ਏਹੂਦ ਨੇ ਜ਼ਾਲਮ ਰਾਜੇ ਦੇ ਜੂਲੇ ਨੂੰ ਤੋੜਿਆ
ਏਹੂਦ ਨੇ ਜ਼ਾਲਮ ਰਾਜੇ ਦੇ ਜੂਲੇ ਨੂੰ ਤੋੜਿਆ
ਇਹ ਬਹਾਦਰੀ ਅਤੇ ਰਣਨੀਤੀ ਦੀ ਸੱਚੀ ਕਹਾਣੀ ਹੈ। ਇਹ ਘਟਨਾ ਤਕਰੀਬਨ 3,000 ਸਾਲ ਪਹਿਲਾਂ ਵਾਪਰੀ ਸੀ। ਬਾਈਬਲ ਵਿਚ ਇਹ ਕਹਾਣੀ ਇਸ ਤਰ੍ਹਾਂ ਸ਼ੁਰੂ ਹੁੰਦੀ ਹੈ: “ਇਸਰਾਏਲੀਆਂ ਨੇ ਫੇਰ ਯਹੋਵਾਹ ਦੇ ਅੱਗੇ ਬੁਰਿਆਈ ਕੀਤੀ ਤਾਂ ਯਹੋਵਾਹ ਨੇ ਮੋਆਬ ਦੇ ਰਾਜਾ ਅਗਲੋਨ ਨੂੰ ਇਸਰਾਏਲ ਦੇ ਉੱਤੇ ਪਰਬਲ ਕੀਤਾ ਇਸ ਲਈ ਜੋ ਉਨ੍ਹਾਂ ਨੇ ਯਹੋਵਾਹ ਦੀ ਨਿਗਾਹ ਵਿੱਚ ਬੁਰਿਆਈ ਕੀਤੀ ਸੀ। ਅਤੇ ਉਸ ਨੇ ਅੰਮੋਨੀਆਂ ਤੇ ਅਮਾਲੇਕੀਆਂ ਨੂੰ ਆਪਣੇ ਨਾਲ ਰਲਾਇਆ ਅਤੇ ਇਸਰਾਏਲ ਨੂੰ ਜਾ ਮਾਰਿਆ ਅਤੇ ਖਜੂਰਾਂ ਦਾ ਸ਼ਹਿਰ ਲੈ ਲਿਆ। ਸੋ ਇਸਰਾਏਲੀ ਅਠਾਰਾਂ ਵਰਿਹਾਂ ਤੀਕ ਮੋਆਬ ਦੇ ਰਾਜਾ ਅਗਲੋਨ ਦੀ ਟਹਿਲ ਕਰਦੇ ਰਹੇ।”—ਨਿਆਈਆਂ 3:12-14.
ਮੋਆਬੀਆਂ ਦਾ ਇਲਾਕਾ ਯਰਦਨ ਦਰਿਆ ਅਤੇ ਮ੍ਰਿਤ ਸਾਗਰ ਦੇ ਪੂਰਬ ਵੱਲ ਸੀ। ਪਰ ਉਨ੍ਹਾਂ ਨੇ ਦਰਿਆ ਪਾਰ ਕਰ ਕੇ ‘ਖਜੂਰਾਂ ਦੇ ਬਿਰਛਾਂ ਦੇ ਸ਼ਹਿਰ’ ਯਰੀਹੋ ਦੇ ਆਲੇ-ਦੁਆਲੇ ਦੇ ਇਲਾਕੇ ਤੇ ਕਬਜ਼ਾ ਕਰ ਲਿਆ ਅਤੇ ਉਹ ਇਸਰਾਏਲੀਆਂ ਤੋਂ ਗ਼ੁਲਾਮੀ ਕਰਾਉਣ ਲੱਗ ਪਏ। (ਬਿਵਸਥਾ ਸਾਰ 34:3) ਮੋਆਬ ਦਾ “ਵੱਡਾ ਘੋਗੜ” ਰਾਜਾ ਅਗਲੋਨ ਜ਼ਬਰਦਸਤੀ ਇਸਰਾਏਲੀਆਂ ਤੋਂ ਲਗਭਗ ਵੀਹ ਸਾਲਾਂ ਤਕ ਬਹੁਤ ਜ਼ਿਆਦਾ ਨਜ਼ਰਾਨਾ ਯਾਨੀ ਟੈਕਸ ਲੈਂਦਾ ਰਿਹਾ। (ਨਿਆਈਆਂ 3:17) ਪਰ ਇਸ ਭਾਰੀ ਨਜ਼ਰਾਨੇ ਕਰਕੇ ਇਸਰਾਏਲੀਆਂ ਨੂੰ ਇਸ ਜ਼ਾਲਮ ਤੋਂ ਛੁਟਕਾਰਾ ਪਾਉਣ ਦਾ ਮੌਕਾ ਮਿਲਿਆ।
ਬਾਈਬਲ ਦੱਸਦੀ ਹੈ: “ਇਸਰਾਏਲੀਆਂ ਨੇ ਯਹੋਵਾਹ ਦੇ ਅੱਗੇ ਦੁਹਾਈ ਦਿੱਤੀ ਅਤੇ ਯਹੋਵਾਹ ਨੇ ਉਨ੍ਹਾਂ ਦੇ ਲਈ ਇੱਕ ਬਚਾਉਣ ਵਾਲੇ ਨੂੰ ਅਰਥਾਤ ਇੱਕ ਬਿਨਯਾਮੀਨੀ ਗੇਰਾ ਦੇ ਪੁੱਤ੍ਰ ਏਹੂਦ ਨੂੰ ਜੋ ਖੱਬਾ ਸੀ ਉਠਾਇਆ ਅਤੇ ਇਸਰਾਏਲੀਆਂ ਨੇ ਉਸ ਦੇ ਹਥੀਂ ਮੋਆਬ ਦੇ ਰਾਜਾ ਅਗਲੋਨ ਕੋਲ ਨਜ਼ਰਾਨਾ ਘੱਲਿਆ।” (ਨਿਆਈਆਂ 3:15) ਯਹੋਵਾਹ ਨੇ ਜ਼ਰੂਰ ਇਸ ਗੱਲ ਦਾ ਧਿਆਨ ਰੱਖਿਆ ਹੋਣਾ ਕਿ ਏਹੂਦ ਨੂੰ ਹੀ ਨਜ਼ਰਾਨਾ ਲੈ ਜਾਣ ਲਈ ਚੁਣਿਆ ਜਾਵੇ। ਬਾਈਬਲ ਇਹ ਨਹੀਂ ਦੱਸਦੀ ਕਿ ਉਹ ਪਹਿਲਾਂ ਵੀ ਰਾਜੇ ਕੋਲ ਨਜ਼ਰਾਨਾ ਲੈ ਕੇ ਗਿਆ ਸੀ ਜਾਂ ਨਹੀਂ। ਪਰ ਜਿਸ ਤਰੀਕੇ ਨਾਲ ਏਹੂਦ ਨੇ ਰਾਜੇ ਨੂੰ ਮਿਲਣ ਦੀ ਸਕੀਮ ਬਣਾਈ ਅਤੇ ਜੋ ਦਾਅ-ਪੇਚ ਉਸ ਨੇ ਵਰਤੇ, ਉਸ ਤੋਂ ਇਹ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਉਹ ਅਗਲੋਨ ਦੇ ਮਹਿਲ ਤੋਂ ਜਾਣੂ ਸੀ ਅਤੇ ਉਹ ਇਹ ਵੀ ਜਾਣਦਾ ਸੀ ਕਿ ਉਸ ਨੂੰ ਮਹਿਲ ਵਿਚ ਕਿਨ੍ਹਾਂ ਦਾ ਸਾਮ੍ਹਣਾ ਕਰਨਾ ਪੈ ਸਕਦਾ ਸੀ। ਇਸ ਪੂਰੀ ਘਟਨਾ ਵਿਚ ਉਸ ਦਾ ਖੱਬਚੂ ਹੋਣਾ ਬਹੁਤ ਹੀ ਅਹਿਮ ਸਾਬਤ ਹੋਇਆ।
ਇਕ ਅਪੰਗ ਵਿਅਕਤੀ ਜਾਂ ਇਕ ਯੋਧਾ?
ਖੱਬਚੂ ਲਈ ਇਬਰਾਨੀ ਸ਼ਬਦ ਦਾ ਮਤਲਬ ਹੈ ‘ਬੰਦ ਹੋਣਾ, ਟੁੰਡਾ ਹੋਣਾ ਜਾਂ ਸੱਜਾ ਹੱਥ ਬੱਝਾ ਹੋਣਾ।’ ਕੀ ਇਸ ਦਾ ਇਹ ਮਤਲਬ ਹੈ ਕਿ ਏਹੂਦ ਦੇ ਸੱਜੇ ਹੱਥ ਵਿਚ ਨੁਕਸ ਹੋਣ ਕਰਕੇ ਉਹ ਅਪੰਗ ਸੀ? ਧਿਆਨ ਦਿਓ ਕਿ ਬਿਨਯਾਮੀਨ ਦੇ ਗੋਤ ਦੇ ‘ਸੱਤ ਸੌ ਚੁਣੇ ਹੋਏ ਖੱਬਚੂ ਜੁਆਨਾਂ’ ਬਾਰੇ ਬਾਈਬਲ ਕੀ ਕਹਿੰਦੀ ਹੈ। ਨਿਆਈਆਂ 20:16 ਵਿਚ ਦੱਸਿਆ ਗਿਆ ਹੈ: “ਸੱਭੇ ਪੱਥਰ ਦੇ ਨਾਲ ਵਾਲ ਬਿੰਨ੍ਹੀ ਕੌਡੀ ਦਾ ਨਸ਼ਾਨਾ ਫੁੰਡਦੇ ਸਨ ਅਤੇ ਉੱਕਦੇ ਨਹੀਂ ਸਨ।” ਉਹ ਆਪਣੀ ਮਹਾਰਤ ਕਰਕੇ ਹੀ ਲੜਾਈ ਵਾਸਤੇ ਚੁਣੇ ਗਏ ਸਨ। ਬਾਈਬਲ ਦੇ ਕੁਝ ਵਿਦਵਾਨਾਂ ਦਾ ਕਹਿਣਾ ਹੈ ਕਿ ਖੱਬਚੂ ਦਾ ਇੱਥੇ ਮਤਲਬ ਹੈ ਕਿ ਇਹ ਲੋਕ ਸੱਜਾ ਤੇ ਖੱਬਾ ਦੋਵੇਂ ਹੱਥ ਬੜੀ ਆਸਾਨੀ ਨਾਲ ਇਸਤੇਮਾਲ ਕਰਦੇ ਸਨ।—ਨਿਆਈਆਂ 3:15.
ਅਸਲ ਵਿਚ ਬਿਨਯਾਮੀਨ ਗੋਤ ਦੇ ਆਦਮੀ ਆਪਣੇ ਖੱਬੇ ਹੱਥ ਇਸਤੇਮਾਲ ਕਰਨ ਕਰਕੇ ਪ੍ਰਸਿੱਧ ਸਨ। ਪਹਿਲਾ ਇਤਹਾਸ 12:1, 2 ਵਿਚ ਬਿਨਯਾਮੀਨੀ “ਸੂਰਮਿਆਂ” ਬਾਰੇ ਦੱਸਿਆ ਗਿਆ ਹੈ ਜਿਹੜੇ ‘ਲੜਾਈ ਵਿੱਚ ਸਹਾਇਕ ਸਨ। ਓਹ ਤੀਰੰਦਾਜ਼ ਸਨ ਅਤੇ ਸੱਜੇ ਤੇ ਖੱਬੇ ਹੱਥਾਂ ਨਾਲ ਪੱਥਰਾਂ ਨੂੰ ਮਾਰਦੇ ਸਨ ਤੇ ਧਣੁਖ ਨਾਲ ਬਾਣਾਂ ਨੂੰ ਚਲਾਉਂਦੇ ਸਨ।’ ਇਕ ਕਿਤਾਬ ਦੱਸਦੀ ਹੈ ਕਿ ਬੱਚੇ ਦੀ ਸੱਜੀ ਬਾਂਹ ਬੰਨ੍ਹ ਕੇ ਉਸ ਨੂੰ ਆਪਣਾ ਖੱਬਾ ਹੱਥ ਵਰਤਣ ਦਾ ਹੁਨਰ ਸਿਖਾਇਆ ਜਾਂਦਾ ਸੀ। ਇਸਰਾਏਲੀਆਂ ਦੇ ਦੁਸ਼ਮਣਾਂ ਨੂੰ ਆਮ ਤੌਰ ਤੇ ਸੱਜੇ ਹੱਥ ਨਾਲ ਲੜਨ ਵਾਲੇ ਫ਼ੌਜੀਆਂ ਨਾਲ ਯੁੱਧ ਕਰਨ ਦੀ ਸਿਖਲਾਈ ਦਿੱਤੀ ਜਾਂਦੀ ਸੀ। ਇਸ ਲਈ, ਜੇ ਉਨ੍ਹਾਂ ਨੂੰ ਅਚਾਨਕ ਹੀ ਖੱਬੇ ਹੱਥ ਨਾਲ ਲੜਨ ਵਾਲੇ ਫ਼ੌਜੀਆਂ ਨਾਲ ਯੁੱਧ ਕਰਨਾ ਪੈਂਦਾ, ਤਾਂ ਉਨ੍ਹਾਂ ਦੀ ਸਿਖਲਾਈ ਕਿਸੇ ਕੰਮ ਨਹੀਂ ਆਉਂਦੀ ਸੀ।
ਰਾਜੇ ਲਈ “ਇੱਕ ਗੁੱਝਾ ਸੰਦੇਸਾ”
ਏਹੂਦ ਨੇ ਸਭ ਤੋਂ ਪਹਿਲਾਂ ਤਾਂ ਆਪਣੇ ਲਈ ਇਕ ਛੋਟੀ ਜਿਹੀ ਦੋ-ਧਾਰੀ ਕਟਾਰ ਬਣਾਈ ਜਿਸ ਨੂੰ ਉਹ ਆਪਣੇ ਕੱਪੜਿਆਂ ਹੇਠ ਲੁਕਾ ਸਕੇ। ਉਸ ਨੇ ਸ਼ਾਇਦ ਅੰਦਾਜ਼ਾ ਲਾਇਆ ਹੋਣਾ ਕਿ ਮਹਿਲ ਵਿਚ ਉਸ ਦੀ ਤਲਾਸ਼ੀ ਲਈ ਜਾਵੇਗੀ। ਤਲਵਾਰ ਅਕਸਰ ਸਰੀਰ ਦੇ ਖੱਬੇ ਪਾਸੇ ਬੰਨ੍ਹੀ ਜਾਂਦੀ ਸੀ ਜਿੱਥੋਂ ਸੱਜਾ ਹੱਥ ਵਰਤਣ ਵਾਲੇ ਫ਼ੌਜੀ ਇਸ ਨੂੰ ਤੇਜ਼ੀ ਨਾਲ ਕੱਢ ਸਕਦੇ ਸਨ। ਖੱਬਚੂ ਹੋਣ ਕਰਕੇ ਏਹੂਦ ਨੇ ਆਪਣੀ ਕਟਾਰ ਨੂੰ “ਲੀੜੇ ਹੇਠ ਸੱਜੇ ਪੱਟ ਨਾਲ ਬੰਨ੍ਹਿਆ” ਕਿਉਂਕਿ ਰਾਜੇ ਦੇ ਪਹਿਰੇਦਾਰਾਂ ਵੱਲੋਂ ਸੱਜੇ ਪਾਸੇ ਦੀ ਤਲਾਸ਼ੀ ਲੈਣ ਦੀ ਗੁੰਜਾਇਸ਼ ਘੱਟ ਸੀ। ਇਸ ਲਈ ਬਿਨਾਂ ਕਿਸੇ ਅੜਚਣ ਦੇ ਅੰਦਰ ਜਾ ਕੇ “ਉਹ ਨਜ਼ਰਾਨਾ ਮੋਆਬ ਦੇ ਰਾਜਾ ਕੋਲ ਲਿਆਇਆ।”—ਨਿਆਈਆਂ 3:16, 17.
ਅਗਲੋਨ ਦੇ ਮਹਿਲ ਵਿਚ ਜੋ ਹੋਇਆ, ਉਸ ਦਾ ਪੂਰਾ ਵੇਰਵਾ ਬਾਈਬਲ ਵਿਚ ਨਹੀਂ ਦਿੱਤਾ ਗਿਆ। ਬਾਈਬਲ ਸਿਰਫ਼ ਇੰਨਾ ਦੱਸਦੀ ਹੈ: “ਅਜਿਹਾ ਹੋਇਆ ਜਾਂ [ਏਹੂਦ] ਨਜ਼ਰਾਨਾ ਦੇ ਚੁੱਕਾ ਤਾਂ ਜਿਹੜੇ ਨਜ਼ਰਾਨਾ ਚੁੱਕ ਲਿਆਏ ਸਨ ਉਨ੍ਹਾਂ ਲੋਕਾਂ ਨੂੰ ਉਸ ਨੇ ਵਿਦਿਆ ਕੀਤਾ।” (ਨਿਆਈਆਂ 3:18) ਨਜ਼ਰਾਨਾ ਦੇਣ ਤੋਂ ਬਾਅਦ ਏਹੂਦ ਨਜ਼ਰਾਨਾ ਚੁੱਕ ਕੇ ਲਿਆਉਣ ਵਾਲੇ ਆਦਮੀਆਂ ਨਾਲ ਅਗਲੋਨ ਦੇ ਮਹਿਲ ਤੋਂ ਕਾਫ਼ੀ ਦੂਰ ਤਕ ਗਿਆ ਅਤੇ ਉਨ੍ਹਾਂ ਨੂੰ ਵਿਦਿਆ ਕਰਨ ਤੋਂ ਬਾਅਦ ਵਾਪਸ ਮੁੜ ਆਇਆ। ਕਿਉਂ? ਉਹ ਸ਼ਾਇਦ ਉਨ੍ਹਾਂ ਆਦਮੀਆਂ ਨੂੰ ਆਪਣੀ ਸੁਰੱਖਿਆ ਲਈ ਲਿਆਇਆ ਸੀ ਜਾਂ ਫਿਰ ਸ਼ਿਸ਼ਟਾਚਾਰ ਵਜੋਂ ਜਾਂ ਸਿਰਫ਼ ਨਜ਼ਰਾਨਾ ਚੁੱਕਣ ਲਈ ਲਿਆਇਆ ਸੀ। ਪਰ ਹੁਣ ਆਪਣੀ ਸਕੀਮ ਨੂੰ ਸਿਰੇ ਚਾੜ੍ਹਨ ਤੋਂ ਪਹਿਲਾਂ ਉਹ ਸ਼ਾਇਦ ਆਪਣੇ ਆਦਮੀਆਂ ਨੂੰ ਖ਼ਤਰੇ ਤੋਂ ਦੂਰ ਭੇਜਣਾ ਚਾਹੁੰਦਾ ਸੀ। ਇਸ ਦਾ ਕਾਰਨ ਭਾਵੇਂ ਜੋ ਵੀ ਸੀ, ਏਹੂਦ ਹਿੰਮਤ ਕਰ ਕੇ ਇਕੱਲਾ ਹੀ ਵਾਪਸ ਰਾਜੇ ਦੇ ਮਹਿਲ ਵੱਲ ਮੁੜ ਆਇਆ ਸੀ।
“[ਏਹੂਦ] ਪੱਥਰ ਦੀ ਖਾਣ ਕੋਲੋਂ ਜੋ ਗਿਲਗਾਲ ਵਿੱਚ ਹੈ ਮੁੜ ਆਇਆ ਅਤੇ ਆਖਿਆ, ਹੇ ਮਹਾਰਾਜ, ਤੇਰੇ ਲਈ ਇੱਕ ਗੁੱਝਾ ਸੰਦੇਸਾ ਮੇਰੇ ਕੋਲ ਹੈ।” ਬਾਈਬਲ ਵਿਚ ਇਹ ਨਹੀਂ ਦੱਸਿਆ ਗਿਆ ਕਿ ਉਹ ਰਾਜੇ ਦੇ ਸਾਮ੍ਹਣੇ ਦੁਬਾਰਾ ਪੇਸ਼ ਹੋਣ ਵਿਚ ਕਿਵੇਂ ਕਾਮਯਾਬ ਹੋਇਆ। ਪਹਿਰੇਦਾਰਾਂ ਨੂੰ ਉਸ ਉੱਤੇ ਸ਼ੱਕ ਕਿਉਂ ਨਹੀਂ ਹੋਇਆ? ਕੀ ਉਨ੍ਹਾਂ ਨੇ ਸੋਚਿਆ ਕਿ ਇਹ ਇਕੱਲਾ-ਕਾਰਾ ਇਸਰਾਏਲੀ ਉਨ੍ਹਾਂ ਦੇ ਸੁਆਮੀ ਲਈ ਕੋਈ ਖ਼ਤਰਾ ਨਹੀਂ ਸੀ? ਏਹੂਦ ਦੇ ਇਕੱਲੇ ਆਉਣ ਨਾਲ ਕੀ ਉਨ੍ਹਾਂ ਨੇ ਇਹ ਸੋਚਿਆ ਕਿ ਉਹ ਆਪਣੇ ਹੀ ਦੇਸ਼ ਵਾਸੀਆਂ ਨਾਲ ਵਿਸ਼ਵਾਸਘਾਤ ਕਰਨ ਲਈ ਪਰਤਿਆ ਸੀ? ਜੋ ਵੀ ਸੀ, ਏਹੂਦ ਨੇ ਰਾਜੇ ਨਾਲ ਗੁਪਤ ਵਿਚ ਗੱਲ ਕਰਨ ਦੀ ਇਜਾਜ਼ਤ ਮੰਗੀ ਜੋ ਉਸ ਨੂੰ ਮਿਲ ਗਈ।—ਨਿਆਈਆਂ 3:19.
ਬਾਈਬਲ ਅੱਗੇ ਦੱਸਦੀ ਹੈ: “ਏਹੂਦ [ਅਗਲੋਨ] ਦੇ ਕੋਲ ਆਇਆ, ਉਸ ਵੇਲੇ ਉਹ ਵਾ ਖੋਰੀ ਚੁਬਾਰੇ ਵਿੱਚ ਜੋ ਨਿਰਾ ਉਹ ਦੇ ਲਈ ਸੀ ਬੈਠਾ ਹੋਇਆ ਸੀ ਤਾਂ ਏਹੂਦ ਨੇ ਆਖਿਆ, ਤੇਰੇ ਲਈ ਮੇਰੇ ਕੋਲ ਪਰਮੇਸ਼ੁਰ ਦੀ ਵੱਲੋਂ ਇੱਕ ਸੰਦੇਸਾ ਹੈ।” ਏਹੂਦ ਉਸ ਨੂੰ ਕੋਈ ਰੱਬੀ ਸੰਦੇਸ਼ ਨਹੀਂ ਦੇਣਾ ਚਾਹੁੰਦਾ ਸੀ। ਉਹ ਤਾਂ ਸਿਰਫ਼ ਆਪਣੀ ਕਟਾਰ ਵਰਤਣ ਬਾਰੇ ਸੋਚ ਰਿਹਾ ਸੀ। ਸ਼ਾਇਦ ਆਪਣੇ ਦੇਵਤੇ ਕਮੋਸ਼ ਤੋਂ ਕੋਈ ਸੰਦੇਸ਼ ਸੁਣਨ ਦੀ ਆਸ ਵਿਚ ਰਾਜਾ “ਚੌਂਕੀ ਉੱਤੋਂ ਉੱਠ ਖਲੋਤਾ।” ਉਸੇ ਵੇਲੇ ਏਹੂਦ ਨੇ ਝੱਟ ਆਪਣੀ ਕਟਾਰ ਕੱਢ ਕੇ ਅਗਲੋਨ ਦੇ ਢਿੱਡ ਵਿਚ ਖੋਭ ਦਿੱਤੀ। ਕਟਾਰ ਬਿਲਕੁਲ ਸਿੱਧੀ ਸੀ। ਇਸ ਲਈ “ਫਲ ਦੇ ਸਣੇ ਮੁੱਠ ਭੀ ਵਿੱਚ ਧਸ ਗਈ ਅਤੇ ਕਟਾਰ ਚਰਬੀ ਦੇ ਵਿੱਚ ਜਾ ਖੁੱਭੀ . . . ਅਤੇ ਬਿਸ਼ਟਾ ਨਿਕੱਲ ਪਿਆ।” (ਨਿਆਈਆਂ 3:20-22) ਉਸ ਦਾ ਬਿਸ਼ਟਾ ਜਾਂ ਤਾਂ ਸ਼ਾਇਦ ਜ਼ਖ਼ਮ ਵਿੱਚੋਂ ਬਾਹਰ ਨਿਕਲਿਆ ਹੋਣਾ ਜਾਂ ਫਿਰ ਮਰਦੇ-ਮਰਦੇ ਉਸ ਦੀ ਟੱਟੀ ਨਿਕਲ ਗਈ।
ਏਹੂਦ ਆਸਾਨੀ ਨਾਲ ਭੱਜ ਨਿਕਲਿਆ
ਅਗਲੋਨ ਦੇ ਢਿੱਡ ਵਿੱਚੋਂ ਆਪਣੀ ਕਟਾਰ ਕੱਢੇ ਬਿਨਾਂ “ਏਹੂਦ ਨੇ ਬਾਹਰ ਸੁਫੇ ਵਿੱਚ ਆ ਕੇ ਚੁਬਾਰੇ ਦਾ ਬੂਹਾ ਆਪਣੇ ਮਗਰੋਂ ਭੇੜਿਆ ਅਰ ਜੰਦਰਾ ਮਾਰ ਦਿੱਤਾ। ਜਦ ਉਹ ਨਿੱਕਲ ਗਿਆ ਤਾਂ [ਅਗਲੋਨ] ਦੇ ਟਹਿਲੂਏ ਆਏ ਅਤੇ ਜਾਂ ਉਨ੍ਹਾਂ ਨੇ ਡਿੱਠਾ, ਵੇਖੋ, ਚੁਬਾਰੇ ਦੇ ਬੂਹੇ ਵੱਜੇ ਹੋਏ ਸਨ ਤਾਂ ਓਹ ਬੋਲੇ, ਉਹ ਵਾ ਖੋਰੇ ਚੁਬਾਰੇ ਵਿੱਚ ਸੁਚੇਤੇ ਬੈਠਾ ਹੋਊ।”—ਨਿਆਈਆਂ 3:23, 24.
ਉਹ ‘ਸੁਫਾ’ ਕੀ ਸੀ ਜਿਸ ਰਾਹੀਂ ਏਹੂਦ ਭੱਜ ਨਿਕਲਿਆ ਸੀ? ਇਕ ਕਿਤਾਬ ਕਹਿੰਦੀ ਹੈ ਕਿ ਸੁਫ਼ੇ ਲਈ ਇਬਰਾਨੀ ਸ਼ਬਦ ਦਾ ਸਹੀ ਮਤਲਬ ਪਤਾ ਨਹੀਂ ਹੈ। ਪਰ ਕੁਝ ਵਿਦਵਾਨਾਂ
ਦਾ ਖ਼ਿਆਲ ਹੈ ਕਿ ਇਸ ਦਾ ਮਤਲਬ ਸ਼ਾਇਦ ਡਿਉਢੀ ਹੋ ਸਕਦਾ ਹੈ। ਕੀ ਏਹੂਦ ਦਰਵਾਜ਼ਿਆਂ ਨੂੰ ਅੰਦਰੋਂ ਜੰਦਰਾ ਮਾਰ ਕੇ ਕਿਸੇ ਦੂਸਰੇ ਰਸਤਿਓਂ ਭੱਜਿਆ ਸੀ? ਜਾਂ ਕੀ ਉਸ ਨੇ ਮਰੇ ਰਾਜੇ ਦੀ ਚਾਬੀ ਲੈ ਕੇ ਦਰਵਾਜ਼ਿਆਂ ਨੂੰ ਬਾਹਰੋਂ ਜੰਦਰਾ ਮਾਰ ਦਿੱਤਾ ਸੀ? ਫਿਰ ਕੀ ਉਹ ਬੜੇ ਆਰਾਮ ਨਾਲ ਪਹਿਰੇਦਾਰਾਂ ਕੋਲੋਂ ਦੀ ਲੰਘ ਗਿਆ ਜਿਵੇਂ ਕਿ ਕੁਝ ਹੋਇਆ ਹੀ ਨਹੀਂ ਸੀ? ਬਾਈਬਲ ਇਨ੍ਹਾਂ ਗੱਲਾਂ ਬਾਰੇ ਕੁਝ ਨਹੀਂ ਦੱਸਦੀ। ਪਰ ਏਹੂਦ ਭਾਵੇਂ ਜਿੱਦਾਂ ਮਰਜ਼ੀ ਭੱਜਿਆ ਸੀ, ਅਗਲੋਨ ਦੇ ਨੌਕਰਾਂ ਨੂੰ ਦਰਵਾਜ਼ਿਆਂ ਦੇ ਜ਼ਿੰਦਰੇ ਲੱਗੇ ਹੋਣ ਤੇ ਤੁਰੰਤ ਕੋਈ ਸ਼ੱਕ ਨਹੀਂ ਹੋਇਆ। ਉਨ੍ਹਾਂ ਨੇ ਤਾਂ ਸੋਚਿਆ ਕਿ ਰਾਜਾ “ਸੁਚੇਤੇ ਬੈਠਾ ਹੋਊ।”ਜਦੋਂ ਪਹਿਰੇਦਾਰ ਰਾਜੇ ਦੇ ਬਾਹਰ ਨਿਕਲਣ ਦੀ ਉਡੀਕ ਕਰ ਰਹੇ ਸਨ, ਤਦ ਤਕ ਏਹੂਦ ਉਨ੍ਹਾਂ ਤੋਂ ਬਚ ਕੇ ਨਿਕਲ ਗਿਆ ਸੀ। ਫਿਰ ਉਸ ਨੇ ਆਪਣੇ ਲੋਕਾਂ ਨੂੰ ਸੱਦਿਆ ਤੇ ਕਿਹਾ: “ਮੇਰੇ ਮਗਰ ਮਗਰ ਤੁਰੋ ਕਿਉਂ ਜੋ ਯਹੋਵਾਹ ਨੇ ਤੁਹਾਡੇ ਮੋਆਬੀ ਵੈਰੀਆਂ ਨੂੰ ਤੁਹਾਡੇ ਹੱਥ ਕਰ ਦਿੱਤਾ ਹੈ।” ਯਰਦਨ ਨਦੀ ਨੂੰ ਪਾਰ ਕਰਨ ਦੇ ਰਸਤਿਆਂ ਉੱਤੇ ਕਬਜ਼ਾ ਕਰ ਕੇ ਏਹੂਦ ਦੇ ਫ਼ੌਜੀਆਂ ਨੇ ਸਾਰੇ ਰਾਹ ਬੰਦ ਕਰ ਦਿੱਤੇ ਤਾਂਕਿ ਮੋਆਬੀ ਆਪਣੇ ਦੇਸ਼ ਨਾ ਭੱਜ ਸਕਣ। ਇਸਰਾਏਲੀਆਂ ਨੇ ‘ਉਸ ਵੇਲੇ ਮੋਆਬ ਦੇ ਦਸ ਕੁ ਹਜ਼ਾਰ ਮਨੁੱਖ ਵੱਢ ਸੁੱਟੇ ਜੋ ਸਾਰੇ ਮੋਟੇ ਅਤੇ ਤਕੜੇ ਜਣੇ ਸਨ ਅਰ ਉਨ੍ਹਾਂ ਵਿੱਚੋਂ ਇੱਕ ਭੀ ਨਾ ਬਚਿਆ। ਸੋ ਉਸ ਦਿਨ ਇਸਰਾਏਲ ਦੇ ਹੱਥ ਵਿੱਚ ਮੋਆਬ ਆਇਆ ਅਤੇ ਅੱਸੀਆਂ ਵਰਿਹਾਂ ਤੋੜੀਂ ਉਹ ਦੇਸ ਸੁਖ ਭੋਗਦਾ ਰਿਹਾ।’—ਨਿਆਈਆਂ 3:25-30.
ਸਾਡੇ ਲਈ ਸਬਕ
ਏਹੂਦ ਦੇ ਦਿਨਾਂ ਵਿਚ ਜੋ ਵੀ ਹੋਇਆ, ਉਸ ਤੋਂ ਅਸੀਂ ਸਿੱਖਦੇ ਹਾਂ ਕਿ ਯਹੋਵਾਹ ਦੇ ਹੁਕਮਾਂ ਦੀ ਉਲੰਘਣਾ ਕਰਨ ਦੇ ਕਿੰਨੇ ਮਾੜੇ ਨਤੀਜੇ ਭੁਗਤਣੇ ਪੈ ਸਕਦੇ ਹਨ। ਦੂਸਰੇ ਪਾਸੇ, ਯਹੋਵਾਹ ਉਨ੍ਹਾਂ ਦੀ ਮਦਦ ਕਰਦਾ ਹੈ ਜੋ ਤੋਬਾ ਕਰ ਕੇ ਉਸ ਵੱਲ ਮੁੜ ਆਉਂਦੇ ਹਨ।
ਏਹੂਦ ਆਪਣੀ ਚਲਾਕੀ ਕਰਕੇ ਜਾਂ ਦੁਸ਼ਮਣ ਕਮਜ਼ੋਰ ਹੋਣ ਕਰਕੇ ਆਪਣੇ ਕੰਮ ਵਿਚ ਕਾਮਯਾਬ ਨਹੀਂ ਹੋਇਆ ਸੀ। ਪਰਮੇਸ਼ੁਰ ਦੇ ਮਕਸਦਾਂ ਦੀ ਪੂਰਤੀ ਇਨਸਾਨਾਂ ਦੀ ਯੋਗਤਾ ਉੱਤੇ ਨਿਰਭਰ ਨਹੀਂ ਕਰਦੀ। ਏਹੂਦ ਦੀ ਕਾਮਯਾਬੀ ਦਾ ਇੱਕੋ-ਇਕ ਰਾਜ਼ ਸੀ ਕਿ ਪਰਮੇਸ਼ੁਰ ਨੇ ਉਸ ਦੀ ਮਦਦ ਕੀਤੀ ਕਿਉਂਕਿ ਉਸ ਨੇ ਪਰਮੇਸ਼ੁਰ ਦੀ ਇੱਛਾ ਅਨੁਸਾਰ ਪਰਮੇਸ਼ੁਰ ਦੇ ਲੋਕਾਂ ਨੂੰ ਛੁਡਾਉਣ ਲਈ ਕਦਮ ਚੁੱਕੇ ਸਨ। ਪਰਮੇਸ਼ੁਰ ਨੇ ਏਹੂਦ ਨੂੰ ਚੁਣਿਆ ਸੀ ਅਤੇ “ਜਦ ਯਹੋਵਾਹ ਨੇ [ਆਪਣੇ ਲੋਕਾਂ] ਦੇ ਲਈ ਨਿਆਈਆਂ ਨੂੰ ਠਹਿਰਾਇਆ ਤਾਂ ਯਹੋਵਾਹ ਉਨ੍ਹਾਂ ਨਿਆਈਆਂ ਦੇ ਸੰਗ ਸੀ।”—ਨਿਆਈਆਂ 2:18; 3:15.