Skip to content

Skip to table of contents

ਚਰਚਾਂ ਦਾ ਕੀ ਬਣੇਗਾ?

ਚਰਚਾਂ ਦਾ ਕੀ ਬਣੇਗਾ?

ਚਰਚਾਂ ਦਾ ਕੀ ਬਣੇਗਾ?

ਐਂਗਲੀਕੀ ਚਰਚ ਦੇ ਇਕ ਪਾਦਰੀ ਨੇ ਕਿਹਾ ਕਿ “ਇੰਗਲੈਂਡ ਦੇ ਲੋਕ ਰੱਬ ਨੂੰ ਮੰਨਦੇ ਤਾਂ ਹਨ, ਪਰ ਉਹ ਉਸ ਦੀ ਸੇਵਾ ਨਹੀਂ ਕਰਨੀ ਚਾਹੁੰਦੇ।” ਲਗਭਗ 20 ਸਾਲ ਪਹਿਲਾਂ ਇਹ ਪਾਦਰੀ ਯੂਗਾਂਡਾ ਵਿਚ ਰਹਿੰਦਾ ਸੀ ਜਦੋਂ ਈਡੀ ਅਮੀਨ ਨੇ ਐਂਗਲੀਕੀ ਚਰਚ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਵਿਚ ਬਹੁਤ ਖ਼ੂਨ-ਖ਼ਰਾਬਾ ਕੀਤਾ ਸੀ। ਪਰ ਹੁਣ ਉਹ ਇੰਗਲੈਂਡ ਦੇ ਲੀਡਜ਼ ਸ਼ਹਿਰ ਦੇ ਕਲੱਬਾਂ ਵਿਚ ਪ੍ਰਚਾਰ ਕਰਦਾ ਹੈ ਅਤੇ ਇਸ ਤੋਂ ਪਹਿਲਾਂ ਕਿ ਲੋਕ ਜੂਆ ਖੇਡਣ ਵਿਚ ਰੁੱਝ ਜਾਣ, ਉਹ ਛੇਤੀ-ਛੇਤੀ ਉਨ੍ਹਾਂ ਨੂੰ ਦਸ ਮਿੰਟ ਦਾ ਭਾਸ਼ਣ ਦਿੰਦਾ ਹੈ।

ਅਮਰੀਕਾ ਵਿਚ ਐਂਗਲੀਕੀ ਪ੍ਰਚਾਰਕ-ਮੰਡਲ ਵੀ ਅਜਿਹੀ ਮੁਸ਼ਕਲ ਦਾ ਸਾਮ੍ਹਣਾ ਕਰ ਰਿਹਾ ਹੈ। ਇਸ ਮੰਡਲ ਦੀ ਵੈੱਬ ਸਾਈਟ ਅਨੁਸਾਰ “ਅੱਜ ਅੰਗ੍ਰੇਜ਼ੀ ਬੋਲਣ ਵਾਲੇ ਉਨ੍ਹਾਂ ਲੋਕਾਂ ਦੀ ਸਭ ਤੋਂ ਵੱਡੀ ਗਿਣਤੀ ਅਮਰੀਕਾ ਵਿਚ ਹੈ ਜੋ ਚਰਚ ਨਹੀਂ ਜਾਂਦੇ ਤੇ ਨਾ ਹੀ ਧਾਰਮਿਕ ਗੱਲਾਂ ਵਿਚ ਦਿਲਚਸਪੀ ਲੈਂਦੇ ਹਨ। ਇਸ ਮੁਲਕ ਵਿਚ ਮਿਸ਼ਨਰੀਆਂ ਦੀ ਬਹੁਤ ਲੋੜ ਹੈ।” ਆਪਣੇ ਚਰਚ ਵਿਚ ਤਬਦੀਲੀਆਂ ਕਰਨ ਦੀਆਂ ਲੱਖ ਕੋਸ਼ਿਸ਼ਾਂ ਕਰਨ ਤੋਂ ਬਾਅਦ ਵੀ ਇਹ ਨਵਾਂ ਪ੍ਰਚਾਰਕ-ਮੰਡਲ ਨਾਕਾਮਯਾਬ ਰਿਹਾ। ਇਸ ਲਈ ਇਸ ਮੰਡਲ ਦੇ ਪਾਦਰੀਆਂ ਨੇ ਏਸ਼ੀਆਈ ਤੇ ਅਫ਼ਰੀਕੀ ਪਾਦਰੀਆਂ ਨਾਲ ਮਿਲ ਕੇ “ਅਮਰੀਕੀ ਲੋਕਾਂ ਨੂੰ ਪ੍ਰਚਾਰ ਕਰਨ” ਦਾ ਫ਼ੈਸਲਾ ਕੀਤਾ।

ਪਰ ਸਵਾਲ ਪੈਦਾ ਹੁੰਦਾ ਹੈ ਕਿ ਅਫ਼ਰੀਕੀ, ਏਸ਼ੀਆਈ ਤੇ ਲਾਤੀਨੀ-ਅਮਰੀਕੀ ਮਿਸ਼ਨਰੀ ਯੂਰਪ ਤੇ ਉੱਤਰੀ ਅਮਰੀਕਾ ਵਿਚ ਉਨ੍ਹਾਂ ਲੋਕਾਂ ਨੂੰ ਪ੍ਰਚਾਰ ਕਿਉਂ ਕਰ ਰਹੇ ਹਨ ਜੋ ਪਹਿਲਾਂ ਹੀ ਈਸਾਈ ਹਨ?

ਕੌਣ ਕਿਸ ਨੂੰ ਬਚਾ ਰਿਹਾ ਹੈ?

ਤਕਰੀਬਨ 400 ਸਾਲਾਂ ਤਕ ਯੂਰਪ ਤੋਂ ਸ਼ਰਧਾਪੂਰਣ ਮਿਸ਼ਨਰੀ ਅਫ਼ਰੀਕਾ, ਏਸ਼ੀਆ, ਸ਼ਾਂਤ ਮਹਾਂਸਾਗਰੀ ਦੇਸ਼ਾਂ ਅਤੇ ਦੱਖਣੀ ਅਮਰੀਕਾ ਵਿਚ ਗ਼ੈਰ-ਈਸਾਈ ਲੋਕਾਂ ਨੂੰ ਪ੍ਰਚਾਰ ਕਰਨ ਗਏ ਜਿਨ੍ਹਾਂ ਇਲਾਕਿਆਂ ਵਿਚ ਯੂਰਪ ਦਾ ਰਾਜ ਸੀ। ਫਿਰ ਕਈਆਂ ਦੇਸ਼ਾਂ ਉੱਤੇ ਅਮਰੀਕਾ ਦਾ ਵੀ ਰਾਜ ਸਥਾਪਿਤ ਹੋਇਆ। ਉੱਥੇ ਵੀ ਕਈ ਅਮਰੀਕੀ ਪ੍ਰਚਾਰਕ ਗਏ ਤੇ ਉਨ੍ਹਾਂ ਨੇ ਆਪਣੇ ਚਰਚ ਸਥਾਪਿਤ ਕੀਤੇ। ਅਖ਼ੀਰ ਵਿਚ ਅਮਰੀਕਾ ਨੇ ਯੂਰਪ ਨਾਲੋਂ ਵੀ ਜ਼ਿਆਦਾ ਮਿਸ਼ਨਰੀ ਦੁਨੀਆਂ ਦੇ ਵੱਖ-ਵੱਖ ਹਿੱਸਿਆਂ ਵਿਚ ਘੱਲੇ, ਪਰ ਹੁਣ ਇਹ ਸਭ ਕੁਝ ਬਦਲ ਗਿਆ ਹੈ।

ਐਂਡਰੂ ਵੋਲਸ ਨੇ ਏਸ਼ੀਆ ਤੇ ਅਫ਼ਰੀਕਾ ਵਿਚ ਈਸਾਈ ਧਰਮ ਦਾ ਅਧਿਐਨ ਕਰਨ ਲਈ ਕੇਂਦਰ ਸਥਾਪਿਤ ਕੀਤਾ ਹੈ। ਉਸ ਦਾ ਕਹਿਣਾ ਹੈ ਕਿ ‘ਈਸਾਈ ਦੇਸ਼ਾਂ ਵਿਚ ਲੋਕਾਂ ਉੱਤੇ ਚਰਚ ਦਾ ਪ੍ਰਭਾਵ ਘੱਟ ਰਿਹਾ ਹੈ।’ ਸਾਲ 1900 ਵਿਚ 80 ਫੀ ਸਦੀ ਈਸਾਈ ਲੋਕ ਜਾਂ ਤਾਂ ਯੂਰਪ ਵਿਚ ਰਹਿੰਦੇ ਸਨ ਜਾਂ ਉੱਤਰੀ ਅਮਰੀਕਾ ਵਿਚ। ਪਰ ਅੱਜ ਈਸਾਈ ਧਰਮ ਦੇ 60 ਫੀ ਸਦੀ ਲੋਕ ਅਫ਼ਰੀਕਾ, ਏਸ਼ੀਆ ਅਤੇ ਲਾਤੀਨੀ ਅਮਰੀਕਾ ਵਿਚ ਰਹਿੰਦੇ ਹਨ। ਹਾਲ ਹੀ ਦੀ ਇਕ ਪ੍ਰੈੱਸ ਰਿਪੋਰਟ ਨੇ ਕਿਹਾ: “ਯੂਰਪ ਵਿਚ ਕੈਥੋਲਿਕ ਚਰਚਾਂ ਨੂੰ ਫ਼ਿਲਪੀਨ ਅਤੇ ਭਾਰਤ ਤੋਂ ਪਾਦਰੀ ਮੰਗਵਾਉਣੇ ਪੈਂਦੇ ਹਨ,” ਅਤੇ “ਅਮਰੀਕਾ ਦੇ ਕੈਥੋਲਿਕ ਚਰਚ ਵਿਚ ਛਿਆਂ ਵਿੱਚੋਂ ਇਕ ਪਾਦਰੀ ਵਿਦੇਸ਼ੀ ਹੁੰਦਾ ਹੈ।” ਨੀਦਰਲੈਂਡਜ਼ ਵਿਚ ਕਈ ਅਫ਼ਰੀਕੀ ਪ੍ਰਚਾਰਕ ਘਾਨਾ ਤੋਂ ਆਏ ਹਨ ਅਤੇ ਉਹ ਆਪਣੇ ਆਪ ਨੂੰ ‘ਅਜਿਹੇ ਦੇਸ਼ ਵਿਚ ਮਿਸ਼ਨਰੀ ਸਮਝਦੇ ਹਨ ਜਿੱਥੇ ਬਹੁਤ ਘੱਟ ਲੋਕ ਰੱਬ ਨੂੰ ਮੰਨਦੇ ਹਨ।’ ਬਰਤਾਨੀਆ ਦੇ ਕਈਆਂ ਇਲਾਕਿਆਂ ਵਿਚ ਬ੍ਰਾਜ਼ੀਲ ਤੋਂ ਆਏ ਪ੍ਰਚਾਰਕ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਕ ਲੇਖਕ ਨੇ ਕਿਹਾ: “ਈਸਾਈ ਧਰਮ-ਪ੍ਰਚਾਰਕਾਂ ਨੇ ਆਪਣਾ ਰੁਖ ਹੀ ਬਦਲ ਲਿਆ ਹੈ।”

ਵੱਡੀ ਫੁੱਟ ਪੈ ਰਹੀ ਹੈ

ਯੂਰਪ ਤੇ ਉੱਤਰੀ ਅਮਰੀਕਾ ਵਿਚ ਮਿਸ਼ਨਰੀਆਂ ਦੀ ਲੋੜ ਪੈ ਰਹੀ ਹੈ ਕਿਉਂਕਿ ਉੱਥੇ ਦਿਨ-ਬ-ਦਿਨ ਧਰਮ ਵਿਚ ਲੋਕਾਂ ਦੀ ਦਿਲਚਸਪੀ ਘੱਟਦੀ ਜਾ ਰਹੀ ਹੈ। ਇਕ ਰਸਾਲੇ ਮੁਤਾਬਕ “ਸਕਾਟਲੈਂਡ ਵਿਚ 10 ਪ੍ਰਤਿਸ਼ਤ ਤੋਂ ਘੱਟ ਈਸਾਈ ਬਾਕਾਇਦਾ ਚਰਚ ਨੂੰ ਜਾਂਦੇ ਹਨ।” ਫਰਾਂਸ ਤੇ ਜਰਮਨੀ ਵਿਚ ਇਹ ਗਿਣਤੀ ਹੋਰ ਵੀ ਘੱਟ ਹੈ। ਇਕ ਸਰਵੇਖਣ ਅਨੁਸਾਰ “ਲਗਭਗ 40 ਪ੍ਰਤਿਸ਼ਤ ਅਮਰੀਕੀ ਲੋਕ ਅਤੇ 20 ਪ੍ਰਤਿਸ਼ਤ ਕੈਨੇਡੀਆਈ ਲੋਕ ਬਾਕਾਇਦਾ ਚਰਚ ਜਾਂਦੇ ਹਨ।” ਇਸ ਦੇ ਉਲਟ, ਫ਼ਿਲਪੀਨ ਵਿਚ ਲਗਭਗ 70 ਪ੍ਰਤਿਸ਼ਤ ਲੋਕ ਚਰਚ ਜਾਂਦੇ ਹਨ ਅਤੇ ਹੋਰਨਾਂ ਗ਼ਰੀਬ ਦੇਸ਼ਾਂ ਵਿਚ ਵੀ ਅਜਿਹਾ ਹੀ ਹੋ ਰਿਹਾ ਹੈ।

ਇਹ ਵੀ ਦੇਖਿਆ ਗਿਆ ਹੈ ਕਿ ਧਰਤੀ ਦੇ ਦੱਖਣੀ ਭਾਗ ਵਿਚ ਚਰਚ ਜਾਣ ਵਾਲੇ ਲੋਕ ਉੱਤਰੀ ਭਾਗ ਵਿਚ ਰਹਿਣ ਵਾਲੇ ਲੋਕਾਂ ਨਾਲੋਂ ਚਰਚ ਦੀਆਂ ਰੀਤਾਂ-ਰਿਵਾਜਾਂ ਨੂੰ ਜ਼ਿਆਦਾ ਮੰਨਦੇ ਹਨ। ਮਿਸਾਲ ਲਈ, ਜਦੋਂ ਵੀ ਅਮਰੀਕਾ ਤੇ ਯੂਰਪ ਦੇ ਕੈਥੋਲਿਕ ਲੋਕਾਂ ਦੀ ਰਾਇ ਲਈ ਜਾਂਦੀ ਹੈ, ਤਾਂ ਉਹ ਹਮੇਸ਼ਾ ਕਹਿੰਦੇ ਹਨ ਕਿ ਉਹ ਇਹ ਨਹੀਂ ਚਾਹੁੰਦੇ ਕਿ ਚਰਚ ਵਿਚ ਸਿਰਫ਼ ਪਾਦਰੀਆਂ ਦਾ ਰਾਜ ਚੱਲੇ ਅਤੇ ਉਹ ਮੰਨਦੇ ਹਨ ਕਿ ਚਰਚ ਵਿਚ ਔਰਤਾਂ ਦਾ ਵੀ ਬਰਾਬਰ ਦਾ ਹੱਕ ਹੋਣਾ ਚਾਹੀਦਾ ਹੈ। ਪਰ ਧਰਤੀ ਦੇ ਦੱਖਣੀ ਭਾਗ ਵਿਚ ਰਹਿਣ ਵਾਲੇ ਕੈਥੋਲਿਕ ਇਨ੍ਹਾਂ ਮਾਮਲਿਆਂ ਦੇ ਸੰਬੰਧ ਵਿਚ ਚਰਚ ਦੀ ਪਰੰਪਰਾ ਉੱਤੇ ਪੱਕੇ ਰਹਿੰਦੇ ਹਨ। ਸੋ ਜਿੱਦਾਂ-ਜਿੱਦਾਂ ਚਰਚ ਦਾ ਪ੍ਰਭਾਵ ਦੱਖਣ ਵੱਲ ਹੁੰਦਾ ਜਾਂਦਾ ਹੈ, ਉੱਦਾਂ-ਉੱਦਾਂ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਵਿਚ ਪੱਛਮੀ ਤੇ ਦੱਖਣੀ ਚਰਚਾਂ ਵਿਚ ਵੱਡੀ ਫੁੱਟ ਪੈ ਜਾਵੇਗੀ। ਇਤਿਹਾਸ ਅਤੇ ਮਜ਼ਹਬ ਦੇ ਇਕ ਵਿਦਵਾਨ ਦਾ ਕਹਿਣਾ ਹੈ: “ਹੋ ਸਕਦਾ ਹੈ ਕਿ 10-20 ਸਾਲਾਂ ਬਾਅਦ ਦੱਖਣ ਵਿਚ ਈਸਾਈ ਇਹ ਨਹੀਂ ਸਮਝਣਗੇ ਕਿ ਉੱਤਰ ਵਿਚ ਲੋਕ ਸੱਚੇ ਈਸਾਈ ਹਨ ਅਤੇ ਨਾ ਹੀ ਉੱਤਰ ਵਿਚ ਈਸਾਈ ਸਮਝਣਗੇ ਕਿ ਦੱਖਣ ਦੇ ਲੋਕ ਸੱਚੇ ਈਸਾਈ ਹਨ।”

ਇਨ੍ਹਾਂ ਗੱਲਾਂ ਨੂੰ ਧਿਆਨ ਵਿਚ ਰੱਖਦੇ ਹੋਏ ਐਂਡਰੂ ਵੋਲਸ ਕਹਿੰਦਾ ਹੈ ਕਿ ਇਸ ਮਸਲੇ ਦਾ ਹੱਲ ਲੱਭਣਾ ਬਹੁਤ ਜ਼ਰੂਰੀ ਹੈ ਕਿ “ਅਫ਼ਰੀਕਾ, ਏਸ਼ੀਆ, ਲਾਤੀਨੀ-ਅਮਰੀਕਾ, ਉੱਤਰੀ ਅਮਰੀਕਾ ਅਤੇ ਯੂਰਪ ਦੇ ਸਾਰੇ ਈਸਾਈਆਂ ਨੂੰ ਕਿਵੇਂ ਇਕ ਕੀਤਾ ਜਾਵੇ।” ਤੁਹਾਡਾ ਕੀ ਖ਼ਿਆਲ ਹੈ? ਕੀ ਇਸ ਵੰਡੀ ਹੋਈ ਦੁਨੀਆਂ ਵਿਚ ਸਾਰੇ ਚਰਚ ਏਕਤਾ ਵਿਚ ਰਹਿ ਸਕਦੇ ਹਨ? ਸੱਚੇ ਮਸੀਹੀਆਂ ਦੀ ਏਕਤਾ ਦੀ ਨੀਂਹ ਕੀ ਹੈ? ਅਗਲੇ ਲੇਖ ਵਿਚ ਬਾਈਬਲ ਵਿੱਚੋਂ ਇਨ੍ਹਾਂ ਸਵਾਲਾਂ ਦੇ ਜਵਾਬ ਦਿੱਤੇ ਜਾਣਗੇ ਅਤੇ ਸਬੂਤ ਪੇਸ਼ ਕੀਤਾ ਜਾਵੇਗਾ ਕਿ ਅੱਜ ਦੇ ਜ਼ਮਾਨੇ ਵਿਚ ਵੀ ਸੰਸਾਰ ਭਰ ਵਿਚ ਸੱਚੇ ਮਸੀਹੀਆਂ ਦਾ ਇਕ ਸਮੂਹ ਏਕਤਾ ਵਿਚ ਵਧ-ਫੁੱਲ ਰਿਹਾ ਹੈ।

[ਸਫ਼ੇ 4 ਉੱਤੇ ਤਸਵੀਰ]

ਇਹ ਰੈਸਟੋਰਾਂ ਪਹਿਲਾਂ ਚਰਚ ਹੁੰਦਾ ਸੀ

[ਕ੍ਰੈਡਿਟ ਲਾਈਨ]

AP Photo/Nancy Palmieri