Skip to content

Skip to table of contents

“ਮਾਤਬਰ ਅਤੇ ਬੁੱਧਵਾਨ ਨੌਕਰ” ਇਮਤਿਹਾਨ ਵਿਚ ਪਾਸ ਹੋਇਆ!

“ਮਾਤਬਰ ਅਤੇ ਬੁੱਧਵਾਨ ਨੌਕਰ” ਇਮਤਿਹਾਨ ਵਿਚ ਪਾਸ ਹੋਇਆ!

“ਮਾਤਬਰ ਅਤੇ ਬੁੱਧਵਾਨ ਨੌਕਰ” ਇਮਤਿਹਾਨ ਵਿਚ ਪਾਸ ਹੋਇਆ!

“ਸਮਾ ਆ ਪਹੁੰਚਾ ਭਈ ਪਰਮੇਸ਼ੁਰ ਦੇ ਘਰੋਂ ਨਿਆਉਂ ਸ਼ੁਰੂ ਹੋਵੇ।”​—1 ਪਤਰਸ 4:17.

1. “ਨੌਕਰ” ਤੋਂ ਲੇਖਾ ਲੈਣ ਦੇ ਵੇਲੇ ਯਿਸੂ ਨੇ ਕੀ ਦੇਖਿਆ?

ਪੰਤੇਕੁਸਤ 33 ਸਾ.ਯੁ. ਦੇ ਦਿਨ ਤੇ ਯਿਸੂ ਨੇ ਇਕ “ਨੌਕਰ” ਨੂੰ ਆਪਣੇ “ਨੌਕਰਾਂ ਚਾਕਰਾਂ” ਨੂੰ ਵੇਲੇ ਸਿਰ ਰੂਹਾਨੀ ਭੋਜਨ ਦੇਣ ਲਈ ਨਿਯੁਕਤ ਕੀਤਾ ਸੀ। ਸੰਨ 1914 ਵਿਚ ਯਿਸੂ ਰਾਜਾ ਬਣਿਆ ਅਤੇ “ਨੌਕਰ” ਤੋਂ ਲੇਖਾ ਲੈਣ ਦਾ ਵੇਲਾ ਆਇਆ। ਯਿਸੂ ਨੇ ਦੇਖਿਆ ਕਿ ਇਸ “ਨੌਕਰ” ਨੇ ਆਪਣੇ ਆਪ ਨੂੰ “ਮਾਤਬਰ ਅਤੇ ਬੁੱਧਵਾਨ” ਸਾਬਤ ਕੀਤਾ। ਇਸ ਲਈ ਯਿਸੂ ਨੇ ਉਸ ਨੌਕਰ ਨੂੰ ‘ਆਪਣੇ ਸਾਰੇ ਮਾਲ ਮਤੇ’ ਉੱਤੇ ਮੁਖ਼ਤਿਆਰ ਨਿਯੁਕਤ ਕਰ ਦਿੱਤਾ। (ਮੱਤੀ 24:45-47) ਪਰ, ਇਕ ਦੁਸ਼ਟ ਨੌਕਰ ਵੀ ਸੀ ਜੋ ਨਾ ਤਾਂ ਵਫ਼ਾਦਾਰ ਸੀ ਅਤੇ ਨਾ ਹੀ ਬੁੱਧਵਾਨ।

“ਉਹ ਦੁਸ਼ਟ ਨੌਕਰ”

2, 3. “ਦੁਸ਼ਟ ਨੌਕਰ” ਕਿੱਥੋਂ ਆਇਆ ਅਤੇ ਉਹ ਦੁਸ਼ਟ ਕਿਉਂ ਬਣਿਆ?

2 ਯਿਸੂ ਨੇ “ਮਾਤਬਰ ਅਤੇ ਬੁੱਧਵਾਨ ਨੌਕਰ” ਬਾਰੇ ਗੱਲ ਕਰਨ ਤੋਂ ਬਾਅਦ ਇਕ ਦੁਸ਼ਟ ਨੌਕਰ ਬਾਰੇ ਵੀ ਗੱਲ ਕੀਤੀ ਸੀ। ਉਸ ਨੇ ਕਿਹਾ: “ਪਰ ਜੇ ਉਹ ਦੁਸ਼ਟ ਨੌਕਰ ਆਪਣੇ ਮਨ ਵਿੱਚ ਆਖੇ ਜੋ ਮੇਰਾ ਮਾਲਕ ਚਿਰ ਲਾਉਂਦਾ ਹੈ। ਅਤੇ ਆਪਣੇ ਨਾਲ ਦੇ ਨੌਕਰਾਂ ਨੂੰ ਮਾਰਨ ਲੱਗੇ ਅਤੇ ਸ਼ਰਾਬੀਆਂ ਨਾਲ ਖਾਏ ਪੀਏ। ਤਾਂ ਜਿਸ ਦਿਨ ਉਹ ਉਡੀਕ ਨਹੀਂ ਕਰਦਾ ਅਤੇ ਜਿਸ ਘੜੀ ਉਹ ਨਹੀਂ ਜਾਣਦਾ ਉਸ ਨੌਕਰ ਦਾ ਮਾਲਕ ਆਵੇਗਾ। ਅਤੇ ਉਹ ਨੂੰ ਦੋ ਟੋਟੇ ਕਰ ਦੇਵੇਗਾ ਅਰ ਕਪਟੀਆਂ ਨਾਲ ਉਹ ਦਾ ਹਿੱਸਾ ਠਹਿਰਾਵੇਗਾ। ਉੱਥੇ ਰੋਣਾ ਅਤੇ ਕਚੀਚੀਆਂ ਵੱਟਣਾ ਹੋਵੇਗਾ।” (ਮੱਤੀ 24:48-51) ‘ਉਹ ਦੁਸ਼ਟ ਨੌਕਰ’ ਕਹਿ ਕੇ ਯਿਸੂ ਦਿਖਾ ਰਿਹਾ ਸੀ ਕਿ “ਦੁਸ਼ਟ ਨੌਕਰ” ਪਹਿਲਾਂ ਮਾਤਬਰ ਅਤੇ ਬੁੱਧਵਾਨ ਨੌਕਰ ਵਰਗ ਦਾ ਹਿੱਸਾ ਸੀ। * ਸੋ ਸਵਾਲ ਪੈਦਾ ਹੁੰਦਾ ਹੈ ਕਿ ਉਹ ਦੁਸ਼ਟ ਕਿਸ ਤਰ੍ਹਾਂ ਬਣਿਆ?

3 ਸੰਨ 1914 ਤੋਂ ਪਹਿਲਾਂ, ਵਫ਼ਾਦਾਰ ਨੌਕਰ ਵਰਗ ਦੇ ਕਈ ਮੈਂਬਰ ਆਕਾਸ਼ ਵਿਚ ਲਾੜੇ ਨੂੰ 1914 ਵਿਚ ਮਿਲਣ ਦੀ ਆਸ ਲਾਈ ਬੈਠੇ ਸਨ, ਪਰ ਉਨ੍ਹਾਂ ਦੀਆਂ ਆਸਾਂ ਤੇ ਪਾਣੀ ਫਿਰ ਗਿਆ। ਇਸ ਗੱਲ ਤੋਂ ਅਤੇ ਹੋਰ ਕਈ ਗੱਲਾਂ ਕਰਕੇ ਕਈ ਨਿਰਾਸ਼ ਹੋ ਗਏ ਤੇ ਕੁਝ ਕੌੜੇ ਸੁਭਾਅ ਦੇ ਹੋਏ ਗਏ। ਇਨ੍ਹਾਂ ਵਿੱਚੋਂ ਕਈ ਉਨ੍ਹਾਂ ਮਸੀਹੀਆਂ ਨੂੰ ਬੁਰਾ-ਭਲਾ ਕਹਿਣ ਯਾਨੀ “ਮਾਰਨ” ਕੁੱਟਣ ਲੱਗੇ ਜਿਨ੍ਹਾਂ ਨੂੰ ਉਹ ਪਹਿਲਾਂ ਆਪਣੇ ਭਰਾ ਸਮਝਦੇ ਸਨ। ਕਈ ਮਸੀਹੀ “ਸ਼ਰਾਬੀਆਂ” ਯਾਨੀ ਈਸਾਈ-ਜਗਤ ਦੇ ਮੈਂਬਰਾਂ ਨਾਲ ਮਿਲਣ-ਜੁਲਣ ਲੱਗ ਪਏ।​—ਯਸਾਯਾਹ 28:1-3; 32:6.

4. ਯਿਸੂ ਨੇ “ਦੁਸ਼ਟ ਨੌਕਰ” ਅਤੇ ਉਸ ਵਰਗਾ ਰਵੱਈਆ ਅਪਣਾਉਣ ਵਾਲਿਆਂ ਨਾਲ ਕੀ ਕੀਤਾ ਹੈ?

4 ਇਹ ਲੋਕ, ਜੋ ਪਹਿਲਾਂ ਮਸੀਹੀ ਸਨ, ਹੁਣ “ਦੁਸ਼ਟ ਨੌਕਰ” ਵਜੋਂ ਪਛਾਣੇ ਜਾਣ ਲੱਗੇ। ਇਸ ਕਰਕੇ ਯਿਸੂ ਨੇ ਉਨ੍ਹਾਂ ਦੇ ‘ਦੋ ਟੋਟੇ ਕੀਤੇ’ ਯਾਨੀ ਉਨ੍ਹਾਂ ਨੂੰ ਸਖ਼ਤ ਸਜ਼ਾ ਦਿੱਤੀ। ਕਿਸ ਤਰ੍ਹਾਂ? ਉਸ ਨੇ ਉਨ੍ਹਾਂ ਨੂੰ ਤਿਆਗ ਦਿੱਤਾ ਅਤੇ ਉਹ ਆਪਣੀ ਸਵਰਗੀ ਆਸ ਗੁਆ ਬੈਠੇ। ਪਰ ਉਨ੍ਹਾਂ ਦਾ ਉਸੇ ਵੇਲੇ ਨਾਸ਼ ਨਹੀਂ ਕੀਤਾ ਗਿਆ ਸੀ। ਨਾਸ਼ ਹੋਣ ਤੋਂ ਪਹਿਲਾਂ ਉਹ ਕਲੀਸਿਯਾ ਤੋਂ “ਬਾਹਰ ਦੇ ਅੰਧਘੋਰ” ਵਿਚ ਰੋਂਦੇ ਅਤੇ ਕਚੀਚੀਆਂ ਵੱਟਦੇ ਹਨ। (ਮੱਤੀ 8:12) ਜਿੱਦਾਂ-ਜਿੱਦਾਂ ਸਮਾਂ ਬੀਤਦਾ ਗਿਆ, ਕੁਝ ਹੋਰ ਮਸਹ ਕੀਤੇ ਹੋਇਆਂ ਨੇ ਵੀ ਉਨ੍ਹਾਂ ਵਾਂਗ ਗ਼ਲਤ ਰਵੱਈਆ ਅਪਣਾਇਆ ਅਤੇ ਆਪਣੀ ਪਛਾਣ “ਦੁਸ਼ਟ ਨੌਕਰ” ਨਾਲ ਕਰਵਾਈ। ‘ਹੋਰ ਭੇਡਾਂ’ ਦੇ ਕੁਝ ਮਸੀਹੀਆਂ ਨੇ ਵੀ ਉਨ੍ਹਾਂ ਵਾਂਗ ਬੇਵਫ਼ਾਈ ਕੀਤੀ ਹੈ। (ਯੂਹੰਨਾ 10:16) ਯਿਸੂ ਦੇ ਅਜਿਹੇ ਸਾਰੇ ਵਿਰੋਧੀ ਰੂਹਾਨੀ ਤੌਰ ਤੇ “ਬਾਹਰ ਦੇ ਅੰਧਘੋਰ” ਵਿਚ ਸੁੱਟ ਦਿੱਤੇ ਜਾਂਦੇ ਹਨ।

5. ਮਾਤਬਰ ਅਤੇ ਬੁੱਧਵਾਨ ਨੌਕਰ ਅਤੇ “ਦੁਸ਼ਟ ਨੌਕਰ” ਵਿਚ ਕੀ ਫ਼ਰਕ ਹਨ?

5 ਮਾਤਬਰ ਅਤੇ ਬੁੱਧਵਾਨ ਨੌਕਰ ਉੱਤੇ ਵੀ ਉਹੀ ਅਜ਼ਮਾਇਸ਼ਾਂ ਆਈਆਂ ਜੋ “ਦੁਸ਼ਟ ਨੌਕਰ” ਉੱਤੇ ਆਈਆਂ ਸਨ। ਪਰ ਮਾਤਬਰ ਨੌਕਰ ਨੇ ਨਿਰਾਸ਼ ਹੋਣ ਦੀ ਬਜਾਇ ਆਪਣੀ ਸੋਚਣੀ ਨੂੰ ਬਦਲਿਆ। (2 ਕੁਰਿੰਥੀਆਂ 13:11) ਪਰਮੇਸ਼ੁਰ ਲਈ ਅਤੇ ਆਪਣੇ ਭਰਾਵਾਂ ਲਈ ਉਨ੍ਹਾਂ ਦਾ ਪਿਆਰ ਠੰਢਾ ਪੈਣ ਦੀ ਬਜਾਇ ਉਹ ਹੋਰ ਵੀ ਮਜ਼ਬੂਤ ਹੋਇਆ। ਨਤੀਜੇ ਵਜੋਂ ਉਹ ਮੁਸ਼ਕਲਾਂ ਨਾਲ ਭਰੇ ਇਨ੍ਹਾਂ “ਅੰਤ ਦਿਆਂ ਦਿਨਾਂ” ਵਿਚ “ਸਚਿਆਈ ਦਾ ਥੰਮ੍ਹ ਅਤੇ ਨੀਂਹ” ਬਣੇ ਹਨ।​—2 ਤਿਮੋਥਿਉਸ 3:1; 1 ਤਿਮੋਥਿਉਸ 3:15.

ਸਮਝਦਾਰ ਅਤੇ ਮੂਰਖ ਕੁਆਰੀਆਂ

6. (ੳ) ਯਿਸੂ ਨੇ ਆਪਣੇ ਵਫ਼ਾਦਾਰ ਨੌਕਰ ਵਰਗ ਦੀ ਬੁੱਧ ਨੂੰ ਕਿਵੇਂ ਦਰਸਾਇਆ ਸੀ? (ਅ) ਸੰਨ 1914 ਤੋਂ ਪਹਿਲਾਂ ਕਈ ਮਸਹ ਕੀਤੇ ਹੋਏ ਕੀ ਪ੍ਰਚਾਰ ਕਰਦੇ ਸਨ?

6 “ਦੁਸ਼ਟ ਨੌਕਰ” ਬਾਰੇ ਗੱਲ ਕਰਨ ਤੋਂ ਬਾਅਦ ਯਿਸੂ ਨੇ ਦੋ ਦ੍ਰਿਸ਼ਟਾਂਤਾਂ ਰਾਹੀਂ ਦਿਖਾਇਆ ਕਿ ਕੁਝ ਮਸਹ ਕੀਤੇ ਹੋਏ ਮਸੀਹੀ ਵਫ਼ਾਦਾਰ ਅਤੇ ਬੁੱਧਵਾਨ ਕਿਉਂ ਸਾਬਤ ਹੋਏ ਜਦ ਕਿ ਦੂਸਰੇ ਮੂਰਖ ਅਤੇ ਬੇਵਫ਼ਾ ਸਾਬਤ ਹੋਏ। ਬੁੱਧ ਦੇ ਗੁਣ ਨੂੰ ਦਰਸਾਉਣ ਲਈ ਉਸ ਨੇ ਕਿਹਾ: “ਸੁਰਗ ਦਾ ਰਾਜ ਦਸਾਂ ਕੁਆਰੀਆਂ ਵਰਗਾ ਹੋਵੇਗਾ ਜਿਹੜੀਆਂ ਆਪਣੀਆਂ ਮਸਾਲਾਂ ਲੈਕੇ ਲਾੜੇ ਦੇ ਮਿਲਨ ਨੂੰ ਨਿੱਕਲੀਆਂ। ਅਰ ਉਨ੍ਹਾਂ ਵਿੱਚੋਂ ਪੰਜ ਤਾਂ ਮੂਰਖ ਅਤੇ ਪੰਜ ਚਤਰ ਸਨ। ਕਿਉਂਕਿ ਜਿਹੜੀਆਂ ਮੂਰਖਣੀਆਂ ਸਨ ਉਨ੍ਹਾਂ ਨੇ ਆਪਣੀਆਂ ਮਸਾਲਾਂ ਤਾਂ ਲੈ ਲਈਆਂ ਪਰ ਤੇਲ ਆਪਣੇ ਨਾਲ ਨਾ ਲਿਆ। ਪਰ ਚਤਰਾਂ ਨੇ ਆਪਣੇ ਭਾਂਡਿਆਂ ਵਿੱਚ ਤੇਲ ਆਪਣੀਆਂ ਮਸਾਲਾਂ ਨਾਲ ਲੈ ਲਿਆ।” (ਮੱਤੀ 25:1-4) ਦਸ ਕੁਆਰੀਆਂ 1914 ਤੋਂ ਪਹਿਲਾਂ ਦੇ ਮਸਹ ਕੀਤੇ ਹੋਇਆਂ ਨੂੰ ਦਰਸਾਉਂਦੀਆਂ ਹਨ। ਇਨ੍ਹਾਂ ਮਸੀਹੀਆਂ ਨੇ ਲਾੜੇ ਦੇ ਆਉਣ ਦੇ ਸਮੇਂ ਦਾ ਅੰਦਾਜ਼ਾ ਲਾਇਆ ਸੀ। ਇਸ ਲਈ, 1914 ਵਿਚ “ਪਰਾਈਆਂ ਕੌਮਾਂ ਦੇ ਸਮੇ” ਦੇ ਅੰਤ ਬਾਰੇ ਜੋਸ਼ ਨਾਲ ਪ੍ਰਚਾਰ ਕਰਦੇ ਹੋਏ ਉਹ ਲਾੜੇ ਨੂੰ ਮਿਲਣ ਲਈ ‘ਨਿਕਲੇ।’​—ਲੂਕਾ 21:24.

7. ਮਸਹ ਕੀਤੇ ਹੋਏ ਮਸੀਹੀ ਕਦੋਂ ਅਤੇ ਕਿਉਂ ‘ਸੌਂ ਗਏ’?

7 ਉਨ੍ਹਾਂ ਦਾ ਅੰਦਾਜ਼ਾ ਬਿਲਕੁਲ ਸਹੀ ਸੀ। ਪਰਾਈਆਂ ਕੌਮਾਂ ਦਾ ਸਮਾਂ 1914 ਵਿਚ ਖ਼ਤਮ ਹੋ ਗਿਆ ਸੀ ਅਤੇ ਪਰਮੇਸ਼ੁਰ ਦਾ ਰਾਜ ਸ਼ੁਰੂ ਹੋਇਆ ਜਿਸ ਦਾ ਰਾਜਾ ਯਿਸੂ ਸੀ। ਪਰ ਇਹ ਸਭ ਕੁਝ ਸਵਰਗ ਵਿਚ ਹੋਇਆ ਸੀ। ਭਵਿੱਖਬਾਣੀ ਅਨੁਸਾਰ ਇਸ ਸਮੇਂ ਧਰਤੀ ਉੱਤੇ ਮਨੁੱਖਜਾਤੀ “ਹਾਇ! ਹਾਇ!” ਕਰਨ ਲੱਗੀ। ਅਜ਼ਮਾਇਸ਼ਾਂ ਦਾ ਸਮਾਂ ਆ ਪਹੁੰਚਿਆ ਸੀ। (ਪਰਕਾਸ਼ ਦੀ ਪੋਥੀ 12:10, 12) ਸਾਰੀਆਂ ਗੱਲਾਂ ਦੀ ਪੂਰੀ ਸਮਝ ਨਾ ਹੋਣ ਕਰਕੇ ਮਸਹ ਕੀਤੇ ਹੋਇਆਂ ਨੇ ਸੋਚਿਆ ਕਿ ‘ਲਾੜਾ ਚਿਰ ਲਾ ਰਿਹਾ’ ਸੀ। ਇਸ ਸੋਚਣੀ ਅਤੇ ਦੁਨੀਆਂ ਦੇ ਵਿਰੋਧ ਕਰਕੇ ਉਹ ਪ੍ਰਚਾਰ ਦੇ ਕੰਮ ਵਿਚ ਢਿੱਲੇ ਪੈ ਗਏ ਅਤੇ ਇਹ ਕੰਮ ਤਕਰੀਬਨ ਰੁਕ ਹੀ ਗਿਆ। ਦ੍ਰਿਸ਼ਟਾਂਤ ਵਿਚ ਉਨ੍ਹਾਂ ਕੁਆਰੀਆਂ ਵਾਂਗ ਇਹ ‘ਊਂਘ ਪਏ ਅਤੇ ਸੌਂ ਗਏ,’ ਜਿਵੇਂ ਰਸੂਲਾਂ ਦੇ ਮਰਨ ਤੋਂ ਬਾਅਦ ਬੇਵਫ਼ਾ ਮਸੀਹੀ ਵੀ ਸੌਂ ਗਏ ਸਨ।​—ਮੱਤੀ 25:5; ਪਰਕਾਸ਼ ਦੀ ਪੋਥੀ 11:7, 8; 12:17.

8. ਇਹ ਆਵਾਜ਼ ਕਿਉਂ ਦੇਣੀ ਪਈ ਕਿ “ਲਾੜਾ ਆਇਆ” ਅਤੇ ਮਸਹ ਕੀਤੇ ਹੋਏ ਮਸੀਹੀਆਂ ਲਈ ਇਹ ਕੀ ਕਰਨ ਦਾ ਵਕਤ ਸੀ?

8 ਫਿਰ 1919 ਵਿਚ ਅਚਾਨਕ ਹੀ ਕੁਝ ਹੋਇਆ। ਅਸੀਂ ਪੜ੍ਹਦੇ ਹਾਂ: “ਅੱਧੀ ਰਾਤ ਨੂੰ ਧੁੰਮ ਪਈ, ਔਹ ਲਾੜਾ ਆਇਆ, ਉਹ ਦੇ ਮਿਲਨ ਨੂੰ ਨਿੱਕਲੋ! ਤਦ ਉਨ੍ਹਾਂ ਸਭਨਾਂ ਕੁਆਰੀਆਂ ਨੇ ਉੱਠ ਕੇ ਆਪਣੀਆਂ ਮਸਾਲਾਂ ਤਿਆਰ ਕੀਤੀਆਂ।” (ਮੱਤੀ 25:6, 7) ਜਦ ਹਨੇਰਾ ਛਾਇਆ ਹੋਇਆ ਸੀ ਅਤੇ ਉਮੀਦ ਦੀ ਕੋਈ ਕਿਰਨ ਨਹੀਂ ਨਜ਼ਰ ਆ ਰਹੀ ਸੀ, ਉਸੇ ਵੇਲੇ ਤਿਆਰ ਹੋਣ ਲਈ ਕਿਹਾ ਗਿਆ! ਸੰਨ 1918 ਵਿਚ “ਨੇਮ ਦਾ ਦੂਤ” ਯਾਨੀ ਯਿਸੂ ਪਰਮੇਸ਼ੁਰ ਦੀ ਕਲੀਸਿਯਾ ਨੂੰ ਸਾਫ਼ ਕਰਨ ਲਈ ਯਹੋਵਾਹ ਦੀ ਰੂਹਾਨੀ ਹੈਕਲ ਵਿਚ ਆਇਆ। (ਮਲਾਕੀ 3:1) ਇਹ ਮਸਹ ਕੀਤੇ ਹੋਏ ਮਸੀਹੀਆਂ ਲਈ ਧਰਤੀ ਉੱਤੇ ਹੈਕਲ ਦੇ ਵਿਹੜੇ ਵਿਚ ਲਾੜੇ ਨੂੰ ਮਿਲਣ ਦਾ ਵਕਤ ਸੀ। ਹੁਣ ਉਨ੍ਹਾਂ ਲਈ ਉੱਠਣ ਤੇ ‘ਚਮਕਣ’ ਦਾ ਵਕਤ ਸੀ।​—ਯਸਾਯਾਹ 60:1; ਫ਼ਿਲਿੱਪੀਆਂ 2:14, 15.

9, 10. ਸੰਨ 1919 ਵਿਚ ਕੁਝ ਮਸੀਹੀ ਸਮਝਦਾਰ ਅਤੇ ਕੁਝ ਮੂਰਖ ਕਿਸ ਤਰ੍ਹਾਂ ਸਾਬਤ ਹੋਏ?

9 ਪਰ ਠਹਿਰੋ! ਦ੍ਰਿਸ਼ਟਾਂਤ ਵਿਚ ਕੁਝ ਕੁਆਰੀਆਂ ਲਈ ਇਕ ਮੁਸੀਬਤ ਖੜ੍ਹੀ ਹੋਈ। ਯਿਸੂ ਅੱਗੇ ਦੱਸਦਾ ਹੈ: “ਮੂਰਖਾਂ ਨੇ ਚਤਰਾਂ ਨੂੰ ਕਿਹਾ ਕਿ ਆਪਣੇ ਤੇਲ ਵਿੱਚੋਂ ਕੁਝ ਸਾਨੂੰ ਦਿਓ ਕਿਉਂ ਜੋ ਸਾਡੀਆਂ ਮਸਾਲਾਂ ਬੁਝਦੀਆਂ ਜਾਂਦੀਆਂ ਹਨ।” (ਮੱਤੀ 25:8) ਜਿਸ ਤਰ੍ਹਾਂ ਤੇਲ ਤੋਂ ਬਿਨਾਂ ਮਸਾਲਾਂ ਬਲ ਨਹੀਂ ਸਕਦੀਆਂ, ਇਸੇ ਤਰ੍ਹਾਂ ਪਰਮੇਸ਼ੁਰ ਦੇ ਸੱਚੇ ਭਗਤ ਉਸ ਦੇ ਬਚਨ ਅਤੇ ਉਸ ਦੀ ਪਵਿੱਤਰ ਆਤਮਾ ਤੋਂ ਬਿਨਾਂ ਆਪਣੀ ਰੌਸ਼ਨੀ ਨਹੀਂ ਚਮਕਾ ਸਕਦੇ। (ਜ਼ਬੂਰਾਂ ਦੀ ਪੋਥੀ 119:130; ਦਾਨੀਏਲ 5:14) ਭਾਵੇਂ 1919 ਤੋਂ ਪਹਿਲਾਂ ਮਸਹ ਕੀਤੇ ਹੋਏ ਬੁੱਧਵਾਨ ਮਸੀਹੀ ਊਂਘ ਰਹੇ ਸਨ, ਫਿਰ ਵੀ ਉਹ ਪਰਮੇਸ਼ੁਰ ਦੀ ਮਰਜ਼ੀ ਜਾਣਨੀ ਚਾਹੁੰਦੇ ਸਨ। ਇਸ ਲਈ, ਜਦ ਚਮਕਣ ਲਈ ਕਿਹਾ ਗਿਆ, ਤਾਂ ਉਹ ਤਿਆਰ ਸਨ।​—2 ਤਿਮੋਥਿਉਸ 4:2; ਇਬਰਾਨੀਆਂ 10:24, 25.

10 ਕੁਝ ਮਸਹ ਕੀਤੇ ਹੋਏ ਮਸੀਹੀ ਲਾੜੇ ਨੂੰ ਮਿਲਣਾ ਚਾਹੁੰਦੇ ਤਾਂ ਸਨ, ਪਰ ਉਹ ਇਸ ਵਾਸਤੇ ਕੋਈ ਜਤਨ ਜਾਂ ਕੁਰਬਾਨੀ ਕਰਨ ਲਈ ਤਿਆਰ ਨਹੀਂ ਸਨ। ਇਸ ਲਈ ਜਦ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਦਾ ਸਮਾਂ ਆਇਆ, ਤਾਂ ਉਹ ਤਿਆਰ ਨਹੀਂ ਸਨ। (ਮੱਤੀ 24:14) ਉਹ ਤਾਂ ਆਪਣੇ ਜੋਸ਼ੀਲੇ ਸਾਥੀਆਂ ਤੋਂ ਤੇਲ ਮੰਗ ਕੇ ਉਨ੍ਹਾਂ ਨੂੰ ਵੀ ਪਰਮੇਸ਼ੁਰ ਦੀ ਸੇਵਾ ਵਿਚ ਢਿੱਲੇ ਪਾਉਣਾ ਚਾਹੁੰਦੇ ਸਨ। ਯਿਸੂ ਦੇ ਦ੍ਰਿਸ਼ਟਾਂਤ ਵਿਚ ਜਦ ਸਮਝਦਾਰ ਕੁਆਰੀਆਂ ਤੋਂ ਤੇਲ ਮੰਗਿਆ ਗਿਆ ਸੀ, ਤਾਂ ਉਨ੍ਹਾਂ ਨੇ ਕੀ ਜਵਾਬ ਦਿੱਤਾ? ਉਨ੍ਹਾਂ ਨੇ ਕਿਹਾ: “ਨਾ, ਕਿਤੇ ਸਾਡੇ ਅਤੇ ਤੁਹਾਡੇ ਲਈ ਥੁੜ ਨਾ ਜਾਏ ਪਰ ਤੁਸੀਂ ਵੇਚਣ ਵਾਲਿਆਂ ਦੇ ਕੋਲ ਜਾਕੇ ਆਪਣੇ ਲਈ ਮੁੱਲ ਲਓ।” (ਮੱਤੀ 25:9) ਇਸੇ ਤਰ੍ਹਾਂ, 1919 ਵਿਚ ਵਫ਼ਾਦਾਰ ਮਸਹ ਕੀਤੇ ਹੋਇਆਂ ਨੇ ਅਜਿਹਾ ਕੁਝ ਵੀ ਕਰਨ ਤੋਂ ਇਨਕਾਰ ਕੀਤਾ ਜੋ ਉਨ੍ਹਾਂ ਲਈ ਰੌਸ਼ਨੀ ਚਮਕਾਉਣ ਵਿਚ ਰੁਕਾਵਟ ਬਣ ਸਕੇ। ਇਸ ਤਰ੍ਹਾਂ ਉਹ ਇਮਤਿਹਾਨ ਵਿਚ ਪਾਸ ਹੋਏ।

11. ਮੂਰਖ ਕੁਆਰੀਆਂ ਦਾ ਕੀ ਬਣਿਆ?

11 ਯਿਸੂ ਆਪਣੀ ਗੱਲ ਸਮਾਪਤ ਕਰਦਾ ਹੈ: “ਜਦ [ਮੂਰਖ ਕੁਆਰੀਆਂ ਤੇਲ] ਮੁੱਲ ਲੈਣ ਗਈਆਂ ਲਾੜਾ ਆ ਪਹੁੰਚਿਆ ਅਤੇ ਜਿਹੜੀਆਂ ਤਿਆਰ ਸਨ ਉਹ ਦੇ ਨਾਲ ਵਿਆਹ ਵਿੱਚ ਜਾ ਵੜੀਆਂ ਅਤੇ ਬੂਹਾ ਮਾਰਿਆ ਗਿਆ। ਅਰ ਪਿੱਛੋਂ ਦੂਜੀਆਂ ਕੁਆਰੀਆਂ ਵੀ ਆਈਆਂ ਅਤੇ ਬੋਲੀਆਂ, ਹੇ ਮਹਾਰਾਜ, ਹੇ ਮਹਾਰਾਜ! ਸਾਡੇ ਲਈ ਖੋਲ੍ਹ ਦਿਓ! ਪਰ ਉਹ ਨੇ ਉੱਤਰ ਦਿੱਤਾ, ਮੈਂ ਤੁਹਾਨੂੰ ਸਤ ਆਖਦਾ ਹਾਂ ਜੋ ਮੈਂ ਤੁਹਾਨੂੰ ਨਹੀਂ ਪਛਾਣਦਾ।” (ਮੱਤੀ 25:10-12) ਜੀ ਹਾਂ, ਕੁਝ ਮਸੀਹੀ ਲਾੜੇ ਦੇ ਆਉਣ ਵੇਲੇ ਤਿਆਰ ਨਹੀਂ ਸਨ। ਇਸ ਤਰ੍ਹਾਂ ਉਹ ਇਮਤਿਹਾਨ ਵਿਚ ਫੇਲ੍ਹ ਹੋ ਗਏ ਅਤੇ ਸਵਰਗੀ ਵਿਆਹ ਵਿਚ ਜਾਣ ਦਾ ਸਨਮਾਨ ਗੁਆ ਬੈਠੇ। ਇਹ ਉਨ੍ਹਾਂ ਲਈ ਕਿੰਨੀ ਮਾੜੀ ਗੱਲ ਸੀ!

ਤੋੜਿਆਂ ਦਾ ਦ੍ਰਿਸ਼ਟਾਂਤ

12. (ੳ) ਯਿਸੂ ਨੇ ਵਫ਼ਾਦਾਰੀ ਦਾ ਗੁਣ ਕਿਸ ਤਰ੍ਹਾਂ ਦਰਸਾਇਆ? (ਅ) ਉਹ ਮਨੁੱਖ ਕੌਣ ਸੀ ਜੋ “ਪਰਦੇਸ” ਗਿਆ?

12 ਬੁੱਧੀਮਤਾ ਬਾਰੇ ਉਦਾਹਰਣ ਦੇਣ ਤੋਂ ਬਾਅਦ ਯਿਸੂ ਨੇ ਅੱਗੇ ਵਫ਼ਾਦਾਰੀ ਬਾਰੇ ਗੱਲ ਕੀਤੀ। ਇਸ ਗੱਲ ਨੂੰ ਦਰਸਾਉਣ ਲਈ ਉਸ ਨੇ ਕਿਹਾ: “ਇਹ ਗੱਲ ਤਾਂ ਉਸ ਮਨੁੱਖ ਵਰਗੀ ਹੈ ਜਿਹ ਨੇ ਪਰਦੇਸ ਨੂੰ ਜਾਣ ਲੱਗਿਆਂ ਆਪਣੇ ਚਾਕਰਾਂ ਨੂੰ ਸੱਦ ਕੇ ਆਪਣਾ ਮਾਲ ਉਨ੍ਹਾਂ ਨੂੰ ਸੌਂਪਿਆ। ਅਤੇ ਇੱਕ ਨੂੰ ਪੰਜ ਤੋੜੇ, ਦੂਏ ਨੂੰ ਦੋ ਅਤੇ ਤੀਏ ਨੂੰ ਇੱਕ, ਹਰੇਕ ਨੂੰ ਉਹ ਦੇ ਗੁਣ ਦੇ ਅਨੁਸਾਰ ਦਿੱਤਾ ਤਾਂ ਪਰਦੇਸ ਨੂੰ ਚੱਲਿਆ ਗਿਆ।” (ਮੱਤੀ 25:14, 15) ਦ੍ਰਿਸ਼ਟਾਂਤ ਵਿਚ ਜ਼ਿਕਰ ਕੀਤਾ ਗਿਆ ਮਨੁੱਖ ਖ਼ੁਦ ਯਿਸੂ ਸੀ ਜੋ ਉਦੋਂ “ਪਰਦੇਸ” ਗਿਆ ਸੀ ਜਦੋਂ ਉਹ 33 ਸਾ.ਯੁ. ਵਿਚ ਸਵਰਗ ਗਿਆ ਸੀ। ਪਰ ਸਵਰਗ ਜਾਣ ਤੋਂ ਪਹਿਲਾਂ ਉਸ ਨੇ ਆਪਣਾ ਸਾਰਾ “ਮਾਲ ਮਤਾ” ਆਪਣੇ ਵਫ਼ਾਦਾਰ ਚੇਲਿਆਂ ਨੂੰ ਸੌਂਪ ਦਿੱਤਾ ਸੀ। ਕਿਵੇਂ?

13. ਯਿਸੂ ਨੇ ਇਕ ਵੱਡੇ ਕੰਮ ਦੀ ਨੀਂਹ ਕਿਵੇਂ ਧਰੀ ਅਤੇ ਆਪਣੇ “ਚਾਕਰਾਂ” ਨੂੰ ਵਪਾਰ ਕਰਨ ਦੀ ਜ਼ਿੰਮੇਵਾਰੀ ਕਿਵੇਂ ਸੌਂਪੀ?

13 ਧਰਤੀ ਤੇ ਆਪਣੀ ਸੇਵਕਾਈ ਦੌਰਾਨ ਯਿਸੂ ਨੇ ਇਸਰਾਏਲ ਵਿਚ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕੀਤਾ। ਇਸ ਤਰ੍ਹਾਂ ਕਰ ਕੇ ਉਸ ਨੇ ਭਵਿੱਖ ਵਿਚ ਇਕ ਵੱਡੇ ਕੰਮ ਦੀ ਨੀਂਹ ਧਰੀ। (ਮੱਤੀ 9:35-38) “ਪਰਦੇਸ” ਜਾਣ ਤੋਂ ਪਹਿਲਾਂ ਉਸ ਨੇ ਇਹ ਕੰਮ ਆਪਣੇ ਚੇਲਿਆਂ ਨੂੰ ਇਹ ਕਹਿੰਦੇ ਹੋਏ ਸੌਂਪਿਆ: “ਤੁਸੀਂ ਜਾ ਕੇ ਸਾਰੀਆਂ ਕੌਮਾਂ ਨੂੰ ਚੇਲੇ ਬਣਾਓ ਅਤੇ ਉਨ੍ਹਾਂ ਨੂੰ ਪਿਤਾ ਅਤੇ ਪੁੱਤ੍ਰ ਅਤੇ ਪਵਿੱਤ੍ਰ ਆਤਮਾ ਦੇ ਨਾਮ ਵਿਚ ਬਪਤਿਸਮਾ ਦਿਓ। ਅਰ ਉਨ੍ਹਾਂ ਨੂੰ ਸਿਖਾਓ ਭਈ ਉਨ੍ਹਾਂ ਸਾਰੀਆਂ ਗੱਲਾਂ ਦੀ ਪਾਲਨਾ ਕਰਨ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੱਤਾ ਹੈ।” (ਮੱਤੀ 28:18-20) ਇਨ੍ਹਾਂ ਸ਼ਬਦਾਂ ਨਾਲ ਯਿਸੂ ਨੇ ਆਪਣੇ ਮੁੜਨ ਤਕ ਆਪਣੇ “ਚਾਕਰਾਂ” ਨੂੰ ਉਨ੍ਹਾਂ ਦੇ “ਗੁਣ ਦੇ ਅਨੁਸਾਰ” ਵਪਾਰ ਕਰਨ ਦੀ ਜ਼ਿੰਮੇਵਾਰੀ ਸੌਂਪੀ।

14. ਪਹਿਲੀ ਸਦੀ ਵਿਚ ਸਾਰਿਆਂ ਤੋਂ ਇੱਕੋ ਜਿਹੀ ਸੇਵਾ ਕਰਨ ਦੀ ਆਸ ਕਿਉਂ ਨਹੀਂ ਰੱਖੀ ਗਈ ਸੀ?

14 ਯਿਸੂ ਦੀ ਗੱਲ ਤੋਂ ਪਤਾ ਲੱਗਦਾ ਹੈ ਕਿ ਪਹਿਲੀ ਸਦੀ ਦੇ ਹਰ ਮਸੀਹੀ ਕੋਲ ਪਰਮੇਸ਼ੁਰ ਦੀ ਸੇਵਾ ਵਿਚ ਨਾ ਤਾਂ ਇੱਕੋ ਜਿਹੇ ਮੌਕੇ ਸਨ ਅਤੇ ਨਾ ਹੀ ਉਨ੍ਹਾਂ ਦੇ ਇੱਕੋ ਜਿਹੇ ਹਾਲਾਤ ਸਨ। ਪੌਲੁਸ ਅਤੇ ਤਿਮੋਥਿਉਸ ਵਾਂਗ ਕਈ ਮਸੀਹੀ ਪ੍ਰਚਾਰ ਕਰਨ ਤੇ ਲੋਕਾਂ ਨੂੰ ਸਿੱਖਿਆ ਦੇਣ ਵਿਚ ਆਪਣਾ ਪੂਰਾ ਵਕਤ ਲਾ ਸਕਦੇ ਸਨ। ਦੂਸਰੇ ਆਪਣੇ ਹਾਲਾਤਾਂ ਕਾਰਨ ਸ਼ਾਇਦ ਇਸ ਕੰਮ ਵਿਚ ਪੂਰਾ ਹਿੱਸਾ ਨਹੀਂ ਲੈ ਸਕਦੇ ਸਨ। ਮਿਸਾਲ ਵਜੋਂ, ਕੁਝ ਮਸੀਹੀ ਗ਼ੁਲਾਮ ਸਨ, ਦੂਸਰੇ ਸ਼ਾਇਦ ਬੀਮਾਰ ਜਾਂ ਬੁੱਢੇ ਸਨ ਜਾਂ ਸ਼ਾਇਦ ਉਨ੍ਹਾਂ ਕੋਲ ਪਰਿਵਾਰਕ ਜ਼ਿੰਮੇਵਾਰੀਆਂ ਸੀ। ਇਹ ਗੱਲ ਵੀ ਸੱਚ ਹੈ ਕਿ ਕਲੀਸਿਯਾ ਵਿਚ ਕਈ ਇਹੋ ਜਿਹੇ ਕੰਮ ਹਨ ਜੋ ਹਰੇਕ ਜਣਾ ਨਹੀਂ ਕਰ ਸਕਦਾ ਸੀ। ਮਸਹ ਕੀਤੀਆਂ ਹੋਈਆਂ ਭੈਣਾਂ ਅਤੇ ਕੁਝ ਮਸਹ ਕੀਤੇ ਹੋਏ ਭਰਾ ਕਲੀਸਿਯਾ ਵਿਚ ਨਹੀਂ ਸਿਖਾਉਂਦੇ ਸਨ। (1 ਕੁਰਿੰਥੀਆਂ 14:34; 1 ਤਿਮੋਥਿਉਸ 3:1; ਯਾਕੂਬ 3:1) ਪਰ ਉਨ੍ਹਾਂ ਦੇ ਹਾਲਾਤ ਭਾਵੇਂ ਜੋ ਵੀ ਸਨ, ਪਰ ਮਸੀਹ ਦੇ ਮਸਹ ਕੀਤੇ ਸਾਰੇ ਚੇਲਿਆਂ, ਔਰਤਾਂ ਤੇ ਮਰਦਾਂ ਦੋਵਾਂ ਨੂੰ ਵਪਾਰ ਕਰਨ ਯਾਨੀ ਪ੍ਰਚਾਰ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ। ਅੱਜ ਵੀ ਮਸਹ ਕੀਤੇ ਹੋਏ ਮਸੀਹੀ ਇਸ ਤਰ੍ਹਾਂ ਕਰਦੇ ਹਨ।

ਲੇਖਾ ਲੈਣ ਦਾ ਵੇਲਾ!

15, 16. (ੳ) ਲੇਖਾ ਕਦੋਂ ਲਿਆ ਗਿਆ ਸੀ? (ਅ) ਵਫ਼ਾਦਾਰ ਮਸੀਹੀਆਂ ਨੂੰ ਕੰਮ ਕਰਨ ਦੇ ਕਿਹੜੇ ਨਵੇਂ ਮੌਕੇ ਦਿੱਤੇ ਗਏ ਸਨ?

15 ਦ੍ਰਿਸ਼ਟਾਂਤ ਵਿਚ ਸਾਨੂੰ ਅੱਗੇ ਦੱਸਿਆ ਜਾਂਦਾ ਹੈ: “ਬਹੁਤ ਚਿਰ ਪਿੱਛੋਂ ਉਨ੍ਹਾਂ ਚਾਕਰਾਂ ਦਾ ਮਾਲਕ ਆਇਆ ਅਤੇ ਉਨ੍ਹਾਂ ਤੋਂ ਲੇਖਾ ਲੈਣ ਲੱਗਾ।” (ਮੱਤੀ 25:19) ਸੰਨ 33 ਸਾ.ਯੁ. ਤੋਂ ਬਹੁਤ ਦੇਰ ਬਾਅਦ 1914 ਵਿਚ ਯਿਸੂ ਰਾਜਾ ਬਣਿਆ। ਸੰਨ 1918 ਵਿਚ ਉਹ ਪਰਮੇਸ਼ੁਰ ਦੀ ਰੂਹਾਨੀ ਹੈਕਲ ਵਿਚ ਆਇਆ ਤੇ ਪਤਰਸ ਦੇ ਇਹ ਸ਼ਬਦ ਪੂਰੇ ਹੋਏ: “ਸਮਾ ਆ ਪਹੁੰਚਾ ਭਈ ਪਰਮੇਸ਼ੁਰ ਦੇ ਘਰੋਂ ਨਿਆਉਂ ਸ਼ੁਰੂ ਹੋਵੇ।” (1 ਪਤਰਸ 4:17; ਮਲਾਕੀ 3:1) ਲੇਖਾ ਲੈਣ ਦਾ ਸਮਾਂ ਆ ਪਹੁੰਚਿਆ ਸੀ।

16 ਚਾਕਰਾਂ ਯਾਨੀ ਯਿਸੂ ਦੇ ਮਸਹ ਕੀਤੇ ਹੋਏ ਭਰਾਵਾਂ ਨੇ ਰਾਜੇ ਦੇ “ਤੋੜਿਆਂ” ਨਾਲ ਕੀ ਕੀਤਾ ਸੀ? ਸੰਨ 33 ਸਾ.ਯੁ. ਤੋਂ ਲੈ ਕੇ 1914 ਤਕ ਬਹੁਤ ਸਾਰੇ ਮਸਹ ਕੀਤੇ ਹੋਏ ਮਸੀਹੀ ਯਿਸੂ ਵੱਲੋਂ ਸੌਂਪੇ ਗਏ ਵਪਾਰ ਨੂੰ ਮਿਹਨਤ ਨਾਲ ਚਲਾ ਰਹੇ ਸਨ। (ਮੱਤੀ 25:16) ਪਹਿਲੇ ਵਿਸ਼ਵ ਯੁੱਧ ਦੌਰਾਨ ਵੀ ਕਈਆਂ ਨੇ ਮਾਲਕ ਦੀ ਤਨ-ਮਨ ਨਾਲ ਸੇਵਾ ਕੀਤੀ। ਇਸ ਲਈ ਹੁਣ ਵਫ਼ਾਦਾਰ ਮਸੀਹੀਆਂ ਨੂੰ ਕੰਮ ਕਰਨ ਦੇ ਨਵੇਂ ਮੌਕੇ ਦਿੱਤੇ ਜਾਣੇ ਸਨ। ਇਸ ਦੁਨੀਆਂ ਦੇ ਆਖ਼ਰੀ ਦਿਨ ਆ ਪਹੁੰਚੇ ਸਨ। ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਸਾਰੀ ਦੁਨੀਆਂ ਵਿਚ ਅਜੇ ਕੀਤਾ ਜਾਣਾ ਸੀ। “ਧਰਤੀ ਦੀ ਫ਼ਸਲ” ਵੱਢਣ ਦਾ ਸਮਾਂ ਆ ਗਿਆ ਸੀ। (ਪਰਕਾਸ਼ ਦੀ ਪੋਥੀ 14:6, 7, 14-16) ਮਸਹ ਕੀਤੇ ਹੋਇਆਂ ਦੇ ਆਖ਼ਰੀ ਮੈਂਬਰ ਇਕੱਠੇ ਕਰਨ ਦੇ ਨਾਲ-ਨਾਲ ਇਕ “ਵੱਡੀ ਭੀੜ” ਇਕੱਠੀ ਕਰਨੀ ਵੀ ਅਜੇ ਬਾਕੀ ਰਹਿੰਦੀ ਸੀ।​—ਪਰਕਾਸ਼ ਦੀ ਪੋਥੀ 7:9; ਮੱਤੀ 13:24-30.

17. ਵਫ਼ਾਦਾਰ ਮਸਹ ਕੀਤੇ ਹੋਏ ਮਸੀਹੀ ਆਪਣੇ ‘ਮਾਲਕ ਦੀ ਖ਼ੁਸ਼ੀ ਵਿਚ’ ਕਿਸ ਤਰ੍ਹਾਂ ਦਾਖ਼ਲ ਹੋਏ?

17 ਵਾਢੀ ਦਾ ਸਮਾਂ ਇਕ ਖ਼ੁਸ਼ੀ ਭਰਿਆਂ ਸਮਾਂ ਹੁੰਦਾ ਹੈ। (ਜ਼ਬੂਰਾਂ ਦੀ ਪੋਥੀ 126:6) ਜਦ ਯਿਸੂ ਨੇ 1919 ਵਿਚ ਆਪਣੇ ਵਫ਼ਾਦਾਰ ਮਸਹ ਕੀਤੇ ਹੋਏ ਭਰਾਵਾਂ ਨੂੰ ਨਵੀਆਂ ਜ਼ਿੰਮੇਵਾਰੀਆਂ ਦਿੱਤੀਆਂ ਸਨ, ਤਾਂ ਉਸ ਲਈ ਇਹ ਗੱਲ ਕਹਿਣੀ ਢੁਕਵੀਂ ਸੀ: ‘ਤੁਸੀਂ ਤਾਂ ਥੋੜੇ ਜਿਹੇ ਵਿਚ ਮਾਤਬਰ ਨਿਕਲੇ, ਮੈਂ ਤੁਹਾਨੂੰ ਬਹੁਤ ਸਾਰੇ ਉੱਤੇ ਇਖ਼ਤਿਆਰ ਦਿਆਂਗਾ। ਤੁਸੀਂ ਆਪਣੇ ਮਾਲਕ ਦੀ ਖ਼ੁਸ਼ੀ ਵਿੱਚ ਦਾਖਿਲ ਹੋਵੋ।’ (ਮੱਤੀ 25:21, 23) ਜ਼ਰਾ ਸੋਚੋ ਕਿ ਕਿੰਨੀ ਖ਼ੁਸ਼ੀ ਹੋਈ ਹੋਣੀ ਜਦੋਂ ਮਾਲਕ ਰਾਜਾ ਬਣਿਆ! (ਜ਼ਬੂਰਾਂ ਦੀ ਪੋਥੀ 45:1, 2, 6, 7) ਮਾਤਬਰ ਅਤੇ ਬੁੱਧਵਾਨ ਨੌਕਰ ਮਸੀਹ ਦੇ ਏਲਚੀ ਹੋਣ ਦੇ ਨਾਤੇ ਧਰਤੀ ਉੱਤੇ ਉਸ ਦੇ ਕੰਮ ਦੀ ਦੇਖ-ਭਾਲ ਕਰ ਕੇ ਰਾਜੇ ਦੀ ਖ਼ੁਸ਼ੀ ਵਿਚ ਸ਼ਾਮਲ ਹੋਏ। (2 ਕੁਰਿੰਥੀਆਂ 5:20) ਉਨ੍ਹਾਂ ਦੀ ਖ਼ੁਸ਼ੀ ਯਸਾਯਾਹ 61:10 ਦੀ ਭਵਿੱਖਬਾਣੀ ਤੋਂ ਜ਼ਾਹਰ ਹੁੰਦੀ ਹੈ: “ਮੈਂ ਯਹੋਵਾਹ ਵਿਚ ਬਹੁਤ ਖੁਸ਼ ਹੋਵਾਂਗਾ, ਮੇਰਾ ਜੀ ਮੇਰੇ ਪਰਮੇਸ਼ੁਰ ਵਿਚ ਮਗਨ ਹੋਵੇਗਾ, ਕਿਉਂ ਜੋ ਓਸ ਮੈਨੂੰ ਮੁਕਤੀ ਦੇ ਬਸਤ੍ਰ ਪਵਾਏ।”

18. ਕਈ ਮਸੀਹੀ ਇਮਤਿਹਾਨ ਵਿਚ ਪਾਸ ਕਿਉਂ ਨਹੀਂ ਹੋਏ ਅਤੇ ਇਸ ਦਾ ਕੀ ਨਤੀਜਾ ਨਿਕਲਿਆ?

18 ਅਫ਼ਸੋਸ ਦੀ ਗੱਲ ਹੈ ਕਿ ਸਾਰੇ ਮਸੀਹੀ ਇਮਤਿਹਾਨ ਵਿਚ ਪਾਸ ਨਹੀਂ ਹੋਏ। ਅਸੀਂ ਪੜ੍ਹਦੇ ਹਾਂ: “ਜਿਹ ਨੇ ਇੱਕ ਤੋੜਾ ਲਿਆ ਸੀ ਉਹ ਵੀ ਕੋਲ ਆਣ ਕੇ ਬੋਲਿਆ, ਸੁਆਮੀ ਜੀ ਮੈਂ ਤੁਹਾਨੂੰ ਜਾਣਿਆ ਜੋ ਤੁਸੀਂ ਕਰੜੇ ਆਦਮੀ ਹੋ ਕਿ ਜਿੱਥੇ ਤੁਸੀਂ ਨਹੀਂ ਬੀਜਿਆ ਉੱਥੋਂ ਵੱਢਦੇ ਹੋ ਅਰ ਜਿੱਥੇ ਨਹੀਂ ਖਿੰਡਾਇਆ ਉੱਥੋਂ ਇਕੱਠਾ ਕਰਦੇ ਹੋ। ਸੋ ਮੈਂ ਡਰਿਆ ਅਤੇ ਜਾ ਕੇ ਤੁਹਾਡੇ ਤੋੜੇ ਨੂੰ ਧਰਤੀ ਵਿਚ ਲੁਕਾ ਦਿੱਤਾ। ਏਹ ਆਪਣਾ ਲੈ ਲਓ।” (ਮੱਤੀ 25:24, 25) ਇਸੇ ਤਰ੍ਹਾਂ ਕੁਝ ਮਸਹ ਕੀਤੇ ਹੋਇਆਂ ਨੇ ਆਪਣੇ ਮਾਲਕ ਯਿਸੂ ਦੇ ਕੰਮ ਵਿਚ ਹਿੱਸਾ ਲੈਣ ਤੋਂ ਇਨਕਾਰ ਕੀਤਾ। ਸੰਨ 1914 ਤੋਂ ਪਹਿਲਾਂ ਉਨ੍ਹਾਂ ਨੇ ਹੋਰਾਂ ਨੂੰ ਨਾ ਤਾਂ ਪਰਮੇਸ਼ੁਰ ਦੇ ਰਾਜ ਬਾਰੇ ਅਤੇ ਨਾ ਹੀ ਆਪਣੀ ਆਸ ਬਾਰੇ ਦੱਸਿਆ ਅਤੇ ਨਾ ਹੀ ਉਨ੍ਹਾਂ ਨੇ 1919 ਵਿਚ ਇਹ ਕੰਮ ਸ਼ੁਰੂ ਕੀਤਾ। ਯਿਸੂ ਨੇ ਉਨ੍ਹਾਂ ਦੀ ਗੁਸਤਾਖ਼ੀ ਨੂੰ ਦੇਖ ਕੇ ਕੀ ਕੀਤਾ? ਉਸ ਨੇ ਉਨ੍ਹਾਂ ਤੋਂ ਸਾਰੀਆਂ ਜ਼ਿੰਮੇਵਾਰੀਆਂ ਵਾਪਸ ਲੈ ਲਈਆਂ। ਉਨ੍ਹਾਂ ਨੂੰ ‘ਬਾਹਰ ਦੇ ਅੰਧਘੋਰ ਵਿਚ ਕੱਢ ਦਿੱਤਾ ਗਿਆ। ਓੱਥੇ ਉਹ ਰੋਏ ਅਤੇ ਉਨ੍ਹਾਂ ਨੇ ਕਚੀਚੀਆਂ ਵੱਟੀਆਂ।’​—ਮੱਤੀ 25:28, 30.

ਅੱਜ ਵੀ ਲੇਖਾ ਲੈਣ ਦਾ ਵੇਲਾ ਹੈ

19. ਅਸੀਂ ਕਿਉਂ ਕਹਿ ਸਕਦੇ ਹਾਂ ਕਿ ਅੱਜ ਵੀ ਲੇਖਾ ਲੈਣ ਦਾ ਵੇਲਾ ਹੈ ਅਤੇ ਮਸਹ ਕੀਤੇ ਹੋਇਆਂ ਦਾ ਪੱਕਾ ਇਰਾਦਾ ਕੀ ਹੈ?

19 ਇਹ ਗੱਲ ਸੱਚ ਹੈ ਕਿ ਜਦ ਯਿਸੂ 1918 ਵਿਚ ਲੇਖਾ ਲੈਣ ਆਇਆ ਸੀ, ਤਦ ਜ਼ਿਆਦਾਤਰ ਮਸਹ ਕੀਤੇ ਹੋਏ ਮਸੀਹੀਆਂ ਨੇ ਅਜੇ ਯਹੋਵਾਹ ਦੀ ਸੇਵਾ ਕਰਨੀ ਸ਼ੁਰੂ ਨਹੀਂ ਕੀਤੀ ਸੀ। ਕੀ ਇਸ ਦਾ ਮਤਲਬ ਸੀ ਕਿ ਉਨ੍ਹਾਂ ਨੂੰ ਲੇਖਾ ਨਹੀਂ ਦੇਣਾ ਪਿਆ ਸੀ? ਬਿਲਕੁਲ ਨਹੀਂ। ਲੇਖਾ ਲੈਣ ਦਾ ਸਮਾਂ ਤਾਂ 1918/19 ਵਿਚ ਸ਼ੁਰੂ ਹੀ ਹੋਇਆ ਸੀ। ਉਸ ਵੇਲੇ ਮਾਤਬਰ ਅਤੇ ਬੁੱਧਵਾਨ ਨੌਕਰ ਨੇ ਇਕ ਵਰਗ ਦੇ ਤੌਰ ਤੇ ਆਪਣੀ ਵਫ਼ਾਦਾਰੀ ਸਾਬਤ ਕੀਤੀ ਸੀ। ਹਰ ਮਸਹ ਕੀਤੇ ਹੋਏ ਮਸੀਹੀ ਤੋਂ ਉਦੋਂ ਤਕ ਲੇਖਾ ਲਿਆ ਜਾਵੇਗਾ ਜਦੋਂ ਤਕ ਉਸ ਤੇ ਮੋਹਰ ਨਾ ਲਾਈ ਜਾਵੇ। (ਪਰਕਾਸ਼ ਦੀ ਪੋਥੀ 7:1-3) ਇਸ ਗੱਲ ਨੂੰ ਜਾਣਦੇ ਹੋਏ ਯਿਸੂ ਦੇ ਮਸਹ ਕੀਤੇ ਹੋਏ ਭਰਾਵਾਂ ਨੇ ਠਾਣ ਲਿਆ ਹੈ ਕਿ ਉਹ ਇਨ੍ਹਾਂ ਆਖ਼ਰੀ ਦਿਨਾਂ ਵਿਚ ਯਹੋਵਾਹ ਦੀ ਸੇਵਾ ਵਿਚ ਵਫ਼ਾਦਾਰੀ ਨਾਲ ‘ਬਣਜ ਬੁਪਾਰ’ ਕਰਦੇ ਰਹਿਣਗੇ। ਉਨ੍ਹਾਂ ਦਾ ਬੁੱਧਵਾਨ ਬਣੇ ਰਹਿਣ ਦਾ ਪੱਕਾ ਇਰਾਦਾ ਹੈ ਅਤੇ ਇਸ ਲਈ ਉਹ ਹਮੇਸ਼ਾ ਆਪਣੇ ਨਾਲ ਤੇਲ ਰੱਖਦੇ ਹਨ ਤਾਂਕਿ ਉਨ੍ਹਾਂ ਦੀ ਰੌਸ਼ਨੀ ਚਮਕਦੀ ਰਹੇ। ਉਹ ਜਾਣਦੇ ਹਨ ਕਿ ਜਦ ਵੀ ਉਨ੍ਹਾਂ ਵਿੱਚੋਂ ਇਕ ਜਣਾ ਧਰਤੀ ਤੇ ਆਪਣੀ ਜ਼ਿੰਦਗੀ ਵਫ਼ਾਦਾਰੀ ਨਾਲ ਖ਼ਤਮ ਕਰਦਾ ਹੈ, ਤਾਂ ਯਿਸੂ ਉਸ ਨੂੰ ਆਪਣੇ ਕੋਲ ਸਵਰਗ ਵਿਚ ਲੈ ਜਾਂਦਾ ਹੈ।​—ਮੱਤੀ 24:13; ਯੂਹੰਨਾ 14:2-4; 1 ਕੁਰਿੰਥੀਆਂ 15:50, 51.

20. (ੳ) ਹੋਰ ਭੇਡਾਂ ਨੇ ਕੀ ਕਰਨ ਦਾ ਪੱਕਾ ਇਰਾਦਾ ਕੀਤਾ ਹੈ? (ਅ) ਮਸਹ ਕੀਤੇ ਹੋਏ ਕਿਹੜੀ ਗੱਲ ਜਾਣਦੇ ਹਨ?

20 ਹੋਰ ਭੇਡਾਂ ਦੀ ਵੱਡੀ ਭੀੜ ਆਪਣੇ ਮਸਹ ਕੀਤੇ ਹੋਏ ਭਰਾਵਾਂ ਦੀ ਨਕਲ ਕਰਦੀ ਹੈ। ਇਹ ਮਸੀਹੀ ਜਾਣਦੇ ਹਨ ਕਿ ਪਰਮੇਸ਼ੁਰ ਦੇ ਮਕਸਦਾਂ ਬਾਰੇ ਗਿਆਨ ਨਾਲ ਉਨ੍ਹਾਂ ਤੇ ਇਕ ਵੱਡੀ ਜ਼ਿੰਮੇਵਾਰੀ ਆਉਂਦੀ ਹੈ। (ਹਿਜ਼ਕੀਏਲ 3:17-21) ਇਸ ਲਈ ਯਹੋਵਾਹ ਦੀ ਪਵਿੱਤਰ ਆਤਮਾ ਤੇ ਉਸ ਦੇ ਬਚਨ ਤੋਂ ਮਦਦ ਲੈਣ ਲਈ ਉਹ ਬਾਈਬਲ ਦਾ ਅਧਿਐਨ ਕਰਦੇ ਹਨ ਤੇ ਮਸੀਹੀ ਕਲੀਸਿਯਾ ਨਾਲ ਸੰਗਤ ਰੱਖਦੇ ਹਨ। ਇਸ ਤਰ੍ਹਾਂ ਉਹ ਵੀ ਆਪਣੇ ਤੇਲ ਦੇ ਭਾਂਡਿਆਂ ਨੂੰ ਭਰੀ ਰੱਖਦੇ ਹਨ। ਉਹ ਪ੍ਰਚਾਰ ਕਰਨ ਰਾਹੀਂ ‘ਬਣਜ ਬੁਪਾਰ’ ਕਰਨ ਵਿਚ ਆਪਣੇ ਮਸਹ ਕੀਤੇ ਹੋਏ ਭਰਾਵਾਂ ਦਾ ਸਾਥ ਦਿੰਦੇ ਹਨ ਅਤੇ ਆਪਣੀ ਰੌਸ਼ਨੀ ਚਮਕਾਉਂਦੇ ਹਨ। ਪਰ, ਮਸਹ ਕੀਤੇ ਹੋਏ ਇਹ ਗੱਲ ਨਹੀਂ ਭੁੱਲਦੇ ਕਿ ‘ਤੋੜੇ’ ਉਨ੍ਹਾਂ ਨੂੰ ਸੌਂਪੇ ਗਏ ਹਨ। ਉਹੀ ਪ੍ਰਭੂ ਨੂੰ ਉਸ ਦੇ ਮਾਲ ਮਤੇ ਦਾ ਲੇਖਾ ਦੇਣਗੇ। ਭਾਵੇਂ ਕਿ ਉਨ੍ਹਾਂ ਦੀ ਗਿਣਤੀ ਬਹੁਤ ਘੱਟ ਗਈ ਹੈ, ਫਿਰ ਵੀ ਉਹ ਆਪਣੀ ਜ਼ਿੰਮੇਵਾਰੀ ਵੱਡੀ ਭੀੜ ਨੂੰ ਨਹੀਂ ਸੌਂਪ ਸਕਦੇ। ਇਹ ਗੱਲ ਧਿਆਨ ਵਿਚ ਰੱਖਦੇ ਹੋਏ ਮਾਤਬਰ ਅਤੇ ਬੁੱਧਵਾਨ ਨੌਕਰ ਰਾਜੇ ਦੇ ਕੰਮ ਦੀ ਦੇਖ-ਭਾਲ ਕਰਨ ਵਿਚ ਹਮੇਸ਼ਾ ਪਹਿਲ ਕਰਦੇ ਹਨ ਅਤੇ ਵੱਡੀ ਭੀੜ ਦੀ ਮਦਦ ਲਈ ਸ਼ੁਕਰਗੁਜ਼ਾਰ ਹਨ। ਵੱਡੀ ਭੀੜ ਮਸਹ ਕੀਤੇ ਹੋਇਆਂ ਦੀਆਂ ਜ਼ਿੰਮੇਵਾਰੀਆਂ ਸਮਝਦੀ ਹੈ ਅਤੇ ਉਨ੍ਹਾਂ ਦੇ ਨਿਰਦੇਸ਼ਨ ਹੇਠ ਕੰਮ ਕਰਨ ਨੂੰ ਇਕ ਸਨਮਾਨ ਸਮਝਦੀ ਹੈ।

21. ਸੰਨ 1919 ਤੋਂ ਲੈ ਕੇ ਅੱਜ ਤਕ ਯਿਸੂ ਦੇ ਕਿਹੜੇ ਸ਼ਬਦ ਸਾਰੇ ਮਸੀਹੀਆਂ ਉੱਤੇ ਲਾਗੂ ਹੁੰਦੇ ਆਏ ਹਨ?

21 ਇਹ ਸੱਚ ਹੈ ਕਿ ਇਨ੍ਹਾਂ ਦੋ ਦ੍ਰਿਸ਼ਟਾਂਤਾਂ ਤੋਂ ਸਾਨੂੰ ਲਗਭਗ 1919 ਵਿਚ ਹੋਈਆਂ ਕਈ ਗੱਲਾਂ ਬਾਰੇ ਪਤਾ ਲੱਗਦਾ ਹੈ। ਪਰ ਹਰੇਕ ਮਸੀਹੀ ਇਨ੍ਹਾਂ ਤੋਂ ਕਈ ਸਿਧਾਂਤ ਵੀ ਸਿੱਖ ਸਕਦਾ ਹੈ ਜੋ ਇਨ੍ਹਾਂ ਅੰਤ ਦਿਆਂ ਦਿਨਾਂ ਵਿਚ ਸਾਡੇ ਸਾਰਿਆਂ ਉੱਤੇ ਲਾਗੂ ਹੁੰਦੇ ਹਨ। ਇਸ ਲਈ, ਭਾਵੇਂ ਕਿ ਯਿਸੂ ਨੇ ਦਸਾਂ ਕੁਆਰੀਆਂ ਦੇ ਦ੍ਰਿਸ਼ਟਾਂਤ ਦੇ ਅਖ਼ੀਰ ਵਿਚ ਜੋ ਕਿਹਾ ਸੀ ਉਹ 1919 ਤੋਂ ਪਹਿਲਾਂ ਮਸਹ ਕੀਤੇ ਹੋਇਆਂ ਤੇ ਲਾਗੂ ਹੁੰਦਾ ਹੈ, ਪਰ ਇਸ ਤੋਂ ਕਈ ਸਿਧਾਂਤ ਮਿਲਦੇ ਹਨ ਜੋ ਹਰੇਕ ਮਸੀਹ ਤੇ ਲਾਗੂ ਹੁੰਦੇ ਹਨ। ਤਾਂ ਫਿਰ, ਆਓ ਆਪਾਂ ਯਿਸੂ ਦੇ ਇਹ ਸ਼ਬਦ ਹਮੇਸ਼ਾ ਯਾਦ ਰੱਖੀਏ: “ਜਾਗਦੇ ਰਹੋ ਕਿਉਂ ਜੋ ਤੁਸੀਂ ਨਾ ਉਸ ਦਿਨ, ਨਾ ਉਸ ਘੜੀ ਨੂੰ ਜਾਣਦੇ ਹੋ।”​—ਮੱਤੀ 25:13.

[ਫੁਟਨੋਟ]

^ ਪੈਰਾ 2 ਇਸੇ ਤਰ੍ਹਾਂ, ਰਸੂਲਾਂ ਦੀਆਂ ਮੌਤਾਂ ਦੇ ਪਿੱਛੋਂ “ਬੁਰੇ ਬੁਰੇ ਬਘਿਆੜ” ਮਸਹ ਕੀਤੇ ਹੋਏ ਮਸੀਹੀ ਬਜ਼ੁਰਗਾਂ ਦੇ ਵਿੱਚੋਂ ਹੀ ਆਏ ਸਨ।—ਰਸੂਲਾਂ ਦੇ ਕਰਤੱਬ 20:29, 30.

ਕੀ ਤੁਸੀਂ ਸਮਝਾ ਸਕਦੇ ਹੋ?

• ਯਿਸੂ ਨੇ ਆਪਣੇ ਚੇਲਿਆਂ ਤੋਂ ਕਦੋਂ ਲੇਖਾ ਲਿਆ ਸੀ ਅਤੇ ਉਸ ਨੇ ਕੀ ਦੇਖਿਆ?

• ਕੁਝ ਮਸਹ ਕੀਤੇ ਹੋਏ ਮਸੀਹੀ “ਦੁਸ਼ਟ ਨੌਕਰ” ਕਿਉਂ ਬਣੇ?

• ਅਸੀਂ ਰੂਹਾਨੀ ਤੌਰ ਤੇ ਕਿਵੇਂ ਬੁੱਧਵਾਨ ਸਾਬਤ ਹੋ ਸਕਦੇ ਹਾਂ?

• ਯਿਸੂ ਦੇ ਵਫ਼ਾਦਾਰ ਮਸਹ ਕੀਤੇ ਹੋਏ ਭਰਾਵਾਂ ਦੀ ਨਕਲ ਕਰਦੇ ਹੋਏ ਅਸੀਂ ਕਿਵੇਂ ਲਗਾਤਾਰ “ਬਣਜ ਬੁਪਾਰ” ਕਰ ਸਕਦੇ ਹਾਂ?

[ਸਵਾਲ]

[ਸਫ਼ੇ 16 ਉੱਤੇ ਡੱਬੀ]

ਯਿਸੂ ਕਦੋਂ ਆਉਂਦਾ ਹੈ?

ਮੱਤੀ ਦੇ 24ਵੇਂ ਤੇ 25ਵੇਂ ਅਧਿਆਇ ਵਿਚ ਵੱਖਰੇ-ਵੱਖਰੇ ਸਮੇਂ ਤੇ ਯਿਸੂ ਦੇ ‘ਆਉਣ’ ਬਾਰੇ ਗੱਲ ਕੀਤੀ ਗਈ ਹੈ। ਉਸ ਦੇ ‘ਆਉਣ’ ਦਾ ਮਤਲਬ ਇਹ ਨਹੀਂ ਹੈ ਕਿ ਉਸ ਨੂੰ ਕਿਸੇ ਜਗ੍ਹਾ ਤੋਂ ਉੱਠ ਕੇ ‘ਆਉਣਾ’ ਪਵੇਗਾ। ਇਸ ਦੀ ਬਜਾਇ, ਉਸ ਦੇ ‘ਆਉਣ’ ਦਾ ਮਤਲਬ ਇਹ ਹੈ ਕਿ ਉਹ ਨਿਆਂਕਾਰ ਵਜੋਂ ਆਪਣਾ ਧਿਆਨ ਦੁਨੀਆਂ ਵੱਲ ਜਾਂ ਆਪਣੇ ਚੇਲਿਆਂ ਵੱਲ ਦਿੰਦਾ ਹੈ। ਉਹ 1914 ਵਿਚ ਰਾਜੇ ਵਜੋਂ ‘ਆਇਆ’ ਸੀ। (ਮੱਤੀ 16:28; 17:1; ਰਸੂਲਾਂ ਦੇ ਕਰਤੱਬ 1:11) ਸੰਨ 1918 ਵਿਚ ਉਹ ਨੇਮ ਦੇ ਦੂਤ ਵਜੋਂ ਉਨ੍ਹਾਂ ਦਾ ਨਿਆਂ ਕਰਨ ‘ਆਇਆ’ ਸੀ ਜੋ ਯਹੋਵਾਹ ਦੀ ਉਪਾਸਨਾ ਕਰਨ ਦਾ ਦਾਅਵਾ ਕਰਦੇ ਸਨ। (ਮਲਾਕੀ 3:1-3; 1 ਪਤਰਸ 4:17) ਆਰਮਾਗੇਡਨ ਵਿਚ ਉਹ ਪਰਮੇਸ਼ੁਰ ਦੇ ਵੈਰੀਆਂ ਨੂੰ ਸਜ਼ਾ ਦੇਣ ‘ਆਵੇਗਾ।’​—ਪਰਕਾਸ਼ ਦੀ ਪੋਥੀ 19:11-16.

ਮੱਤੀ 24:29-44 ਅਤੇ 25:31-46 ਵਿਚ ਜਦ ‘ਆਉਣ’ ਬਾਰੇ ਗੱਲ ਕੀਤੀ ਹੈ, ਤਾਂ ਇਹ ‘ਵੱਡੇ ਕਸ਼ਟ’ ਦੌਰਾਨ ‘ਆਉਣ’ ਬਾਰੇ ਹੈ। (ਪਰਕਾਸ਼ ਦੀ ਪੋਥੀ 7:14) ਦੂਜੇ ਪਾਸੇ, ਮੱਤੀ 24:45 ਤੋਂ ਲੈ ਕੇ 25:30 ਤਕ 1918 ਤੋਂ ‘ਆਉਣ’ ਬਾਰੇ ਗੱਲ ਕੀਤੀ ਗਈ ਹੈ ਜਦ ਯਿਸੂ ਉਨ੍ਹਾਂ ਤੋਂ ਲੇਖਾ ਲੈਣਾ ਸ਼ੁਰੂ ਕਰਦਾ ਹੈ ਜੋ ਉਸ ਦੇ ਚੇਲੇ ਹੋਣ ਦਾ ਦਾਅਵਾ ਕਰਦੇ ਹਨ। ਮਿਸਾਲ ਲਈ, ਯਿਸੂ ਆਪਣੇ ਵਫ਼ਾਦਾਰ ਨੌਕਰ ਨੂੰ ਇਨਾਮ ਦੇਣ, ਮੂਰਖ ਕੁਆਰੀਆਂ ਅਤੇ ਉਸ ਆਲਸੀ ਚਾਕਰ ਨੂੰ ਸਜ਼ਾ ਦੇਣ ਆਉਂਦਾ ਹੈ, ਜਿਸ ਨੇ ਮਾਲਕ ਦੇ ਤੋੜੇ ਨੂੰ ਧਰਤੀ ਵਿੱਚ ਲੁਕਾ ਦਿੱਤਾ ਸੀ। ਪਰ ਇਹ ਸੋਚਣਾ ਸਹੀ ਨਹੀਂ ਹੈ ਕਿ ਇਹ ਸਭ ਕੁਝ ਉਦੋਂ ਹੋਵੇਗਾ ਜਦ ਯਿਸੂ ਵੱਡੇ ਕਸ਼ਟ ਦੌਰਾਨ ‘ਆਵੇਗਾ।’ ਜੇ ਇਸ ਤਰ੍ਹਾਂ ਹੁੰਦਾ, ਤਾਂ ਇਸ ਦਾ ਮਤਲਬ ਇਹ ਹੋਵੇਗਾ ਕਿ ਉਸ ਵੇਲੇ ਕਈ ਮਸਹ ਕੀਤੇ ਹੋਏ ਮਸੀਹੀ ਬੇਵਫ਼ਾ ਠਹਿਰਾਏ ਜਾਣਗੇ ਅਤੇ ਉਨ੍ਹਾਂ ਦੀ ਥਾਂ ਦੂਸਰਿਆਂ ਨੂੰ ਚੁਣਨਾ ਪਵੇਗਾ। ਪਰ ਪਰਕਾਸ਼ ਦੀ ਪੋਥੀ 7:3 ਤੋਂ ਸਾਨੂੰ ਪਤਾ ਲੱਗਦਾ ਹੈ ਕਿ ਉਸ ਸਮੇਂ ਤਕ ਉਨ੍ਹਾਂ ਸਾਰਿਆਂ ਤੇ “ਮੋਹਰ” ਲਾਈ ਜਾ ਚੁੱਕੀ ਹੋਵੇਗੀ।

[ਸਫ਼ੇ 14 ਉੱਤੇ ਤਸਵੀਰ]

‘ਦੁਸ਼ਟ ਚਾਕਰ’ ਨੂੰ 1919 ਵਿਚ ਕੋਈ ਇਨਾਮ ਨਹੀਂ ਮਿਲਿਆ

[ਸਫ਼ੇ 15 ਉੱਤੇ ਤਸਵੀਰ]

ਸਮਝਦਾਰ ਕੁਆਰੀਆਂ ਮਾਲਕ ਦੇ ਆਉਣ ਦੇ ਵੇਲੇ ਤਿਆਰ ਸਨ

[ਸਫ਼ੇ 17 ਉੱਤੇ ਤਸਵੀਰ]

ਵਫ਼ਾਦਾਰ ਨੌਕਰਾਂ-ਚਾਕਰਾਂ ਨੇ “ਬਣਜ ਬੁਪਾਰ” ਕੀਤਾ ਸੀ

ਪਰ ਆਲਸੀ ਚਾਕਰ ਨੇ ਨਹੀਂ ਕੀਤਾ

[ਸਫ਼ੇ 18 ਉੱਤੇ ਤਸਵੀਰ]

ਮਸਹ ਕੀਤੇ ਹੋਏ ਤੇ “ਵੱਡੀ ਭੀੜ” ਆਪਣੀ ਰੌਸ਼ਨੀ ਚਮਕਾ ਰਹੇ ਹਨ