‘ਤੂੰ ਪਹਾੜਾਂ ਨਾਲੋਂ ਤੇਜਵਾਨ ਹੈਂ’
ਯਹੋਵਾਹ ਦੀ ਸ੍ਰਿਸ਼ਟੀ ਦੀ ਸ਼ਾਨ
‘ਤੂੰ ਪਹਾੜਾਂ ਨਾਲੋਂ ਤੇਜਵਾਨ ਹੈਂ’
ਮਾਊਂਟ ਫ਼ੂਜੀ ਦੀ ਚੋਟੀ ਉੱਪਰ ਪੈਂਦੀਆਂ ਸਵੇਰ ਦੀਆਂ ਸੁਨਹਿਰੀ ਕਿਰਨਾਂ ਨੂੰ ਦੇਖਣਾ ਇਕ ਨਾ ਭੁੱਲਣ ਵਾਲਾ ਤਜਰਬਾ ਹੈ। ਜਦੋਂ ਆਸਮਾਨ ਵਿਚ ਗੂੜ੍ਹੇ ਲਾਲ ਰੰਗ ਦਾ ਸੂਰਜ ਚੜ੍ਹਦਾ ਹੈ, ਤਾਂ ਪਹਾੜ ਉੱਤੇ ਚਿੱਟੀ ਬਰਫ਼ ਅਤੇ ਸਲੇਟੀ ਚਟਾਨਾਂ ਜਗਮਗਾ ਉੱਠਦੀਆਂ ਹਨ। ਜਿਉਂ-ਜਿਉਂ ਸੂਰਜ ਉੱਚਾ ਹੁੰਦਾ ਹੈ, ਪਹਾੜ ਦਾ ਪਰਛਾਵਾਂ ਮੀਲਾਂ ਤਕ ਫੈਲੀਆਂ ਪਹਾੜੀਆਂ ਅਤੇ ਵਾਦੀਆਂ ਉੱਤੇ ਪਸਰ ਜਾਂਦਾ ਹੈ।
ਜਪਾਨੀ ਭਾਸ਼ਾ ਵਿਚ ਮਾਊਂਟ ਫ਼ੂਜੀ ਦਾ ਮਤਲਬ ਹੈ ਕਿ ਦੁਨੀਆਂ ਵਿਚ ਉਸ ਵਰਗਾ ਕੋਈ ਨਹੀਂ। ਮਾਊਂਟ ਫ਼ੂਜੀ ਤੇ ਦੂਸਰੇ ਪਹਾੜਾਂ ਨੂੰ ਦੇਖ ਕੇ ਅਸੀਂ ਹੈਰਾਨ ਹੁੰਦੇ ਹਾਂ। ਵੱਡੇ-ਵੱਡੇ ਪਹਾੜਾਂ ਸਾਮ੍ਹਣੇ ਅਸੀਂ ਆਪਣੇ ਆਪ ਨੂੰ ਬੌਣੇ ਮਹਿਸੂਸ ਕਰਦੇ ਹਾਂ। ਪਹਾੜਾਂ ਦੀ ਸ਼ਾਨ ਇੰਨੀ ਜ਼ਿਆਦਾ ਹੈ ਕਿ ਬਹੁਤ ਸਾਰੇ ਲੋਕ ਮੰਨਦੇ ਹਨ ਕਿ ਦੁਨੀਆਂ ਦੇ ਉੱਚੇ-ਉੱਚੇ ਪਹਾੜਾਂ ਦੀਆਂ ਧੁੰਦ ਅਤੇ ਬੱਦਲਾਂ ਨਾਲ ਢੱਕੀਆਂ ਚੋਟੀਆਂ ਦੇਵੀ-ਦੇਵਤਿਆਂ ਦਾ ਨਿਵਾਸ ਸਥਾਨ ਹਨ।
ਇਨ੍ਹਾਂ ਸ਼ਾਨਦਾਰ ਪਹਾੜਾਂ ਕਰਕੇ ਸਿਰਫ਼ ਇੱਕੋ-ਇਕ ਪਰਮੇਸ਼ੁਰ ਯਹੋਵਾਹ ਦੀ ਹੀ ਮਹਿਮਾ ਕੀਤੀ ਜਾ ਸਕਦੀ ਹੈ ਕਿਉਂਕਿ ਉਸ ਨੇ ਹੀ ਇਨ੍ਹਾਂ ਨੂੰ ਬੜੀ ਕਾਰੀਗਰੀ ਨਾਲ ਬਣਾਇਆ ਹੈ। ਉਹੀ “ਪਹਾੜਾਂ ਦਾ ਸਾਜਣ ਵਾਲਾ” ਹੈ। (ਆਮੋਸ 4:13) ਧਰਤੀ ਦਾ ਇਕ ਚੌਥਾਈ ਹਿੱਸਾ ਪਹਾੜੀ ਹੈ ਅਤੇ ਜਦੋਂ ਪਰਮੇਸ਼ੁਰ ਨੇ ਧਰਤੀ ਦੀ ਰਚਨਾ ਕੀਤੀ ਸੀ, ਤਾਂ ਉਸ ਨੇ ਧਰਤੀ ਵਿਚ ਅਜਿਹੀਆਂ ਭੌਤਿਕ ਸ਼ਕਤੀਆਂ ਪਾਈਆਂ ਜਿਨ੍ਹਾਂ ਨਾਲ ਸੋਹਣੀਆਂ-ਸੋਹਣੀਆਂ ਚੋਟੀਆਂ ਅਤੇ ਪਹਾੜ ਬਣੇ। (ਜ਼ਬੂਰਾਂ ਦੀ ਪੋਥੀ 95:4) ਉਦਾਹਰਣ ਲਈ ਇਹ ਮੰਨਿਆ ਜਾਂਦਾ ਹੈ ਕਿ ਹਿਮਾਲੀਆ ਪਰਬਤ ਅਤੇ ਐਂਡੀਜ਼ ਪਹਾੜ ਧਰਤੀ ਦੀਆਂ ਪਰਤਾਂ ਵਿਚ ਹੁੰਦੀ ਉੱਥਲ-ਪੁੱਥਲ ਕਾਰਨ ਹੋਂਦ ਵਿਚ ਆਏ ਸਨ।
ਇਨਸਾਨ ਇਸ ਗੱਲ ਨੂੰ ਪੂਰੀ ਤਰ੍ਹਾਂ ਨਹੀਂ ਸਮਝ ਸਕਦੇ ਕਿ ਪਹਾੜ ਕਿਉਂ ਅਤੇ ਕਿਵੇਂ ਹੋਂਦ ਵਿਚ ਆਏ। ਅਸਲ ਵਿਚ ਅਸੀਂ ਧਰਮੀ ਅੱਯੂਬ ਨੂੰ ਪੁੱਛੇ ਗਏ ਸਵਾਲਾਂ ਦੇ ਜਵਾਬ ਨਹੀਂ ਦੇ ਸਕਦੇ: “ਤੂੰ ਕਿੱਥੇ ਸੈਂ ਜਦ ਮੈਂ [ਯਹੋਵਾਹ ਨੇ] ਧਰਤੀ ਦੀ ਨੀਉਂ ਰੱਖੀ? . . . ਕਾਹ ਦੇ ਉੱਤੇ ਉਹ ਦੀਆਂ ਟੇਕਾਂ ਰੱਖੀਆਂ ਗਈਆਂ।”—ਅੱਯੂਬ 38:4-6.
ਪਰ ਅਸੀਂ ਇੰਨਾ ਜ਼ਰੂਰ ਜਾਣਦੇ ਹਾਂ ਕਿ ਪਹਾੜਾਂ ਉੱਤੇ ਸਾਡੀ ਜ਼ਿੰਦਗੀ ਨਿਰਭਰ ਕਰਦੀ ਹੈ। ਇਨ੍ਹਾਂ ਨੂੰ ਪਾਣੀ ਦੇ ਭੰਡਾਰ ਕਿਹਾ ਜਾਂਦਾ ਹੈ ਕਿਉਂਕਿ ਸਾਰੀਆਂ ਮੁੱਖ ਨਦੀਆਂ ਦਾ ਪਾਣੀ ਪਹਾੜਾਂ ਉੱਤੋਂ ਹੀ ਆਉਂਦਾ ਹੈ ਅਤੇ ਦੁਨੀਆਂ ਦੇ ਅੱਧੇ ਲੋਕ ਇਸ ਪਾਣੀ ਉੱਤੇ ਨਿਰਭਰ ਕਰਦੇ ਹਨ। (ਜ਼ਬੂਰਾਂ ਦੀ ਪੋਥੀ 104:13) ਨਿਊ ਸਾਇੰਟਿਸਟ ਰਸਾਲੇ ਮੁਤਾਬਕ “ਦੁਨੀਆਂ ਦੇ ਭੋਜਨ ਪ੍ਰਦਾਨ ਕਰਨ ਵਾਲੇ 20 ਮੁੱਖ ਪੌਦਿਆਂ ਵਿੱਚੋਂ ਛੇ ਪੌਦੇ ਪਹਾੜਾਂ ਉੱਤੇ ਉੱਗਦੇ ਹਨ।” ਪਰਮੇਸ਼ੁਰ ਦੀ ਨਵੀਂ ਦੁਨੀਆਂ ਵਿਚ ਬਿਲਕੁਲ ਸਹੀ ਮੌਸਮ ਹੋਵੇਗਾ ਜਿਸ ਕਰਕੇ ‘ਧਰਤੀ ਵਿੱਚ ਪਹਾੜਾਂ ਦੀ ਟੀਸੀ ਉੱਤੇ ਬਹੁਤਾ ਅੰਨ ਹੋਵੇਗਾ।’—ਜ਼ਬੂਰਾਂ ਦੀ ਪੋਥੀ 72:16; 2 ਪਤਰਸ 3:13.
ਜਦੋਂ ਪਹਾੜਾਂ ਦੀ ਗੱਲ ਚੱਲਦੀ ਹੈ, ਤਾਂ ਬਹੁਤ ਸਾਰੇ ਲੋਕਾਂ ਦੇ ਮਨ ਵਿਚ ਯੂਰਪ ਦੇ ਐਲਪਸ ਪਹਾੜ ਆਉਂਦੇ ਹਨ। ਇਨ੍ਹਾਂ ਪਹਾੜਾਂ ਵਿਚ ਮਾਊਂਟ ਚੀਵੈਟਾ ਵੀ ਹੈ ਜਿਸ ਦੀ ਤਸਵੀਰ ਇੱਥੇ ਦਿੱਤੀ ਗਈ ਹੈ। ਐਲਪਸ ਪਹਾੜ ਆਪਣੇ ਸਿਰਜਣਹਾਰ ਦੀ ਸ਼ਾਨ ਦੀ ਮਹਿਮਾ ਕਰਦੇ ਹਨ। (ਜ਼ਬੂਰਾਂ ਦੀ ਪੋਥੀ 98:8) ਉਹ ਯਹੋਵਾਹ ਦੀ ਵਡਿਆਈ ਕਰਦੇ ਹਨ ਜੋ ‘ਆਪਣੀ ਸ਼ਕਤੀ ਨਾਲ ਪਹਾੜਾਂ ਨੂੰ ਦ੍ਰਿੜ੍ਹ ਕਰਦਾ ਹੈ।’—ਜ਼ਬੂਰਾਂ ਦੀ ਪੋਥੀ 65:6. *
ਸ਼ਾਨਦਾਰ ਐਲਪਸ ਪਹਾੜ ਦੀਆਂ ਬਰਫ਼ ਨਾਲ ਢੱਕੀਆਂ ਚੋਟੀਆਂ, ਟੀਸੀਆਂ, ਢਲਾਣਾਂ ਅਤੇ ਇਸ ਦੀਆਂ ਵਾਦੀਆਂ, ਝੀਲਾਂ ਅਤੇ ਚਰਾਂਦਾਂ ਸੱਚ-ਮੁੱਚ ਸਾਨੂੰ ਅਚੰਭਿਤ ਕਰਦੀਆਂ ਹਨ। ਰਾਜਾ ਦਾਊਦ ਨੇ ਸਾਫ਼-ਸਾਫ਼ ਕਿਹਾ ਕਿ ਯਹੋਵਾਹ ਹੀ “ਪਹਾੜਾਂ ਉੱਤੇ ਘਾਹ ਉਗਾਉਂਦਾ ਹੈ।”—ਜ਼ਬੂਰਾਂ ਦੀ ਪੋਥੀ 147:8.
ਇੱਥੇ ਦਿਖਾਈਆਂ ਗਈਆਂ ਚੀਨ ਦੇ ਸ਼ਹਿਰ ਗਵੇਲਿਨ ਦੀਆਂ ਪਹਾੜੀਆਂ ਤੇ ਹੋਰ ਪਹਾੜੀਆਂ ਦੇਖਣ ਨੂੰ ਸ਼ਾਇਦ ਐਲਪਸ ਪਹਾੜ ਵਾਂਗ ਇੰਨੀਆਂ ਸ਼ਾਨਦਾਰ ਨਾ ਲੱਗਣ, ਜ਼ਬੂਰਾਂ ਦੀ ਪੋਥੀ 104:10.
ਪਰ ਇਹ ਵੀ ਬਹੁਤ ਖ਼ੂਬਸੂਰਤ ਹਨ। ਲੀ ਨਦੀ ਦੇ ਕੰਢੇ ਦੇ ਨਾਲ-ਨਾਲ ਚੂਨਾ-ਪੱਥਰ ਦੀਆਂ ਇਹ ਚੋਟੀਆਂ-ਦਰ-ਚੋਟੀਆਂ ਲੋਕਾਂ ਨੂੰ ਆਪਣੀ ਖ਼ੂਬਸੂਰਤੀ ਨਾਲ ਖ਼ੁਸ਼ ਕਰਦੀਆਂ ਹਨ। ਧੁੰਦ ਨਾਲ ਕੱਜੀਆਂ ਇਨ੍ਹਾਂ ਪਹਾੜੀਆਂ ਵਿੱਚੋਂ ਦੀ ਸਾਫ਼ ਪਾਣੀ ਨੂੰ ਵੱਗਦੇ ਦੇਖਣ ਨਾਲ ਜ਼ਬੂਰਾਂ ਦੇ ਲਿਖਾਰੀ ਦੇ ਇਹ ਸ਼ਬਦ ਮਨ ਵਿਚ ਆਉਂਦੇ ਹਨ: “ਤੂੰ [ਯਹੋਵਾਹ] ਚਸ਼ਮੇ ਵਾਦੀਆਂ ਵਿੱਚ ਵਗਾਉਂਦਾ ਹੈਂ, ਓਹ ਪਹਾੜਾਂ ਦੇ ਵਿੱਚ ਦੀ ਚੱਲਦੇ ਹਨ।”—ਅਸੀਂ ਪਹਾੜਾਂ ਦੀ ਖ਼ੂਬਸੂਰਤੀ ਤੋਂ ਪ੍ਰਭਾਵਿਤ ਹੋਏ ਬਿਨਾਂ ਨਹੀਂ ਰਹਿ ਸਕਦੇ ਕਿਉਂਕਿ ਅਸੀਂ ਜਾਣਦੇ ਹਾਂ ਕਿ ਸਿਰਜਣਹਾਰ ਨੇ ਮਨੁੱਖਜਾਤੀ ਦੇ ਭਲੇ ਅਤੇ ਖ਼ੁਸ਼ੀ ਲਈ ਇਨ੍ਹਾਂ ਨੂੰ ਬਣਾਇਆ ਹੈ। ਪਰ ਪਹਾੜਾਂ ਦੀ ਸ਼ਾਨ ਭਾਵੇਂ ਕਿੰਨੀ ਵੀ ਉੱਚੀ ਕਿਉਂ ਨਾ ਹੋਵੇ, ਉਹ ਯਹੋਵਾਹ ਦੀ ਸ਼ਾਨ ਦਾ ਮੁਕਾਬਲਾ ਨਹੀਂ ਕਰ ਸਕਦੇ। ਯਹੋਵਾਹ ਸੱਚ-ਮੁੱਚ ‘ਪਹਾੜਾਂ ਨਾਲੋਂ ਤੇਜਵਾਨ’ ਹੈ।—ਜ਼ਬੂਰਾਂ ਦੀ ਪੋਥੀ 76:4.
[ਫੁਟਨੋਟ]
^ ਪੈਰਾ 8 ਯਹੋਵਾਹ ਦੇ ਗਵਾਹਾਂ ਦੁਆਰਾ ਛਾਪਿਆ ਗਿਆ ਕਲੰਡਰ 2004, ਮਾਰਚ/ਅਪ੍ਰੈਲ ਦੇਖੋ।
[ਡੱਬੀ/ਸਫ਼ੇ 9 ਉੱਤੇ ਤਸਵੀਰ]
ਦੁਨੀਆਂ ਦੀ ਆਬਾਦੀ ਦਾ ਦਸਵਾਂ ਹਿੱਸਾ ਪਹਾੜੀ ਇਲਾਕਿਆਂ ਵਿਚ ਰਹਿੰਦਾ ਹੈ। ਪਰ ਪਹਾੜ ਉਨ੍ਹਾਂ ਲੋਕਾਂ ਲਈ ਕੋਈ ਰੁਕਾਵਟ ਨਹੀਂ ਹਨ ਜਿਹੜੇ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਸੁਣਾਉਂਦੇ ਹਨ। ਇਹ ਮਸੀਹੀ ਪ੍ਰਚਾਰਕ ਕਈ ਉੱਚੇ-ਉੱਚੇ ਪਹਾੜੀ ਇਲਾਕਿਆਂ ਵਿਚ ਆਪਣੇ ਕੰਮ ਵਿਚ ਰੁੱਝੇ ਹੋਏ ਹਨ। ਅਤੇ ‘ਉਹ ਦੇ ਪੈਰ ਪਹਾੜਾਂ ਉੱਤੇ ਕਿੰਨੇ ਫੱਬਦੇ ਹਨ ਜਿਹੜਾ ਖੁਸ਼ ਖਬਰੀ ਲੈ ਆਉਂਦਾ ਹੈ, ਜਿਹੜਾ ਸ਼ਾਂਤੀ ਸੁਣਾਉਂਦਾ, ਭਲਿਆਈ ਦੀ ਖੁਸ਼ ਖਬਰੀ ਲਿਆਉਂਦਾ, ਜਿਹੜਾ ਮੁਕਤੀ ਸੁਣਾਉਂਦਾ ਹੈ!’—ਯਸਾਯਾਹ 52:7.
ਜ਼ਬੂਰਾਂ ਦੇ ਲਿਖਾਰੀ ਨੇ ਗੀਤ ਗਾਉਂਦੇ ਹੋਏ ਕਿਹਾ: “ਉੱਚੇ ਪਹਾੜ ਬਣ ਬੱਕਰਿਆਂ ਲਈ ਹਨ।” (ਜ਼ਬੂਰਾਂ ਦੀ ਪੋਥੀ 104:18) ਸੋਹਣੇ ਸਿੰਗਾਂ ਵਾਲੇ ਨੂਬੀਅਨ ਆਈਬੈਕਸ ਵਰਗੇ ਪਹਾੜੀ ਬੱਕਰੇ ਸਾਰੇ ਪਹਾੜੀ ਇਲਾਕਿਆਂ ਦੇ ਪੱਕੇ ਨਿਵਾਸੀ ਹਨ। ਇਹ ਬੱਕਰੇ ਪਹਾੜੀ ਇਲਾਕਿਆਂ ਵਿਚ ਚਟਾਨਾਂ ਉੱਤੇ ਆਸਾਨੀ ਨਾਲ ਤੁਰਦੇ-ਫਿਰਦੇ ਹਨ ਜਿਨ੍ਹਾਂ ਤੇ ਜਾਣਾ ਅਸੰਭਵ ਲੱਗਦਾ ਹੈ। ਇਹ ਪਹਾੜੀ ਬੱਕਰੇ ਅਜਿਹੇ ਇਲਾਕਿਆਂ ਵਿਚ ਰਹਿਣ ਦੇ ਯੋਗ ਹਨ, ਖ਼ਾਸ ਕਰਕੇ ਆਪਣੇ ਖੁਰਾਂ ਦੀ ਬਣਤਰ ਕਰਕੇ। ਬੱਕਰੇ ਦੇ ਭਾਰ ਹੇਠ ਉਸ ਦੇ ਖੁਰ ਫੈਲ ਜਾਂਦੇ ਹਨ ਜਿਸ ਤੋਂ ਇਨ੍ਹਾਂ ਨੂੰ ਭੀੜੇ ਰਾਹਾਂ ਉੱਤੇ ਖੜ੍ਹੇ ਹੋਣ ਸਮੇਂ ਜਾਂ ਤੁਰਦੇ ਸਮੇਂ ਮਜ਼ਬੂਤੀ ਮਿਲਦੀ ਹੈ। ਜੀ ਹਾਂ, ਇਹ ਪਹਾੜੀ ਬੱਕਰੇ ਸ੍ਰਿਸ਼ਟੀ ਦੀ ਬਹੁਤ ਹੀ ਵਧੀਆ ਮਿਸਾਲ ਹਨ!
[ਸਫ਼ੇ 9 ਉੱਤੇ ਤਸਵੀਰ]
ਮਾਊਂਟ ਫ਼ੂਜੀ, ਹਾਂਸ਼ੂ, ਜਪਾਨ