Skip to content

Skip to table of contents

“ਨਿਹਚਾ ਦੀ ਚੰਗੀ ਲੜਾਈ ਲੜ”

“ਨਿਹਚਾ ਦੀ ਚੰਗੀ ਲੜਾਈ ਲੜ”

“ਨਿਹਚਾ ਦੀ ਚੰਗੀ ਲੜਾਈ ਲੜ”

ਜੇ ਜੰਗ ਵੇਲੇ ਕਿਸੇ ਫ਼ੌਜੀ ਨੂੰ ਇਹ ਹੁਕਮ ਦਿੱਤਾ ਜਾਂਦਾ ਹੈ ਕਿ ਉਹ ਘਰ ਮੁੜ ਜਾਵੇ ਅਤੇ ਆਪਣੀ ਘਰਵਾਲੀ ਤੇ ਬਾਲ-ਬੱਚਿਆਂ ਨਾਲ ਰਹੇ, ਤਾਂ ਕੀ ਉਹ ਖ਼ੁਸ਼ ਨਹੀਂ ਹੋਵੇਗਾ?

ਇਸਰਾਏਲ ਦੇ ਰਾਜਾ ਦਾਊਦ ਦੀ ਫ਼ੌਜ ਵਿਚ ਊਰਿੱਯਾਹ ਨਾਂ ਦੇ ਇਕ ਹਿੱਤੀ ਫ਼ੌਜੀ ਨੂੰ ਇਸੇ ਤਰ੍ਹਾਂ ਦਾ ਹੁਕਮ ਦਿੱਤਾ ਗਿਆ ਸੀ। ਰਾਜੇ ਨੇ ਆਪ ਉਸ ਨੂੰ ਆਪਣੇ ਕੋਲ ਬੁਲਾ ਕੇ ਉਸ ਨੂੰ ਘਰ ਮੁੜਨ ਲਈ ਕਿਹਾ ਸੀ। ਪਰ ਊਰਿੱਯਾਹ ਆਪਣੇ ਘਰ ਨਹੀਂ ਗਿਆ। ਜਦੋਂ ਊਰਿੱਯਾਹ ਤੋਂ ਇਸ ਦਾ ਕਾਰਨ ਪੁੱਛਿਆ ਗਿਆ, ਤਾਂ ਉਸ ਨੇ ਕਿਹਾ ਕਿ ਪਰਮੇਸ਼ੁਰ ਦੀ ਮੌਜੂਦਗੀ ਨੂੰ ਦਰਸਾਉਣ ਵਾਲਾ ਨੇਮ ਦਾ ਸੰਦੂਕ ਅਤੇ ਇਸਰਾਏਲੀ ਫ਼ੌਜ ਜੰਗ ਦੇ ਮੈਦਾਨ ਵਿਚ ਸੀ। ਇਸ ਲਈ ਉਸ ਨੇ ਕਿਹਾ: “ਫੇਰ ਮੈਂ ਕਿੱਕਰ ਆਪਣੇ ਘਰ ਵਿੱਚ ਜਾ ਕੇ ਖਾਵਾਂ ਪੀਵਾਂ ਅਤੇ ਆਪਣੀ ਤੀਵੀਂ ਨਾਲ ਸੌਂ ਰਹਾਂ?” ਊਰਿੱਯਾਹ ਇਸ ਔਖੀ ਘੜੀ ਵਿਚ ਆਪਣੇ ਘਰ ਜਾਣ ਬਾਰੇ ਸੋਚ ਵੀ ਨਹੀਂ ਸਕਦਾ ਸੀ।—2 ਸਮੂਏਲ 11:8-11.

ਊਰਿੱਯਾਹ ਦੇ ਇਸ ਵਤੀਰੇ ਤੋਂ ਅਹਿਮ ਸਵਾਲ ਖੜ੍ਹੇ ਹੁੰਦੇ ਹਨ ਜਿਨ੍ਹਾਂ ਵੱਲ ਸਾਨੂੰ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਇਸ ਵੇਲੇ ਇਕ ਜੰਗ ਛਿੜੀ ਹੋਈ ਹੈ। ਇਹ ਜੰਗ ਦੁਨੀਆਂ ਦੀਆਂ ਲੜਾਈਆਂ ਤੋਂ ਬਿਲਕੁਲ ਵੱਖਰੀ ਹੈ। ਇਸ ਜੰਗ ਦੇ ਮੁਕਾਬਲੇ ਤਾਂ ਦੋ ਵਿਸ਼ਵ ਯੁੱਧ ਕੁਝ ਵੀ ਨਹੀਂ ਹਨ ਅਤੇ ਤੁਸੀਂ ਇਸ ਜੰਗ ਵਿਚ ਸ਼ਾਮਲ ਹੋ। ਖ਼ਤਰਾ ਬਹੁਤ ਜ਼ਿਆਦਾ ਹੈ, ਦੁਸ਼ਮਣ ਬਹੁਤ ਹੀ ਬੇਰਹਿਮ ਹੈ। ਇਸ ਜੰਗ ਵਿਚ ਨਾ ਤਾਂ ਕੋਈ ਗੋਲੀ ਚੱਲਦੀ ਹੈ ਤੇ ਨਾ ਹੀ ਕੋਈ ਬੰਬ ਸੁੱਟਿਆ ਜਾਂਦਾ ਹੈ। ਪਰ ਇਸ ਦਾ ਇਹ ਮਤਲਬ ਨਹੀਂ ਕਿ ਜੰਗ ਜਿੱਤਣ ਲਈ ਦਾਅ-ਪੇਚ ਵਰਤਣ ਦੀ ਲੋੜ ਨਹੀਂ।

ਇਹ ਜੰਗ ਲੜਨੀ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਇਹ ਜਾਣਨ ਦੀ ਲੋੜ ਹੈ ਕਿ ਇਹ ਜੰਗ ਜਾਇਜ਼ ਹੈ ਜਾਂ ਨਹੀਂ ਅਤੇ ਇਸ ਜੰਗ ਦਾ ਮਕਸਦ ਕੀ ਹੈ? ਕੀ ਇਹ ਜੰਗ ਲੜਨ ਦਾ ਕੋਈ ਫ਼ਾਇਦਾ ਹੈ? ਪੌਲੁਸ ਰਸੂਲ ਨੇ ਤਿਮੋਥਿਉਸ ਨੂੰ ਲਿਖੀ ਚਿੱਠੀ ਵਿਚ ਇਸ ਲੜਾਈ ਦਾ ਮਕਸਦ ਦੱਸਿਆ ਸੀ: “ਨਿਹਚਾ ਦੀ ਚੰਗੀ ਲੜਾਈ ਲੜ।” ਇਸ ਜੰਗ ਵਿਚ ਤੁਸੀਂ ਕਿਸੇ ਕਿਲੇ ਦੀ ਰੱਖਿਆ ਨਹੀਂ ਕਰਨੀ ਹੈ, ਸਗੋਂ “ਨਿਹਚਾ” ਦੀ ਰੱਖਿਆ ਕਰਨੀ ਹੈ। ਇਹ “ਨਿਹਚਾ” ਹੈ ਬਾਈਬਲ ਵਿਚ ਦੱਸੀਆਂ ਗਈਆਂ ਸਾਰੀਆਂ ਮਸੀਹੀ ਸੱਚਾਈਆਂ। ਇਹ ਜੰਗ ਲੜਨ ਅਤੇ ਇਸ ਨੂੰ ਜਿੱਤਣ ਲਈ ਤੁਹਾਨੂੰ ਇਨ੍ਹਾਂ ਸਾਰੀਆਂ ਮਸੀਹੀ ਸੱਚਾਈਆਂ ਉੱਤੇ ਪੂਰੇ ਦਿਲ ਨਾਲ ਵਿਸ਼ਵਾਸ ਕਰਨਾ ਹੀ ਪੈਣਾ ਹੈ।—1 ਤਿਮੋਥਿਉਸ 6:12.

ਸਮਝਦਾਰ ਫ਼ੌਜੀ ਆਪਣੇ ਦੁਸ਼ਮਣ ਬਾਰੇ ਜਾਣਨ ਦੀ ਕੋਸ਼ਿਸ਼ ਕਰਦਾ ਹੈ। ਇਸ ਜੰਗ ਵਿਚ ਤੁਹਾਡਾ ਦੁਸ਼ਮਣ ਕੋਈ ਇਨਸਾਨ ਨਹੀਂ, ਸਗੋਂ ਇਕ ਆਤਮਿਕ ਪ੍ਰਾਣੀ ਸ਼ਤਾਨ ਹੈ। (1 ਪਤਰਸ 5:8) ਤੁਹਾਡਾ ਦੁਸ਼ਮਣ ਜੰਗ ਦੇ ਸਾਰੇ ਦਾਅ-ਪੇਚ ਜਾਣਦਾ ਹੈ। ਉਸ ਕੋਲ ਇਹ ਜੰਗ ਲੜਨ ਲਈ ਹਥਿਆਰਾਂ ਤੇ ਦੂਸਰੀਆਂ ਚੀਜ਼ਾਂ ਦੀ ਕੋਈ ਘਾਟ ਨਹੀਂ ਹੈ। ਉਹ ਬਹੁਤ ਹੀ ਬੇਰਹਿਮ, ਹਿੰਸਕ ਅਤੇ ਬੇਈਮਾਨ ਹੈ। ਇਨਸਾਨੀ ਹਥਿਆਰ ਅਤੇ ਦਾਅ-ਪੇਚ ਉਸ ਦਾ ਕੁਝ ਨਹੀਂ ਵਿਗਾੜ ਸਕਦੇ। (2 ਕੁਰਿੰਥੀਆਂ 10:4) ਤਾਂ ਫਿਰ ਇਸ ਲੜਾਈ ਲਈ ਕਿਹੜਾ ਹਥਿਆਰ ਕਾਰਗਰ ਸਿੱਧ ਹੋਵੇਗਾ?

ਇਹ ਹਥਿਆਰ ਹੈ “ਆਤਮਾ ਦੀ ਤਲਵਾਰ ਜੋ ਪਰਮੇਸ਼ੁਰ ਦੀ ਬਾਣੀ ਹੈ।” (ਅਫ਼ਸੀਆਂ 6:17) ਪੌਲੁਸ ਰਸੂਲ ਦੱਸਦਾ ਹੈ ਕਿ ਇਹ ਹਥਿਆਰ ਕਿੰਨਾ ਕੁ ਕਾਰਗਰ ਹੈ: “ਪਰਮੇਸ਼ੁਰ ਦਾ ਬਚਨ ਜੀਉਂਦਾ ਅਤੇ ਗੁਣਕਾਰ ਅਤੇ ਹਰੇਕ ਦੋ ਧਾਰੀ ਤਲਵਾਰ ਨਾਲੋਂ ਤਿੱਖਾ ਹੈ ਅਤੇ ਜੀਵ ਅਤੇ ਆਤਮਾ ਨੂੰ ਅਰ ਬੰਦ ਬੰਦ ਅਤੇ ਗੁੱਦੇ ਨੂੰ ਅੱਡੋ ਅੱਡ ਕਰ ਕੇ ਵਿੰਨ੍ਹ ਸੁੱਟਦਾ ਹੈ ਅਤੇ ਮਨ ਦੀਆਂ ਵਿਚਾਰਾਂ ਅਤੇ ਧਾਰਨਾਂ ਨੂੰ ਜਾਚ ਲੈਂਦਾ ਹੈ।” (ਇਬਰਾਨੀਆਂ 4:11, 12) ਇਹ ਤਲਵਾਰ ਇੰਨੀ ਤਿੱਖੀ ਤੇ ਵਧੀਆ ਹੈ ਕਿ ਇਹ ਬੰਦੇ ਦੇ ਅੰਦਰੂਨੀ ਖ਼ਿਆਲਾਂ ਅਤੇ ਮਨੋਰਥਾਂ ਨੂੰ ਵੀ ਵਿੰਨ੍ਹ ਕੇ ਸਪੱਸ਼ਟ ਕਰ ਦਿੰਦੀ ਹੈ। ਇਸ ਲਈ ਇਸ ਤਲਵਾਰ ਨੂੰ ਚਲਾਉਣ ਵਾਲੇ ਨੂੰ ਇਸ ਨੂੰ ਧਿਆਨ ਨਾਲ ਅਤੇ ਸਹੀ ਢੰਗ ਨਾਲ ਚਲਾਉਣ ਦੀ ਲੋੜ ਹੈ।

ਆਮ ਤੌਰ ਤੇ ਫ਼ੌਜ ਕੋਲ ਵਧੀਆ ਤੋਂ ਵਧੀਆ ਆਧੁਨਿਕ ਹਥਿਆਰ ਹੁੰਦੇ ਹਨ, ਪਰ ਇਨ੍ਹਾਂ ਹਥਿਆਰਾਂ ਦਾ ਕੋਈ ਫ਼ਾਇਦਾ ਨਹੀਂ ਹੋਵੇਗਾ ਜੇ ਫ਼ੌਜੀਆਂ ਨੂੰ ਇਹ ਵਰਤਣੇ ਹੀ ਨਹੀਂ ਆਉਂਦੇ। ਤੁਹਾਨੂੰ ਵੀ ਆਪਣੀ ਤਲਵਾਰ ਸਹੀ ਢੰਗ ਨਾਲ ਚਲਾਉਣੀ ਸਿੱਖਣ ਲਈ ਸਿਖਲਾਈ ਦੀ ਲੋੜ ਹੈ। ਇਹ ਖ਼ੁਸ਼ੀ ਦੀ ਗੱਲ ਹੈ ਕਿ ਅਸੀਂ ਇਹ ਸਿਖਲਾਈ ਤਜਰਬੇਕਾਰ ਫ਼ੌਜੀਆਂ ਤੋਂ ਹਾਸਲ ਕਰ ਸਕਦੇ ਹਾਂ। ਯਿਸੂ ਨੇ ਇਨ੍ਹਾਂ ਯੋਧਿਆਂ-ਸਿੱਖਿਅਕਾਂ ਨੂੰ “ਮਾਤਬਰ ਅਤੇ ਬੁੱਧਵਾਨ ਨੌਕਰ” ਕਿਹਾ। (ਮੱਤੀ 24:45) ਇਨ੍ਹਾਂ ਯੋਧਿਆਂ ਦੀ ਜ਼ਿੰਮੇਵਾਰੀ ਹੈ ਕਿ ਉਹ ਯਿਸੂ ਦੇ ਚੇਲਿਆਂ ਨੂੰ ਸਮੇਂ ਸਿਰ ਅਧਿਆਤਮਿਕ ਭੋਜਨ ਜਾਂ ਸਿੱਖਿਆ ਦੇਣ। ਤੁਸੀਂ ਇਸ ਨੌਕਰ ਦੀ ਪਛਾਣ ਇਸ ਦੇ ਸਿੱਖਿਆ ਦੇਣ ਅਤੇ ਦੁਸ਼ਮਣ ਦੇ ਦਾਅ-ਪੇਚਾਂ ਦੀ ਸਹੀ ਸਮੇਂ ਤੇ ਚੇਤਾਵਨੀ ਦੇਣ ਦੇ ਕੰਮ ਤੋਂ ਕਰ ਸਕਦੇ ਹੋ। ਸਬੂਤ ਦਿਖਾਉਂਦੇ ਹਨ ਕਿ ਇਹ ਨੌਕਰ ਯਹੋਵਾਹ ਦੇ ਗਵਾਹਾਂ ਦੀ ਕਲੀਸਿਯਾ ਵਿਚ ਆਤਮਾ ਨਾਲ ਮਸਹ ਕੀਤੇ ਹੋਏ ਮੈਂਬਰ ਹਨ।—ਪਰਕਾਸ਼ ਦੀ ਪੋਥੀ 14:1.

ਇਹ ਨੌਕਰ ਵਰਗ ਸਾਨੂੰ ਸਿਰਫ਼ ਸਿੱਖਿਆ ਹੀ ਨਹੀਂ ਦਿੰਦਾ ਹੈ, ਸਗੋਂ ਪਿਆਰ ਨਾਲ ਸਾਡੀ ਦੇਖ-ਭਾਲ ਵੀ ਕਰਦਾ ਹੈ। ਇਸ ਨੇ ਪੌਲੁਸ ਰਸੂਲ ਵਰਗਾ ਰਵੱਈਆ ਦਿਖਾਇਆ ਹੈ ਜਿਸ ਨੇ ਥੱਸਲੁਨੀਕਾ ਦੀ ਕਲੀਸਿਯਾ ਨੂੰ ਇਹ ਲਿਖਿਆ ਸੀ: “ਅਸੀਂ ਤੁਹਾਡੇ ਵਿੱਚ ਅਜੇਹੇ ਅਸੀਲ ਸਾਂ ਜਿਹੀ ਮਾਤਾ ਜੋ ਆਪਣੇ ਬੱਚਿਆਂ ਨੂੰ ਪਾਲਦੀ ਹੈ। ਇਉਂ ਅਸੀਂ ਤੁਹਾਡੇ ਚਾਹਵੰਦ ਹੋ ਕੇ ਤੁਹਾਨੂੰ ਨਿਰੀ ਪਰਮੇਸ਼ੁਰ ਦੀ ਖੁਸ਼ ਖਬਰੀ ਨਹੀਂ ਸਗੋਂ ਆਪਣੀ ਜਾਨ ਭੀ ਦੇਣ ਨੂੰ ਤਿਆਰ ਸਾਂ ਇਸ ਲਈ ਜੋ ਤੁਸੀਂ ਸਾਡੇ ਪਿਆਰੇ ਬਣ ਗਏ ਸਾਓ।” (1 ਥੱਸਲੁਨੀਕੀਆਂ 2:7, 8) ਇਹ ਹਰ ਮਸੀਹੀ ਫ਼ੌਜੀ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਇਸ ਪਿਆਰ ਭਰੀ ਸਿਖਲਾਈ ਦਾ ਪੂਰਾ-ਪੂਰਾ ਲਾਭ ਲਵੇ।

ਫ਼ੌਜੀਆਂ ਦੇ ਬਸਤਰ

ਤੁਹਾਡੀ ਰੱਖਿਆ ਲਈ ਲਾਖਣਿਕ ਬਸਤਰ ਵੀ ਉਪਲਬਧ ਹਨ। ਅਫ਼ਸੀਆਂ 6:13-18 ਵਿਚ ਇਨ੍ਹਾਂ ਬਸਤਰਾਂ ਦੀ ਸੂਚੀ ਦਿੱਤੀ ਗਈ ਹੈ। ਚੁਕੰਨਾ ਫ਼ੌਜੀ ਕਦੀ ਵੀ ਬਾਹਰ ਨਹੀਂ ਜਾਵੇਗਾ ਜੇ ਉਸ ਕੋਲ ਉਸ ਦੇ ਅਧਿਆਤਮਿਕ ਬਸਤਰ ਨਹੀਂ ਹਨ ਜਾਂ ਉਨ੍ਹਾਂ ਦੀ ਮੁਰੰਮਤ ਕਰਨ ਦੀ ਲੋੜ ਹੈ।

ਹਰ ਮਸੀਹੀ ਨੂੰ ਆਪਣੇ ਸਾਰੇ ਬਸਤਰਾਂ ਦੀ ਲੋੜ ਹੈ, ਪਰ ਉਸ ਨੂੰ ਨਿਹਚਾ ਦੀ ਵੱਡੀ ਢਾਲ ਦੀ ਖ਼ਾਸ ਤੌਰ ਤੇ ਲੋੜ ਹੈ। ਇਸੇ ਕਰਕੇ ਪੌਲੁਸ ਨੇ ਲਿਖਿਆ: “ਓਹਨਾਂ ਸਭਨਾਂ ਸਣੇ ਨਿਹਚਾ ਦੀ ਢਾਲ ਲਾਓ ਜਿਹ ਦੇ ਨਾਲ ਤੁਸੀਂ ਉਸ ਦੁਸ਼ਟ ਦੇ ਸਾਰੇ ਅਗਣ ਬਾਣਾਂ ਨੂੰ ਬੁਝਾ ਸੱਕੋਗੇ।”—ਅਫ਼ਸੀਆਂ 6:16.

ਪੂਰੇ ਸਰੀਰ ਨੂੰ ਢੱਕਣ ਵਾਲੀ ਵੱਡੀ ਢਾਲ ਪੱਕੀ ਨਿਹਚਾ ਨੂੰ ਦਰਸਾਉਂਦੀ ਹੈ। ਤੁਹਾਨੂੰ ਯਹੋਵਾਹ ਦੀ ਅਗਵਾਈ ਵਿਚ ਪੂਰੀ ਨਿਹਚਾ ਕਰਨ ਦੀ ਲੋੜ ਹੈ ਅਤੇ ਤੁਹਾਨੂੰ ਇਸ ਗੱਲ ਉੱਤੇ ਬਿਲਕੁਲ ਸ਼ੱਕ ਨਹੀਂ ਕਰਨਾ ਚਾਹੀਦਾ ਕਿ ਉਸ ਦੇ ਸਾਰੇ ਵਾਅਦੇ ਪੂਰੇ ਹੋਣਗੇ। ਤੁਹਾਨੂੰ ਇੱਦਾਂ ਮਹਿਸੂਸ ਕਰਨਾ ਚਾਹੀਦਾ ਹੈ ਕਿ ਉਸ ਦੇ ਸਾਰੇ ਵਾਅਦੇ ਮਾਨੋ ਪੂਰੇ ਹੋ ਚੁੱਕੇ ਹਨ। ਸ਼ਤਾਨ ਦੀ ਦੁਨੀਆਂ ਦਾ ਵਿਨਾਸ਼ ਤਾਂ ਹੋਣਾ ਹੀ ਹੋਣਾ ਹੈ। ਧਰਤੀ ਜ਼ਰੂਰ ਫਿਰਦੌਸ ਬਣੇਗੀ ਅਤੇ ਪਰਮੇਸ਼ੁਰ ਦੇ ਸਾਰੇ ਵਫ਼ਾਦਾਰ ਲੋਕ ਹਰ ਪੱਖੋਂ ਮੁਕੰਮਲ ਬਣਾਏ ਜਾਣਗੇ।—ਯਸਾਯਾਹ 33:24; 35:1, 2; ਪਰਕਾਸ਼ ਦੀ ਪੋਥੀ 19:17-21.

ਪਰ, ਇਸ ਅਸਾਧਾਰਣ ਲੜਾਈ ਵਿਚ ਤੁਹਾਨੂੰ ਇਕ ਦੋਸਤ ਦੀ ਵੀ ਲੋੜ ਹੈ। ਜੰਗ ਦੌਰਾਨ ਫ਼ੌਜੀਆਂ ਵਿਚ ਦੋਸਤੀ ਹੋਣ ਨਾਲ ਸਾਰਿਆਂ ਨੂੰ ਹੱਲਾਸ਼ੇਰੀ ਮਿਲਦੀ ਹੈ ਤੇ ਇਕ-ਦੂਜੇ ਦੀ ਰਾਖੀ ਵੀ ਹੁੰਦੀ ਹੈ। ਕਈ ਵਾਰ ਤਾਂ ਉਹ ਇਕ-ਦੂਜੇ ਦੀ ਜਾਨ ਵੀ ਬਚਾਉਂਦੇ ਹਨ। ਤੁਹਾਨੂੰ ਦੋਸਤਾਂ ਦੀ ਲੋੜ ਤਾਂ ਹੈ, ਪਰ ਇਸ ਜੰਗ ਨੂੰ ਜਿੱਤਣ ਲਈ ਤੁਹਾਨੂੰ ਸਭ ਤੋਂ ਜ਼ਿਆਦਾ ਯਹੋਵਾਹ ਪਰਮੇਸ਼ੁਰ ਨਾਲ ਦੋਸਤੀ ਕਰਨ ਦੀ ਲੋੜ ਹੈ। ਇਸੇ ਕਰਕੇ ਪੌਲੁਸ ਬਸਤਰਾਂ ਦੀ ਸੂਚੀ ਦੇ ਅਖ਼ੀਰ ਵਿਚ ਕਹਿੰਦਾ ਹੈ: “ਸਾਰੀ ਪ੍ਰਾਰਥਨਾ ਅਤੇ ਬੇਨਤੀ ਨਾਲ ਹਰ ਸਮੇਂ ਆਤਮਾ ਵਿੱਚ ਪ੍ਰਾਰਥਨਾ ਕਰਦੇ ਰਹੋ।”—ਅਫ਼ਸੀਆਂ 6:18.

ਅਸੀਂ ਆਪਣੇ ਜਿਗਰੀ ਦੋਸਤ ਦੇ ਸਾਥ ਦਾ ਆਨੰਦ ਮਾਣਦੇ ਹਾਂ। ਅਸੀਂ ਉਸ ਨਾਲ ਕੁਝ ਸਮਾਂ ਬਿਤਾਉਣ ਦੇ ਮੌਕੇ ਲੱਭਦੇ ਹਾਂ। ਪ੍ਰਾਰਥਨਾ ਵਿਚ ਯਹੋਵਾਹ ਨਾਲ ਬਾਕਾਇਦਾ ਗੱਲ ਕਰਨ ਨਾਲ ਉਹ ਸਾਡਾ ਭਰੋਸੇਮੰਦ ਦੋਸਤ ਬਣ ਜਾਵੇਗਾ। ਚੇਲਾ ਯਾਕੂਬ ਸਾਨੂੰ ਉਤਸ਼ਾਹ ਦਿੰਦਾ ਹੈ: “ਪਰਮੇਸ਼ੁਰ ਦੇ ਨੇੜੇ ਜਾਓ ਤਾਂ ਉਹ ਤੁਹਾਡੇ ਨੇੜੇ ਆਵੇਗਾ।”—ਯਾਕੂਬ 4:8.

ਦੁਸ਼ਮਣ ਦੀਆਂ ਚਾਲਾਂ

ਸ਼ਤਾਨ ਦੀ ਦੁਨੀਆਂ ਨਾਲ ਲੜਨਾ ਬਾਰੂਦੀ ਸੁਰੰਗਾਂ ਨਾਲ ਭਰੇ ਰਸਤੇ ਉੱਤੇ ਚੱਲਣ ਵਾਂਗ ਹੈ। ਹਮਲਾ ਕਿਸੇ ਵੀ ਪਾਸਿਓਂ ਹੋ ਸਕਦਾ ਹੈ ਅਤੇ ਤੁਹਾਡਾ ਦੁਸ਼ਮਣ ਤੁਹਾਡੇ ਉੱਤੇ ਅਚਾਨਕ ਹਮਲਾ ਕਰਨ ਦੀ ਕੋਸ਼ਿਸ਼ ਕਰਦਾ ਹੈ। ਪਰ ਭਰੋਸਾ ਰੱਖੋ ਕਿ ਯਹੋਵਾਹ ਨੇ ਉਹ ਹਰ ਚੀਜ਼ ਉਪਲਬਧ ਕਰਾਈ ਹੈ ਜੋ ਤੁਹਾਨੂੰ ਆਪਣੀ ਰੱਖਿਆ ਕਰਨ ਲਈ ਚਾਹੀਦੀ ਹੈ।—1 ਕੁਰਿੰਥੀਆਂ 10:13.

ਤੁਹਾਡਾ ਦੁਸ਼ਮਣ ਸ਼ਤਾਨ ਸ਼ਾਇਦ ਉਨ੍ਹਾਂ ਬਾਈਬਲ ਸੱਚਾਈਆਂ ਉੱਤੇ ਹਮਲਾ ਕਰੇ ਜੋ ਨਿਹਚਾ ਨੂੰ ਮਜ਼ਬੂਤ ਰੱਖਣ ਲਈ ਬਹੁਤ ਜ਼ਰੂਰੀ ਹਨ। ਧਰਮ-ਤਿਆਗੀ ਸ਼ਾਇਦ ਮਿੱਠੀਆਂ-ਮਿੱਠੀਆਂ ਗੱਲਾਂ ਕਰਨ ਜਾਂ ਬਾਈਬਲ ਸੱਚਾਈਆਂ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਦੁਆਰਾ ਤੁਹਾਡੀ ਨਿਹਚਾ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰਨ। ਧਰਮ-ਤਿਆਗੀ ਤੁਹਾਡਾ ਭਲਾ ਨਹੀਂ ਚਾਹੁੰਦੇ। ਕਹਾਉਤਾਂ 11:9 ਕਹਿੰਦਾ ਹੈ: “ਬੇਧਰਮੀ ਆਪਣੇ ਮੂੰਹ ਨਾਲ ਆਪਣੇ ਗੁਆਂਢੀ ਦਾ ਨਾਸ ਕਰਦਾ ਹੈ, ਪਰ ਧਰਮੀ ਗਿਆਨ ਦੇ ਕਾਰਨ ਛੁਡਾਏ ਜਾਂਦੇ ਹਨ।”

ਇਹ ਸੋਚਣਾ ਬਿਲਕੁਲ ਗ਼ਲਤ ਹੈ ਕਿ ਧਰਮ-ਤਿਆਗੀਆਂ ਨੂੰ ਝੂਠਾ ਸਾਬਤ ਕਰਨ ਲਈ ਤੁਹਾਨੂੰ ਉਨ੍ਹਾਂ ਦੀਆਂ ਗੱਲਾਂ ਸੁਣਨ ਜਾਂ ਉਨ੍ਹਾਂ ਦੀਆਂ ਕਿਤਾਬਾਂ ਵਗੈਰਾ ਪੜ੍ਹਨ ਦੀ ਲੋੜ ਹੈ। ਉਨ੍ਹਾਂ ਦੇ ਵਲ-ਛਲ ਤੇ ਜ਼ਹਿਰੀਲੀ ਦਲੀਲਬਾਜ਼ੀ ਦਾ ਤੁਹਾਡੀ ਅਧਿਆਤਮਿਕ ਸਿਹਤ ਉੱਤੇ ਮਾੜਾ ਅਸਰ ਪੈ ਸਕਦਾ ਹੈ ਅਤੇ ਇਹ ਤੁਹਾਡੀ ਨਿਹਚਾ ਨੂੰ ਖ਼ਤਮ ਕਰ ਸਕਦੀ ਹੈ। (2 ਤਿਮੋਥਿਉਸ 2:16, 17) ਇਸ ਦੀ ਬਜਾਇ ਉਨ੍ਹਾਂ ਨਾਲ ਉਸੇ ਤਰ੍ਹਾਂ ਪੇਸ਼ ਆਓ ਜਿਵੇਂ ਪਰਮੇਸ਼ੁਰ ਪੇਸ਼ ਆਉਂਦਾ ਹੈ। ਅੱਯੂਬ ਨੇ ਯਹੋਵਾਹ ਬਾਰੇ ਕਿਹਾ: “ਕੋਈ ਕੁਧਰਮੀ ਉਹ ਦੇ ਹਜ਼ੂਰ ਜਾ ਨਹੀਂ ਸੱਕਦਾ।”—ਅੱਯੂਬ 13:16.

ਤੁਹਾਡਾ ਦੁਸ਼ਮਣ ਸ਼ਤਾਨ ਸ਼ਾਇਦ ਉਹ ਦਾਅ ਵਰਤੇ ਜੋ ਪਹਿਲਾਂ ਕਾਰਗਰ ਸਾਬਤ ਹੋਇਆ ਹੈ। ਜੇ ਫ਼ੌਜ ਦਾ ਧਿਆਨ ਜੰਗ ਤੋਂ ਹਟਾ ਕੇ ਵਿਭਚਾਰ ਵੱਲ ਲਗਾ ਦਿੱਤਾ ਜਾਵੇ, ਤਾਂ ਇਸ ਨਾਲ ਫ਼ੌਜ ਵਿਚ ਗੜਬੜੀ ਪੈਦਾ ਹੋ ਸਕਦੀ ਹੈ।

ਦੁਨੀਆਂ ਵਿਚ ਮਨੋਰੰਜਨ ਦੇ ਜ਼ਰੀਏ, ਜਿਵੇਂ ਕਿ ਅਸ਼ਲੀਲ ਫ਼ਿਲਮਾਂ ਅਤੇ ਟੈਲੀਵਿਯਨ ਪ੍ਰੋਗ੍ਰਾਮ ਅਤੇ ਗਾਣੇ ਸ਼ਤਾਨ ਦੇ ਕਾਰਗਰ ਹਥਿਆਰ ਹਨ। ਕਈ ਇਹ ਦਾਅਵਾ ਕਰਦੇ ਹਨ ਕਿ ਅਨੈਤਿਕ ਦ੍ਰਿਸ਼ਾਂ ਜਾਂ ਅਸ਼ਲੀਲ ਕਿਤਾਬਾਂ-ਰਸਾਲਿਆਂ ਦਾ ਉਨ੍ਹਾਂ ਉੱਤੇ ਕੋਈ ਮਾੜਾ ਅਸਰ ਨਹੀਂ ਪੈਂਦਾ। ਪਰ, ਇਕ ਵਿਅਕਤੀ ਜੋ ਹਮੇਸ਼ਾ ਅਸ਼ਲੀਲ ਫ਼ਿਲਮਾਂ ਦੇਖਦਾ ਸੀ, ਇਹ ਗੱਲ ਸਾਫ਼-ਸਾਫ਼ ਮੰਨਦਾ ਹੈ: “ਇਹ ਦ੍ਰਿਸ਼ ਕਦੇ ਨਹੀਂ ਭੁੱਲਦੇ। ਤੁਸੀਂ ਜਿੰਨਾ ਉਨ੍ਹਾਂ ਬਾਰੇ ਸੋਚਦੇ ਹੋ, ਉਨ੍ਹਾਂ ਹੀ ਤੁਹਾਡਾ ਦਿਲ ਕਰਦਾ ਹੈ ਕਿ ਤੁਸੀਂ ਵੀ ਉਸੇ ਤਰ੍ਹਾਂ ਕਰੋ। . . . ਫ਼ਿਲਮਾਂ ਤੁਹਾਡੇ ਮਨਾਂ ਅੰਦਰ ਇਹ ਗੱਲ ਬਿਠਾਉਂਦੀਆਂ ਹਨ ਕਿ ਤੁਸੀਂ ਇਹ ਸਭ ਕੁਝ ਨਾ ਕਰ ਕੇ ਜ਼ਿੰਦਗੀ ਦਾ ਮਜ਼ਾ ਨਹੀਂ ਲੈ ਰਹੇ।” ਦੁਨਿਆਵੀ ਮਨੋਰੰਜਨ ਰਾਹੀਂ ਸ਼ਤਾਨ ਗੁੱਝਾ ਹਮਲਾ ਕਰਦਾ ਹੈ। ਸਾਨੂੰ ਇਸ ਤਰ੍ਹਾਂ ਦੇ ਮਨੋਰੰਜਨ ਵਿਚ ਪੈ ਕੇ ਜ਼ਖ਼ਮੀ ਹੋਣ ਦਾ ਖ਼ਤਰਾ ਮੁੱਲ ਨਹੀਂ ਲੈਣਾ ਚਾਹੀਦਾ।

ਭੌਤਿਕ ਚੀਜ਼ਾਂ ਦਾ ਲਾਲਚ ਤੁਹਾਡੇ ਦੁਸ਼ਮਣ ਦਾ ਇਕ ਹੋਰ ਕਾਰਗਰ ਅਗਨ ਬਾਣ ਹੈ। ਇਸ ਖ਼ਤਰੇ ਦਾ ਇੰਨੀ ਆਸਾਨੀ ਨਾਲ ਪਤਾ ਨਹੀਂ ਚੱਲਦਾ ਕਿਉਂਕਿ ਸਾਨੂੰ ਸਾਰਿਆਂ ਨੂੰ ਭੌਤਿਕ ਚੀਜ਼ਾਂ ਦੀ ਲੋੜ ਹੈ। ਸਾਨੂੰ ਰੋਟੀ, ਕੱਪੜੇ ਤੇ ਮਕਾਨ ਦੀ ਲੋੜ ਹੈ; ਸੋਹਣੀਆਂ ਚੀਜ਼ਾਂ ਰੱਖਣੀਆਂ ਗ਼ਲਤ ਵੀ ਨਹੀਂ ਹਨ। ਪਰ ਖ਼ਤਰਾ ਹਰ ਇਨਸਾਨ ਦੇ ਭੌਤਿਕ ਚੀਜ਼ਾਂ ਪ੍ਰਤੀ ਨਜ਼ਰੀਏ ਵਿਚ ਹੈ। ਪੈਸਾ ਸਾਡੇ ਲਈ ਅਧਿਆਤਮਿਕ ਗੱਲਾਂ ਨਾਲੋਂ ਜ਼ਿਆਦਾ ਅਹਿਮ ਬਣ ਸਕਦਾ ਹੈ। ਅਸੀਂ ਸ਼ਾਇਦ ਪੈਸੇ ਨਾਲ ਪ੍ਰੇਮ ਕਰਨ ਲੱਗ ਪਈਏ। ਸਾਨੂੰ ਸਾਰਿਆਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਪੈਸੇ ਦੀ ਵੀ ਇਕ ਹੱਦ ਹੈ ਅਤੇ ਇਹ ਸਿਰਫ਼ ਹੱਥਾਂ ਦੀ ਮੈਲ ਹੈ ਜਦ ਕਿ ਅਧਿਆਤਮਿਕ ਧਨ ਹਮੇਸ਼ਾ ਰਹਿੰਦਾ ਹੈ।—ਮੱਤੀ 6:19, 20.

ਜੇ ਫ਼ੌਜ ਹੌਸਲਾ ਹਾਰ ਜਾਵੇ, ਤਾਂ ਜਿੱਤਣ ਦੀ ਸੰਭਾਵਨਾ ਵੀ ਘੱਟ ਜਾਂਦੀ ਹੈ। “ਜੇ ਤੂੰ ਬਿਪਤਾ ਦੇ ਦਿਨ ਢਿੱਲਾ ਪੈ ਜਾਵੇਂ, ਤਾਂ ਤੇਰਾ ਬਲ ਘੱਟ ਹੈ।” (ਕਹਾਉਤਾਂ 24:10) ਨਿਰਾਸ਼ਾ ਇਕ ਅਜਿਹਾ ਹਥਿਆਰ ਹੈ ਜਿਸ ਨੂੰ ਸ਼ਤਾਨ ਬਾਖੂਬੀ ਇਸਤੇਮਾਲ ਕਰਦਾ ਹੈ। “ਮੁਕਤੀ ਦੀ ਆਸ ਨੂੰ ਟੋਪ ਦੇ ਥਾਂ ਪਹਿਨ ਕੇ” ਅਸੀਂ ਨਿਰਾਸ਼ਾ ਨਾਲ ਲੜ ਸਕਦੇ ਹਾਂ। (1 ਥੱਸਲੁਨੀਕੀਆਂ 5:8) ਅਬਰਾਹਾਮ ਵਾਂਗ ਆਪਣੀ ਆਸ ਨੂੰ ਮਰਨ ਨਾ ਦਿਓ। ਜਦੋਂ ਅਬਰਾਹਾਮ ਨੂੰ ਆਪਣੇ ਪੁੱਤਰ ਇਸਹਾਕ ਦੀ ਬਲੀ ਚੜਾਉਣ ਲਈ ਕਿਹਾ ਗਿਆ, ਤਾਂ ਉਹ ਇਕ ਪਲ ਵੀ ਨਹੀਂ ਝਿਜਕਿਆ। ਉਸ ਨੂੰ ਵਿਸ਼ਵਾਸ ਸੀ ਕਿ ਪਰਮੇਸ਼ੁਰ ਉਸ ਦੀ ਸੰਤਾਨ ਰਾਹੀਂ ਸਾਰੀਆਂ ਕੌਮਾਂ ਨੂੰ ਬਰਕਤ ਦੇਣ ਦੇ ਆਪਣੇ ਵਾਅਦੇ ਨੂੰ ਜ਼ਰੂਰ ਪੂਰਾ ਕਰੇਗਾ ਅਤੇ ਇਸ ਵਾਅਦੇ ਨੂੰ ਪੂਰਾ ਕਰਨ ਲਈ ਲੋੜ ਪੈਣ ਤੇ ਪਰਮੇਸ਼ੁਰ ਇਸਹਾਕ ਨੂੰ ਮੁੜ ਜੀਉਂਦਾ ਵੀ ਕਰ ਸਕਦਾ ਸੀ।—ਇਬਰਾਨੀਆਂ 11:17-19.

ਇਸ ਜੰਗ ਵਿਚ ਹਾਰ ਨਾ ਮੰਨੋ

ਲੰਬੇ ਸਮੇਂ ਤੋਂ ਇਸ ਜੰਗ ਵਿਚ ਬਹਾਦਰੀ ਨਾਲ ਲੜ ਰਹੇ ਕੁਝ ਮਸੀਹੀ ਸ਼ਾਇਦ ਥੱਕ ਗਏ ਹੋਣ ਜਿਸ ਕਰਕੇ ਉਹ ਪਹਿਲਾਂ ਵਾਂਗ ਚੌਕਸੀ ਨਾਲ ਨਾ ਲੜ ਰਹੇ ਹੋਣ। ਇਸ ਲੇਖ ਦੇ ਸ਼ੁਰੂ ਵਿਚ ਊਰਿੱਯਾਹ ਦਾ ਜ਼ਿਕਰ ਕੀਤਾ ਗਿਆ ਸੀ। ਉਸ ਦੀ ਮਿਸਾਲ ਸਹੀ ਨਜ਼ਰੀਏ ਨਾਲ ਇਹ ਲੜਾਈ ਲੜਨ ਵਿਚ ਸਾਡੀ ਸਾਰਿਆਂ ਦੀ ਮਦਦ ਕਰ ਸਕਦੀ ਹੈ। ਬਹੁਤ ਸਾਰੇ ਮਸੀਹੀ ਯੋਧਿਆਂ ਨੂੰ ਤੰਗੀਆਂ, ਖ਼ਤਰਿਆਂ, ਠੰਢ ਅਤੇ ਫਾਕਿਆਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ। ਊਰਿੱਯਾਹ ਵਾਂਗ ਸਾਨੂੰ ਵੀ ਹੁਣ ਜ਼ਿੰਦਗੀ ਦੇ ਐਸ਼ੋ-ਆਰਾਮ ਜਾਂ ਆਰਾਮ ਦੀ ਜ਼ਿੰਦਗੀ ਜੀਣ ਬਾਰੇ ਸੋਚਣਾ ਨਹੀਂ ਚਾਹੀਦਾ। ਸਾਨੂੰ ਯਹੋਵਾਹ ਦੀ ਅੰਤਰਰਾਸ਼ਟਰੀ ਵਫ਼ਾਦਾਰ ਫ਼ੌਜ ਵਿਚ ਹੀ ਰਹਿਣਾ ਚਾਹੀਦਾ ਹੈ ਅਤੇ ਯਹੋਵਾਹ ਵੱਲੋਂ ਮਿਲਣ ਵਾਲੀਆਂ ਬਰਕਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਲੜਦੇ ਰਹਿਣਾ ਚਾਹੀਦਾ ਹੈ।—ਇਬਰਾਨੀਆਂ 10:32-34.

ਇਹ ਸੋਚ ਕੇ ਲਾਪਰਵਾਹੀ ਵਰਤਣੀ ਬਹੁਤ ਖ਼ਤਰਨਾਕ ਸਾਬਤ ਹੋ ਸਕਦੀ ਹੈ ਕਿ ਆਖ਼ਰੀ ਹਮਲਾ ਤਾਂ ਇੰਨੀ ਛੇਤੀ ਹੋਣ ਵਾਲਾ ਨਹੀਂ ਹੈ। ਰਾਜਾ ਦਾਊਦ ਦੀ ਮਿਸਾਲ ਇਸ ਖ਼ਤਰੇ ਨੂੰ ਉਜਾਗਰ ਕਰਦੀ ਹੈ। ਕਿਸੇ ਕਾਰਨ ਕਰਕੇ ਉਹ ਜੰਗ ਵਿਚ ਆਪਣੀ ਫ਼ੌਜ ਨਾਲ ਨਹੀਂ ਸੀ। ਸਿੱਟੇ ਵਜੋਂ ਦਾਊਦ ਨੇ ਘਿਣਾਉਣਾ ਪਾਪ ਕੀਤਾ ਜਿਸ ਦੇ ਨਤੀਜੇ ਉਸ ਨੂੰ ਜ਼ਿੰਦਗੀ ਭਰ ਭੁਗਤਣੇ ਪਏ।—2 ਸਮੂਏਲ 12:10-14.

ਕੀ ਇਸ ਜੰਗ ਨੂੰ ਲੜਨਾ, ਮੁਸੀਬਤਾਂ ਸਹਿਣੀਆਂ, ਮਜ਼ਾਕ ਸਹਾਰਨਾ ਅਤੇ ਇਤਰਾਜ਼ਯੋਗ ਦੁਨਿਆਵੀ ਮਨੋਰੰਜਨ ਤੋਂ ਦੂਰ ਰਹਿਣਾ ਸਾਰਥਕ ਹੈ? ਕਾਮਯਾਬੀ ਨਾਲ ਜੰਗ ਲੜ ਰਹੇ ਮਸੀਹੀ ਇਸ ਗੱਲ ਨਾਲ ਸਹਿਮਤ ਹਨ ਕਿ ਇਹ ਦੁਨੀਆਂ ਦੂਰੋਂ ਦੇਖਣ ਤੇ ਬਹੁਤ ਹੀ ਸੁੰਦਰ ਲੱਗਦੀ ਹੈ, ਚਮਕਦੇ ਗੋਟੇ ਵਾਂਗ, ਪਰ ਧਿਆਨ ਨਾਲ ਦੇਖਣ ਤੇ ਪਤਾ ਲੱਗਦਾ ਹੈ ਕਿ ਇਹ ਬਿਲਕੁਲ ਬਦਸੂਰਤ ਹੈ। (ਫ਼ਿਲਿੱਪੀਆਂ 3:8) ਇਸ ਤੋਂ ਇਲਾਵਾ, ਐਸ਼ੋ-ਆਰਾਮ ਦੀ ਜ਼ਿੰਦਗੀ ਪਿੱਛੇ ਭੱਜਣ ਨਾਲ ਅੰਤ ਵਿਚ ਦਰਦ ਤੇ ਨਿਰਾਸ਼ਾ ਹੀ ਹੱਥ ਲੱਗਦੀ ਹੈ।

ਅਧਿਆਤਮਿਕ ਲੜਾਈ ਲੜ ਰਹੇ ਮਸੀਹੀ ਸੱਚੇ ਦੋਸਤਾਂ ਦੇ ਸਾਥ ਦਾ ਆਨੰਦ ਮਾਣਦੇ ਹਨ, ਉਨ੍ਹਾਂ ਦਾ ਅੰਤਹਕਰਣ ਸ਼ੁੱਧ ਰਹਿੰਦਾ ਹੈ ਅਤੇ ਉਹ ਚੰਗੇ ਭਵਿੱਖ ਦੀ ਆਸ ਰੱਖਦੇ ਹਨ। ਆਤਮਾ ਨਾਲ ਮਸਹ ਕੀਤੇ ਹੋਏ ਮਸੀਹੀ ਯਿਸੂ ਮਸੀਹ ਨਾਲ ਸਵਰਗ ਵਿਚ ਹਮੇਸ਼ਾ-ਹਮੇਸ਼ਾ ਜੀਣ ਦੀ ਉਡੀਕ ਕਰ ਰਹੇ ਹਨ। (1 ਕੁਰਿੰਥੀਆਂ 15:54) ਜ਼ਿਆਦਾਤਰ ਮਸੀਹੀ ਯੋਧੇ ਧਰਤੀ ਉੱਤੇ ਫਿਰਦੌਸ ਵਿਚ ਮੁਕੰਮਲ ਇਨਸਾਨਾਂ ਦੇ ਤੌਰ ਤੇ ਜੀਣ ਦੀ ਆਸ ਰੱਖਦੇ ਹਨ। ਅਜਿਹੇ ਇਨਾਮਾਂ ਲਈ ਕਿਸੇ ਵੀ ਤਰ੍ਹਾਂ ਦੀ ਕੁਰਬਾਨੀ ਦੇਣੀ ਜਾਇਜ਼ ਹੈ। ਇਸ ਤੋਂ ਇਲਾਵਾ, ਦੁਨੀਆਂ ਦੀਆਂ ਲੜਾਈਆਂ ਤੋਂ ਉਲਟ ਅਸੀਂ ਇਹ ਲੜਾਈ ਜ਼ਰੂਰ ਜਿੱਤਾਂਗੇ ਬਸ਼ਰਤੇ ਕਿ ਅਸੀਂ ਵਫ਼ਾਦਾਰ ਰਹੀਏ। (ਇਬਰਾਨੀਆਂ 11:1) ਪਰ ਸ਼ਤਾਨ ਦੀ ਇਸ ਦੁਨੀਆਂ ਦਾ ਯਕੀਨਨ ਪੂਰੀ ਤਰ੍ਹਾਂ ਸਫ਼ਾਇਆ ਹੋ ਜਾਵੇਗਾ।—2 ਪਤਰਸ 3:10.

ਇਹ ਜੰਗ ਲੜਦੇ ਹੋਏ ਹਮੇਸ਼ਾ ਯਿਸੂ ਦੇ ਇਹ ਸ਼ਬਦ ਯਾਦ ਰੱਖੋ: “ਹੌਂਸਲਾ ਰੱਖੋ, ਮੈਂ ਜਗਤ ਨੂੰ ਜਿੱਤ ਲਿਆ ਹੈ।” (ਯੂਹੰਨਾ 16:33) ਉਸ ਨੇ ਪਰਤਾਵਿਆਂ ਦੌਰਾਨ ਚੁਕੰਨਾ ਅਤੇ ਵਫ਼ਾਦਾਰ ਰਹਿ ਕੇ ਜਿੱਤ ਪ੍ਰਾਪਤ ਕੀਤੀ। ਅਸੀਂ ਵੀ ਇਸੇ ਤਰ੍ਹਾਂ ਕਰ ਸਕਦੇ ਹਾਂ।

[ਸਫ਼ੇ 27 ਉੱਤੇ ਸੁਰਖੀ]

ਇਸ ਜੰਗ ਵਿਚ ਨਾ ਤਾਂ ਕੋਈ ਗੋਲੀ ਚੱਲਦੀ ਹੈ ਤੇ ਨਾ ਹੀ ਕੋਈ ਬੰਬ ਸੁੱਟਿਆ ਜਾਂਦਾ ਹੈ। ਪਰ ਇਸ ਦਾ ਇਹ ਮਤਲਬ ਨਹੀਂ ਕਿ ਜੰਗ ਜਿੱਤਣ ਲਈ ਦਾਅ-ਪੇਚ ਵਰਤਣ ਦੀ ਲੋੜ ਨਹੀਂ

[ਸਫ਼ੇ 30 ਉੱਤੇ ਸੁਰਖੀ]

ਅਸੀਂ ਇਹ ਲੜਾਈ ਜ਼ਰੂਰ ਜਿੱਤਾਂਗੇ ਬਸ਼ਰਤੇ ਕਿ ਅਸੀਂ ਵਫ਼ਾਦਾਰ ਰਹੀਏ

[ਸਫ਼ੇ 26 ਉੱਤੇ ਤਸਵੀਰ]

ਮੁਕਤੀ ਦੀ ਆਸ ਦਾ ਟੋਪ ਪਹਿਨ ਕੇ ਅਸੀਂ ਨਿਰਾਸ਼ਾ ਨਾਲ ਲੜ ਸਕਦੇ ਹਾਂ

[ਸਫ਼ੇ 26 ਉੱਤੇ ਤਸਵੀਰ]

ਸ਼ਤਾਨ ਦੇ “ਅਗਨ ਬਾਣਾਂ” ਤੋਂ ਬਚਣ ਲਈ ਨਿਹਚਾ ਦੀ ਵੱਡੀ ਢਾਲ ਇਸਤੇਮਾਲ ਕਰੋ

[ਸਫ਼ੇ 28 ਉੱਤੇ ਤਸਵੀਰ]

“ਪਰਮੇਸ਼ੁਰ ਦੇ ਨੇੜੇ ਜਾਓ ਤਾਂ ਉਹ ਤੁਹਾਡੇ ਨੇੜੇ ਆਵੇਗਾ”

[ਸਫ਼ੇ 29 ਉੱਤੇ ਤਸਵੀਰ]

ਸਾਨੂੰ ਪੂਰੀ ਨਿਹਚਾ ਹੋਣੀ ਚਾਹੀਦੀ ਹੈ ਕਿ ਪਰਮੇਸ਼ੁਰ ਦੇ ਸਾਰੇ ਵਾਅਦੇ ਪੂਰੇ ਹੋਣਗੇ