Skip to content

Skip to table of contents

ਦਿਖਾਓ ਕਿ ਤੁਸੀਂ ਰੱਬ ਨਾਲ ਪਿਆਰ ਕਰਦੇ ਹੋ

ਦਿਖਾਓ ਕਿ ਤੁਸੀਂ ਰੱਬ ਨਾਲ ਪਿਆਰ ਕਰਦੇ ਹੋ

ਦਿਖਾਓ ਕਿ ਤੁਸੀਂ ਰੱਬ ਨਾਲ ਪਿਆਰ ਕਰਦੇ ਹੋ

ਦੁਨੀਆਂ ਭਰ ਵਿਚ ਰੱਬ ਦੇ ਸੇਵਕ ਸਾਖੀ ਭਰ ਸਕਦੇ ਹਨ ਕਿ ਉਹ ਰੱਬ ਨੂੰ ਜਿੰਨਾ ਜ਼ਿਆਦਾ ਜਾਣਦੇ ਹਨ ਉੱਨਾ ਹੀ ਜ਼ਿਆਦਾ ਉਸ ਲਈ ਉਨ੍ਹਾਂ ਦਾ ਪਿਆਰ ਵਧਦਾ ਹੈ, ਖ਼ਾਸਕਰ ਜੇ ਉਹ ਜਾਣਨ ਕਿ ਉਹ ਕਿਨ੍ਹਾਂ ਗੱਲਾਂ ਨੂੰ ਪਿਆਰ ਕਰਦਾ ਜਾਂ ਕਿਨ੍ਹਾਂ ਨੂੰ ਨਫ਼ਰਤ ਕਰਦਾ ਅਤੇ ਉਸ ਨੂੰ ਕੀ ਪਸੰਦ ਹੈ ਤੇ ਕੀ ਨਹੀਂ।

ਯਹੋਵਾਹ ਨੇ ਪਿਆਰ ਨਾਲ ਸਾਨੂੰ ਆਪਣਾ ਬਚਨ ਦਿੱਤਾ ਹੈ ਜਿਸ ਦੇ ਜ਼ਰੀਏ ਉਹ ਸਾਨੂੰ ਆਪਣੇ ਬਾਰੇ ਦੱਸਦਾ ਹੈ। ਬਾਈਬਲ ਤੋਂ ਅਸੀਂ ਉਸ ਦੀਆਂ ਕਰਨੀਆਂ ਬਾਰੇ ਜਾਣਦੇ ਹਾਂ ਕਿ ਵੱਖੋ-ਵੱਖਰੇ ਹਾਲਾਤਾਂ ਦੌਰਾਨ ਉਸ ਨੇ ਕੀ ਕੀਤਾ ਸੀ। ਜਿਵੇਂ ਸਾਡੇ ਕਿਸੇ ਅਜ਼ੀਜ਼ ਦੀ ਚਿੱਠੀ ਪੜ੍ਹ ਕੇ ਸਾਨੂੰ ਆਨੰਦ ਮਿਲਦਾ ਹੈ, ਉਸੇ ਤਰ੍ਹਾਂ ਬਾਈਬਲ ਤੋਂ ਯਹੋਵਾਹ ਦੀ ਸ਼ਖ਼ਸੀਅਤ ਦੇ ਨਵੇਂ-ਨਵੇਂ ਪਹਿਲੂ ਜਾਣ ਕੇ ਅਸੀਂ ਖ਼ੁਸ਼ ਹੁੰਦੇ ਹਾਂ। ਪਰ ਕੀ ਰੱਬ ਲਈ ਪਿਆਰ ਪੈਦਾ ਕਰਨ ਲਈ ਸਿਰਫ਼ ਗਿਆਨ ਲੈਣਾ ਹੀ ਕਾਫ਼ੀ ਹੈ?

ਕਈ ਵਾਰ ਅਸੀਂ ਆਪਣੀ ਸੇਵਕਾਈ ਦੌਰਾਨ ਦੇਖਦੇ ਹਾਂ ਕਿ ਰੱਬ ਬਾਰੇ ਸਿੱਖਣ ਦੇ ਬਾਵਜੂਦ ਕੁਝ ਲੋਕ ਉਸ ਨਾਲ ਪਿਆਰ ਨਹੀਂ ਕਰਦੇ। ਯਿਸੂ ਨੇ ਆਪਣੇ ਜ਼ਮਾਨੇ ਦੇ ਕੁਝ ਬੇਕਦਰੇ ਯਹੂਦੀਆਂ ਬਾਰੇ ਕਿਹਾ ਸੀ: “ਤੁਸੀਂ ਲਿਖਤਾਂ ਨੂੰ ਭਾਲਦੇ ਹੋ ਕਿਉਂਕਿ ਤੁਸੀਂ ਸਮਝਦੇ ਹੋ ਭਈ ਇਨ੍ਹਾਂ ਵਿੱਚ ਸਾਨੂੰ ਸਦੀਪਕ ਜੀਉਣ ਮਿਲਦਾ ਹੈ . . . ਪਰ ਮੈਂ ਤੁਹਾਨੂੰ ਜਾਣਦਾ ਹਾਂ ਜੋ ਪਰਮੇਸ਼ੁਰ ਦਾ ਪ੍ਰੇਮ ਤੁਹਾਡੇ ਵਿੱਚ ਹੈ ਨਹੀਂ।” (ਯੂਹੰਨਾ 5:39, 42) ਕੁਝ ਲੋਕ ਪਿਆਰ ਦੀ ਖ਼ਾਤਰ ਕੀਤੇ ਯਹੋਵਾਹ ਦੇ ਕੰਮਾਂ ਬਾਰੇ ਕਈ ਸਾਲ ਗਿਆਨ ਲੈਣ ਦੇ ਬਾਵਜੂਦ ਉਸ ਨੂੰ ਪਿਆਰ ਨਹੀਂ ਕਰਦੇ। ਕਿਉਂ ਨਹੀਂ? ਕਿਉਂਕਿ ਉਹ ਸਿੱਖੀਆਂ ਹੋਈਆਂ ਗੱਲਾਂ ਤੇ ਸੋਚ-ਵਿਚਾਰ ਨਹੀਂ ਕਰਦੇ। ਇਸ ਤੋਂ ਉਲਟ ਲੱਖਾਂ ਅਜਿਹੇ ਲੋਕ ਵੀ ਹਨ ਜਿਨ੍ਹਾਂ ਨਾਲ ਅਸੀਂ ਬਾਈਬਲ ਦੀ ਸਟੱਡੀ ਕਰਦੇ ਹਾਂ ਤੇ ਉਨ੍ਹਾਂ ਅੰਦਰ ਹਰ ਰੋਜ਼ ਰੱਬ ਲਈ ਪਿਆਰ ਵਧਦਾ ਜਾਂਦਾ ਹੈ। ਇਸ ਤਰ੍ਹਾਂ ਕਿਉਂ ਹੁੰਦਾ ਹੈ? ਕਿਉਂਕਿ ਉਹ ਸਾਡੇ ਵਾਂਗ ਜ਼ਬੂਰਾਂ ਦੇ ਲਿਖਾਰੀ ਆਸਾਫ਼ ਦੀ ਪੈੜ ਤੇ ਚੱਲਦੇ ਹਨ। ਕਿਸ ਤਰ੍ਹਾਂ?

ਯਹੋਵਾਹ ਦੇ ਕੰਮਾਂ ਉੱਤੇ ਮਨਨ ਕਰੋ

ਆਸਾਫ਼ ਨੇ ਆਪਣਾ ਮਨ ਬਣਾ ਲਿਆ ਸੀ ਕਿ ਉਹ ਯਹੋਵਾਹ ਨਾਲ ਪਿਆਰ ਕਰੇਗਾ। ਉਸ ਨੇ ਲਿਖਿਆ: ‘ਮੈਂ ਆਪਣੇ ਮਨ ਵਿੱਚ ਧਿਆਨ ਕਰਦਾ ਹਾਂ, ਮੈਂ ਯਹੋਵਾਹ ਦੇ ਕੰਮਾਂ ਦਾ ਜ਼ਿਕਰ ਕਰਾਂਗਾ, ਕਿਉਂ ਜੋ ਮੈਂ ਤੇਰੇ ਪੁਰਾਣਿਆਂ ਸਮਿਆਂ ਦੇ ਅਚਰਜਾਂ ਨੂੰ ਚੇਤੇ ਕਰਾਂਗਾ। ਮੈਂ ਤੇਰੇ ਸਾਰੇ ਕੰਮਾਂ ਉੱਤੇ ਵਿਚਾਰ ਕਰਾਂਗਾ, ਅਤੇ ਮੈਂ ਤੇਰੇ ਕਾਰਜਾਂ ਉੱਤੇ ਧਿਆਨ ਕਰਾਂਗਾ।’ (ਜ਼ਬੂਰਾਂ ਦੀ ਪੋਥੀ 77:6, 11, 12) ਜਦ ਕੋਈ ਜ਼ਬੂਰਾਂ ਦੇ ਲਿਖਾਰੀ ਵਾਂਗ ਯਹੋਵਾਹ ਦੇ ਕੰਮਾਂ ਬਾਰੇ ਚਿੱਤ ਲਾ ਕੇ ਸੋਚਦਾ ਹੈ, ਤਾਂ ਉਸ ਦੇ ਦਿਲ ਵਿਚ ਰੱਬ ਲਈ ਪਿਆਰ ਵਧਦਾ ਹੈ।

ਇਸ ਤੋਂ ਇਲਾਵਾ, ਜਦ ਅਸੀਂ ਉਨ੍ਹਾਂ ਸਮਿਆਂ ਬਾਰੇ ਸੋਚਦੇ ਹਾਂ ਜਦੋਂ ਅਸੀਂ ਯਹੋਵਾਹ ਦੀ ਸੇਵਾ ਵਿਚ ਆਨੰਦ ਮਾਣਿਆ ਸੀ, ਤਾਂ ਰੱਬ ਨਾਲ ਸਾਡੀ ਦੋਸਤੀ ਹੋਰ ਵੀ ਵਧਦੀ ਹੈ। ਪੌਲੁਸ ਰਸੂਲ ਨੇ ਕਿਹਾ ਸੀ ਕਿ ਅਸੀਂ “ਕੰਮ ਕਰਨ ਵਿੱਚ ਪਰਮੇਸ਼ੁਰ ਦੇ ਸਾਂਝੀ” ਹਾਂ। (1 ਕੁਰਿੰਥੀਆਂ 3:9) ਸਾਂਝਾ ਕੰਮ ਕਰਨ ਵਾਲਿਆਂ ਦੀ ਦੋਸਤੀ ਇਕ ਖ਼ਾਸ ਕਿਸਮ ਦੀ ਹੁੰਦੀ ਹੈ। ਜਦ ਅਸੀਂ ਆਪਣੀ ਕਹਿਣੀ ਤੇ ਕਰਨੀ ਦੇ ਜ਼ਰੀਏ ਦਿਖਾਉਂਦੇ ਹਾਂ ਕਿ ਅਸੀਂ ਯਹੋਵਾਹ ਨਾਲ ਪਿਆਰ ਕਰਦੇ ਹਾਂ, ਤਾਂ ਉਹ ਇਸ ਦੀ ਬਹੁਤ ਕਦਰ ਕਰਦਾ ਹੈ ਤੇ ਇਸ ਤੋਂ ਉਸ ਦਾ ਜੀ ਖ਼ੁਸ਼ ਹੁੰਦਾ ਹੈ। (ਕਹਾਉਤਾਂ 27:11) ਫਿਰ ਜਦ ਅਸੀਂ ਕਿਸੇ ਮੁਸ਼ਕਲ ਸਮੇਂ ਦੌਰਾਨ ਯਹੋਵਾਹ ਤੋਂ ਮਦਦ ਮੰਗਦੇ ਹਾਂ ਤੇ ਉਹ ਸਾਡੀ ਸਹਾਇਤਾ ਕਰਦਾ ਹੈ, ਤਾਂ ਅਸੀਂ ਜਾਣ ਜਾਂਦੇ ਹਾਂ ਕਿ ਉਹ ਸਾਡੇ ਨਾਲ ਹੈ। ਇਸ ਤਰ੍ਹਾਂ ਉਸ ਲਈ ਸਾਡਾ ਪਿਆਰ ਹੋਰ ਵੀ ਵਧ ਜਾਂਦਾ ਹੈ।

ਜਦ ਦੋ ਜਣੇ ਇਕ-ਦੂਜੇ ਨਾਲ ਦਿਲ ਖੋਲ੍ਹ ਕੇ ਗੱਲ ਕਰਦੇ ਹਨ, ਤਾਂ ਉਨ੍ਹਾਂ ਵਿਚ ਦੋਸਤੀ ਵਧਦੀ ਹੈ। ਇਸੇ ਤਰ੍ਹਾਂ, ਜਦ ਅਸੀਂ ਯਹੋਵਾਹ ਨੂੰ ਦੱਸਦੇ ਹਾਂ ਕਿ ਅਸੀਂ ਉਸ ਦੀ ਭਗਤੀ ਕਿਉਂ ਕਰਨੀ ਚਾਹੁੰਦੇ ਹਾਂ, ਤਾਂ ਉਸ ਲਈ ਸਾਡਾ ਪਿਆਰ ਹੋਰ ਵੀ ਵਧਦਾ ਹੈ। ਇਸ ਤਰ੍ਹਾਂ ਅਸੀਂ ਯਿਸੂ ਦੇ ਇਨ੍ਹਾਂ ਸ਼ਬਦਾਂ ਤੇ ਚੱਲ ਰਹੇ ਹੋਵਾਂਗੇ: “ਤੂੰ ਪ੍ਰਭੁ ਆਪਣੇ ਪਰਮੇਸ਼ੁਰ ਨੂੰ ਆਪਣੇ ਸਾਰੇ ਦਿਲ ਨਾਲ ਅਤੇ ਆਪਣੀ ਸਾਰੀ ਜਾਨ ਨਾਲ ਅਤੇ ਆਪਣੀ ਸਾਰੀ ਬੁੱਧ ਨਾਲ ਅਤੇ ਆਪਣੀ ਸਾਰੀ ਸ਼ਕਤੀ ਨਾਲ ਪਿਆਰ ਕਰ।” (ਮਰਕੁਸ 12:30) ਅਸੀਂ ਯਹੋਵਾਹ ਨੂੰ ਆਪਣੇ ਸਾਰੇ ਦਿਲ ਨਾਲ, ਆਪਣੀ ਸਾਰੀ ਜਾਨ ਨਾਲ, ਆਪਣੀ ਸਾਰੀ ਬੁੱਧ ਨਾਲ ਅਤੇ ਆਪਣੀ ਸਾਰੀ ਸ਼ਕਤੀ ਨਾਲ ਹਮੇਸ਼ਾ ਵਾਸਤੇ ਕਿਸ ਤਰ੍ਹਾਂ ਪਿਆਰ ਕਰਦੇ ਰਹਿ ਸਕਦੇ ਹਾਂ?

ਯਹੋਵਾਹ ਨੂੰ ਆਪਣੇ ਸਾਰੇ ਦਿਲ ਨਾਲ ਪਿਆਰ ਕਰੋ

ਬਾਈਬਲ ਵਿਚ ਦਿਲ ਸਾਡੀਆਂ ਚਾਹਤਾਂ, ਭਾਵਨਾਵਾਂ ਤੇ ਸਾਡੇ ਵਿਚਾਰਾਂ ਨੂੰ ਦਰਸਾਉਂਦਾ ਹੈ। ਇਸ ਲਈ, ਯਹੋਵਾਹ ਨੂੰ ਸਾਰੇ ਦਿਲ ਨਾਲ ਪਿਆਰ ਕਰਨ ਦਾ ਮਤਲਬ ਹੈ ਕਿ ਸਾਡੀ ਸਭ ਤੋਂ ਵੱਡੀ ਚਾਹਤ ਹੈ ਕਿ ਅਸੀਂ ਉਸ ਨੂੰ ਖ਼ੁਸ਼ ਕਰੀਏ। (ਜ਼ਬੂਰਾਂ ਦੀ ਪੋਥੀ 86:11) ਅਸੀਂ ਆਪਣੀ ਸ਼ਖ਼ਸੀਅਤ ਨੂੰ ਰੱਬ ਦੀ ਮਰਜ਼ੀ ਅਨੁਸਾਰ ਢਾਲ਼ ਕੇ ਦਿਖਾਉਂਦੇ ਹਾਂ ਕਿ ਅਸੀਂ ਯਹੋਵਾਹ ਨਾਲ ਪਿਆਰ ਕਰਦੇ ਹਾਂ। ਅਸੀਂ ‘ਬੁਰਿਆਈ ਤੋਂ ਸੂਗ ਕਰ ਕੇ ਤੇ ਭਲਿਆਈ ਨਾਲ ਮਿਲੇ ਰਹਿ’ ਕੇ ਰੱਬ ਦੀ ਨਕਲ ਕਰਦੇ ਹਾਂ।—ਰੋਮੀਆਂ 12:9.

ਰੱਬ ਨਾਲ ਅਸੀਂ ਕਿੰਨਾ ਪਿਆਰ ਕਰਦੇ ਹਾਂ, ਇਸ ਦਾ ਸਾਡੀ ਜ਼ਿੰਦਗੀ ਦੇ ਹਰ ਪਹਿਲੂ ਤੇ ਅਸਰ ਪੈਂਦਾ ਹੈ। ਉਦਾਹਰਣ ਲਈ, ਸ਼ਾਇਦ ਸਾਨੂੰ ਆਪਣਾ ਕੰਮ ਬਹੁਤ ਪਸੰਦ ਹੋਵੇ ਅਤੇ ਸਾਡਾ ਧਿਆਨ ਉਸ ਵੱਲ ਲੱਗਾ ਰਹੇ, ਪਰ ਕੀ ਸਾਡਾ ਦਿਲ ਵੀ ਉਸ ਨਾਲ ਜੁੜਿਆ ਹੋਣਾ ਚਾਹੀਦਾ ਹੈ? ਨਹੀਂ! ਕਿਉਂਕਿ ਅਸੀਂ ਯਹੋਵਾਹ ਨੂੰ ਆਪਣੇ ਸਾਰੇ ਦਿਲ ਨਾਲ ਪਿਆਰ ਕਰਦੇ ਹਾਂ, ਇਸ ਲਈ ਸਾਡੀ ਜ਼ਿੰਦਗੀ ਵਿਚ ਉਸ ਦੀ ਸੇਵਾ ਕਰਨੀ ਸਭ ਤੋਂ ਵੱਡੀ ਗੱਲ ਹੈ। ਇਸੇ ਤਰ੍ਹਾਂ, ਅਸੀਂ ਆਪਣੇ ਮਾਂ-ਬਾਪ, ਆਪਣੇ ਜੀਵਨ ਸਾਥੀ ਤੇ ਆਪਣੇ ਮਾਲਕ ਨੂੰ ਖ਼ੁਸ਼ ਕਰਨਾ ਚਾਹੁੰਦੇ ਹਾਂ, ਪਰ ਸਭ ਤੋਂ ਜ਼ਿਆਦਾ ਅਸੀਂ ਯਹੋਵਾਹ ਨੂੰ ਖ਼ੁਸ਼ ਕਰ ਕੇ ਦਿਖਾਉਂਦੇ ਹਾਂ ਕਿ ਅਸੀਂ ਉਸ ਨੂੰ ਆਪਣੇ ਸਾਰੇ ਦਿਲ ਨਾਲ ਪਿਆਰ ਕਰਦੇ ਹਾਂ। ਦਰਅਸਲ, ਉਹੀ ਸਭ ਤੋਂ ਜ਼ਿਆਦਾ ਸਾਡੇ ਪਿਆਰ ਦੇ ਲਾਇਕ ਹੈ।—ਮੱਤੀ 6:24; 10:37.

ਯਹੋਵਾਹ ਨੂੰ ਆਪਣੀ ਸਾਰੀ ਜਾਨ ਨਾਲ ਪਿਆਰ ਕਰੋ

ਯਹੋਵਾਹ ਨੂੰ ਆਪਣੀ ਸਾਰੀ “ਜਾਨ” ਨਾਲ ਪਿਆਰ ਕਰਨ ਦਾ ਮਤਲਬ ਹੈ ਕਿ ਅਸੀਂ ਆਪਣੀ ਪੂਰੀ ਜ਼ਿੰਦਗੀ ਉਸ ਦੀ ਵਡਿਆਈ ਕਰਨ ਵਿਚ ਲਾ ਕੇ ਦਿਖਾਈਏ ਕਿ ਅਸੀਂ ਉਸ ਨਾਲ ਪਿਆਰ ਕਰਦੇ ਹਾਂ।

ਵੈਸੇ ਸਾਡੀ ਜ਼ਿੰਦਗੀ ਵਿਚ ਹੋਰ ਵੀ ਕਈ ਚੀਜ਼ਾਂ ਹਨ ਜਿਨ੍ਹਾਂ ਵਿਚ ਅਸੀਂ ਦਿਲਚਸਪੀ ਲੈਂਦੇ ਹਾਂ ਜਿਵੇਂ ਕੋਈ ਪੇਸ਼ਾ ਸਿੱਖਣਾ, ਕੋਈ ਕੰਮ-ਧੰਦਾ ਕਰਨਾ ਜਾਂ ਆਪਣੇ ਪਰਿਵਾਰ ਦੀ ਦੇਖ-ਰੇਖ ਕਰਨੀ। ਪਰ ਇਸ ਦੇ ਨਾਲ-ਨਾਲ ਅਸੀਂ ਸਬੂਤ ਦਿੰਦੇ ਹਾਂ ਕਿ ਯਹੋਵਾਹ ਨੂੰ ਅਸੀਂ ਆਪਣੀ ਸਾਰੀ ਜਾਨ ਨਾਲ ਪਿਆਰ ਕਰਦੇ ਹਾਂ। ਕਿਸ ਤਰ੍ਹਾਂ? ਅਸੀਂ ਸਭ ਕੁਝ ਯਹੋਵਾਹ ਦੀ ਮਰਜ਼ੀ ਅਨੁਸਾਰ ਕਰਦੇ ਹਾਂ ਅਤੇ ਜ਼ਿੰਦਗੀ ਦੇ ਬਾਕੀ ਸਾਰੇ ਕੰਮਾਂ ਨੂੰ ਆਪਣੀ-ਆਪਣੀ ਥਾਂ ਰੱਖਦੇ ਹੋਏ ਸਭ ਤੋਂ ‘ਪਹਿਲਾਂ ਯਹੋਵਾਹ ਦੇ ਰਾਜ ਅਤੇ ਉਹ ਦੇ ਧਰਮ ਨੂੰ ਭਾਲਦੇ ਹਾਂ।’ (ਮੱਤੀ 6:33) ਸਾਰੀ ਜਾਨ ਨਾਲ ਰੱਬ ਦੀ ਭਗਤੀ ਕਰਨ ਦਾ ਇਹ ਵੀ ਮਤਲਬ ਹੈ ਕਿ ਜੋਸ਼ ਨਾਲ ਉਸ ਦੀ ਸੇਵਾ ਕਰਨੀ। ਅਸੀਂ ਜੋਸ਼ ਨਾਲ ਪਰਮੇਸ਼ੁਰ ਦੇ ਰਾਜ ਦਾ ਪ੍ਰਚਾਰ ਕਰ ਕੇ, ਸਭਾਵਾਂ ਵਿਚ ਟਿੱਪਣੀਆਂ ਦੇ ਕੇ ਜਾਂ ਆਪਣੇ ਮਸੀਹੀ ਭੈਣ-ਭਾਈਆਂ ਦੀ ਮਦਦ ਕਰ ਕੇ ਦਿਖਾਉਂਦੇ ਹਾਂ ਕਿ ਅਸੀਂ ਯਹੋਵਾਹ ਨੂੰ ਪਿਆਰ ਕਰਦੇ ਹਾਂ। ਹਰੇਕ ਕੰਮ ਵਿਚ ਅਸੀਂ ‘ਜੀ ਲਾ ਕੇ ਪਰਮੇਸ਼ੁਰ ਦੀ ਇੱਛਿਆ ਪੂਰੀ ਕਰਦੇ ਹਾਂ।’—ਅਫ਼ਸੀਆਂ 6:6.

ਯਿਸੂ ਨੇ ਆਪਾ ਤਿਆਗ ਕੇ ਦਿਖਾਇਆ ਸੀ ਕਿ ਉਹ ਆਪਣੀ ਸਾਰੀ ਜਾਨ ਨਾਲ ਰੱਬ ਨੂੰ ਪਿਆਰ ਕਰਦਾ ਸੀ। ਉਸ ਨੇ ਆਪਣੀ ਮਰਜ਼ੀ ਨਹੀਂ, ਸਗੋਂ ਪਰਮੇਸ਼ੁਰ ਦੀ ਮਰਜ਼ੀ ਕਰਨ ਨੂੰ ਪਹਿਲ ਦਿੱਤੀ ਸੀ। ਯਿਸੂ ਨੇ ਇਹ ਕਹਿ ਕੇ ਸਾਨੂੰ ਉਸ ਦੀ ਪੈੜ ਤੇ ਚੱਲਣ ਲਈ ਕਿਹਾ ਸੀ: “ਜੇ ਕੋਈ ਮੇਰੇ ਪਿੱਛੇ ਆਉਣਾ ਚਾਹੇ ਤਾਂ ਆਪਣੇ ਆਪ ਦਾ ਇਨਕਾਰ ਕਰੇ ਅਤੇ ਆਪਣੀ ਸਲੀਬ ਚੁੱਕ ਕੇ ਮੇਰੇ ਪਿੱਛੇ ਚੱਲੇ।” (ਮੱਤੀ 16:24, 25) ਆਪਣੇ ਆਪ ਦਾ ਇਨਕਾਰ ਕਰਨ ਦਾ ਮਤਲਬ ਹੈ ਆਪਾ ਤਿਆਗਣਾ। ਇਸ ਦਾ ਮਤਲਬ ਹੈ ਕਿ ਅਸੀਂ ਰੱਬ ਨਾਲ ਇੰਨਾ ਪਿਆਰ ਕਰਦੇ ਹਾਂ ਕਿ ਅਸੀਂ ਉਸ ਨੂੰ ਆਪਣਾ ਮਾਲਕ ਮੰਨ ਕੇ ਆਪਣੀ ਜਾਨ ਉਸ ਦੇ ਹਵਾਲੇ ਕਰ ਦਿੰਦੇ ਹਾਂ, ਜਿਵੇਂ ਬਾਈਬਲ ਦੇ ਸਮੇਂ ਵਿਚ ਕੋਈ ਇਸਰਾਏਲੀ ਆਪਣੇ ਮਾਲਕ ਨੂੰ ਇੰਨਾ ਪਿਆਰ ਕਰਦਾ ਸੀ ਕਿ ਉਹ ਪੂਰੀ ਜ਼ਿੰਦਗੀ ਉਸ ਦੀ ਗ਼ੁਲਾਮੀ ਕਰਨ ਲਈ ਸਦਾ ਵਾਸਤੇ ਉਸ ਕੋਲ ਰਹਿਣ ਦੀ ਠਾਣ ਲੈਂਦਾ ਸੀ। (ਬਿਵਸਥਾ ਸਾਰ 15:16, 17) ਯਹੋਵਾਹ ਨੂੰ ਆਪਣੀ ਜ਼ਿੰਦਗੀ ਸੌਂਪ ਕੇ ਅਸੀਂ ਸਬੂਤ ਦਿੰਦੇ ਹਾਂ ਕਿ ਅਸੀਂ ਉਸ ਨਾਲ ਪਿਆਰ ਕਰਦੇ ਹਾਂ।

ਯਹੋਵਾਹ ਨੂੰ ਆਪਣੀ ਸਾਰੀ ਬੁੱਧ ਨਾਲ ਪਿਆਰ ਕਰੋ

ਯਹੋਵਾਹ ਨੂੰ ਆਪਣੀ ਸਾਰੀ ਬੁੱਧ ਨਾਲ ਪਿਆਰ ਕਰਨ ਦਾ ਮਤਲਬ ਹੈ ਕਿ ਅਸੀਂ ਉਸ ਦੀ ਸ਼ਖ਼ਸੀਅਤ, ਉਸ ਦੇ ਮਕਸਦ ਅਤੇ ਉਸ ਦੀਆਂ ਮੰਗਾਂ ਜਾਣਨ ਦੀ ਪੂਰੀ ਕੋਸ਼ਿਸ਼ ਕਰੀਏ। (ਯੂਹੰਨਾ 17:3; ਰਸੂਲਾਂ ਦੇ ਕਰਤੱਬ 17:11) ਅਸੀਂ ਆਪਣੀ ਪੂਰੀ ਸੂਝ-ਬੂਝ ਨਾਲ ਲੋਕਾਂ ਦੀ ਮਦਦ ਕਰਦੇ ਹਾਂ ਕਿ ਉਹ ਵੀ ਯਹੋਵਾਹ ਨਾਲ ਪਿਆਰ ਕਰਨਾ ਸਿੱਖਣ। ਇਸ ਦੇ ਨਾਲ-ਨਾਲ ਅਸੀਂ ਆਪਣੀ ਸਿਖਾਉਣ ਦੀ ਕਲਾ ਵਿਚ ਸੁਧਾਰ ਕਰ ਕੇ ਵੀ ਦਿਖਾਉਂਦੇ ਹਾਂ ਕਿ ਅਸੀਂ ਯਹੋਵਾਹ ਨਾਲ ਪਿਆਰ ਕਰਦੇ ਹਾਂ। ਪਤਰਸ ਰਸੂਲ ਨੇ ਕਿਹਾ ਸੀ ਕਿ ‘ਤੁਸੀਂ ਆਪਣੀ ਬੁੱਧ ਦਾ ਲੱਕ ਬੰਨ੍ਹੋ।’ (1 ਪਤਰਸ 1:13) ਇਸ ਤੋਂ ਇਲਾਵਾ, ਅਸੀਂ ਦੂਸਰਿਆਂ ਵਿਚ ਦਿਲਚਸਪੀ ਲੈਣ ਦੀ ਕੋਸ਼ਿਸ਼ ਕਰਦੇ ਹਾਂ, ਖ਼ਾਸਕਰ ਰੱਬ ਦੇ ਪ੍ਰੇਮੀਆਂ ਵਿਚ। ਅਸੀਂ ਉਨ੍ਹਾਂ ਦੇ ਹਾਲਾਤ ਸਮਝ ਕੇ ਉਨ੍ਹਾਂ ਦੀ ਸ਼ਲਾਘਾ ਕਰਦੇ ਹਾਂ ਤੇ ਉਨ੍ਹਾਂ ਨੂੰ ਹੌਸਲਾ ਜਾਂ ਤਸੱਲੀ ਦਿੰਦੇ ਹਾਂ।

ਅਸੀਂ ਆਪਣੇ ਮਨ ਨੂੰ ਯਹੋਵਾਹ ਦੇ ਅਧੀਨ ਕਰ ਕੇ ਉਸ ਨੂੰ ਦਿਖਾਉਂਦੇ ਹਾਂ ਕਿ ਅਸੀਂ ਆਪਣੀ ਸਾਰੀ ਬੁੱਧ ਨਾਲ ਉਸ ਨੂੰ ਪਿਆਰ ਕਰਦੇ ਹਾਂ। ਅਸੀਂ ਸਾਰੀਆਂ ਗੱਲਾਂ ਉਸ ਦੇ ਨਜ਼ਰੀਏ ਤੋਂ ਦੇਖਣ ਦੀ ਕੋਸ਼ਿਸ਼ ਕਰਦੇ ਹਾਂ ਅਤੇ ਕੋਈ ਫ਼ੈਸਲਾ ਕਰਨ ਤੋਂ ਪਹਿਲਾਂ ਉਸ ਦੀ ਮਰਜ਼ੀ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿਉਂਕਿ ਸਾਨੂੰ ਉਸ ਉੱਤੇ ਪੂਰਾ ਭਰੋਸਾ ਹੈ। (ਕਹਾਉਤਾਂ 3:5, 6; ਯਸਾਯਾਹ 55:9; ਫ਼ਿਲਿੱਪੀਆਂ 2:3-7) ਪਰ ਰੱਬ ਨਾਲ ਪਿਆਰ ਕਰਦੇ ਹੋਏ ਅਸੀਂ ਆਪਣੀ ਸ਼ਕਤੀ ਕਿਵੇਂ ਵਰਤ ਸਕਦੇ ਹਾਂ?

ਯਹੋਵਾਹ ਨੂੰ ਆਪਣੀ ਸਾਰੀ ਸ਼ਕਤੀ ਨਾਲ ਪਿਆਰ ਕਰੋ

ਮਸੀਹੀ ਕਲੀਸਿਯਾਵਾਂ ਵਿਚ ਕਈ ਨੌਜਵਾਨ ਯਹੋਵਾਹ ਦੀ ਵਡਿਆਈ ਕਰਨ ਵਿਚ ਆਪਣਾ ਬਲ ਵਰਤਦੇ ਹਨ। (ਕਹਾਉਤਾਂ 20:29; ਉਪਦੇਸ਼ਕ ਦੀ ਪੋਥੀ 12:1) ਬਹੁਤ ਸਾਰੇ ਨੌਜਵਾਨ ਪਾਇਨੀਅਰੀ ਕਰ ਕੇ ਦਿਖਾਉਂਦੇ ਹਨ ਕਿ ਉਹ ਯਹੋਵਾਹ ਨੂੰ ਆਪਣੀ ਸਾਰੀ ਸ਼ਕਤੀ ਨਾਲ ਪਿਆਰ ਕਰਦੇ ਹਨ। ਕਈ ਮਾਵਾਂ ਪ੍ਰਚਾਰ ਦੇ ਕੰਮ ਵਿਚ ਹਿੱਸਾ ਲੈਂਦੀਆਂ ਹਨ ਜਦੋਂ ਉਨ੍ਹਾਂ ਦੇ ਬੱਚੇ ਸਕੂਲ ਗਏ ਹੋਏ ਹੁੰਦੇ ਹਨ। ਕਲੀਸਿਯਾ ਵਿਚ ਬਜ਼ੁਰਗ ਆਪਣੇ ਪਰਿਵਾਰਾਂ ਦੀ ਦੇਖ-ਰੇਖ ਕਰਨ ਤੋਂ ਇਲਾਵਾ, ਆਪਣੇ ਮਸੀਹੀ ਭੈਣਾਂ-ਭਰਾਵਾਂ ਦੀ ਹੌਸਲਾ-ਅਫ਼ਜ਼ਾਈ ਕਰ ਕੇ ਸਬੂਤ ਦਿੰਦੇ ਹਨ ਕਿ ਉਹ ਆਪਣੀ ਸਾਰੀ ਸ਼ਕਤੀ ਨਾਲ ਯਹੋਵਾਹ ਨਾਲ ਪਿਆਰ ਕਰਦੇ ਹਨ। (2 ਕੁਰਿੰਥੀਆਂ 12:15) ਯਹੋਵਾਹ ਉਸ ਉੱਤੇ ਭਰੋਸਾ ਰੱਖਣ ਵਾਲਿਆਂ ਨੂੰ ਬਲ ਦਿੰਦਾ ਹੈ ਤਾਂਕਿ ਉਹ ਆਪਣੀ ਸਾਰੀ ਸ਼ਕਤੀ ਨਾਲ ਉਸ ਦੀ ਵਡਿਆਈ ਕਰ ਕੇ ਦਿਖਾਉਣ ਕਿ ਉਹ ਉਸ ਨਾਲ ਪਿਆਰ ਕਰਦੇ ਹਨ।—ਯਸਾਯਾਹ 40:29; ਇਬਰਾਨੀਆਂ 6:11, 12.

ਜਿਵੇਂ ਸਹੀ ਦੇਖ-ਰੇਖ ਅਧੀਨ ਇਕ ਪੌਦਾ ਵਧਦਾ-ਫੁੱਲਦਾ ਹੈ ਉਸੇ ਤਰ੍ਹਾਂ ਪਿਆਰ ਵੀ ਵੱਧ-ਫੁੱਲ ਸਕਦਾ ਹੈ। ਇਸ ਲਈ ਸਾਨੂੰ ਯਹੋਵਾਹ ਦੀ ਕਰਨੀ ਉੱਤੇ ਮਨਨ ਕਰਦੇ ਰਹਿਣਾ ਚਾਹੀਦਾ ਹੈ। ਸਾਨੂੰ ਯਾਦ ਕਰਨ ਦੀ ਲੋੜ ਹੈ ਕਿ ਯਹੋਵਾਹ ਨੇ ਸਾਡੇ ਲਈ ਕੀ-ਕੀ ਕੀਤਾ ਹੈ ਅਤੇ ਸਾਨੂੰ ਉਸ ਦੀ ਭਗਤੀ ਕਿਉਂ ਕਰਨੀ ਚਾਹੀਦੀ ਹੈ। ਆਦਮ ਦੀ ਪਾਪੀ ਔਲਾਦ ਵਜੋਂ ਅਸੀਂ ਕਦੇ ਵੀ ਉਨ੍ਹਾਂ ਵਸਤਾਂ ਦੇ ਕਾਬਲ ਨਹੀਂ ਹੋ ਸਕਦੇ ਜੋ “ਪਰਮੇਸ਼ੁਰ ਨੇ ਆਪਣੇ ਪ੍ਰੇਮੀਆਂ ਲਈ ਤਿਆਰ ਕੀਤੀਆਂ” ਹਨ, ਪਰ ਅਸੀਂ ਸਬੂਤ ਦੇ ਸਕਦੇ ਹਾਂ ਕਿ ਅਸੀਂ ਆਪਣੇ ਤਨ-ਮਨ ਨਾਲ ਯਹੋਵਾਹ ਨੂੰ ਪਿਆਰ ਕਰਦੇ ਹਾਂ। ਆਓ ਆਪਾਂ ਇਸ ਤਰ੍ਹਾਂ ਕਰਦੇ ਰਹੀਏ!—1 ਕੁਰਿੰਥੀਆਂ 2:9.

[ਸਫ਼ੇ 20 ਉੱਤੇ ਤਸਵੀਰ]

ਅਸੀਂ ਆਪਣੇ ਮਾਂ ਦੇ ਜ਼ਰੀਏ ਦਿਖਾਉਂਦੇ ਹਾਂ ਕਿ ਅਸੀਂ ਰੱਬ ਨਾਲ ਪਿਆਰ ਕਰਦੇ ਹਾਂ