ਮਸੀਹੀਆਂ ਦੀ ਨਜ਼ਰ ਵਿਚ ਇਤਰਾਜ਼ਯੋਗ ਹੈ, ਤਾਂ ਤੁਸੀਂ ਆਪਣੇ ਆਪ ਨੂੰ ਪੁੱਛੋ, ‘ਕਿਤੇ ਮੈਨੂੰ ਆਪਣੀ ਜ਼ਮੀਰ ਨੂੰ ਹੋਰ ਸਹੀ ਤਰੀਕੇ ਨਾਲ ਸਿਖਾਉਣ ਦੀ ਲੋੜ ਤਾਂ ਨਹੀਂ ਜਾਂ ਮੇਰਾ ਦਿਲ ਕਿਤੇ ਮੈਨੂੰ ਧੋਖਾ ਤਾਂ ਨਹੀਂ ਦੇ ਰਿਹਾ?’ ਬਾਈਬਲ ਅਤੇ ਬਾਈਬਲ-ਆਧਾਰਿਤ ਪ੍ਰਕਾਸ਼ਨ ਬਾਕਾਇਦਾ ਪੜ੍ਹੋ। (ਜ਼ਬੂਰਾਂ ਦੀ ਪੋਥੀ 1:2) ਇਸ ਤਰ੍ਹਾਂ ਕਰਨ ਨਾਲ ਤੁਸੀਂ ਆਪਣੇ ਵਿਚਾਰਾਂ, ਰਵੱਈਏ ਅਤੇ ਭਾਵਨਾਵਾਂ ਨੂੰ ਪਰਮੇਸ਼ੁਰ ਦੇ ਅਸੂਲਾਂ ਦੇ ਮੁਤਾਬਕ ਢਾਲ਼ ਸਕੋਗੇ।

ਸ਼ਤਾਨ ਦੇ ਝੂਠਾਂ ਤੋਂ ਖ਼ਬਰਦਾਰ ਰਹੋ

15, 16. (ੳ) ਸਾਨੂੰ ਧੋਖਾ ਦੇਣ ਲਈ ਸ਼ਤਾਨ ਕਿਹੜੇ ਝੂਠ ਵਰਤਦਾ ਹੈ? (ਅ) ਅਸੀਂ ਅਜਿਹੇ ਝੂਠਾਂ ਰਾਹੀਂ ਧੋਖਾ ਖਾਣ ਤੋਂ ਕਿਵੇਂ ਬਚ ਸਕਦੇ ਹਾਂ?

15 ਸ਼ਤਾਨ ਸਾਨੂੰ ਧੋਖਾ ਦੇਣ ਲਈ ਕਈ ਤਰ੍ਹਾਂ ਦੇ ਝੂਠ ਵਰਤਦਾ ਹੈ। ਉਹ ਸਾਨੂੰ ਯਕੀਨ ਦਿਵਾਉਣ ਦੀ ਕੋਸ਼ਿਸ਼ ਕਰਦਾ ਹੈ ਕਿ ਧਨ-ਦੌਲਤ ਨਾਲ ਹੀ ਖ਼ੁਸ਼ੀ ਤੇ ਸੰਤੁਸ਼ਟੀ ਮਿਲਦੀ ਹੈ, ਪਰ ਹੁੰਦਾ ਅਕਸਰ ਇਸ ਦੇ ਉਲਟ ਹੈ। (ਉਪਦੇਸ਼ਕ ਦੀ ਪੋਥੀ 5:10-12) ਉਹ ਸਾਡੇ ਮਨ ਵਿਚ ਇਹ ਗੱਲ ਬਿਠਾਉਣੀ ਚਾਹੁੰਦਾ ਹੈ ਕਿ ਇਹ ਦੁਸ਼ਟ ਦੁਨੀਆਂ ਇਸੇ ਤਰ੍ਹਾਂ ਚੱਲਦੀ ਰਹੇਗੀ, ਪਰ ਸਾਡੇ ਕੋਲ ਇਸ ਗੱਲ ਦੇ ਪੱਕੇ ਸਬੂਤ ਹਨ ਕਿ ਅਸੀਂ “ਅੰਤ ਦਿਆਂ ਦਿਨਾਂ” ਵਿਚ ਜੀ ਰਹੇ ਹਾਂ। (2 ਤਿਮੋਥਿਉਸ 3:1-5) ਸ਼ਤਾਨ ਇਹ ਵਿਚਾਰ ਵੀ ਫੈਲਾਉਂਦਾ ਹੈ ਕਿ ਅਨੈਤਿਕ ਜੀਵਨ ਜੀਣ ਦਾ ਕੋਈ ਨੁਕਸਾਨ ਨਹੀਂ, ਭਾਵੇਂ ਕਿ ਅਨੈਤਿਕ ਜੀਵਨ ਜੀਣ ਵਾਲੇ ਲੋਕ ਅਕਸਰ ਬਾਅਦ ਵਿਚ ਇਸ ਦੇ ਬੁਰੇ ਨਤੀਜੇ ਭੁਗਤਦੇ ਹਨ। (ਗਲਾਤੀਆਂ 6:7) ਅਸੀਂ ਅਜਿਹੇ ਝੂਠਾਂ ਰਾਹੀਂ ਧੋਖਾ ਖਾਣ ਤੋਂ ਕਿਵੇਂ ਬਚ ਸਕਦੇ ਹਾਂ?

16ਬਾਈਬਲ ਵਿਚ ਦਿੱਤੀਆਂ ਉਦਾਹਰਣਾਂ ਤੋਂ ਸਿੱਖੋ। ਬਾਈਬਲ ਵਿਚ ਕਈ ਲੋਕਾਂ ਦੀਆਂ ਉਦਾਹਰਣਾਂ ਦਿੱਤੀਆਂ ਗਈਆਂ ਹਨ ਜਿਨ੍ਹਾਂ ਨੇ ਸ਼ਤਾਨ ਦੇ ਝੂਠਾਂ ਰਾਹੀਂ ਧੋਖਾ ਖਾਧਾ ਸੀ। ਉਨ੍ਹਾਂ ਨੂੰ ਭੌਤਿਕ ਚੀਜ਼ਾਂ ਨਾਲ ਮੋਹ ਸੀ, ਉਹ ਆਪਣੇ ਸਮੇਂ ਦੀ ਅਹਿਮੀਅਤ ਨੂੰ ਭੁੱਲ ਗਏ ਜਾਂ ਫਿਰ ਅਨੈਤਿਕ ਜੀਵਨ ਵਿਚ ਪੂਰੀ ਤਰ੍ਹਾਂ ਖੁੱਭ ਗਏ ਜਿਸ ਦੇ ਗੰਭੀਰ ਨਤੀਜੇ ਨਿਕਲੇ। (ਮੱਤੀ 19:16-22; 24:36-42; ਲੂਕਾ 16:14; 1 ਕੁਰਿੰਥੀਆਂ 10:8-11) ਅੱਜ ਦੇ ਮਸੀਹੀਆਂ ਦੀਆਂ ਉਦਾਹਰਣਾਂ ਤੋਂ ਸਿੱਖੋ। ਸਮੇਂ-ਸਮੇਂ ਤੇ ਕੁਝ ਮਸੀਹੀ ਮੌਜੂਦਾ ਸਮੇਂ ਦੀ ਅਹਿਮੀਅਤ ਨੂੰ ਭੁੱਲ ਜਾਂਦੇ ਹਨ ਅਤੇ ਇਹ ਵਿਚਾਰ ਆਪਣੇ ਮਨ ਵਿਚ ਬਿਠਾ ਲੈਂਦੇ ਹਨ ਕਿ ਪਰਮੇਸ਼ੁਰ ਦੀ ਸੇਵਾ ਕਰਨ ਕਰਕੇ ਉਹ ਜ਼ਿੰਦਗੀ ਦਾ ਮਜ਼ਾ ਨਹੀਂ ਲੈ ਰਹੇ। ਜ਼ਿੰਦਗੀ ਦੇ ਖੋਖਲੇ ਐਸ਼ੋ-ਆਰਾਮ ਲਈ ਉਹ ਸ਼ਾਇਦ ਸੱਚਾਈ ਨੂੰ ਛੱਡ ਦੇਣ। ਪਰ ਅਜਿਹੇ ਲੋਕ “ਤਿਲਕਣਿਆਂ ਥਾਂਵਾਂ” ਉੱਤੇ ਹਨ ਕਿਉਂਕਿ ਦੇਰ-ਸਵੇਰ ਉਨ੍ਹਾਂ ਨੂੰ ਆਪਣੇ ਗ਼ਲਤ ਚਾਲ-ਚਲਣ ਦੇ ਸਿੱਟੇ ਤਾਂ ਭੁਗਤਣੇ ਹੀ ਪੈਣਗੇ। (ਜ਼ਬੂਰਾਂ ਦੀ ਪੋਥੀ 73:18, 19) ਸਾਨੂੰ ਦੂਸਰਿਆਂ ਦੀਆਂ ਗ਼ਲਤੀਆਂ ਤੋਂ ਸਿੱਖ ਕੇ ਸਮਝਦਾਰੀ ਦਿਖਾਉਣੀ ਚਾਹੀਦੀ ਹੈ।—ਕਹਾਉਤਾਂ 22:3.

17. ਸ਼ਤਾਨ ਇਹ ਝੂਠ ਕਿਉਂ ਫੈਲਾਉਂਦਾ ਹੈ ਕਿ ਯਹੋਵਾਹ ਨਾ ਤਾਂ ਸਾਨੂੰ ਪਿਆਰ ਕਰਦਾ ਹੈ ਅਤੇ ਨਾ ਹੀ ਸਾਡੀ ਕਦਰ ਕਰਦਾ ਹੈ?

17 ਇਕ ਹੋਰ ਝੂਠ ਹੈ ਜੋ ਸ਼ਤਾਨ ਬਹੁਤ ਹੀ ਕਾਮਯਾਬੀ ਨਾਲ ਇਸਤੇਮਾਲ ਕਰਦਾ ਹੈ। ਉਹ ਝੂਠ ਹੈ ਕਿ ਯਹੋਵਾਹ ਨਾ ਤਾਂ ਸਾਨੂੰ ਪਿਆਰ ਕਰਦਾ ਹੈ ਅਤੇ ਨਾ ਹੀ ਸਾਡੀ ਕਦਰ ਕਰਦਾ ਹੈ। ਸ਼ਤਾਨ ਹਜ਼ਾਰਾਂ ਸਾਲਾਂ ਤੋਂ ਮਨੁੱਖੀ ਸੁਭਾਅ ਨੂੰ ਦੇਖਦਾ ਆਇਆ ਹੈ। ਉਹ ਚੰਗੀ ਤਰ੍ਹਾਂ ਜਾਣਦਾ ਹੈ ਕਿ ਨਿਰਾਸ਼ਾ ਸਾਨੂੰ ਕਮਜ਼ੋਰ ਕਰ ਸਕਦੀ ਹੈ। (ਕਹਾਉਤਾਂ 24:10) ਇਸ ਲਈ, ਉਹ ਇਸ ਝੂਠ ਨੂੰ ਫੈਲਾਉਂਦਾ ਹੈ ਕਿ ਅਸੀਂ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਨਿਕੰਮੇ ਹਾਂ। ਜੇ ਅਸੀਂ “ਡੇਗੇ ਜਾਂਦੇ ਹਾਂ” ਅਤੇ ਇਹ ਵਿਸ਼ਵਾਸ ਕਰਨ ਲੱਗ ਪੈਂਦੇ ਹਾਂ ਕਿ ਯਹੋਵਾਹ ਸਾਡੀ ਪਰਵਾਹ ਨਹੀਂ ਕਰਦਾ, ਤਾਂ ਅਸੀਂ ਸ਼ਾਇਦ ਹਾਰ ਮੰਨ ਲਈਏ। (2 ਕੁਰਿੰਥੀਆਂ 4:9) ਇਹੀ ਤਾਂ ਮਹਾਂ ਧੋਖੇਬਾਜ਼ ਸ਼ਤਾਨ ਚਾਹੁੰਦਾ ਹੈ! ਤਾਂ ਫਿਰ ਅਸੀਂ ਸ਼ਤਾਨ ਦੇ ਇਸ ਝੂਠ ਰਾਹੀਂ ਧੋਖਾ ਖਾਣ ਤੋਂ ਕਿਵੇਂ ਬਚ ਸਕਦੇ ਹਾਂ?

18. ਬਾਈਬਲ ਕਿਵੇਂ ਦਿਖਾਉਂਦੀ ਹੈ ਕਿ ਯਹੋਵਾਹ ਸਾਡੇ ਨਾਲ ਪਿਆਰ ਕਰਦਾ ਹੈ?

18ਇਸ ਗੱਲ ਤੇ ਮਨਨ ਕਰੋ ਕਿ ਬਾਈਬਲ ਯਹੋਵਾਹ ਦੇ ਪਿਆਰ ਬਾਰੇ ਕੀ ਕਹਿੰਦੀ ਹੈ। ਸਾਨੂੰ ਇਹ ਭਰੋਸਾ ਦਿਵਾਉਣ ਲਈ ਕਿ ਯਹੋਵਾਹ ਸਾਨੂੰ ਪਿਆਰ ਕਰਦਾ ਹੈ ਅਤੇ ਉਸ ਨੂੰ ਸਾਡੀ ਪਰਵਾਹ ਹੈ, ਪਰਮੇਸ਼ੁਰ ਦਾ ਬਚਨ ਬਹੁਤ ਸੋਹਣੀ ਤਸਵੀਰੀ ਭਾਸ਼ਾ ਵਰਤਦਾ ਹੈ। ਉਹ ਸਾਡੇ ਹੰਝੂਆਂ ਨੂੰ ਆਪਣੀ “ਕੁੱਪੀ” ਵਿਚ ਸੰਭਾਲ ਕੇ ਰੱਖਦਾ ਹੈ। (ਜ਼ਬੂਰਾਂ ਦੀ ਪੋਥੀ 56:8) ਇਸ ਦਾ ਮਤਲਬ ਹੈ ਕਿ ਵਫ਼ਾਦਾਰ ਰਹਿਣ ਲਈ ਜੱਦੋ-ਜਹਿਦ ਕਰਦੇ ਹੋਏ ਅਸੀਂ ਜੋ ਹੰਝੂ ਵਹਾਉਂਦੇ ਹਾਂ, ਉਹ ਉਨ੍ਹਾਂ ਨੂੰ ਦੇਖਦਾ ਅਤੇ ਚੇਤੇ ਰੱਖਦਾ ਹੈ। ਉਹ ਜਾਣਦਾ ਹੈ ਕਿ ਕਦੋਂ ਤੁਹਾਡਾ ‘ਦਿਲ ਟੁੱਟਿਆ ਹੋਇਆ ਹੈ’ ਅਤੇ ਉਸ ਵੇਲੇ ਉਹ ਤੁਹਾਡੇ ਨੇੜੇ ਹੁੰਦਾ ਹੈ। (ਜ਼ਬੂਰਾਂ ਦੀ ਪੋਥੀ 34:18) ਉਹ ਤੁਹਾਡੇ ਬਾਰੇ ਸਭ ਕੁਝ ਜਾਣਦਾ ਹੈ, ਇੱਥੋਂ ਤਕ ਕਿ ਉਸ ਨੇ “ਤੁਹਾਡੇ ਸਿਰ ਦੇ ਵਾਲ ਵੀ ਸਭ ਗਿਣੇ ਹੋਏ ਹਨ।” (ਮੱਤੀ 10:29-31) ਆਪਣੇ ਪਿਆਰ ਦਾ ਸਬੂਤ ਦੇਣ ਲਈ ਉਸ ਨੇ ਤੁਹਾਡੀ ਖ਼ਾਤਰ “ਆਪਣਾ ਇਕਲੌਤਾ ਪੁੱਤ੍ਰ ਬਖ਼ਸ਼ ਦਿੱਤਾ।” (ਯੂਹੰਨਾ 3:16; ਗਲਾਤੀਆਂ 2:20) ਕਈ ਵਾਰ ਤੁਹਾਨੂੰ ਸ਼ਾਇਦ ਲੱਗੇ ਕਿ ਇਹ ਆਇਤਾਂ ਤੁਹਾਡੇ ਉੱਤੇ ਲਾਗੂ ਨਹੀਂ ਹੁੰਦੀਆਂ। ਪਰ ਸਾਨੂੰ ਯਹੋਵਾਹ ਦੀ ਗੱਲ ਉੱਤੇ ਭਰੋਸਾ ਕਰਨਾ ਚਾਹੀਦਾ ਹੈ। ਉਹ ਸਾਨੂੰ ਭਰੋਸਾ ਦਿਵਾਉਂਦਾ ਹੈ ਕਿ ਉਹ ਸਾਡੇ ਨਾਲ ਇਕ ਸਮੂਹ ਦੇ ਤੌਰ ਤੇ ਹੀ ਨਹੀਂ, ਸਗੋਂ ਨਿੱਜੀ ਤੌਰ ਤੇ ਵੀ ਪਿਆਰ ਕਰਦਾ ਹੈ।

19, 20. (ੳ) ਸ਼ਤਾਨ ਦੇ ਇਸ ਝੂਠ ਨੂੰ ਪਛਾਣ ਕੇ ਨਕਾਰਨਾ ਕਿਉਂ ਜ਼ਰੂਰੀ ਹੈ ਕਿ ਯਹੋਵਾਹ ਤੁਹਾਡੇ ਨਾਲ ਪਿਆਰ ਨਹੀਂ ਕਰਦਾ? (ਅ) ਇਕ ਸਫ਼ਰੀ ਨਿਗਾਹਬਾਨ ਨੇ ਨਿਰਾਸ਼ ਮਸੀਹੀਆਂ ਦੀ ਮਦਦ ਕਿਵੇਂ ਕੀਤੀ?

19ਝੂਠ ਨੂੰ ਪਛਾਣੋ ਅਤੇ ਇਸ ਨੂੰ ਨਕਾਰੋ। ਜੇ ਤੁਸੀਂ ਜਾਣਦੇ ਹੋ ਕਿ ਕੋਈ ਵਿਅਕਤੀ ਤੁਹਾਡੇ ਨਾਲ ਝੂਠ ਬੋਲ ਰਿਹਾ ਹੈ, ਤਾਂ ਤੁਸੀਂ ਧੋਖਾ ਖਾਣ ਤੋਂ ਆਪਣੇ ਆਪ ਨੂੰ ਬਚਾ ਸਕਦੇ ਹੋ। ਇਸੇ ਤਰ੍ਹਾਂ, ਜੇ ਤੁਸੀਂ ਜਾਣਦੇ ਹੋ ਕਿ ਸ਼ਤਾਨ ਚਾਹੁੰਦਾ ਹੈ ਕਿ ਤੁਸੀਂ ਇਸ ਝੂਠ ਉੱਤੇ ਵਿਸ਼ਵਾਸ ਕਰ ਲਵੋ ਕਿ ਯਹੋਵਾਹ ਤੁਹਾਡੇ ਨਾਲ ਪਿਆਰ ਨਹੀਂ ਕਰਦਾ, ਤਾਂ ਇਹ ਆਪਣੇ ਆਪ ਵਿਚ ਬਹੁਤ ਵੱਡੀ ਮਦਦ ਹੈ। ਸ਼ਤਾਨ ਦੀਆਂ ਚਾਲਾਂ ਤੋਂ ਖ਼ਬਰਦਾਰ ਕਰਨ ਵਾਲੇ ਇਕ ਪਹਿਰਾਬੁਰਜ ਦੇ ਲੇਖ ਨੂੰ ਪੜ੍ਹ ਕੇ ਇਕ ਮਸੀਹੀ ਭੈਣ ਨੇ ਲਿਖਿਆ: “ਮੈਨੂੰ ਕਦੀ ਇਸ ਗੱਲ ਦਾ ਅਹਿਸਾਸ ਹੀ ਨਹੀਂ ਸੀ ਕਿ ਸ਼ਤਾਨ ਮੈਨੂੰ ਨਿਰਾਸ਼ ਕਰਨ ਲਈ ਮੇਰੀਆਂ ਭਾਵਨਾਵਾਂ ਨੂੰ ਵਰਤਣ ਦੀ ਕੋਸ਼ਿਸ਼ ਕਰਦਾ ਹੈ। ਇਹ ਜਾਣਨ ਤੋਂ ਬਾਅਦ ਮੈਨੂੰ ਆਪਣੀਆਂ ਭਾਵਨਾਵਾਂ ਨਾਲ ਲੜਨ ਦੀ ਪ੍ਰੇਰਣਾ ਮਿਲੀ ਹੈ।”

20 ਦੱਖਣੀ ਅਮਰੀਕਾ ਦੇ ਇਕ ਦੇਸ਼ ਵਿਚ ਸੇਵਾ ਕਰ ਰਹੇ ਇਕ ਸਫ਼ਰੀ ਨਿਗਾਹਬਾਨ ਦੀ ਉਦਾਹਰਣ ਤੇ ਗੌਰ ਕਰੋ। ਨਿਰਾਸ਼ ਭੈਣਾਂ-ਭਰਾਵਾਂ ਨੂੰ ਹੌਸਲਾ ਦੇਣ ਲਈ ਜਦੋਂ ਉਹ ਉਨ੍ਹਾਂ ਨੂੰ ਮਿਲਣ ਜਾਂਦਾ ਹੈ, ਤਾਂ ਉਹ ਉਨ੍ਹਾਂ ਨੂੰ ਪੁੱਛਦਾ ਹੈ, ‘ਕੀ ਤੁਸੀਂ ਤ੍ਰਿਏਕ ਦੀ ਸਿੱਖਿਆ ਨੂੰ ਸੱਚ ਮੰਨਦੇ ਹੋ?’ ਨਿਰਾਸ਼ ਮਸੀਹੀ ਇਸ ਗੱਲ ਨੂੰ ਸ਼ਤਾਨ ਦਾ ਇਕ ਝੂਠ ਮੰਨਦੇ ਹੋਏ ਅਕਸਰ ਇਹ ਜਵਾਬ ਦਿੰਦਾ ਹੈ, ‘ਬਿਲਕੁਲ ਨਹੀਂ।’ ਫਿਰ ਸਫ਼ਰੀ ਨਿਗਾਹਬਾਨ ਪੁੱਛਦਾ ਹੈ, ‘ਤੁਸੀਂ ਨਰਕ ਦੀ ਅੱਗ ਦੀ ਸਿੱਖਿਆ ਨੂੰ ਸਹੀ ਮੰਨਦੇ ਹੋ?’ ਮਸੀਹੀ ਫਿਰ ਜਵਾਬ ਦਿੰਦਾ ਹੈ, ‘ਬਿਲਕੁਲ ਨਹੀਂ।’ ਇਸ ਤੋਂ ਬਾਅਦ ਸਫ਼ਰੀ ਨਿਗਾਹਬਾਨ ਉਨ੍ਹਾਂ ਨੂੰ ਦੱਸਦਾ ਹੈ ਕਿ ਸ਼ਤਾਨ ਦਾ ਇਕ ਅਜਿਹਾ ਝੂਠ ਹੈ ਜਿਸ ਦਾ ਸਾਨੂੰ ਅਕਸਰ ਪਤਾ ਨਹੀਂ ਚੱਲਦਾ। ਫਿਰ ਉਹ ਯਹੋਵਾਹ ਦੇ ਨੇੜੇ ਰਹੋ * ਕਿਤਾਬ ਦੇ ਸਫ਼ਾ 249, ਪੈਰਾ 21 ਵੱਲ ਉਨ੍ਹਾਂ ਦਾ ਧਿਆਨ ਖਿੱਚਦਾ ਹੈ ਜਿੱਥੇ ਇਸ ਝੂਠ ਦਾ ਪਰਦਾ ਫ਼ਾਸ਼ ਕੀਤਾ ਗਿਆ ਹੈ ਕਿ ਯਹੋਵਾਹ ਸਾਡੇ ਨਾਲ ਨਿੱਜੀ ਤੌਰ ਤੇ ਪਿਆਰ ਨਹੀਂ ਕਰਦਾ। ਸਫ਼ਰੀ ਨਿਗਾਹਬਾਨ ਦੱਸਦਾ ਹੈ ਕਿ ਇਸ ਨਾਲ ਨਿਰਾਸ਼ ਮਸੀਹੀਆਂ ਨੂੰ ਇਸ ਝੂਠ ਨੂੰ ਪਛਾਣਨ ਅਤੇ ਇਸ ਨੂੰ ਨਕਾਰਨ ਵਿਚ ਮਦਦ ਮਿਲੀ ਹੈ।

ਆਪਣੇ ਆਪ ਨੂੰ ਧੋਖੇਬਾਜ਼ੀ ਤੋਂ ਬਚਾ ਕੇ ਰੱਖੋ

21, 22. ਅਸੀਂ ਸ਼ਤਾਨ ਦੀਆਂ ਚਾਲਾਂ ਦੇ ਸੰਬੰਧ ਵਿਚ ਹਨੇਰੇ ਵਿਚ ਕਿਉਂ ਨਹੀਂ ਹਾਂ ਅਤੇ ਸਾਨੂੰ ਕੀ ਪੱਕਾ ਇਰਾਦਾ ਕਰਨਾ ਚਾਹੀਦਾ ਹੈ?

21 ਇਨ੍ਹਾਂ ਅੰਤ ਦੇ ਦਿਨਾਂ ਦੇ ਆਖ਼ਰੀ ਪੜਾਅ ਤੇ ਸ਼ਤਾਨ ਅਣਗਿਣਤ ਝੂਠ ਅਤੇ ਛਲ ਵਰਤਣੋਂ ਬਾਜ਼ ਨਹੀਂ ਆਵੇਗਾ। ਪਰ ਖ਼ੁਸ਼ੀ ਦੀ ਗੱਲ ਹੈ ਕਿ ਯਹੋਵਾਹ ਨੇ ਸਾਨੂੰ ਸ਼ਤਾਨ ਦੀਆਂ ਚਾਲਾਂ ਦੇ ਸੰਬੰਧ ਵਿਚ ਹਨੇਰੇ ਵਿਚ ਨਹੀਂ ਰੱਖਿਆ। ਬਾਈਬਲ ਅਤੇ “ਮਾਤਬਰ ਅਤੇ ਬੁੱਧਵਾਨ ਨੌਕਰ” ਦੁਆਰਾ ਤਿਆਰ ਕੀਤੇ ਗਏ ਪ੍ਰਕਾਸ਼ਨ ਸ਼ਤਾਨ ਦੀਆਂ ਦੁਸ਼ਟ ਚਾਲਾਂ ਦਾ ਪਰਦਾ ਫ਼ਾਸ਼ ਕਰਦੇ ਹਨ। (ਮੱਤੀ 24:45) ਪਹਿਲਾਂ ਤੋਂ ਹੀ ਸੁਚੇਤ ਹੋਣ ਨਾਲ ਅਸੀਂ ਆਪਣੇ ਬਚਾਅ ਲਈ ਤਿਆਰ ਰਹਾਂਗੇ।—2 ਕੁਰਿੰਥੀਆਂ 2:11.

22 ਇਸ ਲਈ ਆਓ ਆਪਾਂ ਹਮੇਸ਼ਾ ਧਰਮ-ਤਿਆਗੀਆਂ ਦੀਆਂ ਗੱਲਾਂ ਤੋਂ ਖ਼ਬਰਦਾਰ ਰਹੀਏ। ਆਪਣੇ ਆਪ ਨੂੰ ਧੋਖਾ ਦੇਣ ਦੇ ਗੁੱਝੇ ਫੰਦੇ ਤੋਂ ਵੀ ਆਪਣਾ ਬਚਾਅ ਕਰਨ ਦਾ ਪੱਕਾ ਇਰਾਦਾ ਕਰੀਏ। ਆਓ ਆਪਾਂ ਸ਼ਤਾਨ ਦੇ ਸਾਰੇ ਝੂਠਾਂ ਨੂੰ ਪਛਾਣ ਕੇ ਇਨ੍ਹਾਂ ਨੂੰ ਨਕਾਰੀਏ। ਇਹ ਸਭ ਕੁਝ ਕਰ ਕੇ ਅਸੀਂ “ਸਚਿਆਈ ਦੇ ਪਰਮੇਸ਼ੁਰ” ਜੋ ਧੋਖੇਬਾਜ਼ੀ ਨਾਲ ਨਫ਼ਰਤ ਕਰਦਾ ਹੈ, ਨਾਲ ਆਪਣੇ ਰਿਸ਼ਤੇ ਨੂੰ ਬਚਾਅ ਕੇ ਰੱਖਾਂਗੇ।—ਜ਼ਬੂਰਾਂ ਦੀ ਪੋਥੀ 31:5; ਕਹਾਉਤਾਂ 3:32.

[ਫੁਟਨੋਟ]

^ ਪੈਰਾ 5 ਪਰਕਾਸ਼ ਦੀ ਪੋਥੀ 12:9 ਵਿਚ “ਭਰਮਾਉਂਦਾ ਹੈ” ਅਨੁਵਾਦ ਕੀਤੀ ਗਈ ਕ੍ਰਿਆ ਦੇ ਇਕ ਰੂਪ ਬਾਰੇ ਇਕ ਕਿਤਾਬ ਕਹਿੰਦੀ ਹੈ ਕਿ ਇਹ “ਵਿਅਕਤੀ ਦੁਆਰਾ ਕਿਸੇ ਕੰਮ ਨੂੰ ਵਾਰ-ਵਾਰ ਕਰਨ ਨੂੰ ਸੰਕੇਤ ਕਰਦਾ ਹੈ ਜਿਸ ਕਰਕੇ ਇਹ ਉਸ ਵਿਅਕਤੀ ਦੀ ਆਦਤ ਬਣ ਜਾਂਦੀ ਹੈ।”

^ ਪੈਰਾ 20 ਇਹ ਕਿਤਾਬ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਹੈ।

ਕੀ ਤੁਹਾਨੂੰ ਯਾਦ ਹੈ?

• ਅੱਜ ਦੁਨੀਆਂ ਵਿਚ ਧੋਖੇਬਾਜ਼ੀ ਦਾ ਬੋਲਬਾਲਾ ਕਿਉਂ ਹੈ?

• ਅਸੀਂ ਧਰਮ-ਤਿਆਗੀਆਂ ਦੇ ਧੋਖੇ ਵਿਚ ਆਉਣ ਤੋਂ ਕਿਵੇਂ ਬਚ ਸਕਦੇ ਹਾਂ?

• ਆਪਣੇ ਆਪ ਨੂੰ ਧੋਖਾ ਦੇਣ ਤੋਂ ਅਸੀਂ ਕਿਵੇਂ ਬਚ ਸਕਦੇ ਹਾਂ?

• ਅਸੀਂ ਸ਼ਤਾਨ ਦੇ ਝੂਠਾਂ ਰਾਹੀਂ ਧੋਖਾ ਖਾਣ ਤੋਂ ਕਿਵੇਂ ਬਚ ਸਕਦੇ ਹਾਂ?

[ਸਵਾਲ]

[ਸਫ਼ੇ 17 ਉੱਤੇ ਤਸਵੀਰ]

ਮਨੋਰੰਜਨ ਦੇ ਸੰਬੰਧ ਵਿਚ ਆਪਣੇ ਆਪ ਨੂੰ ਧੋਖਾ ਨਾ ਦਿਓ

[ਸਫ਼ੇ 18 ਉੱਤੇ ਤਸਵੀਰ]

ਆਪਣੇ ਆਪ ਨੂੰ ਧੋਖਾ ਦੇਣ ਤੋਂ ਬਚਣ ਲਈ ਪ੍ਰਾਰਥਨਾ ਕਰਦੇ ਹੋਏ ਆਪਣੀ ਜਾਂਚ ਕਰੋ, ਦੂਸਰਿਆਂ ਦੀ ਗੱਲ ਸੁਣੋ ਅਤੇ ਬਾਕਾਇਦਾ ਪਰਮੇਸ਼ੁਰ ਦਾ ਬਚਨ ਪੜ੍ਹੋ