Skip to content

Skip to table of contents

ਪਾਠਕਾਂ ਵੱਲੋਂ ਸਵਾਲ

ਪਾਠਕਾਂ ਵੱਲੋਂ ਸਵਾਲ

ਪਾਠਕਾਂ ਵੱਲੋਂ ਸਵਾਲ

ਪ੍ਰਾਚੀਨ ਇਸਰਾਏਲ ਵਿਚ ਲੇਵੀਆਂ ਦੀ ਕੋਈ ਵਿਰਾਸਤ ਨਹੀਂ ਸੀ। ਇਸ ਲਈ ਹਨਮਏਲ ਨਾਂ ਦੇ ਲੇਵੀ ਨੂੰ ਉਹ ਖੇਤ ਕਿੱਥੋਂ ਮਿਲਿਆ ਸੀ ਜੋ ਉਸ ਨੇ ਯਿਰਮਿਯਾਹ 32:7 ਮੁਤਾਬਕ ਆਪਣੇ ਚਚੇਰੇ ਭਰਾ ਯਿਰਮਿਯਾਹ ਨੂੰ ਵੇਚਿਆ ਸੀ?

ਲੇਵੀਆਂ ਦੇ ਸੰਬੰਧ ਵਿਚ ਯਹੋਵਾਹ ਨੇ ਹਾਰੂਨ ਨੂੰ ਕਿਹਾ: “ਉਨ੍ਹਾਂ [ਇਸਰਾਏਲੀਆਂ] ਦੀ ਧਰਤੀ ਵਿੱਚ ਕੋਈ ਵਿਰਸਾ ਨਾ ਲਵੀਂ, ਨਾ ਉਨ੍ਹਾਂ ਵਿੱਚ ਤੇਰਾ ਕੋਈ ਹਿੱਸਾ ਹੋਵੇਗਾ।” (ਗਿਣਤੀ 18:20) ਫਿਰ ਵੀ, ਲੇਵੀਆਂ ਨੂੰ ਵਾਅਦੇ ਕੀਤੇ ਹੋਏ ਦੇਸ਼ ਵਿਚ ਪਸ਼ੂਆਂ ਨੂੰ ਚਾਰਨ ਦੀ ਜ਼ਮੀਨ ਸਮੇਤ 48 ਸ਼ਹਿਰ ਦਿੱਤੇ ਗਏ ਸਨ। ਯਿਰਮਿਯਾਹ ਦਾ ਜੱਦੀ ਸ਼ਹਿਰ ਅਨਾਥੋਥ ਸੀ, ਜੋ ਉਨ੍ਹਾਂ ਸ਼ਹਿਰਾਂ ਵਿੱਚੋਂ ਸੀ ਜੋ ‘ਹਾਰੂਨ ਦੀ ਅੰਸ ਦੇ ਜਾਜਕਾਂ’ ਨੂੰ ਦਿੱਤੇ ਗਏ ਸਨ।—ਯਹੋਸ਼ੁਆ 21:13-19; ਗਿਣਤੀ 35:1-8; 1 ਇਤਹਾਸ 6:54, 60.

ਲੇਵੀਆਂ 25:32-34 ਵਿਚ ਅਸੀਂ ਦੇਖਦੇ ਹਾਂ ਕਿ ਯਹੋਵਾਹ ਨੇ ਲੇਵੀਆਂ ਨੂੰ ਆਪਣੀ ਜਾਇਦਾਦ ਦੇ ‘ਮੁੱਲ ਦੇ ਕੇ ਛੁਡਾਉਣ ਦੇ ਹੱਕ’ ਦੇ ਸੰਬੰਧ ਵਿਚ ਖ਼ਾਸ ਹਿਦਾਇਤਾਂ ਦਿੱਤੀਆਂ ਸਨ। ਇਵੇਂ ਲੱਗਦਾ ਹੈ ਕਿ ਜ਼ਮੀਨ ਦੀ ਵਰਤੋਂ, ਵਿੱਕਰੀ, ਵਗੈਰਾ ਦੇ ਸੰਬੰਧ ਵਿਚ ਲੇਵੀ ਪਰਿਵਾਰਾਂ ਦੇ ਵਿਰਸੇ ਸੰਬੰਧੀ ਹੱਕ ਹੁੰਦੇ ਸਨ। ਇਨ੍ਹਾਂ ਹੱਕਾਂ ਵਿਚ ਜ਼ਮੀਨ ਦੀ ਵਿੱਕਰੀ ਅਤੇ ਉਸ ਨੂੰ ਦੁਬਾਰਾ ਖ਼ਰੀਦਣ ਦੇ ਹੱਕ ਵੀ ਸਨ। * ਬਾਕੀ ਇਸਰਾਏਲੀ ਗੋਤਾਂ ਦੀ ਤਰ੍ਹਾਂ ਲੇਵੀਆਂ ਕੋਲ ਵੀ ਆਮ ਕਰਕੇ ਆਪਣੀ ਜਾਇਦਾਦ ਹੁੰਦੀ ਸੀ।

ਇਹ ਸੰਭਵ ਹੈ ਕਿ ਲੇਵੀਆਂ ਦੀ ਅਜਿਹੀ ਜਾਇਦਾਦ ਵਿਰਸੇ ਵਿਚ ਅਗਾਹਾਂ ਦਿੱਤੀ ਜਾਂਦੀ ਸੀ ਤਾਂਕਿ ਉਹ ਪਰਿਵਾਰ ਵਿਚ ਰਹੇ। ਪਰ ‘ਮੁੱਲ ਦੇ ਕੇ ਛੁਡਾਉਣ ਦੇ ਹੱਕ’ ਦੇ ਸੰਬੰਧ ਵਿਚ ਲੇਵੀ ਸਿਰਫ਼ ਦੂਸਰਿਆਂ ਲੇਵੀਆਂ ਦੇ ਨਾਲ ਸੌਦਾ ਕਰ ਸਕਦੇ ਸਨ। ਇਹ ਵੀ ਲੱਗਦਾ ਹੈ ਕਿ ਜ਼ਮੀਨ ਨੂੰ ਵੇਚਣ ਅਤੇ ਦੁਬਾਰਾ ਖ਼ਰੀਦਣ ਦਾ ਸੌਦਾ ਸਿਰਫ਼ ਸ਼ਹਿਰਾਂ ਵਿਚਲੀਆਂ ਜ਼ਮੀਨਾਂ ਨਾਲ ਕੀਤਾ ਜਾ ਸਕਦਾ ਸੀ, ਕਿਉਂਕਿ “ਸ਼ਹਿਰਾਂ ਦੇ ਦੁਆਲੇ ਦੀ ਸ਼ਾਮਲਾਤ . . . ਉਹ ਉਨ੍ਹਾਂ ਦੀ ਸਦਾ ਦੀ ਪੱਤੀ” ਸੀ ਅਤੇ ਵੇਚੀ ਨਹੀਂ ਜਾਣੀ ਚਾਹੀਦੀ ਸੀ।—ਲੇਵੀਆਂ 25:32, 34.

ਤਾਂ ਫਿਰ ਹਨਮਏਲ ਦੀ ਅਜਿਹੀ ਜ਼ਮੀਨ ਸੀ ਜਿਸ ਨੂੰ ਯਿਰਮਿਯਾਹ ਮੁੱਲ ਦੇ ਕੇ ਛੁਡਾ ਸਕਦਾ ਸੀ। ਇਹ ਸ਼ਾਇਦ ਸ਼ਹਿਰ ਦੇ ਅੰਦਰ ਸੀ। ਇਸ “ਖੇਤ” ਦੇ ਸੰਬੰਧ ਵਿਚ ਯਹੋਵਾਹ ਨੇ ਖ਼ੁਦ ਦੱਸਿਆ ਕਿ ਇਹ ਹਨਮਏਲ ਦਾ ਸੀ ਅਤੇ ਕਿ ਯਿਰਮਿਯਾਹ ਦਾ ਇਸ ਉੱਪਰ ‘ਮੁੱਲ ਦੇ ਕੇ ਛੁਡਾਉਣ ਦਾ ਹੱਕ’ ਸੀ। (ਯਿਰਮਿਯਾਹ 32:6, 7) ਯਹੋਵਾਹ ਨੇ ਸੌਦੇ ਦੀ ਇਸ ਮਿਸਾਲ ਦੁਆਰਾ ਆਪਣਾ ਵਾਅਦਾ ਪੱਕਾ ਕੀਤਾ ਕਿ ਇਸਰਾਏਲੀ ਲੋਕ ਬਾਬਲ ਵਿਚ ਆਪਣੀ ਗ਼ੁਲਾਮੀ ਤੋਂ ਬਾਅਦ ਆਪਣਾ ਵਿਰਸਾ ਹਾਸਲ ਕਰਨ ਲਈ ਵਾਪਸ ਮੁੜਨਗੇ।—ਯਿਰਮਿਯਾਹ 32:13-15.

ਅਜਿਹਾ ਕੋਈ ਸੰਕੇਤ ਨਹੀਂ ਕਿ ਹਨਮਏਲ ਨੇ ਅਨਾਥੋਥ ਵਿਚ ਇਸ ਜ਼ਮੀਨ ਨੂੰ ਕਿਸੇ ਗ਼ਲਤ ਤਰੀਕੇ ਨਾਲ ਹਾਸਲ ਕੀਤਾ ਸੀ। ਇਸ ਦਾ ਵੀ ਕੋਈ ਸੰਕੇਤ ਨਹੀਂ ਮਿਲਦਾ ਕਿ ਉਸ ਨੇ ਯਿਰਮਿਯਾਹ ਨਾਲ ਸੌਦਾ ਕਰਨ ਵਿਚ ਯਹੋਵਾਹ ਦਾ ਕੋਈ ਕਾਨੂੰਨ ਤੋੜਿਆ ਸੀ ਜਾਂ ਕਿ ਯਿਰਮਿਯਾਹ ਨੇ ਖੇਤ ਨੂੰ ਦੁਬਾਰਾ ਖ਼ਰੀਦਣ ਵਿਚ ਕਿਸੇ ਗ਼ਲਤ ਤਰੀਕੇ ਨਾਲ ਆਪਣਾ ਹੱਕ ਜਤਾਇਆ ਸੀ।—ਯਿਰਮਿਯਾਹ 32:8-15.

[ਫੁਟਨੋਟ]

^ ਪੈਰਾ 4 ਪਹਿਲੀ ਸਦੀ ਵਿਚ ਬਰਨਬਾਸ ਲੇਵੀ ਨੇ ਆਪਣੀ ਜ਼ਮੀਨ ਵੇਚ ਕੇ ਯਰੂਸ਼ਲਮ ਵਿਚ ਲੋੜਵੰਦ ਮਸੀਹੀਆਂ ਨੂੰ ਪੈਸੇ ਦੇ ਦਿੱਤੇ। ਇਹ ਜ਼ਮੀਨ ਸ਼ਾਇਦ ਫਲਸਤੀਨ ਜਾਂ ਸਾਈਪ੍ਰਸ ਵਿਚ ਸੀ। ਇਹ ਵੀ ਹੋ ਸਕਦਾ ਹੈ ਬਰਨਬਾਸ ਨੇ ਇਹ ਜ਼ਮੀਨ ਦਫ਼ਨਾਉਣ ਦੀ ਜਗ੍ਹਾ ਵਜੋਂ ਯਰੂਸ਼ਲਮ ਵਿਚ ਲਈ ਹੋਈ ਸੀ।—ਰਸੂਲਾਂ ਦੇ ਕਰਤੱਬ 4:34-37.