Skip to content

Skip to table of contents

ਵੈਸਟਫ਼ਾਲੀਆ ਦੀ ਸ਼ਾਂਤੀ ਸੰਧੀ—ਯੂਰਪ ਦੇ ਇਤਿਹਾਸ ਵਿਚ ਇਕ ਮਹੱਤਵਪੂਰਣ ਮੋੜ

ਵੈਸਟਫ਼ਾਲੀਆ ਦੀ ਸ਼ਾਂਤੀ ਸੰਧੀ—ਯੂਰਪ ਦੇ ਇਤਿਹਾਸ ਵਿਚ ਇਕ ਮਹੱਤਵਪੂਰਣ ਮੋੜ

ਵੈਸਟਫ਼ਾਲੀਆ ਦੀ ਸ਼ਾਂਤੀ ਸੰਧੀ—ਯੂਰਪ ਦੇ ਇਤਿਹਾਸ ਵਿਚ ਇਕ ਮਹੱਤਵਪੂਰਣ ਮੋੜ

“ਅੱਜ ਦਾ ਦਿਨ ਬਹੁਤ ਹੀ ਖ਼ਾਸ ਹੈ ਕਿਉਂਕਿ ਇੱਥੇ ਯੂਰਪੀ ਦੇਸ਼ਾਂ ਦੇ ਇੰਨੇ ਸਾਰੇ ਮੁਖੀ ਇਕੱਠੇ ਹੋਏ ਹਨ,” ਜਰਮਨ ਗਣਰਾਜ ਦੇ ਸਾਬਕਾ ਰਾਸ਼ਟਰਪਤੀ ਰੋਮਾਨ ਹਰਟਸੋਕ ਨੇ ਅਕਤੂਬਰ 1998 ਵਿਚ ਕਿਹਾ। ਜਦੋਂ ਉਸ ਨੇ ਇਹ ਗੱਲ ਕਹੀ ਸੀ, ਉਸ ਵੇਲੇ ਸਮਾਰੋਹ ਵਿਚ ਚਾਰ ਰਾਜੇ, ਚਾਰ ਰਾਣੀਆਂ, ਦੋ ਰਾਜਕੁਮਾਰ, ਇਕ ਗ੍ਰੈਂਡ ਡਿਊਕ ਅਤੇ ਕਈ ਰਾਸ਼ਟਰਪਤੀ ਮੌਜੂਦ ਸਨ। ਕੌਂਸਲ ਆਫ਼ ਯੂਰਪ ਦੁਆਰਾ ਕਰਵਾਇਆ ਗਿਆ ਇਹ ਸਮਾਰੋਹ ਮੌਜੂਦਾ ਜਰਮਨੀ ਦੇ 50 ਸਾਲਾਂ ਦੇ ਇਤਿਹਾਸ ਵਿਚ ਇਕ ਬਹੁਤ ਹੀ ਮਹੱਤਵਪੂਰਣ ਸਮਾਰੋਹ ਸੀ। ਇਹ ਸਮਾਰੋਹ ਕਿਉਂ ਕੀਤਾ ਗਿਆ ਸੀ?

ਅਕਤੂਬਰ 1998 ਵਿਚ ਵੈਸਟਫ਼ਾਲੀਆ ਦੀ ਸ਼ਾਂਤੀ ਸੰਧੀ ਦੀ 350ਵੀਂ ਵਰ੍ਹੇਗੰਢ ਮਨਾਈ ਗਈ ਸੀ। ਸ਼ਾਂਤੀ ਸੰਧੀਆਂ ਅਕਸਰ ਇਤਿਹਾਸ ਦਾ ਰੁੱਖ ਬਦਲ ਦਿੰਦੀਆਂ ਹਨ। ਇਸ ਮਾਮਲੇ ਵਿਚ ਵੈਸਟਫ਼ਾਲੀਆ ਦੀ ਸ਼ਾਂਤੀ ਸੰਧੀ ਵੀ ਬਹੁਤ ਮਹੱਤਵਪੂਰਣ ਸੀ। ਸੰਨ 1648 ਵਿਚ ਕੀਤੀ ਗਈ ਇਸ ਸੰਧੀ ਨੇ 30 ਸਾਲਾਂ ਤੋਂ ਚੱਲ ਰਹੀ ਜੰਗ ਨੂੰ ਖ਼ਤਮ ਕੀਤਾ ਅਤੇ ਇਸ ਨਾਲ ਸੁਤੰਤਰ ਦੇਸ਼ਾਂ ਵਾਲੇ ਆਧੁਨਿਕ ਯੂਰਪ ਦਾ ਜਨਮ ਹੋਇਆ।

ਪੁਰਾਣੀ ਵਿਵਸਥਾ ਦੀਆਂ ਨੀਂਹਾਂ ਹਿੱਲੀਆਂ

ਮੱਧਕਾਲ ਦੌਰਾਨ ਰੋਮਨ ਕੈਥੋਲਿਕ ਚਰਚ ਅਤੇ ਪਵਿੱਤਰ ਰੋਮੀ ਸਾਮਰਾਜ ਹੀ ਯੂਰਪ ਵਿਚ ਸਭ ਤੋਂ ਸ਼ਕਤੀਸ਼ਾਲੀ ਸੰਸਥਾਵਾਂ ਸਨ। ਇਸ ਸਾਮਰਾਜ ਵਿਚ ਸੈਂਕੜੇ ਛੋਟੀਆਂ-ਵੱਡੀਆਂ ਰਿਆਸਤਾਂ ਸਨ। ਇਹ ਰਿਆਸਤਾਂ ਜਿਨ੍ਹਾਂ ਇਲਾਕਿਆਂ ਵਿਚ ਫੈਲੀਆਂ ਹੋਈਆਂ ਸਨ ਅੱਜ ਉੱਥੇ ਆਸਟ੍ਰੀਆ, ਚੈੱਕ ਗਣਰਾਜ, ਪੂਰਬੀ ਫਰਾਂਸ, ਜਰਮਨੀ, ਸਵਿਟਜ਼ਰਲੈਂਡ, ਇਟਲੀ ਦੇ ਕੁਝ ਇਲਾਕੇ, ਬੈਲਜੀਅਮ, ਲਕਜ਼ਮਬਰਗ ਅਤੇ ਨੀਦਰਲੈਂਡਜ਼ ਮੌਜੂਦ ਹਨ। ਇਸ ਸਾਮਰਾਜ ਦਾ ਵੱਡਾ ਹਿੱਸਾ ਜਰਮਨੀ ਦੀਆਂ ਰਿਆਸਤਾਂ ਸਨ, ਇਸ ਲਈ ਇਹ “ਜਰਮਨ ਕੌਮ ਦਾ ਪਵਿੱਤਰ ਰੋਮੀ ਸਾਮਰਾਜ” ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਹਰ ਰਿਆਸਤ ਦੇ ਰਾਜਕੁਮਾਰ ਕੋਲ ਕਾਫ਼ੀ ਹੱਦ ਤਕ ਖ਼ੁਦਮੁਖ਼ਤਾਰੀ ਸੀ। ਸਮਰਾਟ ਆਸਟ੍ਰੀਆ ਦੇ ਰੋਮਨ ਕੈਥੋਲਿਕ ਹੈੱਪਸਬਰਗ ਘਰਾਣੇ ਵਿੱਚੋਂ ਸੀ। ਇਸ ਲਈ, ਪੋਪ ਅਤੇ ਸਮਰਾਟ ਦਾ ਰਾਜ ਹੋਣ ਕਰਕੇ ਯੂਰਪ ਪੂਰੀ ਤਰ੍ਹਾਂ ਰੋਮਨ ਕੈਥੋਲਿਕ ਧਰਮ ਅਧੀਨ ਸੀ।

ਪਰ 16ਵੀਂ ਅਤੇ 17ਵੀਂ ਸਦੀ ਵਿਚ ਇਸ ਪੁਰਾਣੀ ਵਿਵਸਥਾ ਦੀਆਂ ਨੀਂਹਾਂ ਹਿੱਲ ਗਈਆਂ। ਪੂਰੇ ਯੂਰਪ ਵਿਚ ਲੋਕ ਰੋਮਨ ਕੈਥੋਲਿਕ ਚਰਚ ਦੀ ਵਧੀਕੀ ਅਤੇ ਫ਼ਜ਼ੂਲਖ਼ਰਚੀ ਤੋਂ ਤੰਗ ਆ ਗਏ ਸਨ। ਮਾਰਟਿਨ ਲੂਥਰ ਅਤੇ ਜੌਨ ਕੈਲਵਿਨ ਵਰਗੇ ਧਰਮ ਸੁਧਾਰਕਾਂ ਨੇ ਬਾਈਬਲ ਦੀਆਂ ਕਦਰਾਂ-ਕੀਮਤਾਂ ਨੂੰ ਮੰਨਣ ਦਾ ਪ੍ਰਚਾਰ ਕੀਤਾ। ਲੋਕਾਂ ਨੇ ਲੂਥਰ ਅਤੇ ਕੈਲਵਿਨ ਦਾ ਪੂਰਾ-ਪੂਰਾ ਸਾਥ ਦਿੱਤਾ ਅਤੇ ਨਤੀਜੇ ਵਜੋਂ ਚਰਚ ਦੇ ਸੁਧਾਰ ਅੰਦੋਲਨ ਦਾ ਅਤੇ ਪ੍ਰੋਟੈਸਟੈਂਟ ਧਰਮਾਂ ਦਾ ਜਨਮ ਹੋਇਆ। ਇਸ ਸੁਧਾਰ ਅੰਦੋਲਨ ਨੇ ਸਾਮਰਾਜ ਨੂੰ ਤਿੰਨ ਧਰਮਾਂ ਵਿਚ ਵੰਡ ਦਿੱਤਾ—ਕੈਥੋਲਿਕ, ਲੂਥਰਨ ਅਤੇ ਕੈਲਵਿਨ ਧਰਮ।

ਕੈਥੋਲਿਕ ਲੋਕ ਪ੍ਰੋਟੈਸਟੈਂਟ ਈਸਾਈਆਂ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਦੇ ਸਨ ਅਤੇ ਪ੍ਰੋਟੈਸਟੈਂਟ ਕੈਥੋਲਿਕਾਂ ਨੂੰ ਨਫ਼ਰਤ ਕਰਦੇ ਸਨ। ਸਤਾਰ੍ਹਵੀਂ ਸਦੀ ਦੀ ਸ਼ੁਰੂਆਤ ਦੇ ਇਸ ਮਾਹੌਲ ਵਿਚ ਪ੍ਰੋਟੈਸਟੈਂਟ ਯੂਨੀਅਨ ਅਤੇ ਕੈਥੋਲਿਕ ਲੀਗ ਨਾਂ ਦੇ ਦੋ ਗੁੱਟ ਬਣੇ। ਸਾਮਰਾਜ ਦੇ ਕੁਝ ਰਾਜਕੁਮਾਰ ਯੂਨੀਅਨ ਦੇ ਮੈਂਬਰ ਬਣੇ ਅਤੇ ਕਈ ਲੀਗ ਦੇ ਮੈਂਬਰ ਬਣੇ। ਸ਼ੱਕ ਵਿਚ ਘਿਰਿਆ ਯੂਰਪ, ਖ਼ਾਸ ਕਰਕੇ ਪਵਿੱਤਰ ਰੋਮੀ ਸਾਮਰਾਜ, ਬਾਰੂਦ ਦੇ ਢੇਰ ਉੱਤੇ ਬੈਠਾ ਹੋਇਆ ਸੀ ਜਿਸ ਨੂੰ ਸੁਲਗਾਉਣ ਲਈ ਸਿਰਫ਼ ਇੱਕੋ ਚੰਗਿਆੜੀ ਦੀ ਲੋੜ ਸੀ। ਜਦੋਂ ਇਸ ਨੂੰ ਚੰਗਿਆੜੀ ਲੱਗੀ, ਤਾਂ ਯੂਰਪ ਅਗਲੇ 30 ਸਾਲਾਂ ਤਕ ਸੜਦਾ ਰਿਹਾ।

ਇਕ ਚੰਗਿਆੜੀ ਨੇ ਪੂਰੇ ਯੂਰਪ ਨੂੰ ਅੱਗ ਲਾ ਦਿੱਤੀ

ਪ੍ਰੋਟੈਸਟੈਂਟ ਸ਼ਾਸਕਾਂ ਨੇ ਕੈਥੋਲਿਕ ਹੈੱਪਸਬਰਗ ਘਰਾਣੇ ਉੱਤੇ ਦਬਾਅ ਪਾਇਆ ਕਿ ਉਹ ਪ੍ਰੋਟੈਸਟੈਂਟਾਂ ਨੂੰ ਭਗਤੀ ਕਰਨ ਦੀ ਜ਼ਿਆਦਾ ਆਜ਼ਾਦੀ ਦੇਵੇ। ਪਰ ਇਹ ਆਜ਼ਾਦੀ ਇੰਨੀ ਆਸਾਨੀ ਨਾਲ ਨਹੀਂ ਮਿਲੀ। ਸੰਨ 1617-18 ਵਿਚ ਬੋਹੀਮੀਆ (ਚੈੱਕ ਗਣਰਾਜ) ਵਿਚ ਜ਼ਬਰਦਸਤੀ ਦੋ ਲੂਥਰਨ ਗਿਰਜੇ ਬੰਦ ਕਰ ਦਿੱਤੇ ਗਏ। ਇਸ ਨਾਲ ਪ੍ਰੋਟੈਸਟੈਂਟ ਧਰਮ ਨੂੰ ਮੰਨਣ ਵਾਲੇ ਉੱਚੇ ਖ਼ਾਨਦਾਨਾਂ ਦੇ ਕੁਝ ਲੋਕ ਗੁੱਸੇ ਵਿਚ ਆ ਗਏ ਅਤੇ ਉਨ੍ਹਾਂ ਨੇ ਪ੍ਰਾਗ ਵਿਚ ਇਕ ਮਹਿਲ ਉੱਤੇ ਹਮਲਾ ਕਰ ਦਿੱਤਾ। ਉੱਥੇ ਉਨ੍ਹਾਂ ਨੇ ਤਿੰਨ ਕੈਥੋਲਿਕ ਅਫ਼ਸਰਾਂ ਨੂੰ ਉਤਲੀ ਮੰਜ਼ਲ ਤੋਂ ਥੱਲੇ ਸੁੱਟ ਦਿੱਤਾ। ਇਸ ਘਟਨਾ ਨੇ ਚੰਗਿਆੜੀ ਦਾ ਕੰਮ ਕੀਤਾ ਜਿਸ ਨੇ ਪੂਰੇ ਯੂਰਪ ਨੂੰ ਅੱਗ ਲਾ ਦਿੱਤੀ।

ਭਾਵੇਂ ਕਿ ਕੈਥੋਲਿਕ ਅਤੇ ਪ੍ਰੋਟੈਸਟੈਂਟ ਧਰਮ ਦੇ ਲੋਕ ਸ਼ਾਂਤੀ ਦੇ ਰਾਜਕੁਮਾਰ ਯਿਸੂ ਮਸੀਹ ਦੇ ਚੇਲੇ ਹੋਣ ਦਾ ਦਾਅਵਾ ਕਰਦੇ ਸਨ, ਪਰ ਇਹ ਲੋਕ ਇਕ-ਦੂਜੇ ਦਾ ਗਲਾ ਵੱਢਣ ਲਈ ਤਿਆਰ-ਬਰ-ਤਿਆਰ ਰਹਿੰਦੇ ਸਨ। (ਯਸਾਯਾਹ 9:6) ਵਾਈਟ ਮਾਊਂਟਨ ਨਾਂ ਦੀ ਲੜਾਈ ਵਿਚ ਕੈਥੋਲਿਕ ਲੀਗ ਨੇ ਪ੍ਰੋਟੈਸਟੈਂਟ ਯੂਨੀਅਨ ਨੂੰ ਬੁਰੀ ਤਰ੍ਹਾਂ ਹਰਾ ਦਿੱਤਾ ਜਿਸ ਕਰਕੇ ਯੂਨੀਅਨ ਬਿਖਰ ਗਈ। ਪ੍ਰੋਟੈਸਟੈਂਟ ਧਰਮ ਨੂੰ ਮੰਨਣ ਵਾਲੇ ਉੱਚੇ ਖ਼ਾਨਦਾਨਾਂ ਦੇ ਲੋਕਾਂ ਨੂੰ ਪ੍ਰਾਗ ਦੇ ਬਾਜ਼ਾਰ ਵਿਚ ਮੌਤ ਦੇ ਘਾਟ ਉਤਾਰਿਆ ਗਿਆ। ਪੂਰੇ ਬੋਹੀਮੀਆ ਵਿਚ ਆਪਣੇ ਧਰਮ ਦਾ ਤਿਆਗ ਨਾ ਕਰਨ ਵਾਲੇ ਪ੍ਰੋਟੈਸਟੈਂਟ ਲੋਕਾਂ ਦੀਆਂ ਜਾਇਦਾਦਾਂ ਖੋਹ ਕੇ ਕੈਥੋਲਿਕਾਂ ਵਿਚ ਵੰਡੀਆਂ ਗਈਆਂ। ਜਰਮਨ ਕਿਤਾਬ 1648—ਯੂਰਪ ਵਿਚ ਲੜਾਈ ਅਤੇ ਸ਼ਾਂਤੀ ਦੱਸਦੀ ਹੈ ਕਿ “ਕੇਂਦਰੀ ਯੂਰਪ ਵਿਚ ਇੰਨੀਆਂ ਸਾਰੀਆਂ ਜਾਇਦਾਦਾਂ ਦਾ ਇਸ ਤਰ੍ਹਾਂ ਇਕ ਦੇ ਹੱਥੋਂ ਨਿਕਲ ਦੇ ਦੂਜੇ ਦੇ ਹੱਥਾਂ ਵਿਚ ਜਾਣਾ ਪਹਿਲਾਂ ਕਦੀ ਨਹੀਂ ਹੋਇਆ ਸੀ।”

ਬੋਹੀਮੀਆ ਵਿਚ ਧਰਮ ਦੇ ਨਾਂ ਤੇ ਜੋ ਲੜਾਈ ਸ਼ੁਰੂ ਹੋਈ ਸੀ, ਉਹ ਹੁਣ ਅੰਤਰਰਾਸ਼ਟਰੀ ਪੱਧਰ ਤੇ ਸੱਤਾ ਦੀ ਲੜਾਈ ਬਣ ਗਈ ਸੀ। ਅਗਲੇ 30 ਸਾਲਾਂ ਦੌਰਾਨ ਡੈਨਮਾਰਕ, ਫਰਾਂਸ, ਨੀਦਰਲੈਂਡਜ਼, ਸਪੇਨ ਅਤੇ ਸਵੀਡਨ ਵੀ ਇਸ ਲੜਾਈ ਵਿਚ ਸ਼ਾਮਲ ਹੋ ਗਏ। ਸੱਤਾ ਦੇ ਭੁੱਖੇ ਅਤੇ ਲਾਲਚੀ ਕੈਥੋਲਿਕ ਅਤੇ ਪ੍ਰੋਟੈਸਟੈਂਟ ਸ਼ਾਸਕ ਰਾਜਨੀਤਿਕ ਤੌਰ ਤੇ ਮਜ਼ਬੂਤ ਹੋਣ ਅਤੇ ਮਾਲੀ ਲਾਭ ਹਾਸਲ ਕਰਨ ਲਈ ਲੜਦੇ ਰਹੇ। ਤੀਹ ਸਾਲ ਚੱਲੀ ਇਸ ਲੜਾਈ ਨੂੰ ਵੱਖੋ-ਵੱਖਰੇ ਪੜਾਵਾਂ ਵਿਚ ਵੰਡਿਆ ਜਾ ਸਕਦਾ ਹੈ। ਹਰ ਪੜਾਅ ਦਾ ਨਾਂ ਸਮਰਾਟ ਦੇ ਮੁੱਖ ਵਿਰੋਧੀ ਦੇ ਨਾਂ ਤੇ ਰੱਖਿਆ ਗਿਆ। ਬਹੁਤ ਸਾਰੀਆਂ ਕਿਤਾਬਾਂ ਵਿਚ ਚਾਰ ਪੜਾਵਾਂ ਦਾ ਜ਼ਿਕਰ ਕੀਤਾ ਗਿਆ ਹੈ: ਬੋਹੀਮੀਅਨ ਐਂਡ ਪੈਲਾਟਾਈਨ ਵੌਰ, ਡੈਨਿਸ਼-ਲੋਅਰ ਸੈਕਸਨੀ ਵੌਰ, ਸਵੀਡਿਸ਼ ਵੌਰ ਅਤੇ ਫ਼ਰੈਂਚ-ਸਵੀਡਿਸ਼ ਵੌਰ। ਜ਼ਿਆਦਾਤਰ ਲੜਾਈਆਂ ਸਾਮਰਾਜ ਦੇ ਇਲਾਕੇ ਵਿਚ ਹੋਈਆਂ।

ਉਸ ਸਮੇਂ ਲੜਾਈ ਵਿਚ ਪਸਤੌਲਾਂ, ਬੰਦੂਕਾਂ ਅਤੇ ਛੋਟੀਆਂ ਤੇ ਵੱਡੀਆਂ ਤੋਪਾਂ ਵਰਤੀਆਂ ਜਾਂਦੀਆਂ ਸਨ। ਲੜਾਈ ਵਾਸਤੇ ਜ਼ਿਆਦਾਤਰ ਹਥਿਆਰ ਸਵੀਡਨ ਸਪਲਾਈ ਕਰਦਾ ਸੀ। ਕੈਥੋਲਿਕ ਅਤੇ ਪ੍ਰੋਟੈਸਟੈਂਟ ਲੋਕਾਂ ਦੇ ਸਿੰਗ ਭਿੜੇ ਹੋਏ ਸਨ। ਲੜਾਈ ਵਿਚ ਜਾਣ ਵਾਲੇ ਕੈਥੋਲਿਕ ਫ਼ੌਜੀ “ਸਾਂਟਾ ਮਾਰੀਆ” ਦਾ ਨਾਂ ਲੈਂਦੇ ਸਨ ਅਤੇ ਪ੍ਰੋਟੈਸਟੈਂਟ ਫ਼ੌਜੀ “ਪਰਮੇਸ਼ੁਰ ਸਾਡੇ ਨਾਲ ਹੈ” ਦੇ ਨਾਅਰੇ ਲਾਉਂਦੇ ਸਨ। ਫ਼ੌਜੀਆਂ ਨੇ ਜਰਮਨ ਰਿਆਸਤਾਂ ਵਿਚ ਲੁੱਟ-ਮਾਰ ਕੀਤੀ ਅਤੇ ਆਪਣੇ ਵਿਰੋਧੀਆਂ ਅਤੇ ਆਮ ਲੋਕਾਂ ਨਾਲ ਜਾਨਵਰਾਂ ਵਾਲਾ ਸਲੂਕ ਕੀਤਾ। ਲੜਾਈ ਵਹਿਸ਼ਤ ਦਾ ਰੂਪ ਧਾਰਨ ਕਰ ਚੁੱਕੀ ਸੀ। ਇਹ ਸਭ ਕੁਝ ਬਾਈਬਲ ਦੀ ਭਵਿੱਖਬਾਣੀ ਤੋਂ ਬਿਲਕੁਲ ਉਲਟ ਸੀ: “ਕੌਮ ਕੌਮ ਉੱਤੇ ਤਲਵਾਰ ਨਹੀਂ ਚੁੱਕੇਗੀ, ਅਤੇ ਓਹ ਲੜਾਈ ਫੇਰ ਕਦੀ ਨਾ ਸਿੱਖਣਗੇ”!—ਮੀਕਾਹ 4:3.

ਉਸ ਵੇਲੇ ਜਰਮਨੀ ਦੀ ਨੌਜਵਾਨ ਪੀੜ੍ਹੀ ਨੇ ਲੜਾਈ ਤੋਂ ਸਿਵਾਇ ਹੋਰ ਕੁਝ ਦੇਖਿਆ ਹੀ ਨਹੀਂ ਸੀ। ਲੋਕ ਲੜਾਈ ਤੋਂ ਤੰਗ ਆ ਚੁੱਕੇ ਸਨ ਤੇ ਸ਼ਾਂਤੀ ਲਈ ਤਰਸ ਰਹੇ ਸਨ। ਜੇ ਸ਼ਾਸਕ ਸੱਤਾ ਦੇ ਭੁੱਖੇ ਨਾ ਹੁੰਦੇ, ਤਾਂ ਸ਼ਾਂਤੀ ਕਦੋਂ ਦੀ ਆ ਚੁੱਕੀ ਹੋਣੀ ਸੀ। ਲੜਾਈ ਆਪਣਾ ਧਾਰਮਿਕ ਮਕਸਦ ਗੁਆ ਚੁੱਕੀ ਸੀ ਤੇ ਹੁਣ ਇਸ ਦਾ ਮਕਸਦ ਰਾਜਨੀਤਿਕ ਹੀ ਰਹਿ ਗਿਆ ਸੀ। ਸਭ ਤੋਂ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇਸ ਬਦਲਾਅ ਪਿੱਛੇ ਕੈਥੋਲਿਕ ਚਰਚ ਦੇ ਇਕ ਉੱਚ ਅਫ਼ਸਰ ਦਾ ਹੱਥ ਸੀ।

ਕਾਰਡੀਨਲ ਰਿਸ਼ਲੂ ਨੇ ਆਪਣਾ ਦਬਦਬਾ ਵਰਤਿਆ

ਆਰਮੌਨ-ਜ਼ੌਨ ਡਿਊ ਪਲੈਸੀ ਦਾ ਅਧਿਕਾਰਿਤ ਖ਼ਿਤਾਬ ਸੀ ਕਾਰਡੀਨਲ ਡ ਰਿਸ਼ਲੂ। ਉਹ ਸੰਨ 1624 ਤੋਂ 1642 ਤਕ ਫਰਾਂਸ ਦਾ ਪ੍ਰਧਾਨ ਮੰਤਰੀ ਵੀ ਰਿਹਾ। ਰਿਸ਼ਲੂ ਦਾ ਮਕਸਦ ਫਰਾਂਸ ਨੂੰ ਯੂਰਪ ਦੀ ਸ਼ਕਤੀਸ਼ਾਲੀ ਕੌਮ ਬਣਾਉਣਾ ਸੀ। ਆਪ ਕੈਥੋਲਿਕ ਹੋ ਕੇ ਵੀ ਉਸ ਨੇ ਆਪਣੇ ਇਸ ਮਕਸਦ ਨੂੰ ਹਾਸਲ ਕਰਨ ਲਈ ਦੂਸਰੇ ਕੈਥੋਲਿਕਾਂ ਯਾਨੀ ਹੈੱਪਸਬਰਗ ਘਰਾਣੇ ਦੀ ਤਾਕਤ ਨੂੰ ਹੌਲੀ-ਹੌਲੀ ਖ਼ਤਮ ਕਰਨਾ ਸ਼ੁਰੂ ਕਰ ਦਿੱਤਾ। ਉਸ ਨੇ ਇਹ ਕਿਸ ਤਰ੍ਹਾਂ ਕੀਤਾ? ਜਰਮਨ ਰਿਆਸਤਾਂ, ਡੈਨਮਾਰਕ, ਨੀਦਰਲੈਂਡਜ਼ ਅਤੇ ਸਵੀਡਨ ਦੀਆਂ ਪ੍ਰੋਟੈਸਟੈਂਟ ਫ਼ੌਜਾਂ ਦੀ ਮਾਲੀ ਤੌਰ ਤੇ ਸਹਾਇਤਾ ਕਰ ਕੇ। ਇਹ ਸਾਰੀਆਂ ਫ਼ੌਜਾਂ ਹੈੱਪਸਬਰਗ ਘਰਾਣੇ ਦੇ ਖ਼ਿਲਾਫ਼ ਲੜ ਰਹੀਆਂ ਸਨ।

ਸੰਨ 1635 ਵਿਚ ਰਿਸ਼ਲੂ ਨੇ ਪਹਿਲੀ ਵਾਰ ਫਰਾਂਸੀਸੀ ਫ਼ੌਜਾਂ ਨੂੰ ਲੜਾਈ ਵਿਚ ਘੱਲਿਆ। ਸ਼ਾਂਤੀ ਹਮੇਸ਼ਾ ਕਾਇਮ ਰਹੇ! ਨਾਂ ਦੀ ਜਰਮਨ ਕਿਤਾਬ ਵਿਚ ਦੱਸਿਆ ਗਿਆ ਹੈ ਕਿ ਆਪਣੇ ਆਖ਼ਰੀ ਦੌਰ ਵਿਚ ‘ਤੀਹ ਸਾਲਾਂ ਤੋਂ ਚੱਲ ਰਹੀ ਇਹ ਲੜਾਈ ਦੋ ਧਾਰਮਿਕ ਗੁੱਟਾਂ ਦੀ ਲੜਾਈ ਨਹੀਂ ਰਹੀ। ਹੁਣ ਲੜਾਈ ਦਾ ਮਕਸਦ ਯੂਰਪ ਵਿਚ ਰਾਜਨੀਤਿਕ ਤੌਰ ਤੇ ਸ਼ਕਤੀਸ਼ਾਲੀ ਬਣਨਾ ਸੀ।’ ਧਰਮ ਨੂੰ ਲੈ ਕੇ ਕੈਥੋਲਿਕਾਂ ਅਤੇ ਪ੍ਰੋਟੈਸਟੈਂਟਾਂ ਵਿਚ ਸ਼ੁਰੂ ਹੋਈ ਇਸ ਲੜਾਈ ਵਿਚ ਹੁਣ ਕੈਥੋਲਿਕ ਲੋਕ ਪ੍ਰੋਟੈਸਟੈਂਟਾਂ ਨਾਲ ਮਿਲ ਕੇ ਦੂਸਰੇ ਕੈਥੋਲਿਕਾਂ ਦੇ ਖ਼ਿਲਾਫ਼ ਲੜ ਰਹੇ ਸਨ। ਕੈਥੋਲਿਕ ਲੀਗ, ਜੋ 1630 ਦੇ ਦਹਾਕੇ ਦੇ ਸ਼ੁਰੂ ਵਿਚ ਕਮਜ਼ੋਰ ਹੋ ਗਈ ਸੀ, 1635 ਵਿਚ ਬਿਖਰ ਗਈ।

ਵੈਸਟਫ਼ਾਲੀਆ ਵਿਚ ਸ਼ਾਂਤੀ ਕਾਨਫ਼ਰੰਸ

ਲੁੱਟਾਂ-ਖੋਹਾਂ, ਕਤਲਾਮ, ਬਲਾਤਕਾਰ ਅਤੇ ਬੀਮਾਰੀਆਂ ਕਰਕੇ ਯੂਰਪ ਤਬਾਹ ਹੋ ਚੁੱਕਾ ਸੀ। ਲੋਕ ਸ਼ਾਂਤੀ ਲਈ ਹੋਰ ਜ਼ਿਆਦਾ ਤਰਸਣ ਲੱਗੇ ਕਿਉਂਕਿ ਉਨ੍ਹਾਂ ਨੇ ਦੇਖਿਆ ਕਿ ਇਸ ਲੜਾਈ ਵਿਚ ਕੋਈ ਵੀ ਜਿੱਤਣ ਵਾਲਾ ਨਹੀਂ ਸੀ। ਸ਼ਾਂਤੀ ਹਮੇਸ਼ਾ ਕਾਇਮ ਰਹੇ! ਕਿਤਾਬ ਟਿੱਪਣੀ ਕਰਦੀ ਹੈ ਕਿ “1630 ਦੇ ਦਹਾਕੇ ਦੇ ਅਖ਼ੀਰ ਵਿਚ ਜ਼ਿੰਮੇਵਾਰ ਰਾਜਕੁਮਾਰਾਂ ਨੂੰ ਇਸ ਗੱਲ ਦਾ ਅਹਿਸਾਸ ਹੋ ਗਿਆ ਕਿ ਫ਼ੌਜੀ ਤਾਕਤ ਨਾਲ ਉਹ ਆਪਣੇ ਮਕਸਦ ਨੂੰ ਹਾਸਲ ਨਹੀਂ ਕਰ ਸਕਦੇ।” ਪਰ ਸ਼ਾਂਤੀ ਕਿੱਦਾਂ ਕਾਇਮ ਕੀਤੀ ਜਾ ਸਕਦੀ ਸੀ?

ਪਵਿੱਤਰ ਰੋਮੀ ਸਾਮਰਾਜ ਦਾ ਸਮਰਾਟ ਫਰਡਿਨੈਂਡ ਤੀਸਰਾ, ਫਰਾਂਸ ਦਾ ਰਾਜਾ ਲੁਈ ਤੇਰ੍ਹਵਾਂ ਅਤੇ ਸਵੀਡਨ ਦੀ ਰਾਣੀ ਕ੍ਰਿਸਟੀਨਾ ਇਸ ਗੱਲ ਤੇ ਸਹਿਮਤ ਹੋਏ ਕਿ ਇਕ ਕਾਨਫ਼ਰੰਸ ਕੀਤੀ ਜਾਣੀ ਚਾਹੀਦੀ ਸੀ ਜਿਸ ਵਿਚ ਲੜ ਰਹੇ ਸਾਰੇ ਗੁੱਟ ਆਪਸ ਵਿਚ ਮਿਲ ਸਕਣ ਅਤੇ ਗੱਲਬਾਤ ਰਾਹੀਂ ਸ਼ਾਂਤੀ ਕਾਇਮ ਕਰਨ ਲਈ ਸ਼ਰਤਾਂ ਤੈਅ ਕਰ ਸਕਣ। ਗੱਲਬਾਤ ਲਈ ਜਰਮਨੀ ਦੀਆਂ ਦੋ ਥਾਵਾਂ ਚੁਣੀਆਂ ਗਈਆਂ। ਇਹ ਸਨ ਓਸਨਾਬਰੁਕ ਸ਼ਹਿਰ ਅਤੇ ਵੈਸਟਫ਼ਾਲੀਆ ਰਾਜ ਦਾ ਮੂਨਸਟਰ ਸ਼ਹਿਰ। ਇਨ੍ਹਾਂ ਨੂੰ ਇਸ ਕਰਕੇ ਚੁਣਿਆ ਗਿਆ ਸੀ ਕਿਉਂਕਿ ਇਹ ਦੋਵੇਂ ਸ਼ਹਿਰ ਸਵੀਡਨ ਅਤੇ ਫਰਾਂਸ ਦੀਆਂ ਰਾਜਧਾਨੀਆਂ ਦੇ ਦਰਮਿਆਨ ਸਨ। ਸੰਨ 1643 ਵਿਚ 150 ਪ੍ਰਤਿਨਿਧ ਇਨ੍ਹਾਂ ਦੋ ਸ਼ਹਿਰਾਂ ਵਿਚ ਆਏ। ਕਈ ਆਪਣੇ ਨਾਲ ਬਹੁਤ ਸਾਰੇ ਸਲਾਹਕਾਰ ਲੈ ਕੇ ਆਏ। ਕੈਥੋਲਿਕ ਪ੍ਰਤਿਨਿਧ ਮੂਨਸਟਰ ਵਿਚ ਇਕੱਠੇ ਹੋਏ ਅਤੇ ਪ੍ਰੋਟੈਸਟੈਂਟ ਓਸਨਾਬਰੁਕ ਵਿਚ ਇਕੱਠੇ ਹੋਏ।

ਸਭ ਤੋਂ ਪਹਿਲਾਂ, ਪ੍ਰਤਿਨਿਧਾਂ ਦੇ ਖ਼ਿਤਾਬ, ਰੁਤਬੇ, ਬੈਠਣ ਦੀ ਥਾਂ ਅਤੇ ਕਾਰਵਾਈ ਦੇ ਤਰੀਕੇ ਨਿਰਧਾਰਿਤ ਕਰਨ ਲਈ ਸ਼ਿਸ਼ਟਾਚਾਰ ਦੇ ਨਿਯਮ ਬਣਾਏ ਗਏ। ਇਸ ਤੋਂ ਬਾਅਦ ਦੋਵਾਂ ਧੜਿਆਂ ਵਿਚ ਸ਼ਾਂਤੀ ਬਾਰੇ ਗੱਲਬਾਤ ਸ਼ੁਰੂ ਹੋਈ ਅਤੇ ਵਿਚੋਲਿਆਂ ਰਾਹੀਂ ਪ੍ਰਸਤਾਵ ਇਕ-ਦੂਸਰੇ ਸਾਮ੍ਹਣੇ ਰੱਖੇ ਗਏ। ਸ਼ਾਂਤੀ ਕਾਇਮ ਕਰਨ ਸੰਬੰਧੀ ਸ਼ਰਤਾਂ ਨਿਰਧਾਰਿਤ ਕਰਨ ਨੂੰ ਪੰਜ ਸਾਲ ਲੱਗੇ। ਇਸ ਦੌਰਾਨ ਲੜਾਈ ਚੱਲਦੀ ਰਹੀ। ਵੈਸਟਫ਼ਾਲੀਆ ਦੀ ਸੰਧੀ ਦਾ ਪੁਲੰਦਾ ਕਾਫ਼ੀ ਵੱਡਾ ਸੀ। ਓਸਨਾਬਰੁਕ ਵਿਚ ਸਮਰਾਟ ਫਰਡਿਨੈਂਡ ਤੀਸਰੇ ਨੇ ਅਤੇ ਸਵੀਡਨ ਨੇ ਇਕ ਸਮਝੌਤਾ-ਪੱਤਰ ਉੱਤੇ ਦਸਤਖਤ ਕੀਤੇ ਅਤੇ ਮੂਨਸਟਰ ਵਿਚ ਇਕ ਹੋਰ ਸਮਝੌਤਾ-ਪੱਤਰ ਉੱਤੇ ਸਮਰਾਟ ਅਤੇ ਫਰਾਂਸ ਨੇ ਦਸਤਖਤ ਕੀਤੇ ਸਨ।

ਸੰਧੀ ਦੀਆਂ ਖ਼ਬਰਾਂ ਮਿਲਣ ਨਾਲ ਲੋਕਾਂ ਨੇ ਖ਼ੁਸ਼ੀਆਂ ਮਨਾਉਣੀਆਂ ਸ਼ੁਰੂ ਕਰ ਦਿੱਤੀਆਂ। ਜੋ ਲੜਾਈ ਇਕ ਚੰਗਿਆੜੀ ਨਾਲ ਸ਼ੁਰੂ ਹੋਈ ਸੀ, ਉਹ ਆਤਸ਼ਬਾਜ਼ੀ ਨਾਲ ਖ਼ਤਮ ਹੋਈ। ਆਤਸ਼ਬਾਜ਼ੀ ਨੇ ਕਈ ਸ਼ਹਿਰਾਂ ਵਿਚ ਆਸਮਾਨ ਨੂੰ ਜਗਮਗਾ ਦਿੱਤਾ। ਗਿਰਜਿਆਂ ਦੇ ਘੜਿਆਲ ਖੜਕੇ, ਤੋਪਾਂ ਦੀ ਸਲਾਮੀ ਦਿੱਤੀ ਗਈ ਅਤੇ ਲੋਕਾਂ ਨੇ ਗਲੀਆਂ ਵਿਚ ਖ਼ੁਸ਼ੀ ਦੇ ਗੀਤ ਗਾਏ। ਕੀ ਹੁਣ ਯੂਰਪ ਵਿਚ ਸ਼ਾਂਤੀ ਹਮੇਸ਼ਾ ਲਈ ਕਾਇਮ ਹੋ ਗਈ ਸੀ?

ਕੀ ਸ਼ਾਂਤੀ ਹਮੇਸ਼ਾ ਲਈ ਸੰਭਵ ਹੈ?

ਵੈਸਟਫ਼ਾਲੀਆ ਦੀ ਸ਼ਾਂਤੀ ਸੰਧੀ ਵਿਚ ਪ੍ਰਭੂਸੱਤਾ ਦੇ ਅਸੂਲ ਨੂੰ ਮਾਨਤਾ ਦਿੱਤੀ ਗਈ। ਇਸ ਦਾ ਮਤਲਬ ਸੀ ਕਿ ਇਸ ਸੰਧੀ ਨਾਲ ਸਹਿਮਤ ਹਰ ਦੇਸ਼ ਦੂਸਰੇ ਦੇਸ਼ਾਂ ਦੇ ਇਲਾਕਿਆਂ ਅਤੇ ਅਧਿਕਾਰਾਂ ਨੂੰ ਪਛਾਣੇ ਅਤੇ ਉਨ੍ਹਾਂ ਦੇ ਅੰਦਰੂਨੀ ਮਾਮਲਿਆਂ ਵਿਚ ਦਖ਼ਲਅੰਦਾਜ਼ੀ ਨਾ ਕਰੇ। ਇਸ ਤਰ੍ਹਾਂ ਆਧੁਨਿਕ ਯੂਰਪ ਦਾ ਜਨਮ ਹੋਇਆ ਜਿਸ ਵਿਚ ਹਰ ਦੇਸ਼ ਨੂੰ ਆਜ਼ਾਦੀ ਪ੍ਰਾਪਤ ਹੋਈ। ਇਸ ਸੰਧੀ ਤੋਂ ਕੁਝ ਦੇਸ਼ਾਂ ਨੂੰ ਦੂਸਰਿਆਂ ਨਾਲੋਂ ਜ਼ਿਆਦਾ ਫ਼ਾਇਦਾ ਹੋਇਆ।

ਫਰਾਂਸ ਇਕ ਸ਼ਕਤੀਸ਼ਾਲੀ ਦੇਸ਼ ਵਜੋਂ ਸਥਾਪਿਤ ਹੋ ਗਿਆ ਅਤੇ ਨੀਦਰਲੈਂਡਜ਼ ਅਤੇ ਸਵਿਟਜ਼ਰਲੈਂਡ ਨੂੰ ਆਜ਼ਾਦੀ ਮਿਲੀ। ਬਹੁਤ ਸਾਰੀਆਂ ਜਰਮਨ ਰਿਆਸਤਾਂ ਲੜਾਈ ਵਿਚ ਤਬਾਹ ਹੋ ਚੁੱਕੀਆਂ ਸਨ ਜਿਸ ਕਰਕੇ ਉਨ੍ਹਾਂ ਨੂੰ ਇਸ ਸੰਧੀ ਤੋਂ ਨੁਕਸਾਨ ਹੀ ਹੋਇਆ। ਜਰਮਨੀ ਦਾ ਭਵਿੱਖ ਬਹੁਤ ਹੱਦ ਤਕ ਦੂਸਰੇ ਦੇਸ਼ਾਂ ਦੁਆਰਾ ਨਿਰਧਾਰਿਤ ਕੀਤਾ ਗਿਆ। ਦ ਨਿਊ ਐਨਸਾਈਕਲੋਪੀਡੀਆ ਬ੍ਰਿਟੈਨਿਕਾ ਦੱਸਦਾ ਹੈ: “ਤਿੰਨ ਮੁੱਖ ਦੇਸ਼ਾਂ ਯਾਨੀ ਫਰਾਂਸ, ਸਵੀਡਨ ਅਤੇ ਆਸਟ੍ਰੀਆ ਨੇ ਜਰਮਨ ਰਾਜਕੁਮਾਰਾਂ ਦੇ ਲਾਭ ਅਤੇ ਹਾਨੀਆਂ ਦੀ ਪਰਵਾਹ ਨਾ ਕਰਦੇ ਹੋਏ ਆਪਣੇ ਹੀ ਫ਼ਾਇਦਿਆਂ ਬਾਰੇ ਸੋਚਿਆ।” ਜਰਮਨੀ ਦੀਆਂ ਰਿਆਸਤਾਂ ਇਕਮੁੱਠ ਹੋ ਕੇ ਇਕ ਦੇਸ਼ ਬਣਨ ਦੀ ਬਜਾਇ ਪਹਿਲਾਂ ਵਾਂਗ ਹੀ ਵੰਡੀਆਂ ਰਹੀਆਂ। ਇਸ ਤੋਂ ਇਲਾਵਾ, ਜਰਮਨੀ ਦੇ ਕੁਝ ਇਲਾਕੇ ਅਤੇ ਮੁੱਖ ਨਦੀਆਂ (ਰਾਈਨ, ਐਲਬੇ ਅਤੇ ਓਡਰ ਨਦੀਆਂ) ਵਿਦੇਸ਼ੀ ਸ਼ਾਸਕਾਂ ਦੇ ਕੰਟ੍ਰੋਲ ਵਿਚ ਕਰ ਦਿੱਤੇ ਗਏ।

ਕੈਥੋਲਿਕ, ਲੂਥਰਨ ਅਤੇ ਕੈਲਵਿਨ ਧਰਮਾਂ ਨੂੰ ਇੱਕੋ ਜਿੰਨੀ ਮਾਨਤਾ ਦਿੱਤੀ ਗਈ। ਇਸ ਤੋਂ ਸਾਰਿਆਂ ਨੂੰ ਖ਼ੁਸ਼ੀ ਨਹੀਂ ਹੋਈ। ਪੋਪ ਇਨੋਸੈਂਟ ਦਸਵੇਂ ਨੇ ਸਖ਼ਤ ਸ਼ਬਦਾਂ ਵਿਚ ਇਸ ਸੰਧੀ ਦੀ ਨਿਖੇਧੀ ਕੀਤੀ ਅਤੇ ਇਸ ਨੂੰ ਰੱਦ ਕੀਤਾ। ਫਿਰ ਵੀ ਇਸ ਸੰਧੀ ਨਾਲ ਜੋ ਧਾਰਮਿਕ ਹੱਦਾਂ ਨਿਰਧਾਰਿਤ ਕੀਤੀਆਂ ਗਈਆਂ, ਉਹ ਤਿੰਨ ਸਦੀਆਂ ਤਕ ਨਹੀਂ ਬਦਲੀਆਂ। ਭਾਵੇਂ ਕਿ ਹਰ ਵਿਅਕਤੀ ਨੂੰ ਧਰਮ ਚੁਣਨ ਦੀ ਆਜ਼ਾਦੀ ਨਹੀਂ ਮਿਲੀ ਸੀ, ਪਰ ਵੈਸਟਫ਼ਾਲੀਆ ਦੀ ਸੰਧੀ ਇਸ ਟੀਚੇ ਵੱਲ ਇਕ ਅਹਿਮ ਕਦਮ ਸੀ।

ਇਸ ਸੰਧੀ ਨੇ 30 ਸਾਲਾਂ ਤੋਂ ਚੱਲ ਰਹੀ ਲੜਾਈ ਅਤੇ ਵਿਰੋਧੀ ਧੜਿਆਂ ਦੀ ਆਪਸੀ ਨਫ਼ਰਤ ਨੂੰ ਕਾਫ਼ੀ ਹੱਦ ਤਕ ਖ਼ਤਮ ਕੀਤਾ। ਯੂਰਪ ਵਿਚ ਧਰਮ ਦੇ ਨਾਂ ਤੇ ਇਹ ਆਖ਼ਰੀ ਵੱਡੀ ਲੜਾਈ ਸੀ। ਭਾਵੇਂ ਲੜਾਈਆਂ ਖ਼ਤਮ ਨਹੀਂ ਹੋਈਆਂ, ਪਰ ਇਹ ਲੜਾਈਆਂ ਧਰਮ ਦੀ ਖ਼ਾਤਰ ਨਹੀਂ ਸਗੋਂ ਰਾਜਨੀਤੀ ਅਤੇ ਵਪਾਰ ਦੀ ਖ਼ਾਤਰ ਲੜੀਆਂ ਜਾਣ ਲੱਗੀਆਂ। ਪਰ ਇਸ ਦਾ ਮਤਲਬ ਇਹ ਨਹੀਂ ਕਿ ਬਾਅਦ ਵਿਚ ਯੂਰਪ ਵਿਚ ਹੋਈਆਂ ਲੜਾਈਆਂ ਵਿਚ ਧਰਮ ਦਾ ਕੋਈ ਹੱਥ ਨਹੀਂ ਸੀ। ਪਹਿਲੇ ਅਤੇ ਦੂਸਰੇ ਵਿਸ਼ਵ ਯੁੱਧ ਦੌਰਾਨ, ਜਰਮਨ ਫ਼ੌਜੀਆਂ ਦੀ ਬੈੱਲਟ ਦੇ ਬੱਕਲ ਉੱਤੇ “ਪਰਮੇਸ਼ੁਰ ਸਾਡੇ ਨਾਲ ਹੈ” ਸ਼ਬਦ ਲਿਖੇ ਹੁੰਦੇ ਸਨ। ਉਨ੍ਹਾਂ ਖ਼ੌਫ਼ਨਾਕ ਲੜਾਈਆਂ ਦੌਰਾਨ ਕੈਥੋਲਿਕ ਤੇ ਪ੍ਰੋਟੈਸਟੈਂਟ ਇਕ ਵਾਰ ਫਿਰ ਇਕੱਠੇ ਹੋ ਕੇ ਵਿਰੋਧੀ ਪੱਖ ਦੇ ਕੈਥੋਲਿਕਾਂ ਤੇ ਪ੍ਰੋਟੈਸਟੈਂਟਾਂ ਨਾਲ ਲੜੇ।

ਇਸ ਤੋਂ ਪਤਾ ਲੱਗਦਾ ਹੈ ਕਿ ਵੈਸਟਫ਼ਾਲੀਆ ਦੀ ਸੰਧੀ ਨਾਲ ਸ਼ਾਂਤੀ ਹਮੇਸ਼ਾ ਲਈ ਸਥਾਪਿਤ ਨਹੀਂ ਹੋਈ। ਪਰ ਪਰਮੇਸ਼ੁਰ ਦੇ ਰਾਹਾਂ ਉੱਤੇ ਚੱਲਣ ਵਾਲੇ ਲੋਕ ਜਲਦੀ ਹੀ ਸ਼ਾਂਤੀ ਦਾ ਆਨੰਦ ਮਾਣਨਗੇ। ਯਹੋਵਾਹ ਪਰਮੇਸ਼ੁਰ ਆਪਣੇ ਪੁੱਤਰ ਯਿਸੂ ਮਸੀਹ ਦੇ ਰਾਜ ਰਾਹੀਂ ਹਮੇਸ਼ਾ ਲਈ ਸ਼ਾਂਤੀ ਸਥਾਪਿਤ ਕਰੇਗਾ। ਉਸ ਦੀ ਸਰਕਾਰ ਅਧੀਨ ਇੱਕੋ-ਇਕ ਸੱਚਾ ਧਰਮ ਸਾਰੇ ਲੋਕਾਂ ਨੂੰ ਇਕ ਕਰੇਗਾ, ਨਾ ਕਿ ਵੰਡੇਗਾ। ਕੋਈ ਵੀ ਵਿਅਕਤੀ ਧਰਮ ਦੇ ਨਾਂ ਤੇ ਜਾਂ ਕਿਸੇ ਹੋਰ ਕਾਰਨ ਕਰਕੇ ਲੜਾਈ ਨਹੀਂ ਕਰੇਗਾ। ਉਸ ਵੇਲੇ ਮਨੁੱਖਜਾਤੀ ਨੂੰ ਕਿੰਨੀ ਰਾਹਤ ਮਿਲੇਗੀ ਜਦੋਂ ਇਹ ਰਾਜ ਸਾਰੀ ਧਰਤੀ ਉੱਤੇ ਸ਼ਾਸਨ ਕਰੇਗਾ ਅਤੇ “ਹਮੇਸ਼ਾ ਸ਼ਾਂਤੀ ਰਹੇਗੀ”!—ਯਸਾਯਾਹ 9:6, 7, ਪਵਿੱਤਰ ਬਾਈਬਲ ਨਵਾਂ ਅਨੁਵਾਦ।

[ਸਫ਼ੇ 21 ਉੱਤੇ ਸੁਰਖੀ]

ਧਰਮ ਨੂੰ ਲੈ ਕੇ ਕੈਥੋਲਿਕਾਂ ਅਤੇ ਪ੍ਰੋਟੈਸਟੈਂਟਾਂ ਵਿਚ ਸ਼ੁਰੂ ਹੋਈ ਲੜਾਈ ਵਿਚ ਹੁਣ ਕੈਥੋਲਿਕ ਲੋਕ ਪ੍ਰੋਟੈਸਟੈਂਟਾਂ ਨਾਲ ਮਿਲ ਕੇ ਦੂਸਰੇ ਕੈਥੋਲਿਕਾਂ ਦੇ ਖ਼ਿਲਾਫ਼ ਲੜ ਰਹੇ ਸਨ

[ਸਫ਼ੇ 22 ਉੱਤੇ ਸੁਰਖੀ]

ਲੜਾਈ ਵਿਚ ਜਾਣ ਵਾਲੇ ਫ਼ੌਜੀ “ਸਾਂਟਾ ਮਾਰੀਆ” ਜਾਂ “ਪਰਮੇਸ਼ੁਰ ਸਾਡੇ ਨਾਲ ਹੈ” ਨਾਅਰਾ ਲਾਉਂਦੇ ਸਨ

[ਸਫ਼ੇ 21 ਉੱਤੇ ਤਸਵੀਰ]

ਕਾਰਡੀਨਲ ਰਿਸ਼ਲੂ

[ਸਫ਼ੇ 23 ਉੱਤੇ ਤਸਵੀਰ]

ਸੋਲ੍ਹਵੀਂ ਸਦੀ ਦਾ ਇਕ ਚਿੱਤਰ ਜਿਸ ਵਿਚ ਲੂਥਰ, ਕੈਲਵਿਨ ਅਤੇ ਪੋਪ ਨੂੰ ਲੜਦੇ ਦਿਖਾਇਆ ਗਿਆ ਹੈ

[ਸਫ਼ੇ 20 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]

From the book Spamers Illustrierte Weltgeschichte VI

[ਸਫ਼ੇ 23 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]

ਲੜ ਰਹੇ ਧਾਰਮਿਕ ਆਗੂ: From the book Wider die Pfaffenherrschaft; ਨਕਸ਼ਾ: The Complete Encyclopedia of Illustration/J. G. Heck