ਯਹੋਵਾਹ ਦੇ ਗਵਾਹ ਤੁਹਾਡੇ ਕੋਲ ਵਾਰ-ਵਾਰ ਕਿਉਂ ਆਉਂਦੇ ਹਨ?
ਯਹੋਵਾਹ ਦੇ ਗਵਾਹ ਤੁਹਾਡੇ ਕੋਲ ਵਾਰ-ਵਾਰ ਕਿਉਂ ਆਉਂਦੇ ਹਨ?
ਯਹੋਵਾਹ ਦੇ ਗਵਾਹ ਘਰ-ਘਰ ਜਾ ਕੇ ਲੋਕਾਂ ਨੂੰ ਮਿਲਣ ਲਈ ਦੁਨੀਆਂ ਭਰ ਵਿਚ ਮਸ਼ਹੂਰ ਹਨ। ਕੁਝ ਲੋਕ ਪੁੱਛਦੇ ਹਨ ਕਿ ਗਵਾਹ ਉਨ੍ਹਾਂ ਕੋਲ ਵਾਰ-ਵਾਰ ਕਿਉਂ ਆਉਂਦੇ ਹਨ ਜਦ ਕਿ ਉਨ੍ਹਾਂ ਨੂੰ ਗਵਾਹਾਂ ਦੇ ਸੰਦੇਸ਼ ਵਿਚ ਕੋਈ ਦਿਲਚਸਪੀ ਨਹੀਂ ਹੁੰਦੀ। ਰੂਸ ਤੋਂ ਮਿਲੀਆਂ ਦੋ ਚਿੱਠੀਆਂ ਇਸ ਸਵਾਲ ਦਾ ਜਵਾਬ ਜਾਣਨ ਵਿਚ ਸਾਡੀ ਮਦਦ ਕਰਨਗੀਆਂ।
ਖੱਬਰੋਫ਼ਸਕ ਦੀ ਰਹਿਣ ਵਾਲੀ ਮਾਸ਼ਾ ਨਾਂ ਦੀ 19-ਸਾਲਾ ਕੁੜੀ ਲਿਖਦੀ ਹੈ: “ਸੱਚੀ ਗੱਲ ਦੱਸਾਂ ਤਾਂ ਪਹਿਲਾਂ ਮੈਂ ਯਹੋਵਾਹ ਦੇ ਗਵਾਹਾਂ ਤੋਂ ਕੋਹਾਂ ਦੂਰ ਭੱਜਦੀ ਸੀ।” ਪਰ ਯਹੋਵਾਹ ਦੇ ਗਵਾਹਾਂ ਦੇ ਕੁਝ ਰਸਾਲੇ ਪੜ੍ਹਨ ਮਗਰੋਂ ਮਾਸ਼ਾ ਨੇ ਆਪਣੀ ਰਾਇ ਬਦਲ ਲਈ। ਉਹ ਲਿਖਦੀ ਹੈ: “ਇਨ੍ਹਾਂ ਰਸਾਲਿਆਂ ਵਿਚ ਦਿੱਤੀ ਜਾਣਕਾਰੀ ਬਹੁਤ ਹੀ ਦਿਲਚਸਪ ਅਤੇ ਫ਼ਾਇਦੇਮੰਦ ਸੀ। ਇਨ੍ਹਾਂ ਨੇ ਮੈਨੂੰ ਦੁਨੀਆਂ ਨੂੰ ਅਲੱਗ ਨਜ਼ਰੀਏ ਤੋਂ ਦੇਖਣ ਦੀ ਪ੍ਰੇਰਣਾ ਦਿੱਤੀ। ਇਨ੍ਹਾਂ ਰਸਾਲਿਆਂ ਨੂੰ ਪੜ੍ਹ ਕੇ ਮੈਨੂੰ ਜ਼ਿੰਦਗੀ ਦੇ ਅਸਲੀ ਮਕਸਦ ਬਾਰੇ ਪਤਾ ਲੱਗਾ।”
ਵਲਾਡੀਵਾਸਟਕ ਦੇ ਉੱਤਰ ਵਿਚ ਤਕਰੀਬਨ 80 ਕਿਲੋਮੀਟਰ ਦੂਰ ਉਸੂਰਿਸਕ ਸ਼ਹਿਰ ਦੀ ਰਹਿਣ ਵਾਲੀ ਸਵੇਤਲਾਨਾ ਨੇ ਲਿਖਿਆ: “ਮੈਂ ਹਾਲ ਹੀ ਵਿਚ ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲੇ ਪੜ੍ਹਨੇ ਸ਼ੁਰੂ ਕੀਤੇ ਹਨ। ਇਹ ਰਸਾਲੇ ਸਾਡੇ ਦਿਨਾਂ ਲਈ ਬਹੁਤ ਹੀ ਫ਼ਾਇਦੇਮੰਦ ਹਨ ਅਤੇ ਇਨ੍ਹਾਂ ਨੂੰ ਪੜ੍ਹ ਕੇ ਮੈਨੂੰ ਬੇਹੱਦ ਮਜ਼ਾ ਆਉਂਦਾ ਹੈ। ਸਾਰੇ ਲੇਖ ਬਹੁਤ ਹੀ ਦਿਲਚਸਪ ਹਨ ਅਤੇ ਇਨ੍ਹਾਂ ਤੋਂ ਮੈਂ ਕਈ ਨਵੀਆਂ ਗੱਲਾਂ ਸਿੱਖੀਆਂ ਹਨ। ਅਜਿਹੇ ਰਸਾਲੇ ਛਾਪਣ ਲਈ ਤੁਹਾਡਾ ਬਹੁਤ, ਬਹੁਤ ਧੰਨਵਾਦ! ਮੈਂ ਇਸ ਗੱਲ ਲਈ ਬੇਹੱਦ ਸ਼ੁਕਰਗੁਜ਼ਾਰ ਹਾਂ ਕਿ ਦੁਨੀਆਂ ਵਿਚ ਤੁਹਾਡੇ ਵਰਗੇ ਲੋਕ ਹਨ ਜੋ ਇੰਨੇ ਪਿਆਰ ਨਾਲ ਦੂਸਰਿਆਂ ਦੀ ਮਦਦ ਕਰ ਰਹੇ ਹਨ।”
ਦੁਨੀਆਂ ਭਰ ਵਿਚ ਯਹੋਵਾਹ ਦੇ ਗਵਾਹ ਪੌਲੁਸ ਰਸੂਲ ਦੇ ਇਸ ਜਾਇਜ਼ ਸਵਾਲ ਨੂੰ ਗੰਭੀਰਤਾ ਨਾਲ ਲੈਂਦੇ ਹਨ: “ਪਰਚਾਰਕ ਬਾਝੋਂ [ਲੋਕ] ਕਿੱਕੁਰ ਸੁਣਨ?” (ਰੋਮੀਆਂ 10:14) ਇਸ ਲਈ, ਜਦੋਂ ਅਗਲੀ ਵਾਰ ਯਹੋਵਾਹ ਦੇ ਗਵਾਹ ਤੁਹਾਡੇ ਕੋਲ ਆਉਣ, ਤਾਂ ਕਿਉਂ ਨਾ ਕੁਝ ਮਿੰਟ ਕੱਢ ਕੇ ਉਨ੍ਹਾਂ ਦੀ ਗੱਲ ਸੁਣੋ? ਹੋ ਸਕਦਾ ਹੈ ਕਿ ਪਰਮੇਸ਼ੁਰ ਦੇ ਬਚਨ ਬਾਈਬਲ ਵਿਚ ਦਿੱਤੇ ਗਏ ਸੋਹਣੇ ਸੰਦੇਸ਼ ਨੂੰ ਸੁਣ ਕੇ ਤੁਹਾਨੂੰ ਵੀ ਖ਼ੁਸ਼ੀ ਮਿਲੇ।