Skip to content

Skip to table of contents

ਯਾਦਗਾਰੀ ਸਮਾਰੋਹ ਕਿਵੇਂ ਮਨਾਇਆ ਜਾਂਦਾ ਹੈ?

ਯਾਦਗਾਰੀ ਸਮਾਰੋਹ ਕਿਵੇਂ ਮਨਾਇਆ ਜਾਂਦਾ ਹੈ?

ਯਾਦਗਾਰੀ ਸਮਾਰੋਹ ਕਿਵੇਂ ਮਨਾਇਆ ਜਾਂਦਾ ਹੈ?

ਪ੍ਰਭੂ ਦੇ ਆਖ਼ਰੀ ਭੋਜਨ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਮਸੀਹੀ ਰਸੂਲ ਪੌਲੁਸ ਲਿਖਦਾ ਹੈ: “ਮੈਂ ਤਾਂ ਇਹ ਗੱਲ ਪ੍ਰਭੁ ਤੋਂ ਪਾਈ ਸੀ ਜਿਹੜੀ ਤੁਹਾਨੂੰ ਸੌਂਪ ਦਿੱਤੀ ਭਈ ਪ੍ਰਭੁ ਯਿਸੂ ਨੇ ਜਿਸ ਰਾਤ ਉਹ ਫੜਵਾਇਆ ਗਿਆ ਸੀ ਰੋਟੀ ਲਈ ਅਤੇ ਸ਼ੁਕਰ ਕਰ ਕੇ ਤੋੜੀ ਅਤੇ ਕਿਹਾ, ਇਹ ਮੇਰਾ ਸਰੀਰ ਹੈ ਜੋ ਤੁਹਾਡੇ ਲਈ ਹੈ। ਮੇਰੀ ਯਾਦਗੀਰੀ ਲਈ ਇਹ ਕਰਿਆ ਕਰੋ। ਇਸੇ ਤਰਾਂ ਉਸ ਨੇ ਭੋਜਨ ਖਾਣ ਦੇ ਪਿੱਛੋਂ ਪਿਆਲਾ ਭੀ ਲਿਆ ਅਤੇ ਕਿਹਾ ਜੋ ਇਹ ਪਿਆਲਾ ਮੇਰੇ ਲਹੂ ਵਿੱਚ ਨਵਾਂ ਨੇਮ ਹੈ। ਜਦ ਕਦੇ ਤੁਸੀਂ ਇਹ ਨੂੰ ਪੀਵੋ ਤਾਂ ਮੇਰੀ ਯਾਦਗੀਰੀ ਲਈ ਇਹ ਕਰਿਆ ਕਰੋ। ਕਿਉਂਕਿ ਜਦ ਕਦੇ ਤੁਸੀਂ ਇਹ ਰੋਟੀ ਖਾਓ ਅਤੇ ਪਿਆਲਾ ਪੀਓ ਤਾਂ ਤੁਸੀਂ ਪ੍ਰਭੁ ਦੀ ਮੌਤ ਦਾ ਪਰਚਾਰ ਕਰਦੇ ਰਹਿੰਦੇ ਹੋ ਜਦ ਤੀਕਰ ਉਹ ਨਾ ਆਵੇ।”—1 ਕੁਰਿੰਥੀਆਂ 11:23-26.

ਪੌਲੁਸ ਦੇ ਸ਼ਬਦਾਂ ਅਨੁਸਾਰ, ਯਿਸੂ ਨੇ ਆਪਣੇ ਚੇਲਿਆਂ ਨਾਲ ਇਹ ਆਖ਼ਰੀ ਭੋਜਨ ਉਸ ਰਾਤ ਖਾਧਾ ਸੀ “ਜਿਸ ਰਾਤ ਉਹ ਫੜਵਾਇਆ ਗਿਆ ਸੀ।” ਉਹ ਵੀਰਵਾਰ 31 ਮਾਰਚ 33 ਸਾ.ਯੁ. ਦੀ ਸ਼ਾਮ ਸੀ। ਉਸੇ ਰਾਤ ਯਹੂਦਾ ਇਸਕਰਿਯੋਤੀ ਨੇ ਯਿਸੂ ਨਾਲ ਧੋਖਾ ਕਰ ਕੇ ਉਸ ਨੂੰ ਯਹੂਦੀ ਧਾਰਮਿਕ ਆਗੂਆਂ ਦੇ ਹੱਥ ਫੜਾ ਦਿੱਤਾ ਜਿਨ੍ਹਾਂ ਨੇ ਬਾਅਦ ਵਿਚ ਰੋਮੀ ਹਾਕਮਾਂ ਉੱਤੇ ਦਬਾਅ ਪਾ ਕੇ ਯਿਸੂ ਨੂੰ ਸੂਲੀ ਚਾੜ੍ਹ ਦਿੱਤਾ। ਯਿਸੂ ਨੇ ਸ਼ੁੱਕਰਵਾਰ 1 ਅਪ੍ਰੈਲ ਦੀ ਦੁਪਹਿਰ ਨੂੰ ਸੂਲੀ ਉੱਤੇ ਦਮ ਤੋੜਿਆ ਸੀ। ਯਹੂਦੀ ਆਪਣੇ ਕਲੰਡਰ ਅਨੁਸਾਰ ਇਕ ਸ਼ਾਮ ਤੋਂ ਲੈ ਕੇ ਦੂਸਰੀ ਸ਼ਾਮ ਤਕ ਇਕ ਦਿਨ ਗਿਣਦੇ ਸਨ, ਇਸ ਲਈ ਪ੍ਰਭੂ ਦਾ ਆਖ਼ਰੀ ਭੋਜਨ ਅਤੇ ਮਸੀਹ ਦੀ ਮੌਤ ਦੋਨੋਂ ਇੱਕੋ ਦਿਨ ਤੇ ਹੋਏ ਸਨ ਅਤੇ ਉਹ 14 ਨੀਸਾਨ 33 ਸਾ.ਯੁ. ਦਾ ਦਿਨ ਸੀ।

ਯਿਸੂ ਨੇ ਆਪਣੇ ਚੇਲਿਆਂ ਨੂੰ ਅਖ਼ਮੀਰੀ ਰੋਟੀ ਅਤੇ ਮੈ ਦਿੰਦੇ ਸਮੇਂ ਕਿਹਾ ਸੀ: “ਮੇਰੀ ਯਾਦਗੀਰੀ ਲਈ ਇਹ ਕਰਿਆ ਕਰੋ।” ਪ੍ਰਭੂ ਦੇ ਇਸ ਆਖ਼ਰੀ ਭੋਜਨ ਨੂੰ ਮਸੀਹ ਦੀ ਮੌਤ ਦੀ ਯਾਦਗਾਰ ਵੀ ਕਿਹਾ ਜਾਂਦਾ ਹੈ।

ਯਿਸੂ ਦੀ ਮੌਤ ਦੀ ਯਾਦਗਾਰ ਕਿਉਂ ਮਨਾਈਏ?

ਇਸ ਸਵਾਲ ਦਾ ਜਵਾਬ ਪਾਉਣ ਲਈ ਸਾਨੂੰ ਇਹ ਜਾਣਨ ਦੀ ਲੋੜ ਹੋਵੇਗੀ ਕਿ ਯਿਸੂ ਦੀ ਮੌਤ ਸਾਡੇ ਲਈ ਕੀ ਮਾਅਨੇ ਰੱਖਦੀ ਹੈ। ਯਿਸੂ ਨੇ ਮੌਤ ਤਕ ਯਹੋਵਾਹ ਪ੍ਰਤੀ ਵਫ਼ਾਦਾਰ ਰਹਿ ਕੇ ਯਹੋਵਾਹ ਪਰਮੇਸ਼ੁਰ ਅਤੇ ਉਸ ਦੇ ਰਾਜ ਦੀ ਪੱਕੀ ਹਿਮਾਇਤ ਕੀਤੀ। ਉਸ ਨੇ ਸਾਬਤ ਕਰ ਦਿੱਤਾ ਕਿ ਸ਼ਤਾਨ ਦਾ ਇਹ ਦਾਅਵਾ ਸਰਾਸਰ ਝੂਠਾ ਸੀ ਕਿ ਸਾਰੇ ਇਨਸਾਨ ਖ਼ੁਦਗਰਜ਼ ਹਨ ਅਤੇ ਸਿਰਫ਼ ਆਪਣੇ ਲਾਭ ਲਈ ਹੀ ਪਰਮੇਸ਼ੁਰ ਦੀ ਭਗਤੀ ਕਰਦੇ ਹਨ। (ਅੱਯੂਬ 2:1-5; ਕਹਾਉਤਾਂ 27:11) ਮੁਕੰਮਲ ਇਨਸਾਨ ਹੋਣ ਦੇ ਨਾਤੇ ਯਿਸੂ ਨੇ ਆਪਣੀ ਮੌਤ ਰਾਹੀਂ “ਬਹੁਤਿਆਂ ਦੇ ਥਾਂ ਨਿਸਤਾਰੇ ਦਾ ਮੁੱਲ” ਵੀ ਭਰਿਆ। (ਮੱਤੀ 20:28) ਆਦਮ ਨੇ ਪਰਮੇਸ਼ੁਰ ਦੇ ਖ਼ਿਲਾਫ਼ ਪਾਪ ਕਰ ਕੇ ਮੁਕੰਮਲ ਜ਼ਿੰਦਗੀ ਅਤੇ ਇਸ ਨਾਲ ਸੰਬੰਧਿਤ ਸਾਰੀਆਂ ਅਸੀਸਾਂ ਗੁਆ ਦਿੱਤੀਆਂ ਸਨ। ਪਰ “ਪਰਮੇਸ਼ੁਰ ਨੇ ਜਗਤ [ਯਾਨੀ ਇਨਸਾਨਾਂ] ਨੂੰ ਅਜਿਹਾ ਪਿਆਰ ਕੀਤਾ ਜੋ ਉਹ ਨੇ ਆਪਣਾ ਇਕਲੌਤਾ ਪੁੱਤ੍ਰ ਬਖ਼ਸ਼ ਦਿੱਤਾ ਤਾਂ ਜੋ ਹਰੇਕ ਜੋ ਉਸ ਉੱਤੇ ਨਿਹਚਾ ਕਰੇ ਨਾਸ ਨਾ ਹੋਵੇ ਪਰ ਸਦੀਪਕ ਜੀਉਣ ਪਾਵੇ।” (ਯੂਹੰਨਾ 3:16) ਜੀ ਹਾਂ, “ਪਾਪ ਦੀ ਮਜੂਰੀ ਤਾਂ ਮੌਤ ਹੈ ਪਰ ਪਰਮੇਸ਼ੁਰ ਦੀ ਬਖ਼ਸ਼ੀਸ਼ ਮਸੀਹ ਯਿਸੂ ਸਾਡੇ ਪ੍ਰਭੁ ਦੇ ਵਿੱਚ ਸਦੀਪਕ ਜੀਵਨ ਹੈ।”—ਰੋਮੀਆਂ 6:23.

ਤਾਂ ਫਿਰ ਇਹ ਕਹਿਣਾ ਬਿਲਕੁਲ ਸਹੀ ਹੋਵੇਗਾ ਕਿ ਯਿਸੂ ਮਸੀਹ ਦੀ ਮੌਤ ਯਹੋਵਾਹ ਅਤੇ ਯਿਸੂ ਦੋਨਾਂ ਦੇ ਅਥਾਹ ਪਿਆਰ ਦਾ ਪੱਕਾ ਸਬੂਤ ਸੀ। ਯਹੋਵਾਹ ਨੇ ਆਪਣੇ ਪੁੱਤਰ ਦੀ ਬਲੀ ਦੇ ਕੇ ਇਨਸਾਨਾਂ ਪ੍ਰਤੀ ਆਪਣੇ ਡੂੰਘੇ ਪਿਆਰ ਦਾ ਸਬੂਤ ਦਿੱਤਾ ਅਤੇ ਯਿਸੂ ਨੇ ਵੀ ਖ਼ੁਸ਼ੀ-ਖ਼ੁਸ਼ੀ ਆਪਣੀ ਜਾਨ ਦੇ ਕੇ ਆਪਣੇ ਪਿਆਰ ਦਾ ਇਜ਼ਹਾਰ ਕੀਤਾ। ਅਸੀਂ ਯਿਸੂ ਦੀ ਮੌਤ ਦੀ ਯਾਦਗਾਰ ਮਨਾ ਕੇ ਯਹੋਵਾਹ ਅਤੇ ਯਿਸੂ ਦੋਨਾਂ ਦੇ ਪਿਆਰ ਨੂੰ ਚੇਤੇ ਕਰਦੇ ਹਾਂ। ਜਦ ਕਿ ਉਨ੍ਹਾਂ ਨੇ ਸਾਡੇ ਨਾਲ ਇੰਨਾ ਪਿਆਰ ਕੀਤਾ, ਤਾਂ ਫਿਰ ਕੀ ਸਾਨੂੰ ਉਨ੍ਹਾਂ ਦੇ ਸ਼ੁਕਰਗੁਜ਼ਾਰ ਨਹੀਂ ਹੋਣਾ ਚਾਹੀਦਾ? ਉਨ੍ਹਾਂ ਦਾ ਧੰਨਵਾਦ ਕਰਨ ਦਾ ਇਕ ਵਧੀਆ ਤਰੀਕਾ ਇਹ ਹੈ ਕਿ ਅਸੀਂ ਯਿਸੂ ਦੀ ਮੌਤ ਦੇ ਯਾਦਗਾਰੀ ਸਮਾਰੋਹ ਵਿਚ ਹਾਜ਼ਰ ਹੋਈਏ।

ਅਖ਼ਮੀਰੀ ਰੋਟੀ ਅਤੇ ਮੈ ਦੀ ਅਹਿਮੀਅਤ

ਯਿਸੂ ਨੇ ਆਪਣੀ ਮੌਤ ਦੀ ਯਾਦਗਾਰ ਮਨਾਉਣ ਦੀ ਰੀਤ ਸ਼ੁਰੂ ਕਰਨ ਵੇਲੇ ਅਖ਼ਮੀਰੀ ਰੋਟੀ ਅਤੇ ਲਾਲ ਰੰਗ ਦੀ ਮੈ ਨੂੰ ਪ੍ਰਤੀਕਾਂ ਦੇ ਤੌਰ ਤੇ ਵਰਤਿਆ ਸੀ। ਪਹਿਲਾਂ ਯਿਸੂ ਨੇ ਰੋਟੀ ਲਈ ਅਤੇ “ਸ਼ੁਕਰ ਕਰ ਕੇ ਤੋੜੀ ਅਤੇ ਕਿਹਾ, ਇਹ ਮੇਰਾ ਸਰੀਰ ਹੈ ਜੋ ਤੁਹਾਡੇ ਲਈ ਹੈ।” (1 ਕੁਰਿੰਥੀਆਂ 11:24) ਯਹੂਦੀ ਲੋਕ ਖ਼ਮੀਰ ਮਿਲਾਏ ਬਗੈਰ ਆਟੇ ਨੂੰ ਗੁੰਨ੍ਹ ਕੇ ਪਸਾਹ ਦੀ ਰੋਟੀ ਬਣਾਉਂਦੇ ਸਨ। ਇਹ ਰੋਟੀ ਕਾਫ਼ੀ ਕੜਕ ਹੁੰਦੀ ਸੀ ਜਿਸ ਕਰਕੇ ਇਸ ਨੂੰ ਵੰਡਣ ਲਈ ਇਸ ਨੂੰ ਤੋੜਨਾ ਪੈਂਦਾ ਸੀ। ਬਾਈਬਲ ਵਿਚ ਖ਼ਮੀਰ ਪਾਪ ਨੂੰ ਦਰਸਾਉਂਦਾ ਹੈ। (ਮੱਤੀ 16:11, 12; 1 ਕੁਰਿੰਥੀਆਂ 5:6, 7) ਯਿਸੂ ਵਿਚ ਕੋਈ ਪਾਪ ਨਹੀਂ ਸੀ, ਇਸੇ ਲਈ ਉਹ ਆਪਣੀ ਮੁਕੰਮਲ ਮਨੁੱਖੀ ਦੇਹ ਦਾ ਬਲੀਦਾਨ ਦੇ ਕੇ ਇਨਸਾਨਾਂ ਨੂੰ ਮੌਤ ਤੇ ਪਾਪ ਤੋਂ ਛੁਡਾ ਸਕਿਆ। (1 ਯੂਹੰਨਾ 2:1, 2) ਤਾਂ ਫਿਰ, ਅਖ਼ਮੀਰੀ ਰੋਟੀ ਉਸ ਦੀ ਪਾਪ-ਰਹਿਤ ਮਨੁੱਖੀ ਦੇਹ ਦਾ ਬਹੁਤ ਹੀ ਢੁਕਵਾਂ ਪ੍ਰਤੀਕ ਸੀ।

ਯਿਸੂ ਨੇ ਲਾਲ ਰੰਗ ਦੀ ਸ਼ੁੱਧ ਮੈ ਦਾ ਪਿਆਲਾ ਵੀ ਲਿਆ ਅਤੇ ਪਰਮੇਸ਼ੁਰ ਦਾ ਧੰਨਵਾਦ ਕਰ ਕੇ ਕਿਹਾ: “ਇਹ ਪਿਆਲਾ ਮੇਰੇ ਲਹੂ ਵਿੱਚ ਨਵਾਂ ਨੇਮ ਹੈ।” (1 ਕੁਰਿੰਥੀਆਂ 11:25) ਇਹ ਮੈ ਯਿਸੂ ਦੇ ਲਹੂ ਨੂੰ ਦਰਸਾਉਂਦੀ ਸੀ। ਜਿਸ ਤਰ੍ਹਾਂ 1513 ਸਾ.ਯੁ.ਪੂ. ਵਿਚ ਪਰਮੇਸ਼ੁਰ ਦੁਆਰਾ ਇਸਰਾਏਲ ਕੌਮ ਨਾਲ ਨੇਮ ਬੰਨ੍ਹਣ ਲਈ ਬਲੀ ਦੇ ਬੱਕਰਿਆਂ ਅਤੇ ਬਲਦਾਂ ਦੇ ਲਹੂ ਦੀ ਲੋੜ ਸੀ, ਉਸੇ ਤਰ੍ਹਾਂ ਯਿਸੂ ਦੇ ਵਹਾਏ ਲਹੂ ਨੇ ਨਵੇਂ ਨੇਮ ਨੂੰ ਜਾਇਜ਼ ਠਹਿਰਾਇਆ।

ਕੌਣ ਅਖ਼ਮੀਰੀ ਰੋਟੀ ਖਾਣ ਤੇ ਮੈ ਪੀਣ ਦੇ ਯੋਗ ਹਨ?

ਇਹ ਜਾਣਨ ਲਈ ਕਿ ਕੌਣ ਯਾਦਗਾਰੀ ਸਮਾਰੋਹ ਵਿਚ ਰੋਟੀ ਤੇ ਮੈ ਖਾ-ਪੀ ਸਕਦੇ ਹਨ, ਸਾਨੂੰ ਇਹ ਸਮਝਣ ਦੀ ਲੋੜ ਹੈ ਕਿ ਨਵਾਂ ਨੇਮ ਕੀ ਹੈ ਅਤੇ ਇਸ ਵਿਚ ਕੌਣ-ਕੌਣ ਸ਼ਾਮਲ ਹਨ। ਬਾਈਬਲ ਕਹਿੰਦੀ ਹੈ: “ਵੇਖੋ, ਓਹ ਦਿਨ ਆ ਰਹੇ ਹਨ, ਯਹੋਵਾਹ ਦਾ ਵਾਕ ਹੈ, ਕਿ ਮੈਂ ਇਸਰਾਏਲ ਦੇ ਘਰਾਣੇ ਨਾਲ ਅਤੇ ਯਹੂਦਾਹ ਦੇ ਘਰਾਣੇ ਨਾਲ ਇੱਕ ਨਵਾਂ ਨੇਮ ਬੰਨ੍ਹਾਂਗਾ। . . . ਮੈਂ ਆਪਣੀ ਬਿਵਸਥਾ ਨੂੰ ਓਹਨਾਂ ਦੇ ਅੰਦਰ ਰੱਖਾਂਗਾ ਅਤੇ ਓਹਨਾਂ ਦੇ ਦਿਲਾਂ ਉੱਤੇ ਲਿਖਾਂਗਾ। ਮੈਂ ਓਹਨਾਂ ਦਾ ਪਰਮੇਸ਼ੁਰ ਹੋਵਾਂਗਾ ਅਤੇ ਓਹ ਮੇਰੀ ਪਰਜਾ ਹੋਣਗੇ। . . . ਮੈਂ ਓਹਨਾਂ ਦੀ ਬਦੀ ਨੂੰ ਮਾਫ਼ ਕਰਾਂਗਾ ਅਤੇ ਓਹਨਾਂ ਦੇ ਪਾਪ ਫੇਰ ਚੇਤੇ ਨਾ ਕਰਾਂਗਾ।”—ਯਿਰਮਿਯਾਹ 31:31-34.

ਇਸ ਨਵੇਂ ਨੇਮ ਦੇ ਜ਼ਰੀਏ ਕੁਝ ਇਨਸਾਨ ਯਹੋਵਾਹ ਪਰਮੇਸ਼ੁਰ ਨਾਲ ਖ਼ਾਸ ਰਿਸ਼ਤਾ ਕਾਇਮ ਕਰ ਸਕੇ ਹਨ। ਉਹ ਯਹੋਵਾਹ ਦੀ ਪਰਜਾ ਹਨ ਅਤੇ ਯਹੋਵਾਹ ਉਨ੍ਹਾਂ ਦਾ ਪਰਮੇਸ਼ੁਰ ਹੈ। ਯਹੋਵਾਹ ਦੀ ਬਿਵਸਥਾ ਉਨ੍ਹਾਂ ਦੇ ਦਿਲਾਂ ਵਿਚ ਲਿਖੀ ਹੋਈ ਹੈ। ਇਸ ਨੇਮ ਵਿਚ ਗ਼ੈਰ-ਯਹੂਦੀ ਵੀ ਸ਼ਾਮਲ ਹਨ ਅਤੇ ਉਹ ਵੀ ਪਰਮੇਸ਼ੁਰ ਨਾਲ ਖ਼ਾਸ ਰਿਸ਼ਤੇ ਦਾ ਆਨੰਦ ਮਾਣਦੇ ਹਨ। (ਰੋਮੀਆਂ 2:29) ਬਾਈਬਲ ਦੇ ਇਕ ਲਿਖਾਰੀ ਲੂਕਾ ਨੇ ਪਰਮੇਸ਼ੁਰ ਦੇ ਮਕਸਦ ਬਾਰੇ ਲਿਖਿਆ: ‘ਪਰਮੇਸ਼ੁਰ ਨੇ ਪਰਾਈਆਂ ਕੌਮਾਂ ਉੱਤੇ ਨਿਗਾਹ ਕੀਤੀ ਤਾਂ ਜੋ ਓਹਨਾਂ ਵਿੱਚੋਂ ਇੱਕ ਪਰਜਾ ਆਪਣੇ ਨਾਮ ਦੇ ਲਈ ਚੁਣੇ।’ (ਰਸੂਲਾਂ ਦੇ ਕਰਤੱਬ 15:14) ਇਨ੍ਹਾਂ ਪਰਾਈਆਂ ਕੌਮਾਂ ਦੇ ਲੋਕਾਂ ਬਾਰੇ 1 ਪਤਰਸ 2:10 ਕਹਿੰਦਾ ਹੈ: “ਤੁਸੀਂ ਤਾਂ ਅੱਗੇ ਪਰਜਾ ਹੀ ਨਾ ਸਾਓ ਪਰ ਹੁਣ ਪਰਮੇਸ਼ੁਰ ਦੀ ਪਰਜਾ ਹੋ ਗਏ ਹੋ।” ਬਾਈਬਲ ਵਿਚ ਇਨ੍ਹਾਂ ਨੂੰ ‘ਪਰਮੇਸ਼ੁਰ ਦਾ ਇਸਰਾਏਲ’ ਯਾਨੀ ਅਧਿਆਤਮਿਕ ਇਸਰਾਏਲ ਕਿਹਾ ਗਿਆ ਹੈ। (ਗਲਾਤੀਆਂ 6:16; 2 ਕੁਰਿੰਥੀਆਂ 1:21) ਤਾਂ ਫਿਰ ਇਹ ਨਵਾਂ ਨੇਮ ਯਹੋਵਾਹ ਪਰਮੇਸ਼ੁਰ ਨੇ ਅਧਿਆਤਮਿਕ ਇਸਰਾਏਲ ਨਾਲ ਬੰਨ੍ਹਿਆ ਹੈ।

ਆਪਣੇ ਚੇਲਿਆਂ ਨਾਲ ਆਪਣੀ ਆਖ਼ਰੀ ਰਾਤ ਨੂੰ ਯਿਸੂ ਨੇ ਵੀ ਉਨ੍ਹਾਂ ਨਾਲ ਇਕ ਹੋਰ ਨੇਮ ਬੰਨ੍ਹਿਆ ਸੀ। ਉਸ ਨੇ ਉਨ੍ਹਾਂ ਨੂੰ ਕਿਹਾ: “ਜਿਵੇਂ ਮੇਰੇ ਪਿਤਾ ਨੇ ਮੇਰੇ ਲਈ ਇੱਕ ਰਾਜ ਠਹਿਰਾਇਆ ਹੈ ਤਿਵੇਂ ਮੈਂ ਤੁਹਾਡੇ ਲਈ ਠਹਿਰਾਉਂਦਾ ਹਾਂ।” (ਲੂਕਾ 22:29) ਇਹ ਰਾਜ ਦਾ ਨੇਮ ਸੀ ਜੋ 1,44,000 ਨਾਮੁਕੰਮਲ ਇਨਸਾਨਾਂ ਨਾਲ ਬੰਨ੍ਹਿਆ ਜਾਣਾ ਸੀ। ਆਪਣੀ ਮੌਤ ਤੋਂ ਬਾਅਦ ਇਹ ਲੋਕ ਸਵਰਗ ਜਾ ਕੇ ਮਸੀਹ ਨਾਲ ਜਾਜਕਾਂ ਤੇ ਰਾਜਿਆਂ ਦੇ ਤੌਰ ਤੇ ਰਾਜ ਕਰਨਗੇ। (ਪਰਕਾਸ਼ ਦੀ ਪੋਥੀ 5:9, 10; 14:1-4) ਇਸ ਤਰ੍ਹਾਂ, ਜਿਨ੍ਹਾਂ ਇਨਸਾਨਾਂ ਨਾਲ ਯਹੋਵਾਹ ਪਰਮੇਸ਼ੁਰ ਨੇ ਨਵਾਂ ਨੇਮ ਬੰਨ੍ਹਿਆ, ਉਨ੍ਹਾਂ ਨਾਲ ਹੀ ਯਿਸੂ ਨੇ ਰਾਜ ਦਾ ਨੇਮ ਬੰਨ੍ਹਿਆ। ਇਹੋ ਉਹ ਲੋਕ ਹਨ ਜੋ ਮਸੀਹ ਦੀ ਮੌਤ ਦੇ ਯਾਦਗਾਰੀ ਸਮਾਰੋਹ ਵਿਚ ਅਖ਼ਮੀਰੀ ਰੋਟੀ ਖਾ ਸਕਦੇ ਹਨ ਤੇ ਮੈ ਪੀ ਸਕਦੇ ਹਨ।

ਪਰ ਮਸੀਹ ਨਾਲ ਰਾਜ ਕਰਨ ਵਾਲੇ ਵਿਅਕਤੀਆਂ ਨੂੰ ਕਿਵੇਂ ਪਤਾ ਲੱਗਦਾ ਹੈ ਕਿ ਉਹ ਨਵੇਂ ਨੇਮ ਵਿਚ ਸ਼ਾਮਲ ਹਨ ਅਤੇ ਉਹ ਇਸ ਸਮਾਰੋਹ ਦੌਰਾਨ ਅਖ਼ਮੀਰੀ ਰੋਟੀ ਖਾਣ ਅਤੇ ਮੈ ਪੀਣ ਦੇ ਲਾਇਕ ਹਨ? ਪੌਲੁਸ ਰਸੂਲ ਨੇ ਸਪੱਸ਼ਟ ਕੀਤਾ: “[ਪਵਿੱਤਰ] ਆਤਮਾ ਆਪ ਸਾਡੇ ਆਤਮਾ [ਸਾਡੀ ਸੋਚਣੀ] ਦੇ ਨਾਲ ਸਾਖੀ ਦਿੰਦਾ ਹੈ ਭਈ ਅਸੀਂ ਪਰਮੇਸ਼ੁਰ ਦੇ ਬਾਲਕ ਹਾਂ। ਅਤੇ ਜੇ ਬਾਲਕ ਹਾਂ ਤਾਂ ਅਧਕਾਰੀ ਵੀ ਹਾਂ, ਪਰਮੇਸ਼ੁਰ ਦੇ ਅਧਕਾਰੀ ਅਤੇ ਮਸੀਹ ਦੇ ਨਾਲ ਸਾਂਝੇ ਅਧਕਾਰੀ ਪਰ ਤਦੇ ਜੇ ਅਸੀਂ ਉਹ ਦੇ ਨਾਲ ਦੁਖ ਝੱਲੀਏ ਭਈ ਉਹ ਦੇ ਨਾਲ ਅਸੀਂ ਵਡਿਆਏ ਜਾਈਏ।”—ਰੋਮੀਆਂ 8:16, 17.

ਪਰਮੇਸ਼ੁਰ ਆਪਣੀ ਪਵਿੱਤਰ ਆਤਮਾ ਯਾਨੀ ਸਰਗਰਮ ਸ਼ਕਤੀ ਨਾਲ ਉਨ੍ਹਾਂ ਵਿਅਕਤੀਆਂ ਨੂੰ ਮਸਹ ਕਰਦਾ ਹੈ ਜੋ ਮਸੀਹ ਨਾਲ ਰਾਜ ਕਰਨਗੇ। ਮਸਹ ਕੀਤੇ ਜਾਣ ਤੇ ਉਨ੍ਹਾਂ ਨੂੰ ਪੱਕਾ ਵਿਸ਼ਵਾਸ ਹੋ ਜਾਂਦਾ ਹੈ ਕਿ ਉਹ ਰਾਜ ਦੇ ਵਾਰਸ ਹਨ। ਉਨ੍ਹਾਂ ਅੰਦਰ ਸਵਰਗ ਜਾਣ ਦੀ ਉਮੀਦ ਜਾਗ ਉੱਠਦੀ ਹੈ ਅਤੇ ਜਦੋਂ ਉਹ ਬਾਈਬਲ ਵਿਚ ਸਵਰਗੀ ਜੀਵਨ ਬਾਰੇ ਪੜ੍ਹਦੇ ਹਨ, ਤਾਂ ਉਨ੍ਹਾਂ ਨੂੰ ਲੱਗਦਾ ਹੈ ਕਿ ਬਾਈਬਲ ਵਿਚ ਇਹ ਗੱਲਾਂ ਖ਼ਾਸਕਰ ਉਨ੍ਹਾਂ ਲਈ ਹੀ ਲਿਖੀਆਂ ਗਈਆਂ ਹਨ। ਇਸ ਤੋਂ ਇਲਾਵਾ, ਉਹ ਧਰਤੀ ਦੀਆਂ ਸਾਰੀਆਂ ਚੀਜ਼ਾਂ ਅਤੇ ਰਿਸ਼ਤੇ-ਨਾਤਿਆਂ ਨੂੰ ਕੁਰਬਾਨ ਕਰਨ ਲਈ ਤਿਆਰ ਹੋ ਜਾਂਦੇ ਹਨ। ਭਾਵੇਂ ਕਿ ਉਨ੍ਹਾਂ ਨੂੰ ਪੂਰਾ ਅਹਿਸਾਸ ਹੁੰਦਾ ਹੈ ਕਿ ਧਰਤੀ ਉੱਤੇ ਫਿਰਦੌਸ ਵਿਚ ਜ਼ਿੰਦਗੀ ਬੇਹੱਦ ਸੁੰਦਰ ਹੋਵੇਗੀ, ਪਰ ਉਹ ਸਵਰਗ ਜਾਣ ਦੀ ਹੀ ਤਾਂਘ ਰੱਖਦੇ ਹਨ। ਉਨ੍ਹਾਂ ਅੰਦਰ ਇਹ ਸਵਰਗੀ ਉਮੀਦ ਝੂਠੀਆਂ ਧਾਰਮਿਕ ਸਿੱਖਿਆਵਾਂ ਕਰਕੇ ਨਹੀਂ, ਸਗੋਂ ਪਰਮੇਸ਼ੁਰ ਦੀ ਆਤਮਾ ਦੀ ਪ੍ਰੇਰਣਾ ਨਾਲ ਪੈਦਾ ਹੁੰਦੀ ਹੈ। ਉਹ ਸਿਰਫ਼ ਸਵਰਗ ਜਾਣ ਦੀ ਹੀ ਇੱਛਾ ਰੱਖਦੇ ਹਨ। ਇਹੋ ਲੋਕ ਯਿਸੂ ਦੀ ਮੌਤ ਦੇ ਯਾਦਗਾਰੀ ਸਮਾਰੋਹ ਵਿਚ ਜਾਇਜ਼ ਤੌਰ ਤੇ ਅਖ਼ਮੀਰੀ ਰੋਟੀ ਖਾ ਅਤੇ ਮੈ ਪੀ ਸਕਦੇ ਹਨ।

ਪਰ ਕਦੇ-ਕਦੇ ਕੋਈ ਵਿਅਕਤੀ ਇਸ ਕਸ਼ਮਕਸ਼ ਵਿਚ ਪੈ ਸਕਦਾ ਹੈ ਕਿ ਉਹ ਨਵੇਂ ਨੇਮ ਅਤੇ ਰਾਜ ਦੇ ਨੇਮ ਵਿਚ ਹੈ ਜਾਂ ਨਹੀਂ। ਉਸ ਨੂੰ ਇਹ ਵੀ ਮਹਿਸੂਸ ਨਹੀਂ ਹੁੰਦਾ ਕਿ ਪਰਮੇਸ਼ੁਰ ਦੀ ਆਤਮਾ ਨੇ ਇਹ ਸਾਖੀ ਭਰੀ ਹੈ ਕਿ ਉਹ ਮਸੀਹ ਨਾਲ ਰਾਜ ਕਰੇਗਾ। ਇਸ ਹਾਲਤ ਵਿਚ ਉਹ ਕੀ ਕਰੇਗਾ? ਅਜਿਹੇ ਵਿਅਕਤੀ ਲਈ ਅਖ਼ਮੀਰੀ ਰੋਟੀ ਖਾਣੀ ਤੇ ਮੈ ਪੀਣੀ ਗ਼ਲਤ ਗੱਲ ਹੋਵੇਗੀ। ਜੇ ਉਸ ਨੂੰ ਪੱਕਾ ਪਤਾ ਨਹੀਂ ਹੈ ਕਿ ਪਰਮੇਸ਼ੁਰ ਨੇ ਉਸ ਨੂੰ ਰਾਜਾ ਅਤੇ ਜਾਜਕ ਬਣਨ ਲਈ ਮਸਹ ਕੀਤਾ ਹੈ, ਪਰ ਫਿਰ ਵੀ ਉਹ ਜਾਣ-ਬੁੱਝ ਕੇ ਰੋਟੀ ਖਾਂਦਾ ਤੇ ਮੈ ਪੀਂਦਾ ਹੈ, ਤਾਂ ਉਹ ਪਰਮੇਸ਼ੁਰ ਦੀ ਨਾਰਾਜ਼ਗੀ ਸਹੇੜ ਸਕਦਾ ਹੈ।—ਰੋਮੀਆਂ 9:16; ਪਰਕਾਸ਼ ਦੀ ਪੋਥੀ 22:5.

ਸਾਲ ਵਿਚ ਕਿੰਨੀ ਵਾਰ ਯਾਦਗਾਰ ਮਨਾਈਏ?

ਕੀ ਯਿਸੂ ਦੀ ਮੌਤ ਦੀ ਯਾਦਗਾਰ ਹਰ ਹਫ਼ਤੇ ਜਾਂ ਹਰ ਰੋਜ਼ ਮਨਾਈ ਜਾਣੀ ਚਾਹੀਦੀ ਹੈ? ਮਸੀਹ ਨੇ ਪਸਾਹ ਦੇ ਦਿਨ ਇਹ ਯਾਦਗਾਰ ਮਨਾਉਣ ਦੀ ਰੀਤ ਸ਼ੁਰੂ ਕੀਤੀ ਸੀ ਅਤੇ ਇਸੇ ਦਿਨ ਉਸ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਸੀ। ਯਹੂਦੀ ਲੋਕ 14 ਨੀਸਾਨ ਦੇ ਦਿਨ ਮਿਸਰ ਦੀ ਗ਼ੁਲਾਮੀ ਤੋਂ ਆਪਣੇ ਛੁਟਕਾਰੇ ਦੀ ਯਾਦ ਵਿਚ ਪਸਾਹ ਦਾ ਪਰਬ ਮਨਾਉਂਦੇ ਸਨ। ਇਹ ਪਰਬ ਸਾਲ ਵਿਚ ਇੱਕੋ ਵਾਰੀ ਮਨਾਇਆ ਜਾਂਦਾ ਸੀ। (ਕੂਚ 12:6, 14; ਲੇਵੀਆਂ 23:5) ਤਾਂ ਫਿਰ ‘ਸਾਡੇ ਪਸਾਹ ਦੇ ਲੇਲੇ ਮਸੀਹ’ ਦੀ ਮੌਤ ਦੀ ਯਾਦਗਾਰ ਵੀ ਸਾਲ ਵਿਚ ਸਿਰਫ਼ ਇਕ ਵਾਰ ਮਨਾਈ ਜਾਣੀ ਚਾਹੀਦੀ ਹੈ, ਨਾ ਕਿ ਹਰ ਹਫ਼ਤੇ ਜਾਂ ਹਰ ਰੋਜ਼। (1 ਕੁਰਿੰਥੀਆਂ 5:7) ਯਿਸੂ ਦੀ ਮੌਤ ਦੀ ਯਾਦਗਾਰ ਨੂੰ ਮਸੀਹੀ ਉਸੇ ਤਰੀਕੇ ਨਾਲ ਮਨਾਉਂਦੇ ਹਨ ਜਿਵੇਂ ਯਿਸੂ ਨੇ ਕਰ ਕੇ ਦਿਖਾਇਆ ਸੀ।

ਯਿਸੂ ਦੇ ਸ਼ਬਦਾਂ ਦਾ ਹਵਾਲਾ ਦਿੰਦੇ ਹੋਏ ਪੌਲੁਸ ਨੇ ਲਿਖਿਆ: “ਜਦ ਕਦੇ ਤੁਸੀਂ ਇਹ ਰੋਟੀ ਖਾਓ ਅਤੇ ਪਿਆਲਾ ਪੀਓ ਤਾਂ ਤੁਸੀਂ ਪ੍ਰਭੁ ਦੀ ਮੌਤ ਦਾ ਪਰਚਾਰ ਕਰਦੇ ਰਹਿੰਦੇ ਹੋ ਜਦ ਤੀਕਰ ਉਹ ਨਾ ਆਵੇ।” (1 ਕੁਰਿੰਥੀਆਂ 11:26) ਇੱਥੇ ਉਸ ਦੇ ਕਹਿਣ ਦਾ ਇਹ ਮਤਲਬ ਨਹੀਂ ਸੀ ਕਿ ਚੇਲੇ ਜਦੋਂ ਜੀਅ ਕੀਤਾ ਯਾਦਗਾਰ ਮਨਾ ਸਕਦੇ ਸਨ। ਪਰ ਉਹ ਇਹ ਕਹਿ ਰਿਹਾ ਸੀ ਕਿ ਜਦੋਂ ਵੀ ਮਸਹ ਕੀਤੇ ਹੋਏ ਮਸੀਹੀ ਯਹੂਦੀ ਕਲੰਡਰ ਅਨੁਸਾਰ 14 ਨੀਸਾਨ ਦੇ ਦਿਨ ਯਿਸੂ ਦੀ ਮੌਤ ਦੀ ਯਾਦਗਾਰ ਮਨਾਉਂਦੇ ਹੋਏ ਰੋਟੀ ਖਾਣਗੇ ਤੇ ਮੈ ਪੀਣਗੇ, ਤਾਂ ਉਹ ਯਿਸੂ ਦੇ ਬਲੀਦਾਨ ਵਿਚ ਆਪਣੀ ਨਿਹਚਾ ਦਾ ਇਜ਼ਹਾਰ ਕਰ ਰਹੇ ਹੋਣਗੇ।

ਮਸਹ ਕੀਤੇ ਹੋਏ ਮਸੀਹੀਆਂ ਨੇ ਉਦੋਂ ਤਕ ਯਿਸੂ ਦੀ ਮੌਤ ਦੀ ਯਾਦਗਾਰ ਮਨਾਉਣੀ ਸੀ “ਜਦ ਤੀਕਰ ਉਹ ਨਾ ਆਵੇ।” ਇਸ ਦਾ ਮਤਲਬ ਹੈ ਕਿ ਜਦੋਂ ਤਕ ਯਿਸੂ ਆ ਕੇ ਆਪਣੇ ਮਸਹ ਕੀਤੇ ਹੋਏ ਚੇਲਿਆਂ ਨੂੰ ਸਵਰਗ ਨਹੀਂ ਲੈ ਜਾਂਦਾ, ਉਦੋਂ ਤਕ ਉਨ੍ਹਾਂ ਨੇ ਇਹ ਯਾਦਗਾਰੀ ਸਮਾਰੋਹ ਮਨਾਉਂਦੇ ਰਹਿਣਾ ਹੈ। (1 ਥੱਸਲੁਨੀਕੀਆਂ 4:14-17) ਇਹ ਗੱਲ ਯਿਸੂ ਦੇ ਉਨ੍ਹਾਂ ਸ਼ਬਦਾਂ ਨਾਲ ਮੇਲ ਖਾਂਦੀ ਹੈ ਜੋ ਉਸ ਨੇ ਆਪਣੇ 11 ਵਫ਼ਾਦਾਰ ਰਸੂਲਾਂ ਨੂੰ ਕਹੇ ਸਨ: “ਜੇ ਮੈਂ ਜਾ ਕੇ ਤੁਹਾਡੇ ਲਈ ਜਗ੍ਹਾ ਤਿਆਰ ਕਰਾਂ ਤਾਂ ਫੇਰ ਆਣ ਕੇ ਤੁਹਾਨੂੰ ਆਪਣੇ ਕੋਲ ਲੈ ਲਵਾਂਗਾ ਭਈ ਜਿੱਥੇ ਮੈਂ ਹਾਂ ਤੁਸੀਂ ਭੀ ਹੋਵੋ।”—ਯੂਹੰਨਾ 14:3.

ਯਾਦਗਾਰ ਤੁਹਾਡੇ ਲਈ ਕੀ ਮਾਅਨੇ ਰੱਖਦੀ ਹੈ?

ਕੀ ਯਿਸੂ ਦੇ ਬਲੀਦਾਨ ਦੇ ਜ਼ਰੀਏ ਧਰਤੀ ਉੱਤੇ ਹਮੇਸ਼ਾ ਦੀ ਜ਼ਿੰਦਗੀ ਹਾਸਲ ਕਰਨ ਲਈ ਸਾਡੇ ਵਾਸਤੇ ਯਾਦਗਾਰੀ ਸਮਾਰੋਹ ਵਿਚ ਰੋਟੀ ਖਾਣੀ ਤੇ ਮੈ ਪੀਣੀ ਜ਼ਰੂਰੀ ਹੈ? ਜੀ ਨਹੀਂ। ਬਾਈਬਲ ਇਹ ਨਹੀਂ ਕਹਿੰਦੀ ਕਿ ਨੂਹ, ਅਬਰਾਹਾਮ, ਸਾਰਾਹ, ਇਸਹਾਕ, ਰਿਬਕਾਹ, ਯੂਸੁਫ਼, ਮੂਸਾ ਅਤੇ ਦਾਊਦ ਵਰਗੇ ਭਗਤਾਂ ਨੂੰ ਜੀ ਉਠਾਏ ਜਾਣ ਮਗਰੋਂ ਅਖ਼ਮੀਰੀ ਰੋਟੀ ਖਾਣੀ ਤੇ ਮੈ ਪੀਣੀ ਪਵੇਗੀ। ਪਰ ਇੰਨੀ ਗੱਲ ਜ਼ਰੂਰ ਹੈ ਕਿ ਜੇ ਇਹ ਸਾਰੇ ਭਗਤ ਅਤੇ ਹੋਰ ਲੋਕ ਧਰਤੀ ਉੱਤੇ ਸਦਾ ਦੀ ਜ਼ਿੰਦਗੀ ਹਾਸਲ ਕਰਨੀ ਚਾਹੁੰਦੇ ਹਨ, ਤਾਂ ਉਨ੍ਹਾਂ ਨੂੰ ਪਰਮੇਸ਼ੁਰ ਵਿਚ, ਮਸੀਹ ਵਿਚ ਅਤੇ ਮਸੀਹ ਦੇ ਬਲੀਦਾਨ ਵਿਚ ਨਿਹਚਾ ਕਰਨੀ ਪਵੇਗੀ। (ਯੂਹੰਨਾ 3:36; 14:1) ਤਾਂ ਫਿਰ, ਜੇ ਤੁਸੀਂ ਹਮੇਸ਼ਾ ਦੀ ਜ਼ਿੰਦਗੀ ਜੀਉਣੀ ਚਾਹੁੰਦੇ ਹੋ, ਤਾਂ ਤੁਹਾਨੂੰ ਵੀ ਨਿਹਚਾ ਕਰਨ ਦੀ ਲੋੜ ਹੈ। ਕਿਉਂ ਨਾ ਤੁਸੀਂ ਮਸੀਹ ਦੀ ਮੌਤ ਦੇ ਯਾਦਗਾਰੀ ਸਮਾਰੋਹ ਵਿਚ ਆਓ? ਇਸ ਸਮਾਰੋਹ ਵਿਚ ਸਮਝਾਇਆ ਜਾਵੇਗਾ ਕਿ ਯਹੋਵਾਹ ਤੇ ਯਿਸੂ ਨੇ ਸਾਡੀ ਖ਼ਾਤਰ ਕਿੰਨੀ ਵੱਡੀ ਕੁਰਬਾਨੀ ਦਿੱਤੀ ਹੈ!

ਯਿਸੂ ਦੇ ਬਲੀਦਾਨ ਦੀ ਅਹਿਮੀਅਤ ਉੱਤੇ ਜ਼ੋਰ ਦਿੰਦੇ ਹੋਏ ਯੂਹੰਨਾ ਰਸੂਲ ਨੇ ਕਿਹਾ: “ਮੈਂ ਏਹ ਗੱਲਾਂ ਤੁਹਾਨੂੰ [ਯਾਨੀ ਮਸਹ ਕੀਤੇ ਹੋਏ ਮਸੀਹੀਆਂ ਨੂੰ] ਇਸ ਲਈ ਲਿਖਦਾ ਹਾਂ ਭਈ ਤੁਸੀਂ ਪਾਪ ਨਾ ਕਰੋ ਅਤੇ ਜੇ ਕੋਈ ਪਾਪ ਕਰੇ ਤਾਂ ਪਿਤਾ ਦੇ ਕੋਲ ਸਾਡਾ ਇੱਕ ਸਹਾਇਕ ਹੈ ਅਰਥਾਤ ਯਿਸੂ ਮਸੀਹ ਜਿਹੜਾ ਧਰਮੀ ਹੈ। ਅਤੇ ਉਹ ਸਾਡਿਆਂ ਪਾਪਾਂ ਦਾ ਪਰਾਸਚਿੱਤ ਹੈ ਪਰ ਨਿਰੇ ਸਾਡਿਆਂ ਹੀ ਦਾ ਨਹੀਂ ਸਗੋਂ ਸਾਰੇ ਸੰਸਾਰ ਦਾ ਵੀ ਹੈ।” (1 ਯੂਹੰਨਾ 2:1, 2) ਮਸਹ ਕੀਤੇ ਹੋਏ ਮਸੀਹੀਆਂ ਦਾ ਇਹ ਕਹਿਣਾ ਸਹੀ ਹੈ ਕਿ ਯਿਸੂ ਦਾ ਬਲੀਦਾਨ ਉਨ੍ਹਾਂ ਦੇ ਸਾਰੇ ਪਾਪਾਂ ਦਾ ਪ੍ਰਾਸਚਿਤ ਹੈ। ਪਰ ਉਨ੍ਹਾਂ ਤੋਂ ਇਲਾਵਾ, ਯਿਸੂ ਨੇ ਆਪਣਾ ਬਲੀਦਾਨ ਦੇ ਕੇ ਪੂਰੇ ਜਗਤ ਦੇ ਪਾਪਾਂ ਦਾ ਵੀ ਪ੍ਰਾਸਚਿਤ ਕੀਤਾ ਜਿਸ ਦੇ ਸਿੱਟੇ ਵਜੋਂ ਹਰ ਆਗਿਆਕਾਰ ਇਨਸਾਨ ਸਦਾ ਦੀ ਜ਼ਿੰਦਗੀ ਹਾਸਲ ਕਰ ਸਕਦਾ ਹੈ!

ਤਾਂ ਫਿਰ, ਕੀ ਤੁਸੀਂ 4 ਅਪ੍ਰੈਲ 2004 ਨੂੰ ਯਿਸੂ ਦੀ ਮੌਤ ਦੀ ਯਾਦਗਾਰ ਮਨਾਉਣ ਲਈ ਆਓਗੇ? ਉਸ ਦਿਨ ਦੁਨੀਆਂ ਭਰ ਵਿਚ ਯਹੋਵਾਹ ਦੇ ਗਵਾਹ ਆਪਣੇ ਕਿੰਗਡਮ ਹਾਲਾਂ ਵਿਚ ਇਹ ਯਾਦਗਾਰ ਮਨਾਉਣਗੇ। ਬਾਈਬਲ ਵਿੱਚੋਂ ਇਕ ਜ਼ਰੂਰੀ ਭਾਸ਼ਣ ਦਿੱਤਾ ਜਾਵੇਗਾ ਜਿਸ ਤੋਂ ਤੁਸੀਂ ਬਹੁਤ ਕੁਝ ਸਿੱਖੋਗੇ। ਤੁਸੀਂ ਜਾਣ ਸਕੋਗੇ ਕਿ ਯਹੋਵਾਹ ਪਰਮੇਸ਼ੁਰ ਅਤੇ ਯਿਸੂ ਮਸੀਹ ਨੇ ਸਾਡੇ ਲਈ ਕਿੰਨਾ ਕੁਝ ਕੀਤਾ ਹੈ। ਨਾਲੇ ਤੁਸੀਂ ਉਨ੍ਹਾਂ ਲੋਕਾਂ ਨਾਲ ਸੰਗਤ ਕਰ ਕੇ ਵੀ ਲਾਭ ਹਾਸਲ ਕਰੋਗੇ ਜੋ ਪਰਮੇਸ਼ੁਰ ਅਤੇ ਮਸੀਹ ਦੀ ਅਤੇ ਮਸੀਹ ਦੇ ਬਲੀਦਾਨ ਦੀ ਦਿਲੋਂ ਕਦਰ ਕਰਦੇ ਹਨ। ਹੋ ਸਕਦਾ ਹੈ ਕਿ ਤੁਹਾਡੇ ਦਿਲ ਵਿਚ ਵੀ ਪਰਮੇਸ਼ੁਰ ਦੀ ਮਿਹਰ ਹਾਸਲ ਕਰਨ ਅਤੇ ਸਦਾ ਦੀ ਜ਼ਿੰਦਗੀ ਹਾਸਲ ਕਰਨ ਦੀ ਇੱਛਾ ਜਾਗ ਪਵੇ। ਤੁਸੀਂ ਇਸ ਮਹੱਤਵਪੂਰਣ ਸਮਾਰੋਹ ਵਿਚ ਆਉਣ ਦੀ ਜ਼ਰੂਰ ਕੋਸ਼ਿਸ਼ ਕਰਿਓ। ਇਸ ਨਾਲ ਸਾਡੇ ਸਵਰਗੀ ਪਿਤਾ ਯਹੋਵਾਹ ਪਰਮੇਸ਼ੁਰ ਦਾ ਸਨਮਾਨ ਹੋਵੇਗਾ ਅਤੇ ਉਹ ਬਹੁਤ ਖ਼ੁਸ਼ ਹੋਵੇਗਾ।

[ਸਫ਼ੇ 5 ਉੱਤੇ ਤਸਵੀਰ]

ਯਿਸੂ ਦੀ ਮੌਤ ਯਹੋਵਾਹ ਅਤੇ ਯਿਸੂ ਦੇ ਪਿਆਰ ਦਾ ਪੱਕਾ ਸਬੂਤ ਹੈ

[ਸਫ਼ੇ 6 ਉੱਤੇ ਤਸਵੀਰ]

ਅਖ਼ਮੀਰੀ ਰੋਟੀ ਅਤੇ ਮੈ ਯਿਸੂ ਦੀ ਪਾਪ-ਰਹਿਤ ਦੇਹ ਅਤੇ ਵਹਾਏ ਗਏ ਲਹੂ ਨੂੰ ਦਰਸਾਉਂਦੀਆਂ ਹਨ