Skip to content

Skip to table of contents

ਪਾਠਕਾਂ ਵੱਲੋਂ ਸਵਾਲ

ਪਾਠਕਾਂ ਵੱਲੋਂ ਸਵਾਲ

ਪਾਠਕਾਂ ਵੱਲੋਂ ਸਵਾਲ

ਜਲ-ਪਰਲੋ ਤੋਂ ਬਾਅਦ ਜਦੋਂ ਨੂਹ ਨੇ ਕਿਸ਼ਤੀ ਵਿੱਚੋਂ ਇਕ ਘੁੱਗੀ ਛੱਡੀ ਸੀ, ਤਾਂ ਘੁੱਗੀ ਆਪਣੀ ਚੁੰਝ ਵਿਚ ‘ਜ਼ੈਤੂਨ ਦਾ ਪੱਤਾ’ ਲੈ ਕੇ ਵਾਪਸ ਆਈ। ਘੁੱਗੀ ਨੂੰ ਉਹ ਪੱਤਾ ਕਿੱਥੋਂ ਮਿਲਿਆ ਸੀ?

ਬਾਈਬਲ ਦੱਸਦੀ ਹੈ ਕਿ ਜਲ-ਪਰਲੋ ਦੌਰਾਨ “ਧਰਤੀ ਦੇ ਉੱਤੇ ਪਾਣੀ ਹੀ ਪਾਣੀ, ਪਾਣੀ ਹੀ ਪਾਣੀ ਹੋ ਗਿਆ ਅਤੇ ਸਾਰੇ ਉੱਚੇ ਉੱਚੇ ਪਹਾੜ ਜੋ ਸਾਰੇ ਅਕਾਸ਼ ਦੇ ਹੇਠ ਸਨ ਢਕੇ ਗਏ।” (ਉਤਪਤ 7:19) ਜਲ-ਪਰਲੋ ਦਾ ਪਾਣੀ ਘੱਟਣ ਤੇ ਨੂਹ ਨੇ ਇਕ-ਇਕ ਹਫ਼ਤੇ ਮਗਰੋਂ ਤਿੰਨ ਵਾਰੀ ਘੁੱਗੀ ਛੱਡੀ ਸੀ। ਦੂਜੀ ਵਾਰ ਛੱਡੇ ਜਾਣ ਤੇ ਜਦੋਂ ਘੁੱਗੀ ਵਾਪਸ ਪਰਤੀ, ਤਾਂ “ਉਹ ਦੀ ਚੁੰਝ ਵਿੱਚ ਜ਼ੈਤੂਨ ਦਾ ਸੱਜਰਾ ਪੱਤਾ ਸੀ ਸੋ ਨੂਹ ਨੇ ਜਾਣ ਲਿਆ ਭਈ ਪਾਣੀ ਧਰਤੀ ਉੱਤੋਂ ਘਟ ਗਿਆ ਹੈ।”—ਉਤਪਤ 8:8-11.

ਅੱਜ ਕੋਈ ਵੀ ਪੱਕੇ ਤੌਰ ਤੇ ਇਹ ਨਹੀਂ ਦੱਸ ਸਕਦਾ ਕਿ ਧਰਤੀ ਦਾ ਕੋਈ ਵੀ ਹਿੱਸਾ ਕਿੰਨੇ ਚਿਰ ਲਈ ਜਲ-ਪਰਲੋ ਦੇ ਕਹਿਰ ਹੇਠ ਰਿਹਾ ਕਿਉਂਕਿ ਜਲ-ਪਰਲੋ ਆਉਣ ਨਾਲ ਧਰਤੀ ਦੀ ਭੂਗੋਲਕ ਸਥਿਤੀ ਕਾਫ਼ੀ ਬਦਲ ਗਈ ਸੀ। ਪਰ ਇਹ ਕਹਿਣਾ ਗ਼ਲਤ ਨਹੀਂ ਹੋਵੇਗਾ ਕਿ ਜ਼ਿਆਦਾਤਰ ਇਲਾਕੇ ਕਾਫ਼ੀ ਸਮੇਂ ਲਈ ਪਾਣੀ ਹੇਠ ਰਹੇ ਜਿਸ ਕਰਕੇ ਬਹੁਤ ਸਾਰੇ ਦਰਖ਼ਤ ਮਰ ਗਏ ਸਨ। ਪਰ ਕੁਝ ਦਰਖ਼ਤਾਂ ਵਿਚ ਅਜੇ ਵੀ ਜਾਨ ਸੀ ਅਤੇ ਜਲ-ਪਰਲੋ ਦਾ ਪਾਣੀ ਘੱਟਣ ਤੇ ਉਹ ਫਿਰ ਤੋਂ ਪੁੰਗਰਨ ਲੱਗ ਪਏ।

ਜ਼ੈਤੂਨ ਦਰਖ਼ਤ ਬਾਰੇ ਦ ਨਿਊ ਬਾਈਬਲ ਡਿਕਸ਼ਨਰੀ ਦੱਸਦੀ ਹੈ: “ਜੇ ਇਨ੍ਹਾਂ ਦਰਖ਼ਤਾਂ ਨੂੰ ਵੱਢਿਆ ਜਾਵੇ, ਤਾਂ ਇਨ੍ਹਾਂ ਦੀਆਂ ਜੜ੍ਹਾਂ ਤੋਂ ਨਵੀਆਂ ਸ਼ਾਖ਼ਾਂ ਪੁੰਗਰਦੀਆਂ ਹਨ। ਕਦੇ-ਕਦੇ ਤਾਂ ਇੱਕੋ ਦਰਖ਼ਤ ਤੋਂ ਪੰਜ ਨਵੇਂ ਤਣੇ ਉੱਗ ਸਕਦੇ ਹਨ। ਜ਼ੈਤੂਨ ਦੇ ਅੱਧ-ਮਰੇ ਦਰਖ਼ਤ ਵੀ ਦੁਬਾਰਾ ਉੱਗ ਸਕਦੇ ਹਨ।” ਇਕ ਐਨਸਾਈਕਲੋਪੀਡੀਆ ਦਾ ਕਹਿਣਾ ਹੈ ਕਿ “ਜ਼ੈਤੂਨ ਦਰਖ਼ਤ ਨੂੰ ਮਾਰਨਾ ਲਗਭਗ ਨਾਮੁਮਕਿਨ ਹੀ ਹੈ।” ਅੱਜ ਕਿਸੇ ਨੂੰ ਇਹ ਨਹੀਂ ਪਤਾ ਕਿ ਜਲ-ਪਰਲੋ ਦਾ ਪਾਣੀ ਕਿੰਨਾ ਕੁ ਖਾਰਾ ਸੀ ਅਤੇ ਇਸ ਦਾ ਤਾਪਮਾਨ ਕਿੰਨਾ ਕੁ ਸੀ। ਇਸ ਲਈ ਕੋਈ ਇਹ ਪੱਕੇ ਤੌਰ ਤੇ ਨਹੀਂ ਦੱਸ ਸਕਦਾ ਕਿ ਜ਼ੈਤੂਨ ਦਰਖ਼ਤਾਂ ਜਾਂ ਹੋਰ ਪੌਦਿਆਂ ਉੱਤੇ ਜਲ-ਪਰਲੋ ਦਾ ਕੀ ਅਸਰ ਪਿਆ ਹੋਣਾ।

ਪਰ ਇੰਨਾ ਜ਼ਰੂਰ ਕਿਹਾ ਜਾ ਸਕਦਾ ਹੈ ਕਿ ਜੰਗਲੀ ਜ਼ੈਤੂਨ ਘੱਟ ਤਾਪਮਾਨ ਸਹਿਣ ਨਹੀਂ ਕਰ ਸਕਦਾ। ਇਸ ਲਈ ਇਹ ਉੱਚੇ-ਉੱਚੇ ਪਹਾੜਾਂ ਦੀ ਬਜਾਇ ਆਮ ਤੌਰ ਤੇ 3,000 ਫੁੱਟ ਤੋਂ ਨੀਵੇਂ ਇਲਾਕਿਆਂ ਵਿਚ ਉੱਗਦੇ ਹਨ ਜਿੱਥੇ ਔਸਤ ਤਾਪਮਾਨ 10 ਡਿਗਰੀ ਸੈਲਸੀਅਸ ਤੋਂ ਜ਼ਿਆਦਾ ਹੋਵੇ। ਜਲ-ਪਰਲੋ ਉੱਤੇ ਮੁੜ ਨਜ਼ਰ (ਅੰਗ੍ਰੇਜ਼ੀ) ਨਾਮਕ ਕਿਤਾਬ ਕਹਿੰਦੀ ਹੈ ਕਿ “ਇਸੇ ਲਈ ਜ਼ੈਤੂਨ ਦੇ ਸੱਜਰੇ ਪੱਤੇ ਨੂੰ ਦੇਖ ਕੇ ਨੂਹ ਜਾਣ ਸਕਿਆ ਸੀ ਕਿ ਨੀਵੇਂ ਇਲਾਕਿਆਂ ਵਿੱਚੋਂ ਜਲ-ਪਰਲੋ ਦਾ ਪਾਣੀ ਘੱਟ ਚੁੱਕਾ ਸੀ।” ਜਦੋਂ ਨੂਹ ਨੇ ਹਫ਼ਤੇ ਮਗਰੋਂ ਘੁੱਗੀ ਨੂੰ ਤੀਜੀ ਵਾਰ ਛੱਡਿਆ ਸੀ, ਤਾਂ ਉਹ ਪਰਤ ਕੇ ਨਹੀਂ ਆਈ। ਇਸ ਤੋਂ ਪਤਾ ਲੱਗਦਾ ਸੀ ਕਿ ਕਾਫ਼ੀ ਸਾਰੇ ਪੇੜ-ਪੌਦੇ ਪੁੰਗਰ ਚੁੱਕੇ ਸਨ ਅਤੇ ਘੁੱਗੀ ਨੂੰ ਰਹਿਣ ਲਈ ਵੀ ਥਾਂ ਮਿਲ ਗਈ ਸੀ।—ਉਤਪਤ 8:12.