ਕੀ ਨਿਹਚਾ ਬੀਮਾਰਾਂ ਨੂੰ ਠੀਕ ਕਰ ਸਕਦੀ ਹੈ?
ਕੀ ਨਿਹਚਾ ਬੀਮਾਰਾਂ ਨੂੰ ਠੀਕ ਕਰ ਸਕਦੀ ਹੈ?
ਜਦੋਂ ਅਸੀਂ ਬੀਮਾਰ ਹੁੰਦੇ ਹਾਂ, ਤਾਂ ਅਸੀਂ ਚੈਨ ਪਾਉਣ ਲਈ ਇਲਾਜ ਕਰਵਾਉਂਦੇ ਹਾਂ। ਸ਼ਾਇਦ ਤੁਸੀਂ ਬਾਈਬਲ ਵਿਚ ਪੜ੍ਹਿਆ ਹੋਵੇ ਕਿ ਯਿਸੂ ਮਸੀਹ ਨੇ ਬਹੁਤ ਸਾਰੇ ਬੀਮਾਰ ਲੋਕਾਂ ਨੂੰ ਚੰਗਾ ਕਰ ਕੇ ਉਨ੍ਹਾਂ ਨੂੰ ਆਰਾਮ ਦਿੱਤਾ। ਪਰ ਉਸ ਨੇ ਲੋਕਾਂ ਨੂੰ ਚੰਗਾ ਕਿੱਦਾਂ ਕੀਤਾ ਸੀ? ਬਾਈਬਲ ਦੱਸਦੀ ਹੈ ਕਿ ਇਹ ਸਭ ਕੁਝ “ਪਰਮੇਸ਼ੁਰ ਦੀ ਮਹਾਨਤਾ” ਜਾਂ ਉਸ ਦੀ ਸ਼ਕਤੀ ਨਾਲ ਕੀਤਾ ਗਿਆ ਸੀ। (ਲੂਕਾ 9:42, 43; ਰਸੂਲਾਂ ਦੇ ਕਰਤੱਬ 19:11, 12) ਤਾਂ ਫਿਰ ਪਰਮੇਸ਼ੁਰ ਦੀ ਪਵਿੱਤਰ ਆਤਮਾ ਦੁਆਰਾ ਬੀਮਾਰਾਂ ਨੂੰ ਠੀਕ ਕੀਤਾ ਗਿਆ ਸੀ ਨਾ ਸਿਰਫ਼ ਉਨ੍ਹਾਂ ਦੀ ਨਿਹਚਾ ਕਾਰਨ। (ਰਸੂਲਾਂ ਦੇ ਕਰਤੱਬ 28:7-9) ਇਸ ਲਈ ਯਿਸੂ ਨੇ ਬੀਮਾਰਾਂ ਤੋਂ ਇਹ ਮੰਗ ਨਹੀਂ ਕੀਤੀ ਸੀ ਕਿ ਉਹ ਆਪਣੀ ਨਿਹਚਾ ਪ੍ਰਗਟ ਕਰਨ ਜੇ ਉਹ ਠੀਕ ਹੋਣਾ ਚਾਹੁੰਦੇ ਸਨ।
ਤੁਸੀਂ ਸ਼ਾਇਦ ਸੋਚਦੇ ਹੋ: ‘ਕੀ ਲੋਕਾਂ ਨੂੰ ਫਿਰ ਕਦੀ ਚਮਤਕਾਰੀ ਤਰੀਕੇ ਨਾਲ ਠੀਕ ਕੀਤਾ ਜਾਵੇਗਾ ਜਿਵੇਂ ਯਿਸੂ ਨੇ ਕੀਤਾ ਸੀ? ਜਿਹੜੇ ਲੋਕ ਕਿਸੇ ਦੁੱਖ-ਭਰੇ ਜਾਂ ਲਾਇਲਾਜ ਰੋਗ ਦਾ ਸਾਮ੍ਹਣਾ ਕਰ ਰਹੇ ਹਨ ਕੀ ਉਨ੍ਹਾਂ ਲਈ ਕੋਈ ਉਮੀਦ ਹੈ?’
ਬਾਈਬਲ ਸਮਝਾਉਂਦੀ ਹੈ ਕਿ ਪਰਮੇਸ਼ੁਰ ਦੇ ਨਵੇਂ ਸੰਸਾਰ ਵਿਚ ਉਸ ਦੀ ਸ਼ਕਤੀ ਦੁਆਰਾ ਲੋਕਾਂ ਨੂੰ ਚਮਤਕਾਰੀ ਤਰੀਕੇ ਨਾਲ ਉੱਦਾਂ ਹੀ ਠੀਕ ਕੀਤਾ ਜਾਵੇਗਾ ਜਿੱਦਾਂ ਯਿਸੂ ਨੇ ਕੀਤਾ ਸੀ। ਯਹੋਵਾਹ ਦੇ ਗਵਾਹ ਖ਼ੁਸ਼ੀ ਨਾਲ ਤੁਹਾਨੂੰ ਦਿਖਾ ਸਕਦੇ ਹਨ ਕਿ ਇਹ ਕਿੱਦਾਂ ਹੋਵੇਗਾ ਅਤੇ ਪਰਮੇਸ਼ੁਰ ਨੇ ਕਦੋਂ ਉਹ ਸਭ ਕਰਨਾ ਹੈ ਜੋ ਕੋਈ ਬਾਬਾ ਜਾਂ ਸੰਤ ਨਹੀਂ ਕਰ ਸਕਦਾ। ਉਹ ਹਰ ਬੀਮਾਰੀ ਨੂੰ ਜੜ੍ਹੋਂ ਖ਼ਤਮ ਕਰ ਦੇਵੇਗਾ, ਇੱਥੋਂ ਤਕ ਕਿ ਉਹ ਮੌਤ ਨੂੰ ਵੀ ਖ਼ਤਮ ਕਰ ਦੇਵੇਗਾ। ਜੀ ਹਾਂ, ਪਰਮੇਸ਼ੁਰ “ਮੌਤ ਨੂੰ ਸਦਾ ਲਈ ਝੱਫ ਲਵੇਗਾ।”—ਯਸਾਯਾਹ 25:8.